ਮਸੂਦ ਅਜ਼ਹਰ: UN ਵੱਲੋਂ ‘ਦਹਿਸ਼ਤਗਰਦ’ ਐਲਾਨੇ ਜੈਸ਼-ਏ-ਮੁਹੰਮਦ ਸਰਗਨਾ ਦਾ ਪਾਰਲੀਮੈਂਟ ਤੋਂ ਪੁਲਵਾਮਾ ਤੱਕ ਹੱਥ

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨੁਮਾਇੰਦੇ ਸਈਅਦ ਅਕਬਰੁੱਦੀਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ਵਿੱਚ 'ਦਹਿਸ਼ਤਗਰਦ' ਐਲਾਨ ਦਿੱਤਾ ਗਿਆ ਹੈ।

ਅੱਜ, 1 ਮਈ ਦੇ ਇਸ ਟਵੀਟ ਤੋਂ ਬਾਅਦ ਐਲਾਨ ਦੀ ਪੁਸ਼ਟੀ ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨਜ਼ ਜਾਂ ਯੂਐੱਨ) ਵਲੋਂ ਮਿਲ ਗਈ ਹੈ।

ਖਬਰ ਏਜੰਸੀ ਰਾਇਟਰਜ਼ ਨੇ ਕਿਹਾ ਕਿ ਅਧਿਕਾਰੀਆਂ ਮੁਤਾਬਕ ਯੂਐੱਨ ਦੀ ਸੁਰੱਖਿਆ ਪਰਿਸ਼ਦ ਨੇ ਮਸੂਦ ਅਜ਼ਹਰ ਨੂੰ ਬਲੈਕ-ਲਿਸਟ ਕਰ ਦਿੱਤਾ ਹੈ। ਪਹਿਲਾਂ ਚੀਨ ਨੇ ਇਸ ਲਿਸਟਿੰਗ ਦੀ ਖ਼ਿਲਾਫ਼ਤ ਕੀਤੀ ਸੀ ਪਰ ਹੁਣ ਚੀਨ ਨੇ ਆਪਣਾ ਮਨ ਬਦਲਿਆ ਅਤੇ ਰੁਕਾਵਟ ਹਟਾ ਲਈ।

ਵੀਡੀਓ - ਪਾਕਿਸਤਾਨ ਨੇ ਕੀ ਕਿਹਾ?

ਪਾਕਿਸਤਾਨ ਵਿੱਚ ਸਥਿਤ ਮੰਨੇ ਜਾਂਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅੱਤਵਾਦੀਆਂ ਨੇ 1999 ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਯਾਤਰੀਆਂ ਨੂੰ ਛੱਡਣ ਦੇ ਬਦਲੇ ਭਾਰਤੀ ਜੇਲ੍ਹ ਵਿੱਚੋਂ ਛੁਡਾ ਲਿਆ ਸੀ।

ਭਾਰਤ-ਸ਼ਾਸਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਫਰਵਰੀ ਮਹੀਨੇ ਵਿੱਚ ਹੋਏ ਹਮਲੇ ਲਈ ਵੀ ਇਸੇ ਸੰਗਠਨ ਨੂੰ ਜਿੰਮੇਵਾਰ ਮੰਨਿਆ ਜਾਂਦਾ ਹੈ। ਇਸ ਹਮਲੇ ਵਿੱਚ 40 ਤੋਂ ਵੱਧ ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ "ਟਰੇਨਿੰਗ ਕੈਂਪ" ਵਿੱਚ ਅੱਤਵਾਦੀਆਂ ਨੂੰ ਮਾਰੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਭਾਰਤ-ਪਾਕਿਸਤਾਨ ਦਰਮਿਆਨ ਗਰਮਾਗਰਮੀ ਵਿੱਚ ਇੱਕ ਭਾਰਤੀ ਫੌਜੀ ਪਾਇਲਟ ਨੂੰ ਪਾਕਿਸਤਾਨ ਨੇ ਫੜ੍ਹ ਵੀ ਲਿਆ ਸੀ ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਸੀ।

ਇਸ ਸਾਰੇ ਘਟਨਾਚੱਕਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੀ ਮੁੱਦਾ ਬਣਾ ਰਹੇ ਹਨ।

ਵੀਡੀਓ - ਕੀ ਪਾਕਿਸਤਾਨ ਕੁਝ ਕਰੇਗਾ?

ਹਾਈਜੈਕ ਤੇ ਰਿਹਾਈ

24 ਦਸੰਬਰ 1999 ਨੂੰ 180 ਸਵਾਰੀਆਂ ਲਿਜਾ ਰਿਹਾ ਇੱਕ ਭਾਰਤੀ ਹਵਾਈ ਜਹਾਜ਼ ਅਗਵਾ ਕਰ ਲਿਆ ਗਿਆ ਸੀ। ਹਮਲਿਆਂ ਦੀ ਇਹ ਲੜੀ ਇੱਥੋਂ ਹੀ ਸ਼ੁਰੂ ਹੋਈ।

ਇਹ ਕਾਰਵਾਈ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਅਜ਼ਹਰ ਮਸੂਦ ਦੀ ਭਾਰਤ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਛੁਡਵਾਉਣ ਲਈ ਕੀਤੀ ਗਈ ਸੀ।

ਮੌਲਾਨਾ ਮਸੂਦ ਨੂੰ ਭਾਰਤ ਵੱਲੋਂ 1994 ਵਿੱਚ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸਰਗਰਮ ਸੰਗਠਨ ਹਰਕਤ-ਉਲ-ਮੁਜਾਹਿਦੀਨ ਦਾ ਮੈਂਬਰ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਜੈਸ਼ ਦੀ ਬੁਨਿਆਦ

ਜਹਾਜ਼ ਨੂੰ ਅਗਵਾ ਕਰਕੇ ਅਫਗਾਨਿਸਤਾਨ ਦੇ ਕੰਧਾਰ ਲਿਜਾਇਆ ਗਿਆ ਅਤੇ ਭਾਰਤੀ ਜੇਲ੍ਹ ਵਿੱਚ ਬੰਦ ਮੌਲਾਨਾ ਮਸੂਦ ਅਜ਼ਹਰ, ਮੁਸ਼ਤਾਕ ਜ਼ਰਗਰ ਅਤੇ ਸ਼ੇਖ ਅਹਿਮਦ ਉਮਰ ਸਈਦ ਦੀ ਰਿਹਾਈ ਦੀ ਮੰਗ ਕੀਤੀ ਗਈ।

ਛੇ ਦਿਨਾਂ ਬਾਅਦ 31 ਦਸੰਬਰ ਅਗਵਾਕਾਰਾਂ ਦੀਆਂ ਸ਼ਰਤਾਂ ਮੰਨਦਿਆਂ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਛੱਡ ਦਿੱਤਾ ਤੇ ਬਦਲੇ ਵਿੱਚ ਕੰਧਾਰ ਹਵਾਈ ਅੱਡੇ ਤੇ ਰੋਕੇ ਗਏ ਜਹਾਜ਼ ਨੂੰ ਅਗਵਾਕਾਰਾਂ ਨੇ ਯਾਤਰੀਆਂ ਸਮੇਤ ਛੱਡ ਦਿੱਤਾ।

ਇਸ ਤੋਂ ਬਾਅਦ ਮਸੂਦ ਨੇ ਫਰਵਰੀ 2000 ਵਿੱਚ ਜੈਸ਼-ਏ-ਮੁਹੰਮਦ ਦੀ ਨੀਂਹ ਰੱਖੀ।

ਉਸ ਸਮੇਂ ਮੌਜੂਦ ਹਰਕਤ-ਉਲ-ਮੁਜਾਹਿਦੀਨ ਅਤੇ ਹਰਕਤ-ਉਲ-ਅੰਸਾਰ ਦੇ ਮੈਂਬਰ ਜੈਸ਼ ਵਿੱਚ ਸ਼ਾਮਲ ਹੋ ਗਏ ਸਨ। ਖ਼ੁਦ ਮੌਲਾਨਾ ਮਸੂਦ ਅਜ਼ਹਰ ਹਰਕਤ-ਉਲ-ਅੰਸਾਰ ਦਾ ਜਰਨਲ ਸਕੱਤਰ ਰਹਿ ਚੁੱਕਿਆ ਹੈ ਅਤੇ ਹਰਕਤ-ਉਲ-ਮੁਜਾਹਿਦੀਨ ਦੇ ਵੀ ਸੰਪਰਕ ਵਿੱਚ ਰਿਹਾ।

ਪਠਾਨਕੋਟ, ਉਰੀ ਤੋਂ ਲੈ ਕੇ ਪੁਲਵਾਮਾ ਹਮਲੇ ਤੱਕ

ਹੋਂਦ ਵਿੱਚ ਆਉਣ ਦੇ ਦੋ ਮਹੀਨਿਆਂ ਦੇ ਅੰਦਰ ਹੀ ਜੈਸ਼-ਏ-ਮੁਹੰਮਦ ਨੇ ਸ਼੍ਰੀਨਗਰ ਦੇ ਬਦਾਮੀ ਬਾਗ਼ ਵਿੱਚ ਭਾਰਤੀ ਫੌਜ ਦੇ ਸਥਾਨਕ ਹੈੱਡ ਕੁਆਰਟਰ ਤੇ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਸੀ।

ਫਿਰ ਇਸ ਸੰਗਠਨ ਨੇ 28 ਜੂਨ 2000 ਨੂੰ ਵੀ ਜੰਮੂ ਕਸ਼ਮੀਰ ਸਕੱਤਰੇਤ 'ਤੇ ਹੋਏ ਹਮਲੇ ਦੀ ਜਿੰਮੇਵਾਰੀ ਲਈ।

ਠੀਕ ਇਸੇ ਤਰੀਕੇ ਨਾਲ 24 ਸਤੰਬਰ 2001 ਨੂੰ ਇੱਕ ਨੌਜਵਾਨ ਨੇ ਵਿਸਫੋਟਕ ਨਾਲ ਭਰੀ ਕਾਰ ਸ਼੍ਰੀਨਗਰ ਵਿਧਾਨ ਸਭਾ ਭਵਨ ਨਾਲ ਟੱਕਰਾ ਦਿੱਤੀ। ਇਸ ਘਟਨਾ ਵਿੱਚ 38 ਮੌਤਾਂ ਹੋ ਗਈਆਂ ਸਨ।

ਹਮਲੇ ਤੋਂ ਤੁਰੰਤ ਬਾਅਦ ਜੈਸ਼-ਏ-ਮੁਹੰਮਦ ਨੇ ਇਸ ਦੀ ਜਿੰਮੇਵਾਰੀ ਲਈ ਪਰ ਅਗਲੇ ਦਿਨ ਇਸ ਤੋਂ ਇਨਕਾਰ ਵੀ ਕਰ ਦਿੱਤਾ।

ਜੈਸ਼-ਏ-ਮੁਹੰਮਦ ਨੂੰ 13 ਦਸੰਬਰ 2001 ਨੂੰ ਭਾਰਤੀ ਸੰਸਦ ਅਤੇ ਜਨਵਰੀ 2016 ਵਿੱਚ ਭਾਰਤੀ ਫੌਜ ਦੇ ਪੰਜਾਬ ਦੇ ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਲਈ ਵੀ ਜਿੰਮੇਵਾਰ ਦੱਸਿਆ ਜਾਂਦਾ ਹੈ।

ਪਠਾਨਕੋਟ ਤੋਂ ਪਹਿਲਾਂ ਵੀ ਭਾਰਤ ਵਿੱਚ ਹੋਏ ਕੁਝ ਹਮਲਿਆਂ ਲਈ ਜੈਸ਼ ਨੂੰ ਜਿੰਮੇਵਾਰ ਮੰਨਿਆ ਗਿਆ। ਇਸ ਵਿੱਚ ਸਭ ਤੋਂ ਵੱਡਾ ਸੀ 2008 ਵਿੱਚ ਮੁੰਬਈ ਦੇ ਤਾਜ ਹੋਟਲ ਦਾ ਹਮਲਾ।

2001 ਵਿੱਚ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਵੀ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਸਨ। ਭਾਰਤ ਵਿੱਚ ਉਨ੍ਹਾਂ ਨੂੰ 10 ਫਰਵਰੀ 2013 ਨੂੰ ਮੌਤ ਦੀ ਸਜ਼ਾ ਦਿੱਤੀ ਗਈ।

ਦਸੰਬਰ 2016 ਵਿੱਚ ਕਸ਼ਮੀਰ ਦੇ ਉਰੀ ਸੈਕਟਰ ਵਿੱਚ ਫੌਜੀ ਟਿਕਾਣੇ 'ਤੇ ਹੋਏ ਇੱਕ ਹਮਲੇ ਲਈ ਜੈਸ਼ ਨੂੰ ਹੀ ਜਿੰਮੇਵਾਰ ਦੱਸਿਆ ਗਿਆ ਸੀ। ਇਸ ਹਮਲੇ ਵਿੱਚ 18 ਭਾਰਤੀ ਜਵਾਨਾਂ ਦੀ ਜਾਨ ਗਈ ਸੀ।

ਇਸ ਹਮਲੇ ਤੋਂ ਕੁਝ ਹੀ ਦਿਨਾਂ ਬਾਅਦ ਭਾਰਤੀ ਫੌਜ ਨੇ ਐੱਲਓਸੀ 'ਤੇ 'ਸਰਜੀਕਲ ਸਟਰਾਈਕ' ਕਰਨ ਦਾ ਦਾਅਵਾ ਕੀਤਾ।

ਵੀਡੀਓ: ਪੁਲਵਾਮਾ ਹਮਲਾਵਰ ਦੇ ਪਰਿਵਾਰ ਤੇ ਘਰ ਦਾ ਹਾਲ

ਕੱਟੜਪੰਥੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ

ਜੈਸ਼-ਏ-ਮੁਹੰਮਦ ਨੂੰ ਭਾਰਤ, ਬਰਤਾਨੀਆ, ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਰੱਖਿਆ ਹੈ।

ਅਮਰੀਕੀ ਦਬਾਅ ਹੇਠ ਪਾਕਿਸਤਾਨ ਨੇ 2002 ਵਿੱਚ ਇਸ ਸੰਗਠਨ 'ਤੇ ਪਾਬੰਦੀ ਲਾ ਦਿੱਤੀ ਪਰ ਰਿਪੋਰਟਾਂ ਮੁਤਾਬਕ ਮੌਲਾਨਾ ਮਸੂਦ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਵਿੱਚ ਰਹਿੰਦਾ ਹੈ।

ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਬਹਾਵਲਪੁਰ ਅਤੇ ਮੁਲਤਾਨ ਦੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਅਜ਼ਹਰ ਅਤੇ ਉਨ੍ਹਾਂ ਦੇ ਭਾਈ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਭਾਰਤ ਅਜ਼ਹਰ ਮਸੂਦ ਦੀ ਹਵਾਲਗੀ ਦੀ ਮੰਗ ਕਰ ਚੁੱਕਿਆ ਹੈ ਪਰ ਪਾਕਿਸਤਾਨ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦਾ ਹੋਇਆ ਇਸ ਮੰਗ ਨੂੰ ਨਾਮਨਜ਼ੂਰ ਕਰਦਾ ਰਿਹਾ ਹੈ।

ਪਠਾਨਕੋਟ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਨੇ ਇੱਕ ਆਡੀਓ ਕਲਿੱਪ ਜਾਰੀ ਕੀਤਾ, ਜਿਸ ਵਿੱਚ ਆਪਣੇ ਜਿਹਾਦੀਆਂ ਨੂੰ ਕਾਬੂ ਕਰਨ ਦੀ ਭਾਰਤੀ ਏਜੰਸੀਆਂ ਦੀ ਨਾਕਾਮੀ ਦਾ ਮਜ਼ਾਕ ਉਡਾਇਆ ਗਿਆ ਸੀ।

ਚੀਨ ਦਾ ਰਵੱਈਆ

ਹਾਲਾਂਕਿ ਹੁਣ ਜੈਸ਼-ਏ-ਮੁਹੰਮਦ ਸੰਯੁਕਤ ਰਾਸ਼ਟਰ ਦੇ ਪਾਬੰਦੀ ਸ਼ੁਦਾ ਸੰਗਠਨਾਂ ਵਿੱਚ ਸ਼ਾਮਲ ਹੈ ਪਰ ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕੱਟੜਪੰਥੀ ਐਲਾਨਣ ਦੇ ਮਤੇ 'ਤੇ 2015-16 ਵਿੱਚ ਦੋ ਵਾਰ ਵੀਟੋ ਕਰ ਦਿੱਤਾ ਸੀ।

ਹਾਲਾਂਕਿ ਬਾਕੀ 14 ਮੈਂਬਰ ਦੇਸਾਂ ਨੇ ਇਸ ਨੂੰ ਸਹਿਮਤੀ ਦੇ ਦਿੱਤੀ ਸੀ।

ਇਸ ਸੂਚੀ ਵਿੱਚ ਸ਼ਾਮਲ ਹੋਣ ਨਾਲ ਸੰਗਠਨ ਉੱਪਰ ਕਈ ਕਿਸਮ ਦੀਆਂ ਪਾਬੰਦੀਆਂ ਲੱਗ ਜਾਂਦੀਆਂ ਹਨ, ਜਿਵੇਂ ਜਾਇਦਾਦ ਫਰੀਜ਼ ਹੋਣਾ, ਸਫ਼ਰ ਤੇ ਪਾਬੰਦੀ ਲਾਉਣਾ ਅਤੇ ਹਥਿਆਰਾਂ 'ਤੇ ਪਾਬੰਦੀ ਲੱਗਣਾ ਵੀ ਸ਼ਾਮਲ ਹੈ।

ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ 'ਤੇ ਵੀ ਅਜਿਹੀਆਂ ਪਾਬੰਦੀਆਂ ਲਾਈਆਂ ਗਈਆਂ ਸਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)