ਨਨਕਾਣਾ ਸਾਹਿਬ 'ਚ ਈਸ਼ਨਿੰਦਾ ਦੇ ਸ਼ੱਕੀ ਨੂੰ ਭੀੜ ਨੇ ਥਾਣੇ ’ਚੋਂ ਕੱਢ ਕੇ ਕਤਲ ਕੀਤਾ, ਕਿਵੇਂ ਵਾਪਰੀ ਘਟਨਾ

ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਇੱਕ ਵਿਅਕਤੀ ਨੂੰ ਈਸ਼ਨਿੰਦਾ ਦੇ ਇਲਜ਼ਾਮ ਵਿੱਚ ਕਤਲ ਕਰ ਦਿੱਤਾ ਹੈ।

ਇਹ ਘਟਨਾ ਨਨਕਾਣਾ ਸਾਹਿਬ ਦੀ ਵਾਰਬਰਟਨ ਤਹਿਸੀਲ ਵਿੱਚ ਵਾਪਰੀ ਹੈ।

ਪੁਲਿਸ ਨੇ ਮ੍ਰਿਤਕ ਦਾ ਨਾਮ ਵਾਰਿਸ ਦੱਸਿਆ ਹੈ।

ਬੀਬੀਸੀ ਉਰਦੂ ਨੂੰ ਕੁਝ ਵੀਡੀਓਜ਼ ਮਿਲੀਆਂ ਹਨ। ਉਨ੍ਹਾਂ ਵਿੱਚ ਵਾਰਬਰਟਨ ਥਾਣੇ ਦੇ ਬਾਹਰ ਗੁੱਸੇ ਵਿੱਚ ਆਈ ਭੀੜ ਪੁਲਿਸ ਤੋਂ ਈਸ਼ਨਿੰਦਾ ਦੇ ਸ਼ੱਕੀ ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰ ਰਹੀ ਹੈ।

ਇਸ ਮੰਗ ਦੌਰਾਨ ਪੌੜੀਆਂ ਵਿੱਚ ਖੜ੍ਹੇ ਕੁਝ ਲੋਕ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਲੋਕ ਕਹਿ ਰਹੇ ਹਨ ਕਿ ਜੋ ਵੀ ਕਾਰਵਾਈ ਕਾਨੂੰਨ ਮੁਤਾਬਕ ਬਣਦੀ ਹੈ ਉਹ ਕੀਤੀ ਜਾਵੇਗੀ ਪਰ ਭੀੜ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ।

ਇਸ ਤੋਂ ਬਾਅਦ ਵੀਡੀਓ ਵਿੱਚ ਕੁਝ ਲੋਕਾਂ ਨੂੰ ਪੁਲਿਸ ਥਾਣੇ ਦੇ ਦਰਵਾਜ਼ੇ ਉਪਰ ਤੋਂ ਅੰਦਰ ਜਾਂਦੇ ਅਤੇ ਦਰਵਾਜ਼ਾ ਖੋਲ੍ਹਦੇ ਹੋਏ ਦੇਖਿਆ ਜਾ ਸਕਦਾ ਹੈ।

ਫਿਰ ਲੋਕ ਥਾਣੇ ਅੰਦਰ ਤੋੜਫੋੜ ਸ਼ੁਰੂ ਕਰ ਦਿੰਦੇ ਹਨ।

ਕੀ ਹੈ ਮਾਮਲਾ?

ਸ਼ੇਖੂਪੁਰਾ ਦੇ ਖੇਤਰੀ ਪੁਲਿਸ ਅਧਿਕਾਰੀ ਬਾਬਰ ਸਰਫਰਾਜ਼ ਅਲਪਾ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰ ਦੀ ਹੈ।

ਉਨ੍ਹਾਂ ਕਿਹਾ ਕਿ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿੱਚ ਵਿਅਕਤੀ ਨੂੰ ਲੋਕਾਂ ਨੇ ਫੜ ਲਿਆ ਸੀ ਅਤੇ ਉਸ ਨੂੰ ਇੱਕ ਥਾਂ 'ਤੇ ਲੈ ਜਾ ਕੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਅਫ਼ਵਾਹ ਫੈਲਣੀ ਸ਼ੁਰੂ ਹੋ ਗਈ ਸੀ।

ਬਾਬਰ ਸਰਫਰਾਜ਼ ਅਲਪਾ ਅਨੁਸਾਰ ਜਦੋਂ ਪੁਲੀਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਜਾਣ ਲੱਗੀ ਤਾਂ ਭੀੜ ਵੀ ਪੁਲਿਸ ਦਾ ਪਿੱਛਾ ਕਰਨ ਲੱਗ ਗਈ।

ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਦੀ ਪ੍ਰਕਿਰਿਆ ਪੂਰੀ ਕਰ ਰਹੀ ਸੀ ਅਤੇ ਭੀੜ ਨੂੰ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਲਈ ਕਹਿ ਰਹੀ ਸੀ। ਪਰ ਲੋਕ ਗੁੱਸੇ ਵਿਚ ਆ ਗਏ ਅਤੇ ਭੀੜ ਨੇ ਉਸ ਵਿਅਕਤੀ ਨੂੰ ਥਾਣੇ ਵਿੱਚੋਂ ਕੱਢ ਲਿਆ। ਇਸ ਤੋਂ ਬਾਅਦ ਭੀੜ ਨੇ ਉਸ ਨੂੰ ਬਾਹਰ ਲੈ ਜਾ ਕੇ ਮਾਰ ਦਿੱਤਾ।

ਇਹ ਪੁੱਛੇ ਜਾਣ 'ਤੇ ਕਿ ਕੀ ਹੁਣ ਤੱਕ ਕੋਈ ਗਿ੍ਫ਼ਤਾਰੀ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਵੀਡੀਓ ਰਾਹੀਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਗ੍ਰਿਫਤਾਰੀਆਂ ਹੋ ਸਕਣਗੀਆਂ।

ਪ੍ਰਧਾਨ ਮੰਤਰੀ ਵੱਲੋਂ ਜਾਂਚ ਦੇ ਹੁਕਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਕਾਨੂੰਨ ਦਾ ਰਾਜ ਯਕੀਨੀ ਬਣਾਇਆ ਜਾਵੇ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।

ਡੀਐੱਸਪੀ ਤੇ ਐੱਸਐੱਚਓ ਸਸਪੈਂਡ

ਪਾਕਿਸਤਾਨ ਦੇ ਨਿੱਜੀ ਚੈਨਲ ਏਆਰਵਾਈ ਨਿਊਜ਼ ਨਾਲ ਗੱਲਬਾਤ ਕਰਦਿਆਂ ਆਰਪੀਓ ਸ਼ੇਖੂਪੁਰਾ ਬਾਬਰ ਸਰਫਰਾਜ਼ ਨੇ ਦੱਸਿਆ ਕਿ ਪੁਲਿਸ ਨੇ ਸਾਲ 2019 ਵਿੱਚ ਸ਼ੱਕੀ ਨੂੰ ਈਸ਼ ਨਿੰਦਾ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ ਪਰ ਜੂਨ 2022 ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

ਆਈਜੀ ਪੰਜਾਬ ਡਾ. ਉਸਮਾਨ ਅਨਵਰ ਨੇ ਨਨਕਾਣਾ ਸਾਹਿਬ ਦੀ ਘਟਨਾ ਦਾ ਨੋਟਿਸ ਲੈਂਦਿਆਂ ਡੀਐੱਸਪੀ ਨਨਕਾਣਾ ਸਾਹਿਬ ਸਰਕਲ ਨਵਾਜ਼ ਵਿਰਕ ਅਤੇ ਐੱਸਐੱਚਓ ਵਾਰਬਰਟਨ ਥਾਣਾ ਫ਼ਿਰੋਜ਼ ਭੱਟੀ ਨੂੰ ਮੁਅੱਤਲ ਕਰ ਦਿੱਤਾ ਹੈ।

ਆਈਜੀ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਮੌਕੇ 'ਤੇ ਪੁੱਜ ਕੇ ਜਾਂਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।

ਸੰਵੇਦਨਸ਼ੀਲ ਮੁੱਦਾ ਅਤੇ ਘਟਨਾ ਦੀ ਨਿੰਦਾ

ਪਾਕਿਸਤਾਨ ਉਲੇਮਾ-ਏ-ਕੌਂਸਲ ਦੇ ਮੁਖੀ ਅਤੇ ਅੰਤਰ-ਧਾਰਮਿਕ ਸਦਭਾਵਨਾ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਨੁਮਾਇੰਦੇ ਹਾਫ਼ਿਜ਼ ਤਾਹਿਰ ਮਹਿਮੂਦ ਅਸ਼ਰਫ਼ ਨੇ ਘਟਨਾ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਈਸ਼ਨਿੰਦਾ ਦੇ ਸ਼ੱਕੀ ਨੂੰ ਥਾਣੇ ਤੋਂ ਬਾਹਰ ਕੱਢ ਕੇ ਅਤੇ ਹਮਲਾ ਕਰਕੇ ਹੱਤਿਆ ਕਰਨਾ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਜੁਰਮ ਕੀਤਾ ਹੈ ਤਾਂ ਉਸ ਨੂੰ ਅਦਾਲਤ ਸਜ਼ਾ ਦਿੰਦੀ ਹੈ।

"ਕਿਸੇ ਵੀ ਗਰੋਹ, ਵਿਅਕਤੀ ਜਾਂ ਸੰਸਥਾ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਖੁਦ ਅਦਾਲਤ ਬਣ ਜਾਵੇ, ਖੁਦ ਹੀ ਜੱਲਾਦ ਬਣ ਜਾਵੇ ਅਤੇ ਖੁਦ ਹੀ ਫੈਸਲਾ ਕਰੇ।"

ਪਾਕਿਸਤਾਨ ਵਿੱਚ ਤੌਹੀਨ-ਏ-ਮਜ਼ਹਬ ਜਾਂ ਈਸ਼ਨਿੰਦਾ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ।

ਕਈ ਘਟਨਾਵਾਂ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਨਿੱਜੀ ਦੁਸ਼ਮਣੀ ਕਾਰਨ ਲੋਕਾਂ ਉਪਰ ਅਜਿਹੇ ਇਲਜ਼ਾਮ ਲੱਗੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)