ਯੂਕਰੇਨ: ‘ਡਰਟੀ ਬੰਬ’ ਕੀ ਹੈ, ਜਿਸ ਦੀ ਵਰਤੋਂ ਦਾ ਡਰ ਰੂਸ ਨੂੰ ਸਤਾ ਰਿਹਾ ਹੈ, ਕੀ ਇਸ ਦੀ ਪਹਿਲਾਂ ਕਦੇ ਵਰਤੋਂ ਹੋਈ ਹੈ?

ਡਰਟੀ ਬੰਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜਿਹਾ ਬੰਬ ਜੋ ਰਵਾਇਤੀ ਬਰੂਦ ਦੀ ਵਰਤੋਂ ਕਰਦਾ ਹੈ ਪਰ ਨਾਲ ਹੀ ਇਸ ਵਿੱਚ ਰੇਡੀਓ ਐਕਟਿਵ ਸਮੱਗਰੀ ਵੀ ਮੌਜੂਦ ਹੁੰਦੀ ਹੈ

ਰੂਸ ਦੇ ਰੱਖਿਆ ਮੰਤਰੀ ਸਰਜ਼ੇ ਸ਼ੌਏਗੋ ਨੇ ਇੱਕ ਅਧਾਰਹੀਣ ਦਾਅਵਾ ਕਰਦਿਆਂ ਕਿਹਾ ਹੈ ਕਿ ਕੀਵ ਡਰਟੀ ਬੰਬ ਦੀ ਵਰਤੋਂ ਕਰ ਸਕਦਾ ਹੈ-ਅਜਿਹਾ ਬੰਬ ਜੋ ਰਵਾਇਤੀ ਬਰੂਦ ਦੀ ਵਰਤੋਂ ਕਰਦਾ ਹੈ ਪਰ ਨਾਲ ਹੀ ਇਸ ਵਿੱਚ ਰੇਡੀਓ ਐਕਟਿਵ ਸਮੱਗਰੀ ਵੀ ਮੌਜੂਦ ਹੁੰਦੀ ਹੈ।

ਉਹਨਾਂ ਦੇ ਇਸ ਦਾਅਵੇ ਨੂੰ ਯੂਕਰੇਨ ਸਰਕਾਰ ਸਮੇਤ ਫ਼ਰਾਂਸ, ਯੂਕੇ ਤੇ ਅਮਰੀਕਾ ਨੇ ਵੀ ਖਾਰਜ ਕੀਤਾ ਹੈ।

ਰੂਸ ਨੇ ਕੀ ਕਿਹਾ?

ਸ਼ੌਏਗੋ ਨੇ ਯੂਕੇ ਦੇ ਰੱਖਿਆ ਸਕੱਤਰ ਬੈਨ ਵਾਲੈਸ ਨੂੰ ਖ਼ਦਸ਼ਾ ਜ਼ਾਹਰ ਕੀਤਾ ਕਿ ਉਹ ਕੀਵ ਵਲੋਂ ਡਰਟੀ ਬੰਬ ਦੀ ਵਰਤੋਂ ਦੇ ਇਸਤੇਮਾਲ ਦੀ ਸੰਭਾਵਨਾ ਤੋਂ ਫ਼ਿਕਰਮੰਦ ਹਨ।

ਉਹਨਾਂ ਅਮਰੀਕਾ, ਫ਼ਰਾਂਸ ਤੇ ਤੁਰਕੀ ਦੇ ਰੱਖਿਆ ਮੰਤਰੀਆਂ ਕੋਲ ਵੀ ਅਜਿਹੀਆ ਟਿੱਪਣੀਆਂ ਕੀਤੀਆਂ।

ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਬਿਨਾਂ ਸਬੂਤਾਂ ਦੇ ਡਰ ਪੈਦਾ ਕੀਤਾ ਹੈ ਕਿ ਯੂਕਰੇਨ ਇੱਕ ਗੰਦੇ ਬੰਬ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਬਿਨਾਂ ਸਬੂਤਾਂ ਦੇ ਡਰ ਪੈਦਾ ਕੀਤਾ ਹੈ ਕਿ ਯੂਕਰੇਨ ਇੱਕ ਗੰਦੇ ਬੰਬ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ

ਇੱਕ ਸਾਂਝੇ ਜਵਾਬ ਵਿੱਚ ਫ਼ਰਾਂਸ, ਯੂਕੇ ਤੇ ਅਮਰੀਕਾ ਸਰਕਾਰਾਂ ਨੇ ਰੂਸ ਵਲੋਂ ਸਾਫ਼ ਤੌਰ 'ਤੇ ਲਗਾਏ ਗਏ ਝੂਠੇ ਇਲਜ਼ਾਮ ਕਿ ਯੂਕਰੇਨ ਆਪਣੇ ਖੇਤਰ ਵਿੱਚ ਡਰਟੀ ਬੰਬ ਦੀ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਹੈ, ਨੂੰ ਰੱਦ ਕਰ ਦਿੱਤਾ ਹੈ।

ਯੂਕਰੇਨ ਦੇ ਰਾਸ਼ਟਰਪਤੀ, ਵੋਲੋਦੀਮੀਰ ਜ਼ੇਲੇਨਸਕੀ ਨੇ ਇੰਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਰੂਸ 'ਤੇ ਦੋਸ਼ ਲਗਾਇਆ ਕਿ "ਇਸ ਜੰਗ ਵਿੱਚ ਜਿਸ ਵੀ ਗ਼ਲਤ ਕੰਮ ਦੀ ਕਲਪਨਾ ਕੀਤੀ ਜਾ ਸਕਦੀ ਹੈ, ਉਸਦਾ ਸਰੋਤ ਰੂਸ ਹੀ ਸੀ।

ਬੀਬੀਸੀ
  • ਸ਼ੌਏਗੋ ਨੇ ਯੂਕੇ ਦੇ ਰੱਖਿਆ ਸਕੱਤਰ ਬੈਨ ਵਾਲੈਸ ਨੂੰ ਖ਼ਦਸ਼ਾ ਜ਼ਾਹਰ ਕੀਤਾ ਕਿ ਉਹ ਕੀਵ ਵਲੋਂ ਡਰਟੀ ਬੰਬ ਦੀ ਵਰਤੋਂ ਦੇ ਇਸਤੇਮਾਲ ਦੀ ਸੰਭਾਵਨਾ ਤੋਂ ਫ਼ਿਕਰਮੰਦ ਹਨ।
  • ਇਸ ਦਾਅਵੇ ਨੂੰ ਯੂਕਰੇਨ ਸਰਕਾਰ ਸਮੇਤ ਫ਼ਰਾਂਸ, ਯੂਕੇ ਤੇ ਅਮਰੀਕਾ ਨੇ ਵੀ ਖਾਰਜ ਕੀਤਾ ਹੈ।
  • ਡਰਟੀ ਬੰਬ ਨੂੰ ਰੇਡੀਓਲੋਜੀਕਲ ਡਿਸਪਰਸ਼ਨ ਡਿਵਾਈਸ ਵੀ ਕਿਹਾ ਜਾਂਦਾ ਹੈ।
  • ਇੱਕ ਬੰਬ, ਜਿਸ ਵਿੱਚ ਰੇਡੀਓਐਕਟਿਵ ਸਮੱਗਰੀ ਜਿਵੇਂ ਕਿ ਯੂਰੇਨੀਅਮ ਹੁੰਦਾ ਹੈ, ਜੋ ਕਿ ਜਦੋਂ ਧਮਾਕਾ ਹੁੰਦਾ ਹੈ, ਹਵਾ ਵਿੱਚ ਫ਼ੈਲ ਜਾਂਦਾ ਹੈ।
  • ਇਸ ਤਰੀਕੇ ਨਾਲ ਇੰਨਾਂ ਨੂੰ ਬਣਾਉਣਾ ਪ੍ਰਮਾਣੂ ਹਥਿਆਰਾਂ ਮੁਕਾਬਲੇ ਸਸਤਾ ਹੈ ਤੇ ਇਹ ਬਣ ਵੀ ਘੱਟ ਸਮੇਂ ਵਿੱਚ ਜਾਂਦੇ ਹਨ।
  • ਹਾਲਾਂਕਿ, ਇਹ ਬੰਬ ਹਥਿਆਰਾਂ ਵਜੋਂ ਬਹੁਤੇ ਭਰੋਸੇਯੋਗ ਨਹੀਂ ਹਨ।
ਬੀਬੀਸੀ

ਡਰਟੀ ਬੰਬ ਹੈ ਕੀ?

ਡਰਟੀ ਬੰਬ, ਜਿਸਨੂੰ ਰੇਡੀਓਲੋਜੀਕਲ ਡਿਸਪਰਸ਼ਨ ਡਿਵਾਈਸ ਵੀ ਕਿਹਾ ਜਾਂਦਾ ਹੈ , ਇੱਕ ਬੰਬ ਹੈ। ਜਿਸ ਵਿੱਚ ਰੇਡੀਓਐਕਟਿਵ ਸਮੱਗਰੀ ਜਿਵੇਂ ਕਿ ਯੂਰੇਨੀਅਮ ਹੁੰਦਾ ਹੈ, ਜੋ ਕਿ ਜਦੋਂ ਧਮਾਕਾ ਹੁੰਦਾ ਹੈ, ਹਵਾ ਵਿੱਚ ਫ਼ੈਲ ਜਾਂਦਾ ਹੈ।

ਇੰਨ੍ਹਾਂ ਬੰਬਾਂ ਵਿੱਚ ਪਰਮਾਣੂ ਬੰਬ ਵਿੱਚ ਵਰਤੀ ਜਾਣ ਵਾਲੀ ਉੱਚ ਪੱਧਰੀ ਰੇਡੀਓਐਕਟਿਵ ਸਮੱਗਰੀ ਦੀ ਲੋੜ ਨਹੀਂ ਹੁੰਦੀ।

ਇਸ ਦੀ ਬਜਾਏ, ਇੰਨ੍ਹਾਂ 'ਚ ਹਸਪਤਾਲਾਂ, ਪਰਮਾਣੂ ਪਾਵਰ ਸਟੇਸ਼ਨਾਂ ਜਾਂ ਖੋਜ ਪ੍ਰਯੋਗਸ਼ਾਲਾਵਾਂ ਤੋਂ ਮਿਲਣ ਵਾਲੀ ਰੇਡੀਓ ਐਕਟਿਵ ਸਮੱਗਰੀ ਦੀ ਵਰਤੋਂ ਕਰ ਸਕਦੇ ਹਨ।

ਇਸ ਤਰੀਕੇ ਨਾਲ ਇੰਨ੍ਹਾਂ ਨੂੰ ਬਣਾਉਣਾ ਪ੍ਰਮਾਣੂ ਹਥਿਆਰਾਂ ਮੁਕਾਬਲੇ ਸਸਤਾ ਹੈ ਤੇ ਇਹ ਬਣ ਵੀ ਘੱਟ ਸਮੇਂ ਵਿੱਚ ਜਾਂਦੇ ਹਨ।

ਕਿਉਂਜੋ ਰੇਡੀਓ ਐਕਟਿਵ ਤਰੰਗਾਂ ਦਾ ਫ਼ੈਲਾਅ ਗੰਭੀਰ ਬੀਮਾਰੀਆਂ ਜਿਵੇਂ ਕਿ ਕੈਂਸਰ ਦਾ ਕਾਰਨ ਬਣਦਾ ਹੈ, ਇਸ ਲਈ ਨਿਸ਼ਾਨਾ ਬਣਾਈ ਗਈ ਆਬਾਦੀ ਵਿੱਚ ਅਜਿਹੇ ਬੰਬ ਹੋਣ ਦਾ ਖ਼ਦਸ਼ਾ ਵੀ ਦਹਿਸ਼ਤ ਪੈਦਾ ਕਰਦਾ ਹੈ।

ਜੇ ਧਮਾਕਾ ਹੋ ਜਾਵੇ ਤਾਂ ਉਸ ਇਲਾਕੇ ਦੇ ਵੱਡੇ ਹਿੱਸੇ ਨੂੰ ਖ਼ਾਲੀ ਕਰਵਾਉਣਾ ਪਵੇਗਾ ਜਾਂ ਫ਼ਿਰ ਪੂਰੀ ਤਰ੍ਹਾਂ ਛੱਡਣਾ ਪਵੇਗਾ।

ਵੀਡੀਓ ਕੈਪਸ਼ਨ, ਰੂਸ - ਯੂਕਰੇਨ ਜੰਗ : ਦੁਨੀਆਂ ਦੇ ਹਥਿਆਰਾਂ ਦੇ ਬਜ਼ਾਰ ਨੂੰ ਸਮਝੋ, ਸਭ ਤੋਂ ਵੱਡਾ ਖਿਡਾਰੀ ਕੌਣ?

ਫ਼ੈਡਰੇਸ਼ਨ ਆਫ਼ ਅਮੈਰੀਕਨ ਸਾਇੰਟਿਸਟਸ ਨੇ ਗਣਨਾ ਕੀਤੀ ਕਿ ਜੇ ਇੱਕ ਬੰਬ ਜਿਸ ਵਿੱਚ 9 ਗ੍ਰਾਮ ਕੋਬਾਲਟ-60 ਅਤੇ 5 ਕਿਲੋਗ੍ਰਾਮ ਟੀਐਨਟੀ ਸ਼ਾਮਲ ਹੋਵੇ ਤੇ ਉਸਦਾ ਨਿਊਯਾਰਕ ਦੇ ਮੈਨਹਟਨ ਦੀ ਸਿਰਖ਼ ਤੇ ਵਿਸਫ਼ੋਟ ਹੋਵੇ ਤਾਂ ਇਹ ਪੂਰੇ ਇਲਾਕੇ ਨੂੰ ਦਹਾਕਿਆਂ ਤੱਕ ਨਾਰਹਿਣਯੋਗ ਬਣਾ ਦੇਵੇਗਾ।

ਇਸੇ ਕਰਕੇ, "ਡਰਟੀ ਬੰਬ" ਨੂੰ "ਜਨ-ਵਿਘਨ ਹਥਿਆਰ" ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਇਹ ਬੰਬ ਹਥਿਆਰਾਂ ਵਜੋਂ ਬਹੁਤੇ ਭਰੋਸੇਯੋਗ ਨਹੀਂ ਹਨ।

ਇੱਕ ਡਰਟੀ ਬੰਬ ਵਿੱਚ ਰੇਡੀਓਐਕਟਿਵ ਸਮੱਗਰੀ ਨੂੰ ਇਸਦੇ ਨਿਸ਼ਾਨੇ ਵਾਲੇ ਖੇਤਰ ਵਿੱਚ ਖਿੰਡਾਉਣ ਲਈ, ਇਸਨੂੰ ਪਾਊਡਰ ਦੇ ਰੂਪ ਵਿੱਚ ਲਿਆਉਣਾ ਪੈਂਦਾ ਹੈ।

ਪਰ ਜੇ ਕਣ ਬਹੁਤ ਜ਼ਿਆਦਾ ਮਹੀਨ ਹੋਣ ਜਾਂ ਤੇਜ਼ ਹਵਾਵਾਂ ਵਿੱਚ ਛੱਡੇ ਜਾਣ, ਤਾਂ ਉਹ ਬਹੁਤ ਜ਼ਿਆਦਾ ਫ਼ੈਲ ਜਾਣਗੇ ਤੇ ਕਿਤੇ ਵੱਧ ਨੁਕਸਾਨ ਕਰਨਯੋਗ ਹੋਣਗੇ।

ਬੀਬੀਸੀ
ਬੀਬੀਸੀ

ਰੂਸ ਨੇ 'ਡਰਟੀ ਬੰਬ' ਦੇ ਦਾਅਵੇ ਕਿਉਂ ਕੀਤੇ?

ਅਮਰੀਕਾ ਸਥਿਤ ਇੰਸਟੀਚਿਊਟ ਫ਼ਾਰ ਦਾ ਸਟੱਡੀ ਆਫ਼ ਵਾਰ (ISW) ਨੇ ਕਿਹਾ ਹੈ ਕਿ ਰੂਸ ਦੇ ਰੱਖਿਆ ਮੰਤਰੀ ਨੇ "ਸੰਭਾਵਤ ਤੌਰ 'ਤੇ ਯੂਕਰੇਨ ਨੂੰ ਪ੍ਰਾਪਤ ਪੱਛਮੀ ਫ਼ੌਜੀ ਸਹਾਇਤਾ ਨੂੰ ਘੱਟ ਕਰਨ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸੰਭਾਵਿਤ ਤੌਰ 'ਤੇ ਅਜਿਹੀਆਂ ਗੱਲਾਂ ਕਰਕੇ ਨਾਟੋ ਗਠਜੋੜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ"।

ਇਹ ਵੀ ਕਿਆਸਰਾਈਆਂ ਲਗਾਈਆਂ ਗਈਆਂ ਕਿ ਰੂਸ ਖ਼ੁਦ ਯੂਕਰੇਨ ਵਿੱਚ ਇੱਕ ਡਰਟੀ ਬੰਬ ਵਿਸਫ਼ੋਟ ਕਰਨ ਦੀ ਯੋਜਨਾ ਬਣਾ ਰਿਹਾ ਹੈ, ਅਤੇ ਇਸ ਲਈ ਯੂਕਰੇਨੀ ਦਸਤਿਆਂ ਨੂੰ ਦੋਸ਼ੀ ਠਹਿਰਾਉਣ ਦੀ ਯੋਜਨਾ ਅਧੀਨ ਰੂਸ ਨੇ ਇਹ ਝੂਠ ਫ਼ੈਲਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਬਹੁਤ ਸਾਰੇ ਫੌਜੀ ਵਿਸ਼ਲੇਸ਼ਕ ਮੰਨਦੇ ਹਨ ਕਿ ਰੂਸ ਇੰਨਾ ਮੂਰਖ ਨਹੀਂ ਹੋਵੇਗਾ, ਕਿਉਂਜੋ ਡਰਟੀ ਬੰਬ ਉਸ ਦੀਆਂ ਆਪਣੀਆਂ ਫ਼ੌਜਾਂ ਅਤੇ ਇਸਦੇ ਨਿਯੰਤਰਣ ਅਧੀਨ ਖੇਤਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਮਾਸਕ ਪਾਈ ਬੰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਆਈਐੱਸਡਬਲਿਯੂ ਨੇ ਕਿਹਾ ਹੈ, "ਕ੍ਰੇਮਲਿਨ ਵਲੋਂ ਵੀ ਡਰਟੀ ਬੰਬ ਹਮਲੇ ਦੀ ਤਿਆਰੀ ਕਰਨ ਦੀ ਸੰਭਾਵਨਾ ਨਾਮਾਤਰ ਹੈ।"

ਕੀ ਡਰਟੀ ਬੰਬ ਦੀ ਵਰਤੋਂ ਕਦੀ ਪਹਿਲਾਂ ਹੋਈ ਹੈ?

ਹਾਲੇ ਤੱਕ ਡਰਟੀ ਬੰਬ ਦਾ ਦੁਨੀਆਂ ਭਰ 'ਚ ਕਿਤੇ ਵੀ ਕਾਮਯਾਬੀ ਨਾਲ ਇਸਤੇਮਾਲ ਨਹੀਂ ਹੋਇਆ। ਹਾਲਾਂਕਿ ਇਸ ਦੀ ਕੋਸ਼ਿਸ਼ ਹੋਈ।

1996 ਵਿੱਚ, ਚੇਚਨੀਆ ਦੇ ਬਾਗ਼ੀਆਂ ਨੇ ਮਾਸਕੋ ਦੇ ਇਜ਼ਮੈਲੋਵੋ ਪਾਰਕ ਵਿੱਚ ਇੱਕ ਬੰਬ ਲਗਾਇਆ, ਜਿਸ ਵਿੱਚ ਡਾਇਨਾਮਾਈਟ ਅਤੇ ਸੀਜ਼ੀਅਮ-137 ਮੌਜੂਦ ਸਨ।

ਇਹ ਸੀਜ਼ੀਅਮ ਕੈਂਸਰ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਨਾਂ ਵਿੱਚੋਂ ਹੀ ਕੱਢਿਆ ਗਿਆ ਸੀ।

ਸੁਰੱਖਿਆ ਸੇਵਾਵਾਂ ਨੇ ਇਸ ਦੇ ਟਿਕਾਣੇ ਦਾ ਪਤਾ ਲਗਾਇਆ ਅਤੇ ਇਸ ਨੂੰ ਨਾਕਾਮ ਕਰ ਦਿੱਤਾ ਗਿਆ।

1998 ਵਿੱਚ, ਚੇਚਨੀਆ ਦੀ ਖ਼ੁਫੀਆ ਸਰਵਿਸ ਨੇ ਚੇਚਨੀਆ ਵਿੱਚ ਇੱਕ ਰੇਲਵੇ ਲਾਈਨ ਦੇ ਨੇੜੇ ਰੱਖਿਆ ਗਿਆ ਇੱਕ ਡਰਟੀ ਬੰਬ ਲੱਭਿਆ ਅਤੇ ਨਕਾਰਾ ਕਰ ਦਿੱਤਾ ਸੀ।

ਅਲ-ਕਾਇਦਾ ਦੇ ਮੈਂਬਰ ਧੀਰੇਨ ਬਾਰੋਟ ਨੂੰ ਡਰਟੀ ਬੰਬ ਬਣਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 30 ਸਾਲ ਦੀ ਕੈਦ ੋਹਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲ-ਕਾਇਦਾ ਦੇ ਮੈਂਬਰ ਧੀਰੇਨ ਬਾਰੋਟ ਨੂੰ ਡਰਟੀ ਬੰਬ ਬਣਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 30 ਸਾਲ ਦੀ ਕੈਦ ਹੋਈ

2002 ਵਿੱਚ, ਅਲ-ਕਾਇਦਾ ਨਾਲ ਸੰਪਰਕ ਰੱਖਣ ਵਾਲੇ ਇੱਕ ਅਮਰੀਕੀ ਨਾਗਰਿਕ ਜੋਸ ਪੈਡੀਲਾ ਨੂੰ ਇੱਕ ਡਰਟੀ ਬੰਬ ਹਮਲੇ ਦੀ ਯੋਜਨਾ ਬਣਾਉਣ ਦੇ ਸ਼ੱਕ ਵਿੱਚ ਸ਼ਿਕਾਗੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 21 ਸਾਲ ਦੀ ਸਜ਼ਾ ਸੁਣਾਈ ਗਈ ਸੀ।

2004 'ਚ, ਇੱਕ ਬ੍ਰਿਟਿਸ਼ ਨਾਗਰਿਕ ਅਤੇ ਅਲ-ਕਾਇਦਾ ਮੈਂਬਰ, ਧੀਰੇਨ ਬਾਰੋਟ, ਨੂੰ ਅਮਰੀਕਾ ਅਤੇ ਯੂਕੇ ਵਿੱਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਲਈ ਲੰਡਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਿਸ ਵਿੱਚ ਇੱਕ ਡਰਟੀ ਬੰਬ ਦੀ ਵਰਤੋਂ ਵੀ ਹੋ ਸਕਦੀ ਸੀ। ਉਸ ਨੂੰ 2006 ਵਿੱਚ 30 ਸਾਲ ਦੀ ਜੇਲ੍ਹ ਹੋਈ ਸੀ।

ਹਾਲਾਂਕਿ, ਪਡਿਲਾ ਤੇ ਬਾਰੋਟ ਨੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਤੱਕ ਬੰਬਾਂ ਨੂੰ ਬਣਾਉਣਾ ਸ਼ੁਰੂ ਨਹੀਂ ਸੀ ਕੀਤਾ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)