You’re viewing a text-only version of this website that uses less data. View the main version of the website including all images and videos.
ਇਜ਼ਰਾਈਲ, ਈਰਾਨ ਅਤੇ ਤੇਲ: ਜੇਕਰ ਇਹ ਸਮੁੰਦਰੀ ਰਸਤਾ ਬੰਦ ਹੋਇਆ ਤਾਂ ਪੂਰੀ ਦੁਨੀਆਂ 'ਚ ਇਸ ਤਰ੍ਹਾਂ ਵੱਧ ਜਾਵੇਗੀ ਮਹਿੰਗਾਈ
13 ਜੂਨ ਨੂੰ ਈਰਾਨ ਉੱਤੇ ਹੋਏ ਇਜ਼ਰਾਈਲੀ ਹਮਲੇ ਤੋਂ ਬਾਅਦ ਇਹ ਡਰ ਜਤਾਇਆ ਜਾ ਰਿਹਾ ਸੀ ਕਿ ਹੋਰਮੁਜ਼ ਸਟ੍ਰੇਟ ਬੰਦ ਹੋ ਸਕਦਾ ਹੈ।
ਸਟ੍ਰੇਟ ਦੋ ਵੱਡੇ ਸਮੁੰਦਰਾਂ ਨੂੰ ਮਿਲਾਉਣ ਵਾਲਾ ਇੱਕ ਤੰਗ 'ਸਮੁੰਦਰ ਦਾ ਖੰਡ' ਹੁੰਦਾ ਹੈ।
ਹੋਰਮੁਜ਼ ਸਟ੍ਰੇਟ ਦੁਨੀਆ ਭਰ ਵਿੱਚ ਗੈਸ ਅਤੇ ਤੇਲ ਦੀ ਸਪਲਾਈ ਲਈ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ।
ਅਜਿਹਾ ਇਸ ਕਰਕੇ ਹੈ ਕਿਉਂਕਿ ਹੋਰਮੁਜ਼ ਸਟ੍ਰੇਟ ਮੱਧ ਪੂਰਬ ਦੇ ਤੇਲ ਨਾਲ ਭਰਪੂਰ ਦੇਸ਼ਾਂ ਨੂੰ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ।
ਪਰ ਇਹ ਖੇਤਰ ਦਹਾਕਿਆਂ ਤੋਂ ਭੂ-ਰਾਜਨੀਤਿਕ ਤਣਾਅ ਅਤੇ ਵਿਵਾਦਾਂ ਦਾ ਕੇਂਦਰ ਰਿਹਾ ਹੈ।
ਹੋਰਮੁਜ਼ ਸਟ੍ਰੇਟ ਦੀ ਮਹੱਤਤਾ ਨੂੰ ਸਮਝਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਕਾਰਨ ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਦਰਜ ਕੀਤਾ ਗਿਆ ਹੈ।
ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿੱਚ ਵਪਾਰ ਸ਼ੁਰੂ ਹੋਣ ਦੇ ਨਾਲ ਹੀ, ਬ੍ਰੈਂਟ ਕਰੂਡ ਆਇਲ ਦੀ ਕੀਮਤ ਦੋ ਡਾਲਰ ਨਾਲ ਵਧ ਕੇ 76.37 ਡਾਲਰ ਪ੍ਰਤੀ ਬੈਰਲ ਹੋ ਗਈ।
ਯਾਨੀ ਇਸ ਦੀ ਕੀਮਤ 'ਚ 2.8% ਦਾ ਵਾਧਾ ਹੋਇਆ।
ਅਮਰੀਕੀ ਕੱਚੇ ਤੇਲ ਦੀ ਕੀਮਤ ਵੀ ਲਗਭਗ ਦੋ ਡਾਲਰ ਨਾਲ ਵਧ ਕੇ 75.01 ਡਾਲਰ ਪ੍ਰਤੀ ਬੈਰਲ ਹੋ ਗਈ।
ਇਹ ਉਛਾਲ ਸ਼ੁੱਕਰਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਆਏ 7% ਦੇ ਤੇਜ਼ ਵਾਧੇ ਤੋਂ ਬਾਅਦ ਦੇਖਿਆ ਗਿਆ ਹੈ।
ਹੋਰਮੁਜ਼ ਸਟ੍ਰੇਟ ਕਿੱਥੇ ਹੈ ਅਤੇ ਇਹ ਇੰਨਾ ਜ਼ਰੂਰੀ ਕਿਉਂ ਹੈ?
ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਸਥਿਤ ਹੋਰਮੁਜ਼ ਸਟ੍ਰੇਟ ਈਰਾਨ ਅਤੇ ਓਮਾਨ ਦੀ ਸਮੁੰਦਰੀ ਸਰਹੱਦ ਦੇ ਵਿਚਕਾਰ ਪੈਂਦਾ ਹੈ। ਇਹ ਇੱਕ ਤੰਗ ਜਲਮਾਰਗ ਹੈ, ਜੋ ਇੱਕ ਜਗ੍ਹਾ ਤੋਂ ਤਾਂ ਸਿਰਫ 33 ਕਿਲੋਮੀਟਰ ਹੀ ਚੌੜਾ ਹੈ।
ਇਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਇਸ ਰਸਤੇ ਰਾਹੀਂ ਲੰਘਦਾ ਹੈ।
ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਈਰਾਨ ਵਰਗੇ ਦੇਸ਼ਾਂ ਤੋਂ ਨਿਰਯਾਤ ਕੀਤਾ ਜਾਣ ਵਾਲਾ ਕੱਚਾ ਤੇਲ ਇਸ ਸਟ੍ਰੇਟ ਰਾਹੀਂ ਹੀ ਦੂਜੇ ਦੇਸ਼ਾਂ ਤੱਕ ਪਹੁੰਚਦਾ ਹੈ।
ਇਸ ਤੋਂ ਇਲਾਵਾ, ਦੁਨੀਆ ਦਾ ਸਭ ਤੋਂ ਵੱਡਾ ਲਿਕਵਿਫ਼ਾਇਡ ਨੈਚੁਰਲ ਗੈਸ (ਐੱਲਐੱਨਜੀ) ਨਿਰਯਾਤਕ ਕਤਰ ਵੀ ਆਪਣੇ ਨਿਰਯਾਤ ਲਈ ਇਸ ਰਸਤੇ 'ਤੇ ਹੀ ਨਿਰਭਰ ਹੈ।
1980 ਤੋਂ 1988 ਤੱਕ ਚੱਲੀ ਈਰਾਨ-ਇਰਾਕ ਜੰਗ ਦੌਰਾਨ ਵੀ ਦੋਵਾਂ ਦੇਸ਼ਾਂ ਨੇ ਇਸ ਜਲ ਮਾਰਗ ਵਿੱਚ ਇੱਕ ਦੂਜੇ ਦੀ ਤੇਲ ਸਪਲਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ।
ਇਸ ਟਕਰਾਅ ਵਿੱਚ ਵਪਾਰਕ ਟੈਂਕਰਾਂ 'ਤੇ ਹਮਲਾ ਕੀਤਾ ਗਿਆ ਸੀ ਜਿਸ ਨਾਲ ਅੰਤਰਰਾਸ਼ਟਰੀ ਊਰਜਾ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ।
ਇਸ ਟਕਰਾਅ ਨੂੰ ਇਤਿਹਾਸ ਵਿੱਚ 'ਟੈਂਕਰ ਯੁੱਧ' ਵਜੋਂ ਵੀ ਜਾਣਿਆ ਜਾਂਦਾ ਹੈ।
ਜੇਕਰ ਹੋਰਮੁਜ਼ ਸਟ੍ਰੇਟ ਬੰਦ ਹੋ ਜਾਂਦਾ ਹੈ ਤਾਂ ਕੀ ਹੋਵੇਗਾ?
ਇਹ ਮੰਨਿਆ ਜਾਂਦਾ ਹੈ ਕਿ ਜੇਕਰ ਈਰਾਨ ਹੋਰਮੁਜ਼ ਸਟ੍ਰੇਟ ਬੰਦ ਕਰ ਦਿੰਦਾ ਹੈ, ਤਾਂ ਵਿਸ਼ਵਵਿਆਪੀ ਤੇਲ ਸਪਲਾਈ ਦਾ ਲਗਭਗ 20% ਹਿੱਸਾ ਪ੍ਰਭਾਵਿਤ ਹੋ ਸਕਦਾ ਹੈ।
ਜੂਨ ਵਿੱਚ ਵਿਸ਼ਵਵਿਆਪੀ ਵਿੱਤੀ ਸੰਸਥਾ ਜੇਪੀ ਮੋਰਗਨ ਨੇ ਚੇਤਾਵਨੀ ਦਿੱਤੀ ਸੀ ਕਿ ਅਜਿਹੀ ਸਥਿਤੀ ਵਿੱਚ, ਕੱਚੇ ਤੇਲ ਦੀ ਕੀਮਤ 120 ਡਾਲਰ ਤੋਂ 130 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ।
ਬੀਬੀਸੀ ਤੁਰਕੀ ਨਾਲ ਗੱਲਬਾਤ ਕਰਦਿਆਂ, ਪ੍ਰੋਫੈਸਰ ਡਾ. ਅਕਤ ਲੈਂਗਰ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਦੀ ਸਿਰਫ਼ ਸੰਭਾਵਨਾ ਕਰਕੇ ਹੀ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਦੇ ਅਨੁਸਾਰ, ਬਾਜ਼ਾਰ ਪਹਿਲਾਂ ਹੀ ਇਸ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਤੀਕਿਰਿਆ ਦੇ ਰਹੇ ਹਨ, ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਹੋਰਮੁਜ਼ ਸਟ੍ਰੇਟ ਬੰਦ ਹੋ ਜਾਂਦਾ ਹੈ, ਤਾਂ ਤੇਲ ਦੀ ਸਪਲਾਈ ਵਿੱਚ ਵਿਘਨ ਪਵੇਗਾ ਅਤੇ ਕੀਮਤਾਂ ਵਧਣਗੀਆਂ।
ਹਾਲਾਂਕਿ, ਇਜ਼ਰਾਈਲੀ ਹਮਲੇ ਤੋਂ ਬਾਅਦ ਈਰਾਨ ਨੇ ਸਪੱਸ਼ਟ ਕੀਤਾ ਸੀ ਕਿ ਉਸਦੀ ਤੇਲ ਸਪਲਾਈ ਪ੍ਰਭਾਵਿਤ ਨਹੀਂ ਹੋਈ ਹੈ।
ਤੇਲ ਮੰਤਰਾਲੇ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਿਆਂ ਵਿੱਚ ਤੇਲ ਭੰਡਾਰਨ ਕੇਂਦਰਾਂ ਜਾਂ ਰਿਫਾਇਨਰੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।
ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਟਕਰਾਅ ਵਧਦਾ ਹੈ, ਤਾਂ ਭਵਿੱਖ ਵਿੱਚ ਇਸ ਬੁਨਿਆਦੀ ਢਾਂਚੇ 'ਤੇ ਹਮਲਾ ਹੋਣਾ ਸੰਭਵ ਹੈ, ਜਿਸ ਨਾਲ ਵਿਸ਼ਵਵਿਆਪੀ ਊਰਜਾ ਸਪਲਾਈ ਨੂੰ ਗੰਭੀਰ ਝਟਕਾ ਲੱਗ ਸਕਦਾ ਹੈ।
ਪੁਰਾਣੇ ਵਿਵਾਦ
ਹੋਰਮੁਜ਼ ਸਟ੍ਰੇਟ ਪਿਛਲੇ ਸਮੇਂ ਵਿੱਚ ਵੀ ਈਰਾਨ ਅਤੇ ਅਮਰੀਕਾ ਵਿਚਕਾਰ ਵਿਵਾਦ ਅਤੇ ਟਕਰਾਅ ਦਾ ਕੇਂਦਰ ਰਿਹਾ ਹੈ।
1988 ਵਿੱਚ, ਇੱਕ ਅਮਰੀਕੀ ਲੜਾਕੂ ਜਹਾਜ਼ ਨੇ ਇੱਕ ਈਰਾਨੀ ਯਾਤਰੀ ਜਹਾਜ਼ 'ਤੇ ਹਮਲਾ ਕੀਤਾ ਸੀ ਜਿਸ ਵਿੱਚ 290 ਲੋਕ ਮਾਰੇ ਗਏ ਸਨ।
ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਇਹ ਇੱਕ "ਫੋਜ ਵੱਲੋਂ ਹੋਈ" ਕਾਰਵਾਈ ਸੀ ਅਤੇ ਕਿਹਾ ਕਿ ਉਨ੍ਹਾਂ ਦੀ ਜਲ ਸੈਨਾ ਨੇ ਜਹਾਜ਼ ਨੂੰ ਲੜਾਕੂ ਜਹਾਜ਼ ਸਮਝਿਆ ਸੀ।
ਪਰ ਈਰਾਨ ਨੇ ਇਸ ਨੂੰ 'ਪਰੀ-ਪਲੈਂਡ' ਯਾਨਿ ਪਹਿਲੇ ਤੋਂ ਹੀ ਮਿਥਿਆ ਹੋਇਆ ਹਮਲਾ ਕਿਹਾ ਸੀ।
ਅਮਰੀਕਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਜੰਗੀ ਜਹਾਜ਼ ਇਸ ਖੇਤਰ ਵਿੱਚ ਵਪਾਰੀ ਜਹਾਜ਼ਾਂ ਦੀ ਰੱਖਿਆ ਲਈ ਤਾਇਨਾਤ ਹਨ ਜੋ ਸੰਭਾਵੀ ਤੌਰ 'ਤੇ ਈਰਾਨੀ ਜਲ ਸੈਨਾ ਦੁਆਰਾ ਨਿਸ਼ਾਨਾ ਬਣਾਏ ਜਾ ਸਕਦੇ ਹਨ।
2008 ਵਿੱਚ ਅਮਰੀਕਾ ਨੇ ਕਿਹਾ ਕਿ ਈਰਾਨੀ ਕਿਸ਼ਤੀਆਂ ਨੇ ਤਿੰਨ ਅਮਰੀਕੀ ਜੰਗੀ ਜਹਾਜ਼ਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਸੀ।
ਜਵਾਬ ਵਿੱਚ, ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੇ ਤਤਕਾਲੀ ਕਮਾਂਡਰ-ਇਨ-ਚੀਫ਼, ਮੁਹੰਮਦ ਅਲ-ਜਫਰੀ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਕਿਸ਼ਤੀਆਂ 'ਤੇ ਹਮਲਾ ਕੀਤਾ ਗਿਆ, ਤਾਂ ਉਹ ਅਮਰੀਕੀ ਜਹਾਜ਼ਾਂ ਨੂੰ ਜ਼ਬਤ ਕਰ ਦੇਣਗੇ।
2010 ਵਿੱਚ, ਸਟ੍ਰੇਟ ਵਿੱਚ ਇੱਕ ਜਾਪਾਨੀ ਤੇਲ ਟੈਂਕਰ 'ਤੇ ਹਮਲਾ ਕੀਤਾ ਗਿਆ ਸੀ, ਜਿਸਦੀ ਜ਼ਿੰਮੇਵਾਰੀ ਅਲ-ਕਾਇਦਾ ਨਾਲ ਜੁੜੇ ਇੱਕ ਸਮੂਹ ਨੇ ਲਈ ਸੀ।
ਜਦੋਂ ਅਮਰੀਕਾ ਅਤੇ ਯੂਰਪ ਨੇ 2012 ਵਿੱਚ ਈਰਾਨ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਸਨ ਤਾਂ ਉਦੋਂ ਤਹਿਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ।
ਈਰਾਨ ਦਾ ਇਹ ਇਲਜ਼ਾਮ ਹੈ ਕਿ ਉਸ ਤੇ ਲਗਾਇਆਂ ਇਹ ਪਾਬੰਦੀਆਂ ਉਸ ਨੂੰ ਤੇਲ ਨਿਰਯਾਤ ਕਰਕੇ ਮਿਲਣ ਵਾਲੀ ਵਿਦੇਸ਼ੀ ਮੁਦਰਾ ਤੋਂ ਵਾਂਝੇ ਕਰਨ ਦੀ ਸਾਜ਼ਿਸ਼ ਸੀ।
ਜਦੋਂ ਅਮਰੀਕਾ ਨੇ 2018 ਵਿੱਚ ਈਰਾਨੀ ਤੇਲ ਨਿਰਯਾਤ ਨੂੰ 'ਜ਼ੀਰੋ' ਕਰਨ ਦੀ ਨੀਤੀ ਅਪਣਾਈ, ਤਾਂ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਸੰਕੇਤ ਦਿੱਤਾ ਕਿ ਈਰਾਨ ਇਸ ਸਟ੍ਰੇਟ ਤੋਂ ਲੰਘਣ ਵਾਲੀ ਤੇਲ ਸਪਲਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੇ ਇੱਕ ਕਮਾਂਡਰ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨੀ ਤੇਲ ਨਿਰਯਾਤ ਨੂੰ ਰੋਕਿਆ ਗਿਆ, ਤਾਂ ਉਹ ਹੋਰਮੁਜ਼ ਸਟ੍ਰੇਟ ਵਿੱਚ ਤੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ