You’re viewing a text-only version of this website that uses less data. View the main version of the website including all images and videos.
ਹਸਰਤ ਕੌਰ: ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਦੀ ਹਸਰਤ ਕਿਵੇਂ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਤੱਕ ਪਹੁੰਚੀ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
"ਪੰਜਾਬ (ਭਾਰਤ) 'ਚ ਲੋਕ ਸੋਚਦੇ ਹਨ ਕਿ ਇਹ ਕੁੜੀ ਹੈ, ਇਹ ਕੁਝ ਵੱਡਾ ਨਹੀਂ ਕਰ ਸਕਦੀ ਪਰ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਲੋਕਾਂ ਅੱਗੇ ਸਾਬਤ ਕੀਤਾ ਹੈ ਕਿ ਕੁੜੀਆਂ ਵੀ ਕ੍ਰਿਕਟ ਖੇਡ ਸਕਦੀਆਂ ਹਨ, ਉਹ ਵੀ ਕੁਝ ਵੱਡਾ ਕਰ ਸਕਦੀਆਂ ਹਨ, ਮੈਂ ਇਸ ਰੂੜ੍ਹੀਵਾਦੀ ਸੋਚ ਨੂੰ ਤੋੜਿਆ ਹੈ।"
ਇਹ ਕਹਿਣਾ ਹੈ ਪੰਜਾਬ ਵਿੱਚ ਜੰਮੀ ਅਤੇ ਹੁਣ ਆਸਟ੍ਰੇਲੀਆ ਵਿੱਚ ਅੰਡਰ-19 ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਬਣੀ ਹਸਰਤ ਕੌਰ ਗਿੱਲ ਦਾ।
ਆਪਣੀ ਇਸ ਉਪਲਬਧੀ ਬਾਰੇ ਗੱਲ ਕਰਦੇ ਹਸਰਤ ਕੌਰ ਗਿੱਲ ਕਹਿੰਦੇ ਹਨ, "ਪੰਜਾਬ ਵਿੱਚ ਰਹਿੰਦੇ ਮੇਰੇ ਨਾਨਕੇ ਅਤੇ ਦਾਦਕੇ ਪਰਿਵਾਰ ਵਾਲੇ ਸਾਰੇ ਮੇਰੇ ਉੱਤੇ ਮਾਣ ਕਰਦੇ ਹਨ ਕਿ ਉਨ੍ਹਾਂ ਦੀ ਦੋਹਤੀ/ਪੋਤੀ ਆਸਟ੍ਰੇਲੀਆ ਮਹਿਲਾ ਅੰਡਰ-19 ਕ੍ਰਿਕਟ ਟੀਮ ਦਾ ਹਿੱਸਾ ਬਣ ਗਈ ਹੈ।"
ਜਿੱਥੇ ਧੀ ਨੂੰ ਟੀਮ ਦਾ ਹਿੱਸਾ ਬਣਨ ਵਿੱਚ ਖੁਸ਼ੀ ਹੋ ਰਹੀ ਹੈ, ਉੱਥੇ ਮਾਂ ਜਗਰੂਪ ਕੌਰ ਵੀ ਖਿੜੀ ਨਹੀਂ ਸਮਾ ਰਹੀ।
ਜਗਰੂਪ ਕੌਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਢੀਵਿੰਡ ਦੇ ਜੰਮਪਲ ਹਨ।
ਉਹ ਦੱਸਦੇ ਹਨ, "ਮੇਰੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚੋਂ ਕ੍ਰਿਕਟ ਖੇਡਣ ਵਾਲੀ ਹਸਰਤ ਪਹਿਲੀ ਕੁੜੀ ਹੈ, ਸਾਡੇ ਤਾਂ ਘਰ ਵਿੱਚ ਵੀ ਕਦੇ ਕੋਈ ਖੇਡਾਂ ਦੀ ਗੱਲ ਨਹੀਂ ਕਰਦਾ ਸੀ।"
"ਪਰ ਹੁਣ ਮੈਂ ਆਪਣੀ ਧੀ ਉੱਤੇ ਬਹੁਤ ਮਾਣ ਕਰਦੀ ਹਾਂ ਕਿ ਉਹ ਇਸ ਮੁਕਾਮ ਤੱਕ ਪਹੁੰਚੀ ਹੈ। ਸਾਰੇ ਉਸ ਦੀ ਤਾਰੀਫ਼ ਕਰਦੇ ਹਨ। ਆਸਟ੍ਰੇਲੀਆ ਅਤੇ ਭਾਰਤ ਵਿੱਚ ਸਾਨੂੰ ਉਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।"
ਹਸਰਤ ਕੌਰ ਗਿੱਲ ਦੀ ਉਮਰ ਹੁਣ 18 ਸਾਲ ਹੈ। ਉਹ ਆਪਣੇ ਮਾਪਿਆਂ ਤੇ ਛੋਟੇ ਭਰਾ ਨਾਲ ਆਸਟ੍ਰੇਲੀਆ ਦੇ ਮੈਲਬੋਰਨ (ਕਲਾਇਡ ਨੌਰਥ) ਵਿੱਚ ਰਹਿੰਦੇ ਹਨ।
ਕ੍ਰਿਕਟ ਉਹ ਬਚਪਨ ਤੋਂ ਹੀ ਖੇਡ ਰਹੇ ਹਨ ਪਰ ਇਸ ਸਾਲ 2024 ਵਿੱਚ ਉਨ੍ਹਾਂ ਦੇ ਕ੍ਰਿਕਟ ਦੇ ਸਫ਼ਰ ਨੇ ਇੱਕ ਨਵੀਂ ਉਡਾਣ ਭਰੀ, ਜਦੋਂ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਅੰਡਰ-19 ਮਹਿਲਾ ਟੀਮ ਵਿੱਚ ਚੁਣ ਲਿਆ ਗਿਆ।
ਉਹ ਟੀਮ ਵਿੱਚ ਲੈੱਗ ਸਪਿੰਨਰ ਦੇ ਤੌਰ 'ਤੇ ਖੇਡਦੇ ਹਨ। ਪਰ ਸ਼ਾਨਦਾਰ ਗੇਂਦਬਾਜ਼ ਹੋਣ ਦੇ ਨਾਲ-ਨਾਲ ਉਹ ਸ਼ਾਨਦਾਰ ਬੱਲੇਬਾਜ਼ ਵੀ ਹਨ।
ਹਸਰਤ ਕਹਿੰਦੇ ਹਨ, "ਟੀਮ ਵਿੱਚ ਚੁਣੇ ਜਾਣ ਉੱਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ, ਮੈਂ ਆਪਣੇ ਸਫ਼ਰ ਦੀ ਇੱਕ ਪੁਲਾਂਗ ਪੁੱਟੀ ਹੈ। ਆਉਣ ਵਾਲੇ ਸਾਲਾਂ 'ਚ ਮੈਂ ਆਸਟ੍ਰੇਲੀਆ ਦੀ ਮੁੱਖ ਮਹਿਲਾ ਕ੍ਰਿਕਟ ਟੀਮ ਦਾ ਵੀ ਹਿੱਸਾ ਬਣਾਂਗੀ ਅਤੇ ਵਿਸ਼ਵ ਕੱਪ ਵੀ ਜਿੱਤਾਂਗੀ, ਇਹੀ ਮੇਰਾ ਸੁਪਨਾ ਹੈ।"
ਅੰਮ੍ਰਿਤਸਰ ਤੋਂ ਆਸਟ੍ਰੇਲੀਆ ਦਾ ਸਫ਼ਰ
ਹਸਰਤ ਕੌਰ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਬਾਸਰਕੇ ਗਿੱਲਾਂ ਵਿੱਚ ਹੋਇਆ ਸੀ।
ਇਹ ਪਿੰਡ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਹੀ ਦਾ ਜਨਮ ਸਥਾਨ ਵੀ ਹੈ। ਸਾਲ 2006 ਵਿੱਚ ਉਹ ਤਿੰਨ ਸਾਲ ਦੇ ਸਨ ਜਦੋਂ ਉਹ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਏ ਸਨ।
ਹਸਰਤ ਦੇ ਮਾਪੇ ਰੁਜ਼ਗਾਰ ਦੇ ਲਈ ਸਟੱਡੀ ਵੀਜ਼ੇ ਉੱਤੇ ਆਸਟ੍ਰੇਲੀਆ ਆਏ ਸਨ। ਇੱਥੇ ਮੈਲਬੋਰਨ ਸ਼ਹਿਰ ਦੇ ਸਪਰਿੰਗਵੇਲ ਵਿੱਚ ਉਨ੍ਹਾਂ ਕਿਰਾਏ ਉੱਤੇ ਘਰ ਲਿਆ ਸੀ। ਇੱਥੇ ਹੀ ਬਾਕੀ ਪਰਵਾਸੀਆਂ ਦੀ ਵਾਂਗ ਥੋੜ੍ਹਾ-ਥੋੜ੍ਹਾ ਕੰਮ ਕਾਰ ਕਰਨਾ ਸ਼ੁਰੂ ਕਰ ਦਿੱਤਾ।
ਕ੍ਰਿਕਟ ਖੇਡਣੀ ਕਿਵੇਂ ਸ਼ੁਰੂ ਕੀਤੀ
ਕ੍ਰਿਕਟ ਖੇਡਣ ਬਾਰੇ ਹਸਰਤ ਗਿੱਲ ਕਹਿੰਦੇ ਹਨ, "ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਵੱਡੇ ਪੱਧਰ ਉੱਤੇ ਕ੍ਰਿਕਟ ਖੇਡਾਂਗੀ। ਮੈਂ ਬਸ ਸਕੂਲ ਵਿੱਚ ਆਂਢ-ਗੁਆਂਢ ਵਿੱਚ ਬੱਚਿਆਂ ਨਾਲ ਕ੍ਰਿਕਟ ਖੇਡਦੀ ਸੀ। ਸਕੂਲ-ਕਾਲਜ ਵਿੱਚ ਹੋਰ ਵੀ ਖੇਡਾਂ ਹੁੰਦੀਆਂ ਸਨ, ਪਰ ਕ੍ਰਿਕਟ ਮੇਰੇ ਦਿਲ ਨੂੰ ਲੱਗ ਗਈ ਸੀ। ਮੈਂ ਕ੍ਰਿਕਟ ਨੂੰ ਨਹੀਂ ਚੁਣਿਆ, ਕ੍ਰਿਕਟ ਨੇ ਮੈਨੂੰ ਚੁਣਿਆ ਹੈ।"
ਉਹ ਅੱਗੇ ਕਹਿੰਦੇ ਹਨ, "ਮੈਨੂੰ ਕਦੇ ਕਿਸੇ ਨੇ ਦਬਾਅ ਨਹੀਂ ਪਾਇਆ ਕਿ ਇਹ ਕੰਮ ਕਰਨਾ ਹੈ ਇਹ ਨਹੀਂ। ਬਸ ਮੈਨੂੰ ਅੱਗੇ ਤੋਂ ਅੱਗੇ ਕ੍ਰਿਕਟ ਖੇਡਣ ਦੇ ਮੌਕੇ ਮਿਲਦੇ ਗਏ, ਤੇ ਮੈਂ ਖੇਡਦੀ ਰਹੀ।"
"ਮੇਰੇ ਪਿਤਾ ਗੁਰਪ੍ਰੀਤ ਸਿੰਘ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ, ਉਹ ਘਰ ਵਿੱਚ ਟੀਵੀ ਉੱਤੇ ਕ੍ਰਿਕਟ ਦੇਖਦੇ ਰਹਿੰਦੇ ਸਨ ਤਾਂ ਮੈਂ ਵੀ ਉਨ੍ਹਾਂ ਨਾਲ ਕ੍ਰਿਕਟ ਦੇਖਦੀ ਸੀ। ਘਰ ਦੇ ਵਿਹੜੇ ਵਿੱਚ ਪਾਪਾ ਕ੍ਰਿਕਟ ਖੇਡਦੇ ਹੁੰਦੇ ਸਨ, ਉਨ੍ਹਾਂ ਨੂੰ ਦੇਖ ਕੇ ਮੇਰਾ ਸ਼ੌਂਕ ਵੀ ਵੱਧਦਾ ਗਿਆ।"
ਅੰਡਰ-19 ਟੀਮ ਵਿੱਚ ਕਿਵੇਂ ਚੋਣ ਹੋਈ
ਹਸਰਤ ਕਹਿੰਦੇ ਹਨ, "ਪਹਿਲਾਂ ਮੈਂ ਸਿਰਫ਼ ਸਕੂਲ ਵਿੱਚ ਕ੍ਰਿਕਟ ਖੇਡਦੀ ਸੀ, ਦੋਸਤਾਂ ਨਾਲ ਖੇਡਣਾ ਫੇਰ ਅੱਗੇ ਮੈਲਬੋਰਨ ਕ੍ਰਿਕਟ ਕਲੱਬ ਵਿੱਚ ਮੇਰੀ ਚੋਣ ਹੋ ਗਈ। ਮੈਲਬੋਰਨ ਕ੍ਰਿਕਟ ਕਲੱਬ ਟੀਮ ਦਾ ਕੈਪਟਨ ਵੀ ਮੈਨੂੰ ਬਣਾਇਆ ਗਿਆ। ਅਸੀਂ ਅੱਗੇ ਤੋਂ ਅੱਗੇ ਟੂਰਨਾਮੈਂਟ ਖੇਡਦੇ ਰਹੇ।"
"ਮੇਰੀ ਖੇਡ ਮੈਨੇਜਮੈਂਟ ਨੂੰ ਪਸੰਦ ਆ ਗਈ ਤਾਂ ਮੇਰੀ ਚੋਣ ਆਸਟ੍ਰੇਲੀਆ ਅੰਡਰ-19 ਕ੍ਰਿਕਟ ਟੀਮ ਵਿੱਚ ਹੋ ਗਈ। ਅੰਡਰ-19 ਦੀ ਟੀਮ ਵਿੱਚ ਚੋਣ ਲਈ ਇੱਕ ਖਿਡਾਰੀ ਦਾ ਹਰ ਪੱਖ ਦੇਖਿਆ ਜਾਂਦਾ ਹੈ।”
“ਤੁਸੀਂ ਕਿਵੇਂ ਖੇਡਦੇ ਹੋ, ਟੀਮ ਵਿੱਚ ਹੁਣ ਕਿਹੜੇ ਖਿਡਾਰੀ ਦੀ ਲੋੜ ਹੈ, ਤੁਸੀਂ ਟੀਮ ਨੂੰ ਕਿਵੇਂ ਸੰਭਾਲੋਗੇ? ਮੇਰੇ ਵਿੱਚ ਵੀ ਇਹ ਸਭ ਦੇਖਿਆ ਗਿਆ ਅਤੇ ਮੈਨੂੰ ਅੰਦਰ-19 ਟੀਮ ਲਈ ਚੁਣ ਲਿਆ ਗਿਆ।"
ਵਿਰਾਟ ਕੋਹਲੀ ਦੇ ਫੈਨ ਹਨ ਹਸਰਤ
ਆਸਟ੍ਰੇਲੀਆ 'ਚ ਰਹਿੰਦਿਆਂ ਹੋਇਆ ਵੀ ਹਸਰਤ ਗਿੱਲ ਭਾਰਤੀ ਕ੍ਰਿਕਟਰਾਂ ਨੂੰ ਦੇਖਣਾ ਪਸੰਦ ਕਰਦੇ ਹਨ।
ਉਹ ਕਹਿੰਦੇ ਹਨ, "ਮੇਰੇ ਮਨ-ਪਸੰਦ ਕ੍ਰਿਕਟਰ ਵਿਰਾਟ ਕੋਹਲੀ ਹਨ। ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਮੈਨੂੰ ਬਹੁਤ ਪਸੰਦ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੈਂ ਹਮੇਸ਼ਾ ਦੇਖਦੀ ਹਾਂ, ਉਨ੍ਹਾਂ ਦੀ ਬੱਲੇਬਾਜ਼ੀ ਮੈਨੂੰ ਬਹੁਤ ਪਸੰਦ ਹੈ।"
“ਆਸਟ੍ਰੇਲੀਆ ਮਹਿਲਾ ਟੀਮ ਵਿੱਚ ਐਲਿਸ ਪੈਰੀ ਦੀ ਖੇਡ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਉਹ ਆਲ-ਰਾਊਂਡਰ ਹਨ। ਆਸਟ੍ਰੇਲੀਆ ਮਹਿਲਾ ਟੀਮ ਦੇ ਸਾਬਕਾ ਕਪਤਾਨ ਮੈਗ ਲੈਨਿੰਗ ਵੀ ਮੈਨੂੰ ਪਸੰਦ ਹਨ।”
ਹਸਰਤ ਕਹਿੰਦੇ ਹਨ, "ਕਿਉਂਕਿ ਮੈਂ ਲੈੱਗ ਸਪਿੰਨਰ ਹਾਂ ਤਾਂ ਮੈਂ ਹਮੇਸ਼ਾ ਆਸਟ੍ਰੇਲੀਆ ਦੇ ਖਿਡਾਰੀ ਸ਼ੇਨ ਵਾਰਨ ਦੀਆਂ ਵੀਡੀਓਜ਼ ਦੇਖਦੀ ਹਾਂ।"
ਪ੍ਰੈਕਟਿਸ ਕਿੰਨਾ ਸਮਾਂ ਹੁੰਦੀ?
ਹਸਰਤ ਆਖਦੇ ਹਨ, "ਮੈਂ ਇੱਕ ਦਿਨ ਵਿੱਚ 4-5 ਘੰਟੇ ਮੈਂ ਪ੍ਰੈਕਟਿਸ ਕਰਦੀ ਹਾਂ। ਜਿਮ ਜਾਣਾ ਅਤੇ ਦੌੜਨਾ ਇਹ ਵੱਖਰਾ ਹੁੰਦਾ ਹੈ। ਮੇਰੀ ਡਾਈਟ ਦਾ ਧਿਆਨ ਮੇਰੇ ਮਾਪਿਆਂ ਤੋਂ ਇਲਾਵਾ ਕੋਚ ਰੱਖਦੇ ਹਨ। ਕੀ ਖਾਣਾ-ਕੀ ਨਹੀਂ ਖਾਣਾ ਇਹ ਸਾਰਾ ਕੁਝ ਮੇਰੇ ਕੋਚ ਦੱਸਦੇ ਰਹਿੰਦੇ ਹਨ।"
ਕ੍ਰਿਕਟ ਲਈ ਆਪਣੀ ਸ਼ਿੱਦਤ ਬਾਰੇ ਦੱਸਦਿਆਂ ਹਸਰਤ ਕੌਰ ਕਹਿੰਦੇ ਹਨ ਕਿ ਜਦੋਂ ਉਹ ਸਕੂਲ ਵਿੱਚ ਸੀ ਉਦੋਂ ਕ੍ਰਿਕਟ ਦੇ ਨਾਲ-ਨਾਲ ਉਨ੍ਹਾਂ ਨੂੰ ਪੜ੍ਹਾਈ ਵੱਲ ਵੀ ਧਿਆਨ ਦੇਣਾ ਪੈਂਦਾ ਸੀ। ਇਹ ਬਹੁਤ ਮੁਸ਼ਕਲ ਹੁੰਦਾ ਸੀ, ਕ੍ਰਿਕਟ ਤੇ ਪੜ੍ਹਾਈ ਦੋਵਾਂ ਨੂੰ ਇਕੱਠੇ ਕਰਨਾ ਬਹੁਤ ਮੁਸ਼ਕਲ ਹੈ।
ਉਹ ਦੱਸਦੇ ਹਨ, "ਕ੍ਰਿਕਟ ਲਈ ਮੈਂ ਆਪਣੇ ਦੋਸਤਾਂ ਦੀਆਂ ਜਨਮਦਿਨ ਪਾਰਟੀਆਂ ਵੀ ਛੱਡਣੀਆਂ, ਮੈਨੂੰ ਟਰੇਨਿੰਗ ਉੱਤੇ ਲੈ ਕੇ ਜਾਣ ਲਈ ਮੇਰੇ ਮਾਪਿਆਂ ਨੂੰ ਆਪਣਾ ਕੰਮ ਛੱਡਣਾ ਪੈਂਦਾ।"
"ਬਹੁਤ ਵਾਰੀ ਐਵੇਂ ਹੋਇਆ ਕਿ ਖੇਡ ਕਰਕੇ ਸਾਨੂੰ ਪੰਜਾਬ 'ਚ ਵਿਆਹ ਵੀ ਛੱਡਣੇ ਪੈਂਦੇ ਹਨ। ਮੇਰੇ ਮਾਪਿਆਂ ਨੂੰ ਮੇਰੀ ਖੇਡ ਕਰ ਕੇ ਬਹੁਤ ਕੁਝ ਕੁਰਬਾਨ ਕਰਨਾ ਪਿਆ ਹੈ।"
ਭਾਰਤ ਨਾਲ ਮੁਕਾਬਲਾ ਹੋਇਆ ਤਾਂ ਕਿਵੇਂ ਖੇਡੋਗੇ
ਇਸ ਸਵਾਲ ਦੇ ਜਵਾਬ ਵਿੱਚ ਹਸਰਤ ਕਹਿੰਦੇ ਹਨ, "ਇਹ ਸਵਾਲ ਮੈਨੂੰ ਹਰ ਵਾਰ ਪੁੱਛਿਆ ਜਾਂਦਾ ਹੈ ਇਸਦਾ ਜਵਾਬ ਵੀ ਥੋੜ੍ਹਾ ਔਖਾ ਹੈ। ਪਰ ਮੇਰੇ ਕੋਲ ਇਸਦਾ ਜਵਾਬ ਇਹੀ ਹੈ ਕਿ ਜਦੋਂ ਕਦੇ ਵੀ ਮੇਰਾ ਮੁਕਾਬਲਾ ਭਾਰਤ ਨਾਲ ਹੋਇਆ ਤਾਂ ਮੈਂ ਸਿਰਫ਼ ਆਪਣੀ ਖੇਡ ਉੱਤੇ ਧਿਆਨ ਦੇਵਾਂਗੀ।"
"ਹਾਂ ਕਿਉਂਕਿ ਮੈਂ ਆਸਟ੍ਰੇਲੀਆ ਵੱਲੋਂ ਖੇਡ ਰਹੀ ਹਾਂ ਤਾਂ ਮੈਂ ਇਹੀ ਦੁਆ ਕਰਾਂਗੀ ਕਿ ਆਸਟ੍ਰੇਲੀਆ ਜਿੱਤ ਜਾਵੇ।"
"ਭਾਰਤ/ਪੰਜਾਬ ਨਾਲ ਮੇਰਾ ਪਿਆਰ ਹੈ ਪਰ ਖੇਡ ਤਾਂ ਖੇਡ ਹੈ ਤੇ ਮੈਂ ਆਸਟ੍ਰੇਲੀਆ ਟੀਮ ਦਾ ਹਿੱਸਾ ਹੋਣ ਦੇ ਨਾਤੇ ਆਸਟ੍ਰੇਲੀਆ ਨੂੰ ਜਿਤਾਉਣ ਲਈ ਜੀਅ ਜਾਨ ਲਾ ਦਵਾਂਗੀ।"
ਆਪਣੇ ਕ੍ਰਿਕਟ ਖੇਡਣ ਦੇ ਸੁਪਨੇ ਨੂੰ ਪੂਰਾ ਹੁੰਦਿਆਂ ਦੇਖ ਹਸਰਤ ਆਪਣੇ ਮਾਪਿਆਂ ਦਾ ਧੰਨਵਾਦ ਕਰਦੇ ਹਨ।
ਉਹ ਕਹਿੰਦੇ ਹਨ, "ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਮਾਪੇ ਮੇਰੇ ਬਹੁਤ ਮਿਹਨਤ ਕਰਦੇ ਹਨ। ਮੇਰੇ ਪਿਤਾ ਜੋ ਕਿ ਹੁਣ ਆਪਣਾ ਕਾਰੋਬਾਰ ਕਰਦੇ ਹਨ, ਉਹ ਹਰ ਥਾਂ ਮੇਰੇ ਲਈ ਹਾਜ਼ਰ ਹੁੰਦੇ ਹਨ।"
"ਮੈਨੂੰ ਪ੍ਰੈਕਟਿਸ ਉੱਤੇ ਲੈ ਕੇ ਜਾਣਾ, ਜਿੱਥੇ ਕਿਤੇ ਵੀ ਟੂਰਨਾਮੈਂਟ ਹੋ ਰਿਹਾ ਹੈ, ਉੱਥੇ ਮੈਨੂੰ ਲੈ ਕੇ ਜਾਣ ਦੀ ਜ਼ਿੰਮੇਵਾਰੀ ਮੇਰੇ ਪਿਤਾ ਦੀ ਹੁੰਦੀ ਹੈ। ਉਹ ਆਪਣਾ ਕੰਮ ਛੱਡ ਕੇ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹਨ।"
ਹਸਰਤ ਕੌਰ ਦੇ ਮਾਤਾ ਜਗਰੂਪ ਕੌਰ ਗਿੱਲ ਕਹਿੰਦੇ ਹਨ, "ਪੰਜਾਬ 'ਚ ਕੁੜੀਆਂ ਨੂੰ ਘੱਟ ਮੌਕੇ ਮਿਲਦੇ ਹਨ, ਇੱਥੇ ਆਸਟ੍ਰੇਲੀਆ ਵਿੱਚ ਕੁੜੀਆਂ ਨੂੰ ਜ਼ਿਆਦਾ ਮੌਕੇ ਮਿਲਦੇ ਹਨ। ਪਰ ਅਜਿਹਾ ਵੀ ਨਹੀਂ ਹੈ ਕਿ ਆਸਟ੍ਰੇਲੀਆ ਵਿੱਚ ਕੁੜੀਆਂ ਲਈ ਕ੍ਰਿਕਟ ਖੇਡਣਾ ਬਹੁਤ ਸੌਖਾ।"
"ਹਸਰਤ ਨੂੰ ਆਸਟ੍ਰੇਲੀਆ ਵਿੱਚ ਵੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ-ਪਹਿਲਾਂ ਮੁੰਡਿਆਂ ਦੇ ਨਾਲ ਖੇਡਣਾ ਹਸਰਤ ਲਈ ਵੀ ਮੁਸ਼ਕਲ ਹੁੰਦਾ ਸੀ, ਉੱਥੇ ਮੁੰਡੇ ਇਹ ਮਹਿਸੂਸ ਕਰਵਾਉਂਦੇ ਸਨ ਕਿ ਇਹ ਕੁੜੀ ਹੋ ਕੇ ਸਾਡੀ ਟੀਮ ਵਿੱਚ ਕਿਉਂ ਖੇਡ ਰਹੀ ਹੈ।"
"ਕਈ ਵਾਰ ਉਨ੍ਹਾਂ ਦੇ ਮਾਪਿਆਂ ਨੇ ਵੀ ਅਜੀਬ ਵਿਵਹਾਰ ਕਰਨਾ ਪਰ ਹੁਣ ਹਸਰਤ ਨੇ ਹਰ ਔਕੜ ਦਾ ਸਾਹਮਣਾ ਕਰਨਾ ਸਿੱਖ ਲਿਆ ਹੈ।"
ਅੱਗੇ ਜਗਰੂਪ ਗਿੱਲ ਕਹਿੰਦੇ ਹਨ, "ਹਰ ਦਿਨ ਹਸਰਤ ਨੂੰ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਉਹ ਮਾਨਸਿਕ ਤੌਰ 'ਤੇ ਮਜ਼ਬੂਤ ਹੋਈ ਹੈ ਤੇ ਮੇਰਾ ਕੰਮ ਵੀ ਇਹੀ ਹੈ ਹਸਰਤ ਨੂੰ ਮਾਨਸਿਕ ਤੌਰ 'ਤੇ ਸਹਾਰਾ ਦੇਣਾ।"
"ਹਸਰਤ ਦੀ ਟਰੇਨਿੰਗ ਦਾ ਸਾਰਾ ਕੰਮ ਉਸ ਦੇ ਪਿਤਾ ਦੇਖਦੇ ਹਨ ਤਾਂ ਮੈਂ ਉਸ ਦੀ ਡਾਈਟ ਅਤੇ ਇਮੋਸ਼ਨਲ ਸੁਪੋਰਟ ਲਈ ਹਮੇਸ਼ਾ ਨਾਲ ਖੜ੍ਹੀ ਹੁੰਦੀ ਹਾਂ।"
ਉਹ ਅੱਗੇ ਕਹਿੰਦੇ ਹਨ, "ਜਦੋਂ ਤੁਹਾਡੇ ਬੱਚੇ ਕਿਸੇ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਹਨ ਤਾਂ ਤੁਹਾਨੂੰ ਹਰ ਤਰ੍ਹਾਂ ਨਾਲ ਆਪਣੇ ਬੱਚਿਆਂ ਦੀ ਮਦਦ ਕਰਨੀ ਪੈਂਦੀ ਹੈ।"
"ਪਰਮਾਤਮਾ ਦੀ ਕਿਰਪਾ ਨਾਲ ਅਤੇ ਆਪਣਾ ਕਾਰੋਬਾਰ ਹੋਣ ਕਰ ਕੇ ਵਿੱਤੀ ਤੌਰ 'ਤੇ ਸਾਨੂੰ ਕਦੇ ਕੋਈ ਸਮੱਸਿਆ ਨਹੀਂ ਆਈ, ਅਸੀਂ ਹਰ ਉਹ ਚੀਜ਼ ਹਸਰਤ ਲਈ ਉਪਲਬਧ ਕਰਵਾਉਂਦੇ ਹਾਂ ਜੋ ਉਸਨੂੰ ਚਾਹੀਦੀ ਹੁੰਦੀ ਹੈ।"
ਹਸਰਤ ਅਤੇ ਉਸਦੇ ਮਾਤਾ ਜਗਰੂਪ ਕੌਰ ਗਿੱਲ ਦੋਵੇਂ ਪੰਜਾਬੀਆਂ ਨੂੰ ਇੱਕੋ ਗੱਲ ਕਹਿੰਦੇ ਹਨ, "ਪੰਜਾਬ ਵਿੱਚ ਰਹਿੰਦੇ ਸਾਰੇ ਮਾਪਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਕੁੜੀਆਂ ਦਾ ਸਹਾਰਾ ਬਣੋ। ਉਹ ਜੋ ਕਰਨਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਕਰਨ ਦਿਓ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ