ਚਾਚਾ-ਭਤੀਜਾ ਮਾਰਕਾ ਸਿਆਸਤ: ਮਹਾਰਾਸ਼ਟਰ ਦੇ ਪਵਾਰ ਤੋਂ ਪੰਜਾਬ ਦੇ ਬਾਦਲ ਪਰਿਵਾਰ ਤੱਕ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਨੂੰ ਲੈਕੇ ਛਿੜੀ ਜੰਗ ਨੇ ਭਾਰਤ ਦੀ ਚਾਚਾ ਭਤੀਜਾ ਮਾਰਕਾ ਸਿਆਸਤ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ।
ਭਾਰਤ ਦੇ ਕਈ ਸੂਬਿਆਂ ਵਿਚ ਖੇਤਰੀਆਂ ਪਾਰਟੀਆਂ ਕੁਝ ਪਰਿਵਾਰਾਂ ਜਾਂ ਆਗੂਆਂ ਦੀਆਂ ਨਿੱਜੀਆਂ ਕੰਪਨੀਆਂ ਵਾਂਗ ਕੰਮ ਕਰਦੀਆਂ ਹਨ।
ਭਾਰਤ ਦੇ ਕੁਝ ਦੂਜੇ ਸੂਬਿਆਂ ਦੀਆਂ ਮਿਸਾਲਾਂ ਦੇ ਹਵਾਲੇ ਨਾਲ ਭਾਰਤੀ ਸਿਆਸਤ ਵਿਚ ਚੱਲ ਰਹੇ ਇਸ ਵਰਤਾਰੇ ਬਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਇਹ ਵੀ ਪੜ੍ਹੋ :
ਮਹਾਰਾਸ਼ਟਰ ਦਾ ਪਵਾਰ ਪਰਿਵਾਰ
ਪਿਛਲੇ ਕੁਝ ਦਿਨਾਂ ਦੀ ਹਲਚਲ ਵੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਮਹਾਰਾਸ਼ਟਰ ਦੀ ਸਿਆਸਤ ਵਿੱਚ ਭੂਚਾਲ ਹੀ ਆ ਗਿਆ ਹੋਵੇ।
ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਚੁੱਪ ਚਪੀਤੇ ਭਾਜਪਾ ਨਾਲ ਰਾਬਤਾ ਕਾਇਮ ਕੀਤਾ ਤੇ ਬਣ ਗਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ। ਪਰ ਕਲੇਸ਼ ਉਦੋਂ ਪਿਆ ਜਦੋਂ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਨੇ ਭਾਜਪਾ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ।
ਮਹਾਰਾਸ਼ਟਰ ਦੀ ਸਿਆਸਤ ਵਿੱਚ ਅਜੀਤ ਪਵਾਰ ਵੱਡਾ ਨਾਮ ਹੈ। ਉਹ ਕਈ ਵਾਰ ਸੂਬੇ ਦੇ ਮੰਤਰੀ ਰਹਿ ਚੁੱਕੇ ਹਨ। ਉਪ ਮੁੱਖ ਮੰਤਰੀ ਵੀ ਰਹੇ ਹਨ ਅਤੇ ਐਨਸੀਪੀ ਦੇ ਬਾਨੀ ਸ਼ਰਦ ਪਵਾਰ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਦੇ ਵਾਰਿਸ ਸਮਝੇ ਜਾਂਦੇ ਸਨ।
ਅਜੀਤ ਪਵਾਰ ਐਨਸੀਪੀ ਦੇ ਨੰਬਰ ਦੋ ਨੇਤਾ ਮੰਨੇ ਜਾਂਦੇ ਰਹੇ ਹਨ ਪਰ ਜਦੋਂ ਤੋਂ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੁਲੇ ਸਰਗਰਮ ਸਿਆਸਤ ਵਿੱਚ ਆਈ ਹੈ ਉਦੋਂ ਤੋਂ ਪਾਰਟੀ ਦੀ ਕਮਾਨ ਕੌਣ ਸੰਭਾਲੇਗਾ ਇਸ 'ਤੇ ਬਹਿਸ ਛਿੜੀ ਹੋਈ ਹੈ।

ਤਸਵੀਰ ਸਰੋਤ, Getty Images
ਅਜੀਤ ਪਵਾਰ ਅਤੇ ਸ਼ਰਦ ਪਵਾਰ ਦੀ ਝਗੜਾ ਕੋਈ ਨਵਾਂ ਨਹੀਂ। ਅਜੀਤ ਪਵਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣਾ ਵਿਰੋਧ ਜ਼ਾਹਰ ਕਰ ਚੁੱਕੇ ਹਨ ਪਰ ਸ਼ਰਦ ਪਰਿਵਾਰ ਵੱਲੋਂ ਇਹੀ ਕਿਹਾ ਜਾਂਦਾ ਰਿਹਾ ਕਿ ਪਾਰਟੀ ਵਿੱਚ ਸਭ ਕੁਝ ਠੀਕ ਹੈ।
ਸੱਤਾ ਦੀ ਚਾਬੀ ਨੂੰ ਲੈ ਕੇ ਪਰਿਵਾਰਕ ਝਗੜੇ ਕੋਈ ਨਵੇਂ ਨਹੀਂ ਹਨ। ਚਾਚਾ-ਭਤੀਜਿਆਂ ਦੀ ਲੜਾਈ ਕਈ ਵਾਰ ਦੇਖਣ ਨੂੰ ਮਿਲੀ ਹੈ।
ਬਾਲ ਠਾਕਰੇ ਤੇ ਰਾਜ ਠਾਕਰੇ ਦਾ ਝਗੜਾ
ਬਾਲ ਠਾਕਰੇ ਸ਼ਿਵ ਸੈਨਾ ਪਾਰਟੀ ਦੇ ਮੁਖੀ ਸਨ। ਉਨ੍ਹਾਂ ਨੇ ਆਪਣੇ ਦੇਹਾਂਤ ਤੋਂ ਪਹਿਲਾਂ ਪਾਰਟੀ ਦੀ ਕਮਾਨ ਆਪਣੇ ਪੁੱਤਰ ਉਧਵ ਠਾਕਰੇ ਦੇ ਹੱਥ ਦੇ ਦਿੱਤੀ।
ਬਾਲ ਠਾਕਰੇ ਦੇ ਰਹਿੰਦਿਆਂ ਝਗੜਾ ਇਹ ਸੀ ਕਿ ਉਨ੍ਹਾਂ ਤੋਂ ਬਾਅਦ ਕਮਾਨ ਕਿਸਦੇ ਹੱਥ ਵਿੱਚ ਜਾਵੇਗੀ। ਉਨ੍ਹਾਂ ਦੇ ਭਤੀਜੇ ਰਾਜ ਠਾਕਰੇ ਜਾਂ ਫਿਰ ਪੁੱਤਰ ਉਧਵ ਠਾਕਰੇ।
ਰਾਜ ਠਾਕਰੇ ਨੇ ਨਰਾਜ਼ ਹੋ ਕੇ 2006 ਵਿੱਚ ਆਪਣੀ ਵੱਖਰੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਬਣਾ ਲਈ ਸੀ।
ਰਾਜ ਠਾਕਰੇ ਦੀ ਸ਼ਖਸੀਅਤ ਨੂੰ ਵੇਖ ਕੇ ਲੋਕ ਇਹੀ ਮੰਨਦੇ ਸਨ ਕਿ ਬਾਲ ਠਾਕਰੇ ਤੋਂ ਬਾਅਦ ਪਾਰਟੀ ਦੀ ਕਮਾਨ ਉਨ੍ਹਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
ਪੰਜਾਬ ਦੇ ਬਾਦਲਾਂ ਦਾ ਟੱਬਰ
ਪੰਜਾਬ ਵਿੱਚ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਵੀ ਅਜਿਹਾ ਹੀ ਝਗੜਾ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਸਾਈਡਲਾਈਨ ਕਰਕੇ ਪਾਰਟੀ ਦੀ ਕਮਾਨ ਆਪਣੇ ਮੁੰਡੇ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਦਿੱਤੀ।

ਤਸਵੀਰ ਸਰੋਤ, Getty Images
ਸੁਖਬੀਰ ਸਿੰਘ ਬਾਦਲ ਨਾਲ ਵਿਵਾਦ ਕਰਕੇ ਮਨਪ੍ਰੀਤ ਬਾਦਲ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਸ ਵੇਲੇ ਉਹ ਅਕਾਲੀ ਦਲ ਸਰਕਾਰ ਵਿੱਚ ਖਜ਼ਾਨਾ ਮੰਤਰੀ ਸਨ।
2012 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਸਾਲ 2011 'ਚ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਗਠਨ ਕੀਤਾ ਪਰ 2012 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ:
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਾਂਗਰਸ ਨਾਲ ਗਠਜੋੜ ਕਰ ਕੇ ਸੁਖਬੀਰ ਬਾਦਲ ਦੀ ਪਤਨੀ ਅਤੇ ਰਿਸ਼ਤੇ 'ਚ ਲਗਦੀ ਭਾਬੀ ਦੇ ਖ਼ਿਲਾਫ਼ ਬਠਿੰਡਾ ਸੀਟ ਤੋਂ ਚੋਣ ਲੜੀ।
ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2016 ਵਿੱਚ ਪੀਪੀਪੀ ਦਾ ਕਾਂਗਰਸ ਨਾਲ ਰਲੇਵਾਂ ਕਰ ਲਿਆ ਸੀ।
ਹਰਿਆਣਾ 'ਚ ਚੌਟਾਲਿਆਂ ਦੀ ਲੜਾਈ
ਹਰਿਆਣਾ ਦੀ ਇਨੈਲੋ ਪਾਰਟੀ ਪਿਛਲ਼ੇ 15 ਸਾਲ ਤੋਂ ਸੱਤਾ ਤੋਂ ਦੂਰ ਹੈ। ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਅਜੇ ਚੌਟਾਲਾ ਦੇ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਦੀ ਕਮਾਨ ਅਭੈ ਚੌਟਾਲਾ ਦੇ ਹੱਥ ਵਿੱਚ ਆ ਗਈ।
ਪਰ ਪਾਰਟੀ ਵਿੱਚ ਅਭੈ ਚੌਟਾਲਾ ਤੇ ਉਨ੍ਹਾਂ ਦੇ ਭਤੀਜਿਆਂ ਦੇ ਸੁਰ ਵੱਖੋ-ਵੱਖ ਹੀ ਰਹੇ।

ਤਸਵੀਰ ਸਰੋਤ, Getty Images
ਇਸੇ ਕਲੇਸ਼ ਦੌਰਾਨ ਅਭੈ ਚੌਟਾਲਾ ਨੇ ਉਨ੍ਹਾਂ ਦੋਵਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਓਮ ਪ੍ਰਕਾਸ਼ ਚੌਟਾਲਾ ਨੇ ਵੀ ਇਸ ਵਿੱਚ ਅਭੈ ਚੌਟਾਲਾ ਦਾ ਸਾਥ ਦਿੱਤਾ।
ਜਿਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਦਸੰਬਰ 2018 ਵਿੱਚ ਆਪਣੇ ਭਰਾ ਨਾਲ ਮਿਲ ਕੇ ਵੱਖਰੀ ਪਾਰਟੀ ਜੇਜੇਪੀ ਬਣਾ ਲਈ।
ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਜਜਪਾ ਨੇ ਵੱਖ-ਵੱਖ ਚੋਣ ਲੜੀ। ਪਰ ਜਦੋਂ ਹਰਿਆਣਾ ਵਿੱਚ ਬਹੁਮਤ ਲਈ ਭਾਜਪਾ ਨੂੰ ਨੰਬਰ ਘੱਟ ਪਿਆ ਤਾਂ ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਨਾਲ ਗਠਜੋੜ ਕਰਕੇ ਸਰਕਾਰ ਬਣਾ ਲਈ ਅਤੇ ਦੁਸ਼ਯੰਤ ਚੌਟਾਲਾ ਨੂੰ ਉੱਪ ਮੁੱਖ ਮੰਤਰੀ ਬਣਾ ਦਿੱਤਾ।
ਕੀ ਕਹਿੰਦੇ ਨੇ ਸਿਆਸਤ ਦੇ ਜਾਣਕਾਰ
ਪਰ ਸਿਆਸਤਾਨਾਂ ਦੀ ਅਜਿਹੀ ਲੜਾਈ ਵਿੱਚ ਸਿਆਸਤ ਅਤੇ ਲੋਕਤੰਤਰ 'ਤੇ ਕੀ ਅਸਰ ਪੈਂਦਾ ਹੈ ਇਸ ਬਾਰੇ ਅਸੀਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।
ਜਗਤਾਰ ਸਿੰਘ ਕਹਿੰਦੇ ਹਨ,'' ਅਸਲ ਵਿੱਚ ਭਾਰਤ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਲੋਕਤੰਤਰ ਦੀ ਘਾਟ ਹੈ। ਜੇਕਰ ਪਾਰਟੀ ਵਿੱਚ ਅਗਲੀ ਪੀੜ੍ਹੀ ਦੇ ਨੇਤਾ ਲੋਕਤੰਤਰਿਕ ਤਰੀਕੇ ਨਾਲ ਚੁਣੇ ਜਾਣ ਤਾਂ ਪਾਰਟੀ ਵਿਚਾਲੇ ਅਜਿਹੇ ਕਲੇਸ਼ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।''

ਤਸਵੀਰ ਸਰੋਤ, Getty Images
''ਸਿਆਸੀ ਪਾਰਟੀਆਂ ਵਿੱਚ ਜ਼ਿਆਦਾਤਰ ਅਧਿਕਾਰ ਜੇ ਕਿਸੇ ਇੱਕ ਖਾਸ ਪਰਿਵਾਰ ਕੋਲ ਹੁੰਦੇ ਹਨ ਤਾਂ ਮਹਾਰਾਸ਼ਟਰ ਵਰਗੇ ਹਾਲਾਤ ਪੈਦਾ ਹੁੰਦੇ ਹਨ।''
ਉਹ ਕਹਿੰਦੇ ਹਨ,'' ਸਿਆਸਤ ਵਿੱਚ ਜਿਨ੍ਹਾਂ ਪਰਿਵਾਰਾਂ ਦਾ ਕੱਦ ਵੱਡਾ ਹੁੰਦੀ ਹੈ ਉੱਥੇ ਜਦੋਂ ਅਗਲੀ ਪੀੜ੍ਹੀ ਨੇ ਕਮਾਨ ਸੰਭਾਲਣੀ ਹੁੰਦੀ ਹੈ ਤਾਂ ਅਜਿਹੀ ਸਮੱਸਿਆ ਆਉਂਦੀ ਹੈ। ਇਹ ਪਾਰਟੀਆਂ ਵਨ ਪਰਸਨ ਕੰਟਰੋਲ ਹੁੰਦੀਆਂ ਹਨ। ਜਿਹੜੀ ਪਾਰਟੀ ਵਨ ਪਰਸਨ ਕੰਟਰੋਲ ਹੈ ਜਾਂ ਵਨ ਫੈਮਿਲੀ ਕੰਟਰੋਲ ਹੁੰਦੀ ਹੈ ਉੱਥੇ ਇੱਕ ਦਿੱਕਤ ਆਉਂਦੀ ਹੈ। ਮਹਾਰਾਸ਼ਟਰ ਵਿੱਚ ਇਹੀ ਹੋਇਆ। ਅਜੀਤ ਪਵਾਰ ਨੂੰ ਲੱਗਿਆ ਕਿ ਉਨ੍ਹਾਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ।''
ਜਗਾਤ ਸਿੰਘ ਕਹਿੰਦੇ ਹਨ,''ਕਈ ਵਾਰ ਲੋਕ ਨਿੱਜੀ ਤੌਰ 'ਤੇ ਪਰਿਵਾਰਾਂ ਜਾਂ ਇੱਕ ਸ਼ਖਸ ਨਾਲ ਜੁੜੇ ਹੁੰਦੇ ਹਨ। ਤਾਂ ਅਜਿਹੇ ਫ਼ੈਸਲਿਆਂ ਦਾ ਅਸਰ ਲੋਕਾਂ 'ਤੇ ਵੀ ਉਸੇ ਤਰ੍ਹਾਂ ਹੀ ਪੈਂਦਾ ਹੈ।''
ਯੂਪੀ 'ਚ ਅਖਿਲੇਸ਼ ਤੇ ਸ਼ਿਵਪਾਲ ਦੀ ਲੜਾਈ
15 ਅਗਸਤ 2016 ਨੂੰ ਕੌਮੀ ਏਕਤਾ ਦਲ ਦਾ ਸਮਾਜਵਾਦੀ ਪਾਰਟੀ ਵਿੱਚ ਰਲੇਵਾ ਹੋਣਾ ਸੀ। ਅਖਿਲੇਸ਼ ਯਾਦਵ ਨੇ ਇਸ ਰਲੇਵੇ ਨੂੰ ਰੋਕ ਦਿੱਤਾ। ਅਜਿਹਾ ਉਨ੍ਹਾਂ ਨੇ ਉਦੋਂ ਕੀਤਾ ਜਦੋਂ ਮੁਲਾਇਮ ਸਿੰਘ ਅਤੇ ਸ਼ਿਵਪਾਲ ਸਿੰਘ ਯਾਦਵ ਇਸ ਰਲੇਵੇ ਲਈ ਪੂਰੀ ਤਰ੍ਹਾਂ ਤਿਆਰ ਸਨ। ਇਸ ਨੂੰ ਸ਼ਿਵਪਾਲ ਯਾਦਵ ਨੇ ਆਪਣੀ ਸਾਖ ਦਾ ਸਵਾਲ ਬਣਾ ਲਿਆ ਅਤੇ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ੇ ਦੀ ਧਮਕੀ ਦਿੱਤੀ। ਸ਼ਿਵਪਾਲ ਨੂੰ ਮੁਲਾਇਮ ਸਿੰਘ ਨੇ ਅਸਤੀਫ਼ਾ ਦੇਣ ਤੋਂ ਰੋਕ ਲਿਆ।

ਤਸਵੀਰ ਸਰੋਤ, Getty Images
13 ਸਤੰਬਰ 2016 ਨੂੰ ਸੂਬੇ ਦੇ ਮੁੱਖ ਸਕੱਤਰ ਦੀਪਕ ਸਿੰਘਲ ਨੂੰ ਅਖਿਲੇਸ਼ ਯਾਦਵ ਨੇ ਹਟਾ ਦਿੱਤਾ। ਦੀਪਕ ਸਿੰਘਲ ਨੂੰ ਸ਼ਿਵਪਾਲ ਦਾ ਕਰੀਬੀ ਮੰਨਿਆ ਜਾਂਦਾ ਸੀ। ਅਜਿਹਾ ਸਿੰਘਲ ਦੀ ਨਿਯੁਕਤੀ ਦੇ ਦੋ ਮਹੀਨੇ ਬਾਅਦ ਹੀ ਹੋ ਗਿਆ। ਸ਼ਿਵਪਾਲ ਨੂੰ ਅਖਿਲੇਸ਼ ਦੇ ਇਸ ਫ਼ੈਸਲੇ ਨਾਲ ਇੱਕ ਹੋਰ ਝਟਕਾ ਲੱਗਿਆ।
ਅਖਿਲੇਸ਼ ਯਾਦਵ ਨੂੰ ਉੱਤਰ ਪ੍ਰਦੇਸ਼ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅਖਿਲੇਸ਼ ਨੂੰ ਹਟਾਉਣ ਤੋਂ ਬਾਅਦ ਮੁਲਾਇਮ ਸਿੰਘ ਨੇ ਆਪਣੇ ਭਰਾ ਸ਼ਿਵਪਾਲ ਯਾਦਵ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ। ਪ੍ਰਧਾਨ ਦਾ ਅਹੁਦਾ ਵਾਪਿਸ ਲੈਣ ਦੇ ਜਵਾਬ ਵਿੱਚ ਅਖਿਲੇਸ਼ ਨੇ ਸ਼ਿਵਪਾਲ ਤੋਂ ਅਹਿਮ ਵਿਭਾਗਾਂ ਨੂੰ ਖੋਹ ਲਿਆ। ਉਨ੍ਹਾਂ ਨੇ ਰਾਹੁਲ ਭਟਨਾਗਰ ਨੂੰ ਮੁੱਖ ਸਕੱਤਰ ਬਣਾਇਆ।
ਪਰਿਵਾਰ ਅਤੇ ਪਾਰਟੀ ਵਿੱਚ ਵਧਦੇ ਕਲੇਸ਼ ਕਾਰਨ ਅਖਿਲੇਸ਼ ਯਾਦਵ ਦਾ ਕਦ ਵੀ ਘੱਟ ਗਿਆ। ਜਿਸ ਨੂੰ ਵੇਖ ਕੇ ਸਮਾਜਵਾਦੀ ਪਾਰਟੀ ਦੇ ਕਈ ਲੀਡਰਾਂ ਨੇ ਅਸਤੀਫ਼ਾ ਵੀ ਦੇ ਦਿੱਤਾ ਸੀ।
30 ਦਸੰਬਰ 2016 ਨੂੰ ਮੁਲਾਇਮ ਸਿੰਘ ਨੇ ਅਨੁਸ਼ਾਸਨਹੀਨਤਾ ਦਾ ਇਲਜ਼ਾਮ ਲਗਾ ਕੇ ਅਖਿਲੇਸ਼ ਯਾਦਵ ਅਤੇ ਰਾਮ ਗੋਪਾਲ ਯਾਦਵ ਨੂੰ ਸਮਾਜਵਾਦੀ ਪਾਰਟੀ ਤੋਂ 6 ਸਾਲ ਲਈ ਕੱਢਣ ਦਾ ਐਲਾਨ ਕੀਤਾ ਗਿਆ ਪਰ ਅਜਿਹਾ ਹੋਇਆ ਨਹੀਂ।
2018 ਵਿੱਚ ਸ਼ਿਵਪਾਲ ਯਾਦਵ ਨੇ ਆਪਣੀ ਵੱਖਰੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਬਣਾ ਲਈ। ਚਾਚਾ ਭਤੀਜੇ ਦਾ ਕਲੇਸ਼ ਅਜੇ ਵੀ ਬਰਕਾਰ ਹੈ ਪਰ ਮੁਲਾਇਮ ਸਿੰਘ ਯਾਦਵ ਨਾਲ ਉਨ੍ਹਾਂ ਦੇ ਰਿਸ਼ਤੇ ਅਜੇ ਵੀ ਓਵੇਂ ਹੀ ਹਨ।
ਦੋ ਦਿਨ ਪਹਿਲਾਂ ਹੀ ਮੁਲਾਇਮ ਸਿੰਘ ਯਾਦਵ ਦੇ ਜਨਮ ਦਿਨ 'ਤੇ ਚਾਚਾ-ਭਤੀਜੇ ਵੱਲੋਂ ਵੱਖੋ-ਵੱਖ ਜਨਮ ਦਿਨ ਮਨਾਇਆ ਗਿਆ।













