ਟਰੰਪ ਨੇ ਈਰਾਨ ਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਦਾ ਕੀਤਾ ਐਲਾਨ, ਈਰਾਨ ਨੇ ਅੱਗੋਂ ਕੀ ਜਵਾਬ ਦਿੱਤਾ

    • ਲੇਖਕ, ਐਂਥਨੀ ਜ਼ਰਚਰ
    • ਰੋਲ, ਬੀਬੀਸੀ ਪੱਤਰਕਾਰ

ਈਰਾਨ ਨੇ ਸ਼ਨੀਵਾਰ ਨੂੰ ਆਪਣੇ ਪਰਮਾਣੂ ਸਥਾਨਾਂ 'ਤੇ ਅਮਰੀਕੀ ਹਮਲੇ ਦਾ ਜਵਾਬ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਉਸਨੇ ਅਜਿਹਾ ਕਰ ਦਿੱਤਾ ਹੈ।

ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ, ਕਤਰ ਵਿੱਚ ਪ੍ਰਮੁੱਖ ਅਮਰੀਕੀ ਟਿਕਾਣੇ 'ਤੇ ਦਾਗੀਆਂ ਗਈਆਂ ਸਾਰੀਆਂ ਈਰਾਨੀ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਕੋਈ ਅਮਰੀਕੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਹਾਲਾਂਕਿ, ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ, ਈਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਹਮਲਾ ਉਨ੍ਹਾਂ ਦੀ ਜਵਾਬੀ ਕਾਰਵਾਈ ਦਾ ਅੰਤ ਨਹੀਂ ਹੈ।

ਹੁਣ ਡੌਨਲਡ ਟਰੰਪ ਨੇ ਟਰੂਥ ਸੋਸ਼ਲ 'ਤੇ ਦਾਅਵਾ ਕੀਤਾ ਹੈ ਕਿ ਸਾਰੀਆਂ ਧਿਰਾਂ ਜੰਗਬੰਦੀ 'ਤੇ ਸਹਿਮਤ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਨਾਲ ਟਕਰਾਅ ਦਾ ਅਧਿਕਾਰਤ ਅੰਤ ਹੋ ਜਾਵੇਗਾ।

ਪਰ ਈਰਾਨ ਨੇ ਕਿਹਾ ਹੈ ਕਿ ਜੰਗਬੰਦੀ 'ਤੇ ਕੋਈ ਸਮਝੌਤਾ ਨਹੀਂ ਹੋਇਆ ਹੈ। ਇਜ਼ਰਾਈਲ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਈਰਾਨ ਨੇ ਇਜ਼ਰਾਈਲ ਵੱਲ ਕਈ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲੀ ਫ਼ੌਜ (ਆਈਡੀਐੱਫ਼) ਨੇ ਕੁਝ ਸਮਾਂ ਪਹਿਲਾਂ ਐਕਸ 'ਤੇ ਸੂਚਿਤ ਕੀਤਾ ਸੀ ਕਿ ਈਰਾਨ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਸਨ, ਜਿਸ ਤੋਂ ਬਾਅਦ ਉਹ ਅਲਰਟ 'ਤੇ ਹੈ।

ਆਈਡੀਐੱਫ਼ ਨੇ ਇੱਕ ਬਿਆਨ ਵਿੱਚ ਕਿਹਾ, "ਕੁਝ ਸਮਾਂ ਪਹਿਲਾਂ ਸਾਨੂੰ ਈਰਾਨ ਤੋਂ ਇਜ਼ਰਾਈਲ ਵੱਲ ਦਾਗੀਆਂ ਗਈਆਂ ਮਿਜ਼ਾਈਲਾਂ ਦਾ ਪਤਾ ਲੱਗਿਆ ਹੈ। ਖ਼ਤਰੇ ਨੂੰ ਰੋਕਣ ਲਈ ਰੱਖਿਆਤਮਕ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।"

ਬਿਆਨ ਵਿੱਚ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਸੁਰੱਖਿਅਤ ਥਾਵਾਂ 'ਤੇ ਜਾਣ ਅਤੇ ਉੱਥੇ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਜੰਗਬੰਦੀ: ਟਰੰਪ ਅਤੇ ਅਰਾਗ਼ਚੀ ਨੇ ਕੀ ਕਿਹਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਜੰਗ ਅਧਿਕਾਰਤ ਤੌਰ 'ਤੇ ਖ਼ਤਮ ਹੋ ਜਾਵੇਗੀ।

ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ, "ਇਹ ਇੱਕ ਅਜਿਹਾ ਯੁੱਧ ਹੈ ਜੋ ਸਾਲਾਂ ਤੱਕ ਚੱਲ ਸਕਦਾ ਸੀ ਅਤੇ ਪੂਰੇ ਮੱਧ ਪੂਰਬ ਨੂੰ ਤਬਾਹ ਕਰ ਸਕਦਾ ਸੀ, ਪਰ ਅਜਿਹਾ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ।"

ਅਮਰੀਕੀ ਰਾਸ਼ਟਰਪਤੀ ਨੇ ਇਸ ਇਜ਼ਰਾਈਲ-ਈਰਾਨ ਟਕਰਾਅ ਨੂੰ '12 ਦਿਨਾਂ ਦੀ ਜੰਗ' ਕਿਹਾ ਹੈ।

13 ਜੂਨ ਨੂੰ ਇਜ਼ਰਾਈਲ ਨੇ 'ਆਪ੍ਰੇਸ਼ਨ ਰਾਈਜ਼ਿੰਗ ਲਾਇਨ' ਤਹਿਤ ਈਰਾਨ ਦੇ ਪਰਮਾਣੂ ਅਤੇ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਸਨ।

ਇਜ਼ਰਾਈਲ ਦਾ ਦਾਅਵਾ ਹੈ ਕਿ ਇਹ ਕਾਰਵਾਈ ਈਰਾਨ ਦੀ ਪਰਮਾਣੂ ਹਥਿਆਰ ਪ੍ਰਾਪਤ ਕਰਨ ਦੀ ਇੱਛਾ ਨੂੰ ਰੋਕਣ ਲਈ ਜ਼ਰੂਰੀ ਸੀ। ਬਦਲੇ ਵਿੱਚ, ਈਰਾਨ ਨੇ ਤੇਲ ਅਵੀਵ 'ਤੇ ਮਿਜ਼ਾਈਲੀ ਹਮਲੇ ਕੀਤੇ।

ਅਮਰੀਕਾ ਇਸ ਟਕਰਾਅ ਵਿੱਚ ਸਪੱਸ਼ਟ ਤੌਰ 'ਤੇ ਇਜ਼ਰਾਈਲ ਦੇ ਨਾਲ ਖੜ੍ਹਾ ਸੀ ਅਤੇ ਇਸਨੇ ਈਰਾਨ ਦੇ ਤਿੰਨ ਪਰਮਾਣੂ ਕੇਂਦਰਾਂ 'ਤੇ ਵੀ ਹਮਲਾ ਕੀਤਾ।

ਅਮਰੀਕਾ ਦੇ ਜਵਾਬ ਵਿੱਚ, ਈਰਾਨ ਨੇ ਮੱਧ ਪੂਰਬ ਵਿੱਚ ਉਸਦੇ ਫੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਟਵਿੱਟਰ 'ਤੇ ਲਿਖਿਆ, "ਜਿਵੇਂ ਕਿ ਈਰਾਨ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ: ਜੰਗ ਈਰਾਨ ਦੁਆਰਾ ਨਹੀਂ ਬਲਕਿ ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਗਈ ਸੀ।"

ਅਰਾਗ਼ਚੀ ਨੇ ਕਿਹਾ, "ਹੁਣ ਤੱਕ ਕਿਸੇ ਵੀ ਤਰ੍ਹਾਂ ਦੀ 'ਜੰਗਬੰਦੀ' ਜਾਂ ਫੌਜੀ ਕਾਰਵਾਈ ਨੂੰ ਰੋਕਣ 'ਤੇ ਕੋਈ ਸਮਝੌਤਾ ਨਹੀਂ ਹੋਇਆ ਹੈ।"

"ਪਰ ਜੇਕਰ ਇਜ਼ਰਾਈਲੀ ਹਕੂਮਤ ਈਰਾਨੀ ਸਮੇਂ ਮੁਤਾਬਕ ਸਵੇਰੇ 4 ਵਜੇ ਤੱਕ ਈਰਾਨ ਵਿਰੁੱਧ ਆਪਣੀ ਗ਼ੈਰ-ਕਾਨੂੰਨੀ ਜੰਗ ਬੰਦ ਕਰ ਦਿੰਦਾ ਹੈ, ਤਾਂ ਸਾਡਾ ਜਵਾਬੀ ਹਮਲਾ ਜਾਰੀ ਰੱਖਣ ਦਾ ਕੋਈ ਇਰਾਦਾ ਨਹੀਂ ਹੈ।"

ਅੱਬਾਸ ਅਰਾਗ਼ਚੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫੌਜੀ ਕਾਰਵਾਈ ਨੂੰ ਰੋਕਣ ਦਾ ਆਖ਼ਰੀ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।

ਕੀ ਟਰੰਪ ਦਾ ਫ਼ੈਸਲਾ ਜੋਖਮ ਭਰਿਆ ਸੀ?

ਸ਼ਨੀਵਾਰ ਰਾਤ ਨੂੰ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਈਰਾਨ ਵੱਲੋਂ ਅਮਰੀਕੀ ਹਿੱਤਾਂ 'ਤੇ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦੇਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਜੇ ਲੋੜ ਪਈ ਤਾਂ ਅਮਰੀਕੀ ਫ਼ੌਜ ਹੋਰ ਵੀ ਨਿਸ਼ਾਨਿਆਂ 'ਤੇ ਹਮਲਾ ਕਰ ਸਕਦੀ ਹੈ।

ਦੁਨੀਆ ਨੇ 24 ਘੰਟਿਆਂ ਤੋਂ ਵੱਧ ਸਮੇਂ ਤੱਕ ਉਡੀਕ ਕੀਤੀ ਕਿ ਈਰਾਨ ਦਾ ਅਗਲਾ ਕਦਮ ਕੀ ਹੋਵੇਗਾ। ਜਦੋਂ ਈਰਾਨ ਨੇ ਹਮਲੇ ਕੀਤੇ, ਤਾਂ ਲੋਕਾਂ ਦਾ ਧਿਆਨ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਵੱਲ ਗਿਆ ਅਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ।

ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ, "ਈਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ 'ਤੇ ਅਮਰੀਕੀ ਹਮਲਿਆਂ ਦਾ ਅਧਿਕਾਰਤ ਤੌਰ 'ਤੇ ਬਹੁਤ ਕਮਜ਼ੋਰ ਜਵਾਬ ਦਿੱਤਾ ਹੈ। ਸਾਨੂੰ ਇਸਦੀ ਉਮੀਦ ਸੀ ਅਤੇ ਅਸੀਂ ਇਸਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ।"

ਟਰੰਪ ਨੇ ਕਿਹਾ ਕਿ ਈਰਾਨ ਨੇ ਆਪਣਾ ਗੁੱਸਾ ਕੱਢ ਲਿਆ ਹੈ ਅਤੇ ਉਮੀਦ ਜਤਾਈ ਕਿ ਹੁਣ ਈਰਾਨ ਸ਼ਾਂਤੀ ਅਤੇ ਸਦਭਾਵਨਾ ਵੱਲ ਵਧ ਸਕਦਾ ਹੈ।

ਜੇਕਰ ਨੁਕਸਾਨ ਸੱਚਮੁੱਚ ਬਹੁਤ ਘੱਟ ਹੈ ਅਤੇ ਈਰਾਨ ਵੱਲੋਂ ਕੋਈ ਹੋਰ ਹਮਲਾ ਨਹੀਂ ਹੁੰਦਾ ਹੈ, ਤਾਂ ਟਰੰਪ ਵੀ ਜਵਾਬੀ ਹਮਲੇ ਤੋਂ ਬਚਣਾ ਚਾਹੁਣਗੇ ਅਤੇ ਗੱਲਬਾਤ ਦੀ ਉਮੀਦ ਰੱਖਣਗੇ। ਜੇਕਰ ਸਥਿਤੀ ਟਰੰਪ ਦੇ ਦੱਸੇ ਮੁਤਾਬਕ ਹੀ ਰਹੀ, ਤਾਂ ਇਹ ਸੰਭਵ ਹੈ।

ਟਰੰਪ ਦਾ ਹਾਲੀਆ ਹਮਲਾ ਬਹੁਤ ਜੋਖਮ ਭਰਿਆ ਕਦਮ ਸੀ, ਪਰ ਇਸਦੇ ਨਤੀਜੇ ਹੁਣ ਦਿਖਾਈ ਦੇਣ ਲੱਗੇ ਹਨ।

ਜਨਵਰੀ 2020 ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ, ਜਦੋਂ ਟਰੰਪ ਨੇ ਬਗਦਾਦ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਆਗੂ ਕਾਸਿਮ ਸੁਲੇਮਾਨੀ ਨੂੰ ਮਾਰਨ ਦਾ ਹੁਕਮ ਦਿੱਤਾ ਸੀ।

ਇਸ ਤੋਂ ਬਾਅਦ, ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਮਿਜ਼ਾਈਲਾਂ ਦਾਗੀਆਂ ਸਨ।

ਇਸ ਹਮਲੇ ਵਿੱਚ 100 ਤੋਂ ਵੱਧ ਅਮਰੀਕੀ ਫ਼ੌਜੀ ਜ਼ਖਮੀ ਹੋ ਗਏ ਸਨ, ਪਰ ਅਮਰੀਕਾ ਨੇ ਲੜਾਈ ਵਧਾਉਣ ਤੋਂ ਗੁਰੇਜ਼ ਕੀਤਾ ਸੀ। ਅੰਤ ਵਿੱਚ ਦੋਵਾਂ ਪਾਸਿਆਂ ਨੇ ਸੰਜਮ ਤੋਂ ਕੰਮ ਲਿਆ ਗਿਆ ਸੀ।

ਜੇਕਰ ਟਕਰਾਅ ਵਧਦਾ ਹੈ ਤਾਂ ਕੀ ਹੋ ਸਕਦਾ ਹੈ?

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਹੋਏ ਤਾਜ਼ਾ ਹਮਲਿਆਂ ਵਿੱਚ, ਈਰਾਨ ਨੇ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਓਨੀਆਂ ਹੀ ਮਿਜ਼ਾਈਲਾਂ ਦਾਗੀਆਂ ਜਿੰਨੇ ਅਮਰੀਕੀ ਲੜਾਕੂ ਜਹਾਜ਼ਾਂ ਨੇ ਬੰਬ ਸੁੱਟੇ ਸਨ।

ਇਸ ਦੇ ਨਾਲ ਹੀ, ਈਰਾਨ ਨੇ ਹਮਲੇ ਤੋਂ ਪਹਿਲਾਂ ਕਤਰ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ, ਜਿਸ ਲਈ ਟਰੰਪ ਨੇ ਆਪਣਾ ਧੰਨਵਾਦ ਪ੍ਰਗਟ ਕੀਤਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਈਰਾਨ ਲੜਾਈ ਨੂੰ ਵਧਾਉਣਾ ਨਹੀਂ ਚਾਹੁੰਦਾ ਪਰ ਬਰਾਬਰ ਜਵਾਬ ਦੇਣਾ ਚਾਹੁੰਦਾ ਹੈ।

ਦਿਨ ਭਰ, ਟਰੰਪ ਦਾ ਧਿਆਨ ਤੇਲ ਦੀਆਂ ਕੀਮਤਾਂ, ਅਮਰੀਕੀ ਮੀਡੀਆ ਰਿਪੋਰਟਾਂ ਅਤੇ ਸਾਬਕਾ ਰੂਸੀ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਦੇ ਸੁਝਾਅ 'ਤੇ ਕੇਂਦ੍ਰਿਤ ਰਿਹਾ ਕਿ ਕੋਈ ਬਾਹਰੀ ਦੇਸ਼ ਈਰਾਨ ਨੂੰ ਪ੍ਰਮਾਣੂ ਹਥਿਆਰ ਮੁਹੱਈਆ ਕਰਵਾ ਸਕਦਾ ਹੈ।

ਸੋਮਵਾਰ ਰਾਤ ਨੂੰ, ਕੈਨੇਡਾ ਵਿੱਚ ਜੀ-7 ਮੀਟਿੰਗ ਤੋਂ ਵਾਪਸ ਆਉਂਦੇ ਸਮੇਂ, ਟਰੰਪ ਨੇ ਜਹਾਜ਼ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕੀ ਫ਼ੌਜ ਈਰਾਨੀ ਖਤਰੇ ਲਈ ਤਿਆਰ ਹੈ।

ਉਨ੍ਹਾਂ ਕਿਹਾ, "ਸਾਡੇ ਕੋਲ ਬਹਿਤਰੀਨ ਲੋਕ ਹਨ ਜੋ ਜਾਣਦੇ ਹਨ ਕਿ ਆਪਣਾ ਬਚਾਅ ਕਿਵੇਂ ਕਰਨਾ ਹੈ। ਸਾਡੇ ਫ਼ੌਜੀ ਤਿਆਰ ਹਨ।"

ਜੇਕਰ ਈਰਾਨ ਮੁੜ ਹਮਲਾ ਕਰਦਾ ਹੈ ਅਤੇ ਕੋਈ ਅਮਰੀਕੀ ਨਾਗਰਿਕ ਮਾਰਿਆ ਜਾਂਦਾ ਹੈ ਜਾਂ ਵੱਡਾ ਨੁਕਸਾਨ ਹੁੰਦਾ ਹੈ, ਤਾਂ ਟਰੰਪ 'ਤੇ ਬਦਲਾ ਲੈਣ ਦਾ ਦਬਾਅ ਵਧੇਗਾ।

ਐਤਵਾਰ ਨੂੰ, ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪਿਛਲੇ ਅਮਰੀਕੀ ਆਗੂਆਂ ਦੇ ਉਲਟ, ਇਹ ਰਾਸ਼ਟਰਪਤੀ (ਟਰੰਪ) ਆਪਣੀਆਂ ਚੇਤਾਵਨੀਆਂ 'ਤੇ ਅਮਲ ਕਰਦੇ ਹਨ।

ਹਾਲਾਂਕਿ, ਅਜਿਹਾ ਕਰਨ ਨਾਲ ਉਸ ਤਰ੍ਹਾਂ ਦੀ ਲੰਬੇ ਸਮੇਂ ਤੋਂ ਚੱਲਣ ਵਾਲੀ ਜੰਗ ਦਾ ਖ਼ਤਰਾ ਪੈਦਾ ਹੋ ਜਾਵੇਗਾ ਜਿਸ ਬਾਰੇ ਟਰੰਪ ਦੇ ਕੁਝ ਸਮਰਥਕਾਂ ਨੂੰ ਡਰ ਹੈ ਕਿ ਜੇਕਰ ਅਮਰੀਕਾ ਇਸ ਲੜਾਈ ਵਿੱਚ ਸ਼ਾਮਲ ਹੋ ਗਿਆ ਤਾਂ ਕੀ ਹੋਵੇਗਾ।

ਫ਼ਿਲਹਾਲ, ਈਰਾਨ ਇਸ ਟਕਰਾਅ ਤੋਂ ਬਾਹਰ ਨਿਕਲਣ ਦਾ ਰਾਹ ਦਿਖਾ ਰਿਹਾ ਹੈ ਅਤੇ ਟਰੰਪ ਇਸ ਰਸਤੇ 'ਤੇ ਚੱਲਣ ਲਈ ਤਿਆਰ ਨਜ਼ਰ ਆ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)