You’re viewing a text-only version of this website that uses less data. View the main version of the website including all images and videos.
ਸਾਥੀ ਦੀ ਭਾਲ਼ ਵਿੱਚ ਤੜਫ਼ ਰਹੀ ਡੌਲਫਿਨ ਕਿਵੇਂ ਬਣ ਰਹੀ ਮਨੁੱਖਾਂ ਲਈ ਖ਼ਤਰਾ, ਕੀ ਦੱਸਦੇ ਹਨ ਮਾਹਰ
- ਲੇਖਕ, ਕੈਲੀ ਐੱਨਜੀ
- ਰੋਲ, ਬੀਬੀਸੀ ਪੱਤਰਕਾਰ
ਇੱਕ ਇਕੱਲੀ ਅਤੇ ਸ਼ਾਇਦ ਜਿਨਸੀ ਲੋੜਾਂ ਨਾ ਪੂਰੀਆਂ ਹੋ ਸਕਣ ਤੋਂ ਨਿਰਾਸ਼ ਡੌਲਫਿਨ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਤੈਰਾਕਾਂ ʼਤੇ ਹਮਲੇ ਕਰ ਰਹੀ ਹੈ।
ਇਹ ਖ਼ਬਰ ਜਾਪਾਨ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਮਿਹਾਮਾ ਤੋਂ ਹੈ, ਜਿੱਥੇ ਡੌਲਫਿਨ ਨੂੰ ਲੋਕਾਂ ʼਤੇ ਹਮਲਿਆਂ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਸਾਲ ਹੁਣ ਤੱਕ ਮਿਹਾਮਾ ਸ਼ਹਿਰ ਦੇ ਨੇੜੇ 18 ਹਮਲਿਆਂ ਪਿੱਛੇ ਬੋਟਲਨੋਜ਼ ਡੌਲਫਿਨ ਦਾ ਹੱਥ ਹੈ।
ਇਸ ਦੇ ਇੱਕ ਹਾਦਸੇ ਵਿੱਚ ਸ਼ਿਕਾਰ ਇੱਕ ਐਲੀਮੈਂਟਰੀ ਸਕੂਲੀ ਬੱਚੇ ਦੀ ਉਂਗਲੀ ʼਤੇ ਘੱਟੋ-ਘੱਟ 20 ਟਾਂਕੇ ਲਗਾਉਣੇ ਪਏ।
ਹਮਲਿਆਂ ਵਿੱਚ ਪਿਛਲੇ ਸਾਲ 6 ਲੋਕ ਜਖ਼ਮੀ ਹੋਏ ਸਨ, ਜਿਸ ਵਿੱਚ ਇੱਕ ਤੈਰਾਕ ਦੀਆਂ ਤਾਂ ਪਸਲੀਆਂ ਤੱਕ ਟੁੱਟ ਗਈਆਂ ਸਨ। ਉੱਥੇ ਹੀ ਸਾਲ 2022 ਦੇ ਹਮਲੇ ਵਿੱਚ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
ਇਸ ਨੇ ਅਧਿਕਾਰੀਆਂ ਨੂੰ ਚੇਤਾਇਆ ਕਿ ਥਣਧਾਰੀ ਜਾਨਵਰ ਨਾ ਸਿਰਫ਼ "ਤੁਹਾਨੂੰ ਆਪਣੇ ਤਿੱਖੇ ਦੰਦਾਂ ਨਾਲ ਵੱਢ ਸਕਦੇ ਹਨ ਬਲਕਿ ਤੁਹਾਨੂੰ ਲਹੂ-ਲੁਹਾਨ ਕਰ ਸਕਦੇ ਹਨ। ਉਹ ਤੁਹਾਨੂੰ ਸਮੁੰਦਰ ਵਿੱਚ ਖਿੱਚ ਕੇ ਵੀ ਲੈ ਕੇ ਜਾ ਸਕਦੇ ਹਨ ਜੋ ਕਿ ਬੇਹੱਦ ਘਾਤਕ ਹੋ ਸਕਦਾ ਹੈ।"
ਦੋਸਤਾਨਾ ਵਤੀਰੇ ਵਾਲੇ ਜਾਨਵਰ ਮੰਨੇ ਜਾਣ ਦੇ ਬਾਵਜੂਦ ਡੌਲਫਿਨ ਦਾ ਹਮਲਾ ਘਾਤਕ ਹੋ ਸਕਦਾ ਹੈ।
1994 ਵਿੱਚ ਬ੍ਰਾਜ਼ੀਲ ਵਿੱਚ ਇੱਕ ਡੌਲਫਿਨ ਨੇ ਦੋ ਪੁਰਸ਼ ਤੈਰਾਕਾਂ ʼਤੇ ਹਮਲਾ ਕੀਤਾ, ਜੋ ਉਸ ਉੱਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮੰਨਿਆ ਜਾਂਦਾ ਹੈ ਕਿ ਟਿਆਓ ਨਾਮ ਦੀ ਡੌਲਫਿਨ ਨੇ ਪਹਿਲਾਂ ਘੱਟੋ-ਘੱਟ 22 ਲੋਕਾਂ ਨੂੰ ਜ਼ਖ਼ਮੀ ਕੀਤਾ ਸੀ।
ਜਾਪਾਨ ਦੀ ਮੀ ਯੂਨੀਵਰਸਿਟੀ ਦੇ ਕੈਟੋਲੋਜੀ ਦੇ ਪ੍ਰੋਫੈਸਰ, ਤਾਦਾਮੀਚੀ ਮੋਰੀਸਾਕਾ ਦਾ ਕਹਿਣਾ ਹੈ ਇੱਕ ਡੌਲਫਿਨ ਦੇ ਪਿੱਠ ਦੇ ਖੰਭ ਨੂੰ ਸੁਰੂਗਾ ਵਿੱਚ ਇੱਕ ਬੀਚ ਉੱਤੇ ਇੱਕ ਆਦਮੀ ਦੀਆਂ ਉਂਗਲਾਂ ਕੱਟਦੇ ਦੇਖਿਆ ਗਿਆ ਸੀ।
ਮਿਹਾਮਾ ਦੇ ਨੇੜੇ ਬੰਦਰਗਾਹ ਵਾਲੇ ਸ਼ਹਿਰ ਸੁਰੂਗਾ ਵਿੱਚ ਬੀਚ 'ਤੇ ਇੱਕ ਆਦਮੀ ਦੀਆਂ ਉਂਗਲੀਆਂ ਕੱਟਦੀ ਦੇਖੀ ਗਈ ਡੌਲਫਿਨ ਦੀ ਪਿੱਠ ਵਾਲੇ ਖੰਭ ਪਿਛਲੇ ਸਾਲ ਫੁਕੁਈ ਪ੍ਰਾਂਤ ਦੇ ਕੰਢੇ ʼਤੇ ਦੇਖੀ ਗਈ 2.5 ਮੀਟਰ ਲੰਬੀ ਡੋਲਫਿਨ ਨਾਲ ਮੇਲ ਖਾਂਦੇ ਹਨ।
ਡੋਰਸਲ ਫਿਨ ਯਾਨਿ ਡੌਲਫਿਨ ਦਾ ਪਿੱਠ ਵਾਲੇ ਖੰਭ ਉਸ ਦੇ ਫਿੰਗਰਪ੍ਰਿੰਟ ਵਾਂਗ ਹੈ, ਜਿਵੇਂ ਕਿ ਹਰ ਇੱਕ ਦੇ ਵੱਖੋ-ਵੱਖਰੇ ਨਿਸ਼ਾਨ, ਛੱਲੇ ਅਤੇ ਪਿਗਮੈਂਟੇਸ਼ਨ ਹੁੰਦੇ ਹਨ।
ਡੌਲਫਿਨ ਸਮੂਹਾਂ ਵਿੱਚ ਘੁੰਮਦੀਆਂ ਹਨ
ਪ੍ਰੋਫੈਸਰ ਮੋਰੀਸਾਕਾ ਨੇ ਐੱਨਐੱਚਕੇ ਨੂੰ ਦੱਸਿਆ, "ਇਹ ਮੰਨਣਾ ਵਾਜਬ ਹੈ ਕਿ ਇਹ ਉਹੀ ਹੈ, ਕਿਉਂਕਿ ਪਿੱਠ ਵਾਲੇ ਖੰਭ 'ਤੇ ਜ਼ਖਮ ਪਿਛਲੇ ਸਾਲ ਤੱਟ 'ਤੇ ਦੇਖੀ ਗਈ ਡੌਲਫਿਨ ਦੇ ਜਖ਼ਮਾਂ ਦੇ ਸਮਾਨ ਹਨ।"
"ਇਹ ਡੌਲਫਿਨ ਲਈ ਜੋ ਆਮ ਤੌਰ ʼਤੇ ਸਮੂਹਾਂ ਵਿੱਚ ਘੁੰਮਦੀਆਂ ਹਨ,ਉਨ੍ਹਾਂ ਲਈ ਇੰਨੀ ਦੇਰ ਤੱਕ ਇਕੱਲੇ ਰਹਿਣਾ ਬੇਹੱਦ ਦੁਰਲਭ ਹੈ।"
ਉਨ੍ਹਾਂ ਕਿਹਾ ਕਿ ਨਰ ਬੋਟਲਨੋਜ਼ ਡੌਲਫਿਨ "ਖੇਡ-ਖੇਡ ਵਿੱਚ ਇੱਕ-ਦੂਜੇ ਨੂੰ ਕੱਟ ਕੇ" ਸੰਵਾਦ ਕਰਦੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ, "ਉਹ ਲੋਕਾਂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ, ਪਰ ਲੋਕਾਂ ਨਾਲ ਸੰਚਾਰ ਦੇ ਡੌਲਫਿਨ ਦੇ ਤਰੀਕੇ ਦੀ ਵਰਤੋਂ ਕਰ ਰਹੇ ਹਨ।"
ਹਾਲਾਂਕਿ, ਦੂਜੇ ਕਈ ਵੱਖੋ-ਵੱਖਰੇ ਸਿਧਾਂਤ ਵੀ ਹਨ ਕਿ ਉਨ੍ਹਾਂ ਹਮਲਿਆਂ ਦੇ ਪਿੱਛੇ ਇੱਕੋ ਹੀ ਜੀਵ ਕਿਉਂ? ਕੀ ਇਸ ਪਿੱਛੇ ਉਸਦੀ ਸੈਕਸ ਦੀ ਇੱਛਾ ਵੀ ਸ਼ਾਮਲ ਹੈ।
ਸ਼ਾਰਕ ਬੇ ਡੌਲਫਿਨ ਰਿਸਰਚ ਪ੍ਰੋਜੈਕਟ ਦੇ ਇੱਕ ਜੀਵ ਵਿਗਿਆਨੀ ਅਤੇ ਪ੍ਰਮੁੱਖ ਜਾਂਚਕਰਤਾ ਡਾ. ਸਾਈਮਨ ਐਲਨ ਕਹਿੰਦੇ ਹਨ, "ਬੋਟਲਨੋਜ਼ ਡੌਲਫਿਨ ਬਹੁਤ ਜ਼ਿਆਦਾ ਸਮਾਜਿਕ ਜਾਨਵਰ ਹਨ ਅਤੇ ਇਸ ਸਮਾਜਿਕਤਾ ਨੂੰ ਬਹੁਤ ਹੀ ਸਰੀਰਕ ਤਰੀਕਿਆਂ ਨਾਲ ਪ੍ਰਗਟ ਕੀਤਾ ਜਾ ਸਕਦਾ ਹੈ।"
"ਜਿਵੇਂ ਕਿ ਮਨੁੱਖਾਂ ਅਤੇ ਹੋਰ ਸਮਾਜਿਕ ਜਾਨਵਰਾਂ ਵਿੱਚ, ਹਾਰਮੋਨਲ ਉਤਰਾਅ-ਚੜ੍ਹਾਅ, ਜਿਨਸੀ ਨਿਰਾਸ਼ਾ ਜਾਂ ਇੱਛਾਵਾ ਦਾ ਹਾਵੀ ਹੋਣ ਕਾਰਨ ਡੌਲਫਿਨ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜੋ ਉਸ ਨਾਲ ਸੰਪਰਕ ਕਰਦੇ ਹਨ। ਇਸ ਵਿਚਾਲੇ ਜਿਵੇਂ ਉਹ ਅਜਿਹੇ ਸ਼ਕਤੀਸ਼ਾਲੀ ਜਾਨਵਰ ਹੈ ਅਤੇ ਇਸ ਕਾਰਨ ਮਨੁੱਖਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।"
ʻਰੱਖਿਆਤਮਕ ਵਤੀਰਾʼ
ਡਾਕਟਰ ਐਲਨ ਅੱਗੇ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਡੌਲਫਿਨ ਨੂੰ "ਆਪਣੇ ਹੀ ਭਾਈਚਾਰੇ ਤੋਂ ਬੇਦਖ਼ਲ ਕੀਤਾ ਗਿਆ ਹੋਵੇ ਅਤੇ ਉਹ ਬਦਲਵੇਂ ਸਾਥੀ ਦੀ ਭਾਲ ਕਰ ਰਹੀ ਹੋਵੇ।"
ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਸਮੁੰਦਰੀ ਥਣਧਾਰੀ ਮਾਹਰ ਡਾਕਟਰ ਮੈਥਿਆਸ ਹੋਫਮੈਨ ਕੁਹੰਟ ਨੇ ਕਿਹਾ ਕਿ ਡੌਲਫਿਨ ਵੀ ਆਪਣੇ ਬਚਾਅ ਵਿੱਚ ਅਜਿਹੀ ਕਾਰਵਾਈ ਕਰ ਸਕਦੀ ਹੈ।
ਲੋਕਾਂ ਵੱਲੋਂ ਜਾਨਵਰਾਂ ਦੀ ਸਵਾਰੀ ਕਰਨ ਦੀ ਕੋਸ਼ਿਸ਼ ਕਰਨ ਜਾਂ ਉਨ੍ਹਾਂ ਨਾਲ ਦੇ ਚਿਪਕਣ ਦੀ ਕੋਸ਼ਿਸ਼ ਕਰਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਉਹ ਆਖਦੇ ਹਨ, "ਮੇਰੇ ਤਜ਼ਰਬੇ ਮੁਤਾਬਕ ਜਦੋਂ ਮਨੁੱਖ ਉਨ੍ਹਾਂ ਦੇ ਨੇੜੇ ਚਲੇ ਜਾਂਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਰੱਖਿਆਤਮਕ ਵਿਹਾਰ ਹੁੰਦਾ ਹੈ ਕਿਉਂਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਕਿਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਹੈ।"
ਉਹ ਅੱਗੇ ਆਖਦੇ ਹਨ, "ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਾਨਵਰ ਪਾਣੀ ਵਿੱਚ ਮਨੁੱਖਾਂ ਦੇ ਪ੍ਰਤੀ ਫਿਰ ਹਮਲਾਵਰ ਜਾਂ ਘੱਟੋ ਘੱਟ ਸੁਰੱਖਿਆਤਮਕ ਹੋ ਜਾਂਦੇ ਹਨ।"
ਡਾ. ਹਾਫਮੈਨ ਕੁਹੰਟ ਕਹਿੰਦੇ ਹਨ ਇਹ ਵੀ ਹੋ ਸਕਦਾ ਹੈ ਕਿ ਡੌਲਫਿਨ ਦਾ ਪਹਿਲਾਂ ਕਿਸੇ ਮਨੁੱਖ ਨਾਲ ਬੁਰਾ ਤਰੀਕੇ ਨਾਲ ਸਾਹਮਣਾ ਹੋਇਆ ਹੋਵੇ ਅਤੇ ਹੁਣ ਉਹ ਉਸ ਰਿਸ਼ਤੇ ਨੂੰ ਦੂਜੇ ਮਨੁੱਖਾਂ ਦੇ ਸਿਰ ਮੜ ਰਹੀ ਹੋਵੇ।
ਉਹ ਕਹਿੰਦੇ ਹਨ, "ਉਨ੍ਹਾਂ ਦੀ ਯਾਦਦਾਸ਼ਤ ਚੰਗੀ ਹੁੰਦੀ ਹੈ, ਹਾਥੀਆਂ ਵਾਂਗ ਜੋ ਯਾਦ ਰੱਖਦੇ ਹਨ ਕਿ ਪਹਿਲਾਂ ਉਨ੍ਹਾਂ ਨਾਲ ਪਹਿਲਾਂ ਬਦਸਲੂਕੀ ਕੀਤੀ ਸੀ।"
ਟੋਕੀਓ ਵਿੱਚ ਚਿਕਾ ਨਕਾਯਾਮਾ ਦੁਆਰਾ ਵਧੇਰੇ ਰਿਪੋਰਟਿੰਗ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ