ਫੀਫਾ 2022 :ਗਰਿੰਚਾ- ਫੁੱਟਬਾਲ ਦਾ ਸੁਪਰਸਟਾਰ ਜਿਸ ਨੇ ਸ਼ਰਾਬ ਵਿੱਚ ਡੁੱਬਣ ਤੋਂ ਪਹਿਲਾਂ ਪੇਲੇ ਦੀ ਚਮਕ ਫਿੱਕੀ ਕਰ ਦਿੱਤੀ ਸੀ

ਪੇਲੇ ਅਤੇ ਗਰਿੰਚਾ

ਤਸਵੀਰ ਸਰੋਤ, PICTORIAL PARADE/GETTY IMAGES

    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਫੁੱਟਬਾਲ ਦਾ ਮਹਾਕੁੰਭ ਯਾਨੀ ਵਰਲਡ ਕੱਪ ਫੁੱਟਬਾਲ 20 ਨਵੰਬਰ ਤੋਂ ਕਤਰ ਵਿੱਚ ਹੋਣ ਜਾ ਰਿਹਾ ਹੈ।

ਵਰਲਡ ਕੱਪ ਫੁੱਟਬਾਲ, ਖੇਡਾਂ ਦੀ ਦੁਨੀਆਂ ਦੇ ਸਭ ਤੋਂ ਹਰਮਨ ਪਿਆਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੈ ਅਤੇ ਫੁੱਟਬਾਲ ਪ੍ਰੇਮੀਆਂ ਨੂੰ ਇੱਕ ਵਾਰ ਫਿਰ ਤੋਂ ਦੁਨੀਆਂ ਦੇ ਤੇਜ਼ ਤਰਾਰ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲੇਗਾ।

ਫੁੱਟਬਾਲ ਦੀ ਦੁਨੀਆਂ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਖੂਬਸੂਰਤ ਫੁੱਟਬਾਲ ਦਾ ਮਤਲਬ ਡ੍ਰਿਬਲਿੰਗ ਹੈ।

ਡ੍ਰਿਬਲਿੰਗ ਯਾਨੀ ਪੈਰ ਨਾਲ ਗੇਂਦ ਦਾ ਅਜਿਹਾ ਤਾਲਮੇਲ ਕਿ ਸਾਹਮਣੇ ਵਾਲਾ ਖਿਡਾਰੀ ਹੈਰਾਨ ਰਹਿ ਜਾਵੇ ਅਤੇ ਦੇਖਦੇ ਹੀ ਦੇਖਦੇ ਦੂਜਾ ਖਿਡਾਰੀ ਗੋਲ ਪੋਸਟ ਤੱਕ ਪਹੁੰਚ ਜਾਵੇ।

ਇਸ ਨੂੰ ਫੁੱਟਬਾਲ ਦੇ ਖੇਡ ਦੀ ਸਭ ਤੋਂ ਮੁਸ਼ਕਿਲ ਵਿਧਾ ਮੰਨਿਆ ਜਾਂਦਾ ਹੈ।

ਆਧੁਨਿਕ ਫੁੱਟਬਾਲ ਵਿੱਚ ਇਸ ਲਈ ਮੈਸੀ ਦਾ ਜਾਦੂ ਸਾਲ ਦਰ ਸਾਲ ਬਣਿਆ ਹੋਇਆ ਹੈ। ਮੈਸੀ ਦੇ ਇਲਾਵਾ ਬ੍ਰਾਜ਼ੀਲ ਦੇ ਸੁਪਰਸਟਾਰ ਰਹੇ ਰੋਨਾਲਡਿਨਹੋ ਹੋਣ ਜਾਂ ਫਿਰ ਫਰਾਂਸ ਦੇ ਲੀਜੈਂਡ ਜਿਨੇਦਿਨ ਜ਼ਿਦਾਨ, ਦੁਨੀਆਂ ਇਨ੍ਹਾਂ ਦੇ ਖੇਡ ਦੀ ਅੱਜ ਵੀ ਦੀਵਾਨੀ ਹੈ।

ਕੁਝ ਉਮਰਦਰਾਜ ਫੁੱਟਬਾਲ ਪ੍ਰਸ਼ੰਸਕ ਜੇਕਰ ਟਕਰਾਅ ਜਾਣ ਤਾਂ ਉਹ ਤੁਹਾਨੂੰ ਦੱਸਣਗੇ ਕਿ ਮੈਰਾਡੋਨਾ ਵਰਗਾ ਡ੍ਰਿਬਲਰ ਸਦੀਆਂ ਵਿੱਚ ਇੱਕ ਵਾਰ ਆਉਂਦਾ ਹੈ।

ਉਨ੍ਹਾਂ ਤੋਂ ਪਹਿਲਾਂ ਦੇ ਦੌਰ ਦੇ ਲੋਕ ਅੰਗਰੇਜ਼ ਫੁੱਟਬਾਲਰ ਜਾਰਜ ਬੈਸਟ ਅਤੇ ਡਚ ਫੁੱਟਬਾਲਰ ਜੋਹਾਨ ਕਰੂਫ਼ ਦੀ ਡ੍ਰਿਬਡਿੰਗ ਨੂੰ ਯਾਦ ਕਰਦੇ ਦਿਖਣਗੇ।

ਹੁਣ ਗੱਲ ਉਸ ਫੁੱਟਬਾਲਰ ਦੀ ਜੋ ਡ੍ਰਿਬਲਿੰਗ ਦੀ ਦੁਨੀਆਂ ਦਾ ਬੇਤਾਜ ਬਾਦਸ਼ਾਹ ਸੀ। ਅਜਿਹਾ ਫੁੱਟਬਾਲਰ ਜੋ ਫੁੱਟਬਾਲ ਦੇ ਜਾਦੂਗਰ ਮੰਨੇ ਜਾਣ ਵਾਲੇ ਪੇਲੇ ਦੇ ਸਾਹਮਣੇ ਸੁਪਰ ਸਟਾਰ ਸੀ।

ਗਰਿੰਚਾ

ਤਸਵੀਰ ਸਰੋਤ, CENTRAL PRESS/GETTY IMAGES

ਬ੍ਰਾਜ਼ੀਲੀ ਫੁੱਟਬਾਲ ਨੂੰ ਸਿਖਰ 'ਤੇ ਪਹੁੰਚਾਉਣ ਵਾਲੇ ਉਸ ਖਿਡਾਰੀ ਦਾ ਜਲਵਾ ਅਜਿਹਾ ਸੀ ਕਿ ਪੇਲੇ ਦੀ ਟੀਮ ਵਿੱਚ ਮੌਜੂਦਗੀ ਦੇ ਸਾਹਮਣੇ ਅਖ਼ਬਾਰਾਂ ਦੀ ਹੈੱਡਲਾਈਨ ਹੁੰਦੀ ਸੀ, 'ਅਗਲੇ ਵੀਰਵਾਰ ਨੂੰ ਫਿਰ ਦਿਖੇਗਾ ਗਰਿੰਚਾ ਦਾ ਜਲਵਾ।'

ਫੁੱਟਬਾਲ ਦੀ ਦੁਨੀਆਂ ਵਿੱਚ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਪੇਲੇ ਦੀ ਤੁਲਨਾ ਵਿੱਚ ਵੀ ਮਹਾਨ ਖਿਡਾਰੀ ਮੰਨਿਆ ਜਾਂਦਾ ਰਿਹਾ। ਇਸ ਫੁੱਟਬਾਲਰ ਦਾ ਨਾਂ ਸੀ ਗਰਿੰਚਾ।

ਇਸ ਨਾਂ ਨੂੰ ਰੱਖਣ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। ਗਰਿੰਚਾ ਹਮਉਮਰ ਬੱਚਿਆਂ ਦੀ ਤੁਲਨਾ ਵਿੱਚ ਬਹੁਤ ਛੋਟੇ ਅਤੇ ਕਮਜ਼ੋਰ ਸਨ ਅਤੇ ਉਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਦਾ ਨਾਂ ਸਥਾਨਕ ਛੋਟੇ ਜਿਹੇ ਪੰਛੀ ਗਰਿੰਚਾ ਦੇ ਨਾਂ 'ਤੇ ਗਰਿੰਚਾ ਰੱਖ ਦਿੱਤਾ ਸੀ।

ਗਰਿੰਚਾ ਅਤੇ ਪੇਲੇ ਦੀ ਤੁਲਨਾ ਤਾਂ ਉਦੋਂ ਵੀ ਹੁੰਦੀ ਸੀ ਅਤੇ ਅੱਜ ਵੀ ਹੁੰਦੀ ਹੈ, ਪਰ ਉਸ 'ਤੇ ਗੱਲ ਕਰਨ ਤੋਂ ਪਹਿਲਾਂ ਕਹਾਣੀ ਗਰਿੰਚਾ ਦੀ ਜਿਸ ਬਾਰੇ ਡਾਕਟਰਾਂ ਦੀ ਰਾਇ ਇਹ ਸੀ ਕਿ ਉਹ ਠੀਕ-ਠਾਕ ਐਥਲੀਟ ਵੀ ਨਹੀਂ ਹੋ ਸਕਦੇ।

'ਸਭ ਤੋਂ ਬਿਹਤਰੀਨ ਡ੍ਰਿਬਲਰ'

28 ਅਕਤੂਬਰ, 1933 ਨੂੰ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਦੀ ਝੁੱਗੀ ਝੋਂਪੜੀ ਵਾਲੀ ਬਸਤੀ ਵਿੱਚ ਪੈਦਾ ਹੋਏ ਗਰਿੰਚਾ ਦੇ ਪੈਰਾਂ ਵਿੱਚ ਦਿੱਕਤ ਸੀ। ਉਨ੍ਹਾਂ ਦਾ ਸੱਜਾ ਪੈਰ ਖੱਬੇ ਪੈਰ ਦੀ ਤੁਲਨਾ ਵਿੱਚ ਛੇ ਸੈਂਟੀਮੀਟਰ ਛੋਟਾ ਸੀ ਅਤੇ ਉਨ੍ਹਾਂ ਦਾ ਖੱਬਾ ਪੈਰ ਅੰਦਰ ਵੱਲ ਮੁੜਿਆ ਹੋਇਆ ਵੀ ਸੀ।

ਇੱਕ ਤਰ੍ਹਾਂ ਨਾਲ ਉਹ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਸਨ, ਪਰ ਗਰਿੰਚਾ ਨੇ ਡ੍ਰਿਬਲਿੰਗ ਵਿੱਚ ਆਪਣੀ ਇਸ ਖਾਮੀ ਨੂੰ ਹੀ ਖਾਸੀਅਤ ਵਿੱਚ ਤਬਦੀਲ ਕਰ ਲਿਆ।

ਗਰਿੰਚਾ ਤੇ ਪੇਲੇ

ਤਸਵੀਰ ਸਰੋਤ, ALESSANDRO SABATTINI/GETTY IMAGES

ਉਹ ਜਦੋਂ ਬੇਢੰਗੇ ਜਿਹੇ ਅੰਦਾਜ਼ ਵਿੱਚ ਵਿਰੋਧੀ ਟੀਮ ਦੇ ਡਿਫੈਂਡਰਾਂ ਨੂੰ ਮਾਤ ਦਿੰਦੇ ਸਨ ਤਾਂ ਸਟੇਡੀਅਮ ਦੀ ਜਨਤਾ ਦਾ ਹੱਸਦੇ-ਹੱਸਦੇ ਬੁਰਾ ਹਾਲ ਹੋ ਜਾਂਦਾ ਸੀ।

ਇਸੇ ਕਾਰਨ ਗਰਿੰਚਾ ਦੇ ਫੁੱਟਬਾਲ ਨੂੰ ਲੋਕ ਪੀਪਲਜ਼ ਜੌਇ ਦੇ ਨਾਂ ਨਾਲ ਜਾਣਦੇ ਸਨ। ਉਨ੍ਹਾਂ ਨੂੰ ਫੁੱਟਬਾਲ ਦੇ ਚਾਰਲੀ ਚੈਪਲਿਨ ਵਰਗਾ ਦਰਜਾ ਹਾਸਲ ਸੀ। ਗਰਿੰਚਾ ਇੱਥੋਂ ਤੱਕ ਬੇਹੱਦ ਗਰੀਬੀ ਵਿੱਚੋਂ ਪਹੁੰਚੇ ਸਨ।

ਸ਼ਰਾਬੀ ਪਿਤਾ ਤੋਂ ਗਰਿੰਚਾ ਨੂੰ ਸਿਰਫ਼ ਸ਼ਰਾਬ ਦੀ ਲਤ ਹੀ ਮਿਲੀ ਸੀ ਅਤੇ 14 ਸਾਲ ਦੀ ਉਮਰ ਤੋਂ ਢਿੱਡ ਭਰਨ ਲਈ ਉਹ ਇੱਕ ਟੈਕਸਟਾਈਲ ਮਿਲ ਵਿੱਚ ਮਜ਼ਦੂਰੀ ਕਰਨ ਲੱਗੇ ਸਨ।

ਉਨ੍ਹਾਂ ਨੂੰ ਇੱਕ ਆਲਸੀ ਕਰਮਚਾਰੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ, ਪਰ ਉਹ ਮਿਲ ਦੀ ਫੁੱਟਬਾਲ ਟੀਮ ਦੇ ਸਟਾਰ ਸਨ। ਇਹੀ ਵਜ੍ਹਾ ਸੀ ਕਿ ਉਨ੍ਹਾਂ ਦੀ ਨੌਕਰੀ ਬਚ ਗਈ ਸੀ।

ਗਰਿੰਚਾ ਦੇ ਇਸ ਸੰਘਰਸ਼ ਦੀ ਕਹਾਣੀ ਦੁਨੀਆਂ ਨੂੰ ਸ਼ਾਇਦ ਹੀ ਪਤਾ ਚੱਲਦੀ, ਜੇਕਰ ਬ੍ਰਾਜ਼ੀਲੀ ਪੱਤਰਕਾਰ ਰੋਇ ਕੈਸਟਰੋ ਨੇ ਗਰਿੰਚਾ ਦੇ ਜੀਵਨ 'ਤੇ 'ਗਰਿੰਚਾ-ਦਿ ਟ੍ਰਿੰਪ ਐਂਡ ਟ੍ਰੈਜਡੀ ਆਫ਼ ਬ੍ਰਾਜ਼ੀਲਜ਼ ਫਾਰਗਾਟਨ ਫੁੱਟਬਾਲਿੰਗ ਹੀਰੋ' ਨਾਂ ਦੀ ਪੁਸਤਕ ਨਾ ਲਿਖੀ ਹੁੰਦੀ।

ਇਹ ਪੁਸਤਕ ਗਰਿੰਚਾ ਦੀ ਬੇਵਕਤੀ ਮੌਤ ਦੇ 12 ਸਾਲ ਬਾਅਦ ਪ੍ਰਕਾਸ਼ਿਤ ਹੋਈ ਅਤੇ ਅੰਗਰੇਜ਼ੀ ਦਾ ਅਨੁਵਾਦ ਇਸ ਦੇ ਦਸ ਸਾਲ ਬਾਅਦ ਆਇਆ, ਪਰ ਜਦੋਂ ਆਇਆ ਉਦੋਂ ਖੇਡ ਦੀ ਦੁਨੀਆਂ ਨੇ ਇਸ ਪੁਸਤਕ ਨੂੰ ਹੱਥੋ ਹੱਥ ਲਿਆ।

ਇਸ ਵਿੱਚ ਗਰਿੰਚਾ ਦੇ ਗਰੀਬੀ ਤੋਂ ਨਿਕਲ ਕੇ ਸੁਪਰਸਟਾਰ ਬਣਨ ਅਤੇ ਉਸ ਦੇ ਬਾਅਦ ਸ਼ਰਾਬ ਅਤੇ ਸੈਕਸ ਦੀ ਲਤ ਵਿੱਚ ਡੁੱਬਣ ਤੱਕ ਦੀ ਕਹਾਣੀ ਨੂੰ ਸਿਲਸਿਲੇਵਾਰ ਢੰਗ ਨਾਲ ਦੱਸਿਆ ਗਿਆ ਹੈ।

ਗਰਿੰਚਾ ਨੂੰ ਕਿਸੇ ਫੁੱਟਬਾਲ ਕਲੱਬ ਵਿੱਚ ਨਿਖਰਣ ਦਾ ਮੌਕਾ ਨਹੀਂ ਮਿਲਿਆ ਸੀ। ਬ੍ਰਾਜ਼ੀਲ ਦੇ ਬਿਹਤਰੀਨ ਫੁੱਟਬਾਲਰ ਨਿਲਟਨ ਸੈਂਟੋਸ ਦੀ ਨਜ਼ਰ ਜਦੋਂ 19 ਸਾਲ ਦੇ ਗਰਿੰਚਾ 'ਤੇ ਪਈ ਤਾਂ ਉਹ ਉਨ੍ਹਾਂ ਨੂੰ ਬੋਟੋਫੋਗੋ ਕਲੱਬ ਵਿੱਚ ਲੈ ਆਏ ਸਨ।

ਬੀਬੀਸੀ
  • ਫੁੱਟਬਾਲ ਦਾ ਮਹਾਕੁੰਭ ਯਾਨੀ ਵਰਲਡ ਕੱਪ ਫੁੱਟਬਾਲ 20 ਨਵੰਬਰ ਤੋਂ ਕਤਰ ਵਿੱਚ ਹੋਣ ਜਾ ਰਿਹਾ ਹੈ।
  • ਅਜਿਹੇ ਕਈ ਖਿਡਾਰੀ ਹਨ ਜਿਨ੍ਹਾਂ ਨੂੰ ਫੁੱਟਬਾਲ ਪ੍ਰੇਮੀ ਅੱਜ ਵੀ ਯਾਦ ਕਰਦੇ ਹਨ, ਉਨ੍ਹਾਂ 'ਚੋਂ ਇੱਕ ਹਨ ਗਰਿੰਚਾ।
  • ਉਹ 28 ਅਕਤੂਬਰ, 1933 ਨੂੰ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਦੀ ਝੁੱਗੀ ਝੋਂਪੜੀ ਵਾਲੀ ਬਸਤੀ ਵਿੱਚ ਪੈਦਾ ਹੋਏ ਸਨ।
  • ਉਹ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਸਨ, ਪਰ ਗਰਿੰਚਾ ਨੇ ਡ੍ਰਿਬਲਿੰਗ ਵਿੱਚ ਆਪਣੀ ਇਸ ਖਾਮੀ ਨੂੰ ਹੀ ਖਾਸੀਅਤ ਵਿੱਚ ਤਬਦੀਲ ਕਰ ਲਿਆ ਸੀ।
  • 1953 ਵਿੱਚ ਗਰਿੰਚਾ ਨੂੰ ਬੋਟੋਫੋਗੋ ਕਲੱਬ ਤੋਂ ਪਹਿਲੀ ਬਾਰ ਖੇਡਣ ਦਾ ਮੌਕਾ ਮਿਲਿਆ ਅਤੇ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ ਹੈਟ੍ਰਿਕ ਬਣਾ ਦਿੱਤੀ।
  • ਪੇਲੇ ਅਤੇ ਗਰਿੰਚਾ, ਦੋਵਾਂ ਦਾ ਕ੍ਰਿਸ਼ਮਾ ਪਹਿਲੀ ਵਾਰ ਦੁਨੀਆਂ ਦੇ ਫੁੱਟਬਾਲ ਪ੍ਰੇਮੀਆਂ ਨੂੰ 1958 ਵਰਲਡ ਕੱਪ ਦੇ ਦੌਰਾਨ ਦਿਖਿਆ।
  • ਦੋਵੇਂ ਖਿਡਾਰੀਆਂ ਨੇ ਇਕੱਠੇ 40 ਮੈਚ ਖੇਡੇ ਜਿਸ ਵਿੱਚ ਬ੍ਰਾਜ਼ੀਲ 36 ਮੈਚ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਚਾਰ ਮੈਚ ਡਰਾਅ ਰਹੇ।
  • ਗਰਿੰਚਾ ਨੇ ਆਪਣੇ ਦਮ 'ਤੇ ਬ੍ਰਾਜ਼ੀਲ ਨੂੰ 1962 ਦਾ ਵਰਲਡ ਕੱਪ ਦਿਵਾਇਆ ਸੀ।
  • ਪਰ ਸ਼ਰਾਬ ਅਤੇ ਸੈਕਸ ਦੀ ਲਤ ਨੇ ਉਨ੍ਹਾਂ ਦੇ ਕਰੀਅਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ।
  • 1883 ਵਿੱਚ ਸਿਰਫ਼ 49 ਸਾਲ ਦੀ ਉਮਰ ਵਿੱਚ ਲਿਵਰ ਸਿਰੋਸਿਸ ਦੀ ਬਿਮਾਰੀ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਬੀਬੀਸੀ

ਜਿਸ ਉਮਰ ਵਿੱਚ ਪੇਲੇ ਨੂੰ ਨੈਸ਼ਨਲ ਟੀਮ ਵਿੱਚ ਖੇਡਣ ਦਾ ਮੌਕਾ ਮਿਲ ਗਿਆ ਸੀ, ਉਸ ਤੋਂ ਵੀ ਜ਼ਿਆਦਾ ਉਮਰ ਵਿੱਚ ਗਰਿੰਚਾ 'ਤੇ ਪਹਿਲੀ ਵਾਰ ਕਿਸੇ ਦਿੱਗਜ ਦੀ ਨਜ਼ਰ ਪਈ ਸੀ।

1953 ਵਿੱਚ ਗਰਿੰਚਾ ਨੂੰ ਬੋਟੋਫੋਗੋ ਕਲੱਬ ਤੋਂ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ ਅਤੇ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ ਹੈਟ੍ਰਿਕ ਬਣਾ ਦਿੱਤੀ। ਸੈਂਟੋਸ ਦੇ ਵਿਸ਼ਵਾਸ ਨੂੰ ਉਨ੍ਹਾਂ ਨੇ ਸਹੀ ਸਾਬਤ ਕਰ ਦਿਖਾਇਆ।

ਹਾਲਾਂਕਿ ਉਨ੍ਹਾਂ ਨੂੰ 1954 ਦੇ ਵਰਲਡ ਕੱਪ ਲਈ ਨੈਸ਼ਨਲ ਟੀਮ ਵਿੱਚ ਜਗ੍ਹਾ ਨਹੀਂ ਮਿਲੀ, ਪਰ ਗਰਿੰਚਾ ਕਲੱਬ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਰਹੇ।

1957 ਵਿੱਚ ਉਨ੍ਹਾਂ ਨੇ ਕਲੱਬ ਲਈ 20 ਗੋਲ ਕਰਕੇ ਨੈਸ਼ਨਲ ਸਿਲੈਕਸ਼ਨ ਲਈ ਦਰਵਾਜ਼ਾ ਖੜਕਾਇਆ ਅਤੇ ਰਾਈਟ ਵਿੰਗਰ ਦੇ ਤੌਰ 'ਤੇ ਉਹ ਟੀਮ ਵਿੱਚ ਸ਼ਾਮਲ ਕੀਤੇ ਗਏ।

ਪੇਲੇ ਨੇ ਵੀ ਆਪਣੀ ਪੁਸਤਕ 'ਵ੍ਹਾਈ ਸਾਕਰ ਮੈਟਰਜ਼' ਵਿੱਚ ਗਰਿੰਚਾ ਨੂੰ ਲੈ ਕੇ ਕਈ ਪਹਿਲੂਆਂ 'ਤੇ ਲਿਖਿਆ ਹੈ।

ਦਰਅਸਲ, ਪੇਲੇ ਅਤੇ ਗਰਿੰਚਾ, ਦੋਵਾਂ ਦਾ ਕ੍ਰਿਸ਼ਮਾ ਪਹਿਲੀ ਵਾਰ ਦੁਨੀਆਂ ਦੇ ਫੁੱਟਬਾਲ ਪ੍ਰੇਮੀਆਂ ਨੂੰ 1958 ਵਰਲਡ ਕੱਪ ਦੇ ਦੌਰਾਨ ਦਿਖਿਆ।

ਗਰਿੰਚਾ ਦੀ ਸਰੀਰਕ ਸਮਰੱਥਾ ਨੂੰ ਲੈ ਕੇ ਟੀਮ ਪ੍ਰਬੰਧਨ ਨੂੰ ਸ਼ੱਕ ਤਾਂ ਸੀ ਹੀ, ਪਰ ਮੈਂਟਲ ਟੈਸਟ ਵਿੱਚ ਵੀ ਗਰਿੰਚਾ ਪਾਸ ਨਹੀਂ ਹੋ ਸਕੇ ਸਨ।

ਪੇਲੇ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ, ''ਗਰਿੰਚਾ ਨੇ ਆਪਣੇ ਪ੍ਰੋਫੈਸ਼ਨ ਦਾ ਸਪੈਲਿੰਗ ਵੀ ਗਲਤ ਲਿਖਿਆ ਸੀ, ਜੇਕਰ ਸਪੈਲਿੰਗ ਸਹੀ ਲਿਖਣਾ ਇੱਕ ਕ੍ਰਾਈਟੇਰੀਆ ਹੁੰਦਾ ਤਾਂ ਟੀਮ ਦਾ ਕੋਈ ਖਿਡਾਰੀ ਵਰਲਡ ਕੱਪ ਵਿੱਚ ਹਿੱਸਾ ਨਹੀਂ ਲੈ ਪਾਉਂਦਾ।''

ਗਰਿੰਚਾ

ਤਸਵੀਰ ਸਰੋਤ, ULLSTEIN BILD DTL./GETTY IMAGES

ਜਦੋਂ ਬ੍ਰਾਜ਼ੀਲ ਬਣਿਆ ਪਹਿਲੀ ਵਾਰ ਚੈਂਪੀਅਨ

ਵੈਸੇ ਗਰਿੰਚਾ ਤੋਂ ਇਲਾਵਾ ਟੀਮ ਦਾ ਦੂਜਾ ਖਿਡਾਰੀ ਜੋ ਮੈਂਟਲ ਟੈਸਟ ਪਾਸ ਨਹੀਂ ਕਰ ਸਕਿਆ ਸੀ, ਉਹ ਪੇਲੇ ਸਨ।

ਡਾਕਟਰਾਂ ਮੁਤਾਬਕ, ਘੱਟ ਉਮਰ ਦੇ ਕਾਰਨ ਉਹ ਵਰਲਡ ਕੱਪ ਵਰਗੇ ਮੁਕਾਬਲੇ ਦਾ ਦਬਾਅ ਨਹੀਂ ਝੱਲ ਸਕਦੇ ਸਨ। ਬਾਅਦ ਵਿੱਚ ਪੇਲੇ ਅਤੇ ਗਰਿੰਚਾ ਦੀ ਬਦੌਲਤ ਹੀ ਬ੍ਰਾਜ਼ੀਲ ਪਹਿਲੀ ਵਾਰ ਵਰਲਡ ਚੈਂਪੀਅਨ ਬਣਨ ਵਿੱਚ ਕਾਮਯਾਬ ਹੋਇਆ ਸੀ।

ਟੀਮ ਦੇ ਕੋਚ ਨੇ ਮਨੋਵਿਗਿਆਨੀਆਂ ਅਤੇ ਡਾਕਟਰਾਂ ਦੀ ਰਾਇ ਦੇ ਉਲਟ ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ।

ਪੇਲੇ ਨੇ 1958 ਵਰਲਡ ਕੱਪ ਫਾਈਨਲ ਮੁਕਾਬਲੇ ਨੂੰ ਯਾਦ ਕਰਦੇ ਹੋਏ ਲਿਖਿਆ ਹੈ, ''ਸਵੀਡਨ ਦੇ ਖਿਲਾਫ਼ ਆਖਰੀ ਪਲਾਂ ਵਿੱਚ ਮੈਂ ਹੈਡਰ ਤੋਂ ਪੰਜਵਾਂ ਗੋਲ ਕੀਤਾ ਸੀ। ਉਸ ਹੈਡਰ ਨੂੰ ਲਗਾਉਣ ਦੇ ਬਾਅਦ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਸੀ ਅਤੇ ਗੋਲ ਪੋਸਟ ਦੇ ਸਾਹਮਣੇ ਮੈਂ ਲੇਟ ਗਿਆ ਸੀ। ਬਿਨਾਂ ਹਿੱਲੇ-ਜੁੱਲੇ।''

''ਗਰਿੰਚਾ ਮੇਰੇ ਕੋਲ ਸਭ ਤੋਂ ਪਹਿਲਾਂ ਭੱਜ ਕੇ ਆਏ ਸਨ। ਉਹ ਪਿਆਰੀ ਆਤਮਾ ਵਾਲੇ ਖਿਡਾਰੀ ਸਨ। ਉਹ ਮੇਰੀ ਮਦਦ ਕਰਨ ਲਈ ਭੱਜੇ ਸਨ।''

''ਉਨ੍ਹਾਂ ਨੇ ਮੇਰੇ ਪੈਰ ਨੂੰ ਚੁੱਕਿਆ, ਉਹ ਕਿਸੇ ਤਰ੍ਹਾਂ ਮੇਰੇ ਸਿਰ ਵਿੱਚ ਖੂਨ ਦੇ ਪ੍ਰਵਾਹ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੇ ਸਨ। ਥੋੜ੍ਹੀ ਦੇਰ ਵਿੱਚ ਮੈਨੂੰ ਹੋਸ਼ ਆਇਆ ਤਾਂ ਦੇਖਿਆ ਟੀਮ ਦੇ ਬਾਕੀ ਖਿਡਾਰੀ ਜਸ਼ਨ ਮਨਾ ਰਹੇ ਸਨ।''

ਇਸ ਵਰਲਡ ਕੱਪ ਵਿੱਚ ਵੇਲਜ਼ ਦੀ ਟੀਮ ਵਿੱਚ ਸ਼ਾਮਲ ਡਿਫੈਂਡਰ ਮੇਲ ਹਾਪਕਿੰਸ ਨੇ ਮੁਕਾਬਲੇ ਦੇ ਬਾਅਦ ਕਿਹਾ ਸੀ, ''ਗਰਿੰਚਾ ਪੇਲੇ ਦੀ ਤੁਲਨਾ ਵਿੱਚ ਕਿਧਰੇ ਜ਼ਿਆਦਾ ਖਤਰਨਾਕ ਸਨ। ਉਨ੍ਹਾਂ ਨੂੰ ਖੇਡਦੇ ਦੇਖਣਾ ਜਾਦੂ ਦੇਖਣ ਵਰਗਾ ਸੀ।''

ਇਨ੍ਹਾਂ ਦੋਵੇਂ ਖਿਡਾਰੀਆਂ ਦੇ ਆਪਸੀ ਤਾਲਮੇਲ ਵਿੱਚ ਅਜਿਹਾ ਜਾਦੂ ਸੀ ਕਿ ਦੋਵੇਂ ਜਿਸ ਵੀ ਮੁਕਾਬਲੇ ਵਿੱਚ ਇਕੱਠੇ ਖੇਡੇ, ਬ੍ਰਾਜ਼ੀਲ ਉਹ ਮੁਕਾਬਲਾ ਨਹੀਂ ਹਾਰਿਆ।

ਦੋਵੇਂ ਖਿਡਾਰੀਆਂ ਨੇ ਇਕੱਠੇ 40 ਮੈਚ ਖੇਡੇ ਜਿਸ ਵਿੱਚ ਬ੍ਰਾਜ਼ੀਲ 36 ਮੈਚ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਚਾਰ ਮੈਚ ਡਰਾਅ ਰਹੇ। ਟੀਮ ਨੇ ਕੋਈ ਮੁਕਾਬਲਾ ਨਹੀਂ ਗੁਆਇਆ।

ਕਹਿੰਦੇ ਹਨ ਕਿ ਇੱਕ ਜੀਨੀਅਸ ਹੀ ਦੂਜੇ ਜੀਨੀਅਸ ਦਾ ਸਨਮਾਨ ਕਰਨਾ ਜਾਣਦਾ ਹੈ। ਜੇਕਰ ਇਸ ਕਸੌਟੀ 'ਤੇ ਪਰਖੀਏ ਤਾਂ ਫੁੱਟਬਾਲ ਦੇ ਜਾਦੂਗਰ ਪੇਲੇ ਨੇ 1 ਅਗਸਤ 2018 ਨੂੰ ਆਪਣੇ ਫੇਸਬੁੱਕ ਅਕਾਉਂਟ 'ਤੇ ਲਿਖਿਆ ਸੀ-

''ਮੈਂ ਆਪਣੇ ਜੀਵਨ ਵਿੱਚ ਗਰਿੰਚਾ ਤੋਂ ਬਿਹਤਰ ਖਿਡਾਰੀ ਦੇ ਨਾਲ ਜਾਂ ਖਿਲਾਫ਼ ਨਹੀਂ ਖੇਡਿਆ। ਜਦੋਂ ਅਸੀਂ ਮੈਦਾਨ ਵਿੱਚ ਹੁੰਦੇ ਸੀ ਤਾਂ ਟੀਮ ਮੇਟਸ ਸੀ। ਪਿਚ ਦੇ ਬਾਹਰ ਅਸੀਂ ਭਰਾ ਸੀ।''

ਪੇਲੇ ਅਤੇ ਗਰਿੰਚਾ

ਤਸਵੀਰ ਸਰੋਤ, CURTSEY- PELE FACEBOOK POST

ਦਰਅਸਲ, ਸੱਚਾਈ ਇਹੀ ਸੀ ਕਿ 1958 ਦੇ ਬਾਅਦ ਬ੍ਰਾਜ਼ੀਲ ਵਿੱਚ ਗਰਿੰਚਾ ਅਤੇ ਪੇਲੇ ਦਾ ਜਲਵਾ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਸੀ।

ਬੀਬੀਸੀ ਦੇ ਚੈਨਲ ਫੋਰ ਨੇ ਗੌਡਜ਼ ਆਫ ਬ੍ਰਾਜ਼ੀਲ-ਪੇਲੇ ਐਂਡ ਗਰਿੰਚਾ ਨਾਂ ਦੀ 2002 ਵਿੱਚ ਇੱਕ ਡਾਕੂਮੈਂਟਰੀ ਬਣਾਈ। ਦੋ ਪਾਰਟ ਦੀ ਇਸ ਸੀਰੀਜ਼ ਨੂੰ ਦੇਖਣ ਨਾਲ ਅੰਦਾਜ਼ਾ ਹੁੰਦਾ ਹੈ ਕਿ ਪੇਲੇ ਅਤੇ ਗਰਿੰਚਾ ਨੂੰ ਲੈ ਕੇ ਆਮ ਲੋਕਾਂ ਵਿੱਚ ਕਿੰਨੀ ਦੀਵਾਨਗੀ ਸੀ।

ਇੱਕ ਬਿਹਤਰ ਮਾਹੌਲ ਤੁਹਾਨੂੰ ਕੀ ਕੁਝ ਦੇ ਸਕਦਾ ਹੈ ਅਤੇ ਕੀ ਕੁਝ ਖੋਹ ਸਕਦਾ ਹੈ, ਇਸ ਦੀ ਮਿਸਾਲ ਪੇਲੇ ਅਤੇ ਗਰਿੰਚਾ ਦੀ ਕਹਾਣੀ ਵੀ ਹੈ।

ਰੌਇ ਕੈਸਟਰੋ ਨੇ ਗਰਿੰਚਾ 'ਤੇ ਲਿਖੀ ਕਿਤਾਬ ਵਿੱਚ ਦੱਸਿਆ ਹੈ ਕਿ 1958 ਦੇ ਬਾਅਦ ਪੇਲੇ ਨੇ ਇੱਕ ਅਨੁਭਵੀ ਮੈਨੇਜਰ ਰੱਖਿਆ ਅਤੇ ਉਸ ਮੈਨੇਜਰ ਨੇ ਪੇਲੇ ਦੇ ਕਲੱਬ ਸੈਂਟੋਸ ਨਾਲ 500 ਡਾਲਰ ਪ੍ਰਤੀ ਮਹੀਨੇ ਦਾ ਇਕਰਾਰਨਾਮਾ ਕੀਤਾ ਸੀ। ਅਜਿਹਾ ਇਕਰਾਰਨਾਮਾ ਜਿਸ ਵਿੱਚ ਇਕਰਾਰਨਾਮੇ ਦੀ ਰਕਮ ਹਰ ਸਾਲ ਵਧਣੀ ਸੀ।

ਜਦੋਂ ਕਿ ਦੂਜੇ ਬੋਟੋਫੋਗੋ ਕਲੱਬ ਦੇ ਮੈਨੇਜਰ ਨੇ ਗਰਿੰਚਾ ਦੇ ਸਾਹਮਣੇ ਇਕਰਾਰਨਾਮੇ ਦੇ ਪੇਪਰ 'ਤੇ ਰਕਮ ਦੀ ਜਗ੍ਹਾ ਖਾਲੀ ਛੱਡ ਦਿੱਤੀ ਸੀ, ਪਰ ਗਰਿੰਚਾ ਕੋਲ ਕੋਈ ਅਜਿਹਾ ਮੈਨੇਜਰ ਨਹੀਂ ਸੀ ਜੋ ਉਨ੍ਹਾਂ ਨੂੰ ਸੰਭਾਲਦਾ।

ਲਿਹਾਜ਼ਾ ਗਰਿੰਚਾ ਨੇ ਖਾਲੀ ਜਗ੍ਹਾ 'ਤੇ ਹੀ ਸਾਈਨ ਕਰ ਦਿੱਤਾ ਅਤੇ ਅਗਲੇ ਤਿੰਨ ਸਾਲ ਤੱਕ ਕਲੱਬ ਨੇ ਉਨ੍ਹਾਂ ਨੂੰ 300 ਡਾਲਰ ਪ੍ਰਤੀ ਮਹੀਨੇ ਦੀ ਦਰ ਨਾਲ ਭੁਗਤਾਨ ਕੀਤਾ।

ਇਹ ਇੱਕ ਉਦਾਹਰਨ ਦੱਸਦਾ ਹੈ ਕਿ ਜਦੋਂ ਤੁਸੀਂ ਸਟਾਰਡਮ ਵੱਲ ਵਧਣ ਲੱਗਦੇ ਹੋ ਤਾਂ ਤੁਹਾਡੇ ਆਸ-ਪਾਸ ਦੇ ਲੋਕਾਂ ਦੀ ਭੂਮਿਕਾ ਕਿੰਨੀ ਅਹਿਮ ਹੋ ਜਾਂਦੀ ਹੈ।

ਦੂਜਾ ਉਦਾਹਰਨ ਹੈ ਕਿ ਪੇਲੇ ਜਿੱਥੇ ਆਪਣੇ ਕਲੱਬ ਕਰੀਅਰ ਨੂੰ ਲੈ ਕੇ ਗੰਭੀਰ ਹੁੰਦੇ ਗਏ, ਉੱਥੇ ਹੀ ਗਰਿੰਚਾ ਆਪਣੇ ਆਸ-ਪਾਸ ਦੇ ਲੋਕਾਂ ਦੀ ਦੁਨੀਆਂ ਵਿੱਚ ਗੁਆਚਦੇ ਚਲੇ ਗਏ।

ਬੀਬੀਸੀ ਚੈਨਲ ਫੋਰ ਦੀ ਡਾਕੂਮੈਂਟਰੀ ਵਿੱਚ ਇੱਕ ਜਗ੍ਹਾ ਉਹ ਕਹਿੰਦੇ ਹਨ, ''1958 ਤੋਂ ਬਾਅਦ ਮੈਂ ਕਾਫ਼ੀ ਹਰਮਨ ਪਿਆਰਾ ਹੋ ਗਿਆ ਸੀ। ਜਿੱਥੇ ਵੀ ਜਾਂਦਾ ਸੀ, ਉੱਥੇ ਮੈਨੂੰ ਜਾਨਣ ਵਾਲੇ ਮਿਲ ਰਹੇ ਸਨ। ਲੋਕ ਮੈਨੂੰ ਮਿਲਣ ਲਈ ਇੰਤਜ਼ਾਰ ਕਰਦੇ ਸਨ।''

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਆਪਣੇ ਦਮ 'ਤੇ ਦੁਆਇਆ 1962 ਦਾ ਵਰਲਡ ਕੱਪ

ਗਰੀਬੀ ਅਤੇ ਘਾਟਾਂ ਵਿੱਚ ਪਲੇ ਗਰਿੰਚਾ ਦੇ ਕਦਮ ਇੱਥੋਂ ਹੀ ਲੜਖੜਾਉਂਦੇ ਚਲੇ ਗਏ। ਉਨ੍ਹਾਂ ਨੇ ਖੁਦ ਨੂੰ ਸ਼ਰਾਬ ਦੇ ਨਸ਼ੇ ਵਿੱਚ ਡੁਬੋ ਲਿਆ। ਉਨ੍ਹਾਂ ਦਾ ਵਜ਼ਨ ਵਧਦਾ ਗਿਆ ਅਤੇ ਔਰਤਾਂ ਨਾਲ ਸੈਕਸ ਸਬੰਧਾਂ ਦੀਆਂ ਅੰਤਹੀਣ ਕਹਾਣੀਆਂ ਦਾ ਸਿਲਸਿਲਾ ਚੱਲ ਪਿਆ।

ਪਰ ਫੁੱਟਬਾਲ ਦੀ ਦੁਨੀਆਂ ਨੇ ਅਜੇ ਵੀ ਗਰਿੰਚਾ ਦਾ ਉਹ ਦੌਰ ਦੇਖਣਾ ਸੀ ਜਿਸ ਨੇ ਇਤਿਹਾਸ ਵਿੱਚ ਦਰਜ ਹੋਣਾ ਸੀ। ਚਾਰ ਸਾਲ ਬੀਤਣ ਵਿੱਚ ਵਕਤ ਨਹੀਂ ਲੱਗਿਆ ਅਤੇ 1962 ਦਾ ਵਰਲਡ ਕੱਪ ਸਾਹਮਣੇ ਆ ਗਿਆ।

ਚਿੱਲੀ ਵਿੱਚ ਹੋਣ ਵਾਲੇ ਇਸ ਵਰਲਡ ਕੱਪ ਲਈ ਕਿਸੇ ਤਰ੍ਹਾਂ ਗਰਿੰਚਾ ਇਸ ਟੀਮ ਵਿੱਚ ਜਗ੍ਹਾ ਪਾਉਣ ਵਿੱਚ ਕਾਮਯਾਬ ਹੋਏ ਸਨ।

ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਪੇਲੇ ਜ਼ਖ਼ਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ। ਉਦੋਂ ਟੀਮ ਦੀ ਜ਼ਿੰਮੇਵਾਰੀ ਗਰਿੰਚਾ 'ਤੇ ਆ ਗਈ ਸੀ।

ਉਸ ਵਕਤ ਚਿੱਲੀ ਫੁੱਟਬਾਲ ਕੋਚ ਐਸੋਸੀਏਸ਼ਨ ਦੇ ਚੇਅਰਮੈਨ ਅਲਬਰਟੋ ਕਾਸੋਰਲਾ ਨੇ ਕਿਹਾ ਸੀ, ''ਬ੍ਰਾਜ਼ੀਲ ਦੀਆਂ ਦੋ ਟੀਮਾਂ ਹਨ-ਇੱਕ ਟੀਮ ਜਿਸ ਵਿੱਚ ਪੇਲੇ ਹਨ ਅਤੇ ਦੂਜੀ ਟੀਮ ਜੋ ਪੇਲੇ ਦੇ ਬਿਨਾਂ ਹੈ। ਦੂਜੀ ਟੀਮ ਵਰਲਡ ਕੱਪ ਜਿੱਤਣ ਵਿੱਚ ਸਮਰੱਥ ਨਹੀਂ ਹੈ।''

ਕਾਸੋਰਲਾ ਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਸ਼ਬਦ ਵਾਪਸ ਨਿਗਲਣੇ ਪੈਣਗੇ। ਇਹ ਸੰਭਵ ਕਰ ਦਿਖਾਇਆ ਸੀ ਗਰਿੰਚਾ ਨੇ।

ਗਰਿੰਚਾ ਨੇ ਇੰਗਲੈਂਡ ਅਤੇ ਚਿੱਲੀ ਦੇ ਖਿਲਾਫ਼ ਦੋ ਅਹਿਮ ਮੈਚਾਂ ਵਿੱਚ ਚਾਰ ਗੋਲ ਕੀਤੇ। ਚਿੱਲੀ ਦੇ ਖਿਲਾਫ਼ ਸੈਮੀਫਾਈਨਲ ਮੁਕਾਬਲੇ ਵਿੱਚ ਬ੍ਰਾਜ਼ੀਲ 4-2 ਨਾਲ ਜਿੱਤਣ ਵਿੱਚ ਕਾਮਯਾਬ ਰਿਹਾ ਸੀ।

ਇਸ ਮੈਚ ਵਿੱਚ ਗਰਿੰਚਾ ਨੇ ਦੋ ਗੋਲ ਜ਼ਰੂਰ ਦਾਗੇ ਅਤੇ ਤੀਜਾ ਗੋਲ ਬਣਾਉਣ ਵਿੱਚ ਮਦਦ ਕੀਤੀ ਸੀ। ਗਰਿੰਚਾ ਦੇ ਦੋਵੇਂ ਗੋਲ ਅੱਜ ਵੀ ਬੇਮਿਸਾਲ ਮੰਨੇ ਜਾਂਦੇ ਹਨ।

ਪਹਿਲਾ ਗੋਲ ਉਨ੍ਹਾਂ ਨੇ ਬਹੁਤ ਤੇਜ਼ੀ ਨਾਲ ਖੱਬੇ ਪੈਰ ਨਾਲ 20 ਗਜ ਦੀ ਦੂਜੀ ਤੋਂ ਜ਼ੋਰਦਾਰ ਸ਼ਾਟ ਨਾਲ ਕੀਤਾ ਸੀ ਤਾਂ ਦੂਜਾ ਗੋਲ ਇੱਕ ਅਦਭੁੱਤ ਹੈਡਰ ਸੀ।

ਚਿੱਲੀ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਲਗਾਤਾਰ ਮਾਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਚੱਲਦੇ ਉਨ੍ਹਾਂ ਦਾ ਵਿਹਾਰ ਵੀ ਹਮਲਾਵਰ ਹੋਇਆ ਤਾਂ 83ਵੇਂ ਮਿੰਟ ਵਿੱਚ ਰੈਫਰੀ ਨੇ ਉਨ੍ਹਾਂ ਨੂੰ ਲਾਲ ਕਾਰਡ ਦਿਖਾਇਆ।

ਇਸ ਤੋਂ ਬਾਅਦ ਉਹ ਫਾਈਨਲ ਮੁਕਾਬਲੇ ਤੋਂ ਵੀ ਬਾਹਰ ਹੋ ਗਏ ਸਨ।

ਫ਼ੁੱਟਬਾਲ

ਤਸਵੀਰ ਸਰੋਤ, CENTRAL PRESS/GETTY IMAGES

ਬੇਮਿਸਾਲ ਪ੍ਰਤਿਭਾ ਦੇ ਖਿਡਾਰੀ

ਰੈਫਰੀ ਦੇ ਇਸ ਫੈਸਲੇ 'ਤੇ ਹੰਗਾਮਾ ਮਚ ਗਿਆ ਸੀ। ਬ੍ਰਾਜ਼ੀਲ ਨੇ ਵੀ ਫੀਫਾ ਦੇ ਡਿਸਿਪਲਨਰੀ ਕਮੇਟੀ ਵਿੱਚ ਇਸ ਫੈਸਲੇ 'ਤੇ ਇਤਰਾਜ਼ ਜਤਾਇਆ।

ਰੌਇ ਕੈਸਟਰੋ ਦੀ ਕਿਤਾਬ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਬ੍ਰਾਜ਼ੀਲ ਦੇ ਪ੍ਰਧਾਨ ਮੰਤਰੀ ਨੇ ਰਣਨੀਤਕ ਤੌਰ 'ਤੇ ਵੀ ਇਸ ਨੂੰ ਮੁੱਦਾ ਬਣਾਇਆ।

ਇਸ ਦੇ ਬਾਅਦ ਰੈਫ਼ਰੀ ਨੇ ਇਹ ਕਿਹਾ ਕਿ ਗਰਿੰਚਾ ਦੇ ਫਾਉਲ ਨੂੰ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਸੀ ਅਤੇ ਲਾਇੰਸਮੈਨ ਦੀ ਗੱਲ 'ਤੇ ਉਨ੍ਹਾਂ ਨੇ ਫੈਸਲਾ ਸੁਣਾਇਆ।

ਅਲੱਗ-ਅਲੱਗ ਲਤੀਨੀ ਅਮਰੀਕੀ ਦੇਸ਼ਾਂ ਦੇ ਪ੍ਰੀਮੀਅਰ ਨੇ ਵੀ ਫੀਫਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਲਾਇੰਸਮੈਨ ਨੂੰ ਰਾਤੋ-ਰਾਤ ਹਟਾ ਦਿੱਤਾ ਗਿਆ ਅਤੇ ਗਰਿੰਚਾ ਨੂੰ ਫਾਈਨਲ ਖੇਡਣ ਦਾ ਮੌਕਾ ਮਿਲਿਆ।

ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਗਰਿੰਚਾ ਚੈਕੋਸਲੋਵਾਕੀਆ ਦੇ ਖਿਲਾਫ਼ ਫਾਈਨਲ ਮੁਕਾਬਲੇ ਵਿੱਚ 102 ਡਿਗਰੀ ਬੁਖਾਰ ਦੇ ਬਾਅਦ ਖੇਡਣ ਲਈ ਉਤਰੇ ਸਨ, ਪਰ ਉਨ੍ਹਾਂ ਦੀ ਮੌਜੂਦਗੀ ਦਾ ਅਜਿਹਾ ਅਸਰ ਰਿਹਾ ਕਿ ਟੀਮ ਲਗਾਤਾਰ ਦੂਜੀ ਵਾਰ ਵਰਲਡ ਕੱਪ ਜਿੱਤਣ ਵਿੱਚ ਕਾਮਯਾਬ ਰਹੀ।

ਇੱਕ ਤਰ੍ਹਾਂ ਨਾਲ ਗਰਿੰਚਾ ਨੇ ਆਪਣੇ ਦਮ 'ਤੇ ਬ੍ਰਾਜ਼ੀਲ ਨੂੰ ਇਹ ਵਰਲਡ ਕੱਪ ਜਿਤਾਇਆ ਸੀ। ਅਜਿਹਾ ਕ੍ਰਿਸ਼ਮਾ ਫੁੱਟਬਾਲ ਪ੍ਰੇਮੀਆਂ ਨੂੰ 1986 ਵਿੱਚ ਜਾ ਕੇ ਦੁਬਾਰਾ ਦੇਖਣ ਨੂੰ ਮਿਲਿਆ ਜਦੋਂ ਮੈਰਾਡੋਨਾ ਨੇ ਅਰਜਨਟੀਨਾ ਨੂੰ ਵਰਲਡ ਕੱਪ ਵਿੱਚ ਜਿੱਤ ਦਿਵਾਈ ਸੀ।

ਗਰਿੰਚਾ ਦੀ ਖੇਡ 'ਤੇ ਉਰੂਗਵੇ ਦੇ ਮਸ਼ਹੂਰ ਖੇਡ ਪੱਤਰਕਾਰ ਇਡੁਆਰਡੋ ਗੈਲਿਨੋ ਨੇ ਲਿਖਿਆ ਹੈ, ''ਜਦੋਂ ਗਰਿੰਚਾ ਆਪਣੀ ਲੈਅ ਵਿੱਚ ਹੁੰਦੇ ਸਨ ਤਾਂ ਫੁੱਟਬਾਲ ਦਾ ਮੈਦਾਨ ਸਰਕਸ ਬਣ ਜਾਂਦਾ ਸੀ।''

''ਫੁੱਟਬਾਲ ਪਾਲਤੂ ਜਾਨਵਰ ਅਤੇ ਖੇਡ ਪਾਰਟੀ ਦੀ ਸ਼ੁਰੂਆਤ। ਗਰਿੰਚਾ ਜਾਨਵਰ ਅਤੇ ਖੇਡ ਜ਼ਰੀਏ ਅਜਿਹਾ ਜਾਦੂ ਰਚਦੇ ਕਿ ਦਰਸ਼ਕ ਬਸ ਦੇਖਦੇ ਹੀ ਰਹਿ ਜਾਂਦੇ ਸਨ।''

ਗਰਿੰਚਾ

ਤਸਵੀਰ ਸਰੋਤ, Getty Images

ਪਰ ਅਜਿਹੇ ਖਿਡਾਰੀ ਦਾ ਦੂਜਾ ਪਹਿਲੂ ਵੀ ਸੀ। ਉਹ ਸ਼ਰਾਬ ਦੇ ਨਸ਼ੇ ਵਿੱਚ ਸਵੇਰ ਤੋਂ ਹੀ ਡੁੱਬ ਜਾਂਦੇ ਸਨ। ਰੌਇ ਕੈਸਟਰੋ ਨੇ ਦੱਸਿਆ ਕਿ ਇੱਕ ਵਾਰ ਨਸ਼ੇ ਵਿੱਚ ਉਹ ਇੰਨੇ ਧੁੱਤ ਸਨ ਕਿ ਉਨ੍ਹਾਂ ਨੇ ਸੜਕ ਤੋਂ ਲੰਘਦੇ ਆਪਣੇ ਪਿਤਾ 'ਤੇ ਹੀ ਕਾਰ ਚੜ੍ਹਾ ਦਿੱਤੀ ਸੀ।

ਪਿਤਾ ਜ਼ਖ਼ਮੀ ਹੋਏ ਸਨ ਅਤੇ ਲੋਕਾਂ ਦੀ ਭੀੜ ਨੇ ਜਦੋਂ ਉਨ੍ਹਾਂ ਨੂੰ ਫੜਿਆ ਤਾਂ ਉਹ ਨਸ਼ੇ ਵਿੱਚ ਇੰਨੇ ਧੁੱਤ ਸਨ ਕਿ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਚੱਲ ਸਕਿਆ ਸੀ।

ਇੰਨਾਂ ਹੀ ਨਹੀਂ ਉਨ੍ਹਾਂ ਨੇ ਨਸ਼ੇ ਵਿੱਚ ਆਪਣੀ ਸੱਸ ਨੂੰ ਵੀ ਕੁਚਲ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਜੀਵਨ ਵਿੱਚ ਉਤਰਾਅ-ਚੜ੍ਹਾਅ

ਸ਼ਰਾਬ ਦੇ ਨਸ਼ੇ ਤੋਂ ਇਲਾਵਾ ਔਰਤਾਂ ਨਾਲ ਸੈਕਸ ਸਬੰਧਾਂ ਨੇ ਵੀ ਉਨ੍ਹਾਂ ਦੇ ਖੇਡ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਗਰਿੰਚਾ ਦੇ ਪੰਜ ਔਰਤਾਂ ਤੋਂ 14 ਬੱਚੇ ਸਨ ਅਤੇ ਇਹ ਉਹ ਰਿਸ਼ਤੇ ਸਨ ਜਿਨ੍ਹਾਂ ਨੂੰ ਗਰਿੰਚਾ ਨੇ ਦੁਨੀਆਂ ਦੇ ਸਾਹਮਣੇ ਸਵੀਕਾਰ ਕੀਤਾ ਸੀ।

ਵੈਸੇ ਗਰਿੰਚਾ ਨੇ ਦੋ ਵਿਆਹ ਕੀਤੇ ਸਨ, ਇੱਕ ਤਾਂ ਫੈਕਟਰੀ ਵਰਕਰ ਦੇ ਤੌਰ 'ਤੇ ਇੱਕ ਸਹਿਕਰਮੀ ਨਾਲ ਅਤੇ ਦੂਜਾ ਵਿਆਹ ਬ੍ਰਾਜ਼ੀਲ ਦੀ ਮਸ਼ਹੂਰ ਸਾਂਬਾ ਸਿੰਗਰ ਅਲੇਜਾ ਸੁਆਰੇਸ ਨਾਲ। ਦੋਵੇਂ ਵਿਆਹਾਂ ਵਿੱਚ ਗੱਲ ਤਲਾਕ ਤੱਕ ਵੀ ਪਹੁੰਚੀ ਸੀ।

ਸ਼ਰਾਬ ਦੀ ਲਤ ਅਤੇ ਵਿਆਹੁਤਾ ਸਬੰਧਾਂ ਦੇ ਤਣਾਅ ਨੇ ਗਰਿੰਚਾ ਦੇ ਜੀਵਨ 'ਤੇ ਅਜਿਹਾ ਅਸਰ ਪਾਇਆ ਕਿ ਉਹ 1966 ਦੇ ਵਰਡਲ ਕੱਪ ਵਿੱਚ ਆਪਣਾ ਕਮਾਲ ਨਹੀਂ ਦਿਖਾ ਪਾਏ।

ਉਨ੍ਹਾਂ ਦਾ ਲੱਚਰ ਖੇਡ ਵੀ ਇੱਕ ਵਜ੍ਹਾ ਰਿਹਾ ਕਿ ਬ੍ਰਾਜ਼ੀਲ ਲਗਾਤਾਰ ਤੀਜੀ ਵਾਰ ਵਰਲਡ ਕੱਪ ਜਿੱਤਣ ਦਾ ਕ੍ਰਿਸ਼ਮਾ ਨਹੀਂ ਦਿਖਾ ਸਕਿਆ ਸੀ।

ਹਾਲਾਂਕਿ, ਇਸ ਸਭ ਦੇ ਬਾਅਦ ਵੀ ਇੱਕ ਸਵਾਲ ਇਹ ਉੱਠਦਾ ਹੈ ਕਿ ਗਰਿੰਚਾ ਪੇਲੇ ਵਰਗੇ ਲੀਜੈਂਡ ਕਿਉਂ ਨਹੀਂ ਬਣ ਸਕੇ। ਰੌਇ ਕੈਸਟਰੋ ਨੇ ਇਸ ਦਾ ਜਵਾਬ ਤਲਾਸ਼ਿਆ ਹੈ।

ਗਰਿੰਚਾ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਦੱਸਿਆ ਕਿ ਗਰਿੰਚਾ ਨੇ ਕਦੇ ਬਿਜ਼ਨਸ ਕਾਰਨਾਂ ਨਾਲ ਹਵਾਈ ਯਾਤਰਾ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਟਾਈ-ਸੂਟ ਪਹਿਨਿਆ। ਨਾ ਹੀ ਉਹ ਸਿਆਸਤਦਾਨਾਂ ਨਾਲ ਮਿਲਦੇ ਸਨ ਅਤੇ ਨਾ ਹੀ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਨਾਲ।

ਗਰਿੰਚਾ ਜੀਵਨ ਭਰ ਬ੍ਰਾਜ਼ੀਲ ਜੀਵਨਸ਼ੈਲੀ ਦੇ ਪ੍ਰਤੀਕ ਰਹੇ। ਫੁੱਟਬਾਲ, ਸਾਂਬਾ ਸੰਗੀਤ, ਸ਼ਰਾਬ ਅਤੇ ਔਰਤਾਂ। ਇਸ ਤੋਂ ਜ਼ਿਆਦਾ ਉਨ੍ਹਾਂ ਨੇ ਕੁਝ ਹੋਰ ਚਾਹਿਆ ਵੀ ਨਹੀਂ।

ਪਰ ਉਨ੍ਹਾਂ ਦਾ ਜੀਵਨ ਆਮ ਸਟਾਰ ਵਰਗਾ ਨਹੀਂ ਰਿਹਾ। ਜੀਵਨ ਦੇ ਆਖਰੀ ਸਾਲਾਂ ਵਿੱਚ ਪੈਸਿਆਂ ਦੀ ਤੰਗੀ ਵੀ ਹੋਈ ਅਤੇ ਜਨਵਰੀ, 1883 ਵਿੱਚ ਸਿਰਫ਼ 49 ਸਾਲ ਦੀ ਉਮਰ ਵਿੱਚ ਲਿਵਰ ਸਿਰੋਸਿਸ ਦੀ ਬਿਮਾਰੀ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਗਰਿੰਚਾ ਦੀ ਮੌਤ ਰੀਓ ਦੇ ਇੱਕ ਹਸਪਤਾਲ ਵਿੱਚ ਹੋਈ ਸੀ, ਪਰ ਉਨ੍ਹਾਂ ਦੀ ਆਖਰੀ ਇੱਛਾ ਆਪਣੇ ਜੱਦੀ ਇਲਾਕੇ ਵਿੱਚ ਅੰਤਿਮ ਸੰਸਕਾਰ ਦੀ ਸੀ।

ਰੀਓ ਦੇ ਮਰਕਾਨਾ ਸਟੇਡੀਅਮ ਤੋਂ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਾਉ ਗ੍ਰੇਨੇਡ ਲਈ ਰਵਾਨਾ ਹੋਈ ਤਾਂ ਬ੍ਰਾਜ਼ੀਲ ਦੀ ਜਨਤਾ ਸੜਕਾਂ 'ਤੇ ਉਤਰ ਆਈ ਸੀ।

ਰੌਇ ਕੈਸਟਰੋ ਨੇ ਲਿਖਿਆ ਹੈ ਕਿ 65 ਕਿਲੋਮੀਟਰ ਦੇ ਉਸ ਸਫ਼ਰ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਸਿਤਾਰੇ ਨੂੰ ਅਲਵਿਦਾ ਕਿਹਾ।

ਮ੍ਰਿਤਕ ਦੇਹ ਜਦੋਂ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਉੱਥੇ ਚਰਚ ਵਿੱਚ 500 ਲੋਕਾਂ ਦੇ ਬੈਠਣ ਦੀ ਵਿਵਸਥਾ ਸੀ, ਜਿਸ ਵਿੱਚ ਤਿੰਨ ਹਜ਼ਾਰ ਲੋਕ ਖੜ੍ਹੇ ਸਨ।

ਇੰਨੀ ਭੀੜ ਦੇਖ ਕੇ ਪਾਦਰੀ ਨੇ ਅੰਤਿਮ ਪ੍ਰਾਰਥਨਾ ਵੀ ਮਿੰਟਾਂ ਵਿੱਚ ਪੂਰੀ ਕੀਤੀ ਅਤੇ ਜਦੋਂ ਗਰਿੰਚਾ ਨੂੰ ਦਫ਼ਨਾਉਣ ਲਈ ਕਬਰਸਤਾਨ ਲਿਆਂਦਾ ਗਿਆ ਤਾਂ ਉੱਥੇ ਅੱਠ ਹਜ਼ਾਰ ਲੋਕਾਂ ਦੀ ਭੀੜ ਪਹਿਲਾਂ ਤੋਂ ਮੌਜੂਦ ਸੀ।

ਭੀੜ ਇੰਨੀ ਜ਼ਿਆਦਾ ਸੀ ਕਿ ਗਰਿੰਚਾ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੀ ਆਖਰੀ ਝਲਕ ਨਹੀਂ ਦੇਖ ਸਕੇ।

ਗਰਿੰਚਾ ਜਿਸ ਤਰ੍ਹਾਂ ਫੁੱਟਬਾਲ ਖੇਡਦੇ ਸਨ, ਉਨ੍ਹਾਂ ਦੀ ਵਿਦਾਈ ਵੀ ਉਸੇ ਤਰ੍ਹਾਂ ਦੀ ਹੋਈ ਸੀ। ਰੰਗਾਰੰਗ, ਅਰਾਜਕਤਾ ਭਰੇ ਨਾਟਕੀਪਣ ਨਾਲ ਭਰਪੂਰ ਅਤੇ ਮਨੋਰੰਜਨ ਨਾਲ ਭਰਪੂਰ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)