You’re viewing a text-only version of this website that uses less data. View the main version of the website including all images and videos.
ਪੁਲਵਾਮਾ ਹਮਲੇ ਦੇ 5 ਸਾਲ: 'ਪੁੱਤ ਨੂੰ ਵਰਦੀ ਵਿੱਚ ਚੁੰਮਦੀ ਸੀ, ਹੁਣ ਸਿਰਫ਼ ਉਸ ਦੀ ਤਸਵੀਰ ਕੰਧ ਉੱਤੇ ਲਟਕਦੀ ਹੈ'
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਜਦੋਂ ਮੈਂ ਆਪਣੇ ਪੁੱਤ ਨੂੰ ਵਰਦੀ ਵਿੱਚ ਫੱਬਿਆ ਦੇਖਦੀ ਸੀ ਤਾਂ ਪਹਿਲਾਂ ਉਸ ਦੇ ਮੱਥੇ ਨੂੰ ਚੁੰਮਦੀ ਤੇ ਫਿਰ ਉਸ ਨੂੰ ਰੱਜ ਕੇ ਦੇਖਦੀ ਸੀ।”
“ਅੱਜ ਮੇਰੇ ਮੂਹਰੇ ਸਿਰਫ਼ ਕੰਧ 'ਤੇ ਲਟਕਦੀ ਮੇਰੇ ਪੁੱਤ ਦੀ ਤਸਵੀਰ ਹੀ ਹੈ।”
“ਜਦੋਂ ਮੇਰਾ ਪੋਤਾ ਪੁੱਛਦਾ ਹੈ ਕਿ ਪਾਪਾ ਡਿਊਟੀ ਤੋਂ ਕਦੋਂ ਵਾਪਸ ਆਉਣਗੇ ਤਾਂ ਮੇਰੀ ਰੂਹ ਧੁਰ ਅੰਦਰ ਤੱਕ ਕੁਰਲਾ ਉੱਠਦੀ ਹੈ।"
ਇਹ ਬੋਲ ਸਾਲ 2019 ਵਿਚ ਪੁਲਵਾਮਾ 'ਚ ਹੋਏ ਇੱਕ ਧਮਾਕੇ ਦੌਰਾਨ ਮਾਰੇ ਗਏ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਜਵਾਨ ਜੈਮਲ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਦੇ ਹਨ।
ਜੰਮੂ-ਕਸ਼ਮੀਰ ਖੇਤਰ ਵਿੱਚ ਹੋਏ ਇਸ ਧਮਾਕੇ ਵਿਚ ਸੀਆਰਪੀਐਫ਼ ਦੇ 40 ਜਵਾਨਾਂ ਦੀ ਮੌਤ ਹੋ ਗਈ ਸੀ।
ਇਨ੍ਹਾਂ ਵਿੱਚ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਗਲੋਟੀ ਖੁਰਦ (ਕੋਟ-ਈਸੇ-ਖਾਂ) ਦੇ ਵਸਨੀਕ ਹੈੱਡ ਕਾਂਸਟੇਬਲ ਜੈਮਲ ਸਿੰਘ ਵੀ ਸ਼ਾਮਲ ਸਨ।
ਸੁਖਵਿੰਦਰ ਕੌਰ ਉਨ੍ਹਾਂ ਦਿਨਾਂ ਨੂੰ ਵੀ ਯਾਦ ਕਰਦੇ ਹਨ, ਜਦੋਂ ਉਹ ਆਪਣੇ ਪੁੱਤਰ ਜੈਮਲ ਸਿੰਘ ਦੇ ਨਾਲ ਸੀਆਰਪੀਐਫ ਦੇ ਕੈਂਪਾਂ ਵਿੱਚ ਰਾਂਚੀ, ਹੈਦਰਾਬਾਦ ਅਤੇ ਜਲੰਧਰ ਰਹੇ ਸਨ।
ਉਹ ਦੱਸਦੇ ਹਨ, "ਉਦੋਂ ਮੈਂ ਆਪਣੇ ਪੁੱਤਰ ਨੂੰ ਖੁਦ ਵਰਦੀ ਵਿੱਚ ਤਿਆਰ ਕਰਦੀ ਸੀ ਤੇ ਹਰ ਫੌਜੀ ਜਵਾਨ ਵਿੱਚੋਂ ਮੈਨੂੰ ਆਪਣਾ ਪੁੱਤਰ ਦਿਖਾਈ ਦਿੰਦਾ ਸੀ।"
ਉਨ੍ਹਾਂ ਆਖਿਆ, "ਪਰ ਅੱਜ ਹਾਲਾਤ ਬਦਲ ਗਏ ਹਨ। ਮੈਂ ਜਦੋਂ ਵੀ ਟੈਲੀਵਿਜ਼ਨ ਉੱਪਰ ਕਿਸੇ ਫੌਜੀ ਜਵਾਨ ਦੀ ਸ਼ਹਾਦਤ ਬਾਰੇ ਦੇਖਦੀ ਹਾਂ ਤਾਂ ਮੇਰੇ ਸਾਹਮਣੇ ਜੈਮਲ ਦੀ ਰੂਹ ਖੜ੍ਹੀ ਪ੍ਰਤੀਤ ਹੁੰਦੀ ਹੈ। ਫਿਰ ਮੈਂ ਹਉਕੇ ਭਰਦੀ-ਭਰਦੀ ਟੈਲੀਵਿਜ਼ਨ ਬੰਦ ਕਰ ਦਿੰਦੀ ਹਾਂ।"
'ਇਉਂ ਲੱਗਦਾ ਹੈ ਜਿਵੇਂ ਹੁਣੇ ਹੀ ਖ਼ਬਰ ਮਿਲੀ ਹੋਵੇ'
ਇਸ ਵੇਲੇ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਆਪਣੇ ਪੁੱਤਰ ਨਾਲ ਪੰਚਕੂਲਾ ਤੇ ਪਿੰਜੌਰ ਖੇਤਰ ਵਿੱਚ ਰਹਿੰਦੇ ਹਨ।
ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਕਹਿੰਦੇ ਹਨ ਕਿ ਭਾਵੇਂ ਉਨ੍ਹਾਂ ਦੇ ਪਤੀ ਦੀ ਮੌਤ ਨੂੰ ਪੰਜ ਸਾਲ ਬੀਤ ਗਏ ਹਨ ਪਰ ਉਨ੍ਹਾਂ ਨੂੰ ਹਰ ਵੇਲੇ ਇਉਂ ਲੱਗਦਾ ਹੈ ਕਿ ਜਿਵੇਂ ਹੁਣੇ ਹੀ ਮੈਨੂੰ ਇਹ ਖ਼ਬਰ ਮਿਲੀ ਹੈ।
"ਅੱਜ ਵੀ ਮੈਨੂੰ ਉੱਨੀ ਹੀ ਤਕਲੀਫ਼ ਹੁੰਦੀ ਹੈ ਜਿੰਨੀ ਪਹਿਲੇ ਦਿਨ ਹੋਈ ਸੀ।"
ਉਹ ਕਹਿੰਦੇ ਹਨ ਕਿ ਸਭ ਤੋਂ ਵੱਡੀ ਮੁਸ਼ਕਲ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਅੱਧੀ ਰਾਤ ਨੂੰ ਕੋਈ ਦਿੱਕਤ ਹੋ ਜਾਵੇ ਤਾਂ ਤੁਸੀਂ ਕਿਸ ਨੂੰ ਫੋਨ ਕਰੋਂਗੇ।
ਆਪਣੇ ਪਤੀ ਦੀ ਯਾਦ ਆਉਣ ਬਾਰੇ ਉਨ੍ਹਾਂ ਦੱਸਿਆ, "ਸਾਨੂੰ ਨਵੇਂ ਘਰ ਵਿੱਚ ਆਏ ਇੱਕ ਮਹੀਨਾ ਹੋ ਗਿਆ ਹੈ ਪਰ ਇੱਕ ਵੀ ਦਿਨ ਅਜਿਹਾ ਨਹੀਂ ਗੁਜ਼ਰਦਾ ਜਦੋਂ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਂ ਦਰਵਾਜ਼ਾ ਖੋਲ੍ਹਾਂ ਤੇ ਉਹ ਸਾਹਮਣੇ ਖੜ੍ਹੇ ਹੋਣਗੇ।"
ਉਹ ਕਹਿੰਦੇ ਹਨ ਕਿ ਪਹਿਲੇ ਇੱਕ ਸਾਲ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਉਹ ਕਹਿੰਦੇ ਹਨ, "ਮੇਰੀ ਪਤੀ ਹੀ ਮੇਰੀ ਦੁਨੀਆਂ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੀ ਦੁਨੀਆਂ ਖ਼ਤਮ ਹੋ ਗਈ, ਇੰਝ ਲੱਗਦਾ ਹੀ ਨਹੀਂ ਹੈ ਕਿ ਕੁਝ ਬਚਿਆ ਹੈ ਜਿਉਣ ਵਾਸਤੇ।"
ਉਹ ਕਹਿੰਦੇ ਹਨ ਕਿ ਵਿਆਹ ਦੇ 16 ਸਾਲਾਂ ਬਾਅਦ ਤੱਕ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੋਇਆ ਸੀ ਪਰ ਉਨ੍ਹਾਂ ਦੇ ਪਤੀ ਨੇ ਕਦੇ ਵੀ ਉਨ੍ਹਾਂ ਨੂੰ ਇਸ ਬਾਰੇ ਦੁਖੀ ਨਹੀਂ ਮਹਿਸੂਸ ਹੋਣ ਦਿੱਤਾ।
ਉਨ੍ਹਾਂ ਦੱਸਿਆ, "ਉਹ ਕਹਿੰਦੇ ਸਨ ਕਿ ਤੂੰ ਦੁਖੀ ਨਾ ਹੋ ਅਸੀਂ ਅਨਾਥ ਆਸ਼ਰਮ ਜਾ ਕੇ ਬੱਚਾ ਲੈ ਆਵਾਂਗੇ, ਮੈਂ ਉਨ੍ਹਾਂ ਜਿਹਾ ਚੰਗਾ ਇਨਸਾਨ ਕਦੇ ਨਹੀਂ ਦੇਖਿਆ ਸੀ।"
‘ਅੱਖਾਂ ਦੇ ਹੰਝੂ ਸੁੱਕ ਗਏ ਹਨ’
ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਆਪਣੇ ਪੁੱਤਰ ਨਾਲ ਹੋਈ ਗੱਲਬਾਤ ਬਾਰੇ ਜਸਵੰਤ ਸਿੰਘ ਦੱਸਦੇ ਹਨ ਕਿ ਜੈਮਲ ਸਿੰਘ ਨੇ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਟੈਲੀਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਯੂਨਿਟ ਦੇ ਇੱਕ ਜਵਾਨ ਦੇ ਘਰ ਵਿਆਹ ਦਾ ਪ੍ਰੋਗਰਾਮ ਹੈ, ਇਸ ਲਈ ਉਸ ਦੀ ਜਗ੍ਹਾ ਉਹ ਖੁਦ ਜਵਾਨਾਂ ਦੀ ਬੱਸ ਲੈ ਕੇ ਜਾਵੇਗਾ।
ਉਹ ਦੱਸਦੇ ਹਨ, "ਬੱਸ, ਇਸ ਤੋਂ ਬਾਅਦ ਤਾਂ ਸਾਨੂੰ ਜੈਮਲ ਸਿੰਘ ਤੇ ਹੋਰ ਜਵਾਨਾਂ ਦੀ ਸ਼ਹੀਦੀ ਦੀ ਖਬਰ ਮਿਲ ਗਈ। ਸਾਡੀ ਹੱਸਦੀ-ਖੇਡਦੀ ਜ਼ਿੰਦਗੀ ਦੇ ਸੁਪਨੇ ਗ਼ਮਾਂ ਵਿੱਚ ਰੁਲ ਗਏ।”
ਉਨ੍ਹਾਂ ਦੱਸਿਆ, “ਜਦੋਂ ਕੋਈ ਜੈਮਲ ਸਿੰਘ ਬਾਰੇ ਮੇਰੇ ਨਾਲ ਗੱਲ ਕਰਦਾ ਹੈ ਤਾਂ ਮੇਰੀ ਜ਼ੁਬਾਨ ਜਵਾਬ ਦੇ ਜਾਂਦੀ ਹੈ। ਅੱਖਾਂ ਦੇ ਹੰਝੂ ਸੁੱਕ ਗਏ ਹਨ, ਬੱਸ ਰੱਬ ਦਾ ਹੀ ਓਟ ਆਸਰਾ ਹੈ।"
ਜੈਮਲ ਸਿੰਘ ਦੇ ਪਰਿਵਾਰ ਨੂੰ ਸਿਆਸੀ ਦਲਾਂ ਦੇ ਆਗੂਆਂ ਨਾਲ ਵੀ ਰੋਸ ਹੈ।
ਜਸਵੰਤ ਸਿੰਘ ਕਹਿੰਦੇ ਹਨ, "ਮੇਰੇ ਪੁੱਤ ਦੇ ਅੰਤਿਮ ਸੰਸਕਾਰ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਪੁੱਜੇ ਸਨ, ਪਰ ਉਸ ਤੋਂ ਬਾਅਦ ਕਿਸੇ ਵੀ ਆਗੂ ਨੇ ਉਨ੍ਹਾਂ ਦੇ ਬੂਹੇ ਪੈਰ ਨਹੀਂ ਪਾਇਆ।"
ਪਰਿਵਾਰ ਦੇ ਮੈਂਬਰ ਦੱਸਦੇ ਹਨ ਕਿ ਜੈਮਲ ਸਿੰਘ ਦਾ ਇਹ ਸੁਪਨਾ ਸੀ ਕਿ ਉਹ ਆਪਣੇ ਪੁੱਤਰ ਗੁਰਪ੍ਰਕਾਸ਼ ਸਿੰਘ ਨੂੰ ਚੰਡੀਗੜ੍ਹ ਦੇ ਕਿਸੇ ਚੰਗੇ ਸਕੂਲ ਵਿੱਚ ਪੜ੍ਹਾਈ ਕਰਵਾ ਕੇ ਵੱਡਾ ਅਫਸਰ ਬਣਾਏਗਾ।
‘ਪੁੱਤਰ ਨੂੰ ਅਫ਼ਸਰ ਬਣਾਉਣਾ ਚਾਹੁੰਦੇ ਸਨ’
ਪਰਿਵਾਰ ਦਾ ਕਹਿਣਾ ਹੈ ਕਿ ਗੁਰਪ੍ਰਕਾਸ਼ ਸਿੰਘ ਦੀ ਉਚੇਰੀ ਪੜ੍ਹਾਈ ਹੀ ਉਨ੍ਹਾਂ ਲਈ ਜੈਮਲ ਸਿੰਘ ਨੂੰ ਸਭ ਤੋਂ ਅਹਿਮ ਸ਼ਰਧਾਂਜਲੀ ਹੋਵੇਗੀ।
ਜੈਮਲ ਸਿੰਘ ਦੇ ਭਰਾ ਨਸੀਬ ਸਿੰਘ ਵਿਦੇਸ਼ ਵਿੱਚ ਆਪਣਾ ਕਾਰੋਬਾਰ ਕਰਦੇ ਹਨ। ਇਨ੍ਹੀ ਦਿਨੀਂ ਉਹ ਆਪਣੇ ਭਰਾ ਦੀ ਬਰਸੀ ਦੇ ਸਬੰਧ ਵਿੱਚ ਭਾਰਤ ਆਏ ਹੋਏ ਹਨ।
ਜਿੱਥੇ ਉਹ ਆਪਣੇ ਭਰਾ ਨੂੰ ਯਾਦ ਕਰਦੇ ਹਨ ਉਥੇ ਉਹ ਸਿਆਸੀ ਨੇਤਾਵਾਂ ਨੂੰ ਨਸੀਹਤ ਦਿੰਦੇ ਹਨ।
ਨਸੀਬ ਸਿੰਘ ਕਹਿੰਦੇ ਹਨ, "ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸ਼ਹੀਦ ਹੋਣ ਵਾਲੇ ਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦ ਸਮੁੱਚੇ ਦੇਸ਼ ਦੇ ਹਨ ਨਾ ਕਿ ਕਿਸੇ ਸਿਆਸੀ ਪਾਰਟੀ ਦੇ। ਇਸ ਲਈ ਰਾਜਨੀਤਿਕ ਲੋਕਾਂ ਨੂੰ ਅਜਿਹੇ ਮਸਲਿਆਂ ਉੱਪਰ ਸਿਆਸਤ ਕਰਨ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।"
ਉਹ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਮੇਰਾ ਭਰਾ ਮੇਰੀ ਪੜ੍ਹਾਈ ਪੂਰੀ ਕਰਵਾ ਕੇ ਮੈਨੂੰ ਵੀ ਆਪਣੇ ਵਾਂਗ ਸੀਆਰਪੀਐਫ ਵਿੱਚ ਭਰਤੀ ਕਰਵਾਉਣ ਦੀ ਇੱਛਾ ਰੱਖਦਾ ਸੀ ਪਰ ਬਾਅਦ ਵਿੱਚ ਉਸ ਦਾ ਮਨ ਬਦਲ ਗਿਆ ਸੀ। ਉਸ ਨੇ ਮੈਨੂੰ ਕਾਰੋਬਾਰ ਕਰਨ ਲਈ ਵਿਦੇਸ਼ ਜਾਣ ਦੀ ਸਲਾਹ ਦਿੱਤੀ ਸੀ।"
"ਭਾਵੇਂ ਕੁਝ ਵੀ ਹੈ, ਪਰ ਜੈਮਲ ਸਿੰਘ ਵੱਲੋਂ ਸਾਡੇ ਪਰਿਵਾਰ ਦੀਆਂ ਖੁਸ਼ੀਆਂ ਲਈ ਸੰਜੋਏ ਗਏ ਸੁਪਨੇ ਉਸ ਤੋਂ ਬਿਨਾਂ ਹਮੇਸ਼ਾ ਅਧੂਰੇ ਹੀ ਰਹਿਣਗੇ।"
ਜੈਮਲ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾਦੀਆਂ ਸਾਰੀਆਂ ਸਹੂਲਤਾਂ ਮਿਲ ਚੁੱਕੀਆਂ ਹਨ। ਪਰਿਵਾਰ ਦੇ ਮਨ ਦੀ ਇੱਛਾ ਹੈ ਕਿ ਕੋਟ-ਈਸੇ-ਖਾਂ ਵਿੱਚ ਜੈਮਲ ਸਿੰਘ ਦੇ ਨਾਂ 'ਤੇ ਇੱਕ ਯਾਦਗਾਰੀ ਗੇਟ ਦੀ ਉਸਾਰੀ ਕੀਤੀ ਜਾਵੇ।
ਨਸੀਬ ਸਿੰਘ ਕਹਿੰਦੇ ਹਨ, "ਗੇਟ ਦੀ ਉਸਾਰੀ ਦਾ ਮਕਸਦ ਜੈਮਲ ਸਿੰਘ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਣਾ ਹੈ। ਇਹ ਯਾਦਗਾਰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਦੇਸ਼ ਲਈ ਜਜ਼ਬਾ ਰੱਖਣ ਦਾ ਸੰਦੇਸ਼ ਵੀ ਦਿੰਦਾ ਰਹੇਗਾ।"
ਜੈਮਲ ਸਿੰਘ ਦੀ ਯਾਦ ਵਿੱਚ ਹਰ ਸਾਲ ਪਿੰਡ ਕੋਟ-ਈਸੇ-ਖਾਂ ਦੀ ਅਨਾਜ ਮੰਡੀ ਵਿੱਚ ਬਰਸੀ ਸਮਾਗਮ 14 ਫਰਵਰੀ ਨੂੰ ਕਰਵਾਇਆ ਜਾਂਦਾ ਹੈ।