ਟੋਲ ਵਸੂਲਣ ਦਾ ਨਵਾਂ ਨਿਯਮ ਜੀਐੱਨਐੱਸਐੱਸ ਕੀ ਹੈ ਜੋ ਟੋਲ ਪਲਾਜ਼ਿਆਂ ਦੀਆਂ ਲੰਬੀਆਂ ਕਤਾਰਾਂ ਖ਼ਤਮ ਕਰ ਸਕਦਾ ਹੈ

ਟੋਲ ਪਲਾਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੀਐੱਨਐੱਸਐੱਸ ਤਕਨਾਲੋਜੀ ’ਤੇ ਅਧਾਰਤ ਇੱਕ ਟੋਲਿੰਗ ਪ੍ਰਣਾਲੀ ਤਿਆਰ ਕੀਤੀ ਗਈ ਹੈ
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

ਸੋਚੋ ਜੇਕਰ ਨੈਸ਼ਨਲ ਹਾਈਵੇਅ 'ਤੇ ਸਫ਼ਰ ਕਰਦੇ ਸਮੇਂ ਰਸਤੇ ਵਿੱਚ ਪੈਂਦੇ ਕਿਸੇ ਵੀ ਟੋਲ ਪਲਾਜ਼ਾ ’ਤੇ ਲੱਗੀਆਂ ਲੰਬੀਆਂ ਕਤਾਰਾਂ ਦਾ ਸਾਹਮਣਾ ਨਾ ਕਰਨਾ ਪਾਵੇ, ਫਾਸਟੈਗ ਰਿਚਾਰਜ ਦੀ ਵੀ ਕੋਈ ਲੋੜ ਨਾ ਹੋਵੇ।

ਇੰਨਾ ਹੀ ਨਹੀਂ, ਨੈਸ਼ਨਲ ਹਾਈਵੇਅ 'ਤੇ ਟੋਲ ਫ਼ੀਸ ਵਜੋਂ ਮਿਥੀ ਹੋਈ ਰਕਮ ਵੀ ਨਾ ਦੇਣੀ ਪਵੇ, ਸਗੋਂ ਤੁਹਾਡਾ ਟੋਲ ਦਾ ਖ਼ਰਚ ਸਿਰਫ਼ ਤੁਹਾਡੇ ਵਲੋਂ ਤਹਿ ਕੀਤੀ ਦੂਰੀ ’ਤੇ ਹੀ ਅਧਾਰਤ ਹੋਵੇ।

ਅਜਿਹਾ ਹੁਣ ਇੱਕ ਨਵੇਂ ਸਿਸਟਮ ਜਿਸ ਨੂੰ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀਐੱਨਐੱਸਐੱਸ) ਵਜੋਂ ਜਾਣਿਆਂ ਜਾਂਦਾ ਹੈ ਜ਼ਰੀਏ ਸੰਭਵ ਹੋਣ ਦੀ ਸੰਭਾਵਨਾ ਹੈ।

ਇਸ ਨਵੇਂ ਸਿਸਟਮ ਤਹਿਤ ਜੋ ਨਿਯਮ ਹੋਣਗੇ ਉਨ੍ਹਾਂ ਨਾਲ ਆਉਣ ਵਾਲੇ ਸਮੇਂ 'ਚ ਤੁਹਾਡੀ ਗੱਡੀ ਤੋਂ ਫਾਸਟੈਗ ਅਤੇ ਨੈਸ਼ਨਲ ਹਾਈਵੇਅ ’ਤੇ ਲੱਗੇ ਟੋਲ ਪਲਾਜ਼ਿਆ ਦੀ ਲੋੜ ਖ਼ਤਮ ਹੋ ਸਕਦੀ ਹੈ।

9 ਸਤੰਬਰ, 2024 ਨੂੰ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਨੈਸ਼ਨਲ ਹਾਈਵੇਅ ਫੀਸ ਨਿਯਮ, 2008 ਵਿੱਚ ਸੋਧ ਕੀਤੀ ਗਈ ਹੈ।

ਇਸ ਸੋਧ ਦੇ ਤਹਿਤ ਹੁਣ ਭਾਰਤ ਵਿੱਚ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀਐੱਨਐੱਸਐੱਸ) ਅਧਾਰਿਤ ਟੋਲਿੰਗ ਸਿਸਟਮ ਨੂੰ ਪ੍ਰਭਾਵੀ ਬਣਾਇਆ ਜਾ ਰਿਹਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੀ ਹੈ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ?

ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (ਜੀਐੱਨਐੱਸਐੱਸ) ਕੋਈ ਨਵੀਂ ਤਕਨਾਲੋਜੀ ਨਹੀਂ ਹੈ।

ਆਪਣੇ ਫ਼ੋਨ ਦੇ ਮੈਪ, ਫਿਟਨੈਸ ਟਰੈਕਰ, ਲੋਕੇਸ਼ਨ ਭੇਜਣ ਜਾ ਮੰਗਵਾਉਣ ਆਦਿ ਲਈ ਅਸੀਂ ਤਕਰੀਬਨ ਹਰ ਰੋਜ਼ ਇਸਦਾ ਇਸਤੇਮਾਲ ਕਰਦੇ ਹਾਂ।

ਫ਼ੋਨ ਦੇ ਇਹ ਫ਼ੀਚਰ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਸ) ’ਤੇ ਅਧਾਰਤ ਹੁੰਦੇ ਹਨ, ਜੋ ਕਿ ਜੀਐੱਨਐੱਸਐੱਸ ਦਾ ਹੀ ਇੱਕ ਪ੍ਰਦਾਤਾ ਹੈ।

ਇੰਡੀਅਨ ਹਾਈਵੇਜ਼ ਮੈਨੇਜਮੈਂਟ ਕੰਪਨੀ ਲਿਮਿਟੇਡ ਵਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਿਕ, "ਮੂਲ ਰੂਪ ਵਿੱਚ ਜੀਐੱਨਐੱਸਐੱਸ ਧਰਤੀ ਦੀ ਪਰਿਕਰਮਾ ਕਰਦੇ ਹੋਏ ਉਪਗ੍ਰਹਿਆਂ ਦਾ ਇੱਕ ਇਕੱਠ ਹੈ।”

“ਇਹ ਤਕਨੋਲੋਜੀ ਰੀਅਲ ਟਾਈਮ 'ਚ ਅਧਾਰਿਤ ਔਰਬਿਟਲ ਜਾਣਕਾਰੀ ਵਾਲੇ ਰੇਡੀਓ ਸਿਗਨਲਾਂ ਦਾ ਲਗਾਤਾਰ ਵਟਾਂਦਰਾ ਕਰਦੀ ਹੈ, ਜਿਸਦੀ ਮਦਦ ਨਾਲ ਗੱਡੀ ਨੇ ਕਿਨ੍ਹਾਂ ਸਫ਼ਰ ਤੈਅ ਕੀਤਾ ਹੈ ਉਸਦੀ ਗਣਨਾ ਕੀਤੀ ਜਾ ਸਕਦੀ ਹੈ। ਅਤੇ ਫਿਰ ਇਸੇ ਦੇ ਅਧਾਰ ਦੇ ਟੋਲ ਦੀ ਰਕਮ ਵਸੂਲੀ ਜਾਵੇਗੀ।"

ਜੀਐੱਨਐੱਸਐੱਸ ਕੰਮ ਕਿਵੇਂ ਕਰੇਗਾ

ਫ਼ਾਸਟ ਟੈਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਤੇ ਸਾਲਾਂ ਵਿੱਚ ਕੌਮੀ ਮਾਰਗਾਂ 'ਤੇ ਫਾਸਟੈਗ ਅਤੇ ਟੋਲ ਪਲਾਜ਼ੇ ਖ਼ਤਮ ਕਰਵਾਉਣ ਲਈ ਕਈ ਵਾਰ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ

ਹੁਣ ਜੀਐੱਨਐੱਸਐੱਸ ਤਕਨਾਲੋਜੀ ’ਤੇ ਅਧਾਰਤ ਇੱਕ ਟੋਲਿੰਗ ਪ੍ਰਣਾਲੀ ਤਿਆਰ ਕੀਤੀ ਗਈ ਹੈ।

ਜੀਐੱਨਐੱਸਐੱਸ ਦੂਰੀ ਦੇ ਆਧਾਰ ਉੱਤੇ ਤੁਹਾਨੂੰ ਟੋਲ ਦੇ ਰੂਪ ਵਿੱਚ ਕਿੰਨੇ ਪੈਸੇ ਦੇਣੇ ਪੈਣਗੇ ਇਹ ਨਿਰਧਾਰਿਤ ਕਰੇਗਾ।

ਇਸਦੇ ਅੰਤਰਗਤ ਉਪਭੋਗਤਾ ਸਿਰਫ ਉਸ ਦੂਰੀ ਲਈ ਭੁਗਤਾਨ ਕਰਨਗੇ ਜੋ ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ 'ਤੇ ਯਾਤਰਾ ਦੌਰਾਨ ਤੈਅ ਕੀਤੀ ਹੈ।

ਨਾਲ ਹੀ, ਜੀਐੱਨਐੱਸਐੱਸ ਨਾਲ ਲੈਸ ਵਾਹਨਾਂ ਨੂੰ ਟੋਲ ਭੁਗਤਾਨ ਜਾਂ ਫਾਸਟੈਗ ਸਕੈਨਿੰਗ ਲਈ ਰੁਕੇ ਬਿਨਾਂ ਟੋਲ ਪਲਾਜ਼ਾ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਉਹ ਵਿਸ਼ੇਸ਼ ਨਿਸ਼ਚਿਤ ਲੇਨਜ਼ ਦੀ ਵਰਤੋਂ ਕਰਨਗੇ ਜਿਨ੍ਹਾਂ ਵਿੱਚ, ਟੋਲ ਪਲਾਜ਼ਿਆਂ ’ਤੇ ਲਗਾਏ ਜਾਣ ਵਾਲੇ, ਬੂਮ ਬੈਰੀਅਰ ਨਹੀਂ ਹੋਣਗੇ।

ਨਵੀਂ ਟੋਲਿੰਗ ਪ੍ਰਣਾਲੀ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਨੂੰ ਟਰੈਕ ਕਰਨ ਲਈ ਸੈਟੇਲਾਈਟ ਸਿਗਨਲਾਂ ਦੀ ਵਰਤੋਂ ਕਰੇਗੀ।

ਇਸ ਤਹਿਤ ਕੌਮੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ 'ਤੇ ਵਰਚੁਅਲ ਟੋਲਿੰਗ ਪੁਆਇੰਟ ਬਣਾਏ ਜਾਣਗੇ।

ਜਦੋਂ ਵੀ ਜੀਐੱਨਐੱਸਐੱਸ ਲੈਸ ਕੋਈ ਵਾਹਨ ਇਸ ਵਰਚੁਅਲ ਟੋਲਿੰਗ ਪੁਆਇੰਟਾਂ ਤੋਂ ਲੰਘੇਗਾ, ਤਾਂ ਵਾਹਨ ਵਲੋਂ ਤੈਅ ਕੀਤੀ ਗਈ ਯਾਤਰਾ ਦੀ ਦੂਰੀ ਦੇ ਆਧਾਰ ’ਤੇ ਬਣਦੀ ਹੋਈ ਟੋਲ ਦੀ ਰਕਮ ਉਪਭੋਗਤਾ ਦੇ ਬੈਂਕ ਖਾਤੇ ਵਿੱਚੋਂ ਕਟੀ ਜਾਵੇਗੀ।

ਧਰਨਾ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੋਲ ਪਲਾਜ਼ਿਆਂ ਨੂੰ ਬੰਦ ਕਰਵਾਉਣ ਲਈ ਪੰਜਾਬ ਵਿੱਚ ਕਿਸਾਨਾਂ ਵਲੋਂ ਕਈ ਥਾਂਈ ਬੀਤੇ ਸਾਲਾਂ ਵਿੱਚ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ਹਨ

ਕੀ ਜੀਐੱਨਐੱਸਐੱਸ ਲਗਵਾਉਣਾ ਲਾਜ਼ਮੀ ਹੋਵੇਗਾ?

ਜੀਐੱਨਐੱਸਐੱਸ ਤਹਿਤ ਵਾਹਨਾਂ ਵਿੱਚ ਆਨ-ਬੋਰਡ ਯੂਨਿਟਜ਼ (ਓਬੀਯੂ) ਫਿੱਟ ਕੀਤੇ ਜਾਣਗੇ ਜੋ ਟੋਲ ਵਸੂਲੀ ਲਈ ਟਰੈਕਿੰਗ ਯੰਤਰ ਵਜੋਂ ਕੰਮ ਕਰੇਗਾ।

ਇਸ ਯੰਤਰ ਨੂੰ ਵਾਹਨ ਵਿੱਚ ਪੱਕੇ ਤੌਰ ’ਤੇ ਮਜ਼ਬੂਤੀ ਨਾਲ ਫਿੱਟ ਕੀਤਾ ਜਾਵੇਗਾ। ਜਿਸ ਵਿੱਚ ਬਾਅਦ ਵਿੱਚ ਬਦਲਾਅ ਸੰਭਵ ਨਹੀਂ ਹੋਵੇਗਾ।

ਓਬੀਯੂ ਹਾਈਵੇਅ 'ਤੇ ਵਾਹਨ ਨੂੰ ਟਰੈਕ ਕਰੇਗਾ ਅਤੇ ਸਫ਼ਰ ਕੀਤੀ ਦੂਰੀ ਦੀ ਗਣਨਾ ਕਰਨ ਲਈ ਸੈਟੇਲਾਈਟ ਸਿਗਨਲਾਂ ਦੀ ਵਰਤੋਂ ਨਾਲ ਟੋਲ ਅਤੇ ਰਕਮ ਦਾ ਖ਼ਰਚ ਕੱਢੇਗਾ ।

ਓਬੀਯੂ ਫਾਸਟੈਗਸ ਵਾਂਗ ਸਰਕਾਰੀ ਪੋਰਟਲ ਰਾਹੀਂ ਉਪਲੱਬਧ ਹੋਣਗੇ।

ਉਨ੍ਹਾਂ ਨੂੰ ਵਾਹਨਾਂ 'ਤੇ ਬਾਹਰੀ ਤੌਰ 'ਤੇ ਸਥਾਪਤ ਕਰਨ ਦੀ ਲੋੜ ਹੋਏਗੀ, ਹਾਲਾਂਕਿ ਕਿ ਉਮੀਦ ਹੈ ਕਿ ਜਲਦ ਹੀ ਕਾਰ ਨਿਰਮਾਤਾ ਪਹਿਲਾਂ ਤੋਂ ਮੌਜੂਦ ਓਬੀਯੂ ਵਾਲੇ ਵਾਹਨਾਂ ਨੂੰ ਬਾਜ਼ਾਰ ਵਿੱਚ ਲਿਆਉਣਾ ਸ਼ੁਰੂ ਕਰ ਸਕਦੇ ਹਨ।

ਜਦੋਂ ਕਿਸੇ ਵਾਹਨ ਉੱਤੇ ਓਬੀਯੂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਉਸ ਤੋਂ ਬਾਅਦ ਦੂਰੀ ਦੇ ਆਧਾਰ 'ਤੇ ਜਿੰਨਾ ਵੀ ਬਣਦਾ ਟੋਲ ਹੋਵੇਗਾ ਉਹ ਲਿੰਕ ਕੀਤੇ ਬੈਂਕ ਖਾਤੇ ਤੋਂ ਆਪਣੇ ਆਪ ਹੀ ਕੱਟਿਆ ਜਾਵੇਗਾ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੋਲ ਪਲਾਜ਼ਿਆਂ ਉੱਤੇ ਅਕਸਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲਦੀਆਂ ਹਨ (ਸੰਕੇਤਕ ਤਸਵੀਰ)

ਕੀ ਹੁਣ ਫਾਸਟੈਗ ਦੀ ਲੋੜ ਨਹੀਂ ?

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਮੁਤਾਬਕ, ਮਾਰਚ 2024 ਤੱਕ, 98 ਫ਼ੀਸਦੀ ਟੋਲ ਭੁਗਤਾਨ ਫਾਸਟੈਗ ਰਾਹੀਂ ਕੀਤੇ ਗਏ ਹਨ।

ਪਰ ਬਾਵਜੂਦ ਇਸਦੇ ਟੋਲ ਪਲਾਜ਼ਿ ਉੱਤੇ ਯਾਤਰੀਆਂ ਨੂੰ ਅਕਸਰ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਜਿਸ ਤੋਂ ਨਿਜਾਤ ਪਾਉਣ ਲਈ ਹੁਣ ਜੀਐੱਨਐੱਸਐੱਸ ਦੀ ਸ਼ੁਰੂਆਤ ਕੀਤੀ ਗਈ ਹੈ।

ਕਿਉਂਕਿ ਜੀਐੱਨਐੱਸਐੱਸ ਲੈਸ ਵਾਹਨ ਦੀ ਟੋਲ ਫ਼ੀਸ ਆਟੋਮੈਟੀਕਲੀ ਬੈਂਕ ਖਾਤੇ ਵਿੱਚੋ ਕੱਟੀ ਜਾਵੇਗੀ, ਇਸ ਕਰਕੇ ਇਨ੍ਹਾਂ ਵਾਹਨਾਂ ਲਈ ਵਿਸ਼ੇਸ਼ ਲਾਈਨ ਬਣਾਈ ਜਾਵੇਗੀ। ਜਿਸ ਨਾਲ ਜੀਐੱਨਐੱਸਐੱਸ ਲੈਸ ਵਾਹਨਾਂ ਲਾਈਨ 'ਚ ਨਹੀਂ ਲੱਗਣਾ ਪਵੇਗਾ।

ਹਾਲਾਂਕਿ ਫਾਸਟੈਗ ਦੀ ਸਹੂਲਤ ਹਾਲੇ ਵੀ ਮੌਜੂਦ ਹੈ। ਜੇਕਰ ਕਿਸੇ ਵਾਹਨ ਉੱਤੇ ਓਬੀਯੂ ਫਿੱਟ ਨਹੀਂ ਹੈ ਤਾਂ ਉਪਬੋਗਤਾ ਮੌਜੂਦਾ ਪ੍ਰਣਾਲੀ ਤਹਿਤ ਫਾਸਟੈਗ ਦੀ ਵਰਤੋਂ ਕਰ ਸਕਦੇ ਹਨ, ਇਸ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਹਾਲ ਦੀ ਘੜੀ ਵੀਆਈਪੀ ਲਾਈਨ ਨੂੰ ਹੀ ਜੀਐੱਨਐੱਸਐੱਸ ਲਾਈਨ ਵਜੋਂ ਇਸਤੇਮਾਲ ਕੀਤਾ ਜਾਵੇਗਾ ਅਤੇ ਬਾਕੀ ਦੀ ਲਾਈਨਾਂ ਫਾਸਟੈਗ ਲਈ ਹੀ ਰਾਖਵੀਆਂ ਰਹਿਣਗੀਆਂ।

ਪਰ ਖਿਆਲ ਰਹੇ ਕਿ ਜੇਕਰ ਤੁਹਾਡੀ ਗੱਡੀ 'ਚ ਓਬੀਯੂ ਫਿੱਟ ਨਹੀਂ ਹੈ ਅਤੇ ਤੁਸੀਂ ਜੀਐੱਨਐੱਸਐੱਸ ਲਾਈਨ ਵਿੱਚੋਂ ਲੰਘਦੇ ਹੋ ਤਾਂ ਜੁਰਮਾਨੇ ਵਜੋਂ ਦੁੱਗਣਾ ਟੋਲ ਅਦਾ ਕਰਨਾ ਪਵੇਗਾ।

ਜਿਵੇਂ-ਜਿਵੇਂ ਵਾਹਨ ਜੀਐੱਨਐੱਸਐੱਸ ਲੈਸ ਹੁੰਦੇ ਜਾਣਗੇ, ਉਵੇਂ ਹੀ ਫਾਸਟੈਗ ਅਤੇ ਟੋਲ ਪਲਾਜ਼ੀਆਂ ਦੀ ਲੋੜ ਵੀ ਖ਼ਤਮ ਹੁੰਦੀ ਜਾਵੇਗੀ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖ਼ਰਚੇ ਪੱਖੋਂ ਦੇਖਿਆ ਜਾਵੇਂ ਤਾਂ ਜੀਐੱਨਐੱਸਐੱਸ ਅਧਾਰਤ ਟੋਲਿੰਗ, ਮੌਜੂਦ ਸਾਰੇ ਵਿਕਲਪਾਂ ਵਿੱਚੋ ਸਭ ਤੋਂ ਸਸਤਾ ਵਿਕਲਪ ਸਾਬਤ ਹੋ ਸਕਦਾ ਹੈ।

ਕੀ ਜੀਐੱਨਐੱਸਐੱਸ ਨਾਲ ਟੋਲ ਦਾ ਖ਼ਰਚਾ ਬਚੇਗਾ ?

ਜੇ ਖ਼ਰਚੇ ਪੱਖੋਂ ਦੇਖਿਆ ਜਾਵੇਂ ਤਾਂ ਜੀਐੱਨਐੱਸਐੱਸ ਅਧਾਰਤ ਟੋਲਿੰਗ, ਮੌਜੂਦ ਸਾਰੇ ਵਿਕਲਪਾਂ ਵਿੱਚੋ ਸਭ ਤੋਂ ਸਸਤਾ ਵਿਕਲਪ ਸਾਬਤ ਹੋ ਸਕਦਾ ਹੈ।

ਇਸਦਾ ਪਹਿਲਾਂ ਕਾਰਨ ਹੈ ਕਿ ਜੀਐੱਨਐੱਸਐੱਸ ਲੈਸ ਵਾਹਨਾਂ ਲਈ ਦੋਵਾਂ ਦਿਸ਼ਾਵਾਂ ਵਿੱਚ ਪ੍ਰਤੀ ਦਿਨ 20 ਕਿਲੋਮੀਟਰ ਤੱਕ ਦੀ ਟੋਲ-ਮੁਫਤ ਯਾਤਰਾ ਦੀ ਸੁਵਿਧਾ ਰੱਖੀ ਗਈ ਹੈ।

ਦੂਜਾ ਜੀਐੱਨਐੱਸਐੱਸ ਲੱਗੇ ਵਾਹਨਾਂ ਨੂੰ ਟੋਲ ਦੀ ਮਿੱਥੀ ਫ਼ੀਸ ਨਹੀਂ ਭਰਨੀ ਪਵੇਗੀ।

ਬਲਕਿ ਉਨ੍ਹਾਂ ਦਾ ਟੋਲ ਚਾਰਜ ਤੈਅ ਕੀਤੇ ਗਏ ਸਫ਼ਰ ’ਤੇ ਅਧਾਰਤ ਹੋਵੇਗਾ।

ਯਾਨੀ ਕਿ ਵਾਹਨ ਨੇ ਕੌਮੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ 'ਤੇ ਜਿਨ੍ਹੀ ਦੂਰੀ ਤਹਿ ਕੀਤੀ ਹੈ ਉਨਾ ਹੀ ਭੁਗਤਾਨ ਕਰਨਾ ਪਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)