ਯੂਰਪ ਤੱਕ ਜਾਨਲੇਵਾ ਸਫ਼ਰ: ‘‘ਮੇਰੀਆਂ ਜ਼ਖ਼ਮੀ ਲੱਤਾਂ ਨੂੰ ਪੁਲਿਸ ਨੇ 6 ਸਿਗਰਟਾਂ ਨਾਲ ਸਾੜਿਆ’’

- ਲੇਖਕ, ਓਕਸਾਨਾ ਐਂਟੋਨੇਨਕੋ ਅਤੇ ਲੀਨਾ ਸ਼ੇਖੌਨੀ
- ਰੋਲ, ਬੀਬੀਸੀ ਰਸ਼ੀਅਨ ਤੇ ਬੀਬੀਸੀ ਅਰਬੀ
“ਜਦੋਂ ਮੈਂ ਜੰਗਲ ਵਿੱਚ ਬਿਤਾਏ ਕਾਲੇ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਸਦਮੇ ਵਿੱਚ ਚਲਾ ਜਾਂਦਾ ਹਾਂ।”
ਯੂਰਪ ਵਿੱਚ ਸ਼ਰਨ ਲੈਣ ਦੇ ਚਾਹਵਾਨ ਸੀਰੀਆ ਦੇ ਅਬਦੁੱਲਾ ਰਹਿਮਾਨ ਕੀਵਾਨ ਨੇ ਬੀਬੀਸੀ ਨੂੰ ਇਹ ਗੱਲ ਇੱਕ ਜ਼ੂਮ ਕਾਲ ਦੌਰਾਨ ਕਹੀ।
ਇਹ ਬੀਤੇ ਦਸੰਬਰ ਦੀ ਹੀ ਗੱਲ ਹੈ। ਦਸੰਬਰ ਦਾ ਠੰਢਾ ਦਿਨ ਸੀ। ਉਹ ਭਾਰੀ ਬਰਫ਼ ਵਿਚਕਾਰ ਘਿਰਿਆ ਹੋਇਆ ਸੀ ਅਤੇ ਥੱਕ ਹਾਰ ਕੇ ਡਿੱਗ ਗਿਆ ਸੀ, ਉਸ ਦੇ ਬਚ ਨਿਕਲਣ ਦੀ ਬਹੁਤ ਘੱਟ ਉਮੀਦ ਸੀ।
ਅਬਦੁੱਲਾ ਰਹਿਮਾਨ ਕਹਿੰਦੇ ਹਨ, “ਮੇਰੀ ਬੱਸ ਹੋ ਗਈ ਸੀ। ਮੇਰੀਆਂ ਜ਼ਖਮੀ ਹੋਈਆਂ ਲੱਤਾਂ ਹੋਰ ਨਹੀਂ ਝੱਲ ਸਕਦੀਆਂ ਸੀ।”
ਉਹ ਬੇਲਾਰੂਸ ਨੂੰ ਯੂਰਪੀ ਯੂਨੀਅਨ ਮੈਂਬਰ ਲਾਤਵੀਆ ਤੋਂ ਵੱਖਰਾ ਕਰਦੇ ਜੰਗਲ ਵਿੱਚ ਹਫ਼ਤਿਆਂ ਤੋਂ ਤੁਰ ਰਿਹਾ ਸੀ। ਦੋਹੇਂ ਪਾਸਿਆਂ ਤੋਂ ਸਰਹੱਦੀ ਗਾਰਡ ਉਸ ਨੂੰ ਦੋਹਾਂ ਦੇਸ਼ਾਂ ਵਿਚਕਾਰ ਇੱਧਰ ਤੋਂ ਉਧਰ ਧੱਕ ਰਹੇ ਸਨ।
ਉਹ ਕਹਿੰਦੇ ਹਨ ਕਿ ਯੂਰਪ ਪਹੁੰਚਣਾ ‘ਮੌਤ ਦਾ ਸਫਰ’ ਸੀ ਪਰ ਉਸ ਨੂੰ ਇਹ ਸਫਰ ਤੈਅ ਕਰਨਾ ਪੈਣਾ ਸੀ ਕਿਉਂਕਿ ਸੀਰੀਆ ਵਿੱਚ ਜੰਗ ਚੱਲ ਰਹੀ ਸੀ। ਜੰਗ ਵਿੱਚ ਜ਼ਖਮੀ ਹੋਈ ਲੱਤ ਨਾਲ ਜਦੋਂ ਉਹ ਸਿਰਫ਼ ਥੋੜ੍ਹਾ ਤੁਰ ਸਕਦਾ ਸੀ ਤਾਂ ਅਬਦੁੱਲਾ ਰਹਿਮਾਨ ਨੂੰ ਯੂਰਪ ਪਹੁੰਚਣ ਲਈ ਅਸਾਨ ਰਸਤਾ ਚਾਹੀਦਾ ਸੀ।
ਫੇਸਬੁੱਕ ‘ਤੇ ਅਣ-ਵੈਰੀਫਾਈਡ ਯੂਜ਼ਰਜ਼ ਵੱਲੋਂ ਪਾਈਆਂ ਪੋਸਟਾਂ ਰੂਸ ਲਈ ਵੀਜ਼ਾ ਅਤੇ ਬੇਲਾਰੂਸ ਜ਼ਰੀਏ ਤਸਕਰਾਂ ਦੀ ਮਦਦ ਨਾਲ ਰੂਟ ਦੀ ਮਸ਼ਹੂਰੀ ਕਰਦੀਆਂ ਹਨ।
ਉਸ ਦੇ ਦੋਸਤ ਪਹਿਲਾਂ ਹੀ ਸਫਰ ਤੈਅ ਕਰ ਚੁੱਕੇ ਹਨ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਇਹ ਉਸ ਲਈ ਸਭ ਤੋਂ ਬਿਹਤਰ ਵਿਕਲਪ ਸੀ ਪਰ ਸੱਚਾਈ ਕੁਝ ਹੋਰ ਮੁਸ਼ਕਲ ਸਾਬਿਤ ਹੋਈ।

ਦੋ ਸਰਹੱਦਾਂ ਦੀ ਕਹਾਣੀ
ਨਵੰਬਰ ਵਿੱਚ ਬੇਲਾਰੂਸ ਜ਼ਰੀਏ ਪੋਲੈਂਡ ਜਾਣ ਦੀਆਂ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਅਬਦੁੱਲਾਰਹਿਮਾਨ ਅਤੇ ਕਈ ਹੋਰਾਂ ਨੇ ਯੂਰਪੀਅਨ ਯੂਨੀਅਨ ਦੇ ਲਾਤਵੀਆ ਪਹੁੰਚਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕਰੀਬ ਤੀਹ ਇੰਚ ਬਰਫ਼ ਦਰਮਿਆਨ, ਭੁੱਖਾਂ, ਤੇਹਾਂ ਕੱਟ ਕੇ ਜੰਗਲ ਵਿੱਚ ਦਰਜਨਾਂ ਕਿੱਲੋਮੀਟਰ ਦਾ ਸਫਰ ਤੁਰ ਕੇ ਤੈਅ ਕੀਤਾ।
ਅਬਦੁੱਲਾ ਰਹਿਮਾਨ ਦੱਸਦੇ ਹਨ, “ਅਸੀਂ ਠੰਢ ਨਾਲ ਕੰਬ ਰਹੇ ਸੀ। ਜਦੋਂ ਤੁਰਦੇ ਸੀ ਤਾਂ ਸਰੀਰ ਵਿੱਚ ਥੋੜ੍ਹੀ ਗਰਮੀ ਆਉਂਦੀ ਸੀ। ਪਰ ਜਦੋਂ ਬੈਠਦੇ ਸੀ ਤਾਂ ਲਗਦਾ ਸੀ ਕਿ ਕੱਪੜੇ ਬਰਫ਼ ਕਰਕੇ ਨੁਚੜ ਰਹੇ ਹਨ।”
ਜਦੋਂ ਉਨ੍ਹਾਂ ਕੋਲ ਪਾਣੀ ਖਤਮ ਹੋ ਗਿਆ ਤਾਂ ਬਰਫ਼ ਦੇ ਗੋਲਿਆਂ ਵਿੱਚੋਂ ਪਾਣੀ ਚੂਸਿਆ ਤਾਂ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ।
ਉਸ ਨੇ ਕਿਹਾ, “ਅਸੀਂ ਬਿਲਕੁਲ ਨਾ-ਉਮੀਦ ਹੋ ਚੁੱਕੇ ਸੀ। ਇੱਥੋਂ ਤੱਕ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਸੰਦੇਸ਼ ਵੀ ਭੇਜੇ ਕਿ ਸਾਨੂੰ ਮਾਫ਼ ਕਰ ਦੇਣ ਕਿਉਂਕਿ ਸਾਨੂੰ ਨਹੀਂ ਲਗਦਾ ਸੀ ਕਿ ਅਸੀਂ ਬਚਾਂਗੇ।”
ਸੀਰੀਆ ਤੋਂ ਹੀ ਇੱਕ ਹੋਰ ਸ਼ਖ਼ਸ ਈਸਾਮ ਵੀ ਅਬਦੁੱਲਾਰਹਿਮਾਨ ਦੇ ਨਾਲ ਇਸ ਸਫਰ ਵਿੱਚ ਸੀ।
ਦੋਹਾਂ ਨੇ ਜੰਗਲ ਵਿੱਚ ਹਫ਼ਤੇ ਗੁਜ਼ਾਰੇ। ਜਿਵੇਂ ਹੀ ਉਹ ਲਾਤਵੀਆ ਪਹੁੰਚੇ, ਸਰਹੱਦ ’ਤੇ ਤੈਨਾਤ ਗਾਰਡ ਉਨ੍ਹਾਂ ਨੂੰ ਵਾਪਸ ਬੇਲਾਰੂਸ ਧੱਕ ਦਿੰਦੇ ਅਤੇ ਉਧਰਲੇ ਸਰਹੱਦੀ ਗਾਰਡ ਉੱਧਰੋਂ ਧੱਕ ਦਿੰਦੇ।
ਈਸਾਮ ਕਹਿੰਦੇ ਹਨ, “ਅਸੀਂ ਲਾਤਵੀਆ ਦੇ ਗਾਰਡਾਂ ਨੂੰ ਕਹਿੰਦੇ ਰਹੇ-ਬੇਲਾਰੂਸ ਸਰਹੱਦੀ ਜਵਾਨ ਸਾਨੂੰ ਵਾਪਸ ਮਿੰਸਕ ਨਹੀਂ ਜਾਣ ਦੇ ਰਹੇ ਅਤੇ ਤੁਸੀਂ ਸਾਨੂੰ ਲਾਤਵੀਆ ਨਹੀਂ ਆਉਣ ਦੇ ਰਹੇ। ਅਸੀਂ ਕੀ ਕਰੀਏ”,
ਲਾਤਵੀਆ ਵਿੱਚ, ਬਾਰਡਰ ਗਾਰਡਾਂ ਨੇ ਉਨ੍ਹਾਂ ਨੂੰ ਟੈਂਟ ਵਿੱਚ ਡੀਟੇਨ ਕਰ ਲਿਆ। ਅਬਦੁੱਲਾਰਹਿਮਾਨ ਅਤੇ ਈਸਾਮ ਨੇ ਉਸ ਟੈਂਟ ਬਾਰੇ ਦੱਸਿਆ ਕਿ ਕਾਫ਼ੀ ਗੰਦਾ ਅਤੇ ਭੀੜਾ ਸੀ।
ਅਬਦੁੱਲਾਰਹਿਮਾਨ ਅੰਦਾਜ਼ਾ ਲਾਉਂਦੇ ਹਨ ਕਿ ਬੇਲਾਰੂਸ ਸਰਹੱਦ ਵੱਲ ਉਨ੍ਹਾਂ ਦੇ ਮੁੱਖ ਦਫ਼ਤਰ ਤੋਂ ਕੁਝ ਕੁ ਘੰਟਿਆਂ ਦੀ ਦੂਰੀ ’ਤੇ ਸਥਿਤ ਸੀ।
“ਉੱਥੇ ਕੋਈ ਪਖਾਨਾ ਨਹੀਂ ਸੀ, ਨਾ ਪਾਣੀ ਸੀ, ਕੁਝ ਵੀ ਨਹੀਂ ਸੀ। ਇਜਾਜ਼ਤ ਤੋਂ ਬਿਨ੍ਹਾਂ ਅਸੀਂ ਟੈਂਟ ਤੋਂ ਬਾਹਰ ਨਹੀਂ ਜਾ ਸਕਦੇ ਸੀ”, ਈਸਾਮ ਨੇ ਦੱਸਿਆ ਅਤੇ ਕਿਹਾ ਕਿ ਇਹ ਬਹੁਤ ਅਪਮਾਨਜਨਕ ਵਤੀਰਾ ਸੀ।

ਹਿੰਸਾ ਦੇ ਇਲਜ਼ਾਮ
ਅਬਦੁੱਲਾ ਰਹਿਮਾਨ ਕਹਿੰਦੇ ਹਨ ਕਿ ਲਾਤਵੀਆ ਦੇ ਟੈਂਟ ਵਿੱਚ ਅਫਸਰਾਂ ਨੇ ਉਸ ਦੀਆਂ ਜ਼ਖਮੀ ਲੱਤਾਂ ਨੂੰ ਕੁੱਟਿਆ। ਫਿਰ ਵਾਪਸ ਸਰਹੱਦ ਦੇ ਉਸ ਪਾਰ ਧੱਕਿਆ ਗਿਆ। ਸਰਹੱਦ ਪਾਰ ਕਰਨ ਦੀ ਤੀਜੀ ਕੋਸ਼ਿਸ਼ ਵਿੱਚ ਉਹ ਬੇਹੋਸ਼ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਜਾਗਿਆ ਤਾਂ ਸਿਪਾਹੀਆਂ ਨੇ ਉਸ ਨੂੰ ਹੇਠਾਂ ਸੁੱਟਿਆਂ ਅਤੇ ਉਸ ਦੀ ਜ਼ਖਮੀ ਲੱਤ ਨੂੰ ਛੇ ਸਿਗਰਟਾਂ ਨਾਲ ਦਾਗਿਆ।
ਅਬਦੁੱਲਾ ਰਹਿਮਾਨ ਕਹਿੰਦੇ ਹਨ ਕਿ ਉਸ ਨੂੰ ਕਰੀਬ ਦੋ ਹਫ਼ਤੇ ਤੱਕ ਟੈਂਟ ਵਿੱਚ ਰੱਖਿਆ ਗਿਆ। ਜਨਵਰੀ ਵਿੱਚ ਜਦੋਂ ਉਸ ਦੀ ਸਿਹਤ ਵਿਗੜੀ ਤਾਂ ਉਸ ਨੂੰ ਲਾਤਵੀਆ ਵਿੱਚ ਨੇੜਲੇ ਹਸਪਤਾਲ ਲਿਆਂਦਾ ਗਿਆ।
ਈਸਾਮ ਵੀ ਕਹਿੰਦੇ ਹਨ ਕਿ ਉਸ ਨਾਲ ਵੀ ਸਰਹੱਦੀ ਅਫਸਰਾਂ ਨੇ ਕੁੱਟ ਮਾਰ ਕੀਤੀ ਸੀ।
ਈਸਾਮ ਨੇ ਦੱਸਿਆ ਕਿ ਉਸ ਨੇ ਅਫਸਰਾਂ ਨੂੰ ਇੱਕ ਸੋਲਾਂ ਸਾਲਾਂ ਦੇ ਮੁੰਡੇ ਅਤੇ ਇੱਕ ਮੁਟਿਆਰ ਨਾਲ ਕੁੱਟ-ਮਾਰ ਕਰਦਿਆਂ ਵੀ ਵੇਖਿਆ ਜੋ ਕਿ ਉਨ੍ਹਾਂ ਨੂੰ ਦੇਸ਼ ਅੰਦਰ ਦਾਖਲ ਹੋਣ ਦੇਣ ਦੀ ਦੁਹਾਈ ਪਾ ਰਹੀ ਸੀ।
ਈਸਾਮ ਕਹਿੰਦੇ ਹਨ, “ਜਦੋਂ ਮੈਂ ਉਨ੍ਹਾਂ ਨਾਲ ਟਾਕਰਾ ਲਿਆ ਅਤੇ ਪੁੱਛਿਆ ਕਿ ਔਰਤ ਨੂੰ ਕਿਉਂ ਮਾਰ ਰਹੇ ਹਨ ਤਾਂ ਉਨ੍ਹਾਂ ਨੇ ਮੈਨੂੰ ਕੁੱਟਿਆ। ਇੱਕ ਗਾਰਡ ਨੇ ਮੈਨੂੰ ਪੈਰਾਂ ਨਾਲ ਮਾਰਿਆ।”

ਸਰਹੱਦ ਪਾਰ ਕਰਨ ਦੀ ਕੀ ਹੈ ਮਸਲਾ ?
- ਯੂਰਪੀ ਯੂਨੀਅਨ ਅਤੇ ਬੇਲਾਰੂਸ ਵਿਚਲੀ ਸਰਹੱਦ ਤਾਜ਼ਾ ਫਲੈਸ਼ ਪੁਆਇੰਟ ਹੈ।
- ਯੂਰਪੀ ਯੂਨੀਅਨ ਦਾ ਦੇਸ਼ ਮਿੰਸਕ ਅਤੇ ਇਸ ਦਾ ਸਾਥੀ ਰੂਸ ਪਰਵਾਸੀਆਂ ਨੂੰ ਹਾਈਬ੍ਰਿਡ ਜੰਗ ਦੇ ਹਥਿਆਰ ਵਜੋਂ ਵਰਤਣ ਦੇ ਇਲਜ਼ਾਮ ਲਗਾਉਂਦੇ ਹਨ।
- ਲਾਤਵੀਆ ਪਰਵਾਸੀਆਂ ਨੂੰ ਜੰਗ ਦੇ ਹਥਿਆਰ ਮੰਨਦਾ ਹੈ।
- ਭਾਵੇਂ ਲਾਤਵੀ ਬੇਲਾਰੂਸ ਦਾ "ਗੈਰ-ਕਾਨੂੰਨੀ ਪ੍ਰਵਾਸੀਆਂ" ਵਿਰੁੱਧ ਕਾਰਵਾਈ ਦੇ ਸਰਕਾਰੀ ਫੈਸਲੇ ਦਾ ਸਮਰਥਨ ਕਰਦੇ ਹਨ ਪਰ ਕੁਝ ਲੋਕ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੰਦੇ ਹਨ।

ਹਾਈਬ੍ਰਿਡ ਜੰਗ
ਦੌਲਤਮੰਦ 27 ਮੈਂਬਰੀ ਆਰਥਿਕ ਤੇ ਸਿਆਸੀ ਯੂਨੀਅਨ ਵਿੱਚ ਪ੍ਰਵਾਸ ਦਾ ਮਸਲਾ ਸਾਲਾਂ ਤੋਂ ਫੁੱਟ ਪਾਉਣ ਵਾਲਾ ਮਸਲਾ ਰਿਹਾ ਹੈ।
ਯੂਰਪੀਅਨ ਯੂਨੀਅਨ ਅਤੇ ਬੇਲਾਰੂਸ ਵਿਚਲੀ ਸਰਹੱਦ ਤਾਜ਼ਾ ਫਲੈਸ਼ ਪੁਆਇੰਟ ਹੈ।
ਸਾਲ 2020 ਦੀਆਂ ਵਿਵਾਦਤ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਦੋਂ ਤੋਂ ਬ੍ਰਸੇਲ੍ਜ਼ ਨੇ ਮਿੰਸਕ ਉੱਤੇ ਪਾਬੰਦੀ ਲਗਾਈ ਤਾਂ , ਰਿਸ਼ਤੇ ਖਰਾਬ ਹੋਏ।
ਯੂਰਪੀਅਨ ਯੂਨੀਅਨ ਦਾ ਦੇਸ਼ ਮਿੰਸਕ ਅਤੇ ਇਸ ਦਾ ਸਾਥੀ ਰੂਸ ਪਰਵਾਸੀਆਂ ਨੂੰ ਹਾਈਬ੍ਰਿਡ ਜੰਗ ਦੇ ਹਥਿਆਰ ਵਜੋਂ ਵਰਤਣ ਦੇ ਇਲਜ਼ਾਮ ਲਗਾਉਂਦੇ ਹਨ।
ਲਾਤਵੀਆ ਪਰਵਾਸੀਆਂ ਨੂੰ ਜੰਗ ਦੇ ਹਥਿਆਰ ਮੰਨਦਾ ਹੈ ਜਿਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਸਰਹੱਦ ਤੋਂ ਵਾਪਸ ਧੱਕਿਆ ਜਾਣਾ ਚਾਹੀਦਾ ਹੈ।
ਉਸ ਦਾ ਕਹਿਣਾ ਹੈ ਕਿ ਉਸ ਨੇ ਅਗਸਤ 2021 ਤੋਂ ਲੈ ਕੇ ਪਰਵਾਸੀਆਂ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਸਰਹੱਦ ਪਾਰ ਕਰਨ ਦੀਆਂ 10,524 ਕੋਸ਼ਿਸ਼ਾਂ ਨਾਕਾਮ ਕੀਤੀਆਂ ਹਨ।
ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਲਾਤਵੀਆ ਦੇ ਅੰਦਰੂਨੀ ਮੰਤਰਾਲੇ ਨੇ ਕਿਹਾ, “ਲਾਤਵੀਆ ਅਤੇ ਯੂਰਪੀਅਨ ਯੂਨੀਅਨ ਦੀ ਸਰਹੱਦ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ।”
ਉਨ੍ਹਾਂ ਇਹ ਵੀ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਸਵੀਕਾਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ।
ਮੰਤਰਾਲੇ ਨੇ ਦੇਸ਼ ਅੰਦਰ ਦਾਖਲ ਹੋਣੋਂ ਰੋਕਣ ਲਈ ਪਰਵਾਸੀਆਂ ਨਾਲ ਕੀਤੇ ਬੁਰੇ ਵਤੀਰੇ ਤੋਂ ਇਨਕਾਰ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ, “ਜਿਨ੍ਹਾਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਿਆ ਜਾਂਦਾ ਹੈ, ਉਨ੍ਹਾਂ ਨੂੰ ਜ਼ਰੂਰੀ ਮੈਡੀਕਲ ਸਹਾਇਤਾ ਸਮੇਤ ਹੋਰ ਮਨੁੱਖਤਾਵਾਦੀ ਸਹਿਯੋਗ ਮੁਹੱਈਆ ਕਰਵਾਇਆ ਜਾਂਦਾ ਹੈ।”

ਤਸਵੀਰ ਸਰੋਤ, LETA
ਵਲੰਟੀਅਰਾਂ ਖਿਲਾਫ਼ ਅਪਰਾਧਿਕ ਕੇਸ
ਭਾਵੇਂ ਕਿ ਲਾਤਵੀਆ ਵਿੱਚ ਬਹੁਤ ਸਾਰੇ ਲੋਕ ਬੇਲਾਰੂਸ ਨੂੰ "ਗੈਰ-ਕਾਨੂੰਨੀ ਪ੍ਰਵਾਸੀ" ਵਜੋਂ ਦਰਸਾਉਣ ਵਾਲੇ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਦੇ ਹਨ ਪਰ ਕੁਝ ਲੋਕ ਇਸਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਈਵਾ ਰੌਬਿਸ਼ਕੋ ਇਹਨਾਂ ਵਿੱਚੋਂ ਇੱਕ ਹੈ।
ਉਹ ਪੱਛਮੀ ਏਸ਼ੀਆ ਤੋਂ ਆਏ ਪ੍ਰਵਾਸੀਆਂ ਦੀ ਮਦਦ ਕਰ ਰਹੇ ਹਨ। ਇਹਨਾਂ ਵਿੱਚ ਖਾਸ ਤੌਰ 'ਤੇ ਉਹ ਲੋਕ ਹਨ ਜੋ ਲਾਤਵੀਆ ਅਤੇ ਬੇਲਾਰੂਸ ਦੀ ਸਰਹੱਦ ਦੇ ਵਿਚਕਾਰ ਫਸੇ ਹੁੰਦੇ ਹਨ।
ਜਦੋਂ ਇਸਮ ਅਤੇ ਉਸਦਾ ਗਰੁੱਪ ਸਮੱਸਿਆ ਵਿੱਚ ਸਨ ਤਾਂ ਉਨ੍ਹਾਂ ਨੇ ਮਦਦ ਲਈ ਵਲੰਟੀਅਰਾਂ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਫਿਰ ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਵਿੱਚ ਕੇਸ ਪਾਇਆ।
ਅਦਾਲਤ ਨੇ ਲਾਤਵੀਆ ਨੂੰ ਅਸਥਾਈ ਤੌਰ 'ਤੇ ਪ੍ਰਵਾਸੀਆਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਅਤੇ ਉਹਨਾਂ ਲਈ ਅੰਤਰਿਮ ਜਾਂ ਜ਼ਰੂਰੀ ਉਪਾਅ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ।
ਈਵਾ ਅਤੇ ਇੱਕ ਸਾਥੀ ਇਹ ਯਕੀਨੀ ਬਣਾਉਣ ਲਈ ਸਰਹੱਦ 'ਤੇ ਪਹੁੰਚੇ ਕਿ ਇਸਮ ਅਤੇ ਉਸਦੇ ਗਰੁੱਪ ਨੂੰ ਦੇਸ਼ ਤੋਂ ਬਾਹਰ ਨਾ ਕੱਢ ਦਿੱਤਾ ਗਿਆ ਹੋਵੇ।
ਈਵਾ ਨੇ ਕਿਹਾ, "ਅਸੀਂ ਦੋ ਘੰਟੇ ਇੰਤਜ਼ਾਰ ਕੀਤਾ।"
"ਸਾਨੂੰ ਯਕੀਨ ਨਹੀਂ ਸੀ ਕਿ ਉਹ ਅਜਿਹਾ ਕਰਨਗੇ ਜਾਂ ਨਹੀਂ ਪਰ ਉਨ੍ਹਾਂ ਨੇ ਕੀਤਾ। ਉਹ ਬਰਫ਼ 'ਤੇ ਡਿੱਗ ਪਏ, ਇੱਕ ਕੰਬ ਰਿਹਾ ਸੀ। ਅਸੀਂ ਹੈਰਾਨ ਰਹਿ ਗਏ।"
ਪਰ 2021 ਤੋਂ ਬਾਅਦ ਏਥੇ ਐਮਰਜੈਂਸੀ ਦਾ ਮਤਲਬ ਹੈ ਕਿ ਵਲੰਟੀਅਰਾਂ, ਪੱਤਰਕਾਰਾਂ ਅਤੇ ਨਾ ਹੀ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਖਾਸ ਇਜਾਜ਼ਤ ਤੋਂ ਬਿਨਾਂ ਸਰਹੱਦੀ ਖੇਤਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।
ਈਵਾ ਅਤੇ ਉਸ ਦਾ ਸਾਥੀ ਐਗਿਲਸ ਉੱਥੇ ਗੈਰ-ਕਾਨੂੰਨੀ ਤੌਰ 'ਤੇ ਮੌਜੂਦ ਸਨ।
ਉਹ ਦੋਵੇਂ ਹੁਣ ਇੱਕ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਲਾਤਵੀਆ ਵਿੱਚ ਜਾਣ ਦੀ ਮਦਦ ਕਰਦੇ ਹਨ।
ਈਵਾ ਸੋਚਦੇ ਹਨ ਕਿ ਮੁਕੱਦਮੇ ਦਾ ਇੱਕ ਚੰਗਾ ਪੱਖ ਹੋ ਸਕਦਾ ਹੈ।
"ਸਾਡੇ ਉਪਰ ਅਪਰਾਧਿਕ ਕੇਸ ਨੇ ਪ੍ਰਵਾਸੀਆਂ ਦੇ ਸਮਰਥਨ ਵਿੱਚ ਹੋਰ ਲੋਕਾਂ ਨੂੰ ਬੋਲਣ ਲਈ ਮਜਬੂਰ ਕੀਤਾ… ਇਹ ਉਹ ਲੋਕ ਸਨ ਜੋ ਹੁਣ ਤੱਕ ਚੁੱਪ ਸੀ।"
ਉਹ ਕਹਿੰਦੇ ਹਨ, "ਜੇਕਰ ਅਸੀਂ ਇਹਨਾਂ ਲੋਕਾਂ ਨੂੰ ਕਾਨੂੰਨੀ ਤੌਰ ਤਰੀਕੇ ਨਾਲ ਸ਼ਰਣ ਲਈ ਅਰਜ਼ੀ ਦੇਣ ਦਾ ਮੌਕਾ ਨਹੀਂ ਦਿੰਦੇ ਹਾਂ, ਤਾਂ ਗੈਰ-ਕਾਨੂੰਨੀ ਤਸਕਰੀ ਵਧੇਗੀ।"
ਅਬਦੁੱਲਾ ਰਹਿਮਾਨ ਹੁਣ ਸੁਰੱਖਿਅਤ ਰੂਪ ਨਾਲ ਯੂਰਪੀ ਦੇਸ਼ ਪਹੁੰਚ ਗਿਆ ਹੈ। ਪਰ ਉਹ ਸੁਰੱਖਿਆ ਕਾਰਨਾਂ ਕਰਕੇ ਆਪਣੇ ਸਹੀ ਟਿਕਾਣੇ ਦਾ ਖੁਲਾਸਾ ਨਹੀਂ ਕਰਨਾ ਚਾਹੁੰਦਾ।
ਇਸਮ ਨੇ ਲਾਤਵੀਆ ਵਿੱਚ ਆਪਣੀ ਸ਼ਰਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਜਲਦੀ ਹੀ ਨੀਦਰਲੈਂਡ ਲਈ ਰਵਾਨਾ ਹੋਏ ਜਿੱਥੇ ਉਹਨਾਂ ਦਾ ਭਰਾ ਰਹਿੰਦਾ ਹੈ।
ਉਹ ਮਦਦ ਲਈ ਈਵਾ ਦਾ ਸ਼ੁਕਰਗੁਜ਼ਾਰ ਹੈ, ਪਰ ਵਾਪਸ ਨਹੀਂ ਆਉਣਾ ਚਾਹੁੰਦਾ।
ਇਸਮ ਕਹਿੰਦੇ ਹਨ, "ਮੈਂ ਉਸ ਦੇਸ਼ ਵਿੱਚ ਵਾਪਸ ਕਿਵੇਂ ਜਾ ਸਕਦਾ ਹਾਂ ਜਿਸਨੇ ਮੇਰੇ ਨਾਲ ਇੰਨਾ ਸਖ਼ਤ ਵਿਵਹਾਰ ਕੀਤਾ ਹੈ? ਉਨ੍ਹਾਂ ਨੇ ਸਾਨੂੰ ਕੁੱਟਿਆ ਅਤੇ ਸਾਡੇ ਨਾਲ ਬਹੁਤ ਹੀ ਵਹਿਸ਼ੀ ਢੰਗ ਨਾਲ ਪੇਸ਼ ਆਏ।"
ਇਸਮ ਅਤੇ ਅਬਦੁਲਾ ਰਹਿਮਾਨ ਦੋਵੇਂ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੂੰ ਬੇਲਾਰੂਸ ਰਾਹੀਂ ਮੁਸ਼ਕਲ ਰਸਤੇ ਦੀ ਯਾਤਰਾ ਕਰਨ 'ਤੇ ਪਛਤਾਵਾ ਹੈ।
ਇਸਮ ਕਹਿੰਦੇ ਹਨ, "ਮੈਨੂੰ ਸਹੁੰ ਲੱਗੇ ਅਸੀਂ ਸੀਰੀਆ ਵਿੱਚ ਖੁਸ਼ ਸੀ। ਪਰ ਮੈਨੂੰ ਯੁੱਧ ਅਤੇ ਮੁਸ਼ਕਲ ਜੀਵਨ ਤੋਂ ਭੱਜਣਾ ਪਿਆ।" "ਮੌਤ ਦਾ ਇਹ ਸਫ਼ਰ ਮੇਰੇ ਲਈ ਇੱਕੋ ਇੱਕ ਮੌਕਾ ਸੀ।"












