ਰੂਸ-ਯੂਕਰੇਨ ਜੰਗ: ਨੇਪਾਲੀ ਨਾਗਰਿਕਾਂ ਨੂੰ ਕਿਸ ਆਧਾਰ 'ਤੇ ਰੂਸੀ ਫੌਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ

ਤਸਵੀਰ ਸਰੋਤ, EPA
- ਲੇਖਕ, ਸਵੇਛਿਆ ਰੌਤ
- ਰੋਲ, ਬੀਬੀਸੀ ਨਿਊਜ਼ ਨੇਪਾਲੀ
ਰਮੇਸ਼ (ਬਦਲਿਆ ਹੋਇਆ ਨਾਮ) ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਵਿਦਿਆਰਥੀ ਵੀਜ਼ੇ 'ਤੇ ਨੇਪਾਲ ਤੋਂ ਰੂਸ ਆਏ ਸਨ। ਉਹ ਗੁਰਬਤ ਵਾਲੇ ਜੀਵਨ 'ਚ ਘਰ ਵਾਪਸੀ ਤੋਂ ਬਚਣਾ ਚਾਹੁੰਦਾ ਸੀ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਰਮੇਸ਼ ਆਪਣੇ ਆਪ ਨੂੰ ਨੇਪਾਲ ਪਰਤਣ ਅਤੇ ਰੂਸ ਵਿੱਚ ਨੌਕਰੀ ਜਾਂ ਚੰਗੀ ਨੌਕਰੀ ਲੱਭਣ ਦੇ ਸਵਾਲ ਨਾਲ ਜੂਝਦੇ ਰਹੇ। ਨੇਪਾਲ ਸਰਕਾਰ ਦੇ ਇੱਕ ਸਰਵੇਖਣ ਦੇ ਅਨੁਸਾਰ, 2017-18 ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦਰ 11.4 ਪ੍ਰਤੀਸ਼ਤ ਸੀ।
ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਨੇ ਪਹਿਲਾਂ ਕਿਹਾ ਸੀ ਕਿ ਨੇਪਾਲ ਵਿੱਚ ਜ਼ਿਆਦਾਤਰ ਨੌਕਰੀਆਂ ਅਸੰਗਠਿਤ ਖੇਤਰ ਵਿੱਚ ਹਨ ਜੋ ਲੋੜੀਂਦਾ ਭੁਗਤਾਨ ਨਹੀਂ ਕਰਦੀਆਂ।
ਉਨ੍ਹਾਂ ਨੇ ਬੀਬੀਸੀ ਨੇਪਾਲੀ ਨਾਲ ਆਨਲਾਈਨ ਗੱਲਬਾਤ ਵਿੱਚ ਕਿਹਾ, “ਇੱਥੇ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਮੱਸਿਆਵਾਂ ਹਨ। (ਉਨ੍ਹਾਂ ਨੂੰ) ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ।”
ਜਦੋਂ ਰਮੇਸ਼ ਅਤੇ ਉਨ੍ਹਾਂ ਦੇ ਦੇਸ਼ ਦੇ ਕਈ ਹੋਰ ਲੋਕ ਦੁਬਿਧਾ ਨਾਲ ਜੂਝ ਰਹੇ ਸਨ, ਰੂਸ ਨੇ ਯੂਕਰੇਨ 'ਤੇ ਆਪਣੀ ਜੰਗ ਸ਼ੁਰੂ ਕੀਤੀ।
ਦੋਵਾਂ ਦੇਸ਼ਾਂ ਦੇ ਹਜ਼ਾਰਾਂ ਸੈਨਿਕਾਂ ਦੀ ਇਸ ਕਾਰਵਾਈ ਵਿੱਚ ਮੌਤ ਹੋ ਗਈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੀ ਸੰਸਦ ਨੇ ਰੂਸੀ ਕਾਨੂੰਨ ਵਿੱਚ ਬਦਲਾਅ ਕੀਤੇ ਜਿਸ ਨਾਲ ਵਿਦੇਸ਼ੀ ਲੋਕਾਂ ਲਈ ਰੂਸੀ ਫੌਜ ਵਿੱਚ ਭਰਤੀ ਹੋਣਾ ਸੌਖਾ ਅਤੇ ਆਕਰਸ਼ਕ ਹੋ ਗਿਆ।
ਮੋਟੀਆਂ ਤਨਖਾਹਾਂ ਤੋਂ ਲੈ ਕੇ ਰੂਸੀ ਨਾਗਰਿਕ ਬਣਨ ਦੀ ਆਸਾਨ ਪ੍ਰਕਿਰਿਆ ਤੱਕ, ਮਾਸਕੋ ਨੇ ਆਪਣੀ ਫੌਜ ਨੂੰ ਮਜ਼ਬੂਤ ਕਰਨ ਲਈ ਲਾਲ ਕਾਰਪੇਟ ਵਿਛਾ ਦਿੱਤਾ ਹੈ।

'ਮੁਨਾਫ਼ੇ ਦੀ ਪੇਸ਼ਕਸ਼'
ਰਮੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੂਸੀ ਫੌਜ ਵਿੱਚ ਭਰਤੀ ਹੋਣ ਦੀ ਮੁਨਾਫ਼ੇ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਹ ਡਾਕਟਰੀ ਜਾਂਚ ਅਤੇ ਲਿਖਤੀ ਪ੍ਰੀਖਿਆ ਤੋਂ ਬਾਅਦ ਉਨ੍ਹਾਂ ਦੀ ਚੋਣ ਰੂਸੀ ਫੌਜ ਲਈ ਹੋ ਗਈ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ 100,000 ਨੇਪਾਲੀ ਰੁਪਏ ਖਰਚ ਕੀਤੇ, ਪਰ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਰਕਮ ਉਨ੍ਹਾਂ ਨੇ ਕਿਵੇਂ ਚੁਕਾਈ।
ਉਨ੍ਹਾਂ ਨੇ ਕਿਹਾ, "(ਨਾਮਜ਼ਦਗੀ ਦਾ) ਕੰਮ ਭਰੋਸੇ ਦੇ ਆਧਾਰ 'ਤੇ ਕੀਤਾ ਜਾਂਦਾ ਹੈ।"
ਰਮੇਸ਼ ਨੇ ਆਪਣੇ ਟਿਕ-ਟੌਕ ਅਕਾਊਂਟ 'ਤੇ ਆਪਣੇ ਚੁਣੇ ਜਾਣ ਦੀ ਖ਼ਬਰ ਸਾਂਝੀ ਕੀਤੀ।
ਆਪਣੇ ਅਕਾਊਂਟ 'ਤੇ ਪੋਸਟ ਕੀਤੇ ਗਏ ਵੱਖ-ਵੱਖ ਵੀਡੀਓਜ਼ ਵਿੱਚ ਉਨ੍ਹਾਂ ਨੇ ਸਾਂਝਾ ਕੀਤਾ ਕਿ ਇਹ ਕਿੰਨਾ ਮੁਸ਼ਕਲ ਬਦਲ ਸੀ।
ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਲਿਖਿਆ, "ਇੱਕ ਸਿਪਾਹੀ ਦੀ ਜ਼ਿੰਦਗੀ, ਕਰੋ ਜਾਂ ਮਰੋ ਵਾਲੀ ਹੈ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਹੀ ਸ਼ਾਮਲ ਹੋਵੋ।"
"ਜਾਣਕਾਰੀ ਭਰਪੂਰ" ਕਹੇ ਜਾਣ ਵਾਲੀ ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, "ਇੱਥੇ ਬਹੁਤ ਸਾਰੀਆਂ ਚੁਣੌਤੀਆਂ ਹਨ। ਚੀਜ਼ਾਂ ਉਮੀਦ ਮੁਤਾਬਕ ਨਹੀਂ ਹਨ। ਮੈਨੂੰ ਲੱਗਦਾ ਹੈ ਕਿ ਜੀਵਨ ਦਾ ਔਖਾ ਪਹਿਲੂ ਹੈ। ਕਿਉਂਕਿ ਇਹ ਦੇਸ਼ ਯੂਕਰੇਨ ਨਾਲ ਜੰਗ ਲੜ ਰਿਹਾ ਹੈ।"


ਮਾਸਕੋ ਨੇ 2022 'ਚ ਕੀਤਾ ਸੀ ਭਰਤੀ ਦਾ ਐਲਾਨ
ਜਦੋਂ ਬੀਬੀਸੀ ਨੇ ਆਖ਼ਰੀ ਵਾਰ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤ ਘੱਟ ਸਮਾਂ ਸੀ ਕਿਉਂਕਿ ਸਿਖਲਾਈ ਲਈ ਬੇਲਾਰੂਸ ਭੇਜਿਆ ਜਾ ਰਿਹਾ ਸੀ। ਉਦੋਂ ਤੋਂ ਬੀਬੀਸੀ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੀ।
ਹਫ਼ਤਿਆਂ ਦੀ ਜਾਂਚ ਮਗਰੋਂ ਬੀਬੀਸੀ ਨੇਪਾਲੀ ਨੂੰ ਪਤਾ ਲੱਗਾ ਕਿ ਰਮੇਸ਼ ਇਕੱਲਾ ਅਜਿਹਾ ਨਹੀਂ ਹੈ ਜੋ ਰੂਸੀ ਫੌਜ ਵਿੱਚ ਸ਼ਾਮਿਲ ਹੋਏ ਹਨ।
ਇੱਕ ਹੋਰ ਵਿਦਿਆਰਥੀ ਰਾਜ, ਜੋ ਉੱਚ ਸਿੱਖਿਆ ਹਾਸਿਲ ਕਰਨ ਲਈ ਰੂਸ ਗਿਆ ਸੀ, ਉਹ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ।
ਜਦੋਂ ਮਾਸਕੋ ਨੇ ਅਪ੍ਰੈਲ 2022 ਵਿੱਚ ਆਪਣੀ ਫੌਜ ਵਿੱਚ ਵਿਦੇਸ਼ੀ ਲੋਕਾਂ ਲਈ ਭਰਤੀ ਮੁਹਿੰਮ ਦਾ ਐਲਾਨ ਕੀਤਾ, ਤਾਂ ਉਨ੍ਹਾਂ ਨੂੰ ਨੇਪਾਲੀਆਂ ਤੋਂ ਮਦਦ ਲਈ ਫੋਨ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਰੂਸੀ ਭਾਸ਼ਾ ਦਾ ਬਹੁਤ ਘੱਟ ਗਿਆਨ ਸੀ।
ਉਹ ਚਾਹੁੰਦੇ ਸਨ ਕਿ ਉਹ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਫਾਰਮ ਭਰਨ ਵਿੱਚ ਮਦਦ ਕਰੇ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਕੁਝ ਜਾਣ-ਪਛਾਣ ਵਾਲੇ (ਨੇਪਾਲੀਆਂ) ਦੀ ਅਰਜ਼ੀ ਫਾਰਮ ਭਰਨ ਲਈ (ਰੂਸੀ ਫੌਜ ਵਿੱਚ ਭਰਤੀ ਹੋਣ ਲਈ) ਮਦਦ ਕੀਤੀ ਸੀ।"
"ਵਰਤਮਾਨ ਵਿੱਚ, ਇਹ ਲੋਕ ਰੂਸੀ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੇਰਾ ਫ਼ੋਨ ਨੰਬਰ ਦੇ ਰਹੇ ਹਨ।"

ਕੀ ਕਹਿੰਦਾ ਹੈ ਨੇਪਾਲ ਦਾ ਪ੍ਰਸ਼ਾਸਨ
ਰਾਜ ਨੇਪਾਲ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦੇਣ ਦਾ ਕੰਮ ਕਰਦੇ ਹਨ, ਜੋ ਆਪਣੀ ਪੜ੍ਹਾਈ ਲਈ ਰੂਸ ਆਉਣਾ ਚਾਹੁੰਦੇ ਸਨ।
ਹੁਣ ਸਾਬਕਾ ਨੇਪਾਲੀ ਸੈਨਿਕ ਅਤੇ ਵਿਦਿਆਰਥੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜੋ ਰੂਸੀ ਫੌਜ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਮਦਦ ਮੰਗ ਰਹੇ ਹਨ।
ਇੱਕ ਵੇਲੇ ਉਨ੍ਹਾਂ ਕੋਲ 40-50 ਲੋਕਾਂ ਦੇ ਸਵਾਲ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੁੱਛਦੇ ਹਨ ਕਿ ਉਹ ਰੂਸੀ ਫੌਜ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਨ।
ਕੁਝ ਨੇਪਾਲੀ ਨੌਜਵਾਨ, ਜਿਨ੍ਹਾਂ ਨੇ ਆਪਣੇ ਰੂਸੀ ਫੌਜ ਵਿੱਚ ਸ਼ਾਮਲ ਹੋਣ ਬਾਰੇ ਵੀਡੀਓ ਪੋਸਟ ਕੀਤੇ ਸਨ, ਉਨ੍ਹਾਂ ਨੇ ਬੀਬੀਸੀ ਨੂੰ ਰਾਜ ਬਾਰੇ ਦੱਸਿਆ।
ਰਾਜ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਨੇਪਾਲੀਆਂ ਲਈ ਰੂਸੀ ਫੌਜ ਵਿੱਚ ਭਰਤੀ ਹੋਣਾ ਗ਼ੈਰ-ਕਾਨੂੰਨੀ ਹੈ ਜਾਂ ਨਹੀਂ।

ਰੂਸ ਅਤੇ ਯੂਕਰੇਨ ਜੰਗ ਬਾਰੇ ਖਾਸ ਗੱਲਾਂ:
- ਰੂਸ ਅਤੇ ਯੂਕਰੇਨ ਵਿੱਚਕਾਰ ਜੰਗ 24 ਫ਼ਰਵਰੀ 2022 ਨੂੰ ਸ਼ੁਰੂ ਹੋਈ ਸੀ
- ਪੱਛਮੀ ਨੇਤਾ ਮੰਨਦੇ ਹਨ ਕਿ ਇਹ ਜੰਗ ਯੂਕਰੇਨ ਨੂੰ ਜਿੱਤਣੀ ਚਾਹੀਦੀ ਹੈ
- ਵਾਗਨਰ ਸਮੂਹ ਨੇ ਰੂਸ ਵੱਲ ਮਾਰਚ ਸ਼ੁਰੂ ਕੀਤਾ ਤੇ ਫਿਰ ਰੋਕ ਦਿੱਤਾ
- ਰਾਸ਼ਟਰਪਤੀ ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਯੁੱਧ "ਇੱਕ ਲੰਮੀ ਪ੍ਰਕਿਰਿਆ" ਹੋ ਸਕਦੀ ਹੈ

ਰਾਜ ਆਖਦੇ ਹਨ ਕਿ ਉਹ ਆਪਣੀ ਸੇਵਾ ਲਈ ਕੋਈ ਭੁਗਤਾਨ ਨਹੀਂ ਲੈਂਦੇ ਪਰ ਉਨ੍ਹਾਂ ਦੀ ਮਦਦ ਲੈਣ ਵਾਲੇ ਕੁਝ ਨੇਪਾਲੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ 100,000 ਨੇਪਾਲੀ ਰੁਪਏ ਅਦਾ ਕੀਤੇ ਹਨ।
ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਨੇਪਾਲੀ ਸਰਕਾਰ ਨੇ ਪੱਛਮੀ ਦੇਸ਼ਾਂ ਦਾ ਸਾਥ ਦਿੱਤਾ ਹੈ। ਨੇਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਨਾਗਰਿਕਾਂ ਦੇ ਰੂਸੀ ਫੌਜ ਵਿਚ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵਿਦੇਸ਼ ਮੰਤਰਾਲੇ ਦੀ ਬੁਲਾਰਾ ਸੇਵਾ ਲਮਸਾਲ ਨੇ ਬੀਬੀਸੀ ਨੇਪਾਲੀ ਨੂੰ ਦੱਸਿਆ, "ਇਹ ਅਜਿਹਾ ਕੁਝ ਨਹੀਂ ਹੈ ਜੋ ਨੀਤੀ ਦੇ ਅਨੁਕੂਲ ਹੋਵੇ।"
ਨੇਪਾਲੀ ਨਾਗਰਿਕਾਂ ਨੂੰ ਵਿਦੇਸ਼ੀ ਫੌਜਾਂ ਵਿੱਚ ਭਰਤੀ ਕਰਨ ਲਈ 1947 ਵਿੱਚ ਨੇਪਾਲ, ਬ੍ਰਿਟੇਨ ਅਤੇ ਭਾਰਤ ਵਿਚਾਲੇ ਇੱਕ ਤਿਕੋਣੀ ਸੰਧੀ ਉੱਤੇ ਹਸਤਾਖ਼ਰ ਕੀਤੇ ਗਏ ਸਨ। ਸੰਧੀ ਵਿੱਚ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਨੇਪਾਲੀ ਨਾਗਰਿਕਾਂ ਨੂੰ ਭਾਰਤੀ ਅਤੇ ਬ੍ਰਿਟਿਸ਼ ਫੌਜਾਂ ਵਿੱਚ ਭਰਤੀ ਕੀਤਾ ਜਾਵੇਗਾ।
ਇਸੇ ਤਰ੍ਹਾਂ, ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿਨ੍ਹਾਂ ਨੇਪਾਲੀਆਂ ਨੂੰ ਉਨ੍ਹਾਂ ਫੌਜੀ ਬਲਾਂ ਵਿੱਚ ਭਰਤੀ ਕੀਤਾ ਗਿਆ ਹੈ, ਉਨ੍ਹਾਂ ਨੂੰ "ਭਾੜੇ ਦੇ ਫੌਜੀਆਂ ਵਾਂਗ ਨਹੀਂ ਮੰਨਿਆ ਜਾਵੇਗਾ"।

ਤਸਵੀਰ ਸਰੋਤ, OFFICIAL PUBLICATION OF LEGAL ACTS/RUSSIA
ਸਰਕਾਰ ਕੋਲ ਆਪਣੇ ਨਾਗਰਿਕਾਂ ਨੂੰ ਕਿਸੇ ਹੋਰ ਦੇਸ਼ ਦੀ ਫੌਜ ਵਿੱਚ ਭਰਤੀ ਹੋਣ ਲਈ ਸਹਾਇਤਾ ਕਰਨ ਦੀ ਕੋਈ ਨੀਤੀ ਨਹੀਂ ਹੈ।
ਬੀਬੀਸੀ ਨੇਪਾਲੀ ਨੇ ਇਸ ਮੁੱਦੇ 'ਤੇ ਮੋਸਕੋ ਵਿੱਚ ਕਾਠਮੰਡੂ ਦੇ ਰਾਜਦੂਤ ਮਿਲਨਰਾਜ ਤੁਲਾਧਰ ਨਾਲ ਸੰਪਰਕ ਕੀਤਾ।
ਤੁਲਾਧਰ ਨੇ ਕਿਹਾ, "ਜੋ ਲੋਕ ਘੁੰਮਣ ਜਾਂ ਪੜ੍ਹਾਈ ਕਰਨ ਦੇ ਮਕਸਦ ਨਾਲ ਰੂਸ ਆਉਂਦੇ ਹਨ, ਉਹ ਹੋਰ ਕੰਮ ਨਹੀਂ ਕਰ ਸਕਦੇ। ਨੇਪਾਲ ਦਾ ਫ਼ੌਜ ਦੀ ਭਰਤੀ ਬਾਰੇ ਸਮਝੌਤਾ ਸਿਰਫ਼ ਭਾਰਤ ਅਤੇ ਬ੍ਰਿਟੇਨ ਨਾਲ ਹੀ ਹੈ, ਇਸ ਦਾ ਰੂਸ ਨਾਲ ਅਜਿਹਾ ਕੋਈ ਸਮਝੌਤਾ ਨਹੀਂ ਹੈ।"
ਉਨ੍ਹਾਂ ਨੇ ਕਿਹਾ ਕਿ ਟਿਕਟੌਕ ਦੇ ਪਾਈਆਂ ਜਾ ਰਹੀਆਂ ਵੀਡੀਓਜ਼ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ।
ਹਾਲਾਂਕਿ, ਬੀਬੀਸੀ ਵੈਰੀਫਾਈ ਇਸ ਗੱਲ ਦੀ ਪੁਸ਼ਟੀ ਕਰਨ ਦੇ ਯੋਗ ਹੈ ਕਿ ਉਨ੍ਹਾਂ ਵਿੱਚੋਂ ਕੁਝ ਵੀਡੀਓ ਰੂਸ ਦੇ ਅੰਦਰ ਉਨ੍ਹਾਂ ਥਾਵਾਂ 'ਤੇ ਫਿਲਮਾਈਆਂ ਗਈਆਂ ਹਨ ਜਿੱਥੇ ਫੌਜੀ ਸਿਖਲਾਈ ਕੈਂਪ ਸਥਿਤ ਹਨ।
ਕੁਝ ਅਕਾਊਂਟਸ ਵੱਲੋਂ ਪੋਸਟ ਕੀਤੇ ਗਏ ਦਸਤਾਵੇਜ਼ਾਂ ਦੀ ਬੀਬੀਸੀ ਰੂਸੀ ਸੇਵਾ ਦੁਆਰਾ ਪੁਸ਼ਟੀ ਕੀਤੀ ਗਈ ਹੈ।
ਬੀਬੀਸੀ ਰਸ਼ੀਅਨ ਦੇ ਪੱਤਰਕਾਰ ਐਂਡਰੀ ਕੋਜ਼ੇਨਕੋ ਨੇ ਘੱਟੋ-ਘੱਟ ਦੋ ਅਜਿਹੇ ਅਕਾਊਂਟਸ ਦੀ ਜਾਂਚ ਕੀਤੀ ਹੈ ਜਿਨ੍ਹਾਂ ਨੇ ਰੂਸੀ ਫੌਜੀ ਦਸਤਾਵੇਜ਼ਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
ਕੋਜ਼ੇਨਕੋ ਦਾ ਕਹਿਣਾ ਹੈ, "ਸਾਡੇ ਕੋਲ ਉਪਲਬਧ ਇਹ ਦੋਵੇਂ ਦਸਤਾਵੇਜ਼ ਸੰਕੇਤ ਦਿੰਦੇ ਹਨ ਕਿ ਇਹ ਦੋਵੇਂ ਨੌਜਵਾਨ ਰੂਸੀ ਫੌਜ ਵਿੱਚ ਹਨ।"
ਉਨ੍ਹਾਂ ਦਸਤਾਵੇਜ਼ਾਂ ਵਿੱਚ ਸਬੰਧਤ ਵਿਅਕਤੀਆਂ ਦੇ ਫੌਜੀ ਰੈਂਕ, ਪੂਰਾ ਨਾਂ ਅਤੇ ਮਾਪਿਆਂ ਦਾ ਨਾਮ ਦਰਸਾਇਆ ਜਾਂਦਾ ਹੈ। ਦਸਤਾਵੇਜ਼ਾਂ ਵਿੱਚ ਉਨ੍ਹਾਂ ਫੌਜੀ ਯੂਨਿਟਾਂ ਬਾਰੇ ਵੀ ਜਾਣਕਾਰੀ ਹੁੰਦੀ ਹੈ ਜਿਨ੍ਹਾਂ ਲਈ ਉਹ ਕੰਮ ਕਰਦੇ ਹਨ।

ਕੀ ਕਹਿੰਦੇ ਹਨ ਮਾਹਿਰ
ਬੀਬੀਸੀ ਨੇ ਇਸ ਮੁੱਦੇ 'ਤੇ ਰੂਸ ਦੇ ਰੱਖਿਆ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਅਤੇ ਕਾਠਮੰਡੂ ਸਥਿਤ ਰੂਸੀ ਦੂਤਾਵਾਸ ਨਾਲ ਈਮੇਲ ਰਾਹੀਂ ਸੰਪਰਕ ਕੀਤਾ। ਹਾਲਾਂਕਿ ਇਹ ਖ਼ਬਰ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨੇਪਾਲ ਵਿੱਚ ਚੰਗੇ ਮੌਕਿਆਂ ਦੀ ਘਾਟ ਨੌਜਵਾਨਾਂ ਨੂੰ ਵਿਦੇਸ਼ੀ ਫੌਜਾਂ ਵਿੱਚ ਭਰਤੀ ਹੋਣ ਲਈ ਮਜਬੂਰ ਕਰ ਰਹੀ ਸੀ।
ਤ੍ਰਿਭੁਵਨ ਯੂਨੀਵਰਸਿਟੀ ਦੇ ਸਮਾਜ-ਵਿਗਿਆਨੀ ਟੀਕਾਰਮ ਗੌਤਮ ਕਹਿੰਦੇ ਹਨ, "ਭਾਵੇਂ ਨੇਪਾਲੀ ਪੜ੍ਹਾਈ ਜਾਂ ਘੁੰਮਣ ਦੇ ਬਹਾਨੇ ਵਿਦੇਸ਼ ਜਾਂਦੇ ਹਨ ਪਰ ਉਨ੍ਹਾਂ ਦਾ ਮੁੱਖ ਉਦੇਸ਼ ਕੰਮ ਕਰਨਾ ਅਤੇ ਕਮਾਈ ਕਰਨਾ ਹੁੰਦਾ ਹੈ।"
"ਸੰਭਾਵਨਾ ਹੈ ਕਿ ਨੌਜਵਾਨ ਰੂਸੀ ਫੌਜ ਵੱਲ ਆਕਰਸ਼ਿਤ ਉਸ ਲਈ ਵੀ ਹੋਏ ਹਨ ਕਿਉਂਕਿ ਫੌਜ ਵਿੱਚ ਉਨ੍ਹਾਂ ਨੂੰ ਕੁਝ ਮਹੀਨਿਆਂ ਵਿੱਚ ਤਨਖ਼ਾਹ ਮਿਲਦੀ ਹੈ। ਇਹ ਓਨੀ ਹੀ ਰਕਮ ਹੁੰਦੀ ਜੋ ਉਨ੍ਹਾਂ ਨੂੰ ਕਮਾਉਣ ਲਈ ਕੁਝ ਸਾਲ ਲੱਗ ਜਾਂਦੇ ਹਨ।”
ਨੇਪਾਲ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਰੂਸ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ 1,729 ਨੇਪਾਲੀ ਵੱਖ-ਵੱਖ ਉਦੇਸ਼ਾਂ ਨਾਲ ਰੂਸ ਗਏ ਹਨ।
ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਮੁਤਾਬਕ, 749 ਨੇਪਾਲੀ ਵਿਦਿਆਰਥੀ ਵਜੋਂ ਰੂਸ ਗਏ ਹਨ ਅਤੇ 356 ਨੇਪਾਲੀ ਰੁਜ਼ਗਾਰ ਲਈ ਰੂਸ ਗਏ ਹਨ।
ਰੂਸ ਵਿੱਚ ਜਿਨ੍ਹਾਂ ਨੇਪਾਲੀਆਂ ਨਾਲ ਅਸੀਂ ਗੱਲ ਕੀਤੀ ਸੀ, ਰਾਜ ਸਮੇਤ ਜਿਨ੍ਹਾਂ ਨੇ ਉਨ੍ਹਾਂ ਦੀ ਰੂਸੀ ਫੌਜ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ ਸੀ, ਉਹ ਸਾਰੇ ਗੌਤਮ ਦੇ ਤਰਕ ਨਾਲ ਮੇਲ ਖਾਂਦੇ ਸਨ।

ਤਸਵੀਰ ਸਰੋਤ, Reuters
ਇੱਕ ਵਿਅਕਤੀ, ਜਿਸ ਨੇ ਕਿਹਾ ਕਿ ਉਹ ਰੂਸੀ ਫੌਜ ਵਿੱਚ ਸ਼ਾਮਿਲ ਹੋਇਆ ਹੈ ਅਤੇ ਟਿਕਟੌਕ ਵੀਡੀਓ ਬਣਾਈ ਹੈ, ਉਸ ਨੇ ਕਿਹਾ, "ਅਸੀਂ ਇੱਥੇ ਪੈਸਿਆਂ ਲਈ ਆਏ ਹਾਂ।"
ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਨੇਪਾਲ ਵਿੱਚ ਓਨੀ ਕਮਾਈ ਨਹੀਂ ਕਰ ਸਕਦੇ ਜਿੰਨੀ ਸਾਨੂੰ ਇੱਥੇ ਪੇਸ਼ਕਸ਼ ਕੀਤੀ ਜਾਂਦੀ ਹੈ। ਤੁਸੀਂ ਦੂਜੇ ਦੇਸ਼ਾਂ ਵਿੱਚ ਵੀ ਇੰਨੀ ਰਕਮ ਨਹੀਂ ਕਮਾ ਸਕਦੇ। ਕੋਈ ਵੀ ਜਿਸ ਨੂੰ ਦਿਲ ਦੀ ਬਿਮਾਰੀ ਨਹੀਂ ਹੈ ਉਹ ਇੱਥੇ ਆ ਸਕਦਾ ਹੈ।"
ਅਸੀਂ ਇੱਕ ਹੋਰ ਨੌਜਵਾਨ ਨਾਲ ਗੱਲਬਾਤ ਕੀਤੀ, ਉਸ ਨੇ ਦੱਸਿਆ, "ਜੇ ਅਸੀਂ ਆਪਣੀ ਜ਼ਿੰਦਗੀ ਨਾਲ ਪਿਆਰ ਖ਼ਾਤਿਰ ਨੇਪਾਲ ਵਾਪਸ ਆ ਵੀ ਜਾਈਏ ਤਾਂ ਸਾਨੂੰ ਉੱਥੇ ਕਿਹੜੀ ਨੌਕਰੀ ਮਿਲੇਗੀ?"
ਰੂਸੀ ਸਰਕਾਰ ਉਨ੍ਹਾਂ ਲੋਕਾਂ ਨੂੰ ਵਧੇਰੇ ਤਨਖ਼ਾਹ ਦੇਣ ਦਾ ਵਾਅਦਾ ਕਰਦੀ ਹੈ ਜੋ ਉਨ੍ਹਾਂ ਲਈ ਯੂਕਰੇਨ ਵਿੱਚ ਲੜਨਗੇ।
ਰਾਜ ਨੇ ਕਿਹਾ ਕਿ ਸਿਖਲਾਈ ਦੀ ਮਿਆਦ ਤੱਕ, ਨੇਪਾਲੀਆਂ ਨੂੰ 60,000 ਨੇਪਾਲੀ ਰੁਪਏ ਦੇ ਬਰਾਬਰ ਤਨਖ਼ਾਹ ਦਿੱਤੀ ਜਾਂਦੀ ਹੈ।
ਇੱਕ ਹੋਰ ਵਿਅਕਤੀ ਜੋ ਕਹਿੰਦਾ ਹੈ ਕਿ ਉਹ ਰੂਸੀ ਫੌਜੀ ਸਿਖਲਾਈ ਵਿੱਚ ਹੈ ਅਤੇ ਉਸ ਦੇ ਇਕਰਾਰਨਾਮੇ ਵਿੱਚ ਕਿਹਾ ਗਿਆ ਹੈ ਕਿ "ਸਿਖਲਾਈ ਦੀ ਮਿਆਦ ਦੇ ਬਾਅਦ ਉਸ ਨੂੰ 1,95,000 ਰੂਬਲ ਦੀ ਮਾਸਿਕ ਤਨਖਾਹ ਦਾ ਭੁਗਤਾਨ ਕੀਤਾ ਜਾਵੇਗਾ।"
ਰਾਜ ਨੇ ਕਿਹਾ, "ਤਨਖਾਹ ਤਿੰਨ ਲੱਖ ਨੇਪਾਲੀ ਰੁਪਏ ਤੋਂ ਵੱਧ ਹੈ। ਸਪੱਸ਼ਟ ਤੌਰ 'ਤੇ, (ਇਕਰਾਰਨਾਮੇ ਵਿੱਚ) ਕਿਹਾ ਗਿਆ ਹੈ ਕਿ ਇੱਕ ਸਾਲ ਦਾ ਇਕਰਾਰਨਾਮਾ ਪੂਰਾ ਹੋਣ ਤੋਂ ਬਾਅਦ, (ਸਿਪਾਹੀਆਂ ਨੂੰ) ਰੂਸੀ ਪਾਸਪੋਰਟ ਮਿਲਣਗੇ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਰੂਸ ਲਿਆ ਸਕਦੇ ਹਨ।"
ਨੋਟ: ਰੂਸ ਵਿੱਚ ਜਿਨ੍ਹਾਂ ਨੇਪਾਲੀਆਂ ਬਾਰੇ ਅਸੀਂ ਗੱਲ ਕੀਤੀ ਹੈ ਉਨ੍ਹਾਂ ਦੀ ਪਛਾਣ ਅਤੇ ਤਸਵੀਰਾਂ, ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਗੁਪਤ ਰੱਖੀਆਂ ਗਈਆਂ ਹਨ।












