ਦੇਹਰਾਦੂਨ ਵਿੱਚ ਤ੍ਰਿਪੁਰਾ ਦੇ ਵਿਦਿਆਰਥੀ ਦੇ ਕਤਲ ਦਾ ਪੂਰਾ ਮਾਮਲਾ, ਭਰਾ ਨੇ ਕਿਹਾ, 'ਅਸੀਂ ਵੀ ਭਾਰਤੀ ਹਾਂ ਅਤੇ ਦੇਸ਼ ਨਾਲ ਪਿਆਰ ਕਰਦੇ ਹਾਂ'

ਤਸਵੀਰ ਸਰੋਤ, Asif Ali
- ਲੇਖਕ, ਆਸਿਫ਼ ਅਲੀ
- ਰੋਲ, ਦੇਹਰਾਦੂਨ ਤੋਂ ਬੀਬੀਸੀ ਲਈ
ਦੇਹਰਾਦੂਨ ਵਿੱਚ ਪੜ੍ਹਾਈ ਕਰ ਰਹੇ ਤ੍ਰਿਪੁਰਾ ਦੇ 24 ਸਾਲਾ ਵਿਦਿਆਰਥੀ ਦੇ ਕਤਲ ਮਾਮਲੇ ਨੇ ਇੱਕ ਵਾਰ ਫਿਰ ਉੱਤਰ ਭਾਰਤ ਵਿੱਚ ਉੱਤਰ-ਪੂਰਬ ਦੇ ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰੇ ਦੀ ਚਰਚਾ ਨੂੰ ਜਨਮ ਦਿੱਤਾ ਹੈ।
ਅਸਲ ਵਿੱਚ, 9 ਦਸੰਬਰ ਨੂੰ ਦੇਹਰਾਦੂਨ ਦੇ ਸੇਲਾਕੁਈ ਥਾਣਾ ਖੇਤਰ ਦੇ ਬਾਜ਼ਾਰ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਤੋਂ ਐੱਮਬੀਏ ਫਾਈਨਲ ਕਰ ਰਹੇ ਵਿਦਿਆਰਥੀ ਏਂਜਲ ਚਕਮਾ 'ਤੇ ਹੱਥ ਦੇ ਕੜੇ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ਤ੍ਰਿਪੁਰਾ ਦੇ ਅਗਰਤਲਾ ਸਥਿਤ ਨੰਦਨਗਰ ਦੇ ਰਹਿਣ ਵਾਲੇ ਏਂਜੇਲ ਇਸ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਹ 16 ਦਿਨ ਤੱਕ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜਦੇ ਰਹੇ, ਪਰ ਆਖ਼ਰਕਾਰ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਵੇਲੇ ਉਨ੍ਹਾਂ ਦਾ ਛੋਟਾ ਭਰਾ ਮਾਈਕਲ ਵੀ ਮੌਜੂਦ ਸੀ।
ਦੇਹਰਾਦੂਨ ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ਹੁਣ ਤੱਕ ਦੋ ਨਾਬਾਲਗਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਛੇਵਾਂ ਮੁਲਜ਼ਮ ਹਾਲੇ ਫ਼ਰਾਰ ਹੈ।
ਸਥਾਨਕ ਪੁਲਿਸ ਨੇ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ 25 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਹੈ। ਘਟਨਾ ਤੋਂ ਬਾਅਦ ਦੇਹਰਾਦੂਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਹਿ ਰਹੇ ਉੱਤਰ-ਪੂਰਬ ਦੇ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਤਸਵੀਰ ਸਰੋਤ, Asif Ali
ਏਂਜੇਲ ਦੇ ਭਰਾ ਨੇ ਦੱਸਿਆ ਕਿ ਕੀ ਹੋਇਆ ਸੀ
ਮ੍ਰਿਤਕ ਵਿਦਿਆਰਥੀ ਏਂਜੇਲ ਚਕਮਾ ਦਾ ਛੋਟਾ ਭਰਾ ਮਾਈਕਲ ਚਕਮਾ 21 ਸਾਲ ਦੇ ਹਨ। ਉਹ ਦੇਹਰਾਦੂਨ ਦੀ ਉੱਤਰਾਂਚਲ ਯੂਨੀਵਰਸਿਟੀ ਵਿੱਚ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ।
9 ਦਸੰਬਰ ਦੀ ਘਟਨਾ ਨੂੰ ਯਾਦ ਕਰਦੇ ਹੋਏ ਮਾਈਕਲ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਉਸ ਸ਼ਾਮ ਕਰੀਬ ਸਾਢੇ ਛੇ ਵਜੇ ਉਹ ਆਪਣੇ ਵੱਡੇ ਭਰਾ ਏਂਜੇਲ ਅਤੇ ਉਸਦੇ ਦੋ ਦੋਸਤਾਂ ਨਾਲ ਸੇਲਾਕੁਈ ਦੇ ਬਾਜ਼ਾਰ ਗਏ ਸਨ।
ਮਾਈਕਲ ਮੁਤਾਬਕ, ਬਾਜ਼ਾਰ ਵਿੱਚ ਇੱਕ ਥਾਂ ਖੜ੍ਹੀ ਮੋਟਰਸਾਈਕਲ ਕੱਢਣ ਵੇਲੇ ਏਂਜੇਲ ਅੱਗੇ ਸੀ ਜਦਕਿ ਉਹ ਫ਼ੋਨ 'ਤੇ ਗੱਲ ਕਰ ਰਹੇ ਸੀ। ਇਸੇ ਦੌਰਾਨ ਸਾਹਮਣੇ ਖੜ੍ਹੇ ਕੁਝ ਨੌਜਵਾਨਾਂ ਦੇ ਗਰੁੱਪ ਨੇ ਉਨ੍ਹਾਂ 'ਤੇ ਟਿੱਪਣੀਆਂ ਕਰਨੀ ਸ਼ੁਰੂ ਕਰ ਦਿੱਤੀਆਂ।
ਮਾਈਕਲ ਨੇ ਦੱਸਿਆ, "ਉਹ ਉਨ੍ਹਾਂ ਨੂੰ 'ਚਿਕਨਾ', 'ਚਿੰਕੀ', 'ਚਾਈਨੀਜ਼' ਕਹਿਣ ਦੇ ਨਾਲ-ਨਾਲ ਜਾਤੀਸੂਚਕ ਸ਼ਬਦ ਵੀ ਵਰਤ ਰਹੇ ਸਨ। ਸ਼ੁਰੂ ਵਿੱਚ ਅਸੀਂ ਇਹ ਗੱਲਾਂ ਨਜ਼ਰਅੰਦਾਜ਼ ਕੀਤੀਆਂ, ਪਰ ਜਦੋਂ ਅਸੀਂ ਮੋਟਰਸਾਈਕਲ 'ਤੇ ਬੈਠੇ ਤਾਂ ਨੌਜਵਾਨ ਸਾਡੇ ਬਿਲਕੁਲ ਸਾਹਮਣੇ ਆ ਕੇ ਗਾਲ੍ਹਾਂ ਕੱਢਣ ਲੱਗ ਪਏ।"
ਮਾਈਕਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਤਰਾਜ਼ ਜਤਾਉਂਦੇ ਹੋਏ ਗਾਲ੍ਹਾਂ ਦੇਣ ਦਾ ਕਾਰਨ ਪੁੱਛਿਆ ਤਾਂ ਇੰਨਾ ਕਹਿੰਦੇ ਹੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਏਂਜੇਲ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ।
ਮਾਈਕਲ ਮੁਤਾਬਕ, "ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਕੇ ਲੱਤਾਂ ਨਾਲ ਮਾਰਿਆ ਗਿਆ ਅਤੇ ਇਸ ਦੌਰਾਨ ਇੱਕ ਨੌਜਵਾਨ ਨੇ ਹੱਥ ਵਿੱਚ ਪਹਿਨੇ ਕੜੇ ਨਾਲ ਉਸਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਕੁਝ ਦੇਰ ਬਾਅਦ ਹੋਸ਼ ਆਇਆ ਤਾਂ ਸਿਰ ਤੋਂ ਖੂਨ ਵਹਿ ਰਿਹਾ ਸੀ ਅਤੇ ਨੌਜਵਾਨਾਂ ਦਾ ਗਰੁੱਪ ਏਂਜੇਲ ਨਾਲ ਕੁੱਟਮਾਰ ਕਰ ਕੇ ਜਾ ਚਲੇ ਗਏ ਸੀ।"

ਤਸਵੀਰ ਸਰੋਤ, Asif Ali
ਮਾਈਕਲ ਨੇ ਦੱਸਿਆ ਕਿ ਏਂਜੇਲ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੇ। ਭਰਾ ਦੀ ਹਾਲਤ ਦੇਖ ਕੇ ਉਹ ਬਹੁਤ ਘਬਰਾ ਗਿਆ ਸੀ।
ਉਨ੍ਹਾਂ ਨੇ ਕਿਹਾ, "ਸ਼ਾਮ ਕਰੀਬ ਸੱਤ ਵਜੇ ਕਿਸੇ ਤਰ੍ਹਾਂ ਏਂਜੇਲ ਨੂੰ ਐਂਬੂਲੈਂਸ ਰਾਹੀਂ ਨੇੜਲੇ ਇੱਕ ਨਿੱਜੀ ਹਸਪਤਾਲ ਲੈ ਕੇ ਪਹੁੰਚੇ। ਉੱਥੇ ਪਤਾ ਲੱਗਿਆ ਕਿ ਏਂਜੇਲ ਦੇ ਸਿਰ 'ਤੇ ਵੀ ਕੜੇ ਨਾਲ ਵਾਰ ਕੀਤਾ ਗਿਆ ਸੀ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਚਾਕੂ ਮਾਰਿਆ ਗਿਆ ਸੀ।"
ਮਾਈਕਲ ਮੁਤਾਬਕ, ਉਹ 9 ਦਸੰਬਰ ਤੋਂ 26 ਦਸੰਬਰ ਤੱਕ ਲਗਾਤਾਰ ਹਸਪਤਾਲ ਵਿੱਚ ਏਂਜੇਲ ਦੇ ਨਾਲ ਰਹੇ, ਪਰ ਭਰਾ ਦੀ ਜਾਨ ਨਹੀਂ ਬਚ ਸਕੀ।
ਮਾਈਕਲ ਨੇ ਕਿਹਾ, "ਕਿਸੇ ਭਾਰਤੀ ਨੂੰ 'ਚਾਈਨੀਜ਼' ਕਹਿਣਾ ਆਪਣੇ ਆਪ ਵਿੱਚ ਹੀ ਵਿਵਾਦਾਸਪਦ ਹੈ। ਅਸੀਂ ਵੀ ਭਾਰਤੀ ਹਾਂ ਅਤੇ ਆਪਣੇ ਦੇਸ਼ ਨਾਲ ਉਨਾ ਹੀ ਪਿਆਰ ਕਰਦੇ ਹਾਂ।"
28 ਦਸੰਬਰ, ਐਤਵਾਰ ਨੂੰ ਏਂਜੇਲ ਦਾ ਅੰਤਿਮ ਸੰਸਕਾਰ ਜ਼ਿਲ੍ਹਾ ਉਨਾਕੋਟੀ ਦੇ ਸਥਿਤ ਉਨ੍ਹਾਂ ਦੇ ਜ਼ੱਦੀ ਪਿੰਡ ਮਚਮਰਾ ਵਿੱਚ ਕਰ ਦਿੱਤਾ ਗਿਆ ਹੈ।
ਏਂਜੇਲ ਅਤੇ ਮਾਈਕਲ ਦੇ ਪਿਤਾ ਤਰੁਣ ਪ੍ਰਸਾਦ ਚਕਮਾ ਬੀਐੱਸਐੱਫ਼ ਦੀ 50ਵੀਂ ਬਟਾਲੀਅਨ ਵਿੱਚ ਹੈੱਡ ਕਾਂਸਟੇਬਲ ਹਨ ਅਤੇ ਮਣੀਪੁਰ ਵਿੱਚ ਤੈਨਾਤ ਹਨ। ਪੁੱਤਰ ਦੀ ਅਕਾਲ ਮੌਤ ਤੋਂ ਬਾਅਦ ਉਹ ਇੰਨੇ ਸਦਮੇ ਵਿੱਚ ਹਨ ਕਿ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ, ਜਦਕਿ ਮਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ।

ਤਸਵੀਰ ਸਰੋਤ, Asif Ali
ਐੱਫ਼ਆਈਆਰ ਅਤੇ ਪੁਲਿਸ ਕਾਰਵਾਈ 'ਤੇ ਸਵਾਲ
ਏਂਜੇਲ ਚਕਮਾ ਦੇ ਕਤਲ ਤੋਂ ਬਾਅਦ ਪੁਲਿਸ ਦੀ ਭੂਮਿਕਾ 'ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ। 9 ਦਸੰਬਰ ਦੀ ਘਟਨਾ ਤੋਂ ਬਾਅਦ ਏਂਜੇਲ ਦੇ ਭਰਾ ਮਾਈਕਲ ਚਕਮਾ ਦੀ ਸ਼ਿਕਾਇਤ 'ਤੇ ਪੁਲਿਸ ਨੇ 12 ਦਸੰਬਰ ਨੂੰ ਕੁਝ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਸ਼ਰਾਬ ਦੇ ਨਸ਼ੇ ਵਿੱਚ ਜਾਣਬੂਝ ਕੇ ਕੁੱਟਮਾਰ ਕਰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ।
ਐੱਫ਼ਆਈਆਰ ਵਿੱਚ ਕੁੱਟਮਾਰ ਦੌਰਾਨ ਏਂਜੇਲ ਚਕਮਾ 'ਤੇ ਚਾਕੂ ਅਤੇ ਕੜੇ ਨਾਲ ਕੀਤੇ ਹਮਲੇ ਅਤੇ ਜਾਤੀਸੂਚਕ ਟਿੱਪਣੀਆਂ ਦਾ ਜ਼ਿਕਰ ਸੀ, ਜਿਸ ਬਾਰੇ ਮਾਈਕਲ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।
ਇਸ ਦੇ ਬਾਵਜੂਦ ਐੱਫ਼ਆਈਆਰ ਵਿੱਚ ਜਾਨੋਂ ਮਾਰਨ ਦੀ ਕੋਸ਼ਿਸ਼ ਨਾਲ ਸੰਬੰਧਿਤ ਧਾਰਾ ਸ਼ਾਮਲ ਨਹੀਂ ਕੀਤੀ ਗਈ।
14 ਦਸੰਬਰ ਨੂੰ ਪੰਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਰੀ ਕੀਤੇ ਪੁਲਿਸ ਪ੍ਰੈੱਸ ਨੋਟ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109, ਭਾਵ ਜਾਨੋਂ ਮਾਰਨ ਦੀ ਧਮਕੀ ਦਾ ਜ਼ਿਕਰ ਕੀਤਾ ਗਿਆ ਸੀ, ਪਰ 12 ਦਸੰਬਰ ਨੂੰ ਦਰਜ ਐੱਫ਼ਆਈਆਰ ਵਿੱਚ ਇਹ ਧਾਰਾ ਸ਼ਾਮਲ ਨਹੀਂ ਸੀ।
ਏਂਜੇਲ ਚਕਮਾ ਦੇ ਭਰਾ ਮਾਈਕਲ ਨੇ ਦੱਸਿਆ, "10 ਦਸੰਬਰ ਨੂੰ ਜਦੋਂ ਉਹ ਸੇਲਾਕੁਈ ਥਾਣੇ ਸ਼ਿਕਾਇਤ ਦੇਣ ਗਏ ਤਾਂ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੁਲਿਸ ਮੁਲਾਜ਼ਮਾਂ ਨੇ ਉਲਟਾ ਇਹ ਕਹਿ ਕੇ ਨਾਰਾਜ਼ਗੀ ਜਤਾਈ ਕਿ ਉਹ ਜਾਤਿਵਾਦ ਨੂੰ ਕਿਉਂ ਵਧਾਵਾ ਦੇ ਰਹੇ ਹਨ।"
ਮਾਈਕਲ ਨੇ ਕਿਹਾ ਕਿ 12 ਦਸੰਬਰ ਨੂੰ ਐੱਫਆਈਆਰ ਦਰਜ ਕੀਤੀ ਗਈ ਪਰ ਉਨ੍ਹਾਂ ਦੇ ਭਰਾ 'ਤੇ ਚਾਕੂ ਨਾਲ ਹਮਲਾ ਹੋਣ ਦੇ ਬਾਵਜੂਦ ਉਸ ਵਿੱਚ 'ਅਟੈਂਪਟ ਟੂ ਮਰਡਰ' ਦੀ ਧਾਰਾ ਨਹੀਂ ਜੋੜੀ ਗਈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਪਰਿਵਾਰ ਚਾਹੁੰਦਾ ਸੀ ਕਿ ਇਸ ਧਾਰਾ ਨੂੰ ਸ਼ਾਮਲ ਕੀਤਾ ਜਾਵੇ।
ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ ਨੇ ਵੀ ਦਖ਼ਲ ਦਿੱਤਾ ਹੈ। 23 ਦਸੰਬਰ 2025 ਨੂੰ ਕਮਿਸ਼ਨ ਨੇ ਉੱਤਰਾਖੰਡ ਡੀਜੀਪੀ, ਦੇਹਰਾਦੂਨ ਦੇ ਜ਼ਿਲ੍ਹਾ ਅਧਿਕਾਰੀ ਅਤੇ ਐੱਸਐੱਸਪੀ ਨੂੰ ਨੋਟਿਸ ਜਾਰੀ ਕਰਕੇ ਐੱਫ਼ਆਈਆਰ ਦਰਜ ਕਰਨ ਵਿੱਚ ਦੇਰੀ ਅਤੇ ਨਿਰਪੱਖ ਕਾਰਵਾਈ ਨਾ ਹੋਣ 'ਤੇ ਜਵਾਬ ਮੰਗਿਆ।
ਕਮਿਸ਼ਨ ਨੇ ਇਹ ਕਾਰਵਾਈ ਆਲ ਇੰਡੀਆ ਚਕਮਾ ਸਟੂਡੈਂਟਸ ਯੂਨੀਅਨ ਦੇ ਸੀਨੀਅਰ ਵਾਇਸ ਪ੍ਰੈਸੀਡੈਂਟ ਬਿਪੁਲ ਚਕਮਾ ਦੀ ਸ਼ਿਕਾਇਤ 'ਤੇ ਕੀਤੀ।
ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਇੱਕ ਕਾਰਵਾਈ ਦੀ ਵਿਸਥਾਰ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਜੇਕਰ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਹੈ, ਤਾਂ ਸੰਵਿਧਾਨਕ ਸ਼ਕਤੀਆਂ ਅਧੀਨ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਮਾਈਕਲ ਨੇ ਕਿਹਾ ਕਿ 12 ਦਸੰਬਰ ਨੂੰ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ, ਪਰ ਉਨ੍ਹਾਂ ਦੇ ਭਰਾ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਬਾਵਜੂਦ, ਇਸ ਵਿੱਚ ਅਟੈਂਪਟ ਨੂੰ ਮਰਡਰ' ਦੀ ਧਾਰਾ ਸ਼ਾਮਲ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਚਾਹੁੰਦਾ ਸੀ ਕਿ ਉਸ ਧਾਰਾ ਨੂੰ ਸ਼ਾਮਲ ਕੀਤਾ ਜਾਵੇ।

ਤਸਵੀਰ ਸਰੋਤ, Asif Ali
ਪੁਲਿਸ ਨੇ ਕੀ ਕਿਹਾ
ਦੇਹਰਾਦੂਨ ਦੇ ਐੱਸਪੀ ਸਿਟੀ ਪ੍ਰਮੋਦ ਕੁਮਾਰ ਨੇ ਕਿਹਾ, "9 ਦਸੰਬਰ ਨੂੰ ਤ੍ਰਿਪੁਰਾ ਦੇ ਦੋ ਭਰਾ ਸੇਲਾਕੁਈ ਥਾਣਾ ਖੇਤਰ ਵਿੱਚ ਕਿਸੇ ਕੰਮ ਨਾਲ ਬਾਹਰ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਦਾ ਉੱਥੇ ਮੌਜੂਦ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ, ਜੋ ਬਾਅਦ ਵਿੱਚ ਕੁੱਟਮਾਰ ਵਿੱਚ ਬਦਲ ਗਿਆ।"
ਉਨ੍ਹਾਂ ਮੁਤਾਬਕ, "ਕੁੱਟਮਾਰ ਦੌਰਾਨ ਇੱਕ ਨੌਜਵਾਨ ਨੇ ਦੋਵਾਂ 'ਤੇ ਚਾਕੂ ਅਤੇ ਕੜੇ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪੱਖ ਵੱਲੋਂ ਥਾਣਾ ਸੇਲਾਕੁਈ ਵਿੱਚ ਰਿਪੋਰਟ ਦਰਜ ਕਰਵਾਈ।"
"ਪੁਲਿਸ ਨੇ ਪੀੜਤ ਦੇ ਭਰਾ ਦੀ ਸ਼ਿਕਾਇਤ 'ਤੇ ਅਣਜਾਣ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ।"
ਉਨ੍ਹਾਂ ਦੱਸਿਆ, "ਪੰਜਾ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਨਾਬਾਲਗ਼ ਸ਼ਾਮਲ ਹਨ। ਨਾਬਾਲਗ਼ਾਂ ਨੂੰ ਬਾਲ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਤਿੰਨਾਂ ਨੂੰ ਅਦਾਲਤਾਂ ਨੂੰ ਪੇਸ਼ ਕੀਤਾ ਗਿਆ ਹੈ, ਜੋ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹਨ।"
ਐੱਸਪੀ ਸਿਟੀ ਪ੍ਰਮੋਦ ਕੁਮਾਰ ਦੇ ਅਨੁਸਾਰ, "ਘਟਨਾ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਹੈ, ਜੋ ਦੂਜੇ ਦੇਸ਼ ਦਾ ਰਹਿਣ ਵਾਲਾ ਹੈ। ਉਸ 'ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੇ ਨਾਲ ਐੱਸਓਜੀ ਦੀਆਂ ਟੀਮਾਂ ਕੋਸ਼ਿਸ਼ ਕਰ ਰਹੀਆਂ ਹਨ।"
ਉਨ੍ਹਾਂ ਨੇ ਦੱਸਿਆ ਕਿ ਏਂਜੇਲ ਚਕਮਾ ਦੀ ਮੌਤ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।

ਤਸਵੀਰ ਸਰੋਤ, Asif Ali
ਘਟਨਾ ਤੋਂ ਬਾਅਦ ਵਿਦਿਆਰਥੀਆਂ ਅਤੇ ਸੰਗਠਨਾਂ ਦੀ ਚਿੰਤਾ
ਦੇਹਰਾਦੂਨ ਵਿੱਚ ਇਸ ਸਮੇਂ ਤ੍ਰਿਪੁਰਾ ਦੇ ਲਗਭਗ 300 ਵਿਦਿਆਰਥੀ ਪੜ੍ਹ ਰਹੇ ਹਨ। ਉੱਥੇ ਹੀ, ਉੱਤਰ-ਪੂਰਬੀ ਭਾਰਤ ਤੋਂ ਆ ਕੇ ਇੱਥੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ ਲਗਭਗ 500 ਦੱਸੀ ਜਾਂਦੀ ਹੈ।
ਤ੍ਰਿਪੁਰਾ ਦੇ ਵਿਦਿਆਰਥੀਆਂ ਲਈ ਦੇਹਰਾਦੂਨ ਵਿੱਚ ਯੂਨੀਫ਼ਾਇਡ ਤ੍ਰਿਪੁਰਾ ਸਟੂਡੈਂਟ ਐਸੋਸੀਏਸ਼ਨ ਦੇਹਰਾਦੂਨ (ਯੂਟੀਐੱਸਏਡੀ) ਵੀ ਸਰਗਰਮ ਹੈ, ਜੋ ਵਿਦਿਆਰਥੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਦੀ ਹੈ।
ਤ੍ਰਿਪੁਰਾ ਦੇ ਰਹਿਣ ਵਾਲੇ ਟੋਂਗਕੁਚਾਂਗ ਹਾਲ ਹੀ ਵਿੱਚ ਦੇਹਰਾਦੂਨ ਦੇ ਇੱਕ ਕਾਲਜ ਤੋਂ ਬੀ-ਫਾਰਮਾ ਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਇਸ ਸਮੇਂ ਦੇਹਰਾਦੂਨ ਤੋਂ ਕਰੀਬ 17 ਕਿਲੋਮੀਟਰ ਦੂਰ ਸੇਲਾਕੁਈ ਸਥਿਤ ਇੱਕ ਫਾਰਮੇਸੀ ਕੰਪਨੀ ਵਿੱਚ ਕੰਮ ਕਰ ਰਹੇ ਹਨ। ਉਹ ਯੂਟੀਐੱਸਏਡੀ ਦੇ ਬੁਲਾਰੇ ਵੀ ਹਨ।
ਏਂਜੇਲ ਚਕਮਾ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਟੋਂਗਕੁਚਾਂਗ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਕਿਹਾ ਕਿ ਏਂਜੇਲ ਉਨ੍ਹਾਂ ਲਈ ਛੋਟੇ ਭਰਾ ਵਰਗਾ ਸੀ।
ਉਨ੍ਹਾਂ ਨੇ ਕਿਹਾ, "ਏਂਜੇਲ ਬਹੁਤ ਚੰਗਾ ਮੁੰਡਾ ਸੀ। ਮੈਂ ਕਦੇ ਨਹੀਂ ਸੁਣਿਆ ਕਿ ਉਸ ਦਾ ਕਿਸੇ ਨਾਲ ਝਗੜਾ ਹੋਇਆ ਹੋਵੇ। ਕਿਸੇ ਇਨਸਾਨ ਦੀ ਜਾਨ ਲੈ ਲੈਣਾ ਬਹੁਤ ਵੱਡੀ ਗੱਲ ਹੈ। ਜਿਨ੍ਹਾਂ ਲੋਕਾਂ ਨੇ ਉਸ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸਾਨੂੰ ਇਨਸਾਫ਼ ਚਾਹੀਦਾ ਹੈ।"
ਟੋਂਗਕੁਚਾਂਗ ਨੇ ਦੱਸਿਆ, "28 ਦਸੰਬਰ ਨੂੰ ਅਸੀਂ ਇੱਕ ਵਾਰ ਫਿਰ ਸੇਲਾਕੁਈ ਥਾਣੇ ਗਏ ਸੀ, ਜਿੱਥੇ ਪੁਲਿਸ ਨੇ ਦੱਸਿਆ ਕਿ ਛੇ ਵਿੱਚੋਂ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਦਕਿ ਇੱਕ ਮੁੱਖ ਮੁਲਜ਼ਮ ਨੇਪਾਲ ਭੱਜ ਗਿਆ ਹੈ, ਜਿਸ ਦੀ ਤਲਾਸ਼ ਜਾਰੀ ਹੈ।"
ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਿਸ ਜਿਗਿਆਸਾ ਕਾਲਜ ਤੋਂ ਏਂਜੇਲ ਐੱਮਬੀਏ ਦੀ ਪੜ੍ਹਾਈ ਕਰ ਰਿਹਾ ਸੀ, ਉੱਥੋਂ ਵੀ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਮਿਲਿਆ। ਟੋਂਗਕੁਚਾਂਗ ਦੇ ਅਨੁਸਾਰ, ਕਾਲਜ ਦੇ ਪ੍ਰਿੰਸੀਪਲ ਨੂੰ ਫ਼ੋਨ ਕਰਨ 'ਤੇ ਉਨ੍ਹਾਂ ਨੇ ਕਾਲ ਤੱਕ ਰਿਸੀਵ ਨਹੀਂ ਕੀਤੀ।
ਇਸ ਨਿੱਜੀ ਕਾਲਜ ਵੱਲੋਂ ਇਸ ਪੂਰੇ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ।
ਟੋਂਗਕੁਚਾਂਗ ਦਾ ਕਹਿਣਾ ਹੈ ਕਿ ਨਸਲੀ ਵਿਤਕਰੇ ਦੀ ਸਮੱਸਿਆ ਸਿਰਫ਼ ਦੇਹਰਾਦੂਨ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਦੇ ਮੁਤਾਬਕ, ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਵੀ ਉੱਤਰ-ਪੂਰਬ ਦੇ ਲੋਕਾਂ ਨੂੰ ਵਿਤਕਰੇ ਅਤੇ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਨਹੀਂ ਪਤਾ ਕਿ ਕਿਸ ਆਧਾਰ 'ਤੇ ਸਾਨੂੰ 'ਚਿੰਕੀ', 'ਮਿੰਕੀ' ਜਾਂ 'ਚਾਈਨੀਜ਼' ਕਿਹਾ ਜਾਂਦਾ ਹੈ, ਜਦਕਿ ਸਾਡੀ ਨਾਗਰਿਕਤਾ ਭਾਰਤ ਦੀ ਹੈ ਅਤੇ ਉਸ ਨਾਲ ਜੁੜੇ ਸਾਰੇ ਕਾਗਜ਼ਾਤ ਸਾਡੇ ਕੋਲ ਹਨ।"
ਉਨ੍ਹਾਂ ਨੇ ਦੱਸਿਆ ਕਿ ਕਾਲਜ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। "ਮੈਨੂੰ ਕਿਹਾ ਗਿਆ ਕਿ ਤੂੰ ਚਾਈਨੀਜ਼ ਹੈ, ਭਾਰਤ ਤੋਂ ਵਾਪਸ ਜਾਓ। ਕਦੇ ਪੁੱਛਿਆ ਗਿਆ ਕਿ ਤ੍ਰਿਪੁਰਾ... ਜਪਾਨ ਵਿੱਚ ਹੈ ਜਾਂ ਭੂਟਾਨ ਵਿੱਚ।"
ਟੋਂਗਕੁਚਾਂਗ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦੇ ਹਨ, ਉੱਥੇ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਸਭ ਦੇ ਸਾਹਮਣੇ 'ਚਾਈਨੀਜ਼' ਕਹਿ ਕੇ ਬੁਲਾਉਂਦੇ ਹਨ ਅਤੇ ਇਤਰਾਜ਼ ਟਿੱਪਣੀਆਂ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਦੇਹਰਾਦੂਨ ਨੂੰ ਇੱਕ ਸ਼ਾਂਤ ਅਤੇ ਸਿੱਖਿਆ ਲਈ ਵਧੀਆ ਸ਼ਹਿਰ ਮੰਨਿਆ ਜਾਂਦਾ ਹੈ, ਪਰ ਜੇ ਉਹ ਆਪਣੀ ਆਪਬੀਤੀ ਕਿਤੇ ਹੋਰ ਜਾ ਕੇ ਦੱਸਣਗੇ ਤਾਂ ਸ਼ਹਿਰ ਦਾ ਅਕਸ ਨੂੰ ਨੁਕਸਾਨ ਪਹੁੰਚੇਗਾ।
ਉਨ੍ਹਾਂ ਨੇ ਕਿਹਾ, "ਮੈਂ ਅਜਿਹਾ ਨਹੀਂ ਕਰਾਂਗਾ, ਕਿਉਂਕਿ ਮੈਂ ਘਰ ਤੋਂ ਬਾਹਰ ਕੁਝ ਬਣਨ ਲਈ ਨਿਕਲਿਆ ਹਾਂ।"
ਟੋਂਗਕੁਚਾਂਗ ਦੇ ਮੁਤਾਬਕ, ਏਂਜੇਲ ਦਾ ਕਤਲ ਤੋਂ ਬਾਅਦ ਦੇਹਰਾਦੂਨ ਵਿੱਚ ਰਹਿ ਰਹੇ ਵਿਦਿਆਰਥੀ-ਵਿਦਿਆਰਥਣ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਡਰ ਦਾ ਮਾਹੌਲ ਹੈ।
ਉਨ੍ਹਾਂ ਨੇ ਕਿਹਾ, "ਹੁਣ ਅਸੀਂ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਹੇ ਹਨ। ਜਦੋਂ ਏਂਜੇਲ ਦਾ ਕਤਲ ਹੋ ਸਕਦਾ ਹੈ, ਤਾਂ ਸਾਡੇ ਵਿੱਚੋਂ ਕਿਸੇ ਨਾਲ ਵੀ ਕੁਝ ਹੋ ਸਕਦਾ ਹੈ।"
ਉਨ੍ਹਾਂ ਨੇ ਕਿਹਾ ਕਿ ਉੱਤਰੀ ਪੂਰਬ ਦੇ ਵਿਦਿਆਰਥੀ ਦੂਰ-ਦਰਾਜ਼ ਤੋਂ ਬਿਹਤਰ ਸਿੱਖਿਆ ਦੀ ਉਮੀਦ ਨਾਲ ਇੱਥੇ ਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਲਾਸ਼ ਵਾਪਸ ਲੈ ਕੇ ਜਾਣੀ ਪਵੇ।
ਉਹ ਕਹਿੰਦੇ ਹਨ, "ਅਸੀਂ ਵੀ ਭਾਰਤੀ ਹਾਂ। ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਸਾਨੂੰ 'ਚਾਈਨੀਜ਼' ਕਹਿ ਕੇ ਨਾ ਪੁਕਾਰਿਆ ਜਾਵੇ।"

ਤਸਵੀਰ ਸਰੋਤ, Asif Ali
ਖੇਤਰੀ ਪਾਰਟੀ ਵੱਲੋਂ ਸੁਰੱਖਿਆ 'ਤੇ ਸਵਾਲ
ਤ੍ਰਿਪੁਰਾ ਦੀ ਖੇਤਰੀ ਪਾਰਟੀ ਟਿਪਰਾ ਮੋਥਾ ਪਾਰਟੀ ਦੀ ਇਕਾਈ, ਟਿਪਰਾ ਮਹਿਲਾ ਫੈਡਰੇਸ਼ਨ ਦੀ ਪੱਛਮੀ ਜ਼ਿਲ੍ਹਾ ਸਕੱਤਰ ਨਾਈਸ਼ਾ ਮਾਰੀ ਦੇਬਬਰਮਾ ਨੇ ਏਂਜੇਲ ਚਕਮਾ ਦੀ ਮੌਤ ਨੂੰ ਬਹੁਤ ਹੀ ਦੁੱਖਦਾਇਕ ਘਟਨਾ ਦੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਏਂਜੇਲ ਤ੍ਰਿਪੁਰਾ ਤੋਂ ਦੇਹਰਾਦੂਨ ਪੜ੍ਹਾਈ ਕਰਨ ਆਇਆ ਸੀ, ਨਾ ਕਿ ਆਪਣੀ ਜਾਨ ਗੁਆਉਣ ਲਈ।
ਨਾਈਸ਼ਾ ਮਾਰੀ ਦੇਬਬਰਮਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਦੇਹਰਾਦੂਨ ਵਿੱਚ ਸੱਤ ਸਾਲ ਤੱਕ ਰਹਿ ਕੇ ਪੜ੍ਹਾਈ ਕੀਤੀ ਅਤੇ ਇਸ ਲਈ ਇਹ ਸ਼ਹਿਰ ਉਨ੍ਹਾਂ ਲਈ ਦੂਜੇ ਘਰ ਵਰਗਾ ਹੈ।
ਉਨ੍ਹਾਂ ਨੇ ਕਿਹਾ ਕਿ ਦੇਹਰਾਦੂਨ ਵਿੱਚ ਪੜ੍ਹ ਰਹੇ ਤ੍ਰਿਪੁਰਾ ਦੇ ਵਿਦਿਆਰਥੀਆਂ ਦੀ ਸੀਨੀਅਰ ਹੋਣ ਦੇ ਨਾਤੇ ਉਨ੍ਹਾਂ ਨਾਲ ਜੁੜੇ ਮਸਲਿਆਂ ਅਤੇ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਦਾ ਇੱਥੇ ਆਉਣਾ-ਜਾਣਾ ਲੱਗਾ ਰਹਿੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ 11 ਦਸੰਬਰ ਨੂੰ ਉਹ ਏਂਜੇਲ ਨੂੰ ਮਿਲਣ ਹਸਪਤਾਲ ਗਏ ਸੀ, ਜਿੱਥੇ ਉਹ ਆਈਸੀਯੂ ਵਿੱਚ ਭਰਤੀ ਸੀ। ਨਾਈਸ਼ਾ ਦੇ ਮੁਤਾਬਕ, "ਡਾਕਟਰਾਂ ਨੇ ਦੱਸਿਆ ਸੀ ਕਿ ਏਂਜੇਲ ਦੀ ਪਿੱਠ ਵੱਲ ਦੋ ਥਾਵਾਂ 'ਤੇ ਚਾਕੂ ਮਾਰਿਆ ਗਿਆ ਸੀ ਅਤੇ ਗਰਦਨ 'ਤੇ ਹੱਥ ਵਿੱਚ ਪਹਿਨੇ ਜਾਣ ਵਾਲੇ ਕੜੇ ਨਾਲ ਹਮਲਾ ਕੀਤਾ ਗਿਆ ਸੀ।"
ਇਸ ਤੋਂ ਬਾਅਦ 20 ਦਸੰਬਰ ਨੂੰ ਉਹ ਮੁੜ ਏਂਜੇਲ ਨੂੰ ਵੇਖਣ ਪਹੁੰਚੇ, ਪਰ ਉਸ ਸਮੇਂ ਵੀ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ।
ਨਾਈਸ਼ਾ ਮਾਰੀ ਦੇਬਬਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਇਨਸਾਫ਼ ਦੀ ਉਮੀਦ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਉੱਤਰ-ਪੂਰਬ ਦੇ ਲੋਕਾਂ ਨਾਲ ਅਜਿਹੀਆਂ ਘਟਨਾਵਾਂ ਨਾ ਹੋਣ।
ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਦੇ ਲੋਕ ਸ਼ਾਂਤ ਪ੍ਰਕਿਰਤੀ ਦੇ ਹੁੰਦੇ ਹਨ, ਪਰ ਜਦੋਂ ਉਨ੍ਹਾਂ ਨੂੰ 'ਚਾਈਨੀਜ਼', 'ਚਿੰਕੀ' ਜਾਂ 'ਚਿੰਕੂ' ਵਰਗੇ ਸ਼ਬਦਾਂ ਨਾਲ ਪੁਕਾਰਿਆ ਜਾਂਦਾ ਹੈ ਤਾਂ ਇਹ ਬਹੁਤ ਦਰਦਨਾਕ ਹੁੰਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੜ੍ਹਾਈ ਦੌਰਾਨ ਉਨ੍ਹਾਂ ਨੇ ਖ਼ੁਦ ਤਿੰਨ-ਚਾਰ ਵਾਰ ਅਜਿਹੇ ਤਜਰਬੇ ਸਹੇ ਹਨ, ਇਸ ਲਈ ਉਹ ਸਮਝ ਸਕਦੇ ਹਨ ਕਿ ਇਸ ਨਾਲ ਕਿੰਨਾ ਦੁੱਖ ਲੱਗਦਾ ਹੈ। ਉਨ੍ਹਾਂ ਮੁਤਾਬਕ, ਉੱਤਰ-ਪੂਰਬ ਦੇ ਵਿਦਿਆਰਥੀ ਦੇਹਰਾਦੂਨ ਨੂੰ ਇੱਕ ਸ਼ਾਂਤ ਅਤੇ ਸੁਰੱਖਿਅਤ ਸ਼ਹਿਰ ਸਮਝ ਕੇ ਪੜ੍ਹਨ ਆਉਂਦੇ ਹਨ, ਪਰ ਇਸ ਘਟਨਾ ਤੋਂ ਬਾਅਦ ਇਹ ਭਾਵਨਾ ਕਮਜ਼ੋਰ ਪਈ ਹੈ ਅਤੇ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਇਹ ਸ਼ਹਿਰ ਹੁਣ ਪਹਿਲਾਂ ਵਾਂਗ ਸੁਰੱਖਿਅਤ ਹੈ।
ਤ੍ਰਿਪੁਰਾ ਦੀ ਟਿਪਰਾ ਮੋਥਾ ਪਾਰਟੀ (ਖੇਤਰੀ ਪਾਰਟੀ) ਦੇ ਸੰਸਥਾਪਕ ਪ੍ਰਦਿਉਤ ਕਿਸ਼ੋਰ ਮਾਣਿਕਯ ਨੇ ਏਂਜੇਲ ਚਕਮਾ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, Asif Ali
ਧਾਮੀ ਸਰਕਾਰ ਦੀ ਕਾਨੂੰਨ-ਵਿਵਸਥਾ 'ਤੇ ਕਾਂਗਰਸ ਨੇ ਚੁੱਕੇ ਗੰਭੀਰ ਸਵਾਲ
ਕਾਂਗਰਸ ਨੇਤਾ ਅਤੇ ਸੀਨੀਅਰ ਬੁਲਾਰਾ ਗਰੀਮਾ ਮੇਹਰਾ ਦਸੌਨੀ ਨੇ ਇਸ ਘਟਨਾ ਨੂੰ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਕਮਜ਼ੋਰ ਸਥਿਤੀ ਅਤੇ ਪ੍ਰਸ਼ਾਸਨਿਕ ਨਾਕਾਮੀ ਦਾ ਸੰਕੇਤ ਦੱਸਿਆ ਹੈ।
ਗਰੀਮਾ ਮੇਹਰਾ ਦਸੌਨੀ ਨੇ ਕਿਹਾ ਕਿ ਜੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਮੇਂ 'ਤੇ ਸਰਗਰਮ ਹੁੰਦੇ, ਤਾਂ ਇਹ ਦੁੱਖਦਾਇਕ ਘਟਨਾ ਟਾਲੀ ਜਾ ਸਕਦੀ ਸੀ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਰਾਜ ਵਿੱਚ ਅਪਰਾਧਾਂ ਵਿੱਚ ਵਾਧਾ, ਖ਼ਾਸ ਕਰਕੇ ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ, ਗੰਭੀਰ ਚਿੰਤਾ ਦਾ ਵਿਸ਼ਾ ਹੈ।
ਗਰੀਮਾ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਸਟ-ਟ੍ਰੈਕ ਕੋਰਟ ਵਿੱਚ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਸੈੱਲ ਅਤੇ ਹੈਲਪਲਾਈਨ ਬਣਾਉਣ ਤੇ ਪੁਲਿਸ ਤੇ ਪ੍ਰਸ਼ਾਸਨ ਵਿੱਚ ਸੰਵੇਦਨਸ਼ੀਲਤਾ ਸਿਖਲਾਈ ਲਾਜ਼ਮੀ ਕਰਨ ਦੀ ਵੀ ਗੱਲ ਕੀਤੀ।
ਗਰੀਮਾ ਮੇਹਰਾ ਦਸੌਨੀ ਨੇ ਕਿਹਾ ਕਿ ਕਾਂਗਰਸ ਇਸ ਦੁੱਖਦਾਇਕ ਘਟਨਾ ਵਿੱਚ ਏਂਜੇਲ ਚਕਮਾ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਇਨਸਾਫ਼ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਉੱਥੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸੂਬੇ ਵਿੱਚ ਸਵੀਕਾਰੀ ਨਹੀਂ ਜਾ ਸਕਦੀ। ਮੁੱਖ ਮੰਤਰੀ ਦੇ ਅਨੁਸਾਰ, ਫ਼ਰਾਰ ਮੁਲਜ਼ਮ ਨੂੰ ਬਹੁਤ ਜਲਦੀ ਪੁਲਿਸ ਕਾਬੂ ਕਰ ਲਏਗੀ।
ਉਨ੍ਹਾਂ ਨੇ ਕਿਹਾ, "ਕਾਨੂੰਨ-ਵਿਵਸਥਾ ਨਾਲ ਖੇਡਣ ਵਾਲੇ, ਸਰਕਾਰ ਤੋਂ ਰਹਿਮ ਦੀ ਉਮੀਦ ਨਾ ਰੱਖਣ। ਅਜਿਹੇ ਅਰਾਜਕ ਤੱਤਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉੱਤਰਾਖੰਡ ਵਿੱਚ ਰਹਿ ਰਹੇ ਹਰ ਨਾਗਰਿਕ ਦੀ ਸੁਰੱਖਿਆ ਲਈ ਸੂਬਾ ਸਰਕਾਰ ਵਚਨਬੱਧ ਹੈ।"
ਉਨ੍ਹਾਂ ਨੇ ਤ੍ਰਿਪੁਰਾ ਦੇ ਮ੍ਰਿਤਕ ਵਿਦਿਆਰਥੀ ਪ੍ਰਤੀ ਸੋਗ ਦਾ ਪ੍ਰਗਟਾਵਾ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












