ਕੈਨੇਡਾ ਨੇ ਭਾਰਤ ਦੇ ਬਿਸ਼ਨੋਈ ਗੈਂਗ ਨੂੰ ਇੱਕ 'ਦਹਿਸ਼ਗਰਦ ਸੰਗਠਨ' ਐਲਾਨਿਆਂ, ਜਾਣੋ ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਨਾਲ ਜੁੜੇ ਅਪਰਾਧਾਂ ਬਾਰੇ

    • ਲੇਖਕ, ਜੈਸਿਕਾ ਮਰਫੀ
    • ਰੋਲ, ਬੀਬੀਸੀ ਨਿਊਜ਼, ਟੋਰਾਂਟੋ

ਕੈਨੇਡਾ ਨੇ ਭਾਰਤ ਦੇ ਬਿਸ਼ਨੋਈ ਗੈਂਗ ਨੂੰ ਇੱਕ ਦਹਿਸ਼ਗਰਦ ਸੰਗਠਨ ਐਲਾਨ ਦਿੱਤਾ ਹੈ, ਜਿਸ ਨਾਲ ਕੈਨੇਡਾ ਸਰਕਾਰ ਦੇਸ਼ ਵਿੱਚ ਸੰਗਠਨ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਸਕਦੀ ਹੈ ਅਤੇ ਇਸ ਦੇ ਫੰਡਾਂ ਨੂੰ ਫ੍ਰੀਜ਼ ਕਰ ਸਕਦੀ ਹੈ।

ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਨੇ ਸੋਮਵਾਰ ਨੂੰ ਇਸ ਕਦਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਗੈਂਗ ਨੇ ਕੈਨੇਡੀਅਨ ਪਰਵਾਸੀ ਭਾਈਚਾਰਿਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ।

ਪਿਛਲੇ ਸਾਲ, ਕੈਨੇਡੀਅਨ ਪੁਲਿਸ ਨੇ ਇਲਜ਼ਾਮ ਲਗਾਇਆ ਸੀ ਕਿ ਭਾਰਤੀ ਸਰਕਾਰੀ ਏਜੰਟ ਬਿਸ਼ਨੋਈ ਮੈਂਬਰਾਂ ਨੂੰ "ਕਤਲ, ਜਬਰੀ ਵਸੂਲੀ ਅਤੇ ਹਿੰਸਕ ਗਤੀਵਿਧੀਆਂ" ਕਰਨ ਅਤੇ ਖ਼ਾਲਿਸਤਾਨ ਪੱਖੀ ਅੰਦੋਲਨ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤ ਰਹੇ ਹਨ।

ਉਸ ਵੇਲੇ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਕੈਨੇਡਾ ਨੇ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਦਿੱਤਾ ਹੈ।

ਸਰਕਾਰ ਨੂੰ ਜਾਇਦਾਦਾਂ ਅਤੇ ਫੰਡਾਂ ਨੂੰ ਜ਼ਬਤ ਕਰਨ ਜਾਂ ਜ਼ਬਤ ਕਰਨ ਦਾ ਅਧਿਕਾਰ ਦੇਣ ਤੋਂ ਇਲਾਵਾ, ਇਹ ਨਵਾਂ ਐਲਾਨ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਿੱਤੀ ਸਹਾਇਤਾ, ਯਾਤਰਾ ਅਤੇ ਭਰਤੀ ਵਰਗੇ ਦਹਿਸ਼ਤਗਰਦ ਅਪਰਾਧਾਂ 'ਤੇ ਮੁਕੱਦਮਾ ਚਲਾਉਣ ਲਈ ਸਾਧਨ ਪ੍ਰਦਾਨ ਕਰਦਾ ਹੈ।

ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸਾਂਗਰੀ ਨੇ ਇੱਕ ਬਿਆਨ ਵਿੱਚ ਕਿਹਾ, "ਬਿਸ਼ਨੋਈ ਗੈਂਗ ਨੇ ਦਹਿਸ਼ਤ, ਹਿੰਸਾ ਅਤੇ ਡਰਾਉਣ-ਧਮਕਾਉਣ ਲਈ ਖ਼ਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ।"

"ਅਪਰਾਧਿਕ ਦਹਿਸ਼ਗਰਦਾਂ ਦੇ ਇਸ ਸਮੂਹ ਨੂੰ ਸੂਚੀਬੱਧ ਕਰਨ ਨਾਲ ਸਾਨੂੰ ਉਨ੍ਹਾਂ ਦੇ ਅਪਰਾਧਾਂ ਦਾ ਸਾਹਮਣਾ ਕਰਨ ਅਤੇ ਰੋਕਣ ਲਈ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਾਧਨ ਮਿਲਦੇ ਹਨ।"

ਕੈਨੇਡਾ, ਬਿਸ਼ਨੋਈ ਗੈਂਗ ਨੂੰ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਜੋਂ ਦਰਸਾਉਂਦਾ ਹੈ ਜੋ ਮੁੱਖ ਤੌਰ 'ਤੇ ਭਾਰਤ ਤੋਂ ਚੱਲਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੈਂਗ ਦੀ ਕੈਨੇਡਾ ਵਿੱਚ ਮੌਜੂਦਗੀ ਹੈ ਅਤੇ ਉਹ ਉਨ੍ਹਾਂ ਇਲਾਕਿਆਂ ਵਿੱਚ ਸਰਗਰਮ ਹੈ, ਜਿੱਥੇ ਪਰਵਾਸੀ ਭਾਈਚਾਰੇ ਅਹਿਮ ਹਨ।

ਭਾਰਤ ਵਿੱਚ, ਜਾਂਚਕਾਰਾਂ ਦਾ ਇਲਜ਼ਾਮ ਹੈ ਕਿ ਬਿਸ਼ਨੋਈ 700 ਮੈਂਬਰੀ ਇੱਕ ਗੈਂਗ ਨੂੰ ਕੰਟ੍ਰੋਲ ਕਰਦਾ ਹੈ ਜੋ ਮਸ਼ਹੂਰ ਹਸਤੀਆਂ ਤੋਂ ਜ਼ਬਰਦਸਤੀ ਵਸੂਲੀ, ਡਰੱਗਸ ਅਤੇ ਹਥਿਆਰਾਂ ਦੀ ਤਸਕਰੀ ਕਰਨ ਤੇ ਨਿਸ਼ਾਨਾ ਬਣਾ ਕੇ ਕਤਲ ਕਰਨ ਵਿੱਚ ਸ਼ਾਮਲ ਹੈ।

ਕੈਨੇਡਾ ਦਾ ਗੈਂਗ ਨੂੰ ਦਹਿਸ਼ਗਰਦ ਸੰਗਠਨ ਐਲਾਨਣ ਦਾ ਫ਼ੈਸਲਾ ਵਿਰੋਧੀ ਪਾਰਟੀਆਂ ਅਤੇ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸੂਬਾਈ ਪ੍ਰੀਮੀਅਰਾਂ ਦੇ ਦਬਾਅ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਇਹ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਗੈਂਗ 'ਤੇ ਕਾਰਵਾਈ ਕਰਨ ਦੀ ਆਗਿਆ ਦੇਵੇਗਾ।

ਉੱਠ ਰਹੀ ਸੀ ਮੰਗ

ਬੀਬੀਸੀ ਪੱਤਰਕਾਰ ਗੁਰਜੋਤ ਸਿੰਘ ਦੀ ਰਿਪਰੋਟ ਮੁਤਾਬਕ, ਕੈਨੇਡਾ ਵਿੱਚ ਬਿਸ਼ਨੋਈ ਗੈਂਗ ਨੂੰ ਇੱਕ 'ਦਹਿਸ਼ਤਗਰਦ ਸੰਗਠਨ' ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ।

ਇਸ ਮੰਗ ਵਿੱਚ ਇਸ ਗੈਂਗ ਦੇ ਮੈਂਬਰਾਂ ਨੂੰ ਬੈਨ ਕਰਨਾ, ਗ੍ਰਿਫ਼ਤਾਰ ਕਰਨਾ ਅਤੇ ਡਿਪੋਰਟ ਕਰਨਾ ਵੀ ਸ਼ਾਮਲ ਸੀ।

ਇੱਥੋਂ ਤੱਕ ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂਆਂ ਨੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ 'ਬਿਸ਼ਨੋਈ ਦਹਿਸ਼ਤਗਰਦ' ਵੀ ਕਹਿਣਾ ਸ਼ੁਰੂ ਵੀ ਕਰ ਦਿੱਤਾ ਸੀ।

ਕੰਜ਼ਰਵੇਟਿਵ ਪਾਰਟੀ ਦੇ ਆਗੂ ਫਰੈਂਕ ਕਾਪੂਟੋ ਨੇ ਅਧਿਕਾਰਤ ਤੌਰ ਉੱਤੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡੀਆਈ ਕਾਨੂੰਨ ਦੇ ਤਹਿਤ 'ਦਹਿਸ਼ਤਗਰਦ ਗਰੁੱਪ' ਦਾ ਦਰਜਾ ਦੇਣ ਦੀ ਮੰਗ ਕੀਤੀ ਸੀ।

ਫਰੈਂਕ ਕਾਪੂਟੋ ਕੈਂਪਲੂਪਸ-ਥੌਂਪਸਨ-ਨਿਕੋਲਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਨ।

ਕੰਜ਼ਰਵੇਟਿਵ ਪਾਰਟੀ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨਿਅਲ ਸਮਿਥ ਤੇ ਸਰੀ ਅਤੇ ਬਰੈਂਪਟਨ ਦੇ ਮੇਅਰਾਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਚੁੱਕੀ ਹੈ।

ਸਟੂਡੈਂਟ ਪਾਲਿਟਿਕਸ ਤੋਂ ਅਪਰਾਧਕ ਜਗਤ ਵਿੱਚ ਦਾਖ਼ਲ ਹੋਏ 32 ਸਾਲਾ ਲਾਰੈਂਸ ਬਿਸ਼ਨੋਈ ਭਾਰਤ ਵਿੱਚ ਸਾਲ 2015 ਤੋਂ ਜੇਲ੍ਹ ਵਿੱਚ ਹਨ।

ਉਹ ਫਿਲਹਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ, ਦਰਜਨਾਂ ਅਪਰਾਧਕ ਮਾਮਲਿਆਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗੈਂਗ ਉੱਤੇ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵੀ ਹਨ।

ਕੌਮੀ ਜਾਂਚ ਏਜੰਸੀ ਦੇ ਮੁਤਾਬਕ ਬਿਸ਼ਨੋਈ ਗੈਂਗ ਦਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਵੱਡਾ ਨੈੱਟਵਰਕ ਹੈ।

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਨਾਲ ਜੁੜੇ ਅਪਰਾਧ

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਉਸ ਵੇਲੇ ਵੱਡੇ ਪੱਧਰ ਉੱਤੇ ਚਰਚਾ ਵਿੱਚ ਆਇਆ ਜਦੋਂ ਬੀਤੇ ਸਾਲ ਅਕਤੂਬਰ 2024 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਰੋਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਬਿਸ਼ਨੋਈ ਗਰੁੱਪ ਦਾ ਜ਼ਿਕਰ ਕੀਤਾ ਸੀ।

ਆਰਸੀਐੱਮਪੀ ਨੇ ਭਾਰਤ ਸਰਕਾਰ ਦੇ ਏਜੰਟਾਂ ਦੇ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦੀ ਗੱਲ ਕਹੀ ਸੀ।

ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਵੱਲੋਂ ਦੱਖਣੀ ਏਸ਼ੀਆਈ ਭਾਈਚਾਰੇ ਖ਼ਾਸ ਕਰਕੇ ਖਾਲਿਸਤਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਸੀ।

ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰ ਜੂਨ 2023 ਵਿੱਚ ਸਰੀ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੀਬੀਸੀ ਦੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਇਸ ਕਤਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕਥਿਤ ਤੌਰ ਉੱਤੇ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦੀ ਗੱਲ ਕਹੀ ਗਈ ਸੀ।

ਇਸ ਮਾਮਲੇ ਤੋਂ ਇਲਾਵਾ ਵੀ ਕੈਨੇਡਾ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ ਵਾਪਰੀਆਂ ਕਈ ਅਪਰਾਧਿਕ ਗਤੀਵਿਧੀਆਂ ਨੂੰ ਮੀਡੀਆ ਰਿਪੋਰਟਾਂ ਵਿੱਚ ਬਿਸ਼ਨੋਈ ਗੈਂਗ ਨਾਲ ਜੋੜਿਆ ਜਾ ਚੁੱਕਾ ਹੈ।

ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਕਾਰੋਬਾਰਾਂ ਉੱਤੇ ਹਮਲੇ, ਕਤਲ, ਹਿੰਸਾ ਦੇ ਨਾਲ-ਨਾਲ ਫ਼ਿਰੌਤੀਆਂ ਦੀ ਜ਼ਿੰਮੇਵਾਰੀ ਕਥਿਤ ਤੌਰ ਇਸ ਗਰੁੱਪ ਵੱਲੋਂ ਜਾਣ ਦੀ ਗੱਲ ਮੀਡੀਆ ਵੱਲੋਂ ਰਿਪੋਰਟ ਕੀਤੀ ਗਈ ਹੈ।

ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿਚਲੇ ਕੈਫੇ ਉੱਤੇ ਦੋ ਵਾਰੀ ਹਮਲੇ ਹੋਏ, ਇਨ੍ਹਾਂ ਹਮਲਿਆਂ ਦੇ ਸਬੰਧ ਵੀ ਮੀਡੀਆ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਗਏ ਸਨ।

ਬੀਬੀਸੀ ਸੁਤੰਤਰ ਤੌਰ ਉੱਤੇ ਇਨ੍ਹਾਂ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਪੁਸ਼ਟੀ ਨਹੀਂ ਕਰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)