ਪੰਜਾਬ ਦੇ ਮੋਗਾ ਦਾ ਬਾਬਾ ਕਰੋੜਾਂ ਦੀ ਲਾਟਰੀ ਜਿੱਤਣ ਮਗਰੋਂ ਵੀ ਰਿਕਸ਼ਾ ਕਿਉਂ ਚਲਾ ਰਿਹਾ ਹੈ

    • ਲੇਖਕ, ਸੁਰਿੰਦਰ ਮਾਨ ਅਤੇ ਕੁਲਦੀਪ ਬਰਾੜ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਗੁਰਦੇਵ ਸਿੰਘ ਕਰੋੜਾਂ ਰੁਪਏ ਦੇ ਮਾਲਕ ਹਨ ਪਰ ਉਹ 90 ਸਾਲ ਦੀ ਉਮਰ ਵਿੱਚ ਰਿਕਸ਼ਾ ਚਲਾਉਂਦੇ ਹਨ।

ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਰਿਕਸ਼ਾ ਚਾਲਕ ਗੁਰਦੇਵ ਸਿੰਘ ਨੇ ਪੰਜਾਬ ਸਟੇਟ ਦਾ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਜਿੱਤਿਆ ਸੀ।

ਇਸ ਲਾਟਰੀ ਨੇ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਕੱਚੇ ਘਰ ਵਿੱਚ ਰਹਿਣ ਵਾਲੇ ਗੁਰਦੇਵ ਸਿੰਘ ਦੇ ਪੁੱਤਰ ਤੇ ਧੀ ਹੁਣ ਨਵੇਂ ਬਣੇ ਪੱਕੇ ਮਕਾਨਾਂ ਦੇ ਮਾਲਕ ਹਨ।

ਹਲਾਂਕਿ, ਗੁਰਦੇਵ ਸਿੰਘ ਕਹਿੰਦੇ ਹਨ ਕਿ ਉਹ ਵਿਹਲੇ ਬੈਠ ਕੇ ਮੰਜੇ ਨਾਲ ਜੁੜਨਾ ਨਹੀਂ ਚਾਹੁੰਦੇ ਸਗੋਂ ਰਿਕਸ਼ਾ ਚਲਾਉਂਦਿਆ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਵਿੱਚ ਯਕੀਨ ਰੱਖਦੇ ਹਨ।

ਲਾਟਰੀ ਨਿਕਲਣ ਨਾਲ ਕਿਵੇਂ ਬਦਲੀ ਜ਼ਿੰਦਗੀ

ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਚਾਰ ਪੁੱਤਰਾਂ ਅਤੇ ਇੱਕ ਧੀ ਲਈ ਪੱਕੇ ਘਰ ਬਣਾ ਦਿੱਤੇ ਹਨ।

ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਧੀ ਅਤੇ ਪੁੱਤਰਾਂ ਲਈ ਗੱਡੀਆਂ ਵੀ ਖਰੀਦੀਆਂ ਹਨ। ਉਨਾਂ ਦੇ ਪੋਤੇ ਹੁਣ ਚੰਗੇ ਸਕੂਲਾਂ ਵਿੱਚ ਪੜ੍ਹਾਈ ਲਈ ਜਾਣ ਲੱਗੇ ਹਨ।

ਗੁਰਦੇਵ ਸਿੰਘ ਕਹਿੰਦੇ ਹਨ, “ਜੇਕਰ ਮੈਂ ਬੈਠ ਜਾਵਾਂ ਤੇ ਕੋਈ ਕੰਮ ਨਾ ਕਰਾਂ ਤਾਂ ਬਿਮਾਰ ਹੋ ਜਾਵਾਂਗਾ। ਰਿਕਸ਼ਾ ਚਲਾਉਣ ਨਾਲ ਮੇਰੇ ਅੰਗ-ਪੈਰ ਚੱਲਦੇ ਰਹਿਣਗੇ ਜਿਸ ਨਾਲ ਮੈਂ ਠੀਕ ਰਹਾਂਗਾ। ਜੇ ਮੈਂ ਮੰਜੇ ’ਤੇ ਪੈ ਗਿਆ ਤਾਂ ਕੰਮ ਖਰਾਬ ਹੋ ਜਾਵੇਗਾ।”

ਪੈਸਾ ਆਉਣ ਦੀ ਤਸੱਲੀ ਬਾਰੇ ਉਹ ਕਹਿੰਦੇ ਹਨ, “ਆਪਾਂ ਤਾਂ ਰੱਬ ਤੋਂ ਡਰ ਕੇ ਰਹਿੰਦੇ ਹਾਂ। ਪੈਸੇ ਦਾ ਕੀ ਮਾਣ ਹੁੰਦਾ ਹੈ? ਬਸ ਬੱਚਿਆਂ ਨੇ ਦੋ ਗੱਡੀਆਂ ਲੈ ਲਈਆਂ ਹਨ ਤੇ ਚਲਾਈ ਜਾਂਦੇ ਹਨ ਪਰ ਮੇਰੇ ਮਨ ਵਿੱਚ ਅਜਿਹਾ ਕੁਝ ਨਹੀਂ ਹੈ।”

ਗੁਰਦੇਵ ਸਿੰਘ ਕਹਿੰਦੇ ਹਨ, “ਪਹਿਲਾਂ ਗਰੀਬੀ ਸੀ ਪਰ ਹੁਣ ਪੱਕੇ ਘਰ ਪਾ ਲਏ ਹਨ। ਮੇਰੀ ਧੀ ਕਿਰਾਏ ’ਤੇ ਰਹਿੰਦੀ ਸੀ, ਮੈਂ ਉਸ ਨੂੰ ਇੱਕ ਕੋਠੀ ਖਰੀਦ ਕੇ ਦੇ ਦਿੱਤੀ। ਮੈਂ ਪੈਸਾ ਖਰਾਬ ਨਹੀਂ ਕੀਤਾ, ਇਹ ਪੈਸੇ ਇਹਨਾਂ ਕੰਮ ਉਪਰ ਹੀ ਲਗਾਉਣਾ ਬਣਦਾ ਸੀ ਅਤੇ ਮੈਂ ਲਗਾ ਦਿੱਤਾ।”

ਸਮਾਜ ਸੇਵਾ ਤੇ ਸਕਾਰਤਮਕ ਸੋਚ

ਭਾਵੇਂ ਗੁਰਦੇਵ ਸਿੰਘ ਪਹਿਲਾ ਵੀ ਸਮਾਜ ਸੇਵਾ ਦੇ ਕੰਮ ਵਿੱਚ ਭਾਗ ਲੈਂਦੇ ਸਨ ਪਰ ਹੁਣ ਉਹਨਾਂ ਨੇ ਇਹਨਾਂ ਕੰਮਾਂ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਉਹ ਆਪਣੇ ਰਿਕਸ਼ੇ ਉੱਪਰ ਰੱਖੀ ਹੋਈ ਕਹੀ ਨਾਲ ਸੜਕਾਂ ਅਤੇ ਗਲੀਆਂ ਵਿੱਚ ਪਏ ਟੋਇਆਂ ਨੂੰ ਮਿੱਟੀ ਨਾਲ ਭਰਦੇ ਹਨ ਅਤੇ ਫੁੱਲਾਂ ਅਤੇ ਦਰੱਖਤਾਂ ਨੂੰ ਪਾਣੀ ਪਾਉਣ ਦਾ ਕੰਮ ਵੀ ਕਰਦੇ ਹਨ।

ਗੁਰਦੇਵ ਸਿੰਘ ਕਹਿੰਦੇ ਹਨ, “ਮੈਂ ਕਾਫ਼ੀ ਸਮੇਂ ਤੋਂ ਸਮਾਜ ਸੇਵਾ ਨਾਲ ਜੁੜਿਆ ਹੋਇਆ ਹਾਂ ਅਤੇ ਅਕਸਰ ਬੂਟਿਆਂ ਨੂੰ ਪਾਣੀ ਲਗਾਉਣ ਤੇ ਉਹਨਾਂ ਦੀ ਸਾਂਭ ਸੰਭਾਲ ਵੱਲ ਧਿਆਨ ਦਿੰਦਾ ਹਾਂ। ਗਰਮੀਆਂ ਵਿੱਚ ਬੂਟਿਆਂ ਨੂੰ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ ਅਤੇ ਕਈ ਵਾਰ ਇਹਨਾਂ ਨੂੰ ਛਾਂਗਣਾ ਵੀ ਪੈਂਦਾ ਹੈ।”

ਉਹ ਕਹਿੰਦੇ ਹਨ, “ਮੈਂ ਜ਼ਿੰਦਗੀ ਵਿੱਚ ਹੋਰ ਕੋਈ ਨਸ਼ਾ ਨਹੀਂ ਕੀਤਾ ਸਗੋਂ ਇਹਨਾਂ ਕੰਮਾਂ ਤੋਂ ਹੀ ਮੈਨੂੰ ਊਰਜਾ ਮਿਲਦੀ ਹੈ ਅਤੇ ਇਹੀ ਮੇਰੀ ਲਈ ਇੱਕ ਚੰਗਾ ਨਸ਼ਾ ਹੈ।”

ਪਿੰਡ ਦੇ ਲੋਕ ਗੁਰਦੇਵ ਸਿੰਘ ਦੀ ਇਹਨਾਂ ਕੰਮਾਂ ਲਈ ਕਾਫ਼ੀ ਸ਼ਲਾਘਾ ਕਰਦੇ ਹਨ।

ਗੁਰਦੇਵ ਸਿੰਘ ਕਹਿੰਦੇ ਹਨ ਕਿ ਉਹ ਭਵਿੱਖ ਵਿੱਚ ਵੀ ਲਾਟਰੀਆਂ ਪਾਉਂਦੇ ਰਹਿਣਗੇ।

ਦੋ ਦੋਸਤ ਜੋ ਲਾਟਰੀ ਨਿਕਲਣ ਤੋਂ ਬਾਅਦ ਹਸਪਤਾਲ ਬਣਾ ਰਹੇ ਹਨ

ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਦੋ ਦੋਸਤ ਡਾਕਟਰਾਂ ਸਵਰਨ ਸਿੰਘ ਅਤੇ ਡਾਕਟਰ ਰਾਜਪਾਲ ਨੂੰ ਕੁਝ ਮਹੀਨੇ ਪਹਿਲਾਂ ਪੰਜ ਕਰੋੜ ਦੀ ਲਾਟਰੀ ਨਿਕਲੀ ਸੀ।

ਇਹ ਦੋਵੇਂ ਡਾਕਟਰ ਦੋਸਤ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਆਈ ਕੇਅਰ ਸੈਂਟਰ ਚਲਾ ਰਹੇ ਹਨ।

ਪਰ ਹੁਣ ਉਹ ਜਲਾਲਾਬਾਦ ਵਿੱਚ ਆਧੁਨਿਕ ਮਸ਼ੀਨਾਂ ਵਾਲਾ ਅੱਖਾਂ ਦਾ ਹਸਪਤਾਲ ਬਣਾ ਰਹੇ ਹਨ।

ਡਾਕਟਰ ਰਾਜਪਾਲ ਦੱਸਦੇ ਹਨ ਕਿ ਉਹਨਾਂ ਨੂੰ ਪੰਜ ਕਰੋੜ ਦੀ ਲਾਟਰੀ ਨਿਕਲੀ ਸੀ ਜਿਸ ਵਿੱਚੋਂ ਦੋ ਕਰੋੜ ਰੁਪਿਆ ਟੈਕਸ ਵਜੋਂ ਕੱਟੇ ਗਏ ਅਤੇ ਬਾਕੀ ਬਚਿਆ ਪੈਸਾ ਅੱਖਾਂ ਦੇ ਹਸਪਤਾਲ ਉਪਰ ਲਗਾਇਆ ਜਾ ਰਿਹਾ ਹੈ।

ਡਾਕਟਰ ਰਾਜਪਾਲ ਕਹਿੰਦੇ ਹਨ, “ਇਹਨਾਂ ਪੈਸਿਆਂ ਨਾਲ ਜ਼ਮੀਨ ਅਤੇ ਮਸ਼ੀਨਾਂ ਖਰੀਦ ਲਈਆਂ ਗਈਆਂ ਹਨ। ਅਸੀਂ ਸੋਚਿਆਂ ਕਿ ਹਸਪਤਾਲ ਬਣਾਉਣ ਲਈ ਇਹ ਪੈਸਾ ਕਾਫੀ ਹੋਵੇਗਾ ਪਰ ਮਹਿੰਗਾਈ ਹੋਣ ਕਾਰਨ ਇਹ ਪੈਸਾ ਕਾਫੀ ਨਹੀਂ ਹੈ।”

ਹਸਪਤਾਲ ਕਈ ਕਰਜ਼ੇ ਦਾ ਵਿਚਾਰ

ਡਾਕਟਰ ਰਾਜਪਾਲ ਦੱਸਦੇ ਹਨ ਕਿ ਹੁਣ ਹਸਪਤਾਲ ਦੀ ਬਿਲਡਿੰਗ ਬਣਾਉਣ ਲਈ ਉਹ ਬੈਂਕ ਤੋਂ ਕਰਜ਼ਾ ਲੈਣ ਬਾਰੇ ਸੋਚ ਰਹੇ ਹਨ ਅਤੇ ਡੇਢ ਤੋਂ ਦੋ ਸਾਲ ਵਿੱਚ ਇਹ ਹਸਪਤਾਲ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੋਵੇਗਾ।

ਡਾਕਟਰ ਸਵਰਨ ਸਿੰਘ ਕਹਿੰਦੇ ਹਨ ਕਿ ਹਸਪਤਾਲ ਨੂੰ ਬਣਾਉਣ ਲਈ ਜੋ ਜ਼ਮੀਨ ਅਤੇ ਜ਼ਰੂਰੀ ਮਸ਼ੀਨਾਂ ਉਹਨਾਂ ਕੋਲ ਪਹਿਲਾਂ ਨਹੀਂ ਸਨ, ਉਹ ਹੁਣ ਖਰੀਦੀਆਂ ਜਾ ਚੁੱਕੀਆਂ ਹਨ।

ਉਹਨਾਂ ਨੇ ਦੱਸਿਆ ਕਿ ਜਿੰਨਾ ਸਮਾਂ ਹਸਪਤਾਲ ਬਣ ਕੇ ਤਿਆਰ ਨਹੀਂ ਹੋਵੇਗਾ, ਓਨੀ ਦੇਰ ਪੁਰਾਣੇ ਐਡਵਾਂਸ ਆਈ ਕੇਅਰ ਸੈਂਟਰ ਵਿੱਚ ਹੀ ਆਧੁਨਿਕ ਮਸ਼ੀਨਾਂ ਨਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ਲਈ ਦੋ ਸਰਜਨ ਵੀ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ।

ਇਹ ਦੋਵੇਂ ਡਾਕਟਰ ਦੋਸਤ ਕਹਿੰਦੇ ਹਨ ਕਿ ਮੌਜੂਦਾ ਥਾਂ ਉਹਨਾਂ ਕੋਲ ਵਾਜਬ ਕਿਰਾਏ ਉੱਪਰ ਹੈ ਜਿਸ ਕਾਰਨ ਹੀ ਉਹ ਲੋਕਾਂ ਨੂੰ ਘੱਟ ਫੀਸ ’ਤੇ ਚੰਗੀਆਂ ਸਹੂਲਤਾਂ ਦੇ ਰਹੇ ਹਨ।

ਲਾਟਰੀ ਨਿਕਲਣ ਨਾਲ ਮਿਲੀ ਪਛਾਣ

ਡਾਕਟਰ ਕਹਿੰਦੇ ਹਨ ਕਿ ਲਾਟਰੀ ਨਿਕਲਣ ਨਾਲ ਉਨ੍ਹਾਂ ਨੂੰ ਲੋਕ ਜਾਣਨ ਲੱਗ ਪਏ ਹਨ ਪਰ ਇਸ ਤੋਂ ਪਹਿਲਾਂ ਉਹਨਾਂ ਦੀ ਕੋਈ ਪਹਿਚਾਣ ਨਹੀਂ ਸੀ।

ਡਾਕਟਰ ਸਵਰਨ ਸਿੰਘ ਕਹਿੰਦੇ ਹਨ ਕਿ ਬੇਸ਼ੱਕ ਇਸ ਲਾਟਰੀ ਨਿਕਲਣ ਨਾਲ ਉਹਨਾਂ ਦਾ ਹਸਪਤਾਲ ਪੂਰਾ ਨਹੀਂ ਹੋਵੇਗਾ ਪਰ ਉਹ ਇਸ ਕਾਰਜ ਲਈ ਹੋਰ ਲਾਟਰੀਆਂ ਪਾਉਂਦੇ ਰਹਿਣਗੇ।

ਉਹ ਕਹਿੰਦੇ ਹਨ, “ਇੱਥੋਂ ਦੇ ਮਜ਼ਦੂਰ ਲੋਕ ਮੁਫ਼ਤ ਸਹੂਲਤਾਂ ਲੈਣ ਲਈ ਸ਼ਹਿਰ ਤੋਂ ਬਾਹਰ ਵੀ ਜਾਂਦੇ ਹਨ। ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੀਆਂ ਫੀਸਾਂ ਬਹੁਤ ਜਿਆਦਾ ਹੋਣ ਕਾਰਨ ਉਹ ਇਹ ਫੀਸਾਂ ਦੀ ਭਰਪਾਈ ਨਹੀਂ ਕਰ ਸਕਦੇ, ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜਲਾਲਾਬਾਦ ਵਿੱਚ ਹੀ ਘੱਟ ਤੋਂ ਘੱਟ ਫੀਸਾਂ ਵਿੱਚ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ।”

ਪਹਿਲੀ ਲਾਟਰੀ ਵੀ ਉਹਨਾਂ ਨੇ ਇਕੱਠਿਆਂ ਹੀ ਪਾਈ ਸੀ ਕਿਉਂਕਿ ਉਹਨਾਂ ਦੋਵਾਂ ਦੇ ਆਪਸ ਵਿੱਚ ਬਹੁਤ ਚੰਗੇ ਸਬੰਧ ਹਨ ਅਤੇ ਉਹ ਸਾਰੀ ਉਮਰ ਹੀ ਇਕੱਠੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਆਖ ਰਹੇ ਹਨ।

‘ਡਾਕਟਰਾਂ ਦੀ ਨਹੀਂ ਸਗੋਂ ਇਲਾਕੇ ਦੀ ਲਾਟਰੀ ਨਿਕਲੀ’

ਜਲਾਲਾਬਾਦ ਦੇ ਰਹਿਣ ਵਾਲੇ ਵਿਕਰਮ ਕਹਿੰਦੇ ਹਨ ਕਿ ਇਹ ਲਾਟਰੀ ਡਾਕਟਰ ਦੋਸਤਾਂ ਨੂੰ ਹੀ ਨਹੀਂ ਨਿਕਲੀ ਹੈ ਸਗੋਂ ਜਲਾਲਾਬਾਦ ਇਲਾਕੇ ਦੇ ਲੋਕਾਂ ਦੀ ਨਿਕਲੀ ਹੈ ਕਿਉਂਕਿ ਉਹਨਾਂ ਦੀ ਭਾਵਨਾ ਇਲਾਕੇ ਵਿੱਚ ਇੱਕ ਚੰਗਾ ਅੱਖਾਂ ਦਾ ਹਸਪਤਾਲ ਬਣਾਉਣ ਦੀ ਹੈ।

ਉਹ ਕਹਿੰਦੇ ਹਨ, “ਜਲਾਲਾਬਾਦ ਸ਼ਹਿਰ ਸਰਹੱਦੀ ਪੱਟੀ ’ਤੇ ਹੋਣ ਕਾਰਨ ਇੱਥੇ ਸਿਹਤ ਸੇਵਾਵਾਂ ਦੀ ਸਹੂਲਤ ਬਹੁਤ ਵਧੀਆ ਨਹੀਂ ਹੈ। ਪਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੀ ਬਹੁਤ ਜ਼ਰੂਰਤ ਹੈ। ਇਹਨਾਂ ਵੱਲੋਂ ਲੋੜਵੰਦ ਲੋਕਾਂ ਦੀ ਪਹਿਲਾਂ ਵੀ ਮੁਫ਼ਤ ਸੇਵਾ ਕੀਤੀ ਜਾਂਦੀ ਸੀ ਅਤੇ ਲੋਕ ਹੁਣ ਵੀ ਉਹਨਾਂ ਤੋਂ ਚੰਗੀਆਂ ਸੇਵਾਵਾਂ ਦੀ ਉਮੀਦ ਕਰਦੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)