You’re viewing a text-only version of this website that uses less data. View the main version of the website including all images and videos.
ਅਮਰੀਕਾ ਦੀ ਨਾਗਰਿਕਤਾ ਕਿਵੇਂ ਮਿਲਦੀ ਹੈ, ਕਿਹੜੀਆਂ ਸ਼ਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਵਰਜੀਨੀਆ ਵਿੱਚ ਕਰੀਬ ਇੱਕ ਦਰਜਨ ਪਰਵਾਸੀ 11 ਅਕਤੂਬਰ ਨੂੰ ਇਮੀਗ੍ਰੇਸ਼ਨ ਦਫ਼ਤਰ ਪਹੁੰਚਣ ਤੋਂ ਪਹਿਲਾਂ ਬਹੁਤ ਖੁਸ਼ ਸਨ ਕਿ ਉਹ ਆਖਿਰ ਨਾਗਰਿਕਤਾ ਲਈ ਅੰਤਿਮ ਪੜਾਅ ਪਾਰ ਕਰਨ ਤੋਂ ਬਾਅਦ ਅਮਰੀਕੀ ਨਾਗਰਿਕ ਬਣ ਜਾਣਗੇ।
ਪਰ ਅਮਰੀਕਾ ਦੀ 'ਵਫ਼ਾਦਾਰੀ ਦੀ ਸਹੁੰ' ਚੁੱਕਣ ਗਏ ਇਹਨਾਂ ਲੋਕਾਂ ਨੂੰ ਅਚਾਨਕ ਪਤਾ ਲੱਗਾ ਕਿ ਸਹੁੰ ਚੁੱਕ ਸਮਾਗਮ ਅਮਰੀਕਾ ਵਿੱਚ ਚੱਲ ਰਹੇ ਸ਼ਟਡਾਊਨ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਅਮਰੀਕੀ ਸਰਕਾਰ ਨੂੰ ਚਲਾਉਣ ਲਈ ਹਰ ਸਾਲ ਇੱਕ ਬਜਟ ਪਾਸ ਕਰਨਾ ਪੈਂਦਾ ਹੈ। ਜੇਕਰ ਸੈਨੇਟ ਅਤੇ ਹਾਊਸ ਫੰਡਿੰਗ ਬਿੱਲ 'ਤੇ ਅਸਹਿਮਤ ਹੁੰਦੇ ਹਨ, ਤਾਂ ਸਰਕਾਰੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ। ਨਤੀਜੇ ਵਜੋਂ, 'ਗੈਰ-ਜ਼ਰੂਰੀ' ਸੇਵਾਵਾਂ ਅਤੇ ਦਫ਼ਤਰ ਬੰਦ ਹੋ ਜਾਂਦੇ ਹਨ। ਇਸੇ ਨੂੰ 'ਫੈਡਰਲ ਸ਼ਟਡਾਊਨ' ਕਿਹਾ ਜਾਂਦਾ ਹੈ।
ਸ਼ਨੀਵਾਰ ਨੂੰ ਵਾਪਿਸ ਪਰਤੇ ਕੁਝ ਲੋਕਾਂ ਨੇ ਕਾਗਜ਼ੀ ਕਾਰਵਾਈਆਂ ਅਤੇ ਇੰਟਰਵਿਊ ਦੇ ਇੰਤਜ਼ਾਰ ਵਿੱਚ ਕਈ ਸਾਲ ਬਿਤਾਏ ਸਨ। ਉਹਨਾਂ ਨੇ ਨਾਗਰਿਕਤਾ ਟੈਸਟ ਦੀ ਤਿਆਰੀ ਵੀ ਕੀਤੀ ਸੀ। ਕਈਆਂ ਕੋਲ ਇੱਕ ਦਹਾਕੇ ਤੋਂ ਗ੍ਰੀਨ ਕਾਰਡ ਵੀ ਸੀ ਪਰ ਹੁਣ ਉਹ ਦੁਚਿੱਤੀ ਵਿੱਚ ਫਸੇ ਹੋਏ ਹਨ।
ਇਹਨਾਂ ਵਿੱਚੋਂ ਇੱਕ ਆਦਮੀ ਨੇ ਆਪਣੇ ਪਰਿਵਾਰ ਨੂੰ ਅਮਰੀਕੀ ਨਾਗਰਿਕ ਬਣਨ ਦੇ ਆਪਣੇ ਆਖਰੀ ਕਦਮ ਦਾ ਜਸ਼ਨ ਮਨਾਉਣ ਲਈ ਲੋਕਾਂ ਨੂੰ ਇਕੱਠਾ ਵੀ ਕੀਤਾ ਹੋਇਆ ਸੀ, ਪਰ ਹੁਣ ਉਹ ਚਿੰਤਤ ਹਨ।
ਫਿਲਹਾਲ ਇਹ ਤਾਂ ਸਪਸ਼ਟ ਨਹੀਂ ਕਿ ਇਨ੍ਹਾਂ ਲੋਕਾਂ ਦਾ ਅਮਰੀਕੀ ਨਾਗਰਿਕ ਬਣਨ ਦਾ ਸੁਪਨਾ ਕਦੋਂ ਪੂਰਾ ਹੋਵੇਗਾ ਪਰ ਇਸ ਰਿਪੋਰਟ ਰਾਹੀਂ ਅਸੀਂ ਤੁਹਾਨੂੰ ਅਮਰੀਕੀ ਨਾਗਰਿਕਾਤ ਹਾਸਲ ਕਰਨ ਦੀ ਪ੍ਰਕਿਰਿਆ ਬਾਰੇ ਦੱਸਾਂਗੇ।
ਅਮਰੀਕਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਪਰਵਾਸ ਪ੍ਰਤੀ ਸ਼ਖਤ ਨੀਤੀਆਂ ਕਾਰਨ ਪਰਵਾਸੀਆਂ ਲਈ ਅਮਰੀਕੀ ਨਾਗਰਿਕਤਾ ਲੈਣ ਦਾ ਸੁਪਨਾ ਦੂਰ ਦੀ ਕੌਡੀ ਬਣਦਾ ਜਾ ਰਿਹਾ ਹੈ।
ਅਮਰੀਕੀ ਨਾਗਰਿਕਤਾ ਲੈਣ 'ਚ ਭਾਰਤੀ ਦੂਜੇ ਨੰਬਰ 'ਤੇ
ਅਮਰੀਕਾ ਨੇ ਵਿੱਤੀ ਸਾਲ 2024 ਦੌਰਾਨ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਵਿੱਚ ਰੱਖੇ ਨੈਚੁਰਲਾਈਜ਼ੇਸ਼ਨ ਸਮਾਗਮਾਂ ਦੌਰਾਨ 8,18,500 ਨਵੇਂ ਲੋਕਾਂ ਨੂੰ ਨਾਗਰਿਕ ਬਣਾਇਆ ਹੈ।
ਹਾਲਾਂਕਿ, ਇਹ ਪਿਛਲੇ ਸਾਲ ਨਾਲੋਂ 7% ਦੀ ਕਮੀ ਹੈ। ਪਰ 3 ਸਾਲਾਂ ਦੌਰਾਨ 2.6 ਮਿਲੀਅਨ ਤੋਂ ਵੱਧ ਨਵੇਂ ਨਾਗਰਿਕ ਬਣੇ ਹਨ।
ਯੂਐੱਸਸੀਆਈਸੀ (USCIS) ਦੇ ਆਂਕੜਿਆਂ ਮੁਤਾਬਕ ਵਿਤੀ ਸਾਲ 2024 ਦੌਰਾਨ ਅਮਰੀਕਾ ਦੀ ਨਾਗਰਿਕਤਾ ਲੈਣ ਵਾਲਿਆਂ ਵਿੱਚ ਮੈਕਸੀਕੋ 107,700 ਲੋਕਾਂ ਨਾਲ ਪਹਿਲੇ ਨੰਬਰ 'ਤੇ, ਭਾਰਤ 49,700 ਨਾਲ ਦੂਜੇ ਨੰਬਰ ਉਪਰ ਫ਼ਿਲੀਪੀਨਜ 41,200 ਲੋਕਾਂ ਨਾਲ ਤੀਜੇ ਨੰਬਰ 'ਤੇ ਹੈ।
ਅਮਰੀਕੀ ਨਾਗਰਿਕਤਾ ਲੈਣ ਦੀ ਕੀ ਪ੍ਰਕਿਰਿਆ ਹੈ?
ਯੂਐੱਸ ਸਿਟੀਜਨਸ਼ਿਪ ਐਂਡ ਇੰਮੀਗਰੇਸ਼ਨ ਸਰਵਸਿਸ ਦੀ ਵੈਬਸਾਈਟ ਮੁਤਾਬਕ ਵਿਦੇਸ਼ ਵਿੱਚ ਜੰਮਿਆ ਇਨਸਾਨ 18 ਸਾਲ ਦੀ ਉਮਰ ਤੋਂ ਬਾਅਦ ਐੱਨ-400 ਫਾਰਮ ਭਰ ਕੇ ਅਮਰੀਕਾ ਦੀ ਨਾਗਰਿਕਤਾ ਲਈ ਬੇਨਤੀ ਪੱਤਰ ਯਾਨੀ ਨੈਚਰਲਾਈਜ਼ੇਸ਼ਨ ਦੀ ਅਰਜ਼ੀ ਦੇ ਸਕਦਾ ਹੈ।
ਨੈਚਰਲਾਈਜ਼ੇਸ਼ਨ ਅਮਰੀਕੀ ਨਾਗਰਿਕਤਾ ਲੈਣ ਦੀ ਤਰੀਕਾ ਹੈ।
ਇਸ ਦੇ ਨਾਲ ਹੀ ਜੋ ਵਿਅਕਤੀ ਪੰਜ ਸਾਲ ਤੱਕ ਅਮਰੀਕਾ ਵਿੱਚ ਕਾਨੂੰਨ ਦੀ ਪਾਲਣਾ ਕਰਦੇ ਹੋਏ ਰਹਿ ਰਿਹਾ ਹੈ ਤਾਂ ਉਹ ਵੀ ਨਾਗਰਿਕਤਾ ਲਈ ਬੇਨਤੀ ਪੱਤਰ ਦੇ ਸਕਦਾ ਹੈ।
ਤੁਸੀਂ ਇਹ ਦਿਖਾਉਣਾ ਹੈ ਕਿ ਕਿ ਤੁਸੀਂ ਫਾਰਮ N-400 ਭਰਨ ਦੀ ਮਿਤੀ ਤੋਂ ਠੀਕ ਪਹਿਲਾਂ ਪੰਜ ਸਾਲਾਂ ਵਿੱਚੋਂ ਘੱਟੋ-ਘੱਟ 30 ਮਹੀਨੇ ਸੰਯੁਕਤ ਰਾਜ ਅਮਰੀਕਾ ਵਿੱਚ ਸਰੀਰਕ ਤੌਰ 'ਤੇ ਮੌਜੂਦ ਸੀ।
ਇਸ ਤੋਂ ਇਲਾਵਾ ਤੁਹਾਨੂੰ ਆਪਣਾ ਨੈਤਿਕ ਚਰਿੱਤਰ ਸਾਬਿਤ ਕਰਨਾ ਹੋਵੇਗਾ, ਅਮਰੀਕੀ ਸੰਵਿਧਾਨ ਦੇ ਸਿਧਾਂਤਾਂ ਅਤੇ ਆਦਰਸ਼ਾਂ ਪ੍ਰਤੀ ਲਗਾਵ ਦਿਖਾਉਣਾ ਹੋਵੇਗਾ ਅਤੇ ਅੰਗਰੇਜ਼ੀ ਦੇ ਬੋਲਣ, ਪੜਨ ਅਤੇ ਲਿਖਣ ਦੀ ਬੁਨਿਆਦੀ ਜਾਣਕਾਰੀ ਸਾਬਿਤ ਕਰਨੀ ਹੋਵੇਗੀ।
ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇੰਟਰਵਿਊ ਲਈ ਜਾਂਦੀ ਹੈ।
ਅਮਰੀਕਾ ਵਿੱਚ ਸਾਢੇ ਪੰਜ ਸਾਲ ਰਹਿਣ ਤੋਂ ਬਾਅਦ ਅਮਰੀਕੀ ਨਾਗਰਿਕਤਾ ਹਾਸਿਲ ਕਰਨ ਨਾਲੇ ਇੱਕ ਪੰਜਾਬੀ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਸ ਨੂੰ ਅਰਜ਼ੀ ਦੇਣ ਦੇ ਢਾਈ ਮਹੀਨਿਆਂ ਬਾਅਦ ਇੰਟਰਵਿਊ ਲਈ ਪੱਤਰ ਆ ਗਿਆ ਸੀ।
ਉਹ ਕਹਿੰਦੇ ਹਨ, "ਇੰਟਰਵਿਊ ਵਿੱਚ ਕਈ ਤਰ੍ਹਾਂ ਦੇ ਸਵਾਲ ਅਤੇ ਪਿਛੋਕੜ ਬਾਰੇ ਪੁੱਛਿਆ ਜਾਂਦਾ ਹੈ। ਇੰਟਰਵਿਊ ਦੌਰਾਨ ਉਹ ਤੁਹਾਨੂੰ ਅੰਗਰੇਜ਼ੀ ਦੀ ਸ਼ਬਦਾਵਲੀ ਬਾਰੇ ਅਤੇ ਨਾਗਰਿਕ ਨਿਯਮਾਂ ਤੇ ਕਦਰਾਂ ਕੀਮਤਾਂ ਬਾਰੇ ਸਵਾਲ ਪੁੱਛਦੇ ਹਨ। ਇਸ ਤੋਂ ਇਲਾਵਾ ਉਹ ਅੰਗਰੇਜ਼ੀ ਭਾਸ਼ਾ ਲਿਖਾ ਕੇ ਅਤੇ ਪੜ੍ਹਾ ਕੇ ਦੇਖਦੇ ਹਨ।"
ਵਫ਼ਾਦਾਰੀ ਦੀ ਸਹੁੰ
ਯੂਐੱਸ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਸ ਅਨੁਸਾਰ ਨਾਗਰਿਕਤਾ ਦੀ ਕਸਮ ਨੂੰ ਵਫ਼ਾਦਾਰੀ ਦੀ ਸਹੁੰ ਕਿਹਾ ਜਾਂਦਾ ਹੈ। ਇਸ ਵਿੱਚ ਉਮੀਦਵਾਰ ਇਹ ਕਹਿੰਦਾ ਹੈ ਕਿ ਉਹ ਪੂਰੀ ਤਰ੍ਹਾਂ ਆਪਣੇ ਪਿਛਲੇ ਦੇਸ਼ ਜਾਂ ਰਾਜਾਂ ਨਾਲ ਸਬੰਧਤ ਕਿਸੇ ਵੀ ਵਫ਼ਾਦਾਰੀ ਨੂੰ ਛੱਡਦਾ ਹੈ। ਉਹ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨਾਂ ਦਾ ਪੂਰਾ ਸਮਰਥਨ ਅਤੇ ਰੱਖਿਆ ਕਰੇਗਾ।
ਉਮੀਦਵਾਰ ਦੁਸ਼ਮਨਾਂ ਦੇ ਖਿਲਾਫ ਅਤੇ ਦੇਸ਼ ਦੀ ਸੁਰੱਖਿਆ ਲਈ ਆਪਣੀ ਸੱਚੀ ਵਫ਼ਾਦਾਰੀ ਦਾ ਵਾਅਦਾ ਕਰਦਾ ਹੈ। ਇਸ ਸਹੁੰ ਵਿੱਚ ਇਹ ਵਾਅਦਾ ਲਿਆ ਜਾਂਦਾ ਹੈ ਕਿ ਲੋੜ ਪੈਣ 'ਤੇ ਉਹ ਅਮਰੀਕਾ ਦੀ ਫੌਜ ਵਿੱਚ ਹਥਿਆਰ ਚੁੱਕ ਕੇ ਲੜਾਈ ਕਰੇਗਾ, ਜਾਂ ਜੰਗੀ ਸੇਵਾ ਨਾ ਕਰਦਿਆਂ ਵੀ ਸਹਾਇਤਾ ਦੇਵੇਗਾ, ਜਾਂ ਸਿਵਲ ਕੰਮ ਕਰੇਗਾ ਜੋ ਦੇਸ਼ ਲਈ ਮਹੱਤਵਪੂਰਨ ਹੋਵੇ।
ਇੱਕ ਵਾਰ ਅਮਰੀਕਾ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਤੁਹਾਨੂੰ ਵੋਟ ਪਾਉਣ, ਚੁਣੇ ਹੋਏ ਅਹੁਦੇ 'ਤੇ ਕਾਬਜ਼ ਰਹਿਣ ਅਤੇ ਕੁਝ ਸੰਘੀ ਅਤੇ ਸੂਬਿਆਂ ਵਿੱਚ ਨੌਕਰੀਆਂ ਲਈ ਅਰਜ਼ੀ ਦੇਣ ਦਾ ਅਧਿਕਾਰ ਮਿਲ ਜਾਂਦਾ ਹੈ।
ਵਫ਼ਾਦਾਰੀ ਦੀ ਸਹੁੰ ਦਾ ਇਤਿਹਾਸ
ਯੂਐੱਸ ਸਿਟੀਜਨਸ਼ਿਪ ਐਂਡ ਇੰਮੀਗਰੇਸ਼ਨ ਸਰਵਸਿਸ ਦੀ ਵੈਬਸਾਈਟ ਮੁਤਾਬਕ ਅਮਰੀਕਾ ਵਿੱਚ 235 ਸਾਲਾਂ ਤੋਂ ਵਿਦੇਸ਼ੀ ਲੋਕਾਂ ਨੂੰ ਨਾਗਰਿਕ ਬਣਨ ਲਈ ਵਫ਼ਾਦਾਰੀ ਦੀ ਸਹੁੰ ਚੁਕਾਈ ਜਾਂਦੀ ਹੈ।
ਸਾਲ 1790 ਦੇ ਪਹਿਲੇ ਨੈਚਰਲਾਈਜ਼ੇਸ਼ਨ ਕਾਨੂੰਨ ਤੋਂ ਲੈ ਕੇ, ਉਮੀਦਵਾਰ ਸੰਵਿਧਾਨ ਨੂੰ ਮੰਨਣ ਦੀ ਸਹੁੰ ਖਾਂਦੇ ਹਨ।
ਸਾਲ 1795 ਵਿੱਚ, ਨਾਗਰਿਕਤਾ ਦੀ ਅਰਜ਼ੀ ਤੋਂ ਪਹਿਲਾਂ, ਉਮੀਦਵਾਰ ਲਈ ਆਪਣਾ ਇਰਾਦਾ ਜ਼ਾਹਰ ਕਰਨਾ ਲਾਜ਼ਮੀ ਬਣਾਇਆ ਗਿਆ ਸੀ। 1906 ਤੋਂ ਪਹਿਲਾਂ, ਹਰ ਅਦਾਲਤ ਆਪਣੇ ਢੰਗ ਨਾਲ ਕਸਮ ਦਵਾਉਂਦੀ ਸੀ, ਕੋਈ ਇਕਸਾਰ ਲਿਖਤ ਨਸੀਹਤ ਨਹੀਂ ਸੀ।
1929 ਵਿੱਚ ਇੱਕ ਮਿਆਰੀ ਲਿਖਤੀ ਕਸਮ ਤੈਅ ਕੀਤੀ ਗਈ ਜੋ ਨਾਗਰਿਕਤਾ ਸਰਟੀਫਿਕੇਟ ਤੋਂ ਪਹਿਲਾਂ ਲੈਣੀ ਪੈਂਦੀ ਸੀ। 1950 ਅਤੇ 1952 ਦੇ ਕਾਨੂੰਨਾਂ ਨੇ ਕਸਮ ਵਿੱਚ ਹਥਿਆਰ ਚੁੱਕਣ ਜਾਂ ਸਿਵਲ ਸੇਵਾ ਕਰਨ ਸਬੰਧੀ ਨਵੇਂ ਹਿੱਸੇ ਸ਼ਾਮਲ ਕੀਤੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ