ਜਗਦੀਸ਼ ਭੋਲਾ: ਕੀ ਹੈ ਉਹ ਮਾਮਲਾ ਜਿਸ ਵਿੱਚ ਸਾਬਕਾ ਡੀਐੱਸਪੀ ਤੇ ਕੌਮਾਂਤਰੀ ਖਿਡਾਰੀ ਨੂੰ 10 ਸਾਲ ਦੀ ਸਜ਼ਾ ਹੋਈ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਮੋਹਾਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਚਰਚਿਤ ਡਰੱਗ ਤਸਕਰ ਅਤੇ ਸਾਬਕਾ ਡਿਪਟੀ ਪੁਲਿਸ ਸੁਪਰਡੈਂਟ ਜਗਦੀਸ਼ ਸਿੰਘ ਭੋਲਾ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਭੋਲਾ ਤੋਂ ਇਲਾਵਾ 16 ਹੋਰ ਮੁਲਜ਼ਮਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਰਜ ਮਨੀ ਲਾਂਡਰਿੰਗ ਮਾਮਲੇ ਵਿੱਚ ਕੁੱਲ 23 ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ 2 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ 4 ਦੀ ਮਾਮਲੇ ਦੇ ਨਤੀਜੇ ਤੱਕ ਪਹੁੰਚਣ ਤੱਕ ਮੌਤ ਹੋ ਚੁੱਕੀ ਸੀ। ਜਗਦੀਸ਼ ਭੋਲੇ ਤੋਂ ਇਲਾਵਾ ਬਾਕੀ ਦੋਸ਼ੀਆਂ ਨੂੰ 3 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ।
ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਵਾਲਿਆਂ ਵਿੱਚ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ ਸਣੇ ਦੋ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਵੀ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਤਹਿਤ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਿੱਟੂ ਖ਼ਿਲਾਫ਼, ਇਸ ਤੋਂ ਪਹਿਲਾਂ ਵੀ ਨਸ਼ਿਆਂ ਦਾ ਮਾਮਲਾ ਚੱਲ ਚੁੱਕਿਆ ਹੈ ਅਤੇ ਇਸ ਵਿੱਚੋਂ ਉਹ ਬਰੀ ਹੋ ਗਏ ਸਨ।

ਇਹ ਮਾਮਲਾ ਜਗਦੀਸ਼ ਸਿੰਘ ਉਰਫ਼ ਭੋਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਠਿੰਡਾ ਦੇ ਹੀ ਰਾਏਕਾ ਕਲਾਂ ਦੇ ਭੋਲਾ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਹਨ। ਅਰਜੁਨ ਐਵਾਰਡ ਨਾਲ ਸਨਮਾਨਿਤ ਭੋਲਾ ਰੁਸਤਮ-ਏ-ਹਿੰਦ ਖ਼ਿਤਾਬ ਨਾਲ ਵੀ ਨਿਵਾਜ਼ੇ ਗਏ।
ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਵਿਚ ਡੀਐੱਸਪੀ ਦੀ ਨੌਕਰੀ ਦਿੱਤੀ। ਪਰ ਫਿਰ ਡਰੱਗ ਤਸਕਰੀ ਦੇ ਇਲਜ਼ਾਮਾਂ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ।
ਮਾਮਲਾ ਕੀ ਹੈ ?

ਤਸਵੀਰ ਸਰੋਤ, Getty Images
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਾਲ 2013 ਵਿੱਚ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ 8 ਵੱਖ-ਵੱਖ ਐੱਫਆਈਆਰਜ਼ ਦੇ ਆਧਾਰ 'ਤੇ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ, 2002 ਦੀਆਂ ਧਾਰਾਵਾਂ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਸਥਾਈ ਤੌਰ 'ਤੇ ਇਸ ਮਾਮਲੇ ਵਿੱਚ ਤਕਰੀਬਨ 95 ਕਰੋੜ ਰੁਪਏ ਦੀ ਕੀਮਤ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ।
ਇੱਕ ਸੀਨੀਅਰ ਈਡੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਈਡੀ ਵਿੱਚ ਆਏ ਹੁਣ ਤੱਕ ਦੇ ਮਾਮਲਿਆਂ ਵਿੱਚ ਇਹ ਕੇਸ ਦੋਸ਼ੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਹੈ।"
ਸੀਬੀਆਈ ਅਦਾਲਤ ਨੇ ਪਹਿਲਾਂ ਹੀ ਭੋਲਾ ਨੂੰ ਡਰੱਗਜ਼ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।
2019 ਵਿੱਚ ਮੋਹਾਲੀ ਦੀ ਇੱਕ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਦਾਲਤ ਨੇ 2013 ਦੇ ਬਹੁ-ਕਰੋੜੀ ਡਰੱਗ ਰੈਕੇਟ ਕੇਸ ਵਿੱਚ ਜਗਦੀਸ਼ ਭੋਲਾ ਨੂੰ ਦੋਸ਼ੀ ਠਹਿਰਾਇਆ ਸੀ।
ਅਰਜੁਨ ਐਵਾਰਡੀ ਪਹਿਲਵਾਨ ਭੋਲਾ ਬਣਿਆ ਨਸ਼ੇ ਦਾ ਤਸਕਰ
ਜਗਦੀਸ਼ ਸਿੰਘ ਭੋਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਨਾਲ ਸਬੰਧਤ ਹੈ।
ਇੱਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਇੱਕ ਸਾਬਕਾ ਡੀਐੱਸਪੀ, ਭੋਲਾ ਨੂੰ 2012 ਵਿੱਚ ਪੰਜਾਬ ਪੁਲਿਸ ਨੇ ਬਰਖ਼ਾਸਤ ਕਰ ਦਿੱਤਾ ਸੀ।
ਉਹ ਕੁਸ਼ਤੀ ਦੀ ਟ੍ਰੇਨਿੰਗ ਲਈ ਲੁਧਿਆਣਾ ਆ ਗਏ ਤੇ ਮੇਜਰ ਸਿੰਘ ਦੇ ਅਖਾੜੇ ਵਿੱਚ ਕੁਸ਼ਤੀ ਦੇ ਦਾਅ ਪੇਚ ਸਿੱਖਣ ਲੱਗੇ ਸਨ। ਉਨ੍ਹਾਂ ਨੇ 1991 ਦੀ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਪਰ ਜਦੋਂ ਉਸ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਤਾਂ ਉਹ ਭਾਰਤ ਵਿੱਚ ਸਟਾਰ ਵਜੋਂ ਉਭਰੇ।
ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ।
ਭੋਲਾ ਨੂੰ ਰੁਸਤਮ-ਏ-ਹਿੰਦ ਖਿਤਾਬ ਦਿੱਤਾ ਗਿਆ। ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਵਿਚ ਡੀਐੱਸਪੀ ਦੀ ਨੌਕਰੀ ਦਿੱਤੀ। ਪਰ ਬਾਅਦ ਵਿਚ ਡਰੱਗ ਤਸਕਰੀ ਮਾਮਲੇ ਵਿਚ ਫਸਣ ਕਾਰਨ ਨੌਕਰੀ ਤੋਂ ਫਾਰਗ ਕਰ ਦਿੱਤਾ।
ਉਹ ਡਰੱਗ ਨੈਟਵਰਕ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸੀ, ਜੋ ਚਿਕਿਤਸਕ ਉਦੇਸ਼ਾਂ ਲਈ ਬਣਾਏ ਗਏ ਰਸਾਇਣਾਂ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਗ਼ੈਰ-ਕਾਨੂੰਨੀ ਫੈਕਟਰੀਆਂ ਵੱਲ ਮੋੜ ਰਿਹਾ ਸੀ ਜੋ ਸਿੰਥੈਟਿਕ ਡਰੱਗਾਂ ਦਾ ਨਿਰਮਾਣ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਸਪਲਾਈ ਕਰ ਰਿਹਾ ਸੀ।
ਸਾਲ 2013 ਵਿੱਚ ਪੰਜਾਬ ਪੁਲਿਸ ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਮੁਲਜ਼ਮਾਂ ਕੋਲੋਂ ਸਿੰਥੈਟਿਕ ਡਰੱਗਜ਼, 1.91 ਕਰੋੜ ਰੁਪਏ ਤੋਂ ਇਲਾਵਾ ਕੁਝ ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ।
ਇੱਕ ਸਮੇਂ, ਪੰਜਾਬ ਪੁਲਿਸ ਨੇ ਸਮੁੱਚੇ ਰੈਕਟ ਦੀ ਕੀਮਤ ਤਕਰੀਬਨ 6,000 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਲਗਾਇਆ ਸੀ ਅਤੇ ਭੋਲਾ ਨੂੰ ਇਸ ਦਾ ਸਰਗਨਾ ਦੱਸਿਆ ਸੀ।

ਤਸਵੀਰ ਸਰੋਤ, Getty Images
ਨਕਦੀ ਵਾਲੇ ਕਾਰੋਬਾਰ ਕਰਦੇ ਸਨ ਮੁਲਜ਼ਮ
ਆਪਣੀ ਚਾਰਜਸ਼ੀਟ ਵਿੱਚ ਈਡੀ ਨੇ ਕਿਹਾ, "ਕਈ ਮੁਲਜ਼ਮ ਵਿਅਕਤੀਆਂ ਨੇ ਸਮਾਨਾਂਤਰ ਕਾਰੋਬਾਰ ਸਥਾਪਤ ਕੀਤੇ ਹਨ।
ਮੁਲਜ਼ਮਾਂ ਦੁਆਰਾ ਚਲਾਏ ਜਾ ਰਹੇ ਸਾਰੇ ਕਾਰੋਬਾਰਾਂ ਦੀ ਧਿਆਨ ਦੇਣ ਵਾਲੀ ਵਿਸ਼ੇਸ਼ਤਾ ਇਹ ਹੈ ਕਿ ਕਾਰੋਬਾਰ ਨਕਦੀ ਨਾਲ ਭਰਪੂਰ ਹਨ।
ਈਡੀ ਨੇ ਅੱਗੇ ਕਿਹਾ, "ਇਸ ਮੁਲਜ਼ਮ ਜ਼ਿਆਦਾਤਰ ਕਾਰੋਬਾਰ ਪ੍ਰਾਪਰਟੀ ਅਤੇ ਫਾਰਮਾਸਿਊਟੀਕਲ ਕੰਪਨੀਆਂ ਦੀ ਲਾਈਨ ਵਿੱਚ ਜੁੜੇ ਹਨ। ਇਨ੍ਹਾਂ ਸਾਰੇ ਕਾਰੋਬਾਰਾਂ ਦੀ ਸਾਂਝੀ ਵਿਸ਼ੇਸ਼ਤਾ ਵੱਡੀ ਮਾਤਰਾ ਵਿੱਚ ਨਕਦੀ ਪੈਦਾ ਕਰਨਾ ਹੈ ਜੋ ਇਨ੍ਹਾਂ ਕਾਰੋਬਾਰਾਂ ਨੂੰ ਚਲਾਉਣ ਲਈ ਜ਼ਾਹਿਰਾ ਤੌਰ ਉੱਤੇ ਚਾਹੀਦੀ ਹੈ।”
ਇਹ ਕਹਿੰਦੇ ਹਨ, “ਡਰੱਗ ਅਪਰਾਧ ਵੀ ਬਹੁਤ ਸਾਰੀ ਨਕਦ ਕਮਾਈ ਪੈਦਾ ਕਰਦਾ ਹੈ। ਇਹ ਨਕਦੀ ਨਾਲ ਭਰਪੂਰ ਕਾਰੋਬਾਰ ਚਲਾਉਣ ਨਾਲ ਡਰੱਗ ਮਨੀ ਆਸਾਨੀ ਮਿਕਸ ਹੋ ਜਾਂਦੀ ਹੈ। ਇਸ ਨਾਲ ਮੁਲਜ਼ਮ ਅਜਿਹੇ ਕਾਰੋਬਾਰਾਂ ਤੋਂ ਹੋਣ ਵਾਲੀ ਆਮਦਨ 'ਤੇ ਘੱਟੋ-ਘੱਟ ਜਾਂ ਕੋਈ ਟੈਕਸ ਅਦਾ ਕਰਕੇ ਦਾਗ਼ੀ ਜਾਇਦਾਦ ਨੂੰ ਕਾਨੂੰਨੀ ਤੌਰ 'ਤੇ ਪੇਸ਼ ਕਰਦੇ ਹਨ।"












