ਹੂਤੀ ਬਾਗੀਆਂ ਦਾ ਦਾਅਵਾ, ਇਜ਼ਰਾਈਲੀ ਹਮਲੇ ਵਿੱਚ ਪ੍ਰਧਾਨ ਮੰਤਰੀ ਅਲ-ਰਹਾਵੀ ਦੀ ਮੌਤ ਹੋਈ, ਕੌਣ ਸਨ ਅਲ-ਰਹਾਵੀ?

ਅਹਿਮਦ ਅਲ-ਰਹਾਵੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਹਿਮਦ ਅਲ-ਰਹਾਵੀ ਲਗਭਗ ਇੱਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਬਣੇ ਸਨ ਅਤੇ ਅਗਸਤ 2024 ਤੋਂ ਆਪਣੇ ਅਹੁਦੇ 'ਤੇ ਸਨ
    • ਲੇਖਕ, ਜਾਰੋਸਲਾਵ ਲੁਕਿਵ
    • ਰੋਲ, ਬੀਬੀਸੀ ਨਿਊਜ਼

ਯਮਨ ਦੇ ਹੂਤੀ ਬਾਗੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਉਨ੍ਹਾਂ ਦੇ ਐਲਾਨੇ ਹੋਏ ਪ੍ਰਧਾਨ ਮੰਤਰੀ ਅਹਿਮਦ ਗਾਲਿਬ ਅਲ-ਰਹਾਵੀ ਦੀ ਮੌਤ ਹੋ ਗਈ ਹੈ।

ਹੂਤੀ ਸਮੂਹ ਨੇ ਕਿਹਾ ਹੈ ਕਿ ਵੀਰਵਾਰ ਨੂੰ ਜਦੋਂ ਇਜ਼ਰਾਈਲ ਰੱਖਿਆ ਬਲਾਂ (ਆਈਡੀਐਫ) ਨੇ ਯਮਨ ਦੀ ਰਾਜਧਾਨੀ ਸਾਨਾ ਨੂੰ ਨਿਸ਼ਾਨਾ ਬਣਾਇਆ ਤਾਂ ਇਸ ਦੌਰਾਨ ਕਈ ਹੋਰ ਸੀਨੀਅਰ ਅਧਿਕਾਰੀ ਵੀ ਮਾਰੇ ਗਏ।

ਵੀਰਵਾਰ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਅੰਦੋਲਨ ਦੇ ਮੁੱਖ ਆਗੂ ਅਬਦੁਲ-ਮਲਿਕ ਅਲ-ਹੂਤੀ, ਨਾਲ ਹੀ ਸਮੂਹ ਦੇ ਰੱਖਿਆ ਮੰਤਰੀ ਅਤੇ ਸਟਾਫ ਦੇ ਮੁਖੀ ਸ਼ਾਮਲ ਸੀ ਜਾਂ ਨਹੀਂ, ਇਸ ਬਾਰੇ ਨਹੀਂ ਦੱਸਿਆ ਗਿਆ।

ਹੂਤੀ ਬਾਗੀਆਂ ਦਾ ਕਹਿਣਾ ਹੈ ਕਿ ਗਾਜ਼ਾ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਨੂੰ ਹੋਇਆ ਸਭ ਤੋਂ ਵੱਡਾ ਨੁਕਸਾਨ ਹੈ, ਕਿਉਂਕਿ ਇਸ ਦੌਰਾਨ ਕਿਸੇ ਸੀਨੀਅਰ ਅਧਿਕਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ।

ਇਸ ਦਾਅਵੇ ਦੀ ਸੁਤੰਤਰ ਸੂਤਰਾਂ ਦੁਆਰਾ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਜ਼ਰਾਈਲ ਅਤੇ ਹੂਤੀ ਬਾਗ਼ੀਆਂ ਵਿਚਕਾਰ ਟਕਰਾਅ

ਤਸਵੀਰ ਸਰੋਤ, MOHAMMED HUWAIS/AFP via Getty Images

ਤਸਵੀਰ ਕੈਪਸ਼ਨ, ਇਜ਼ਰਾਈਲ ਨੇ ਹੂਤੀ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ 'ਚ ਹੂਤੀ ਕਬਜ਼ੇ ਵਾਲੇ ਯਮਨ ਦੇ ਕਈ ਹਿੱਸਿਆਂ ਵਿੱਚ ਹਵਾਈ ਹਮਲੇ ਕੀਤੇ ਹਨ

ਖ਼ਬਰ ਏਜੰਸੀ ਰਾਇਟਰਜ਼ ਨੇ ਹੂਤੀ ਬਾਗੀਆਂ ਦੀ ਖ਼ਬਰ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਸਮੂਹ ਦੇ ਸੁਪਰੀਮ ਪੋਲੀਟੀਕਲ ਕੌਂਸਲ ਦੇ ਮੁਖੀ ਮਹਦੀ ਅਲ-ਮਸ਼ਾਤ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ।

ਹਾਲਾਂਕਿ, ਮਹਿਦੀ ਮਸ਼ਾਤ ਦੇ ਬਿਆਨ ਤੋਂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਾਰੇ ਗਏ ਲੋਕਾਂ ਵਿੱਚ ਹੂਤੀ ਬਾਗੀਆਂ ਦੇ ਰੱਖਿਆ ਮੰਤਰੀ ਵੀ ਸ਼ਾਮਲ ਸੀ ਜਾਂ ਨਹੀਂ।

ਵੀਰਵਾਰ ਨੂੰ ਰਾਜਧਾਨੀ ਸਨਾ ਵਿੱਚ ਹੋਏ ਇਸ ਹਮਲੇ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਹ ਕਿਹਾ ਗਿਆ ਹੈ ਕਿ ਇਸ ਵਿੱਚ ਕਈ ਹੋਰ ਲੋਕ ਜ਼ਖਮੀ ਹੋਏ ਹਨ।

ਖ਼ਬਰ ਏਜੰਸੀ ਏਐਫਪੀ ਦੇ ਅਨੁਸਾਰ, ਅਲ-ਰਹਾਵੀ ਨੂੰ ਆਖਰੀ ਵਾਰ ਬੁੱਧਵਾਰ ਨੂੰ ਸਨਾ ਵਿੱਚ ਇੱਕ ਜਨਤਕ ਸਮਾਗਮ ਵਿੱਚ ਦੇਖਿਆ ਗਿਆ ਸੀ।

ਸਾਊਦੀ ਅਰਬ ਦੀ ਨਿਊਜ਼ ਸਾਈਟ ਅਲ-ਹਦਥ ਨੇ ਰਿਪੋਰਟ ਦਿੱਤੀ ਹੈ ਕਿ ਹੂਤੀਆਂ ਦੇ ਵਿਦੇਸ਼ ਮੰਤਰੀ ਦੇ ਨਾਲ-ਨਾਲ ਨਿਆਂ, ਯੁਵਾ ਅਤੇ ਖੇਡਾਂ, ਸਮਾਜਿਕ ਮਾਮਲਿਆਂ ਅਤੇ ਲੇਬਰ ਦੇ ਮੰਤਰੀ ਵੀ ਮਾਰੇ ਗਏ ਹਨ।

ਹੂਤੀ ਬਾਗੀਆਂ ਵੱਲੋਂ ਜਾਰੀ ਬਿਆਨ ਵਿੱਚ ਕੀ ਕਿਹਾ ਗਿਆ

ਹੂਤੀ ਬਾਗੀਆਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ "ਅਸੀਂ ਯੋਧਾ ਅਹਿਮਦ ਗਾਲਿਬ ਨਾਸਿਰ ਅਲ-ਰਹਾਵੀ ਦੀ ਮੌਤ ਦਾ ਐਲਾਨ ਕਰਦੇ ਹਾਂ। ਆਪਣੇ ਕਈ ਸਾਥੀਆਂ ਸਮੇਤ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਇਜ਼ਰਾਈਲ ਨੇ ਨਿਸ਼ਾਨਾ ਬਣਾਇਆ ਸੀ।"

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਮਲੇ ਵਿੱਚ ਜ਼ਖਮੀ ਹੋਏ ਕਈ ਸਾਥੀਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਆਈਡੀਐਫ ਨੇ ਕੀ ਕਿਹਾ

ਇਸ ਤੋਂ ਪਹਿਲਾਂ, ਇਜ਼ਰਾਈਲ ਨੇ ਕਿਹਾ ਸੀ ਕਿ ਉਸਨੇ ਸਨਾ ਵਿੱਚ ਈਰਾਨ ਸਮਰਥਿਤ ਹੂਤੀ ਸਮੂਹ ਦੇ ਚੀਫ਼ ਆਫ਼ ਸਟਾਫ, ਰੱਖਿਆ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹਮਲੇ ਦੇ ਨਤੀਜਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਆਈਡੀਐਫ ਨੇ ਕਿਹਾ ਕਿ ਜਦੋਂ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਸਾਨਾ ਵਿੱਚ ਇੱਕ ਇਕੱਠ 'ਤੇ ਹਮਲਾ ਕੀਤਾ ਤਾਂ ਰਹਾਵੀ ਅਤੇ ਹੋਰ ਸੀਨੀਅਰ ਹੂਤੀ ਅਧਿਕਾਰੀਆਂ ਨੂੰ "ਖਤਮ" ਕਰ ਦਿੱਤਾ ਗਿਆ।

ਸਨਾ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਨੂੰ ਬਾਹਰ ਕੱਢਣ ਅਤੇ ਇੱਕ ਵਿਨਾਸ਼ਕਾਰੀ ਘਰੇਲੂ ਜੰਗ ਸ਼ੁਰੂ ਕਰਨ ਤੋਂ ਬਾਅਦ, 2014 ਤੋਂ ਹੂਤੀਆਂ ਨੇ ਉੱਤਰ-ਪੱਛਮੀ ਯਮਨ ਦੇ ਬਹੁਤ ਸਾਰੇ ਹਿੱਸੇ ਨੂੰ ਕੰਟਰੋਲ ਕੀਤਾ ਹੋਇਆ ਹੈ।

ਕੌਣ ਸਨ ਅਹਿਮਦ ਅਲ-ਰਹਾਵੀ

ਅਹਿਮਦ ਅਲ-ਰਹਾਵੀ

ਤਸਵੀਰ ਸਰੋਤ, MOHAMMED HUWAIS/AFP via Getty Images

ਤਸਵੀਰ ਕੈਪਸ਼ਨ, ਹੂਤੀ ਬਾਗੀਆਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ "ਅਸੀਂ ਯੋਧਾ ਅਹਿਮਦ ਗਾਲਿਬ ਨਾਸਿਰ ਅਲ-ਰਹਾਵੀ ਦੀ ਮੌਤ ਦਾ ਐਲਾਨ ਕਰਦੇ ਹਾਂ''

ਅਹਿਮਦ ਅਲ-ਰਹਾਵੀ ਲਗਭਗ ਇੱਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਬਣੇ ਸਨ ਅਤੇ ਅਗਸਤ 2024 ਤੋਂ ਆਪਣੇ ਅਹੁਦੇ 'ਤੇ ਸਨ। ਪਰ ਸਰਕਾਰ ਦੀ ਵਾਗਡੋਰ ਉਨ੍ਹਾਂ ਦੇ ਉਪ ਪ੍ਰਧਾਨ ਮੰਤਰੀ ਮੁਹੰਮਦ ਮੁਫ਼ਤਾਹ ਦੇ ਹੱਥਾਂ ਵਿੱਚ ਸੀ।

ਰਹਾਵੀ ਨੂੰ ਵੱਡੇ ਪੱਧਰ 'ਤੇ ਫੌਜੀ ਕਾਰਵਾਈਆਂ ਦੀ ਯੋਜਨਾ ਬਣਾਉਣ ਵਾਲੇ ਅਤੇ ਪ੍ਰਮੁੱਖ ਫੈਸਲੇ ਲੈਣ ਵਾਲੇ ਸਮੂਹ ਦਾ ਹਿੱਸਾ ਹੋਣ ਦੀ ਬਜਾਏ, ਅੰਦੋਲਨ ਦੇ ਇੱਕ ਨਾਮ-ਮਾਤਰ ਦੇ ਆਗੂ ਵਜੋਂ ਦੇਖਿਆ ਜਾਂਦਾ ਸੀ।

ਉਨ੍ਹਾਂ ਦੀ ਮੌਤ ਦੇ ਐਲਾਨ ਤੋਂ ਬਾਅਦ ਸ਼ਨੀਵਾਰ ਨੂੰ ਉਪ ਪ੍ਰਧਾਨ ਮੰਤਰੀ ਮੁਹੰਮਦ ਮੁਫ਼ਤਾਹ ਨੂੰ ਪ੍ਰਧਾਨ ਮੰਤਰੀ ਦਾ ਕਾਰਜ-ਭਾਰ ਸੌਂਪ ਦਿੱਤਾ ਗਿਆ ਹੈ।

ਇਜ਼ਰਾਈਲ ਅਤੇ ਹੂਤੀ ਬਾਗ਼ੀਆਂ ਵਿਚਕਾਰ ਟਕਰਾਅ

ਹੂਤੀ ਬਾਗ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 19 ਨਵੰਬਰ ਨੂੰ ਹੂਤੀ ਲੜਾਕਿਆਂ ਨੇ ਲਾਲ ਸਾਗਰ ਵਿੱਚ ਇੱਕ ਬ੍ਰਿਟਿਸ਼ ਮਾਲਕੀ ਵਾਲੇ ਅਤੇ ਜਾਪਾਨ-ਸੰਚਾਲਿਤ ਜਹਾਜ਼ ਨੂੰ ਅਗਵਾ ਕਰ ਲਿਆ ਸੀ

ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ, ਹੂਤੀ ਬਾਗ਼ੀਆਂ ਨੇ ਫਲਸਤੀਨੀਆਂ ਨਾਲ ਏਕਤਾ ਦੀ ਗੱਲ ਕਰਦੇ ਹੋਏ ਨਿਯਮਿਤ ਤੌਰ 'ਤੇ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗੀਆਂ ਹਨ ਅਤੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਖ਼ਿਲਾਫ਼ ਇਜ਼ਰਾਈਲ ਨੇ ਹੂਤੀ ਕਬਜ਼ੇ ਵਾਲੇ ਯਮਨ ਦੇ ਕਈ ਹਿੱਸਿਆਂ ਵਿੱਚ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਹੂਤੀ ਹਮਲਿਆਂ ਨੂੰ ਘਟਾਉਣਾ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)