ਅਮਰੀਕੀ ਡਿਫੈਂਸ ਸੈਕਰੇਟਰੀ ਨੇ ਦਾੜ੍ਹੀ ਨੂੰ ਲੈ ਕੇ ਕੀ ਕਿਹਾ ਜਿਸ ਬਾਰੇ ਸਿੱਖ ਸੰਗਠਨ ਜਤਾ ਰਹੇ ਇਤਰਾਜ਼

ਅਮਰੀਕਾ ਦੇ ਡਿਫੈਂਸ ਸੈਕਰੇਟਰੀ ਪੀਟ ਹੈਗਥੇਸ ਵੱਲੋਂ ਇੱਕ ਭਾਸ਼ਣ ਦੌਰਾਨ ਅਮਰੀਕੀ ਫੌਜ ਵਿੱਚ ਦਾੜ੍ਹੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਸਿੱਖ ਜਥੇਬੰਦੀਆਂ ਚਿੰਤਾ ਅਤੇ ਰੋਹ ਵਿੱਚ ਹਨ।

ਹੇਗਸੇਥ ਇੱਕ ਸਾਬਕਾ ਆਰਮੀ ਨੈਸ਼ਨਲ ਗਾਰਡ ਅਧਿਕਾਰੀ ਹਨ ਅਤੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ''ਹੁਣ ਹੋਰ ਦਾੜ੍ਹੀ ਨਹੀਂ, ਲੰਬੇ ਵਾਲ ਨਹੀਂ, ਸਤਹੀ ਵਿਅਕਤੀਗਤ ਪ੍ਰਗਟਾਵਾ ਨਹੀਂ। ਜੇ ਤੁਸੀਂ ਦਾੜ੍ਹੀ ਚਾਹੁੰਦੇ ਹੋ, ਤਾਂ ਤੁਸੀਂ ਵਿਸ਼ੇਸ਼ ਬਲਾਂ ਵਿੱਚ ਸ਼ਾਮਲ ਹੋ ਸਕਦੇ ਹੋ, ਜੇ ਨਹੀਂ, ਤਾਂ ਇਸ ਨੂੰ ਮੁੰਨ ਦਿਓ।"

ਡਿਫੈਂਸ ਸੈਕਰੇਟਰੀ ਦੇ ਬਿਆਨ ਨੂੰ ਲੈ ਕੇ ਹੁਣ ਐੱਸਜੀਪੀਸੀ ਸਣੇ ਵੱਖ-ਵੱਖ ਸਿੱਖ ਜਥੇਬੰਦੀਆਂ ਆਪਣਾ ਵਿਰੋਧ ਜਤਾ ਰਹੀਆਂ ਹਨ।

ਹਾਲਾਂਕਿ, ਬੀਬੀਸੀ ਸਹਿਯੋਗੀ ਗਗਨਦੀਪ ਸਿੰਘ ਮੁਤਾਬਕ, ਅਮਰੀਕੀ ਫੌਜ ਨੇ ਅਜਿਹੀ ਕੋਈ ਪਾਲਿਸੀ ਜਾਂ ਨਿਯਮ ਨਹੀਂ ਜਾਰੀ ਕੀਤਾ ਹੈ। ਇਹ ਕੇਵਲ ਡਿਫੈਂਸ ਸੈਕਰੇਟਰੀ ਵੱਲੋਂ ਅਨੁਸ਼ਾਸਨ ਦੇ ਮਾਮਲੇ 'ਚ ਦਿੱਤਾ ਗਿਆ ਇੱਕ ਰੈਫਰੈਂਸ ਸੀ। ਜੇਕਰ ਦਾੜ੍ਹੀ ਸਬੰਧੀ ਕੋਈ ਅਜਿਹਾ ਨਿਯਮ ਬਣਾਇਆ ਜਾਵੇਗਾ ਤਾਂ ਸਿਰਫ਼ ਸਿੱਖਾਂ ਨੂੰ ਨਹੀਂ ਸਗੋਂ ਜਿਊਈਸ਼ ਅਤੇ ਮੁਸਲਿਮ ਲੋਕਾਂ ਲਈ ਵੀ ਲਾਗੂ ਹੋਵੇਗਾ।

'ਇਹ ਬਹੁਤ ਮੰਦਭਾਗਾ ਹੈ, ਅਸੀਂ ਇਸ ਨੂੰ ਅਨਿਆਂ ਮੰਨਦੇ ਹਾਂ'

ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਸ 'ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖ ਅਤੇ ਚਿੰਤਾ ਦੀ ਗੱਲ ਹੈ ਅਤੇ ਇਸ ਦਾ ਸਿੱਖ, ਮੁਸਲਿਮ ਅਤੇ ਜਿਊਈਸ਼ ਭਾਈਚਾਰੇ 'ਤੇ ਪ੍ਰਭਾਵ ਪਵੇਗਾ।

ਐੱਸੀਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ''ਇਹ ਬਹੁਤ ਮੰਦਭਾਗਾ ਹੈ ਅਤੇ ਅਸੀਂ ਬੇਸ਼ੱਕ ਇਸ ਨੂੰ ਅਨਿਆਂ ਮੰਨਦੇ ਹਾਂ। ਅਮਰੀਕਾ ਵਰਗੇ ਲੋਕਤੰਤਰ ਵਿੱਚ ਸਰਕਾਰ ਦਾ ਕਰਤੱਵ ਹੈ ਕਿ ਉਹ ਸਾਰੇ ਲੋਕਾਂ, ਖਾਸ ਕਰਕੇ ਘੱਟ ਗਿਣਤੀ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰੇ।''

ਉਨ੍ਹਾਂ ਕਿਹਾ ਕਿ ਕਮੇਟੀ ਇਸ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਅਮਰੀਕਾ ਵਿੱਚ ਆਪਣੇ ਸਿੱਖ ਭਾਈਚਾਰੇ ਨੂੰ ਇਸਦੇ ਵਿਰੁੱਧ ਅੱਗੇ ਆਉਣ ਲਈ ਕਹੇਗੀ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਉਮੀਦਵਾਰ ਇਸ ਨਿਯਮ ਸਬੰਧੀ ਛੋਟ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦਾ ਹੈ।

ਸਿੱਖ ਕੁਆਇਲੇਸ਼ਨ ਨੇ ਜਤਾਇਆ ਵਿਰੋਧ

ਸਿੱਖ ਕੁਆਇਲੇਸ਼ਨ ਇੱਕ ਸਿੱਖ ਸੰਸਥਾ ਹੈ ਜੋ ਅਮਰੀਕਾ ਵਿੱਚ ਸਿੱਖਾਂ ਦੇ ਅਧਿਕਾਰਾਂ (ਵਿਸ਼ੇਸ਼ ਤੌਰ 'ਤੇ ਕੰਮ ਦੀਆਂ ਥਾਵਾਂ, ਫੌਜ ਵਿੱਚ ਧਾਰਮਿਕ ਆਜ਼ਾਦੀ) ਲਈ ਕੰਮ ਕਰਦੀ ਹੈ।

ਸੰਸਥਾ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ, ਉਹ ਡਿਫੈਂਸ ਸਕੱਤਰ ਦੀਆਂ ਟਿੱਪਣੀਆਂ ਤੋਂ ਚਿੰਤਤ ਹਨ।

ਸੰਸਥਾ ਮੁਤਾਬਕ, ਉਹ ਅਤੇ ਉਸ ਦੇ ਸਹਿਯੋਗੀ ਸਾਲ 2009 ਤੋਂ ਅਮਰੀਕੀ ਫੌਜ ਵਿੱਚ ਸਿੱਖਾਂ ਦੇ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਜਿਵੇ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਵਰਗੇ ਮਾਮਲਿਆਂ 'ਚ ਆਵਾਜ਼ ਚੁੱਕ ਰਹੇ ਹਨ।

'ਸਿੱਖ ਫੌਜੀ ਨੂੰ ਦਾੜ੍ਹੀ ਮੁੰਨਣ ਬਾਰੇ ਕਹਿਣਾ ਧਰਮ ਛੱਡਣ ਲਈ ਕਹਿਣ ਬਰਾਬਰ'

ਨਾਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਐੱਨਏਪੀਏ) ਨੇ ਇਨ੍ਹਾਂ ਤਾਜ਼ਾ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਐੱਨਏਪੀਏ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਅਮਰੀਕੀ ਡਿਫੈਂਸ ਸੈਕਰੇਟਰੀ ਪੀਟ ਹੇਗਸੇਥ ਦੇ 30 ਸਤੰਬਰ ਨੂੰ ਮਰੀਨ ਕੋਰ ਬੇਸ ਕੁਆਂਟਿਕੋ ਵਿਖੇ ਦਿੱਤੇ ਭਾਸ਼ਣ ਤੋਂ ਥੋੜ੍ਹੀ ਦੇਰ ਬਾਅਦ ਐਲਾਨੀ ਗਈ ਇਸ ਨੀਤੀ ਨੇ ਸਾਰੀਆਂ (ਫੌਜੀ) ਸ਼ਾਖਾਵਾਂ ਨੂੰ ਗਰੂਮਿੰਗ ਲਈ '2010 ਤੋਂ ਪਹਿਲਾਂ ਦੇ ਮਿਆਰਾਂ' 'ਤੇ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਹੈ।

ਉਨ੍ਹਾਂ ਕਿਹਾ, "ਇਹ ਫੈਸਲਾ ਅਨੁਸ਼ਾਸਨ ਜਾਂ ਘਾਤਕਤਾ ਬਾਰੇ ਨਹੀਂ ਹੈ, ਇਹ ਸਮਰਪਿਤ ਫੌਜੀਆਂ ਦੇ ਸਨਮਾਨ ਅਤੇ ਧਾਰਮਿਕ ਪਛਾਣ ਨੂੰ ਖੋਹਣ ਬਾਰੇ ਹੈ ਜੋ ਵਫ਼ਾਦਾਰੀ ਅਤੇ ਸਨਮਾਨ ਨਾਲ ਇਸ ਦੇਸ਼ ਦੀ ਸੇਵਾ ਕਰਦੇ ਹਨ।''

ਸਿਖਾਂ ਲਈ ਦਾੜ੍ਹੀ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਕਿਸੇ ਸਿੱਖ ਫੌਜੀ ਨੂੰ ਆਪਣੀ ਦਾੜ੍ਹੀ ਮੁੰਨਣ ਬਾਰੇ ਕਹਿਣਾ ਉਸ ਨੂੰ ਉਸ ਦਾ ਧਰਮ ਛੱਡਣ ਲਈ ਕਹਿਣ ਬਰਾਬਰ ਹੈ।''

ਐੱਨਏਪੀਏ ਨੇ ਰਾਸ਼ਟਰਪਤੀ ਡੌਨਲਡ ਟਰੰਪ, ਕਾਂਗਰਸ ਆਗੂਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਇਸ ਮਾਮਲੇ 'ਚ ਦਖਲ ਦੇਣ ਲਈ ਬੇਨਤੀ ਕੀਤੀ ਹੈ।

ਸੁਖਬੀਰ ਬਾਦਲ ਨੇ ਕੇਂਦਰ ਨੂੰ ਲਿਖਿਆ ਪੱਤਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਦੁਨੀਆਂ ਭਰ ਦੇ ਸਿੱਖ ਅਮਰੀਕੀ ਡਿਫੈਂਸ ਸੈਕਰੇਟਰੀ ਪੀਟ ਹੇਗਸੇਥ ਦੇ ਬਿਆਨ, ਜਿਸ ਵਿੱਚ ਅਮਰੀਕੀ ਰੱਖਿਆ ਬਲਾਂ ਵਿੱਚ ਸੇਵਾ ਕਰਨ ਵਾਲੇ ਸਿੱਖਾਂ ਲਈ ਦਾੜ੍ਹੀ ਰੱਖਣ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ, ਤੋਂ ਬਹੁਤ ਦੁਖੀ ਅਤੇ ਚਿੰਤਤ ਹਨ।''

ਉਨ੍ਹਾਂ ਅੱਗੇ ਲਿਖਿਆ, ''ਦੁਨੀਆਂ ਭਰ ਦੇ ਸਾਰੇ ਸਿੱਖਾਂ ਵੱਲੋਂ, ਮੈਂ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਅਮਰੀਕੀ ਸਰਕਾਰ ਅੱਗੇ ਚੁੱਕਣ ਤਾਂ ਜੋ ਇਸ ਪੱਖਪਾਤੀ ਦਿਸ਼ਾ-ਨਿਰਦੇਸ਼ ਨੂੰ ਲਾਗੂ ਨਾ ਕੀਤਾ ਜਾਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗ ਅਮਰੀਕੀ ਫੌਜ 'ਚ ਆਪਣੇ ਧਰਮ ਮੁਤਾਬਕ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।''

'ਇਹ ਫੈਸਲਾ ਸਿੱਖਾਂ ਦੇ ਧਾਰਮਿਕ ਹੱਕਾਂ ਉੱਤੇ ਡਾਕਾ'

'ਆਪ' ਆਗੂ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਹੈ ਕਿ ਇਹ ਫੈਸਲਾ ਸਿੱਖਾਂ ਦੇ ਧਾਰਮਿਕ ਹੱਕਾਂ ਉੱਤੇ ਡਾਕਾ ਹੈ।

ਉਨ੍ਹਾਂ ਮੰਗ ਕੀਤੀ ਕਿ ਅਮਰੀਕੀ ਸਰਕਾਰ ਫੌਜੀਆਂ ਦੇ ਦਾੜ੍ਹੀ ਰੱਖਣ ਉੱਤੇ ਲਾਈ ਪਾਬੰਦੀ ਤੁਰੰਤ ਹਟਾਵੇ।

ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਅਮਰੀਕੀ ਸਰਕਾਰ ਨਾਲ ਇਸ ਬਾਰੇ ਗੱਲ ਕਰਨ।

ਅਮਰੀਕੀ ਫੌਜ 'ਚ ਸਿੱਖ ਫੌਜੀਆਂ ਨੂੰ ਮਿਲੇ ਧਾਰਮਿਕ ਆਜ਼ਾਦੀ ਦੇ ਅਧਿਕਾਰ

ਹਾਲਾਂਕਿ ਅਮਰੀਕੀ ਫੌਜ ਵਿੱਚ ਪਹਿਲਾਂ ਵੀ ਕੁਝ ਮਾਮਲੇ ਸਾਹਮਣੇ ਆਏ ਹਨ ਜਦੋਂ ਸਿੱਖ ਫੌਜੀਆਂ ਨੂੰ ਆਪਣੇ ਧਾਰਮਿਕ ਚਿੰਨ ਧਾਰਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਅਜਿਹਾ ਇੱਕ ਮਾਮਲਾ ਸਾਲ 2016 ਦਾ ਹੈ ਜਦੋਂ ਅਮਰੀਕੀ ਫੌਜ ਵਿੱਚ ਭਰਤੀ ਹੋਣ ਲਈ ਕੈਪਟਨ ਸਿਮਰਤਪਾਲ ਸਿੰਘ ਨੂੰ ਆਪਣੇ ਵਾਲ ਅਤੇ ਦਾੜ੍ਹੀ ਮੁੰਨਣ ਲਈ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਅਦਾਲਤ ਦਾ ਰੁੱਖ ਕੀਤਾ ਸੀ। ਉਹ ਇਹ ਕੇਸ ਜਿੱਤ ਗਏ ਸਨ ਅਤੇ ਉਨ੍ਹਾਂ ਨੂੰ ਫੌਜ 'ਚ ਰਹਿੰਦਿਆਂ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਮਿਲ ਗਿਆ।

ਉਨ੍ਹਾਂ ਦੀ ਇਸ ਜਿੱਤ ਤੋਂ ਬਾਅਦ, ਤਿੰਨ ਹੋਰ ਸਿੱਖ ਫੌਜੀਆਂ ਨੂੰ ਇਹ ਅਧਿਕਾਰ ਦੇ ਦਿੱਤੇ ਗਏ।

ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ, ਸਾਲ 2021 ਵਿੱਚ ਮਰੀਨ ਕੈਪਟਨ ਸੁਖਬੀਰ ਸਿੰਘ ਤੂਰ ਨੂੰ ਮਰੀਨ ਕੋਰਪਸ ਵਿੱਚ ਪੱਗ ਬੰਨਣ ਦੀ ਇਜਾਜ਼ਤ ਮਿਲੀ ਸੀ। ਇਹ ਇਜਾਜ਼ਤ ਕੁਝ ਹੋਰ ਲੋਕਾਂ ਨੂੰ ਵੀ ਮਿਲੀ ਸੀ।

ਹਾਲਾਂਕਿ ਇਹ ਇਜਾਜ਼ਤ ਆਮ ਡਿਊਟੀ ਕਰਨ ਵੇਲੇ ਹੀ ਮਿਲੀ ਸੀ ਪਰ ਕਿਸੇ ਮਿਸ਼ਨ ਉੱਤੇ ਕੰਮ ਕਰਨ ਵੇਲੇ ਜਾਂ ਮਰੀਨ ਦੇ ਕਿਸੇ ਸਮਾਗਮ ਵੇਲੇ ਇਹ ਇਜਾਜ਼ਤ ਨਹੀਂ ਸੀ।

ਸਾਲ 2022 ਵਿੱਚ ਅਮਰੀਕਾ ਦੀ ਇੱਕ ਅਦਾਲਤ ਨੇ ਮਰੀਨ ਨੂੰ ਹੁਕਮ ਦਿੱਤਾ ਸੀ ਕਿ ਉਹ ਸਿੱਖ ਰੰਗਰੂਟਾਂ ਨੂੰ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਇਜਾਜ਼ਤ ਦੇਣ।

ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ, ਉਸ ਵੇਲੇ ਕੋਰਟ ਨੇ ਮਰੀਨ ਦੀ ਉਸ ਦਲੀਲ ਨੂੰ ਖਾਰਿਜ ਕਰ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਧਾਰਮਿਕ ਛੋਟਾਂ ਦੇਣ ਨਾਲ ਏਕਤਾ ਘਟੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)