ਲੀਬੀਆ ਤੋਂ ਵਾਪਸ ਮੁੜੇ ਪੰਜਾਬੀ ਦਾ ਦਰਦ: 'ਸਾਨੂੰ ਉਦੋਂ ਤੱਕ ਕੁੱਟਦੇ ਜਦੋਂ ਤੱਕ ਉਹ ਆਪ ਨਾ ਥੱਕ ਜਾਂਦੇ'

ਵੀਡੀਓ ਕੈਪਸ਼ਨ, ਲੀਬੀਆ ਤੋਂ ਮੁੜੇ ਪੰਜਾਬੀ ਦੇ ਬੋਲ - ‘ਲਗਦਾ ਸੀ ਮੇਰੀ ਲਾਸ਼ ਵੀ ਨਹੀਂ ਆਏਗੀ’

"ਸਾਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ, ਤੇ ਉਦੋਂ ਤੱਕ ਕੁੱਟਣਾ ਜਦੋਂ ਤੱਕ ਉਹ ਆਪ ਨਹੀਂ ਥੱਕ ਜਾਂਦਾ ਸੀ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੀਬੀਆ ਤੋਂ ਵਾਪਸ ਆਏ ਲਖਵਿੰਦਰ ਸਿੰਘ ਨੇ ਕੀਤਾ।

ਲਖਵਿੰਦਰ ਸਿੰਘ ਲੀਬੀਆ ਵਿੱਚ ਫਸੇ 12 ਭਾਰਤੀ ਨੌਜਵਾਨਾਂ ਦੇ ਵਿੱਚੋਂ ਵਾਪਸ ਆਏ ਚਾਰ ਨੌਜਵਾਨਾਂ ਵਿੱਚੋਂ ਇੱਕ ਹਨ।

ਇਨ੍ਹਾਂ 4 ਨੌਜਵਾਨਾਂ ਵਿੱਚੋਂ ਇਕ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ ਤੇ 3 ਨੌਜਵਾਨਾਂ 'ਚੋਂ ਇਕ ਕਪੂਰਥਲਾ ਦਾ, ਇਕ ਮੋਗਾ ਦਾ, ਅਤੇ ਲਖਵਿੰਦਰ ਜ਼ਿਲ੍ਹਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਲੰਗਮਜਾਰੀ ਦਾ ਰਹਿਣ ਵਾਲਾ ਹੈ।

ਪਰਿਵਾਰ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਤੇ ਭਾਰਤ ਸਰਕਾਰ ਤੇ ਮੌਜੂਦਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਬੀਜੇਪੀ ਦੇ ਜ਼ਿਲਾ ਪ੍ਰਧਾਨ ਅਜੇਵਿਰ ਸਿੰਘ ਲਾਲਪੁਰਾ ਦਾ ਧੰਨਵਾਦ ਕਰ ਰਹੇ ਹਨ।

ਉਥੇ ਹੀ ਬਾਕੀ ਰਹਿ ਗਏ ਨੌਜਵਾਨਾਂ ਨੂੰ ਭਾਰਤ ਲਿਆਉਣ ਦੇ ਲਈ ਸਰਕਾਰਾਂ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਹੈ।

ਲਖਵਿੰਦਰ ਸਿੰਘ

ਤਸਵੀਰ ਸਰੋਤ, Bimal Saini/bbc

ਤਸਵੀਰ ਕੈਪਸ਼ਨ, ਲਖਵਿੰਦਰ ਸਿੰਘ ਦਾ ਘਰ ਵਾਪਸ ਮੁੜ ਉੱਤੇ ਨਿੱਘਾ ਸੁਆਗਤ ਕੀਤਾ ਗਿਆ

ਲਖਵਿੰਦਰ ਦੀ ਮਾਂ ਦਾ ਕਹਿਣਾ ਹੈ, "ਅਸੀਂ ਪਹਿਲਾਂ ਵੀ ਦੁਖੀ ਸੀ, ਪੈਸਾ ਚੁੱਕ ਕੇ ਬੱਚਾ ਬਾਹਰ ਭੇਜਿਆ ਸੀ। ਏਜੰਟ ਨੇ ਸਾਡਾ ਬੱਚਾ ਲੀਬੀਆ ਪਹੁੰਚਾ ਦਿੱਤਾ। ਉਥੇ ਸਾਡੇ ਬੱਚੇ ਭੁੱਖੇ-ਧਿਆਏ ਪਤਾ ਨਹੀਂ ਕਿਸ ਤਰ੍ਹਾਂ ਰਹੇ।"

"ਸਾਡੇ ਬੱਚੇ ਤਾਂ ਘਰ ਆ ਗਏ,ਪਰ ਜਿਨ੍ਹਾਂ ਮਾਵਾਂ ਦੇ ਬੱਚੇ ਉੱਥੇ ਫਸੇ ਹੋਏ ਸਨ, ਅਸੀਂ ਤਾਂ ਉਨ੍ਹਾਂ ਲਈ ਵੀ ਦੁਆ ਕਰਾਂਗੇ। ਏਜੰਟਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਵੱਧ ਤਨਖਾਹ ਦੱਸੀ ਸੀ

ਲੀਬੀਆ

ਤਸਵੀਰ ਸਰੋਤ, SM Viral

ਤਸਵੀਰ ਕੈਪਸ਼ਨ, ਲੀਬੀਆ ਤੋਂ ਨੌਜਵਾਨਾਂ ਨੇ ਵੀਡੀਓ ਰਿਕਾਰਡ ਕਰਕੇ ਭੇਜਿਆ ਸੀ, ਇਹ ਉਸੇ ਵੀਡੀਓ ਵਿੱਚੋਂ ਲਈ ਗਈ ਤਸਵੀਰ ਹੈ

ਲਖਵਿੰਦਰ ਸਿੰਘ ਕਹਿੰਦੇ ਹਨ ਉਹ 12ਵੀਂ ਪਾਸ ਹਨ ਅਤੇ ਪਿਛਲੇ ਡੇਢ ਸਾਲ ਤੋਂ ਘਰੇ ਹੀ ਬੈਠੇ ਸਨ। ਉਹ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ ਅਤੇ ਰੋਜ਼ੀ-ਰੋਟੀ ਦੀ ਭਾਲ ਲਈ ਬਾਹਰ ਜਾਣਾ ਚਾਹੁੰਦੇ ਸਨ।

ਉਹ ਕਹਿੰਦੇ ਹਨ, "ਕਿਸੇ ਜਾਣਕਾਰ ਦੇ ਰਾਹੀਂ ਅਸੀਂ ਟਰੈਵਲ ਏਜੰਡੇ ਕੋਲ ਪਹੁੰਚ ਕੀਤੀ ਅਤੇ ਉਸ ਨੇ ਸਾਨੂੰ ਦੱਸਿਆ ਕਿ ਦੁਬਈ ਦੀ ਇੱਕ ਕੰਪਨੀ ਹੈ, ਜੋ ਮਾਇਨਿੰਗ ਦਾ ਕੰਮ ਕਰਦੀ ਹੈ। ਉਸ ਨੇ ਸਾਨੂੰ ਤਨਖਾਹ ਵੀ ਵਧੀਆ ਦੱਸੀ ਅਤੇ ਅਸੀਂ ਮੰਨ ਗਏ।"

ਲਖਵਿੰਦਰ ਸਿੰਘ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਲਖਵਿੰਦਰ ਸਿੰਘ ਚੰਗੇ ਪੈਸਿਆਂ ਦੇ ਚੱਕਰ ਵਿੱਚ ਲੀਬੀਆ ਚਲੇ ਗਏ ਸਨ

"ਫਿਰ ਸਾਡਾ ਪਹਿਲਾ ਗਰੁੱਪ ਦੁਬਈ ਪਹੁੰਚਿਆ ਤਾਂ ਸਾਨੂੰ ਕਿਹਾ ਗਿਆ ਕਿ ਲੀਬੀਆ ਵਿੱਚ ਇੱਥੋਂ ਨਾਲੋਂ ਜ਼ਿਆਦਾ ਤਨਖ਼ਾਹ ਮਿਲੇਗੀ ਅਤੇ ਕੰਪਨੀਆਂ, ਕਮਰਾ, ਵਾਈ-ਫਾਈ ਅਤੇ ਹੋਰ ਕਈ ਸੁਵਿਧਾਵਾਂ ਪ੍ਰਦਾਨ ਕਰੇਗੀ।"

"ਅਸੀਂ ਵੀ ਸੋਚਿਆ ਕਿ ਚਲੋ ਘਰੋਂ ਨਿਕਲੇ ਹਾਂ ਪੈਸੇ ਕਮਾਉਣ ਲਈ ਤੇ ਉਥੇ ਜ਼ਿਆਦਾ ਪੈਸੇ ਬਣ ਜਾਣਗੇ।"

ਲਖਵਿੰਦਰ ਅੱਗੇ ਦੱਸਦੇ ਹਨ, "ਜਦੋਂ ਅਸੀਂ ਲੀਬੀਆ ਏਅਰੋਪਰਟ ਪਹੁੰਚੇ ਤਾਂ ਉਹ ਏਅਰਪੋਰਟ ਤਾਂ ਕੀ ਸੀ ਇੱਕ ਦੁਕਾਨ ਵਾਂਗ ਸੀ ਤੇ ਇੱਕ ਬੰਦਾ ਉਥੇ ਪਾਸਪੋਰਟ 'ਤੇ ਸਟੈਂਪ ਲਗਾ ਰਿਹਾ ਸੀ। ਉਸ ਬੰਦੇ ਨੇ ਏਅਰਪੋਰਟ ਪਹੁੰਚਦਿਆਂ ਹੀ ਸਾਡੇ ਪਾਸਪੋਰਟ ਜ਼ਬਤ ਕਰ ਲਏ।"

"ਸਾਨੂੰ ਕਿਸੇ ਫੈਕਟਰੀ ਵਿੱਚ ਲੈ ਗਏ ਉੱਥੇ ਪਹਿਲਾਂ ਵੀ ਪੰਜਾਬੀ ਸਨ, ਜਿਨ੍ਹਾਂ ਸਾਨੂੰ ਦੱਸਿਆ ਕਿ ਤੁਸੀਂ ਕਿੱਥੇ ਫਸ ਗਏ। ਉੱਥੇ ਹਾਲਾਤ ਦਿਨੋਂ-ਦਿਨ ਬਦਤਰ ਹੋਈ ਜਾਂਦੇ ਸਨ। 14-15 ਘੰਟੇ ਕੰਮ ਲੈਂਦੇ ਸੀ ਤੇ ਰੋਟੀ-ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ।"

ਲੀਬੀਆ

ਤਸਵੀਰ ਸਰੋਤ, Bimal saini/bbc

ਤਸਵੀਰ ਕੈਪਸ਼ਨ, ਲੀਬੀਆ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਰੋਪੜ ਵਿੱਚ ਇਕੱਠ ਕਰਕੇ ਉਨ੍ਹਾਂ ਦੀ ਵਾਪਸੀ ਲਈ ਗੁਹਾਰ ਲਾਈ ਸੀ

ਜਦੋਂ ਵੀਡੀਓ ਰਬਾਬ ਕੋਲ ਪਹੁੰਚੀ

ਉਹ ਆਖਦੇ ਹਨ, "ਫਿਰ ਅਸੀਂ ਵੀਡੀਓ ਬਣਾਈ। ਉਸ ਵੀਡੀਓ ਵਿੱਚ ਮੈਂ ਸੀ ਤੇ ਮੈਂ ਮੇਰੇ ਭਰਾ ਨੂੰ ਭੇਜੀ। ਇਸ ਵੀਡੀਓ ਬਾਰੇ ਜਾਣਕਾਰੀ ਉਥੋਂ ਦੇ ਰਬਾਬ ਕੋਲ ਪਹੁੰਚੀ ਤੇ ਉਸ ਨੇ ਸਾਨੂੰ ਪੁੱਛਿਆ ਕਿ ਵੀਡੀਓ ਕਿਉਂ ਬਣਾਈ।"

ਲਖਵਿੰਦਰ ਸਿੰਘ

ਤਸਵੀਰ ਸਰੋਤ, Bimal Saini/bbc

"ਉਸ ਦਿਨ ਤੋਂ ਸਾਡੀ ਦਿੱਕਤਾਂ ਵਧ ਗਈਆਂ ਸਨ। ਰਬਾਬ (ਮਾਲਕ) ਨੇ ਸਾਨੂੰ ਕਿਹਾ ਅਸੀਂ ਤੁਹਾਨੂੰ ਖਰੀਦਿਆ ਹੈ। ਫਿਰ ਮੈਨੂੰ ਸੁਨੇਹਾ ਮਿਲਿਆ ਕਿ ਮੈਨੂੰ ਡਿਊਟੀ ਜਾਣ ਤੋਂ ਮਨ੍ਹਾਂ ਕੀਤਾ ਹੈ ਅਤੇ ਅਸੀਂ ਸਮਝ ਗਏ ਜਿਸ ਨੂੰ ਡਿਊਟੀ ਤੋਂ ਮਨ੍ਹਾਂ ਹੁੰਦਾ ਹੈ, ਉਸ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ।

"ਫਿਰ ਅਸੀਂ ਏਕਾ ਕੀਤਾ ਤੇ ਕਿਹਾ ਕਿ ਅਸੀਂ ਕਿਸੇ ਨੇ ਨਹੀਂ ਡਿਊਟੀ ਜਾਣਾ ਸਾਨੂੰ ਇੰਡੀਆ ਵਾਪਸ ਭੇਜ ਦਿਓ। ਉਹ ਕਹਿੰਦੇ ਅਸੀਂ ਤੁਹਾਨੂੰ ਖਰੀਦਿਆ ਹੈ, ਇੱਕ-ਇੱਕ ਬੰਦੇ ਦੇ ਪੈਸੇ ਦਿੱਤੇ ਹੋਏ ਹਨ। ਉਸ ਤੋਂ ਦਿਨ ਬਾਅਦ ਸਾਨੂੰ ਵਾਈਫਾਈ ਵੀ ਨਹੀਂ ਦਿੱਤਾ ਗਿਆ।"

"ਸਾਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ, ਉਦੋਂ ਤੱਕ ਕੁੱਟਣਾ ਜਦੋਂ ਤੱਕ ਉਹ ਆਪ ਨਹੀਂ ਥੱਕ ਜਾਂਦਾ ਸੀ। ਕਿਸੇ ਤਰ੍ਹਾਂ ਸਾਨੂੰ ਵਾਈਫਾਈ ਮਿਲਿਆ ਤੇ ਅਸੀਂ ਸੰਪਰਕ ਕੀਤਾ।"

ਲਖਵਿੰਦਰ ਕਹਿੰਦੇ ਹਨ ਪਹਿਲਾਂ ਤਾਂ ਘਰਦਿਆਂ ਦੀ ਵੀ ਨਹੀਂ ਕੋਈ ਸੁਣਦਾ ਸੀ, ਕੋਈ ਰਿਪੋਰਟ ਦਰਜ ਨਹੀਂ ਕਰਦਾ ਸੀ।

ਪਰ ਸਿਆਸੀ ਆਗੂਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਰਿਪੋਰਟ ਦਰਜ ਹੋਈ।

ਉਨ੍ਹਾਂ ਮੁਤਾਬਕ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਫਿਰ ਇਕਬਾਲ ਸਿੰਘ ਲਾਲਪੁਰਾ ਦੇ ਬੇਟੇ ਅਜੇਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇੜਲੇ ਮੁਲਕ ਟਿਊਨੀਸ਼ੀਆ ਵਿੱਚ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ।

ਲਖਵਿੰਦਰ ਸਿੰਘ

ਤਸਵੀਰ ਸਰੋਤ, Bimal Saini/BBc

ਲਖਵਿੰਦਰ ਦੱਸਦੇ ਹਨ, "ਉਨ੍ਹਾਂ ਦੀ ਗੱਲ ਕਰਨ ਤੋਂ ਅਗਲੇ ਦਿਨ ਟਿਊਨੀਸ਼ੀਆ ਦੀ ਭਾਰਤੀ ਅੰਬੈਸੀ ਦੀ ਇੱਕ ਮੈਡਮ ਸਾਡੇ ਕੋਲ ਪਹੁੰਚੀ ਅਤੇ ਸਾਡੇ ਲਈ ਰਾਸ਼ਨ-ਪਾਣੀ ਲੈ ਕੇ ਆਈ।"

"ਉਨ੍ਹਾਂ ਨੇ ਸਾਨੂੰ ਕਿਹਾ ਕਿ ਉਹ ਸਾਡੇ ਭਾਰਤ ਵਾਪਸ ਜਾਣ ਦਾ ਪ੍ਰਬੰਧ ਕਰਨਗੇ। ਸਾਨੂੰ ਉਨ੍ਹਾਂ ਨੇ ਦਿਲਾਸਾ ਦਿੱਤਾ ਕਿ 'ਹੁਣ ਤੁਸੀਂ ਸਰਕਾਰ ਅਧੀਨ ਹੋ ਗਏ ਹੋ ਤੇ ਸਾਨੂੰ ਹੱਥ ਵੀ ਨਹੀਂ ਲਗਾ ਸਕਦੇ।'"

ਲਖਵਿੰਦਰ ਆਖਦੇ ਹਨ ਕਿ ਉਸ ਮਹਿਲਾ ਅਧਿਕਾਰੀ ਨੇ ਉਨ੍ਹਾਂ ਨੂੰ 4 ਟਿਕਟਾਂ ਹੋਣ ਦੀ ਜਾਣਕਾਰੀ ਦਿੱਤੀ।

ਲਖਵਿੰਦਰ ਦੱਸਦੇ ਹਨ ਕਿ ਉਹ 12 ਬੰਦੇ ਲੀਬੀਆ ਗਏ ਸੀ, ਜਿਨ੍ਹਾਂ ਵਿੱਚੋਂ 4 ਵਾਪਸ ਆ ਗਏ ਹਨ ਅਤੇ 8 ਅਜੇ ਵੀ ਉੱਥੇ ਹੀ ਹਨ।

ਲਖਵਿੰਦਰ ਸਿੰਘ ਦੱਸਦੇ ਹਨ ਉਨ੍ਹਾਂ ਨੇ ਏਜੰਟ ਨੂੰ ਦੁਬਈ ਜਾਣ ਲਈ ਇੱਕ ਲੱਖ ਤੋਂ ਵੱਧ ਦੀ ਰਕਮ ਦਿੱਤੀ ਸੀ ਅਤੇ ਸਾਰਿਆਂ ਕੋਲੋਂ ਵੱਖ-ਵੱਖ ਪੈਸੇ ਲਏ ਸਨ।

ਵਾਪਸ ਪਿੰਡ ਆ ਕੇ ਲਖਵਿੰਦਰ ਸਿੰਘ ਆਖਦੇ ਹਨ ਕਿ ਹੁਣ ਇੱਥੇ ਹੀ ਕੋਈ ਕੰਮ ਕਰਾਂਗੇ, "ਬਾਹਰ ਵਾਲੇ ਚਾਅ ਲੱਥ ਗਏ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)