ਬਦਲਾਪੁਰ: ਬੱਚੀਆਂ ਨਾਲ ਹੋਏ ਕਥਿਤ ਸਰੀਰਕ ਸ਼ੋਸ਼ਣ ਦੇ ਖੁਲਾਸੇ ਮਗਰੋਂ ਲੋਕਾਂ ਦਾ ਰੋਸ ਕਿਵੇਂ ਵਧਿਆ - ਗਰਾਊਂਡ ਰਿਪੋਰਟ

    • ਲੇਖਕ, ਵਿਸ਼ਾਲੀ ਜਗਤਪ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ
    • ...ਤੋਂ, ਬਦਲਾਪੁਰ

“ਮੁੱਖ ਮੰਤਰੀ ਕੁਝ ਘੰਟਿਆਂ ਵਿੱਚ ਬਦਲ ਜਾਂਦੇ ਹਨ, ਸਰਕਾਰ ਕੁਝ ਘੰਟਿਆਂ ਵਿੱਚ ਬਦਲ ਜਾਂਦੀ ਹੈ। ਲੇਕਿਨ ਔਰਤਾਂ ਦੀ ਸੁਰੱਖਿਆ ਲਈ ਕੰਮ ਕਰਨ ਵਿੱਚ ਦੇਰੀ ਹੈ। ਬਦਲਾਪੁਰ ਘਟਨਾ ਵਿੱਚ ਮਾਪਿਆਂ ਨੂੰ ਘੰਟਿਆਂ ਬੱਧੀ ਪੁਲਿਸ ਸਟੇਸ਼ਨ ਵਿੱਚ ਬਿਠਾ ਕੇ ਰੱਖਿਆ ਗਿਆ। ਸਰਕਾਰ ਅਤੇ ਪ੍ਰਸ਼ਾਸਨ ਔਰਤਾਂ ਦੀ ਸੁਰੱਖਿਆ ਲਈ ਗੰਭੀਰ ਨਹੀਂ ਹਨ।”

ਰੇਲਵੇ ਦੀਆਂ ਪਟੜੀਆਂ ਉੱਤੇ ਮੁਜ਼ਾਹਰਾ ਕਰ ਰਹੇ ਲੋਕਾਂ ਵਿੱਚੋਂ ਇੱਕ ਔਰਤ ਨੇ ਬੀਬੀਸੀ ਮਰਾਠੀ ਨੂੰ ਇਹ ਸ਼ਬਦ ਕਹੇ।

ਜਦੋਂ ਪੱਛਮੀ ਬੰਗਾਲ ਵਿੱਚ ਟਰੇਨੀ ਡਾਕਟਰ ਦੇ ਰੇਪ ਅਤੇ ਹੱਤਿਆ ਦਾ ਮਾਮਲਾ ਦੇਸ ਵਿੱਚ ਤਾਜ਼ਾ ਹੈ ਅਤੇ ਦੇਸ ਭਰ ਦੇ ਡਾਕਟਰ ਮੁਜ਼ਾਹਰੇ ਕਰ ਰਹੇ ਹਨ। ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਬਦਲਾਪੁਰ ਵਿੱਚ ਜੋ ਕਿ ਮੁੰਬਈ ਦੇ ਨਜ਼ਦੀਕ ਪੈਂਦਾ ਹੈ ਵਿੱਚ ਸਥਾਨਕ ਲੋਕ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਵਿੱਚ ਬਦਇੰਤਜ਼ਾਮੀ ਤੋਂ ਨਰਾਜ਼ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 16 ਅਗਸਤ ਨੂੰ ਪੀੜਤਾ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਵਰਾਈ ਪਰ ਉਨ੍ਹਾਂ ਨੂੰ ਕਈ ਘੰਟੇ ਕਥਿਤ ਰੂਪ ਵਿੱਚ ਪੁਲਿਸ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ।

ਘਟਨਾ ਦੇ ਵਿਰੋਧ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜੋ ਕਿ ਹਿੰਸਕ ਰੂਪ ਧਾਰਨ ਕਰ ਗਿਆ।

ਪ੍ਰਸ਼ਾਸਨ ਵੱਲੋਂ ਤਿੰਨ ਪੁਲਿਸ ਮੁਲਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਸੰਗਿਆਨ ਲੈਂਦਿਆਂ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀ ਪੁਲਿਸ ਨੂੰ ਦੋ ਹਫ਼ਤਿਆਂ ਦੇ ਅੰਦਰ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ।

ਬਦਲਾਪੁਰ ਵਿੱਚ ਨਾਬਾਲਗ ਲੜਕੀਆਂ ਦੇ ਸ਼ੋਸ਼ਣ ਦਾ ਕੀ ਹੈ ਮਾਮਲਾ ਅਤੇ ਵਿਰੋਧ ਪ੍ਰਦਰਸ਼ਨ ਹਿੰਸਕ ਕਿਵੇਂ ਹੋ ਗਏ?

ਇਸ ਰਿਪੋਰਟ ਵਿੱਚ ਜਾਣਦੇ ਹਾਂ— ਮਾਪਿਆਂ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਕੀ ਦੱਸਿਆ ਹੈ? ਸਕੂਲ ਦੇ ਸੁਰੱਖਿਆ ਇੰਤਜ਼ਾਮਾਂ ਵਿੱਚ ਕੀ ਖਾਮੀਆਂ ਪਾਈਆਂ ਗਈਆਂ? ਸਰਕਾਰ ਨੇ ਹੁਣ ਤੱਕ ਕੀ ਕਦਮ ਚੁੱਕੇ ਹਨ?

ਉਸ ਤੋਂ ਪਹਿਲਾ ਜਾਣਦੇ ਹਾਂ ਕਿ 20 ਅਗਸਤ ਨੂੰ ਬਦਲਾਪੁਰ ਦੇ ਵਿਰੋਧ ਪ੍ਰਦਰਸ਼ਨ ਵਿੱਚ ਕੀ ਹੋਇਆ -

‘ਨੋਟਬੰਦੀ ਰਾਤੋ-ਰਾਤ ਹੋ ਸਕਦੀ ਹੈ ਤਾਂ ਮੁਲਜ਼ਮ ਨੂੰ ਸਜ਼ਾ ਕਿਉਂ ਨਹੀਂ?’

ਬਦਲਾਪੁਰ ਦੀ ਘਟਨਾ ਤੋਂ ਸਥਾਨਕ ਔਰਤਾਂ ਵਿੱਚ ਰੋਸ ਹੈ। ਖਾਸਕਰ ਉਦੋਂ ਜਦੋਂ ਪੱਛਮੀ ਬੰਗਾਲ ਦੀ ਘਟਨਾ ਕਾਰਨ ਪਹਿਲਾਂ ਹੀ ਦੇਸ ਭਰ ਵਿੱਚ ਰੋਸ ਦੀ ਲਹਿਰ ਹੈ। ਲੋਕ ਮਹਿਲਾ ਸੁਰੱਖਿਆ ਲਈ ਪੁਖ਼ਤਾ ਕਦਮ ਚੁੱਕੇ ਜਾਣ ਦੀ ਮੰਗ ਕਰ ਰਹੇ ਹਨ।

ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ, ਇਲਾਕਾ ਵਾਸੀ ਅਤੇ ਨੌਜਵਾਨ ਔਰਤਾਂ ਨੇ ਆਪਣੇ ਇਲਾਕੇ ਦੀ ਨਾਬਾਲਗ ਲੜਕੀ ਦੇ ਸ਼ੋਸ਼ਣ ਖਿਲਾਫ਼ ਅਵਾਜ਼ ਚੁੱਕਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਸੰਬੰਧਿਤ ਸਕੂਲ ਦੇ ਬਾਹਰ 20 ਅਗਸਤ ਨੂੰ ਧਰਨਾ ਦੇਣਾ ਸ਼ੁਰੂ ਕੀਤਾ।

ਸਕੂਲ ਦੇ ਗੇਟ ਤੋਂ ਸ਼ੁਰੂ ਹੋਇਆ ਰੋਸ-ਮੁਜ਼ਾਹਰਾ ਸਵੇਰੇ ਸਾਢੇ ਨੌਂ ਵਜੇ ਰੇਲਵੇ ਸਟੇਸ਼ਨ ਪਹੁੰਚ ਗਿਆ।

ਲੋਕ ਪਟੜੀਆਂ ਉੱਤੇ ਆ ਗਏ ਅਤੇ ਰੇਲ ਸੇਵਾ ਰੋਕ ਦਿੱਤੀ। ਪ੍ਰਦਰਸ਼ਨ ਸਵੇਰੇ ਨੌਂ ਵਜੇ ਤੋਂ ਸ਼ੁਰੂ ਹੋ ਕੇ ਲਗਭਗ ਅੱਠ ਘੰਟੇ ਤੱਕ ਜਾਰੀ ਰਿਹਾ।

ਜਦੋਂ ਅਸੀਂ ਬਦਲਾਪੁਰ ਰੇਲਵੇ ਸਟੇਸ਼ਨ ਪਹੁੰਚੇ ਤਾਂ ਉੱਥੇ ਪਲੇਟਫਰਮ 3,4,5 ਉਤੇ ਲੋਕਾਂ ਦਾ ਭਾਰੀ ਇਕੱਠ ਸੀ। ਲੋਕ ਰੇਲਵੇ ਬਰਿੱਜ ਦੀਆਂ ਪੌੜੀਆਂ ਉੱਤੇ ਖੜ੍ਹੇ ਹੋ ਕੇ ਵੀ ਨਾਅਰੇ ਲਾ ਰਹੇ ਸਨ।

ਮਹਿਲਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਗੰਭੀਰ ਨਹੀਂ ਹੈ ਅਤੇ ਪ੍ਰਸ਼ਾਸਨ ਨੇ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਕੀਤੀ।

ਔਰਤਾਂ ਅਤੇ ਪ੍ਰਦਰਸ਼ਨ ਵਿੱਚ ਹਾਜ਼ਰ ਲੋਕ ਮੁਲਜ਼ਮ ਨੂੰ ਛੇਤੀ ਤੋਂ ਛੇਤੀ ਸਜ਼ਾ-ਏ-ਮੌਤ ਦੇਣ ਦੀ ਮੰਗ ਕਰਨ ਲੱਗੇ।

ਰੇਲਵੇ ਲਾਈਨ ਉੱਤੇ ਬੈਠੀਆਂ ਔਰਤਾਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਲਿਖਿਆ ਸੀ, “ਹੋਰ ਕਿੰਨੀਆਂ ਮੋਮਬੱਤੀਆਂ ਜਲਾਵਾਂਗੇ, ਕਾਰਵਾਈ ਹੁਣੇ ਹੋਣੀ ਚਾਹੀਦੀ ਹੈ” ਅਤੇ “ਮੁਆਵਜ਼ਾ ਨਹੀਂ ਔਰਤਾਂ ਨੂੰ ਸੁਰੱਖਿਆ ਦਿਓ”।

ਬੀਬੀਸੀ ਮਰਾਠੀ ਨਾਲ ਕੈਮਰੇ ਸਾਹਮਣੇ ਗੱਲ ਕਰਦੇ ਹੋਏ ਪ੍ਰਦਰਸ਼ਨਕਾਰੀ ਔਰਤਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਖਿਲਾਫ਼ ਆਪਣੇ ਗੁੱਸੇ ਨੂੰ ਅਵਾਜ਼ ਦਿੱਤੀ।

“ਸਰਕਾਰ ਨੇ ਨੋਟਬੰਦੀ ਕੁਝ ਹੀ ਘੰਟਿਆਂ ਵਿੱਚ ਸਾਡੇ ਉੱਤੇ ਥੋਪ ਦਿੱਤੀ। ਸਰਕਾਰ ਵੱਡੇ-ਵੱਡੇ ਕਨੂੰਨ ਲੈ ਕੇ ਆਉਂਦੀ ਹੈ ਤਾਂ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਕਿਉਂ ਨਜ਼ਰ ਅੰਦਾਜ਼ ਕਰਦੀ ਹੈ। ਚਾਰ ਅਤੇ ਪੰਜ ਸਾਲ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿਉਂਕਿ ਮੁਲਜ਼ਮਾਂ ਨੂੰ ਕਨੂੰਨ ਦਾ ਡਰ ਨਹੀਂ ਰਿਹਾ।”

ਮੌਕੇ ਉੱਤੇ ਹਾਜ਼ਰ ਇੱਕ ਹੋਰ ਔਰਤ ਨੇ ਕਿਹਾ,“ ਹੁਣ ਸਾਨੂੰ ਆਪਣੀਆਂ ਛੋਟੀਆਂ ਬੱਚੀਆਂ ਨੂੰ ਸਕੂਲ ਭੇਜਣ ਤੋਂ ਡਰ ਲੱਗ ਰਿਹਾ ਹੈ। ਕਿਸੇ ਦੇ ਕਹਿਣ ਉੱਤੇ ਅਸੀਂ ਲੜਕੀਆਂ ਨੂੰ ਘਰੋਂ ਬਾਹਰ ਨਿਕਲਣ ਲਈ ਕਹੀਏ। ਉਨ੍ਹਾਂ ਨੂੰ ਸਕੂਲ-ਕਾਲਜ ਕਿਵੇਂ ਭੇਜੀਏ। ਕੀ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੀ ਗਰੰਟੀ ਦੇਵੇਗੀ?”

ਭਾਵੇਂ ਕਿ ਸ਼ਾਮੀ ਚਾਰ ਵਜੇ ਬਦਲਾਪੁਰ ਵਿੱਚ ਮੀਂਹ ਪੈਣ ਲੱਗ ਪਿਆ ਸੀ ਲੇਕਿਨ ਭਾਰੀ ਮੀਂਹ ਦੇ ਬਾਵਜੂਦ ਔਰਤਾਂ ਰੇਲਵੇ ਸਟੇਸ਼ਨ ਉੱਤੇ ਬੈਠੀਆਂ ਰਹੀਆਂ।

ਵਿਰੋਧ ਮੁਜ਼ਾਹਰੇ ਨੇ ਮੁੰਬਈ ਦੀ ਰੇਲ ਸੇਵਾ ਨੂੰ ਪ੍ਰਭਾਵਿਤ ਕੀਤਾ। 10 ਐਕਸਪ੍ਰੈੱਸ ਰੇਲ ਗੱਡੀਆਂ ਨੂੰ ਬਦਲਵੇਂ ਰੂਟ ਤੋਂ ਭੇਜਿਆ ਗਿਆ। ਜਦਕਿ ਬਦਲਾਪੁਰ-ਕਾਰਜਾਤ ਰੇਲ ਲਗਭਗ 10 ਘੰਟੇ ਰੁਕੀ ਰਹੀ।

ਸੂਬਾ ਸਰਕਾਰ ਵੱਲੋਂ ਮੰਤਰੀ ਗਿਰੀਸ਼ ਮਹਾਜਨ ਨੇ ਆਕੇ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਕਈ ਵਾਅਦਿਆਂ ਦੇ ਬਾਵਜੂਦ ਉਹ ਲੋਕਾਂ ਨੂੰ ਉਠਾ ਨਹੀਂ ਸਕੇ।

ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਸਿਰਫ ਜਾਂਚ ਤੇਜ਼ ਕਰਨ ਦਾ ਵਾਅਦਾ ਕਰਦੀ ਹੈ ਪਰ ਅਸਲ ਵਿੱਚ ਕੁਝ ਨਹੀਂ ਹੁੰਦਾ।

ਆਖਰ ਪੁਲਿਸ ਨੇ ਦੰਗਾ ਰੋਕੂ ਟੀਮ ਤੈਨਾਤ ਕੀਤੀ ਅਤੇ ਲਾਠੀਚਾਰਜ ਤੋਂ ਬਾਅਦ ਸ਼ਾਮੀ ਛੇ ਵਜੇ ਧਰਨਾ ਚੁੱਕ ਲਿਆ ਗਿਆ।

ਰੇਲਵੇ ਸਟੇਸ਼ਨ ਦੇ ਬਾਹਰ ਵੀ ਬੱਸਾਂ ਦੇ ਸ਼ੀਸ਼ੇ ਤੋੜੇ ਗਏ।

ਮਾਪਿਆਂ ਨੇ ਆਪਣੀ ਸ਼ਿਕਾਇਤ ਵਿੱਚ ਕੀ ਕਿਹਾ ਹੈ?

20 ਅਗਸਤ ਨੂੰ ਬਦਲਾਪੁਰ ਦੇ ਇੱਕ ਮਰਾਠੀ ਮੀਡੀਅਮ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਦੇ ਖਿਲਾਫ਼ ਖਿੜਕੀਆਂ ਦੇ ਸ਼ੀਸ਼ੇ ਤੋੜੇ।

ਪੁਲਿਸ ਨੇ ਇੱਕ ਸਫ਼ਾਈ ਕਰਮਚਾਰੀ ਦੇ ਖਿਲਾਫ਼ ਦੋ ਨਾਬਾਲਗ ਲੜਕੀਆਂ ਦਾ ਸ਼ੋਸ਼ਣ ਕਰਨ ਦਾ ਕੇਸ ਦਰਜ ਕਰ ਲਿਆ ਹੈ।

ਘਟਨਾ 13 ਅਗਸਤ ਨੂੰ ਵਾਪਰੀ ਜਦਕਿ ਲੜਕੀਆਂ ਦਾ ਸ਼ੋਸ਼ਣ ਕਥਿਤ ਤੌਰ ਉੱਤੇ ਮੁਖਤਲਿਫ਼ ਦਿਨਾਂ ਨੂੰ ਹੋਇਆ ਸੀ।

ਅਗਸਤ 16 ਨੂੰ ਮਾਪਿਆਂ ਨੇ ਸਕੂਲ ਦੇ ਨਾ-ਮਾਲੂਮ ਮਾਲਕ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ, ਪੀੜਤਾ ਇੱਕ ਸਾਢੇ ਤਿੰਨ ਸਾਲ ਦੀ ਬੱਚੀ ਹੈ ਜੋ ਬਦਲਾਪੁਰ ਆਪਣੇ ਦਾਦਕੇ/ ਨਾਨਕੇ ਰਹਿੰਦੀ ਹੈ। ਜਦੋਂ ਬਜ਼ੁਰਗਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬੱਚੀ ਦੀ ਮਾਂ ਨੂੰ ਫੋਨ ਕਰਕੇ ਕੰਮ ਤੋਂ ਘਰੇ ਬੁਲਾਇਆ।

ਜਦੋਂ ਮਾਂ ਨੇ ਪੁੱਛਿਆ ਤਾਂ ਬੱਚੀ ਨੇ ਦੱਸਿਆ ਕਿ ਉਸਦੇ ਗੁਪਤ ਅੰਗ ਦੁਖ ਰਹੇ ਸਨ ਅਤੇ ਉਸਦੇ ਸਕੂਲ ਵਿੱਚ ਇੱਕ ਦਾਦਾ ਨਾਮ ਦੇ ਵਿਅਕਤੀ ਨੇ ਉਸ ਨਾਲ ਕੀ ਵਿਹਾਰ ਕੀਤਾ ਸੀ।

ਇੱਕ ਬੱਚੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੂੰ ਅਜਿਹੀ ਘਟਨਾ ਇੱਕ ਹੋਰ ਲੜਕੀ ਨਾਲ ਵੀ ਵਾਪਰੀ ਹੋਣ ਬਾਰੇ 16 ਅਗਸਤ ਨੂੰ ਪਤਾ ਲੱਗਿਆ। ਉਸਦੇ ਮਾਪੇ ਵੀ ਪੁਲਿਸ ਸਟੇਸ਼ਨ ਪਹੁੰਚੇ।

ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੱਚੀ ਦੀ ਜਾਂਚ ਕਰਵਾਈ ਸੀ ਅਤੇ ਬੱਚੀ ਦਾ ਸ਼ੋਸ਼ਣ ਹੋਣ ਦੀ ਗੱਲ ਸਾਹਮਣੇ ਆਈ ਸੀ।

ਪੁਲਿਸ ਨੇ ਮੁਲਜ਼ਮ ਖਿਲਾਫ਼ ਪੌਸਕੋ ਐਕਟ ਦੀਆਂ ਧਾਰਾਵਾਂ 65 (2), 74,75,76 ਅਤੇ ਭਾਰਤੀ ਨਿਆਂਵਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਮਾਪਿਆਂ ਨੇ ਸਕੂਲ ਪ੍ਰਸ਼ਸਨ ਉੱਤੇ ਵੀ ਗੰਭੀਰ ਇਲਜ਼ਾਮ ਲਾਏ ਹਨ। ਵਿਵਾਦ ਵਧਣ ਤੋਂ ਬਾਅਦ ਸਕੂਲ ਨੇ ਪ੍ਰਿੰਸੀਪਲ, ਕਲਾਸ ਅਧਿਆਪਕ ਅਤੇ ਇੱਕ ਮਹਿਲਾ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਹੈ।

ਤਿੰਨ ਪੁਲਿਸ ਅਧਿਕਾਰੀ ਸਸਪੈਂਡ ਅਤੇ ਜਾਂਚ ਲਈ ਸਿੱਟ ਕਾਇਮ

ਅਗਸਤ 16 ਨੂੰ ਜਦੋਂ ਮਾਪੇ ਪੁਲਿਸ਼ ਸਟੇਸ਼ਨ ਸ਼ਿਕਾਇਤ ਦਰਜ ਕਰਵਾਉਣ ਲਈ ਗਏ ਤਾਂ ਉਨ੍ਹਾਂ ਨੂੰ ਉੱਥੇ 10 ਤੋਂ 11 ਘੰਟੇ ਤੱਕ ਬਿਠਾਈ ਰੱਖਿਆ ਗਿਆ।

ਬਦਲਾਪੁਰ ਦੇ ਲੋਕਾਂ ਦੇ ਨਾਅਰਿਆਂ ਦੀ ਅਵਾਜ਼ 72 ਕਿੱਲੋਮੀਟਰ ਦੂਰ ਰਾਜਧਾਨੀ ਵਿੱਚ ਸੂਬਾ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚ ਗਈ।

ਗ੍ਰਹਿ ਮੰਤਰੀ ਦੇਵੇਂਦਰ ਫਡਨਵੀਸ ਨੇ ਮਾਮਲੇ ਦੀ ਜਾਂਚ ਲਈ ਸੀਨੀਅਰ ਆਈਪੀਐੱਸ ਅਫ਼ਸਰ ਆਰਤੀ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ।

ਡਿਊਟੀ ਵਿੱਚ ਅਣਗਹਿਲੀ ਕਰਨ ਬਦਲੇ ਤਿੰਨ ਪੁਲਿਸ ਮੁਲਾਜ਼ਮ ਵੀ ਸਸਪੈਂਡ ਕੀਤੇ ਗਏ ਹਨ। ਬਦਲਾਪੁਰ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਪੁਲਿਸ ਇੰਸਪੈਕਟਰ, ਅਸਿਸਟੈਂਟ ਸਬ-ਇੰਸਪੈਕਟਰ ਅਤੇ ਹੈਡ ਕਾਂਸਟੇਬਲ ਨੂੰ ਸਸਪੈਂਡ ਕੀਤਾ ਗਿਆ ਹੈ।

ਸਰਕਾਰ ਨੇ ਥਾਣੇ ਦੇ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਸੁਣਵਾਈ ਫਾਸਟ-ਟਰੈਕ ਅਦਾਲਤ ਵਿੱਚ ਕਰਵਾਉਣ ਲਈ ਤਜਵੀਜ਼ ਦੀ ਮੰਗ ਕੀਤੀ ਹੈ। ਕੇਸ ਲਈ ਸੀਨੀਅਰ ਵਕੀਲ ਉਜਵਲ ਨਿਕਮ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਗ੍ਰਹਿ ਮੰਤਰੀ ਦੇਵੇਂਦਰ ਫਡਨਵੀਸ ਨੇ ਕਿਹਾ, “ਜ਼ਰੂਰੀ ਕਾਰਵਾਈ ਕੀਤੀ ਗਈ ਹੈ ਅਤੇ ਫਾਸਟ-ਟਰੈਕ ਅਦਾਲਤ ਲਈ ਤਜਵੀਜ਼ ਦੀ ਮੰਗ ਕੀਤੀ ਗਈ ਹੈ। ਪੁਲਿਸ ਮਾਮਲੇ ਨੂੰ ਸੰਵੇਦਨਾਸ਼ੀਲਤਾ ਨਾਲ ਦੇਖ ਰਹੀ ਹੈ। ਮਾਮਲਾ ਰੌਸ਼ਨੀ ਵਿੱਚ ਆਉਣ ਸਾਰ ਹੀ ਕਾਰਵਾਈ ਕੀਤੀ ਗਈ। ਸਿੱਟ ਇਸ ਦੀ ਜਾਂਚ ਕਰੇਗੀ ਅਤੇ ਕਸੂਰਵਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਸਕੂਲ ਸੁਰੱਖਿਆ ਵਿੱਚ ਕਈ ਖਾਮੀਆਂ

ਇਸੇ ਦੌਰਾਨ ਸਕੂਲ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਸਾਰੇ ਸਕੂਲਾਂ ਦੇ ਬੱਚੇ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਕਰ ਸਕਣ ਇਸ ਲਈ ਵਿਸ਼ਾਖਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

ਮੰਤਰੀ ਦੀਪਕ ਕੇਸਾਰਕਰ ਨੇ ਇਹ ਵੀ ਕਿਹਾ ਕਿ ਜੇ ਸਕੂਲਾਂ ਦੇ ਸੀਸੀਟੀਵੀ ਕੈਮਰਾ ਬੰਦ ਮਿਲਦੇ ਹਨ ਤਾਂ ਸਕੂਲਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ, ਕੰਮ ਦੀਆਂ ਥਾਵਾਂ ਉੱਤੇ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵਿਸ਼ਾਖਾ ਕਮੇਟੀ ਬਣਾਉਣੀ ਜ਼ਰੂਰੀ ਹੈ। ਲੇਕਿਨ ਕਈ ਥਾਵਾਂ ਉੱਤੇ ਅਜਿਹੀਆਂ ਕਮੇਟੀਆਂ ਹੋਂਦ ਵਿੱਚ ਨਹੀਂ ਹਨ।

ਮਹਾਰਾਸ਼ਟਰ ਸਰਕਾਰ ਨੇ ਸਕੂਲੀ ਵਿਦਿਆਰਥਣਾਂ ਦੀ ਸੁਰੱਖਿਆ ਲਈ ਸਖੀ-ਸਾਵਿਤਰੀ ਪੈਨਲ ਵੀ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚ ਸਕੂਲ ਦੇ ਨੁਮਾਇੰਦੇ, ਵਕੀਲ, ਮੈਡੀਕਲ ਅਧਿਕਾਰੀ ਅਤੇ ਮਾਪੇ ਸ਼ਾਮਲ ਹੁੰਦੇ ਹਨ।

ਲੇਕਿਨ ਬਾਲ ਅਧਿਕਾਰ ਆਯੋਗ ਨੇ ਸੂਬਾ ਸਰਕਾਰ ਨੂੰ ਇਸੇ ਸਾਲ ਜਨਵਰੀ ਵਿੱਚ ਦੱਸਿਆ ਸੀ ਕਿ ਇਹ ਸਕੀਮ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ।

ਇਸੇ ਦੌਰਾਨ ਸੂਬੇ ਦੇ ਮਹਿਲਾ ਕਮਿਸ਼ਨ ਨੇ ਘਟਨਾ ਦਾ ਸੰਗਿਆਨ ਲਿਆ ਹੈ। ਕਮਿਸ਼ਨ ਨੇ ਸਕੂਲ ਨੂੰ ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਸਪੈਂਡ ਕਰਨ ਦੀ ਹਦਾਇਤ ਕੀਤੀ ਹੈ। ਕਮਿਸ਼ਨ ਦੇ ਪੁਲਿਸ ਤੋਂ ਮੌਜੂਦਾ ਸਥਿਤੀ ਬਾਰੇ ਰਿਪੋਰਟ ਵੀ ਤਲਬ ਕੀਤੀ ਹੈ।

ਸਕੂਲਾਂ ਨੂੰ ਸਟਾਫ਼ ਦੇਣ ਵਾਲੇ ਠੇਕੇਦਾਰ ਅਤੇ ਸਕੂਲ ਮੈਨੇਜਮੈਂਟ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਕੂਲ ਦੇ ਪੱਧਰ ਉੱਤੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

‘ਜਿਵੇਂ ਤੁਹਾਡਾ ਆਪਣਾ ਰੇਪ ਹੋਇਆ ਹੋਵੇ’

ਮੁਜ਼ਾਹਰਾਕਾਰੀਆਂ ਨੇ ਆਪਣੇ ਧਰਨੇ ਦੌਰਾਨ ਸਥਾਨਕ ਸਿਆਸੀ ਪਾਰਟੀਆਂ ਖਿਲਾਫ਼ ਵੀ ਆਪਣਾ ਗੁੱਸਾ ਜ਼ਾਹਰ ਕੀਤਾ।

ਇਸ ਸਥਿਤੀ ਵਿੱਚ ਘਟਨਾ ਨੂੰ ਕਵਰ ਕਰ ਰਹੀ ਇੱਕ ਮਹਿਲਾ ਪੱਤਰਕਾਰ ਨੂੰ ਇੱਕ ਸਥਾਨਕ ਆਗੂ ਨੇ ਕਿਹਾ, “ਤੂੰ ਤਾਂ ਇਸ ਤਰ੍ਹਾਂ ਰਿਪੋਰਟ ਕਰ ਰਹੀ ਹੈਂ ਜਿਵੇਂ ਤੇਰਾ ਆਪਣਾ ਰੇਪ ਹੋਇਆ ਹੋਵੇ।”

ਮਹਿਲਾ ਪੱਤਰਕਾਰ ਨੇ ਇਸ ਸੰਬੰਧ ਵਿੱਚ ਬਦਲਾਪੁਰ ਦੇ ਮੇਅਰ ਅਤੇ ਮੁੱਖ ਮੰਤਰੀ ਏਕਨਾਥ ਛਿੰਦੇ ਦੇ ਸ਼ਿਵ ਸੇਨਾ ਆਗੂ ਵਾਮਨ ਮਾਤ੍ਹਰੇ ਦਾ ਨਾਮ ਲਿਆ।

ਮਹਿਲਾ ਪੱਤਰਕਾਰ ਜੋ ਪਿਛਲੇ ਕਈ ਸਾਲਾਂ ਤੋਂ ਇੱਕ ਮਸ਼ਹੂਰ ਅਖ਼ਬਾਰ ਲਈ ਮਹਿਲਾ ਮੁੱਦਿਆਂ ਨੂੰ ਕਵਰ ਕਰ ਰਹੇ ਹਨ, ਉਨ੍ਹਾਂ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਉਨ੍ਹਾਂ ਨੇ ਬੀਬੀਸੀ ਮਰਾਠੀ ਨੂੰ ਦੱਸਿਆ, ਮੈਂ ਸਵੇਰੇ ਰਿਪੋਰਟਿੰਗ ਕਰਨ ਤੋਂ ਬਾਅਦ ਸ਼ਾਮ ਨੂੰ ਘਰ ਗਈ। ਬਾਅਦ ਵਿੱਚ ਮਾਤ੍ਹਰੇ ਆਪਣੇ ਸਾਥੀਆਂ ਨਾਲ ਆ ਰਹੇ ਸਨ।”

ਪੱਤਰਕਾਰ ਨੇ ਅੱਗੇ ਦੱਸਿਆ,“ਪੱਤਰਕਾਰ ਉਨ੍ਹਾਂ ਖ਼ਬਰਾਂ ਦੇ ਪਿੱਛੇ ਭੱਜਦੇ ਹਨ, ਜੋ ਤੁਹਾਨੂੰ ਅੱਗ ਲਾ ਦੇਣ। ਸਾਨੂੰ ਜਾਂਚ ਕਰਨੀ ਪਵੇਗੀ ਕਿ ਰੇਪ ਹੋਇਆ ਹੈ ਜਾਂ ਛੇੜਛਾੜ। ਤੂੰ ਤਾਂ ਇਸ ਤਰ੍ਹਾਂ ਰਿਪੋਰਟ ਕਰ ਰਹੀ ਹੈ ਜਿਵੇਂ ਤੇਰਾ ਆਪਣਾ ਰੇਪ ਹੋਇਆ ਹੋਵੇ। ਮੈਂ ਇਸ ਤੋਂ ਬਹੁਤ ਨਾਰਾਜ਼ ਹਾਂ।”

ਸਿਆਸੀ ਦੂਸ਼ਣਬਾਜ਼ੀ

ਵਿਰੋਧੀ ਧਿਰ ਗਠਜੋੜ ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਉੱਤੇ ਘੇਰ ਰਹੀ ਹੈ।

ਲੋਕ ਸਭਾ ਮੈਂਬਰ ਸੁਪ੍ਰੀਆ ਸੂਲੇ, ਵਿਰੋਧੀ ਧਿਰ ਦੇ ਆਗੂ ਵਿਜੇ ਵਦੇਤੀਵਾੜਾ, ਅੰਬਾਦਾਸ ਦਾਨਵੇ ਅਤੇ ਸ਼ਿਵ ਸੇਨਾ ਠਾਕਰੇ ਗਰੁੱਪ ਦੇ ਨੇ ਸਰਕਾਰ ਉੱਪਰ ਹਮਲਾ ਕੀਤਾ। ਉਧਵ ਠਾਕਰੇ ਨੇ ਕਿਹਾ ਹੈ ਕਿ ਸਕੂਲ ਭਾਜਪਾ ਨਾਲ ਜੁੜੇ ਵਿਅਕਤੀ ਦਾ ਹੈ।

ਅਜਿਹੀਆਂ ਘਟਨਾਵਾਂ ਦੇਸ ਵਿੱਚ ਆਏ ਦਿਨ ਹੋ ਰਹੀਆਂ ਹਨ। ਇੱਕ ਪਾਸੇ ਤਾਂ ਪਿਆਰੀ ਭੈਣ ਸਕੀਮ ਜਾਰੀ ਕੀਤੀ ਗਈ ਹੈ ਲੇਕਿਨ ਨਾ ਸਿਰਫ ਭੈਣਾਂ ਸਗੋਂ ਉਨ੍ਹਾਂ ਦੀਆਂ ਛੋਟੀਆਂ ਬੇਟੀਆਂ ਵੀ ਸੂਬੇ ਵਿੱਚ ਸੁਰੱਖਿਅਤ ਨਹੀਂ ਹਨ।

ਅਜਿਹਾ ਦੇਸ ਵਿੱਚ ਕਿਤੇ ਵੀ ਨਹੀਂ ਹੋਣਾ ਚਾਹੀਦਾ। ਕੁਝ ਸਾਲ ਪਹਿਲਾਂ ਨਿਰਭਿਆ ਕੇਸ ਵਾਪਰਿਆ, ਉਸ ਤੋਂ ਇੰਨੇ ਸਾਲਾਂ ਬਾਅਦ ਵੀ ਕੀ ਬਦਲਿਆ ਹੈ।

ਇਸ ਦੇਰੀ ਲਈ ਕੌਣ ਜ਼ਿੰਮੇਵਾਰ ਹੈ? ਫੈਸਲਿਆਂ ਵਿੱਚ ਦੇਰੀ ਕਰਨ ਵਾਲਿਆਂ ਨੂੰ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜੇ ਅਜਿਹੀਆਂ ਘਟਨਾਵਾਂ ਹਾਥਰਸ, ਉਨਾਉ, ਰਾਜਸਥਾਨ, ਵਿੱਚ ਹੁੰਦੇ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅੰਬਾਦਾਸ ਦਾਨਵੇ ਨੇ ਕਿਹਾ ਕਿ ਸੂਬੇ ਭਰ ਵਿੱਚ ਮੁਜ਼ਾਹਰਾ ਹੋਵੇਗਾ। ਉਨ੍ਹਾਂ ਨੇ ਬਦਲਾਪੁਰ ਵਿੱਚ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ, “ਬਦਲਾਪੁਰ ਵਿੱਚ ਦੋ ਬੱਚੀਆਂ ਉੱਤੇ ਅਤਿਆਚਾਰ ਤੋਂ ਬਾਅਦ ਇਸ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਪੁਲਿਸ ਵੱਲੋਂ ਸ਼ਿਕਾਇਤ ਕਰਨ ਵਿੱਚ ਦੇਰੀ ਕਰਨ ਕਾਰਨ ਲੋਕਾਂ ਵਿੱਚ ਗੁੱਸਾ ਫੁੱਟਿਆ ਹੈ।”

“ਗੁੱਸੇ ਵਿੱਚ ਇਲਾਕਾ ਵਾਸੀ ਰੇਲਵੇ ਸਟੇਸ਼ਨ ਵੱਲ ਭੱਜੇ ਅਤੇ ਰੇਲਵੇ ਲਾਈਨਾਂ ਰੋਕ ਦਿੱਤੀਆਂ। ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਦਾ ਲਾਠੀਚਾਰਜ ਨਿਆਂ-ਸੰਗਤ ਨਹੀਂ ਸੀ। ਵਿਰੋਧ ਬਦਲਾਪੁਰ ਤੱਕ ਰੁਕਣ ਵਾਲਾ ਨਹੀਂ ਹੈ ਸਗੋਂ ਪੂਰੇ ਦੇਸ਼ ਵਿੱਚ ਫੈਲੇਗਾ।“

ਇਸੇ ਦੌਰਾਨ ਗ੍ਰਹਿ ਮੰਤਰੀ ਦੇਵੇਂਦਰ ਫਡਨਵੀਸ ਨੇ ਕਿਹਾ ਹੈ ਕਿ ਔਰਤਾਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ, “ਇਹ ਬਦਕਿਸਮਤੀ ਹੈ ਕਿ ਵਿਰੋਧੀ ਧਿਰ ਅਜਿਹੇ ਗੰਭੀਰ ਮੁੱਦੇ ਉੱਤੇ ਰੋਟੀਆਂ ਸੇਕ ਰਹੀ ਹੈ।”

ਉਨ੍ਹਾਂ ਨੇ ਅੱਗੇ ਕਿਹਾ,“ਸੰਵੇਦਨਾਹੀਨ ਵਿਰੋਧੀ ਪਾਰਟੀਆਂ ਸਿਰਫ ਸਿਆਸਤ ਕਰ ਰਹੀਆਂ ਹਨ। ਇੱਕ ਸਾਬਕਾ ਮੁੱਖ ਮੰਤਰੀ ਦਾ ਇੰਨੇ ਨੀਵੇਂ ਪੱਧਰ ਉੱਤੇ ਜਾ ਕੇ ਸਿਆਸਤ ਕਰਨਾ ਸ਼ੋਭਾ ਨਹੀਂ ਦਿੰਦਾ। ਸਾਨੂੰ ਦੇਖਣਾ ਚਾਹੀਦਾ ਹੈ ਕਿ ਇੰਨੇ ਗੰਭੀਰ ਮਾਮਲਿਆਂ ਵਿੱਚ ਇਨਸਾਫ਼ ਕਿਵੇਂ ਦਵਾਇਆ ਜਾਵੇ।”

ਬਦਲਾਪੁਰ ਦੀ ਘਟਨਾ ਦੇ ਚਲਦਿਆਂ ਨਾਬਾਲਗ ਲੜਕੀਆਂ ਦੇ ਜਿਣਸੀ ਸ਼ੋਸ਼ਣ ਦਾ ਮੁੱਦਾ ਅਤੇ ਸਕੂਲਾਂ ਕਾਲਜਾਂ ਵਿੱਚ ਸੁਰੱਖਿਆ ਇੰਤਜ਼ਾਮ ਦਾ ਮੁੱਦਾ ਇੱਕ ਵਾਰ ਫਿਰ ਗਰਮ ਹੋ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)