You’re viewing a text-only version of this website that uses less data. View the main version of the website including all images and videos.
41 ਕਰੋੜ ਦੀ ਗਾਂ... ਭਾਰਤ ਤੋਂ ਬ੍ਰਾਜ਼ੀਲ ਵੇਚੀ ਗਈ ਓਂਗਲ ਨਸਲ ਦੀ ਗਾਂ ਦੀ ਖਾਸੀਅਤ ਕੀ ਹੈ
- ਲੇਖਕ, ਗਾਰਿਕਿਪਤੀ ਉਮਾਕਾਂਤ
- ਰੋਲ, ਬੀਬੀਸੀ ਲਈ
ਆਂਧਰ ਪ੍ਰਦੇਸ਼ ਦੇ ਓਂਗਲ ਪਿੰਡ ਦੀ ਇੱਕ ਗਾਂ ਆਪਣੀ ਕੀਮਤ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਦਰਅਸਲ ਇਹ ਗਾਂ ਬ੍ਰਾਜ਼ੀਲ ਦੇ ਬਾਜ਼ਾਰ ਵਿੱਚ 41 ਕਰੋੜ ਰੁਪਏ ਦੀ ਕੀਮਤ 'ਤੇ ਵਿਕੀ ਹੈ।
ਇਹ ਓਂਗਲ ਨਸਲ ਦੀ ਗਾਂ ਬ੍ਰਾਜ਼ੀਲ ਵਿੱਚ ਵਿਆਟੀਨਾ-19 ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਸ ਨੂੰ ਫਰਵਰੀ ਵਿੱਚ ਬ੍ਰਾਜ਼ੀਲ ਵਿਖੇ ਹੋਈ ਇੱਕ ਨਿਲਾਮੀ ਵਿੱਚ ਰਿਕਾਰਡ ਕੀਮਤ 'ਤੇ ਵੇਚਿਆ ਗਿਆ ਹੈ।
ਇਹ ਓਂਗਲ ਗਾਂ ਦੁਨੀਆ ਦੀ ਸਭ ਤੋਂ ਮਹਿੰਗੀ ਕੀਮਤ ਵਾਲੀ ਗਾਂ ਹੈ।
ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਵਸਨੀਕਾਂ ਅਤੇ ਖਾਸ ਕਰਕੇ ਕਰਵਾੜੀ ਪਿੰਡ ਦੇ ਵਸਨੀਕਾਂ ਨੇ ਗਾਂ ਦੀ ਰਿਕਾਰਡ ਵਿਕਰੀ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਓਂਗਲ ਗਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਗਾਂ ਨੇ ਵਧਾਇਆ ਦੇਸ਼ ਦਾ ਮਾਣ
ਪ੍ਰਕਾਸ਼ਮ ਜ਼ਿਲ੍ਹੇ ਦੇ ਓਂਗਲ ਡਿਵੀਜ਼ਨ ਤੋਂ ਕਰਵੜੀ ਪਿੰਡ ਲਗਭਗ 12 ਕਿਲੋਮੀਟਰ ਦੂਰ ਹੈ।
ਸਾਲ 1960 ਵਿੱਚ ਪਿੰਡ ਵਾਸੀ ਪੋਲਾਵਰਾਪੂ ਚੇਂਚੁਰਮਈਆ ਨੇ ਇਸੇ ਓਂਗਲ ਨਸਲ ਦੀ ਇੱਕ ਗਾਂ ਅਤੇ ਇੱਕ ਬਲਦ ਨੂੰ ਬ੍ਰਾਜ਼ੀਲ ਦੇ ਨਾਗਰਿਕ ਨੂੰ ਵੇਚਿਆ ਸੀ। ਉਹ ਬੇਹਦ ਖੁਸ਼ ਹਨ ਕਿ ਉਨ੍ਹਾਂ ਦਾ ਵੱਛਾ, ਇਹ ਗਾਂ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇੰਨੀ ਉੱਚੀ ਕੀਮਤ 'ਤੇ ਵਿਕੇ ਸਨ।
ਪਿੰਡ ਦੇ ਸਾਬਕਾ ਸਰਪੰਚ ਪੋਲਾਵਰਾਪੂ ਵੈਂਕਟਰਮਈਆ ਕਹਿੰਦੇ ਸਨ ਕਿ ਉਨ੍ਹਾਂ ਦੇ ਸੂਬੇ ਅਤੇ ਦੇਸ਼ ਦਾ ਨਾਮ ਗਾਂ ਕਾਰਨ ਦੂਰ-ਦੂਰ ਤੱਕ ਪਹੁੰਚ ਰਿਹਾ ਹੈ।
ਆਂਧਰਾ ਪ੍ਰਦੇਸ਼ ਵਿੱਚ 4 ਲੱਖ ਓਂਗਲ ਪਸ਼ੂ
ਡਾ. ਚੁੰਚੂ ਚੇਲਾਮੀਆ ਓਂਗਲ ਨਸਲ ਤੇ ਖੋਜ ਕਰ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਲ 1962 ਵਿੱਚ, ਟੀਕੋ ਨਾਮ ਦੇ ਇੱਕ ਵਿਅਕਤੀ ਨੇ 60,000 ਰੁਪਏ ਵਿੱਚ ਇੱਕ ਬਲਦ ਖਰੀਦਿਆ ਸੀ ਅਤੇ ਫਿਰ ਇਸਨੂੰ ਬ੍ਰਾਜ਼ੀਲ ਲੈ ਗਿਆ। ਉਨ੍ਹਾਂ ਨੇ ਇਸ ਬਲਦ ਦਾ ਵੀਰਜ ਵੀ ਸੁਰੱਖਿਅਤ ਕੀਤਾ ਸੀ। ਇਹ ਅਜੇ ਵੀ ਬ੍ਰਾਜ਼ੀਲ ਵਿੱਚ ਹੈ।"
ਉਹ ਅੱਗੇ ਕਹਿੰਦੇ ਹਨ, "ਮੈਂ ਖੁਦ ਬਲਦ ਨੂੰ ਵੇਖਿਆ ਸੀ। ਬਲਦ ਨੇ ਦਿੱਲੀ ਵਿਖੇ ਹੋਏ ਇੱਕ ਪਸ਼ੂ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਵਧਾਈ ਦਿੱਤੀ ਸੀ। ਇਹੀ ਵਜਾਂ ਰਹੀ ਕਿ ਬ੍ਰਾਜ਼ੀਲ ਦੇ ਵਾਸੀ ਵੱਲੋਂ ਬਲਦ ਨੂੰ ਖਰੀਦਿਆ ਗਿਆ ਸੀ।"
ਲੈਮ ਫਾਰਮ ਦੇ ਮੁੱਖ ਵਿਗਿਆਨੀ ਡਾ. ਮੁਥਾਰਾਓ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਵਿੱਚ 4 ਲੱਖ ਓਂਗਲ ਪਸ਼ੂ ਹਨ। ਜਦੋਂ ਕਿ ਬ੍ਰਾਜ਼ੀਲ ਵਿੱਚ ਇਹ ਅੰਕੜਾ ਕੁੱਲ 22 ਕਰੋੜ ਗਾਂਵਾ ਦਾ ਹੈ।
ਓਂਗਲ ਗਾਂ ਦੀ ਖ਼ਾਸੀਅਤ ਕੀ ਹੈ?
ਇਹ ਗਾਂ ਚਿੱਟੇ ਰੰਗ, ਸੁਡੌਲ ਸਰੀਰ, ਲਾਲ ਦਿੱਖ ਅਤੇ ਉੱਚੀ ਪਿੱਠ ਦੀ ਹੁੰਦੀ ਹੈ।
ਹਾਲਾਂਕਿ ਇਸ ਨਸਲ ਵਿੱਚ ਹੋਰ ਵੀ ਕਈ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਦਾ ਭਾਰ ਲਗਭਗ 1100 ਕਿਲੋਗ੍ਰਾਮ ਹੁੰਦਾ ਹੈ। ਇਹ ਜ਼ੋਰ ਪੱਖੋਂ ਵੀ ਬਹੁਤ ਮਜ਼ਬੂਤ ਹੁੰਦੀ ਹੈ।
ਇਹ ਗੰਭੀਰ ਗਰਮ ਤਾਪਮਾਨ ਵਿੱਚ ਵੀ ਮਜ਼ਬੂਤ ਰਹਿੰਦੀ ਹੈ। ਇਹ ਜਲਦੀ ਕਿਤੇ ਬਿਮਾਰ ਨਹੀਂ ਹੁੰਦੀ ਅਤੇ ਬਹੁਤ ਚੁਸਤ-ਦਰੁਸਤ ਹੁੰਦੀ ਹੈ।
ਇੱਕ ਵਾਰ ਜਦੋਂ ਇਹ ਮੇਲ ਕਰ ਲੈਂਦੇ ਹਨ, ਇਹ ਪੰਜ ਤੋਂ ਛੇ ਏਕੜ ਜ਼ਮੀਨ ਵਾਹੁਣ ਤੋਂ ਬਾਅਦ ਰੁਕਦੇ ਹਨ।
ਇਸ ਨਸਲ ਦੇ ਪਸ਼ੂਆਂ ਦਾ ਜਨਮ ਸਥਾਨ ਪ੍ਰਕਾਸ਼ਨ ਜ਼ਿਲ੍ਹਾ ਹੈ।
ਓਂਗਲ ਵਿੱਚ ਕਿਸਾਨ ਸੰਗਠਨ ਦੇ ਆਗੂ ਡੁਗਿਨੇਨੀ ਗੋਪੀਨਾਥ ਨੇ ਕਿਹਾ, "ਵਿਸ਼ਵ-ਪ੍ਰਸਿੱਧ ਓਂਗਲ ਨਸਲ ਦੋ ਨਦੀਆਂ ਗੁੰਡਲਕੰਮਾ ਅਤੇ ਪਾਲੇਰੂ ਦੇ ਵਿਚਕਾਰਲੇ ਖੇਤਰ ਵਿੱਚ ਪੈਦਾ ਹੋਈ ਸੀ। ਇਸ ਨਸਲ ਦੀ ਤਾਕਤ ਇਸ ਖੇਤਰ ਦੀ ਮਿੱਟੀ ਦੀ ਕਿਸਮ ਭਾਵ ਮਿੱਟੀ ਵਿੱਚ ਲੂਣ ਦੀ ਵਧੇਰੇ ਮਾਤਰਾ ਅਤੇ ਖਾਂਦੇ ਘਾਹ ਕਾਰਨ ਹੈ।"
ਕੀ ਓਂਗਲ ਬਲਦਾਂ ਦੀ ਗਿਣਤੀ ਘੱਟ ਰਹੀ ਹੈ?
ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਓਂਗਲ ਬਲਦਾਂ ਦੀ ਇੱਕ ਜੋੜੀ ਕਿਤੇ ਆਸਾਨੀ ਨਾਲ ਨਜ਼ਰੀ ਨਹੀਂ ਪੈਂਦੀ। ਖੇਤੀਬਾੜੀ ਵਿੱਚ ਵਧਦੇ ਮਸ਼ੀਨੀਕਰਨ, ਨਕਦੀ ਫਸਲਾਂ ਦੀ ਵਧਦੀ ਮੰਗ ਅਤੇ ਚੌਲਾਂ ਦੀ ਘੱਟਦੀ ਪੈਦਾਵਾਰ ਕਾਰਨ ਕਿਸਾਨਾਂ ਲਈ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਕਰਨਾ ਮੁਸ਼ਕਲ ਹੋ ਰਿਹਾ ਹੈ।
ਇਸੇ ਕਰਕੇ ਇਨ੍ਹਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ।
ਕਿਸਾਨ ਮੰਡਵਾ ਸ਼੍ਰੀਨਿਵਾਸ ਰਾਓ ਕਹਿੰਦੇ ਹਨ, "ਮੈਂ ਪਿਛਲੇ ਕਰੀਬ 40 ਸਾਲਾਂ ਤੋਂ ਖੇਤੀ ਕਰ ਰਿਹਾ ਹਾਂ। ਅਸੀਂ ਬਚਪਨ ਵਿੱਚ ਬਲਦਾਂ ਨਾਲ ਹਲ ਵਾਹੁਦੇ ਸੀ, ਪਰ ਹੁਣ ਟਰੈਕਟਰਾਂ ਅਤੇ ਮਸ਼ੀਨਰੀ ਦੇ ਆਉਣ ਨਾਲ ਖੇਤੀ ਤੋਂ ਬਲਦ ਗਾਇਬ ਹੋ ਗਏ ਹਨ।"
ਪਿੰਡ ਦੇ ਇੱਕ ਹੀ ਇੱਕ ਹੋਰ ਕਿਸਾਨ ਨਾਗੀਨੇਨੀ ਸੁਰੇਸ਼ ਕਹਿੰਦੇ ਹਨ, "ਪਹਿਲਾਂ ਬਲਦਾਂ ਨੂੰ ਅਕਸਰ ਕਰਵਾੜੀ ਤੋਂ ਬ੍ਰਾਜ਼ੀਲ ਆਮਦ ਕੀਤਾ ਜਾਂਦਾ ਸੀ, ਪਰ ਹੁਣ 'ਤੇ ਉਥੇ ਵੀ ਬਲਦ ਨਹੀਂ ਦਿਖਾਈ ਦਿੰਦੇ।"
ਡਾ. ਚੇਲਾਮੀਆ ਕਹਿ ਰਹੇ ਸਨ, "1990 ਤੋਂ ਬਾਅਦ ਬਲਦਾਂ ਨਾਲ ਹਲ ਵਾਹੁਣਾ ਦਾ ਕੰਮ ਲਗਭਗ ਠੱਪ ਹੋ ਗਿਆ ਹੈ। ਅਜੋਕੇ ਸਮੇਂ ਹਲ ਵਾਹੁਣ ਦਾ ਕੰਮ ਟਰੈਕਟਰਾਂ ਦੀ ਵਰਤੋਂ ਨਾਲ ਹੀ ਕੀਤਾ ਜਾਂਦਾ ਹੈ। ਇਸ ਲਈ ਹੁਣ ਸਿਰਫ਼ ਚੰਗੀ ਵਿੱਤੀ ਹਾਲਾਤ ਵਾਲੇ ਜਾਂ ਜਿਨ੍ਹਾਂ ਨੂੰ ਬਲਦਾਂ ਦੀ ਦੌੜ ਦਾ ਸ਼ੌਕ ਹੈ, ਉਹ ਹੀ ਇਨ੍ਹਾਂ ਬਲਦਾਂ ਦੀ ਦੇਖਭਾਲ ਕਰ ਸਕਦੇ ਹਨ।"
ਹਾਲਾਂਕਿ ਕਈ ਇਲਾਕਿਆਂ ਵਿੱਚ ਅਜੇ ਵੀ ਬਲਦਾਂ ਦੀ ਖੇਤੀ ਵਿੱਚ ਵਰਤੋਂ ਕੀਤੀ ਜਾ ਰਹੀ ਹੈ, ਖਾਸ ਕਰਕੇ ਤੰਬਾਕੂ ਦੇ ਖੇਤਾਂ ਵਿੱਚ ਹਲ ਵਾਹੁਣ ਲਈ ਬਲਦ ਦੀ ਵਰਤੋਂ ਹੁੰਦੀ ਹੈ।
ਕਿਸਾਨ ਸਿੰਗਾਮਸੇਟੀ ਅੰਕੰਮਾ ਰਾਓ ਕਹਿੰਦਾ ਹੈ, "ਮੈਂ ਅਜੇ ਵੀ ਚਾਰ ਬਲਦਾਂ ਨਾਲ ਖੇਤੀ ਕਰਦਾ ਹਾਂ। ਅਸੀਂ ਇੱਕ ਦਿਨ ਵਿੱਚ ਚਾਰ ਤੋਂ ਪੰਜ ਏਕੜ ਹਲ ਵਾਹੁੰਦੇ ਹਾਂ।"
ਮਾਸ ਲਈ ਮਸ਼ਹੂਰ
ਭਾਰਤ ਵਿੱਚ ਪਸ਼ੂਆਂ ਦੀ ਵਰਤੋਂ ਸਿਰਫ਼ ਦੁੱਧ ਜਾਂ ਖੇਤੀਬਾੜੀ ਲਈ ਕੀਤੀ ਜਾਂਦੀ ਹੈ। ਪਰ ਚੇਲਾਮੀਆ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਵਿੱਚ ਹਾਲਾਤ ਕੁਝ ਵੱਖਰੇ ਹਨ।
ਉਹ ਕਹਿੰਦੇ ਹਨ, "ਬ੍ਰਾਜ਼ੀਲ ਵਿੱਚ, 80 ਪ੍ਰਤੀਸ਼ਤ ਗਾਵਾਂ ਅਤੇ ਬਲਦਾਂ ਦੀ ਵਰਤੋਂ ਮਾਸ ਲਈ ਕੀਤੀ ਜਾਂਦੀ ਹੈ। ਕੁਝ ਬਲਦਾਂ ਦੀ ਪਿੱਠ 'ਤੇ ਰੀਡ ਦੀ ਹੱਡੀ ਨਹੀਂ ਹੁੰਦੀ। ਉਨ੍ਹਾਂ ਦਾ ਭਾਰ 450 ਤੋਂ 500 ਕਿਲੋਗ੍ਰਾਮ ਹੁੰਦਾ ਹੈ।"
ਪਰ ਓਂਗਲ ਬਲਦਾਂ ਦਾ ਭਾਰ 1100 ਤੋਂ 1200 ਕਿਲੋਗ੍ਰਾਮ ਤੱਕ ਵੱਧ ਜਾਂਦਾ ਹੈ। ਉੱਥੇ, ਬਲਦਾਂ ਨੂੰ ਖੁਆਉਣ 'ਤੇ ਜ਼ਿਆਦਾ ਪੈਸਾ ਖਰਚ ਨਹੀਂ ਕੀਤਾ ਜਾਂਦਾ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਾਸ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ।
ਡਾ. ਚੇਲਾਮੀਆ ਕਹਿੰਦੇ ਹਨ, "ਇਸੇ ਕਰਕੇ ਲੋਕ ਇਨ੍ਹਾਂ ਬਲਦਾਂ ਨੂੰ ਪਸੰਦ ਕਰਦੇ ਹਨ।
ਬ੍ਰਾਜ਼ੀਲ ਵਰਗੇ ਪਸ਼ੂ ਪਾਲਣ 'ਤੇ ਨਿਰਭਰ ਦੇਸਾਂ ਵਿੱਚ ਓਂਗਲ ਨਸਲ ਦੇ ਜੈਵਿਕ ਜੀਨਾਂ ਦੀ ਵਰਤੋਂ ਕਰਕੇ ਨਵੀਆਂ ਨਸਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ।"
ਡਾ. ਚੇਲਾਮੀਆ ਅੱਗੇ ਕਹਿੰਦੇ ਹਨ, "ਬਾਹਮਨ ਨਸਲ ਓਂਗਲ ਨਸਲ ਤੋਂ ਪੈਦਾ ਹੋਈ ਹੈ। ਬ੍ਰਾਜ਼ੀਲ ਵਿੱਚ 80 ਪ੍ਰਤੀਸ਼ਤ ਤੋਂ ਵੱਧ ਪਸ਼ੂ ਓਂਗਲ ਨਸਲ ਦੇ ਹਨ। ਇਹਨਾਂ ਦੀ ਵਰਤੋਂ ਮੁੱਖ ਤੌਰ 'ਤੇ ਮਾਸ ਲਈ ਕੀਤੀ ਜਾਂਦੀ ਹੈ।"
ਨਵੀਆਂ ਨਸਲਾਂ ਕਿਵੇਂ ਬਣਦੀਆਂ ਹਨ?
ਆਮ ਤੌਰ 'ਤੇ, ਇੱਕ ਗਾਂ ਛੇ ਵਾਰ ਵੱਛੇ/ਵੱਛੀਆਂ ਜਨਮ ਦਿੰਦੀ ਹੈ।
ਪਰ ਚੇਲਾਮੀਆ ਕਹਿੰਦੇ ਹਨ ਕਿ ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਇੱਕ ਨਵਾਂ ਪ੍ਰਯੋਗ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ, "ਓਂਗਲ ਗਾਵਾਂ ਅਤੇ ਬਲਦਾਂ ਦੇ ਆਂਡੇ ਕੱਢ ਕੇ ਨਕਲੀ ਗਰਭਧਾਰਨ ਕੀਤਾ ਜਾਂਦਾ ਹੈ। ਫਿਰ ਭਰੂਣ ਸਥਾਨਕ ਗਾਵਾਂ ਦੇ ਪੇਟ ਵਿੱਚ ਲਗਾਏ ਜਾਂਦੇ ਹਨ। ਇਸ ਤਰ੍ਹਾਂ, ਓਂਗਲ ਨਸਲ ਦਾ ਉਤਪਾਦਨ ਵਧਾਇਆ ਜਾ ਰਿਹਾ ਹੈ।"
ਸਰਕਾਰ ਨੂੰ ਧਿਆਨ ਦੇਣ ਦੀ ਲੋੜ
ਕਿਸਾਨ ਸੰਗਠਨ ਦੇ ਨੇਤਾ ਐਸ. ਗੋਪੀਨਾਥ ਸੁਝਾਅ ਦਿੰਦੇ ਹਨ ਕਿ ਸਰਕਾਰ ਨੂੰ ਅਰਥਵਿਵਸਥਾ ਲਈ ਓਂਗਲ ਗਾਂ ਨੂੰ ਵਿਕਸਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਇਸ ਲਈ, ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ ਵਿੱਚ ਵੀ ਅਧਿਐਨ ਅਤੇ ਖੋਜ ਕੀਤੀ ਜਾਣੀ ਚਾਹੀਦੀ ਹੈ। ਇਸ ਕਿਸਮ ਦੇ ਉਤਪਾਦਨ ਨੂੰ ਵਧਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
ਡਾ. ਚੇਲਾਮੀਆ ਨੇ ਅਫਸੋਸ ਪ੍ਰਗਟ ਕਰਦਿਆਂ ਕਹਿੰਦੇ ਹਨ ਕਿ ਸਰਕਾਰ ਓਂਗਲ ਨਸਲ ਨੂੰ ਸੰਭਾਲਣ ਲਈ ਕੋਈ ਯਤਨ ਨਹੀਂ ਕਰ ਰਹੀ।
ਹਾਲਾਂਕਿ ਚਦਲਵਾੜਾ ਵਿੱਚ ਪਸ਼ੂਧਨ ਉਤਪਾਦਨ ਕੇਂਦਰ ਦੇ ਡਾਇਰੈਕਟਰ ਡਾ. ਬੀ. ਰਵੀ ਅਤੇ ਗੁੰਟੂਰ ਵਿੱਚ ਲਾਮ ਫਾਰਮ ਐਨੀਮਲ ਰਿਸਰਚ ਸੈਂਟਰ ਦੇ ਮੁੱਖ ਵਿਗਿਆਨੀ ਡਾ. ਐਮ. ਮੁਥਾਰਾਓ ਨੇ ਬੀਬੀਸੀ ਨੂੰ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਓਂਗਲ ਨਸਲ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।
ਬੀ. ਰਵੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਓਂਗਲ ਗਾਵਾਂ ਅਤੇ ਬਲਦਾਂ ਦੀ ਸੰਭਾਲ ਲਈ ਤਿੰਨ ਕੇਂਦਰ ਸਥਾਪਤ ਕੀਤੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ