ਇਜ਼ਰਾਈਲ-ਈਰਾਨ ਵਿਚਾਲੇ ਲੜਾਈ ਕਿਉਂ ਹੋ ਰਹੀ ਹੈ ਤੇ ਦੋਵਾਂ ਦੇਸ਼ਾਂ ਕੋਲ ਕਿੰਨੇ ਪਰਮਾਣੂ ਹਥਿਆਰ ਹਨ, ਜਾਣੋ ਕੁਝ ਅਹਿਮ ਸਵਾਲਾਂ ਦੇ ਜਵਾਬ

ਇਜ਼ਰਾਈਲ ਅਤੇ ਈਰਾਨ ਦੇ ਇੱਕ ਦੂਜੇ 'ਤੇ ਹਮਲੇ ਜਾਰੀ ਹਨ। ਪਰ ਕੀ ਅਮਰੀਕਾ ਇਸ ਟਕਰਾਅ ਦਾ ਹਿੱਸਾ ਬਣੇਗਾ?

ਜਦੋਂ ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਤੋਂ ਇਹ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ, "ਮੈਂ ਸ਼ਾਮਲ ਹੋ ਸਕਦਾ ਹਾਂ। ਹੋ ਸਕਦਾ ਹੈ ਕਿ ਨਾ ਵੀ ਹੋਵਾਂ।"

ਬੀਬੀਸੀ ਪੱਤਰਕਾਰਾਂ ਅਤੇ ਮਾਹਿਰਾਂ ਨੇ ਇਜ਼ਰਾਈਲ-ਈਰਾਨ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਵਾਰ-ਵਾਰ ਪੁੱਛੇ ਜਾ ਰਹੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਦਿੱਤੇ ਹਨ।

ਲੋਕ ਇੰਟਰਨੈੱਟ 'ਤੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭ ਰਹੇ ਹਨ।

ਇਜ਼ਰਾਈਲ ਇਸ ਵੇਲੇ ਈਰਾਨ 'ਤੇ ਬੰਬਾਰੀ ਕਿਉਂ ਕਰ ਰਿਹਾ ਹੈ?

ਫਰੈਂਕ ਗਾਰਡਨਰ, ਸੁਰੱਖਿਆ ਪੱਤਰਕਾਰ

ਇਸ ਸਵਾਲ ਲਈ ਇਜ਼ਰਾਈਲ ਦਾ ਜਵਾਬ ਇਹ ਹੈ ਕਿ ਉਸ ਕੋਲ ਕੋਈ ਬਦਲ ਨਹੀਂ ਹੈ।

ਇਜ਼ਰਾਈਲ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਈਰਾਨ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਤੇਜ਼ ਕੀਤਾ ਹੈ।

ਇਜ਼ਰਾਈਲ ਦੇ ਅਨੁਸਾਰ, ਈਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਵਿੱਚ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਅਤੇ ਇਸ ਲਈ ਈਰਾਨ 'ਤੇ ਹਮਲਾ ਕਰਨਾ ਹੀ ਇੱਕੋ ਇੱਕ ਬਦਲ ਸੀ।

ਇਜ਼ਰਾਈਲ ਇਹ ਵੀ ਕਹਿੰਦਾ ਹੈ ਕਿ ਉਹ ਈਰਾਨ ਨੂੰ ਆਪਣੀ ਹੋਂਦ ਲਈ ਖ਼ਤਰੇ ਵਜੋਂ ਦੇਖਦਾ ਹੈ।

ਇਸ ਪਿੱਛੇ ਉਸ ਦਾ ਤਰਕ ਇਹ ਹੈ ਕਿ ਜੇਕਰ ਈਰਾਨ ਪਰਮਾਣੂ ਹਥਿਆਰ ਵਿਕਸਤ ਕਰਦਾ ਹੈ, ਤਾਂ ਉਹ ਉਨ੍ਹਾਂ ਦੀ ਵਰਤੋਂ ਕਰੇਗਾ ਕਿਉਂਕਿ ਉਸ ਨੇ ਪਹਿਲਾਂ ਵੀ ਇਜ਼ਰਾਈਲ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਸੀ।

ਈਰਾਨ ਪਰਮਾਣੂ ਹਥਿਆਰ ਵਿਕਸਤ ਕਰਨ ਦੇ ਨੇੜੇ ਸੀ, ਪਰ ਖੇਤਰ ਦੇ ਹੋਰ ਦੇਸ਼ਾਂ ਨੇ ਇਸ ਮੁੱਦੇ ਨੂੰ ਨਹੀਂ ਚੁੱਕਿਆ।

ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨੀ ਸੰਸਥਾ, ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ), ਵੀ ਇਸ ਨਾਲ ਸਹਿਮਤ ਨਹੀਂ ਹੈ।

ਨਾ ਹੀ ਅਮਰੀਕੀ ਖ਼ੁਫ਼ੀਆ ਏਜੰਸੀ ਦੀ ਕਿਸੇ ਵੀ ਪਿਛਲੀ ਓਪਨ-ਸੋਰਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਪਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ।

ਈਰਾਨੀ ਨਾਗਰਿਕ ਕਿੱਥੇ ਜਾ ਸਕਦੇ ਹਨ?

ਨਫ਼ੀਸੇ ਕੋਹਨਾਵਰਡ, ਮੱਧ ਪੂਰਬ ਪੱਤਰਕਾਰ

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ, ਪਰ ਇਹ ਖੇਤਰ ਸੰਘਣੀ ਆਬਾਦੀ ਵਾਲੇ ਹਨ।

ਅਸੀਂ ਵੱਡੇ ਟ੍ਰੈਫਿਕ ਜਾਮ ਦੀਆਂ ਫੁਟੇਜ ਦੇਖੀਆਂ ਹਨ ਕਿਉਂਕਿ ਵਾਹਨਾਂ ਦੀਆਂ ਵੱਡੀਆਂ ਲਾਈਨਾਂ ਤਹਿਰਾਨ ਤੋਂ ਦੇਸ਼ ਦੇ ਉੱਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਈਰਾਨ ਦੇ ਲੋਕ ਇਸ ਇਲਾਕੇ ਨੂੰ ਸੁਰੱਖਿਅਤ ਮੰਨਦੇ ਹਨ। ਪਰ ਉਨ੍ਹਾਂ ਇਲਾਕਿਆਂ 'ਤੇ ਵੀ ਹਮਲੇ ਹੋਏ ਹਨ।

ਕਿਉਂਕਿ ਈਰਾਨ ਵਿੱਚ ਇਜ਼ਰਾਈਲ ਦਾ ਨਿਸ਼ਾਨਾ ਇੰਨਾ ਵੱਡਾ ਹੈ ਕਿ ਕੋਈ ਵੀ ਖੇਤਰ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ।

ਤਹਿਰਾਨ ਵਿੱਚ ਇੱਕ ਕਰੋੜ ਲੋਕ ਰਹਿੰਦੇ ਹਨ, ਇਸ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੱਢਣਾ ਅਸਲ ਵਿੱਚ ਸੰਭਵ ਨਹੀਂ ਹੈ।

ਜੇਕਰ ਅਮਰੀਕਾ ਟਕਰਾਅ ਵਿੱਚ ਪੈ ਜਾਂਦਾ ਹੈ ਤਾਂ ਕੀ ਈਰਾਨ ਅਮਰੀਕੀ ਟਿਕਾਣਿਆਂ 'ਤੇ ਹਮਲਾ ਕਰੇਗਾ?

ਮਾਈਕੀ ਕੇ, ਸੁਰੱਖਿਆ ਬ੍ਰੀਫ ਹੋਸਟ, ਬੀਬੀਸੀ

ਇਸ ਵਿੱਚ ਜ਼ਰੂਰ ਇੱਕ ਜੋਖਮ ਹੈ ਅਤੇ ਅਮਰੀਕਾ ਲਈ ਨਤੀਜੇ ਬਹੁਤ ਗੰਭੀਰ ਹੋਣਗੇ।

ਮੱਧ ਪੂਰਬ ਵਿੱਚ 19 ਥਾਵਾਂ 'ਤੇ ਲਗਭਗ 40,000 ਤੋਂ 50,000 ਅਮਰੀਕੀ ਸੈਨਿਕ ਤਾਇਨਾਤ ਹਨ।

ਅਮਰੀਕੀ ਫੌਜੀ ਕਰਮਚਾਰੀ ਸਾਈਪ੍ਰਸ ਵਿੱਚ ਤਾਇਨਾਤ ਹਨ ਅਤੇ ਬਹਿਰੀਨ ਵਿੱਚ ਇੱਕ ਅਮਰੀਕੀ ਜਲ ਸੈਨਾ ਦਾ ਅੱਡਾ ਵੀ ਹੈ।

ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਮਰੀਕਾ ਇਸ ਵਿੱਚ ਕਿਵੇਂ ਅਤੇ ਕਿਸ ਹੱਦ ਤੱਕ ਸ਼ਾਮਲ ਹੋਣ ਦਾ ਫੈਸਲਾ ਕਰਦਾ ਹੈ।

ਕੀ ਈਰਾਨ ਦੇ ਪ੍ਰਤੀਨਿਧੀ ਇਸ ਟਕਰਾਅ ਵਿੱਚ ਇਸ ਦਾ ਸਮਰਥਨ ਕਰ ਸਕਦੇ ਹਨ?

ਫਰੈਂਕ ਗਾਰਡਨਰ, ਸੁਰੱਖਿਆ ਪੱਤਰਕਾਰ

ਮੈਨੂੰ ਨਹੀਂ ਲੱਗਦਾ - ਹੁਣ ਤਾਂ ਬਿਲਕੁਲ ਵੀ ਨਹੀਂ।

7 ਅਕਤੂਬਰ 2023 ਨੂੰ ਹਮਾਸ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਯੋਜਨਾਬੱਧ ਢੰਗ ਨਾਲ ਈਰਾਨ ਦੇ ਰੱਖਿਆ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।

ਇਜ਼ਰਾਈਲ ਨੇ ਗਾਜ਼ਾ ਵਿੱਚ ਹਮਾਸ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਹਥਿਆਰਾਂ ਦੇ ਭੰਡਾਰਾਂ ਨੂੰ ਵੱਡੇ ਪੱਧਰ 'ਤੇ ਤਬਾਹ ਕਰ ਦਿੱਤਾ ਹੈ।

ਸੀਰੀਆ ਹੁਣ ਈਰਾਨ ਦਾ ਦੋਸਤ ਨਹੀਂ ਰਿਹਾ, ਕਿਉਂਕਿ ਬਸ਼ਰ ਅਲ-ਅਸਦ ਨੂੰ ਉੱਥੋਂ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਹ ਕੰਮ ਇਜ਼ਰਾਈਲ ਵੱਲੋਂ ਨਹੀਂ ਕੀਤਾ ਗਿਆ ਹੈ।

ਯਮਨ ਦੇ ਹੂਤੀ ਬਾਗ਼ੀ ਕਾਫ਼ੀ ਸੀਮਤ ਹਨ, ਇਸ ਲਈ ਉਨ੍ਹਾਂ ਦਾ ਤਾਲਮੇਲ ਬਹੁਤ ਵਧੀਆ ਨਹੀਂ ਹੈ।

ਈਰਾਨ ਦੇ ਨੇਤਾ ਨੂੰ ਕਿੰਨਾ ਸਮਰਥਨ ਹਾਸਲ ਹੈ?

ਨਫ਼ੀਸੇ ਕੋਹਨਾਵਰਡ, ਮੱਧ ਪੂਰਬ ਪੱਤਰਕਾਰ

ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲ੍ਹਾ ਖਾਮੇਨਈ ਹਨ। ਉਹ ਇੱਕ ਧਾਰਮਿਕ ਹਸਤੀ ਹਨ ਜਿਨ੍ਹਾਂ ਕੋਲ ਈਰਾਨ ਦੇ ਰਾਸ਼ਟਰਪਤੀ ਨਾਲੋਂ ਕਈ ਗੁਣਾ ਜ਼ਿਆਦਾ ਸ਼ਕਤੀ ਹੈ।

ਉਹ ਸੁਰੱਖਿਆ ਬਲਾਂ ਦੇ ਕਮਾਂਡਰ-ਇਨ-ਚੀਫ਼ ਹਨ। ਅਮਰੀਕਾ ਨਾਲ ਗੱਲਬਾਤ ਅਤੇ ਹੋਰ ਮੁੱਦਿਆਂ 'ਤੇ ਖਾਮੇਨਈ ਮੁੱਖ ਫੈਸਲਾ ਲੈਣ ਵਾਲੇ ਹਨ।

ਪਰ ਉਨ੍ਹਾਂ ਨੂੰ ਈਰਾਨ ਦਾ ਪੂਰਾ ਸਮਰਥਨ ਪ੍ਰਾਪਤ ਨਹੀਂ ਹੈ। ਈਰਾਨ ਵਿੱਚ ਲੋਕ ਵੰਡੇ ਹੋਏ ਹਨ ਅਤੇ ਇਹ ਵੰਡ ਹੋਰ ਡੂੰਘੀ ਹੁੰਦੀ ਜਾ ਰਹੀ ਹੈ।

ਸਿਰਫ਼ ਦੋ ਸਾਲ ਪਹਿਲਾਂ, ਈਰਾਨ ਦੇ ਲੋਕਾਂ ਨੇ ਸੁਪਰੀਮ ਲੀਡਰ ਦੀ ਸ਼ਕਤੀ ਵਿਰੁੱਧ ਕਈ ਵੱਡੇ ਵਿਰੋਧ ਪ੍ਰਦਰਸ਼ਨ ਦੇਖੇ।

ਔਰਤਾਂ ਨੇ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਦੀ ਮੰਗ ਕਰਦੇ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ।

ਪਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸ਼ਾਸਨ ਦੇ ਅਜੇ ਵੀ ਸਮਰਥਕ ਹਨ - ਜਿਸ ਵਿੱਚ ਸ਼ਾਸਨ ਨਾਲ ਜੁੜੀਆਂ ਹਥਿਆਰਬੰਦ ਫੌਜਾਂ ਵੀ ਸ਼ਾਮਲ ਹਨ।

ਜੇਕਰ ਈਰਾਨ ਵਿੱਚ ਸ਼ਾਸਨ ਦਾ ਤਖਤਾ ਪਲਟ ਹੋ ਜਾਂਦਾ ਹੈ ਤਾਂ ਕੀ ਹੋਵੇਗਾ?

ਨਫ਼ੀਸੇ ਕੋਹਨਾਵਰਡ, ਮੱਧ ਪੂਰਬ ਪੱਤਰਕਾਰ

ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ।

ਅਸੀਂ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਹੈ ਕਿ ਕੋਈ ਵੀ ਸੰਯੁਕਤ ਵਿਰੋਧੀ ਧਿਰ ਨਹੀਂ ਹੈ ਜੋ ਸਰਕਾਰ ਬਦਲਣ ਲਈ ਇਕੱਠੇ ਕੰਮ ਕਰ ਰਹੀ ਹੋਵੇ।

ਹੁਣ ਕਈ ਬਦਲ ਹਨ, ਜਿਨ੍ਹਾਂ ਵਿੱਚ ਈਰਾਨ ਦੇ ਸਾਬਕਾ ਸ਼ਾਹ ਦੇ ਜਲਾਵਤਨ ਪੁੱਤਰ ਰਜ਼ਾ ਪਹਿਲਵੀ ਸ਼ਾਮਲ ਹਨ। ਉਹ ਫ਼ਿਲਹਾਲ ਵਿਦੇਸ਼ ਵਿੱਚ ਰਹਿੰਦੇ ਹਨ।

ਈਰਾਨ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੇ ਸਮਰਥਕ ਹਨ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਸਮਰਥਕ ਹਨ।

ਉਨ੍ਹਾਂ ਦੇ ਵਿਰੋਧੀ ਵੀ ਹਨ, ਜਿਨ੍ਹਾਂ ਵਿੱਚ ਦੇਸ਼ ਦੇ ਅੰਦਰ ਸੁਧਾਰਵਾਦੀ ਵੀ ਸ਼ਾਮਲ ਹਨ ਜੋ ਸ਼ਾਇਦ ਈਰਾਨ ਦੀ ਰਾਜਸ਼ਾਹੀ ਵੱਲ ਵਾਪਸ ਨਹੀਂ ਜਾਣਾ ਚਾਹੁੰਦੇ। ਇਸ ਰਾਜਸ਼ਾਹੀ ਨੂੰ ਲਗਭਗ 40 ਸਾਲ ਪਹਿਲਾਂ ਉਖਾੜ ਦਿੱਤਾ ਗਿਆ ਸੀ।

ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕੋਈ ਹੋਰ ਬਦਲ ਹੈ ਜਾਂ ਨਹੀਂ।

ਫੋਰਡੋ ਕਿੱਥੇ ਹੈ ਅਤੇ ਇਹ ਕੀ ਹੈ?

ਮਾਈਕੀ ਕੇ, ਸੁਰੱਖਿਆ ਬ੍ਰੀਫ ਹੋਸਟ

ਫੋਰਡੋ ਤਹਿਰਾਨ ਤੋਂ ਲਗਭਗ 200 ਕਿਲੋਮੀਟਰ ਦੱਖਣ ਵਿੱਚ ਹੈ ਅਤੇ ਈਰਾਨ ਦੇ ਦੋ ਮੁੱਖ ਪਰਮਾਣੂ ਸੰਸ਼ੋਧਨ ਕੇਂਦਰਾਂ ਵਿੱਚੋਂ ਇੱਕ ਹੈ।

ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਨੂੰ ਇੱਕ ਪਹਾੜ ਵਿੱਚ ਬਣਾਇਆ ਗਿਆ ਹੈ। ਇਹ ਮੂਲ ਰੂਪ ਵਿੱਚ ਉਨ੍ਹਾਂ ਪ੍ਰਮੁੱਖ ਕੇਂਦਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਵਰਤੋਂ ਈਰਾਨ ਆਪਣੇ ਸੰਸ਼ੋਧਿਤ ਯੂਰੇਨੀਅਮ ਭੰਡਾਰਾਂ ਨੂੰ ਵਧਾਉਣ ਲਈ ਕਰ ਰਿਹਾ ਹੈ।

ਫੋਰਡੋ 'ਤੇ ਪਹਿਲਾਂ ਹੀ ਇਜ਼ਰਾਈਲ ਰੱਖਿਆ ਬਲਾਂ (ਆਈਡੀਐੱਫ) ਵੱਲੋਂ ਹਮਲਾ ਕੀਤਾ ਜਾ ਚੁੱਕਾ ਹੈ।

ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਇਹ ਹਮਲੇ ਈਰਾਨ ਦੀਆਂ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਨੇੜਲੀਆਂ ਹਵਾਈ ਰੱਖਿਆ ਸਮਰੱਥਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ ਤਾਂ ਜੋ ਇਸ ਨੂੰ ਹੋਰ ਕਮਜ਼ੋਰ ਬਣਾਇਆ ਜਾ ਸਕੇ।

ਈਰਾਨ ਪਰਮਾਣੂ ਬੰਬ ਪ੍ਰਾਪਤ ਕਰਨ ਦੇ ਕਿੰਨਾ ਕੁ ਨੇੜੇ ਹੈ?

ਫਰੈਂਕ ਗਾਰਡਨਰ, ਸੁਰੱਖਿਆ ਪੱਤਰਕਾਰ

ਕੀ ਈਰਾਨ ਪਰਮਾਣੂ ਬੰਬ ਬਣਾਉਣ ਵੱਲ ਕੰਮ ਕਰ ਰਿਹਾ ਸੀ, ਇਹ ਸਿਰਫ਼ ਈਰਾਨ ਦੇ ਸਭ ਤੋਂ ਭਰੋਸੇਮੰਦ ਪ੍ਰਮਾਣੂ ਵਿਗਿਆਨੀਆਂ, ਸੁਰੱਖਿਆ ਸਥਾਪਨਾ ਦੇ ਅੰਦਰੂਨੀ ਲੋਕਾਂ ਅਤੇ ਖੁਦ ਸੁਪਰੀਮ ਲੀਡਰ ਨੂੰ ਹੀ ਪਤਾ ਹੈ। ਬਾਕੀ ਸਭ ਕੁਝ ਅਨੁਮਾਨ ਹੈ।

ਪਰ ਇਸ ਮਹੀਨੇ ਦੇ ਸ਼ੁਰੂ ਵਿੱਚ ਚਿੰਤਾਵਾਂ ਉਦੋਂ ਉਭਰ ਕੇ ਸਾਹਮਣੇ ਆਈਆਂ ਜਦੋਂ ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਸੰਸਥਾ (ਆਈਏਈਏ) ਨੇ ਪਾਇਆ ਕਿ ਈਰਾਨ ਨੇ ਲਗਭਗ 20 ਸਾਲਾਂ ਵਿੱਚ ਪਹਿਲੀ ਵਾਰ ਆਪਣੀਆਂ ਗੈਰ-ਪ੍ਰਸਾਰ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ।

ਈਰਾਨ ਨੇ ਲਗਭਗ 400 ਕਿਲੋਗ੍ਰਾਮ ਯੂਰੇਨੀਅਮ ਇਕੱਠਾ ਕਰ ਲਿਆ ਹੈ ਜੋ ਕਿ 60 ਫ਼ੀਸਦ ਤੱਕ ਸ਼ੁੱਧ ਹੈ ਅਤੇ ਜੋ ਸਿਵਲੀਅਨ ਪਰਮਾਣੂ ਉਦੇਸ਼ਾਂ ਲਈ ਲੋੜੀਂਦੇ ਪੱਧਰ ਤੋਂ ਕਿਤੇ ਵੱਧ ਹੈ।

ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਈਰਾਨ ਪੂਰੀ ਤਰ੍ਹਾਂ ਸਹਿਯੋਗ ਕਰਨ ਵਿੱਚ ਅਸਫ਼ਲ ਰਿਹਾ ਹੈ ਅਤੇ ਇਹ ਸਾਬਤ ਕਰਨ ਵਿੱਚ ਅਸਮਰੱਥ ਰਿਹਾ ਹੈ ਕਿ ਪਰਮਾਣੂ ਸਮੱਗਰੀ ਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਲਈ ਨਹੀਂ ਕੀਤੀ ਗਈ ਸੀ।

ਇਜ਼ਰਾਈਲੀ ਫੌਜ ਨੇ ਪਿਛਲੇ ਹਫ਼ਤੇ ਕਿਹਾ ਸੀ "ਪਿਛਲੇ ਕੁਝ ਮਹੀਨਿਆਂ ਤੋਂ ਖ਼ੁਫ਼ੀਆ ਜਾਣਕਾਰੀ ਨੇ ਦਿਖਾਇਆ ਹੈ ਕਿ ਈਰਾਨ ਪਰਮਾਣੂ ਹਥਿਆਰ ਪ੍ਰਾਪਤ ਕਰਨ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹੈ।"

ਪਰ ਕਿਸਦੀ ਖ਼ੁਫ਼ੀਆ ਜਾਣਕਾਰੀ? ਸ਼ਾਇਦ ਇਜ਼ਰਾਈਲ ਦੇ ਸਭ ਤੋਂ ਨੇੜਲੇ ਸਹਿਯੋਗੀ, ਅਮਰੀਕਾ ਦੀ ਨਹੀਂ।

ਮਾਰਚ ਵਿੱਚ, ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨੇ ਕਾਂਗਰਸ ਨੂੰ ਦੱਸਿਆ ਕਿ 'ਈਰਾਨ ਨੇ ਹਥਿਆਰ-ਗ੍ਰੇਡ ਯੂਰੇਨੀਅਮ ਇਕੱਠਾ ਕਰ ਲਿਆ ਹੈ, ਪਰ ਅਜਿਹਾ ਨਹੀਂ ਲੱਗਦਾ ਕਿ ਉਹ ਪਰਮਾਣੂ ਬੰਬ ਬਣਾ ਰਿਹਾ ਹੈ।'

ਇਸ ਦੌਰਾਨ, ਈਰਾਨ ਨੇ ਹਮੇਸ਼ਾ ਕਿਹਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ।

ਕੀ ਇਜ਼ਰਾਈਲ ਕੋਲ ਪਰਮਾਣੂ ਹਥਿਆਰ ਹਨ?

ਮਾਈਕੀ ਕੇ, ਸੁਰੱਖਿਆ ਬ੍ਰੀਫ ਹੋਸਟ

ਅੰਦਾਜ਼ਾ ਲਗਾਇਆ ਗਿਆ ਹੈ ਕਿ ਇਜ਼ਰਾਈਲ ਕੋਲ ਲਗਭਗ 90 ਪਰਮਾਣੂ ਹਥਿਆਰ ਹਨ। ਪਰ ਸਵਾਲ ਦਾ ਅਸਲ ਜਵਾਬ ਇਹ ਹੈ ਕਿ ਸਾਨੂੰ ਸੱਚ ਨਹੀਂ ਪਤਾ।

ਇਜ਼ਰਾਈਲ ਨੇ ਨਾ ਤਾਂ ਪਰਮਾਣੂ ਸਮਰੱਥਾ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।

ਇਜ਼ਰਾਈਲ ਪਰਮਾਣੂ ਅਪ੍ਰਸਾਰ ਸੰਧੀ ਦਾ ਹਿੱਸਾ ਨਹੀਂ ਹੈ, ਜੋ ਕਿ ਹੋਰ ਦੇਸ਼ਾਂ ਨੂੰ ਪ੍ਰਮਾਣੂ ਬੰਬ ਪ੍ਰਾਪਤ ਕਰਨ ਤੋਂ ਰੋਕਣ ਲਈ ਇੱਕ ਵਿਸ਼ਵਵਿਆਪੀ ਸਮਝੌਤਾ ਹੈ।

ਪਰਮਾਣੂ ਹਥਿਆਰ ਰੱਖਣ ਲਈ, ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ: ਪਹਿਲੀ, 90% ਤੱਕ ਯੂਰੇਨੀਅਮ ਨੂੰ ਸ਼ੁੱਧ ਕਰਨਾ, ਦੂਜੀ, ਵਾਰਹੈੱਡ ਬਣਾਉਣ ਦੀ ਸਮਰੱਥਾ ਅਤੇ ਤੀਜੀ, ਉਸ ਵਾਰਹੈੱਡ ਨੂੰ ਟੀਚੇ ਤੱਕ ਪਹੁੰਚਾਉਣ ਦਾ ਤਰੀਕਾ।

ਇਜ਼ਰਾਈਲ ਨੇ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਬਾਰੇ ਵੀ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)