You’re viewing a text-only version of this website that uses less data. View the main version of the website including all images and videos.
ਪਰਵੇਸ਼ ਵਰਮਾ ਕੌਣ ਹਨ, ਜਿਨ੍ਹਾਂ ਨੇ ਦਿੱਲੀ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਹਰਾਇਆ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਤਿੰਨ ਵਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰਾ ਕੇ ਭਾਜਪਾ ਆਗੂ ਪਰਵੇਸ਼ ਵਰਮਾ ਸੁਰਖੀਆਂ ਵਿੱਚ ਆ ਗਏ ਹਨ।
ਉਹ ਦੂਜੀ ਵਾਰ ਵਿਧਾਇਕ ਬਣੇ ਹਨ ਅਤੇ ਇਸ ਤੋਂ ਪਹਿਲਾਂ ਦੋ ਵਾਰ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ।
ਕੇਜਰੀਵਾਲ ਨੂੰ ਹਰਾਉਣ ਤੋਂ ਬਾਅਦ ਮੀਡੀਆ ਅਤੇ ਸਿਆਸੀ ਹਲਕੇ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਭਾਜਪਾ ਆਗੂਆਂ ਵਿੱਚੋਂ ਸਭ ਤੋਂ ਅੱਗੇ ਦੇਖ ਰਹੇ ਹਨ।
ਆਪਣੇ ਗਰਮਸੁਰ ਅਤੇ ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਪਰਵੇਸ਼ ਵਰਮਾ ਕੌਣ ਹਨ ਅਤੇ ਉਨ੍ਹਾਂ ਦਾ ਸਿਆਸੀ ਤੇ ਪਰਿਵਾਰਕ ਪਿਛੋਕੜ ਕੀ ਹੈ।
ਆਓ ਇਸ ਉੱਤੇ ਇੱਕ ਨਜ਼ਰ ਮਾਰਦੇ ਹਾਂ।
ਪਰਵੇਸ਼ ਵਰਮਾ ਦਾ ਪਰਿਵਾਰਕ ਪਿਛੋਕੜ
ਪਰਵੇਸ਼ ਵਰਮਾ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੰਜਾਬੀ ਅਤੇ ਜਾਟ ਚਿਹਰਾ ਹਨ। ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਭਾਜਪਾ ਆਗੂ ਸਾਹਿਬ ਸਿੰਘ ਵਰਮਾ ਦੇ ਬੇਟੇ ਹਨ।
ਉਨ੍ਹਾਂ ਦੇ ਚਾਚਾ ਅਜ਼ਾਦ ਸਿੰਘ ਵੀ ਸਿਆਸਤ ਵਿੱਚ ਹਨ, ਉਹ ਉੱਤਰੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਦੇ ਮੇਅਰ ਰਹੇ ਹਨ ਅਤੇ ਉਨ੍ਹਾਂ 2013 ਦੀ ਵਿਧਾਨ ਸਭਾ ਚੋਣ ਭਾਜਪਾ ਦੀ ਟਿਕਟ ਤੋਂ ਮੁਦਕਾ ਹਲਕੇ ਤੋਂ ਲੜੀ ਸੀ।
ਫੋਰ ਸਕੂਲ ਆਫ ਮੈਨੇਜਮੈਂਟ ਤੋਂ ਐੱਮਬੀਏ ਪਾਸ ਪਰਵੇਸ਼ ਵਰਮਾ ਦੀ ਸਕੂਲਿੰਗ ਦਿੱਲੀ ਵਿੱਚ ਹੀ ਹੋਈ ਹੈ ਅਤੇ ਉਨ੍ਹਾਂ ਬੀਏ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਦੇ ਕਰੋੜੀ ਮੱਲ ਕਾਲਜ ਤੋਂ ਕੀਤੀ ਹੈ।
ਉਨ੍ਹਾਂ ਦੀ ਪਤਨੀ ਦਾ ਨਾਂ ਸਵਾਤੀ ਸਿੰਘ ਹੈ, ਜੋ ਮੱਧ ਪ੍ਰਦੇਸ਼ ਦੇ ਸੀਨੀਅਰ ਭਾਜਪਾ ਆਗੂ ਵਿਕਰਮ ਵਰਮਾ ਦੀ ਬੇਟੀ ਹਨ। ਪਰਵੇਸ਼ ਵਰਮਾ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।
ਪਰਵੇਸ਼ 'ਰਾਸ਼ਟਰੀਆਂ ਸਵੈਮਾਣ' ਨਾਂ ਦੀ ਇੱਕ ਸਮਾਜ ਸੇਵੀ ਸੰਸਥਾ ਵੀ ਚਲਾਉਂਦੇ ਹਨ।
ਸਿਆਸੀ ਸਫ਼ਰ
ਪਰਵੇਸ਼ ਵਰਮਾ ਭਾਵੇਂ ਕਾਲਜ ਦੇ ਦਿਨਾਂ ਤੋਂ ਹੀ ਸਿਆਸੀ ਸਰਗਰਮੀਆਂ ਵਿੱਚ ਸ਼ਾਮਲ ਹੁੰਦੇ ਰਹੇ ਹਨ ਪਰ ਉਨ੍ਹਾਂ ਚੋਣ ਸਿਆਸਤ ਵਿੱਚ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਕਿਸਮਤ ਅਜ਼ਮਾਈ। ਉਹ ਮਹਿਰੌਲੀ ਸੀਟ ਤੋਂ ਵਿਧਾਇਕ ਬਣੇ ਸਨ।
ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਰਵੇਸ਼ ਵਰਮਾ ਪੱਛਮੀ ਦਿੱਲੀ ਲੋਕ ਸਭਾ ਸੀਟ ਉੱਤੇ ਭਾਜਪਾ ਵਲੋਂ ਚੋਣ ਲੜੇ ਅਤੇ ਜਿੱਤੇ। ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਰਿਕਾਰਡ ਤੋੜ 5.78 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਸੰਸਦ ਵਿੱਚ ਲੋਕ ਸਭਾ ਮੈਂਬਰ ਦੇ ਕਾਰਜਕਾਲ ਦੌਰਾਨ ਪਰਵੇਸ਼ ਵਰਮਾ ਸੰਸਦ ਮੈਂਬਰਾਂ ਦੀ ਤਨਖਾਹ ਤੇ ਭੱਤਿਆਂ ਬਾਬਤ ਜੁਆਇੰਟ ਪਾਰਲੀਮੈਂਟਰੀ ਕਮੇਟੀ ਅਤੇ ਸ਼ਹਿਰੀ ਵਿਕਾਸ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਰਹੇ।
ਵਿਵਾਦਿਤ ਟਿੱਪਣੀਆਂ ਉੱਤੇ ਵਿਵਾਦ
ਪਰਵੇਸ਼ ਵਰਮਾ ਆਪਣੀ ਤਿੱਖੀ ਅਤੇ ਗਰਮਸੁਰ ਵਾਲੇ ਬਿਆਨਾਂ ਕਾਰਨ ਕਈ ਵਾਰ ਵਿਵਾਦਾਂ ਵਿੱਚ ਵੀ ਆ ਚੁੱਕੇ ਹਨ। 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ''ਅੱਤਵਾਦੀ'' ਤੱਕ ਕਹਿ ਦਿੱਤਾ ਸੀ। ਜਿਸ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ਉੱਤੇ 24 ਘੰਟੇ ਲਈ ਪਾਬੰਦੀ ਲਾ ਦਿੱਤੀ ਸੀ।
ਪਰਵੇਸ਼ ਵਰਮਾ ਦਾ ਪਿਛਲੇ ਦਿਨੀਂ ਚੋਣ ਪ੍ਰਚਾਰ ਦੌਰਾਨ ਦਿੱਤਾ ਇੱਕ ਬਿਆਨ ਕਾਫੀ ਵਿਵਾਦਮਈ ਰਿਹਾ। ਵਰਮਾ ਨੇ ਕਿਹਾ ਸੀ , ''ਪੰਜਾਬ ਵਿੱਚ ਰਜਿਸਟਰਡ ਹਜ਼ਾਰਾਂ ਗੱਡੀਆਂ ਦਿੱਲੀ ਵਿੱਚ ਘੁੰਮ ਰਹੀਆਂ ਹਨ। ਉਨ੍ਹਾਂ ਗੱਡੀਆਂ ਵਿੱਚ ਕੌਣ ਹਨ? ਇੱਥੇ 26 ਜਨਵਰੀ (ਗਣਤੰਤਰ ਦਿਵਸ) ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।''
ਇਸ ਬਿਆਨ ਉੱਤੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੰਜਾਬੀਆਂ ਦੀ ਬੇਇੱਜ਼ਤੀ ਕਰਾਰ ਦਿੱਤਾ ਸੀ। ਉਨ੍ਹਾਂ ਵਰਮਾ ਤੋਂ ਮੰਗ ਕੀਤੀ ਸੀ ਕਿ ਉਹ ਇਸ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ।
2025 ਦੀਆਂ ਚੋਣਾਂ ਦੌਰਾਨ ਹੀ ਪਰਵੇਸ਼ ਵਰਮਾ ਖਿਲਾਫ਼ ਚੋਣ ਕਮਿਸ਼ਨ ਨੇ ਔਰਤ ਵੋਟਰਾਂ ਨੂੰ ਜੁੱਤੀਆਂ ਵੰਡਣ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਉੱਤੇ ਮਾਡਲ ਕੋਡ ਆਫ਼ ਕੰਡਕਟ ਦਾ ਕੇਸ ਦਰਜ ਕਰਵਾਇਆ ਸੀ।
ਚੋਣ ਕਮਿਸ਼ਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਰਜਨੀਸ਼ ਭਾਸਕਰ ਨਾਂ ਦੇ ਸ਼ਿਕਾਇਤਕਰਤਾ ਵਕੀਲ ਨੇ ਪਰਵੇਸ਼ ਵਰਮਾ ਦੀਆਂ ਦੋ ਵੀਡੀਓਜ਼ ਚੋਣ ਕਮਿਸ਼ਨ ਨੂੰ ਭੇਜੀਆਂ ਸਨ, ਜਿਸ ਉੱਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਕੇਸ ਦਰਜ ਕਰਵਾਇਆ ਸੀ।
ਅਜਿਹੇ ਵਿਵਾਦਾਂ ਦੇ ਬਾਵਜਦੂ ਪਰਵੇਸ਼ ਵਰਮਾ ਦਿੱਲੀ ਦੀ ਸਿਆਸਤ ਦੇ ਪ੍ਰਮੁੱਖ ਆਗੂ ਵਜੋਂ ਕੰਮ ਕਰਦੇ ਰਹੇ, ਉਹ ਚੋਣ ਪ੍ਰਚਾਰ ਦੌਰਾਨ ਹਮਲਾਵਰ ਸ਼ਬਦਵਾਲੀ ਅਤੇ ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ