ਪੰਜਾਬੀ ਰੈਪ: ‘ਸੱਤਾ ਨੂੰ ਨਹੀਂ ਵੰਗਾਰਦਾ ਬਲਕਿ ਵੈਲੀਆਂ ਨੂੰ ਚਮਕਾਉਂਦਾ’

ਹਨੀ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਲਈ

ਆਪਣੀ ਦਮਦਾਰ ਲੋਕ ਗਾਇਕੀ ਲਈ ਜਾਣਿਆ ਜਾਂਦਾ ਪੰਜਾਬੀ ਸੰਗੀਤ ਜਗਤ ਹੁਣ ‘ਰੈਪ’ ਦੀ ਵੱਡੀ ਇੰਡਸਟਰੀ ਬਣ ਗਿਆ ਹੈ।

ਪੰਜਾਬੀ ਸੰਗੀਤ ਵਿੱਚ ਰੈਪ ਦੀ ਐਂਟਰੀ ਨੇ ਪੰਜਾਬੀ ਗਾਇਕਾਂ ਅਤੇ ਗੀਤਾਂ ਦੀ ਪਹੁੰਚ ਦਾ ਦਾਇਰਾ ਵਧਾਇਆ ਹੈ। ਪਰ ਕੁਝ ਲੋਕ ਮੰਨਦੇ ਹਨ ਕਿ ‘ਰੈਪ’ ਜਿਹੇ ਵਿਦੇਸ਼ੀ ਸੰਗੀਤ ਨੇ ਪੰਜਾਬ ਦੇ ਲੋਕ ਸੰਗੀਤ ਨੂੰ ਢਾਹ ਲਗਾਈ ਹੈ।

‘ਰੈਪ’ ਸੰਗੀਤ ਹੁੰਦਾ ਕੀ ਹੈ, ਇਸ ਦਾ ਮੂਲ ਕੀ ਹੈ, ਇਸ ਦੀ ਪੰਜਾਬੀ ਸੰਗੀਤ ਵਿੱਚ ਸ਼ੁਰੂਆਤ ਕਿਵੇਂ ਤੇ ਕਿਸ ਰਾਹੀਂ ਹੁੰਦੀ ਹੈ। ਇਸ ਨਾਲ ਜੁੜੇ ਹੋਰ ਅਜਿਹੇ ਕਈ ਸਵਾਲਾਂ ਦੇ ਜਵਾਬ ਦੀ ਤਲਾਸ਼ ਇਸ ਰਿਪੋਰਟ ਰਾਹੀਂ ਕਰਾਂਗੇ।

ਸਭ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ‘ਰੈਪ’ ਕੀ ਹੁੰਦਾ ਹੈ ?

ਰੈਪ

ਤਸਵੀਰ ਸਰੋਤ, MANDEEP SIDHU/BBC

ਰੈਪ ਕੀ ਹੈ ?

ਰੈਪ, ਗਾਇਕੀ ਦੀ ਇੱਕ ਅਜਿਹੀ ਸ਼ੈਲੀ ਹੈ, ਜਿਸ ਵਿੱਚ ਲੈਅਮਈ ਰੂਪ ਵਿੱਚ ਲਿਖੀ ਸ਼ਬਦਾਵਲੀ ਬੋਲੀ ਜਾਂਦੀ ਹੈ। ਇਸ ਦੀ ਰਫ਼ਤਾਰ ਗੀਤ ਤੋਂ ਵੱਖਰੀ (ਜ਼ਿਆਦਾਤਰ ਤੇਜ਼) ਹੁੰਦੀ ਹੈ। ਰੈਪ ਅਲਹਿਦਾ ਵੀ ਗਾਇਆ ਜਾ ਸਕਦਾ ਹੈ ਅਤੇ ਇਸ ਨੂੰ ਗੀਤਾਂ ਦੇ ਅੰਤਰਿਆਂ ਵਿਚਾਲੇ ਵੀ ਜੋੜ ਕੇ ਗਾਇਆ ਜਾਂਦਾ ਹੈ।

ਜਾਣੇ-ਪਛਾਣੇ ਸੰਗੀਤਕਾਰ ਚਰਨਜੀਤ ਅਹੂਜਾ ਕਹਿੰਦੇ ਹਨ, "ਗੱਲਬਾਤ ਦੇ ਰੂਪ ਵਿੱਚ ਲਿਖੀ ਛੋਟੀ ਬਹਿਰ ਦਾ ਗੀਤ ਜਾਂ ਤੁਕਬੰਦੀ ਨੂੰ ਰੈਪ ਕਿਹਾ ਜਾ ਸਕਦਾ ਹੈ, ਜਿਸ ਨੂੰ ਗਾਇਆ ਨਹੀਂ ਜਾਂਦਾ ਬਲਕਿ ਲੈਅ ਵਿੱਚ ਬੋਲਿਆ ਜਾਂਦਾ ਹੈ।"

ਫ਼ਿਲਮ ਇਤਿਹਾਸਕਾਰ ਅਤੇ ਪੰਜਾਬੀ ਪੌਪ ਗਾਇਕੀ ਬਾਰੇ ਕਿਤਾਬ ‘ਤੇ ਕੰਮ ਕਰ ਰਹੇ ਮਨਦੀਪ ਸਿੰਘ ਸਿੱਧੂ ਕਹਿੰਦੇ ਹਨ ਕਿ ਭਾਵੇਂ ਰੈਪ ਗਾਇਕੀ, ਪੌਪ ਗਾਇਕੀ ਤੋਂ ਵੱਖਰੀ ਵਿਧਾ ਹੈ ਪਰ ਪੰਜਾਬੀ ਗਾਇਕੀ ਵਿੱਚ ਪੌਪ ਕਲਚਰ ਦੀ ਆਮਦ ਨੇ ਰੈਪ ਗਾਇਕੀ ਨੂੰ ਵੀ ਪੰਜਾਬੀ ਸੰਗੀਤ ਵਿੱਚ ਸ਼ਾਮਲ ਕੀਤਾ।

ਅਪਾਚੀ ਇੰਡੀਅਨ

ਤਸਵੀਰ ਸਰੋਤ, Getty Images

ਪੰਜਾਬੀ ਸੰਗੀਤ ਵਿੱਚ ਰੈਪ ਦਾ ਪਸਾਰ

ਫ਼ਿਲਮ ਇਤਿਹਸਕਾਰ ਮਨਦੀਪ ਸਿੱਧੂ ਕਹਿੰਦੇ ਹਨ ਕਿ ਪੰਜਾਬੀ ਮਿਊਜ਼ਿਕ ਵਿੱਚ ‘ਵਿਦੇਸ਼ੀ ਰੈਪ’ ਦਾ ਆਗਾਜ਼ 1980-90 ਦੇ ਦੌਰ ਵਿੱਚ ਹੋਇਆ।

ਉਹ ਕਹਿੰਦੇ ਹਨ, "ਜਦੋਂ ਪੰਜਾਬੀ ਗਾਇਕਾਂ (ਭਾਰਤੀ ਤੇ ਪਾਕਿਸਤਾਨੀ) ‘ਤੇ ਵਿਦੇਸ਼ੀ ਮਿਊਜ਼ਕ ਹਾਵੀ ਹੋਇਆ, ਉਨ੍ਹਾਂ ਨੇ ਉਸ ਨੂੰ ਆਪਣੀ ਬੋਲੀ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ।"

ਪੰਜਾਬੀ ਸੰਗੀਤ ਜਗਤ ਨੂੰ ਰੈਪ ਨਾਲ ਰੂਬਰੂ ਕਰਵਾਉਣ ਵਾਲੇ ਸ਼ੁਰੂਆਤੀ ਰੈਪਰਾਂ ਵਿੱਚ ਵੱਡਾ ਨਾਮ ਅਪਾਚੀ ਇੰਡੀਅਨ ਦਾ ਆਉਂਦਾ ਹੈ।

ਅਪਾਚੀ ਇੰਡੀਅਨ ਭਾਰਤੀ ਮੂਲ ਦੇ ਬ੍ਰਿਟਿਸ਼ ਜੰਮ-ਪਲ ਹਨ, ਜਿਨ੍ਹਾਂ ਦਾ ਅਸਲ ਨਾਮ ਸਟੀਵਨ ਕਪੂਰ ਹੈ। ਅਪਾਚੀ ਭਾਵੇਂ ਪੰਜਾਬੀ ਮੂਲ ਦੇ ਸਨ ਪਰ ਉਨ੍ਹਾਂ ਦੇ ਰੈਪ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਵਿੱਚ ਹੀ ਹਨ।

1990 ਵਿੱਚ ਰੈਪ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਪਾਚੀ ਨੇ 1992 ਵਿੱਚ ਅਰੇਂਜਡ ਮੈਰਿਜ ਨਾਮੀ ਰੈਪ ਐਲਬਮ ਕੱਢੀ ਸੀ, ਜਿਸ ਵਿੱਚ ਪੰਜਾਬੀ-ਅੰਗਰੇਜ਼ੀ ਰਲੇਵੇਂ ਵਾਲੇ ਰੈਪ ਸਨ।

ਸ਼ੁਰੂਆਤ ਵਿੱਚ ਉਹ ਪੇਂਡੂ ਪੰਜਾਬ ਵਿੱਚ ਜ਼ਿਆਦਾ ਮਕਬੂਲ ਨਹੀਂ ਹੋਏ ਸਨ। ਪਰ ਬਾਅਦ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕਾਂ ਨਾਲ ਕੋਲੈਬਰੇਸ਼ਨਜ਼ ਕਰਕੇ ਪੰਜਾਬੀ ਗੀਤਾਂ ਵਿੱਚ ਵੀ ਰੈਪ ਕੀਤਾ।

ਜਿਵੇਂ ਕਿ ਮਲਕੀਤ ਸਿੰਘ ਦੇ ਗੀਤ ‘ਇੰਡਿਪੈਂਡਿਟ ਗਰਲ’(1997) ਵਿੱਚ ਅਪਾਚੀ ਦਾ ਰੈਪ ਸੀ। ਬਾਅਦ ਵਿੱਚ ਉਨ੍ਹਾਂ ਨੇ ਜੈਜ਼ੀ ਬੀ ਨਾਲ ਜਿਹਨੇ ਮੇਰਾ ਦਿਲ ਲੁੱਟਿਆ (2004) ਜਿਹੇ ਮਕਬੂਲ ਗੀਤ ਵਿੱਚ ਰੈਪ ਕੀਤਾ। ਹਾਲਾਂਕਿ ਪੰਜਾਬੀ ਗੀਤ ਵਿੱਚ ਇਹ ਰੈਪ ਵੀ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੀ ਸਨ।

ਰੈਪ

ਤਸਵੀਰ ਸਰੋਤ, MANDEEP SIDHU/BBC

ਲਹਿੰਦੇ ਪੰਜਾਬੀ ਸੰਗੀਤ ਦੇ ਦੋ ਫਨਕਾਰ

ਸਾਲ 1993 ਵਿੱਚ ਰੈਪ ਨਾਲ ਗਾਇਆ ਇੱਕ ਪੰਜਾਬੀ ਗੀਤ “ਭੰਗੜਾ ਰੈਪ-ਮੁੰਡਿਓ ਤੇ ਕੁੜੀਓ ਸਭ ਭੰਗੜਾ ਪਾਓ” ਬਹੁਤ ਚੱਲਿਆ ਸੀ। ਇਹ ਗੀਤ ਲਾਹੌਰ ਦੇ ਫ਼ਖ਼ਰ-ਏ-ਆਲਮ ਨੇ ਗਾਇਆ ਸੀ।

ਫ਼ਖ਼ਰ-ਏ-ਆਲਮ, ਅਰੂਸਾ ਆਲਮ ਦੇ ਪੁੱਤਰ ਹਨ ਅਤੇ ਉਸ ਵੇਲੇ ਲਾਹੌਰ ਦੇ ਯਾਤਗਨ ਬੈਂਡ ਦੇ ਮੁੱਖ ਕਲਾਕਾਰ ਸਨ। ਇਹ ਰੈਪ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਰਲਵਾਂ-ਮਿਲਵਾਂ ਸੀ।’

ਅਰੂਸਾ ਆਲਮ ਪਾਕਿਸਤਾਨ ਦੀ ਜਾਣੀ-ਪਛਾਣੀ ਪੱਤਰਕਾਰ ਹੈ, ਪਰ ਭਾਰਤ ਵਿੱਚ ਉਸ ਦੀ ਚਰਚਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੋਸਤੀ ਕਾਰਨ ਅਕਸਰ ਹੁੰਦੀ ਰਹੀ ਹੈ।

1994 ਵਿੱਚ ਆਇਆ ਤਨਬੀਰ ਅਫ਼ਰੀਦੀ ਦਾ ਰੈਪ ‘ਓ ਚਾਚਾ’ ਵੀ ਮਕਬੂਲ ਹੋਇਆ ਸੀ। ਇਸ ਵਿੱਚ ਰੈਪ ਦੇ ਕੁਝ ਬੋਲ ਸਨ, “ਸੱਚੀ ਗੱਲ ਚੰਗੀ ਹੁੰਦੀ, ਕਿਸੇ ਤੋਂ ਕੀ ਡਰਨਾ, ਭੁੱਖੇ ਨੰਗੇ ਮਾਮੇ ਘਰ ਰਿਸ਼ਤਾ ਕੀ ਕਰਨਾ।”

ਬਾਬਾ ਸਹਿਗਲ

ਤਸਵੀਰ ਸਰੋਤ, MANDEEP SIDHU/BBC

ਬਾਬਾ ਸਹਿਗਲ ਤੇ ਪੰਜਾਬੀ ਰੈਪ ਦਾ ਰਿਸ਼ਤਾ

ਚੜ੍ਹਦੇ ਪੰਜਾਬ ਵਿੱਚ ਰੈਪ ਲਿਆਉਣ ਵਾਲਿਆਂ ਵਿੱਚ ਬਾਬਾ ਸਹਿਗਲ ਦਾ ਨਾਮ ਵੀ ਵੱਡਾ ਮੰਨਿਆ ਜਾਂਦਾ ਹੈ। ਬਾਬਾ ਸਹਿਗਲ ਦਾ ਪੂਰਾ ਨਾਮ ਹਰਜੀਤ ਸਿੰਘ ਸਹਿਗਲ ਹੈ।

ਉਨ੍ਹਾਂ ਦੇ ਗਾਇਕੀ ਵਿੱਚ ਆਉਣ ਵੇਲੇ ਉਨ੍ਹਾਂ ਨੇ ਬਾਬਾ ਸਹਿਗਲ ਨਾਮ ਰੱਖਿਆ ਅਤੇ ਉਸੇ ਦੌਰਾਨ ਹੀ ਆਪਣੀ ਦਿੱਖ ਵੀ ਬਦਲ ਲਈ, ਜੋ ਕਿ ਗਾਇਕੀ ਵਿੱਚ ਆਉਣ ਤੋਂ ਪਹਿਲਾਂ ਸਿੱਖ ਨੌਜਵਾਨ ਦੀ ਦਿੱਖ ਵਿੱਚ ਸਨ।

ਮਨਦੀਪ ਸਿੱਧੂ ਦੱਸਦੇ ਹਨ ਕਿ 1990ਵਿਆਂ ਵਿੱਚ ਪੰਜਾਬੀ ਨੌਜਵਾਨ ਬਾਬਾ ਸਹਿਗਲ ਉਨ੍ਹਾਂ ਗਾਇਕਾਂ ਵਿੱਚ ਸ਼ੁਮਾਰ ਸੀ ਜਿਨ੍ਹਾਂ ਪਹਿਲੀ ਵਾਰ ਭਾਰਤੀ ਸੰਗੀਤ ਵਿੱਚ ਵਿਦੇਸ਼ੀ ਰੈਪ ਲਿਆਂਦਾ।

1993 ਵਿੱਚ ਬਾਬਾ ਸਹਿਗਲ ਦਾ ਗਾਣਾ ‘ਠੰਢਾ-ਠੰਢਾ ਪਾਣੀ’ ਬਹੁਤ ਮਕਬੂਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1995 ਵਿੱਚ ਪੂਰੀ ਪੰਜਾਬੀ ਐਲਬਮ ਕੱਢੀ।

ਸਾਲ 2000 ਤੋਂ ਪਹਿਲਾਂ ਦੇ ਰੈਪਰਾਂ ਵਿੱਚ ਜੋਜੋ, ਰੈਮੋ ਫਰਨਾਂਡਿਸ ਅਤੇ ਬਾਲੀ ਬ੍ਰਹਮ ਭੱਟ ਦਾ ਨਾਮ ਜ਼ਿਕਰਯੋਗ ਹੈ।

ਬੋਹਿਮੀਆ

ਤਸਵੀਰ ਸਰੋਤ, Getty Images

ਰੈਪ ਵਿੱਚ ਬੋਹਿਮੀਆ ਦਾ ਯੋਗਦਾਨ

ਉਸ ਤੋਂ ਬਾਅਦ, 2000ਵਿਆਂ ਦੀ ਸ਼ੁਰੂਆਤ ਵਿੱਚ ਬੋਹਿਮੀਆ ਦੀ ਐਂਟਰੀ ਹੁੰਦੀ ਹੈ, ਜਿਨ੍ਹਾਂ ਨੇ ਵਿਦੇਸ਼ੀ ਮਿਊਜ਼ਿਕ ਨਾਲ ਪੰਜਾਬੀ ਰੈਪ ਲਿਆਂਦਾ। ਬੋਹਿਮੀਆ ਦੀ ਪਹਿਲੀ ਐਲਬਮ ‘ਵਿੱਚ ਪਰਦੇਸਾਂ ਦੇ’, 2001 ਵਿੱਚ ਰਿਲੀਜ਼ ਹੋਈ।

ਇਸ ਵਿੱਚ ਵਿਦੇਸ਼ੀ ਬੀਟ ‘ਤੇ ਪੰਜਾਬੀ ਰੈਪ ਸੀ, ਕੁਝ ਹਿੱਸੇ ਅੰਗਰੇਜ਼ੀ ਵਿੱਚ ਸਨ। ਬੋਹਿਮੀਆ ਪਾਕਿਸਤਾਨ ਦੇ ਕਰਾਚੀ ਵਿੱਚ ਜਨਮੇ, ਕੁਝ ਸਮਾਂ ਪੇਸ਼ਾਵਰ ਰਹੇ, ਫੇਰ ਉਹ 13ਕੁ ਸਾਲ ਦੇ ਸਨ ਆਪਣੇ ਪਰਿਵਾਰ ਨਾਲ ਅਮਰੀਕਾ ਵਸ ਗਏ।

ਬੋਹਿਮੀਆ ਪੰਜਾਬੀ ਰੈਪਰ ਵਜੋਂ ਜਾਣੇ ਜਾਣ ਲੱਗੇ। ਹੌਲੀ-ਹੌਲੀ ਬੋਹਿਮੀਆ ਦਾ ਜਾਦੂ ਵੀ ਉਸ ਵੇਲੇ ਨੌਜਵਾਨਾਂ ਦੇ ਸਿਰ ਚੜ੍ਹ ਬੋਲਣ ਲੱਗਿਆ ਸੀ।

ਯੋ-ਯੋ ਹਨੀ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੋ-ਯੋ ਹਨੀ ਸਿੰਘ

ਯੋ-ਯੋ ਹਨੀ ਸਿੰਘ ਦੀ ਗਾਇਕੀ

ਜਿਸ ਰੈਪਰ ਨੇ ਰੈਪ ਨੂੰ ਪੇਂਡੂ ਨੌਜਵਾਨਾਂ ਤੱਕ ਪਹੁੰਚਾਇਆ, ਉਹ ਹਨ ਯੋ ਯੋ ਹਨੀ ਸਿੰਘ। ਹਨੀ ਸਿੰਘ ਦਾ ਪਹਿਲਾ ਟ੍ਰੈਕ ‘ਗਲਾਸੀ’ ਅਸ਼ੋਕ ਮਸਤੀ ਨਾਲ 2007 ਵਿੱਚ ਆਇਆ ਸੀ, ਇਹ ਗੀਤ ਤਾਂ ਹਿੱਟ ਸੀ ਪਰ ਇਸ ਦਾ ਰੈਪ ਅੰਗਰੇਜ਼ੀ ਵਿੱਚ ਸੀ।

ਇਸ ਤੋਂ ਬਾਅਦ ਹਨੀ ਸਿੰਘ ਦੇ ਰੈਪ ਵਿੱਚ ਆਏ ਸਿੰਗਲ ਟ੍ਰੈਕਸ ਵਿੱਚ ਇੱਕ ‘ਖੋਲ੍ਹ ਬੋਤਲ’ (2008) ਵਿੱਚ ਬਾਦਸ਼ਾਹ ਨਾਲ ਸੀ।

ਫਿਰ ਹਨੀ ਸਿੰਘ ਦਾ ਰੈਪ ਆਇਆ, ਪੰਜਾਬ ਦੇ ਸਿਰਕੱਢ ਗਾਇਕ ਰਹੇ ਰਾਜ ਬਰਾੜ ਨਾਲ। ਇਹ ਗੀਤ ਸੀ ‘ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ’। ਜਿਨ੍ਹਾਂ ਹਿੱਟ ਇਹ ਗੀਤ ਹੋਇਆ, ਉਨ੍ਹਾਂ ਹੀ ਇਸ ਵਿਚਲਾ ਰੈਪ ਲੋਕਾਂ ਦੇ ਮੂੰਹ ਚੜ੍ਹਿਆ, ਜਿਸ ਵਿੱਚ ਹਨੀ ਸਿੰਘ ਨੇ ਕਿਹਾ ਸੀ

"ਲਓ ਵੀ ਦੁਗ ਦੁਗ ਕਰਦੀਆਂ ਬੁਲਟਾਂ ਨੇ ਆ ਗਈਆਂ,

ਮੁੰਡਿਆਂ ਦੀ ਟੋਲੀ ਗੇੜੀ ਰੂਟ ਉੱਤੇ ਛਾਂ ਗਈਆਂ,

ਜੀਪਾਂ ਰੱਖੀ ਲੰਡੀਆਂ, ਮਾਰਦੇ ਨੇ ਤੜੀਆਂ,

ਲੱਭਦੇ ਨੇ ਭਾਲਦੇ ਨੇ ਹਾਣ ਦੀਆਂ ਕੁੜੀਆਂ,

ਫ਼ਿਕਰ ਨਾ ਫ਼ਾਕੇ, ਵੱਡੇ ਡੈਡੀਆਂ ਦੇ ਕਾਕੇ,

ਵੇਖੋ ਦਾਰੂ ਅਤੇ ਕੁੜੀਆਂ ਦੇ ਕੱਢ ਤੇ ਕੜਾਕੇ,

ਭਾਵੇਂ ਪੈਂਤੀ ਦਾ ਹੋ ਸੀਸੀਡੀ, ਸਤਰਾਂ ਦੀ ਮਾਰਕਿਟ,

ਗੱਡੀਆਂ ਚ ਵੱਜਦੀ ਏ ਰਾਜ ਬਰਾੜ ਹਿੱਟ”

ਇਸ ਤੋਂ ਬਾਅਦ ਹਨੀ ਸਿੰਘ ਨੇ ਕਈ ਗਾਇਕਾਂ ਨਾਲ ਸਿੰਗਲ ਟ੍ਰੈਕ ਕੀਤੇ ਅਤੇ ਫਿਰ 2011 ਵਿੱਚ ਇੰਟਰਨੈਸ਼ਨਲ ਵਿਲੇਜਰ ਐਲਬਮ ਕੱਢੀ।

ਹਨੀ ਸਿੰਘ ਦਾ ਨਾਮ ਅਤੇ ਉਨ੍ਹਾਂ ਦੇ ਰੈਪ ਦੇ ਬੋਲ ਬੱਚ-ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਏ। ਹਨੀ ਸਿੰਘ ਤੋਂ ਬਾਅਦ ਬਾਦਸ਼ਾਹ, ਰਫ਼ਤਾਰ ਅਤੇ ਕਈ ਹੋਰ ਪੰਜਾਬੀ ਰੈਪਰ ਆਏ।

2000ਵਿਆਂ ਵਿੱਚ ਪੰਜਾਬੀ ਗੀਤਾਂ ਵਿੱਚ ਰੈਪ ਜੋੜਨ ਦਾ ਟਰੈਂਡ ਹੁਣ ਵੀ ਚੱਲ ਰਿਹਾ ਹੈ। ਇਸੇ ਸਟਾਈਲ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ ‘ਸੇਮ ਬੀਫ਼’ ਵਿੱਚ ਬੋਹਿਮੀਆ ਦਾ ਰੈਪ ਵੀ ਹੈ, ਇਹ ਗੀਤ ਅਤੇ ਰੈਪ ਦੋਹਾਂ ਨੇ ਬੇਮਿਸਾਲ ਮਕਬੂਲੀਅਤ ਹਾਸਿਲ ਕੀਤੀ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, SIDHU MOOSE WALA/FB

ਰੈਪ ਦੇ ਵਿਸ਼ੇ ਅਤੇ ਸ਼ਬਦਾਵਲੀ

ਮੰਨਿਆ ਜਾਂਦਾ ਹੈ ਕਿ ਰੈਪ ਗਾਇਕੀ ਦਾ ਅਗਾਜ਼ ਅਫਰੀਕੀ ਮੂਲ ਦੇ ਅਮੀਰੀਕੀਆਂ ਨੇ ਕੀਤਾ ਸੀ। ਜਿਸ ਦੇ ਸ਼ੁਰੂਆਤੀ ਵਿਸ਼ਿਆਂ ਦਾ ਸਬੰਧ ਇਸਾਈ ਧਰਮ ਦੇ ਵਿਸ਼ਿਆਂ ਨਾਲ ਸੀ।

1970ਵਿਆਂ ਤੋ ਬਾਅਦ ਹਾਵੀ ਹੋਏ ਅੰਗਰੇਜ਼ੀ ਰੈਪ ਮਿਊਜ਼ਿਕ ’ਤੇ ਅਫ਼ਰੀਕੀ ਮੂਲ ਦੇ ਲੋਕਾਂ ਦਾ ਆਪਣੇ ਹੱਕਾਂ ਲਈ ਲੜਨ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।

ਭਾਰਤ ਵਿੱਚ ਵੀ ਰੈਪ ਦੀ ਸ਼ੈਲੀ ਸ੍ਰੀ ਕ੍ਰਿਸ਼ਨ ਜੀ ਜਾਂ ਹੋਰ ਧਾਰਮਿਕ ਗੀਤਾਂ ਵਿੱਚ ਸੁਣਨ ਨੂੰ ਮਿਲਦੀ ਸੀ। ਰੋਮਾਂਸ, ਜਿਸ ਤਰ੍ਹਾਂ ਦੁਨੀਆਂ ਭਰ ਵਿੱਚ ਗੀਤਾਂ ਦਾ ਵਿਸ਼ਾ ਰਿਹਾ ਹੈ, ਉਸੇ ਤਰ੍ਹਾਂ ਰੈਪ ਦਾ ਵਿਸ਼ਾ ਵੀ ਰਿਹਾ ਹੈ।

ਜੇਕਰ ਪੰਜਾਬੀ ਰੈਪ ਦੀ ਗੱਲ ਕਰੀਏ ਤਾਂ ਇਸ ਦੇ ਵਿਸ਼ਿਆਂ ਵਿੱਚ ਕਈ ਤਰ੍ਹਾਂ ਦੀ ਵੰਨਗੀ ਰਹੀ ਹੈ। ਸ਼ੁਰੂਆਤੀ ਦੌਰ ਦੇ ਰੈਪ ਵਿੱਚ ਭੰਗੜਾ-ਗਿੱਧਾ ਜਾਂ ਪੰਜਾਬੀਅਤ ਵਾਲਾ ਰੈਪ ਸੁਣਨ ਨੂੰ ਮਿਲਿਆ।

ਬੋਹਿਮੀਆ ਦੇ ਪੰਜਾਬੀ ਰੈਪ ਵਿੱਚ ਦੇਸੀ ਨੌਜਵਾਨ ਦੇ ਵਿਦੇਸ਼ੀ ਧਰਤੀ ‘ਤੇ ਸਫ਼ਰ ਅਤੇ ਵਜੂਦ ਬਣਾਉਣ ਦੀ ਕੋਸ਼ਿਸ਼ ਦੀ ਝਲਕ ਪੈਂਦੀ ਸੀ।

ਉਸ ਤੋਂ ਬਾਅਦ ਹਨੀ ਸਿੰਘ ਅਤੇ ਦਿਲਜੀਤ ਦੋਸਾਂਝ ਨੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਰੈਪ ਸ਼ੈਲੀ ਦਾ ਗੀਤ ਵੀ ਕੱਢਿਆ, ਜਿਸ ਦੇ ਕੁਝ ਬੋਲ ਸਨ,

“ਸੀਗਾ ਅਣਖੀ ਸੂਰਮਾ, ਚੱਕੀ ਪਿਸਤੌਲ,

ਜਿਹਨੂੰ ਵੇਖਦੇ ਹੀ ਗੋਰਿਆਂ ਨੂੰ ਪੈਂਦੇ ਸੀਗੇ ਹੌਲ,

ਕਹਿੰਦਾ ਕੱਲਾ-ਕੱਲਾ ਗੋਰਾ ਅੱਜ ਵੱਢ ਦੂੰ,

ਰਹਿਣ ਦੇਣੇ ਨੀ ਮੈਂ ਇੰਡੀਆਂ ਚੋਂ ਕੱਢ ਦੂੰ...”

ਹਾਲਾਂਕਿ, ਜ਼ਿਆਦਾਤਰ ਗੀਤਾਂ ਵਿੱਚ ਰੈਪ ਦੀ ਸ਼ਬਦਲਾਵਲੀ ਨੂੰ ਲੈ ਕੇ ਹਨੀ ਸਿੰਘ ਵੀ ਕਈ ਹੋਰ ਪੰਜਾਬੀ ਰੈਪਰਾਂ ਵਾਂਗ ਸਵਾਲਾਂ ਦੇ ਘੇਰੇ ਵਿੱਚ ਰਹੇ ਹਨ।

ਲਗਾਤਾਰ ਪੰਜਾਬੀ ਰੈਪ ਦੇ ਵਿਸ਼ੇ ਅਤੇ ਸ਼ਬਦਲਾਵਲੀ ਬਦਲਦੀ ਰਹੀ ਹੈ ਅਤੇ ਕਈ ਵਾਰ ਹਿੰਸਕ, ਅਸ਼ਲੀਲ ਹੋਣ ਜਾਂ ਦੋਹਰੇ ਮਤਲਬਾਂ ਵਾਲੇ ਹੋਣ ਬਾਰੇ ਵੀ ਵਿਵਾਦ ਉੱਠਦੇ ਰਹੇ ਹਨ।

ਰੈਪ
ਇਹ ਵੀ ਪੜ੍ਹੋ-

ਰਜਿੰਦਰਪਾਲ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ।

ਬਰਾੜ ਕਹਿੰਦੇ ਹਨ ਕਿ ਜੋ ਪੱਛਮ ਦਾ ਰੈਪ ਜਾਂ ਅੰਗਰੇਜ਼ੀ ਰੈਪ ਸੀ, ਉਸ ਵਿੱਚ ਤਾਲ ਅਤੇ ਲੈਅ ਤਾਂ ਸੀ ਪਰ ਆਮ ਗੱਲਬਾਤ ਦੇ ਨੇੜੇ ਸੀ। ਇਸ ਤੋਂ ਇਲਾਵਾ ਉਹ ਬਗ਼ਾਵਤ ਦੀ ਇੱਕ ਅਵਾਜ਼ ਸੀ।

ਉਹ ਕਹਿੰਦੇ ਹਨ, “ਇਹ ਗਾਇਕੀ ਇੱਕ ਤਾਂ ਪੈਸੇ, ਸੱਤਾ ਦੀ ਸਥਾਪਤੀ ਜਾਂ ਪ੍ਰਬੰਧ ਪ੍ਰਤੀ ਗ਼ੁੱਸਾ ਸੀ, ਖ਼ਾਸ ਕਰਕੇ ਅਫ਼ਰੀਕੀ ਮੂਲ ਦੇ ਲੋਕਾਂ ਦੇ ਰੈਪ ਵਿੱਚ ਉਹ ਝਲਕਦਾ ਸੀ। ਦੂਜੇ ਪਾਸੇ, ਮਿਊਜ਼ਕ ਵਿੱਚ ਕਲਾਸੀਕਲ ਓਪੇਰਾ ਸ਼ੈਲੀ ਜਾਂ ਉੱਥੋਂ ਦਾ ਚੱਲ ਰਿਹਾ ਮਿਊਜ਼ਿਕ ਸੀ, ਰੈਪ ਉਹਦੇ ਵਿੱਚ ਇੱਕ ਬਦਲਾਅ ਸੀ।”

ਉਹ ਕਹਿੰਦੇ ਹਨ ਕਿ ਵੈਸਟਰਨ ਰੈਪ ਸੱਤਾ ਜਾਂ ਸਥਾਪਤੀ ਖ਼ਿਲਾਫ਼ ਹੋਣ ਕਰਕੇ ਇਹਦੇ ਵਿੱਚ ਗਾਲੀ ਗਲੋਚ ਜਾਂ ਅਸ਼ਲੀਲ ਭਾਸ਼ਾ ਜਾਂ ਸਟ੍ਰੀਟ ਲੈਂਗੁਏਜ ਵਰਤਿਆ ਜਾਣਾ, ਇਸ ਦਾ ਹਿੱਸਾ ਸੀ।

ਪੰਜਾਬੀ ਵਿੱਚ ਜਦੋਂ ਰੈਪ ਆਇਆ ਤਾਂ ਸੱਤਾ ਨੂੰ ਵੰਗਾਰਨਾ ਪਿੱਛੇ ਹਟ ਗਿਆ ਅਤੇ ਨਿੱਜੀ ਧੌਂਸ ਅੱਗੇ ਆ ਗਈ।

ਪੰਜਾਬੀ ਰੈਪ ਦਾ ਨਾਇਕ ਦੱਬੇ-ਕੁਚਲਿਆਂ ਦੀ ਅਵਾਜ਼ ਬਣਨ ਦੀ ਬਜਾਏ ਵੈਲੀ, ਖ਼ੁਦ ਬਦਮਾਸ਼ੀ ਜਾਂ ਧੱਕਾ ਕਰਨ ਵਾਲੇ ਵਜੋਂ ਉੱਭਰਿਆ। ਉਹ ਕਹਿੰਦੇ ਹਨ, "ਪੰਜਾਬੀ ਰੈਪ ਵਿੱਚ ਨਾਇਕ ਦੀ ਬਗ਼ਾਵਤ ਵਿਰੋਧੀ ਗੈਂਗਾਂ ਜਾਂ ਆਪਣੇ ਦੁਸ਼ਮਣਾਂ ਦੇ ਖ਼ਿਲਾਫ਼ ਹੈ, ਤੇ ਉਹ ਦੁਸ਼ਮਣ ਅਦਿੱਖ ਨੇ।"

“ਇੱਕ ਤਾਂ ਹੁੰਦਾ ਹੈ ਕਿ ਬੰਦਾ ਸੱਤਾ ਤੋਂ ਤੰਗ ਆ ਕੇ ਨਾਬਰ ਬਣਦਾ, ਇੱਕ ਉਹ ਜਿਹੜਾ ਖ਼ੁਦ ਤੋਂ ਕਮਜ਼ੋਰਾਂ ਨਾਲ ਧੱਕਾ ਕਰਨ ਵਾਲਾ ਬਣ ਜਾਂਦਾ ਅਤੇ ਸੱਤਾ ਨੂੰ ਨਹੀਂ ਵੰਗਾਰਦਾ। ਪੰਜਾਬੀ ਵਿੱਚ ਆਏ ਰੈਪ ਨੇ ਵੈਲੀਆਂ ਨੂੰ ਚਮਕਾਉਣਾ ਸ਼ੁਰੂ ਕਰ ਦਿੱਤਾ।”

ਰਜਿੰਦਰਪਾਲ ਬਰਾੜ ਕਹਿੰਦੇ ਹਨ, “ਵੈਸਟਰਨ ਰੈਪ ਜਿੰਨਾ ਕੁ ਮੈਂ ਸੁਣਿਆ ਹੈ ਉਸ ਵਿੱਚ ਔਰਤ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ, ਜਿਸ ਤਰ੍ਹਾਂ ਪੰਜਾਬੀ ਗੀਤਾਂ ਵਿੱਚ ਕੀਤਾ ਗਿਆ।”

ਉਹ ਕਹਿੰਦੇ ਹਨ ਕਿ ਅਜੋਕੇ ਪੰਜਾਬੀ ਰੈਪ ਵਿੱਚ ਝਲਕਦਾ ਹੈ ਕਿ ਨਾਇਕ ਹਥਿਆਰ, ਕਾਰ, ਆਪਣੇ ਦੋਸਤਾਂ ਜਾਂ ਨਸ਼ੇ ਨੂੰ ਪਿਆਰ ਕਰਦਾ ਹੈ, ਔਰਤ ਨੂੰ ਪਿਆਰ ਨਹੀਂ ਕਰਦਾ।

ਸੰਗੀਤਕਾਰ ਚਰਨਜੀਤ ਅਹੂਜਾ ਕਹਿੰਦੇ ਹਨ ਕਿ ਅਜੋਕੇ ਰੈਪ ਦੇ ਵਿਸ਼ੇ ਕੋਈ ਬਹੁਤੇ ਸੰਜੀਦਾ ਨਹੀਂ ਹਨ, ਬਲਕਿ ਨੌਜਵਾਨ ਪੀੜ੍ਹੀ ਨੂੰ ਖਿੱਚਣ ਲਈ ਰੈਪ ਵਿੱਚ ਅਸ਼ਲੀਲਤਾ ਵੀ ਪਾਈ ਗਈ ਹੈ।

ਉਹ ਕਹਿੰਦੇ ਹਨ, “ਤੁਸੀਂ ਅਜੋਕੇ ਰੈਪਰਾਂ ਦੇ ਰੈਪ ਦੀ ਸਿਰਫ਼ ਸ਼ਬਦਾਵਲੀ ਸੁਣੋ, ਤੁਸੀਂ ਹੈਰਾਨ ਹੋਵੋਗੇ ਬਈ...ਕਿਹਾ ਕੀ ਹੈ? ਅਫ਼ਰੀਕੀ ਲੋਕਾਂ ਦੇ ਰੈਪ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ, ਸਾਡੇ ਬੱਚੇ ਸਿਰਫ਼ ਲਾਈਨਾਂ ਜੋੜ ਰਹੇ ਹਨ…ਪਰ ਉਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਗੱਲ ਇਹ ਹੈ ਕਿ ਜੋ ਚੱਲ ਗਿਆ ..ਜੋ ਜੀਤਾਂ ਵਹੀ ਸਿਕੰਦਰ।”

ਫ਼ਿਲਮ ਅਲੋਚਕ ਪਾਲੀ ਭੁਪਿੰਦਰ ਕਹਿੰਦੇ ਹਨ, “ਇਸ ਵੇਲੇ ਜੋ ਪੰਜਾਬੀ ਰੈਪ ਦਾ ਵਿਸ਼ਾ ਸਾਹਮਣੇ ਆ ਰਿਹਾ ਹੈ ਉਹ ਹੈ ਯਾਰ, ਕਾਰ ਤੇ ਪਿਆਰ। ਇਨ੍ਹਾਂ ਵਿਸ਼ਿਆਂ ਦੇ ਆਲੇ ਦੁਆਲੇ ਹੀ ਰੈਪ ਘੁੰਮ ਰਿਹਾ ਹੈ… ਕੋਈ ਸਮਾਜਿਕ ਸਰੋਕਾਰਾਂ ਵਾਲਾ ਨਹੀਂ ਦਿਸਦਾ।”

ਅਜੋਕੇ ਰੈਪ ਦੀ ਸ਼ਬਦਾਵਲੀ ਬਾਰੇ ਚੁੱਕੇ ਜਾਂਦੇ ਸਵਾਲਾਂ ਅੰਦਰ ਪੁਰਾਣੇ ਰੈਪ ਦੀ ਸ਼ਬਦਾਵਲੀ ਵੀ ਨਜ਼ਰ-ਅੰਦਾਜ਼ ਨਹੀਂ ਕੀਤੀ ਜਾ ਸਕਦੀ। ਜਿਵੇਂ ਕਿ ਬਾਬਾ ਸਹਿਗਲ ਦੀ 1995 ਰੈਪ ਵਿੱਚ ਆਈ ਐਲਬਮ ਦੇ ਗੀਤ ‘ਫੱਟੇ ਚੱਕ ਦੇ’ ਦੀ ਇੱਕ ਲਾਈਨ ਹੈ ‘ਤੌਬਾ ਇਸ ਕੁੜੀ ਦੀ ਫਿਗਰ, ਫੱਟੇ ਚੱਕ ਦਿਆਂਗੇ’।

ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਨੇ ਜਿਸ ਗਾਇਕ ਬਾਰੇ ਆਪਣੇ ਆਖ਼ਰੀ ਗਾਣੇ ਵਿੱਚ ਜ਼ਿਕਰ ਕੀਤਾ, ਉਹ ਕੌਣ ਹੈ?

ਰੈਪ ਨੇ ਕਿਵੇਂ ਬਣਾਈ ਪੰਜਾਬੀਆਂ ਦੇ ਦਿਲ ਵਿੱਚ ਥਾਂ ?

ਮਨਦੀਪ ਸਿੱਧੂ ਕਹਿੰਦੇ ਹਨ ਕਿ ਜਦੋਂ 1980-1990ਵਿਆਂ ਵਿੱਚ ਰੈਪ ਮਿਊਜ਼ਕ ਦੀ ਪੰਜਾਬੀ ਸੰਗੀਤ ਜਗਤ ਵਿੱਚ ਐਂਟਰੀ ਹੋਈ ਤਾਂ ਪਹਿਲਾਂ ਇਸ ਨੂੰ ਸ਼ਹਿਰੀ ਵਰਗ ਜਾਂ ਸ਼ਹਿਰਾਂ ਵਿੱਚ ਪੜ੍ਹਣ ਵਾਲੇ ਨੌਜਵਾਨ ਹੀ ਪਸੰਦ ਕਰਦੇ ਸੀ, ਪੇਂਡੂ ਤਬਕੇ ਦੀ ਪਸੰਦ ਬਣਨ ਵਿੱਚ ਇਸ ਨੂੰ ਸਮਾਂ ਲੱਗਿਆ।

ਉਹ ਦੱਸਦੇ ਹਨ ਕਿ ਉਦੋਂ ਪਿੰਡਾਂ ਵਿੱਚ ਕੁਲਦੀਪ ਮਾਣਕ, ਮੁਹੰਮਦ ਸਦੀਕ, ਗੁਰਦਾਸ ਮਾਨ ਜਿਹੇ ਗਾਇਕ ਚੱਲਦੇ ਸਨ ਫਿਰ ਜਦੋਂ ਸੈਟੇਲਾਈਟ ਦਾ ਦੌਰ ਆਇਆ ਤਾਂ ਪੌਪ ਮਿਊਜ਼ਿਕ ਦੇ ਨਾਲ-ਨਾਲ ਰੈਪ ਵੀ ਪਿੰਡਾਂ ਵਿੱਚ ਆਉਣ ਲੱਗਿਆ।

ਸੰਗੀਤਕਾਰ ਚਰਨਜੀਤ ਅਹੂਜਾ ਕਹਿੰਦੇ ਹਨ ਕਿ ਅਜੋਕਾ ਰੈਪ 1990ਵਿਆਂ ਤੋਂ ਬਾਅਦ ਹੌਲੀ-ਹੌਲੀ ਮਕਬੂਲ ਹੋਣ ਲੱਗ ਗਿਆ ਸੀ, ਕਿਉਂਕਿ ਪੰਜਾਬੀ ਗੀਤਾਂ ਵਿੱਚ ਵਿਦੇਸ਼ੀ ਸਾਜ ਵੀ ਜਦੋਂ ਸ਼ਾਮਲ ਹੋਏ ਤਾਂ ਉਸ ਨੇ ਨੌਜਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਰਜਿੰਦਰਪਾਲ ਬਰਾੜ ਕਹਿੰਦੇ ਹਨ, “ਪੰਜਾਬੀ ਸਰੋਤਿਆਂ ਦਾ ਰੁਝਾਨ ਰੈਪ ਮਿਊਜ਼ਿਕ ਵੱਲ ਹੋਣ ਦਾ ਇੱਕ ਕਾਰਨ ਵੱਡੇ ਪੱਧਰ ‘ਤੇ ਸਾਡੇ ਲੋਕਾਂ ਦਾ ਬਾਹਰਲੇ ਮੁਲਕਾਂ ਵੱਲ ਪਰਵਾਸ ਹੋਣਾ ਵੀ ਰਿਹਾ। ਜਿਸ ਨੂੰ ਅਸੀਂ ਸੱਤਰਵਿਆਂ ਦਾ ਪਰਵਾਸ ਕਹਿੰਦੇ ਹਾਂ।"

"ਉਹ ਅਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਉੱਥੋਂ ਦੇ ਕਲੱਬਾਂ ਪੱਬਾਂ ਵਿਚ ਗਈ ਅਤੇ ਉਨ੍ਹਾਂ ਨੇ ਉਸ ਮਿਊਜ਼ਿਕ ਨੂੰ ਮਿਕਸ ਕਰਨਾ ਸ਼ੁਰੂ ਕੀਤਾ। ਉਸ ਵੇਲੇ ਸਾਡੇ ਲੋਕ ਸਾਜ਼ਾਂ ਦੀ ਥਾਂ, ਵਿਦੇਸ਼ੀ ਸਾਜਾਂ ਨੇ ਲਈ।"

ਉਹ ਕਹਿੰਦੇ ਹਨ ਕਿ ਇਹ ਤਬਦੀਲੀ ਛੋਟੀ ਸੀ ਅਤੇ ਵੱਡੀ ਤਬਦੀਲੀ ਲਿਆਂਦੀ 1990ਵਿਆਂ ਤੋਂ ਬਾਅਦ ਉੱਥੇ ਗਏ ਨੌਜਵਾਨਾਂ ਨੇ।

ਇੰਟਰਨੈਟ ਜ਼ਰੀਏ ਵੀ ਇਹ ਮਿਊਜ਼ਿਕ ਨੌਜਵਾਨਾ ਕੋਲ ਪਹੁੰਚਿਆ। ਉਹ ਵਿਸ਼ਵ ਪੱਧਰ ’ਤੇ ਟੌਪ ਚਾਰਟ ਵਿੱਚ ਰਹਿਣ ਵਾਲੇ ਮਿਊਜ਼ਿਕ ਵੱਲ ਸੋਚਣ ਲੱਗੇ। ਫਿਰ ਸਾਜ ਵੀ ਬਦਲੇ ਅਤੇ ਬੋਲ ਵੀ ਬਦਲੇ।

ਇਸ ਮੌਕੇ ਪੰਜਾਬੀ ਮਿਊਜ਼ਕ ਵਿੱਚ ਰੈਪ ਲਿਆਉਣ ਵਾਲੇ ਟਰੈਂਡ ਸੈਟਰ ਯੋ ਯੋ ਹਨੀ ਸਿੰਘ, ਬਾਦਸ਼ਾਹ ਅਤੇ ਉਨ੍ਹਾਂ ਤੋਂ ਬਾਅਦ ਆਏ ਰੈਪਰਾਂ ਨੂੰ ਮੰਨ ਸਕਦੇ ਹਾਂ।

ਪੰਜਾਬੀ ਪਰਵਾਸ ਦਾ ਅਸਰ

ਰਜਿੰਦਰਪਾਲ ਬਰਾੜ ਕਹਿੰਦੇ ਹਨ ਕਿ ਰੈਪ ਮਿਊਜ਼ਿਕ ਪੰਜਾਬੀ ਸੰਗੀਤ ਦਾ ਕੋਈ ਵਿਕਾਸ ਨਹੀਂ ਹੈ, ਇਹ ਨਕਲ ਵਿੱਚੋਂ ਪੈਦਾ ਹੋਇਆ ਹੈ।

ਇੱਥੋਂ ਦੇ ਗਾਇਕ ਜਾਂ ਨੌਜਵਾਨ ਪੀੜ੍ਹੀ ਨੇ ਜਦੋਂ ਵੈਸਟਰਨ ਮਿਊਜ਼ਿਕ ਸੁਣਨਾ ਸ਼ੁਰੂ ਕੀਤਾ ਤਾਂ ਇਸ ਨੂੰ ਅਪਣਾ ਲਿਆ। ਵਿਦੇਸ਼ ਗਈ ਜਾਂ ਇੱਥੇ ਵੀ ਕਾਲਜਾਂ ਵਿੱਚ ਪੜ੍ਹਦੀ ਨੌਜਵਾਨ ਪੀੜ੍ਹੀ ਨੇ ਇਸ ਮਿਊਜ਼ਿਕ ਨੂੰ ਪਸੰਦ ਕੀਤਾ ਅਤੇ ਖੁਦ ਵੀ ਉਸੇ ਤਰ੍ਹਾਂ ਦਾ ਮਿਊਜ਼ਿਕ ਬਣਾਉਣ ਲੱਗੇ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਰੈਪ ਦਾ ਪੰਜਾਬੀ ਸੰਗੀਤ ਜਗਤ ‘ਤੇ ਅਸਰ

ਮਨਦੀਪ ਸਿੱਧੂ ਕਹਿੰਦੇ ਹਨ ਕਿ ਪੰਜਾਬੀ ਰੈਪ ਮਿਊਜ਼ਕ ਇੱਕ ਤਰ੍ਹਾਂ ਕ੍ਰਾਂਤੀ ਵੀ ਸੀ ਅਤੇ ਦੂਜੇ ਪਾਸੇ ਦੇਖੀਏ ਤਾਂ ਇਸ ਨੇ ਪੰਜਾਬੀ ਲੋਕ ਸਾਜਾਂ ਦਾ ਨੁਕਸਾਨ ਵੀ ਕੀਤਾ ਹੈ।

ਉਹ ਕਹਿੰਦੇ ਹਨ, "ਰੈਪ ਮਿਊਜ਼ਿਕ ਨੂੰ ਪੰਜਾਬੀ ਵਿੱਚ ਲਿਆ ਕੇ ਪੰਜਾਬੀ ਗੀਤ ਵਿਸ਼ਵ ਪੱਧਰ ’ਤੇ ਪਹੁੰਚੇ ਹਨ।"

"ਰੈਪ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੰਬਰ ਇੱਕ ਦੀ ਕੁਰਸੀ ‘ਤੇ ਬੈਠੇ ਹਨ, ਉਨ੍ਹਾਂ ਨੇ ਵੀ ਆਪਣੇ ਗੀਤਾਂ ਵਿੱਚ ਰੈਪ ਲਿਆਂਦਾ ਅਤੇ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਨਾਮ ਹੈ।"

ਗੀਤਕਾਰ ਚਰਨਜੀਤ ਅਹੂਜਾ ਕਹਿੰਦੇ ਹਨ, “ਮੈਂ ਇਹ ਨਹੀਂ ਮੰਨਦਾ ਕਿ ਰੈਪ ਨੇ ਪੰਜਾਬੀ ਗੀਤਾਂ ਦੀ ਪਹੁੰਚ ਵਧਾਈ ਹੈ। ਗੁਰਦਾਸ ਮਾਨ, ਸਰਦੂਲ ਸਿਕੰਦਰ, ਮਲਕੀਤ ਸਿੰਘ ਜਿਹੇ ਗਾਇਕਾਂ ਨੇ ਪੰਜਾਬੀ ਸੰਗੀਤ ਦੁਨੀਆ ਵਿੱਚ ਪਹੁੰਚਾਇਆ ਹੈ। ਅਸੀਂ ਰੈਪ ਕਿਸ ਨੂੰ ਸੁਣਾਵਾਂਗੇ ਬਾਹਰ, ਜਿਨ੍ਹਾਂ ਕੋਲ਼ੋਂ ਰੈਪ ਆਇਆ ਹੈ ?”

ਅਹੂਜਾ ਕਹਿੰਦੇ ਹਨ, “ਰੈਪ ਕਾਰਨ ਪੰਜਾਬੀ ਸੰਗੀਤ ਫੈਲਿਆ, ਇਹ ਇਸ ਕਰਕੇ ਲਗਦਾ ਕਿਉਂਕਿ ਭਾਰਤ ਦੀ ਅਬਾਦੀ ਹੀ ਬਹੁਤ ਹੈ, ਜੇ ਦੋ ਫੀਸਦੀ ਵੀ ਸੁਣਨ ਵਾਲੇ ਹੋਣ ਤਾਂ ਗਿਣਤੀ ਕਰੋੜਾਂ ਵਿੱਚ ਹੋ ਜਾਂਦੀ ਹੈ।”

ਅਹੂਜਾ ਕਹਿੰਦੇ ਹਨ, “ਇਹ ਜ਼ਰੂਰ ਹੈ ਕਿ ਫਿਜਊਜ਼ਨ ਨਾਲ ਦਾਇਰਾ ਵਧਦਾ ਹੈ..ਜੇ ਪੰਜਾਬੀ ਗਾਇਕ ਨੂੰ ਵਿਦੇਸ਼ੀ ਰੈਪਰ ਦੇ ਦਰਸ਼ਕਾਂ ਦਾ ਲਾਹਾ ਮਿਲਦਾ ਹੈ ਤਾਂ ਵਿਦੇਸ਼ੀ ਰੈਪਰਾਂ ਨੂੰ ਵੀ ਪੰਜਾਬੀ ਗਾਇਕਾਂ ਦੇ ਪ੍ਰਸੰਸਕਾਂ ਦਾ ਲਾਹਾ ਮਿਲਦਾ ਹੈ।”

ਟੂਪੈਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੂਪੈਕ ਦੀ 1994 ਦੀ ਇੱਕ ਤਸਵੀਰ

ਦੁਨੀਆਂ ਵਿੱਚ ਰੈਪ ਦੀ ਸ਼ੁਰੂਆਤ ਕਿੱਥੋਂ ਹੋਈ?

ਕਈ ਲੋਕ ਪ੍ਰਚਲਿਤ ਰੈਪ ਦਾ ਮੂਲ 1940-50 ਦੇ ਦੌਰ ਤੋਂ ਅਫਰੀਕਨ-ਅਮਰੀਕਨ ਭਾਈਚਾਰੇ ਨਾਲ ਜੁੜਿਆ ਮੰਨਦੇ ਹਨ।

ਮਨਦੀਪ ਸਿੱਧੂ ਕਹਿੰਦੇ ਹਨ ਕਿ ਦੁਨੀਆ ਦੇ ਪਹਿਲੇ ਰੈਪ ਗਰੁੱਪ ਵਜੋਂ ‘ਦਿ ਜੁਬਲੀਅਰਸ’ ਦਾ ਨਾਮ ਆਉਂਦਾ ਹੈ, ਜੋ ਕਿ ਅਮਰੀਕਾ ਦਾ ਇੱਕ ਮਿਊਜ਼ਕ ਗਰੁਪ ਸੀ। ਇਹ ਗਰੁੱਪ ਗੌਸਪਲ ਮਿਊਜ਼ਿਕ ਲਈ ਜਾਣਿਆ ਜਾਂਦਾ ਸੀ।

ਗੌਸਪਲ ਮਿਊਜ਼ਿਕ, ਇਸਾਈ ਭਾਈਚਾਰੇ ਦੇ ਰਵਾਇਤੀ ਸੰਗੀਤ (ਮਸੀਹੀ ਸੰਗੀਤ) ਦੀ ਸ਼ੈਲੀ ਹੈ। ‘ਦਿ ਜੁਬਲੀਅਰਜ਼’ ਤੁਕਬੰਦੀ ਦੇ ਰੂਪ ਵਿੱਚ ਤਾਲਬਧ ਸ਼ੈਲੀ ਵਿੱਚ ਗਾਉਣ ਲਈ ਜਾਣੇ ਜਾਂਦੇ ਸਨ ਅਤੇ ਇਸੇ ਨੂੰ ਰੈਪ ਦਾ ਸ਼ੁਰੂਆਤੀ ਰੂਪ ਵੀ ਮੰਨਿਆ ਜਾਂਦਾ ਹੈ।

ਇਸ ਗਰੁੱਪ ਦੇ ਗੌਸਪਲ ਰੈਪ ਦੇ ਰੂਪ ਵਿੱਚ ਗੀਤ ‘ਦਿ ਪਰੀਚਰ ਐਂਡ ਦਿ ਬੀਅਰ’ ਅਤੇ ’ਓ ਨੋਆਹ’ 1941-1946 ਵਿਚਕਾਰ ਰਿਕਾਰਡ ਹੋਏ ਮੰਨੇ ਜਾਂਦੇ ਹਨ।

ਬੇਹਦ ਮਕਬੂਲ ’ਓ ਨੋਆਹ’ ਦਾ ਵਿਸ਼ਾ ਬਾਈਬਲ ਦੇ ਇੱਕ ਅਹਿਮ ਕਿਰਦਾਰ ‘ਨੋਆਹ’ ‘ਤੇ ਅਧਾਰਿਤ ਹੈ, ਜਦੋਂ ਉਨ੍ਹਾਂ ਨੂੰ ਈਸ਼ਵਰ ਵੱਲੋਂ ਇੱਕ ਕਿਸ਼ਤੀ ਬਣਾਉਣ ਲਈ ਕਿਹਾ ਜਾਂਦਾ ਹੈ, ਜੋ ਪਾਣੀ ਦੀਆਂ ਲਹਿਰਾਂ ਅਤੇ ਤੇਜ਼ ਹਵਾਵਾਂ ਵਿਚਕਾਰ ਵੀ ਸੁਰੱਖਿਅਤ ਰਹਿ ਸਕਦੀ ਹੈ।

ਇਸ ਗਰੁੱਪ ਦੇ ਗਾਇਕ ਓਰਵਿਲ ਬਰੂਕਸ, ਥਿਓਡੋਰ ਬਰੂਕਸ, ਸੈਲੇਬ ਗਿਨੀਯਾਰਡ ਅਤੇ ਜੌਰਜ ਮੈਕਫੈਡਨ ਸਨ।

ਇਹ ਗਰੁਪ 1970ਵਿਆਂ ਤੱਕ ਸਰਗਰਮ ਰਿਹਾ ਹੈ। ਇਸ ਤੋਂ ਬਾਅਦ ਗਰੈਂਡਮਾਸਟਰ ਫਲੈਸ਼, ਦਿ ਫਿਊਰੀਅਸ ਫਾਈਵ ਅਤੇ ਕਰਟਿਸ ਬਲੋਅ ਨੂੰ ਦੁਨੀਆਂ ਭਰ ਵਿੱਚ ਰੈਪ ਲਿਆਉਣ ਵਾਲਿਆਂ ਵਿੱਚ ਮੰਨਿਆ ਜਾਂਦਾ ਹੈ।

ਇਸ ਤੋਂ ਬਾਅਦ ਆਏ ਰੈਪਰਾਂ ਦੀ ਲੜੀ ਲੰਬੀ ਹੈ, ਇਨ੍ਹਾਂ ਵਿੱਚ ਟੂਪੈਕ ਦਾ ਵੀ ਨਾਮ ਆਉਂਦਾ ਹੈ, ਜਿਨ੍ਹਾਂ ਤੋਂ ਸਿੱਧੂ ਮੂਸੇਵਾਲਾ ਬੇਹੱਦ ਪ੍ਰਭਾਵਿਤ ਸਨ।

ਰੈਪ

ਹਿੰਦੀ ਫਿਲਮ ਸੰਗੀਤ ਤੇ ਰੈਪ

ਮਨਦੀਪ ਸਿੱਧੂ ਦੱਸਦੇ ਹਨ ਕਿ 1947 ਵਿੱਚ ਆਈ ਹਿੰਦੀ ਫ਼ਿਲਮ ਸ਼ਹਿਨਾਈ ਦੇ ਗੀਤ ਸੰਡੇ ਕੇ ਸੰਡੇ ਬਾਰੇ ਕਹਿੰਦੇ ਹਨ ਕਿ ਇਹ ਵੀ ਰੈਪ ਸ਼ੈਲੀ ਵਾਲਾ ਗੀਤ ਸੀ।

ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਸਾਲ 1968 ਵਿੱਚ ਆਈ ਹਿੰਦੀ ਫ਼ਿਲਮ ‘ਆਸ਼ੀਰਵਾਦ’ ਦਾ ਗੀਤ ‘ਰੇਲ ਗਾੜੀ ਛੁਕ ਛੁਕ ਛੁਕ’ ਵੀ ਰੈਪ ਸ਼ੈਲੀ ਵਾਲਾ ਹੈ।

ਸੰਗੀਤਕਾਰ ਚਰਨਜੀਤ ਅਹੂਜਾ ਸ਼ੁਰੂਆਤੀ ਰੈਪ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਣ ਦੀ ਵੀ ਸੰਭਾਵਾਨਾ ਜਤਾਉਂਦੇ ਹਨ।

ਉਹ ਕਹਿੰਦੇ ਹਨ ਕਿ ਵੰਡ ਤੋਂ ਵੀ ਪਹਿਲਾਂ ਦਾ (ਯਾਨੀ 1947 ਤੋਂ ਪਹਿਲਾਂ ਦਾ) ਇੱਕ ਰਿਕਾਰਡ ਉਨ੍ਹਾਂ ਨੇ ਸੁਣਿਆ ਸੀ, ਜੋ ਕਿ ਅਜੋਕੇ ਰੈਪ ਜਿਹਾ ਹੀ ਸੀ। ਅਹੂਜਾ ਦੱਸਦੇ ਹਨ ਕਿ ਗੀਤ ਦਾ ਇੱਕ ਮੁਖੜਾ ਗਾਉਣ ਤੋਂ ਬਾਅਦ, ਲਾਈਨਾਂ ਆਉਂਦੀਆਂ ਸੀ..

“ਬਹੁਤੀਆਂ ਨੇ ਕਾਲੀਆਂ

ਸ਼ੈਤਾਨ ਦੀਆਂ ਸਾਲ਼ੀਆਂ

ਮੈਂ ਡਰਦੇ ਨੇ ਡਰਦੇ ਨੇ

ਦੇਖੀਆਂ ਨੇ ਅੱਖੀਆਂ…”

ਅਹੂਜਾ ਕਹਿੰਦੇ ਹਨ ਕਿ ਇਹ ਰਿਕਾਰਡ ਘੱਟੋ-ਘੱਟ ਸੌ ਸਾਲ ਪੁਰਾਣਾ ਹੋਏਗਾ ਅਤੇ ਕੇਸ਼ਵ ਦੱਤ ਨੇ ਗਾਇਆ ਸੀ।

ਇਸ ਮੁਤਾਬਕ ਇਹ ਗੀਤ ਅਮਰੀਕੀ ਗਰੁਪ ‘ਦਿ ਜੁਬਲੀਅਰਜ਼’ ਦੇ ਉੱਪਰ ਦੱਸੇ ਗਏ ਗੀਤਾਂ ਤੋਂ ਪਹਿਲਾਂ ਦਾ ਹੋ ਸਕਦਾ ਹੈ। ਅਹੂਜਾ ਕਹਿੰਦੇ ਹਨ ਕਿ ਇਸ ਤੋਂ ਵੀ ਪੁਰਾਣੇ ਭਜਨਾਂ ਵਿੱਚ ਵੀ ਰੈਪ ਜਿਹੀ ਸ਼ੈਲੀ ਸੁਨਣ ਨੂੰ ਮਿਲਦੀ ਹੈ। ਜਿਵੇਂ ਕਿ ਕ੍ਰਿਸ਼ਨ ਜੀ ਦੇ ਇੱਕ ਭਜਨ ਵਿੱਚ ਕੁਝ ਲਾਈਨਾਂ ਗਾਉਣ ਬਾਅਦ ਆਉਂਦਾ ਹੈ,

“ਕ੍ਰਿਸ਼ਨ ਕਨੱਹੀਆ

ਮੁਰਲੀ ਵਜੱਈਆ

ਮੱਖਣ ਖਲਈਆ…..”

ਚਰਨਜੀਤ ਅਹੁਜਾ ਕਹਿੰਦੇ ਹਨ ਕਿ ਪੁਰਾਣੇ ਸਮੇਂ ਕਿਉਂਕਿ ਇੰਟਰਨੈਟ ਦਾ ਦੌਰ ਨਹੀਂ ਸੀ, ਇੱਕ ਇਨਸਾਨ ਤੋਂ ਦੂਜੇ ਇਨਸਾਨ ਜ਼ਰੀਏ ਹੀ ਵਿਚਾਰ ਪਹੁੰਚਦੇ ਸਨ।

ਬਹੁਤ ਪੁਰਾਣੇ ਰਿਕਾਰਡ ਵੀ ਮੌਜੂਦ ਨਹੀਂ ਹਨ ਇਸ ਲਈ ਕਿਹੜੀ ਚੀਜ਼ ਕਿੱਥੋਂ ਚੱਲ ਕੇ ਆਈ ਇਸ ਬਾਰੇ ਪੁਖ਼ਤਾ ਨਹੀਂ ਕਿਹਾ ਜਾ ਸਕਦਾ।

ਕਈ ਵਿਚਾਰ ਸਾਂਝੇ ਵੀ ਹੁੰਦੇ ਹਨ ਕਿਉਂਕਿ ਕੋਈ ਵਿਚਾਰ ਜੇ ਮੇਰੇ ਦਿਮਾਗ਼ ਵਿੱਚ ਆਇਆ, ਤਾਂ ਇਸਦਾ ਇਹ ਮਤਲਬ ਨਹੀਂ ਕਿ ਪੂਰੀ ਦੁਨੀਆ ਵਿੱਚ ਸਿਰਫ ਮੇਰੇ ਦਿਮਾਗ਼ ਵਿੱਚ ਹੀ ਆਇਆ ਹੋਵੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)