ਲਿਬਨਾਨ: ਪੌਪ ਸਟਾਰ ਅਮਲ ਹਿਜਾਜ਼ੀ ਹੁਣ ਸਿਰਫ਼ ਪੈਗੰਬਰ ਲਈ ਗਾਏਗੀ

ਲਿਬਨਾਨੀ ਪੌਪ ਗਾਇਕਾ ਅਮਲ ਹਿਜਾਜ਼ੀ ਨੇ ਆਪਣੀ ਜਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਦਿਆਂ ਅੱਗੇ ਤੋਂ ਸਿਰਫ਼ ਪੈਗੰਬਰ ਮੁਹੰਮਦ ਦੀ ਉਸਤਤ ਵਿੱਚ ਹੀ ਗਾਉਣ ਦਾ ਫ਼ੈਸਲਾ ਲਿਆ ਹੈ।

ਗਾਇਕਾ ਨੇ ਪਿਛਲੇ ਦਿਨੀਂ ਹੀ ਇਹ ਫ਼ੈਸਲਾ ਲਿਆ ਹੈ। ਇਸ ਗੱਲ ਤੋਂ ਉਨ੍ਹਾਂ ਦੇ ਪ੍ਰਸ਼ਸ਼ਕ ਹੈਰਾਨ ਹਨ।

ਸਾਲ 2002 ਵਿੱਚ ਆਈ ਉਨ੍ਹਾਂ ਦੀ ਐਲਬਮ ਨੇ ਰਿਕਾਰਡ ਕਮਾਈ ਕੀਤੀ ਸੀ।

ਉਨ੍ਹਾਂ ਨੇ ਫੇਸਬੁਕ ਅਕਾਊਂਟ 'ਤੇ ਲਿਖਿਆ, ''ਕਈ ਸਾਲਾਂ ਤੋਂ ਮੇਰੇ ਮਨ ਵਿਚ ਮੇਰੀ ਪਸੰਦੀਦਾ ਕਲਾ ਅਤੇ ਮੇਰੇ ਪਿਆਰੇ ਧਰਮ ਬਾਰੇ ਅੰਦਰੂਨੀ ਕਸ਼ਮਕਸ਼ ਚੱਲ ਰਹੀ ਸੀ ਪਰ ਰੱਬ ਨੇ ਮੇਰੀ ਅਰਦਾਸ ਸੁਣ ਹੀ ਲਈ।''

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਖਰ ਉਹ ਖੁਸ਼ੀ ਮਿਲ ਹੀ ਗਈ ਜਿਸ ਨੂੰ ਉਹ ਲੱਭ ਰਹੇ ਸਨ।

ਉਨ੍ਹਾਂ ਨੇ ਆਪਣੀ ਨਵੀਂ ਸ਼ੈਲੀ ਵਿੱਚ ਆਪਣੇ ਸੋਸ਼ਲ ਮੀਡੀਆ 'ਤੇ ਨਾਤ ਦਾ ਵੀਡੀਓ ਨੂੰ ਜਾਰੀ ਕੀਤਾ ਹੈ। ਨਾਤ, ਪੈਗੰਬਰ ਮੁਹੰਮਦ ਦੀ ਮਹਿਮਾ ਵਿੱਚ ਲਿਖਿਆ ਗੀਤ ਹੁੰਦਾ ਹੈ।

ਉਨ੍ਹਾਂ ਨੇ ਹਿਾਜ਼ਬ ਨਾਲ ਇੱਕ ਤਸਵੀਰ ਵੀ ਪੋਸਟ ਕੀਤੀ।

ਇਹ ਗੀਤ ਪੈਗੰਬਰ ਦੀ ਜਨਮ ਵਰ੍ਹੇਗੰਢ 'ਤੇ ਗਾਇਆ ਗਿਆ ਹੈ। ਇਹ ਅੱਠ ਲੱਖ ਤੋਂ ਵੱਧ ਵਾਰ ਦੇਖਿਆ ਅਤੇ 25 ਲੱਖ ਤੋਂ ਵੱਧ ਵਾਰ ਸਾਂਝਾ ਕੀਤਾ ਜਾ ਚੁੱਕਿਆ ਹੈ।

ਇਸ ਤੋਂ ਇਲਾਵਾ ਕੋਈ 15,000 ਕਮੈਂਟ ਵੀ ਆਏ ਹਨ। ਲੋਕ ਅਮਲ ਹਿਜਾਜ਼ੀ ਦਾ ਸਮਰਥਨ ਕਰ ਰਹੇ ਹਨ।

ਕੁਝ ਲੋਕਾਂ ਨੇ ਉਨ੍ਹਾਂ ਦੇ 'ਨਵੇਂ ਹਿਜਾਬ' ਵਾਲੀ ਤਸਵੀਰ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਇਸਲਾਮ ਵਿੱਚ ਔਰਤਾਂ ਦੇ ਗਾਉਣ ਦੀ ਮਨਾਹੀ ਹੈ।

ਬਹੁਤ ਸਾਰੇ ਲੋਕਾਂ ਨੇ ਇਹ ਪੁੱਛਿਆ ਹੈ ਕਿ ਕੀ ਔਰਤਾਂ ਦੀ ਅਵਾਜ਼ 'ਨਾਮਹਰਮ' ਤੱਕ ਪਹੁੰਚਣ ਦੀ ਇਜਾਜ਼ਤ ਹੈ?

'ਨਾਮਹਰਮ' ਮੁਸਲਿਮ ਔਰਤਾਂ ਲਈ ਅਜਿਹਾ ਵਿਅਕਤੀ ਕਿਹਾ ਜਾ ਸਕਦਾ ਹੈ ਜਿਸ ਨਾਲ ਵਿਆਹ ਹੋ ਸਕਦਾ ਹੋਵੇ ਤੇ ਜਿਸ ਤੋਂ ਪਰਦਾ ਕਰਨਾ ਸਹੀ ਮੰਨਿਆ ਜਾਂਦਾ ਹੈ।

ਇਕ ਫੇਸਬੁੱਕ ਯੂਜ਼ਰ ਅਬੂ ਮੁਹੰਮਦ ਅਲ-ਇਸ਼ਲ ਨੇ ਅਰਬੀ ਵਿੱਚ ਜਵਾਬ ਦਿੱਤਾ: "ਉਹ ਜੋ ਕਰ ਰਹੀ ਹੈ। ਉਸਦੀ ਆਗਿਆ ਨਹੀਂ ਹੈ। ਇੱਕ ਔਰਤ ਦਾ ਗੀਤ ਸਵੀਕਾਰ ਨਹੀਂ ਹੈ। ਜੇ ਉਹ ਅਜ਼ਾਨ ਦਿੰਦੀ ਹੈ ਤਾਂ ਉਸ ਨੂੰ ਰੱਬ ਦਾ ਸਰਾਪ ਮਿਲੇਗਾ।"

ਇਕ ਹੋਰ ਵਰਤੋਂਕਾਰ ਜ਼ੈਨਬ ਮੁਸਲਮਾਨੀ ਨੇ ਅੰਗ੍ਰੇਜ਼ੀ ਵਿੱਚ ਲਿਖਿਆ, "ਲੋਕੋ ਹੋਸ਼ ਵਿੱਚ ਆਓ, ਜਿਸ ਕੰਮ ਦੀ ਰੱਬ ਨੇ ਮਨਾਹੀ ਕੀਤੀ ਹੈ ਉਸਦੀ ਉਸਤਤ ਨਾ ਕਰੋ। ਉਨ੍ਹਾਂ ਨੂੰ ਅਗਵਾਈ ਦੀ ਲੋੜ ਹੈ ਨਾ ਕਿ ਹੌਂਸਲੇ ਦੀ। ਸਾਡਾ ਧਰਮ ਲੋਕਾਂ ਲਈ ਮਜ਼ਾਕ ਕਿਉਂ ਬਣ ਕੇ ਰਹਿ ਗਿਆ ਹੈ? "

ਹਾਲਾਂਕਿ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਦੀਨਾ ਮਿਸ਼ਕ ਨੇ ਅੰਗ੍ਰੇਜ਼ੀ ਵਿਚ ਲਿਖਿਆ, "ਤੁਸੀਂ ਇੱਕ ਔਰਤ ਦੀ ਆਲੋਚਨਾ ਕਿਵੇਂ ਕਰ ਸਕਦੇ ਹੋ ਜਿਸ ਨੇ ਆਪਣੇ ਆਪ ਨੂੰ ਧਰਮ ਦਾ ਪਾਲਣ ਕਰਨ ਵਾਲੀ ਬਣਾਇਆ ਹੈ, ਹਿਜਾਬ ਪਾਇਆ ਅਤੇ ਨਬੀ ਦੀ ਯਾਦ ਵਿੱਚ ਗੀਤ ਗਾਏ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)