ਯੂਕੇ ਦੀ ਸਿਆਸਤ ’ਚ ਬੋਰਿਸ ਜੌਨਸਨ ਦੀ ਹੋਵੇਗੀ ਵਾਪਸੀ ਜਾਂ ਰਿਸ਼ੀ ਸੁਨਕ ਜਿੱਤਣਗੇ ਇਸ ਵਾਰ ਦੀ ਬਾਜ਼ੀ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਘੋਸ਼ਨਾ ਕਰ ਦਿੱਤੀ ਹੈ। ਹੁਣ ਅਗਲਾ ਕੰਜ਼ਰਵੇਟਿਵ ਨੇਤਾ ਅਤੇ ਪ੍ਰਧਾਨ ਮੰਤਰੀ ਕੌਣ ਬਣੇਗਾ ਇਸ ਦਾ ਫੈਸਲਾ ਕਰਨ ਲਈ ਇੱਕ ਹੋਰ ਲੀਡਰਸ਼ਿਪ ਚੋਣ ਹੋਵੇਗੀ।

ਲਿਜ਼ ਟ੍ਰਸ ਦੀ ਥਾਂ ਲੈਣ ਲਈ ਮੁਕਾਬਲਾ ਅਗਲੇ ਹਫ਼ਤੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਨਵੇਂ ਉਮੀਦਵਾਰਾਂ ਨੂੰ ਇਸ ਚੋਣ ਵਿੱਚ ਹਿੱਸਾ ਲੈਣ ਲਈ ਘੱਟੋ-ਘੱਟ 100 ਸੰਸਦ ਮੈਂਬਰਾਂ ਤੋਂ ਨਾਮਜ਼ਦਗੀਆਂ ਦੀ ਲੋੜ ਹੋਵੇਗੀ। ਇਸ ਦਾ ਅਰਥ ਹੈ ਕਿ ਇਹਨਾਂ ਵਿੱਚੋਂ ਤਿੰਨ ਤੋਂ ਵੱਧ ਨਹੀਂ ਖੜ੍ਹੇ ਹੋ ਸਕਣਗੇ ਕਿਉਂਕਿ ਕੁਲ 357 ਟੋਰੀ ਸੰਸਦ ਮੈਂਬਰ ਹਨ।

ਅਸਲ ਵਿੱਚ ਦੋ ਉਮੀਦਵਾਰ ਹੋਣ ਦੀ ਸੰਭਾਵਨਾ ਹੈ ਜਾਂ ਇੱਕ ਵੀ ਹੋ ਸਕਦਾ ਹੈ ਜੋ ਪਾਰਟੀ ਦੇ ਮੈਂਬਰਾਂ ਵੱਲੋਂ ਵੋਟ ਤੋਂ ਬਿਨਾਂ ਨੇਤਾ ਬਣ ਜਾਵੇਗਾ।

ਹਾਲੇ ਤੱਕ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਖੜ੍ਹੇ ਹੋਣਗੇ ਪਰ ਇੱਥੇ ਕੁਝ ਸੰਭਾਵੀ ਉਮੀਦਵਾਰ ਹਨ।

  • ਲਿਜ਼ ਟ੍ਰਸ ਨੇ 20 ਅਕਤੂਬਰ ਨੂੰ ਬ੍ਰਿਟੇਨ ਦੇ ਪੀਐਮ ਅਹੁਦੇ ਤੋਂ ਅਸਤੀਫ਼ਾ ਦਿੱਤਾ।
  • ਲਿਜ਼ ਟ੍ਰਸ ਯੂਕੇ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਲਈ ਬਣੀ ਪੀਐੱਮ, ਕਾਰਜਕਾਲ ਦਾ ਕੁਲ ਸਮਾਂ ਸਿਰਫ਼ 45 ਦਿਨ।
  • ਲਿਜ਼ ਟ੍ਰਸ ਲਈ ਪਰੇਸ਼ਾਨੀ 23 ਸਤੰਬਰ ਨੂੰ ਮਿੰਨੀ-ਬਜਟ ਸਮੇਂ ਸ਼ੁਰੂ ਹੋਈ, ਇਸ ਵਕਤ ਵਿੱਤੀ ਬਜ਼ਾਰ ਹਿੱਲ ਗਿਆ ਸੀ।
  • ਕੰਜ਼ਰਵੇਟਿਵ ਆਗੂਆਂ ਵਿਚਾਲੇ ਵਿਰੋਧ ਦੀ ਲਹਿਰ ਪੈਦਾ ਹੋ ਗਈ ਸੀ।
  • ਪੀਐਮ ਅਹੁਦੇ ਦੀ ਦੋੜ 'ਚ ਵਿੱਚ ਇਸ ਵਾਰ ਵੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਸ਼ਾਮਿਲ ਹਨ।
  • ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਪੈਨੀ ਮੋਰਡੌਂਟ, ਬੈਨ ਵੈਲੇਸ ਅਤੇ ਕੇਮੀ ਬਡੇਨੋਚ ਦੇ ਨਾਵਾਂ ਦੀ ਵੀ ਚਰਚਾ ਹੈ।

ਰਿਸ਼ੀ ਸੁਨਕ

ਪਿਛਲੀ ਵਾਰ ਵੀ ਰਿਸ਼ੀ ਸੁਨਕ ਬੋਰਿਸ ਜੌਨਸਨ ਦੀ ਥਾਂ ਲੈਣ ਦੀ ਦੌੜ ਵਿੱਚ ਸਨ। ਉਨ੍ਹਾਂ ਨੇ ਕੰਜ਼ਰਵੇਟਿਵ ਐਮਪੀਜ਼ ਦਾ ਸਭ ਤੋਂ ਵੱਧ ਸਮਰਥਨ ਪ੍ਰਾਪਤ ਕਰਕੇ ਟ੍ਰਸ ਦੇ ਨਾਲ ਫਾਈਨਲ ਦੋ ਉਮੀਦਵਾਰਾਂ ਵਿੱਚ ਜਗ੍ਹਾ ਬਣਾਈ ਸੀ।

ਆਪਣੇ ਪ੍ਰਚਾਰ ਦੌਰਾਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਉਹਨਾਂ ਦੇ ਵਿਰੋਧੀ ਦੀਆਂ ਟੈਕਸ ਯੋਜਨਾਵਾਂ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਗੀਆਂ।

ਹਾਲਾਂਕਿ ਉਨ੍ਹਾਂ ਦਾ ਇਹ ਸੰਦੇਸ਼ ਪਾਰਟੀ ਮੈਂਬਰਾਂ ਨੂੰ ਅਪੀਲ ਕਰਨ ਵਿੱਚ ਅਸਫ਼ਲ ਰਿਹਾ ਅਤੇ ਉਹ 21,000 ਵੋਟਾਂ ਨਾਲ ਹਾਰ ਗਿਆ।

ਸੁਨਕ 2015 ਵਿੱਚ ਰਿਚਮੰਡ ਦੇ ਉੱਤਰੀ ਯੌਰਕਸ਼ਾਇਰ ਹਲਕੇ ਤੋਂ ਐਮਪੀ ਬਣੇ ਸਨ। ਵੈਸਟਮਿੰਸਟਰ ਤੋਂ ਬਾਹਰ ਬਹੁਤ ਘੱਟ ਲੋਕਾਂ ਨੇ ਉਨ੍ਹਾਂ ਬਾਰੇ ਸੁਣਿਆ ਸੀ।

ਸੁਨਕ ਫ਼ਰਵਰੀ 2020 ਤੱਕ ਖਜ਼ਾਨੇ ਦੇ ਚਾਂਸਲਰ ਸਨ।

ਰਿਸ਼ੀ ਸੁਨਕ ਨੂੰ ਕੋਰੋਨਾ ਸਮੇਂ ਤੇਜ਼ੀ ਨਾਲ ਮਹਾਂਮਾਰੀ ਨਾਲ ਜੂਝਣਾ ਪਿਆ। ਉਨ੍ਹਾਂ ਲੌਕਡਾਉਨ ਦੌਰਾਨ ਆਰਥਿਕਤਾ ਨੂੰ ਚਲਦਾ ਰੱਖਣ ਦੀ ਕੋਸ਼ਿਸ਼ ਵਿੱਚ ਭਾਰੀ ਮਾਤਰਾ ਵਿੱਚ ਪੈਸਾ ਖਰਚ ਕਰਨਾ ਪਿਆ।

ਉਨ੍ਹਾਂ ਦੀ ਪਤਨੀ ਦੇ ਟੈਕਸ ਮਾਮਲਿਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਸੀ।

ਪੈਨੀ ਮੋਰਡੌਂਟ

ਪੈਨੀ ਮੋਰਡੌਂਟ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਬਣਨ ਦਾ ਸੁਆਦ ਲਿਆ ਸੀ। ਉਹ ਸੰਸਦ ਵਿੱਚ ਇੱਕ ਜ਼ਰੂਰੀ ਸਵਾਲ ਦੇ ਦੌਰਾਨ ਲਿਜ਼ ਟ੍ਰਸ ਲਈ ਖੜ੍ਹੀ ਸੀ।

ਪੈਨੀ ਨੂੰ ਡਿਸਪੈਚ ਬਾਕਸ 'ਤੇ ਉਹਨਾਂ ਦੇ ਕੰਮ ਲਈ ਚੰਗਾ ਰਿਵੀਉ ਮਿਲਿਆ ਸੀ।

ਉਹ ਪਿਛਲੀ ਵਾਰ ਦੇ ਮੁਕਾਬਲੇ ਵਿੱਚ ਵੀ ਖੜ੍ਹੇ ਸਨ। ਉਹਨਾਂ ਨੇ ਆਪਣੇ ਸਾਥੀ ਸੰਸਦ ਮੈਂਬਰਾਂ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਕੀਤਾ ਪਰ ਉਹ ਅੰਤਿਮ ਦੋ ਉਮੀਦਵਾਰਾਂ ਵਿੱਚ ਜਾਣ ਤੋਂ ਖੁੰਝ ਗਏ।

ਟ੍ਰਸ ਦਾ ਸਮਰਥਨ ਕਰਨ ਤੋਂ ਬਾਅਦ ਉਹਨਾਂ ਨੂੰ ਹਾਊਸ ਆਫ਼ ਕਾਮਨਜ਼ ਦੀ ਨੇਤਾ ਅਤੇ ਪ੍ਰੀਵੀ ਕੌਂਸਲ ਦੀ ਲਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਇਸ ਦਾ ਮਤਲਬ ਹੈ ਕਿ ਉਹਨਾਂ ਨੇ ਨਵੇਂ ਰਾਜੇ ਲਈ ਐਕਸੈਸ਼ਨ ਕੌਂਸਲ ਦੀ ਪ੍ਰਧਾਨਗੀ ਕੀਤੀ।

ਬੋਰਿਸ ਜੌਨਸਨ

ਬੋਰਿਸ ਜੌਨਸਨ ਨੂੰ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਵਿਸ਼ਾਲ ਬਗ਼ਾਵਤ ਤੋਂ ਬਾਅਦ ਜੁਲਾਈ ਵਿੱਚ ਆਪਣਾ ਅਸਤੀਫ਼ਾ ਦੇਣਾ ਪਿਆ ਸੀ।

ਇਹ ਡਾਊਨਿੰਗ ਸਟ੍ਰੀਟ ਵਿੱਚ ਉਨ੍ਹਾਂ ਵੱਲੋਂ ਕੀਤੀਆਂ ਲੌਕਡਾਉਨ ਪਾਰਟੀਆਂ ਅਤੇ ਹੋਰ ਵਿਵਾਦਾਂ ਤੋਂ ਕਈ ਮਹੀਨੇ ਬਾਅਦ ਹੋਇਆ।

ਇਸ ਦੇ ਨਾਲ ਹੀ ਵਿਵਾਦਾਂ ਵਿੱਚ ਸੰਸਦ ਦੇ "ਅਣਉਚਿਤ ਵਿਵਹਾਰ" ਬਾਰੇ ਇੱਕ ਰਸਮੀ ਸ਼ਿਕਾਇਤ ਤੋਂ ਜਾਣੂ ਹੋਣ ਦੇ ਬਾਵਜੂਦ ਕ੍ਰਿਸ ਪਿਨਚਰ ਦੀ ਡਿਪਟੀ ਚੀਫ਼ ਵ੍ਹਿਪ ਵਜੋਂ ਨਿਯੁਕਤੀ ਵੀ ਸ਼ਾਮਲ ਸੀ।

ਅਕਸਬ੍ਰਿਜ ਦੇ ਐਮਪੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੀ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਇਹ ਕਹਿ ਕੇ ਕਾਮਨਜ਼ ਵਿੱਚ ਰੁਕਾਵਟ ਪਾਈ ਸੀ ਕਿ ਨੰਬਰ 10 'ਤੇ ਤਾਲਾਬੰਦੀ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ।

ਬੋਰਿਸ ਜੌਨਸਨ ਅਤੇ ਹੋਰਾਂ ਨੂੰ ਬਾਅਦ ਵਿੱਚ ਕੋਰੋਨਾ ਦੀਆਂ ਪਾਬੰਦੀਆਂ ਦੀ ਉਲੰਘਣਾ ਲਈ ਜੁਰਮਾਨਾ ਕੀਤਾ ਗਿਆ ਸੀ।

ਉਨ੍ਹਾਂ ਦੇ ਸੰਸਦ ਵਿੱਚ ਤੇ ਪਾਰਟੀ ਵਿੱਚ ਕਈ ਸਮਰਥਕ ਹਨ। ਕੁਝ ਐੱਮਪੀ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ।

ਬੈਨ ਵੈਲੇਸ

ਭਾਵੇਂ ਕਿ ਬਹੁਤ ਸਾਰੇ ਪ੍ਰਮੁੱਖ ਟੋਰੀਜ਼ ਪਾਰਟੀ ਦੇ ਅੰਦਰ ਆਪਸ ਵਿੱਚ ਵੰਡੇ ਹੋਏ ਹਨ ਪਰ ਰੱਖਿਆ ਸਕੱਤਰ ਨੂੰ ਸਾਥੀ ਸੰਸਦ ਮੈਂਬਰਾਂ ਵੱਲੋਂ ਵਿਆਪਕ ਤੌਰ 'ਤੇ ਸੁਰੱਖਿਅਤ ਹੱਥਾਂ ਦੀ ਜੋੜੀ ਵਜੋਂ ਦੇਖਿਆ ਜਾਂਦਾ ਹੈ।

ਬੈਨ ਵੈਲੇਸ ਨੇ ਯੂਕਰੇਨ ਉਪਰ ਰੂਸ ਦੇ ਹਮਲੇ ਤੋਂ ਬਾਅਦ ਸਭ ਦਾ ਧਿਆਨ ਖਿੱਚਿਆ ਹੈ। ਇਸ ਦਾ ਕਾਰਨ ਹੈ ਕਿ ਯੂਕੇ ਨੇ ਕੀਵ ਨੂੰ ਹਥਿਆਰਾਂ ਅਤੇ ਸਿਖਲਾਈ ਦਾ ਸਮਰਥਨ ਕਰਨ ਲਈ ਫੈਸਲਾ ਜਲਦੀ ਹੀ ਲਿਆ ਸੀ।

ਬ੍ਰੈਕਸਿਟ ਦੇ ਵਿਰੋਧ ਦੇ ਬਾਵਜੂਦ ਵੈਲੇਸ ਬੋਰਿਸ ਜੌਨਸਨ ਦੀ ਇੱਕ ਪ੍ਰਮੁੱਖ ਸਮਰਥਕ ਰਹੇ ਹਨ। ਉਨ੍ਹਾਂ ਨੂੰ 2019 ਵਿੱਚ ਕੈਬਨਿਟ ਅਹੁਦੇ ਨਾਲ ਵੀ ਨਿਵਾਜਿਆ ਗਿਆ ਸੀ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਜਰਮਨੀ, ਸਾਈਪ੍ਰਸ, ਬੇਲੀਜ਼ ਅਤੇ ਉੱਤਰੀ ਆਇਰਲੈਂਡ ਵਿੱਚ ਇੱਕ ਸਿਪਾਹੀ ਵਜੋਂ ਸੇਵਾ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਬ੍ਰਿਟਿਸ਼ ਸੈਨਿਕਾਂ ਦੇ ਵਿਰੁੱਧ ਇੱਕ ਬੰਬ ਹਮਲਾ ਕਰਨ ਲਈ ਆਈਆਰਏ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।

ਕੇਮੀ ਬਡੇਨੋਚ

ਕੇਮੀ ਬੈਡੇਨੋਚ ਪਿਛਲੀ ਵਾਰ ਹੋਈ ਪ੍ਰਧਾਨ ਮੰਤਰੀ ਦੀ ਚੋਣ ਵਿੱਚ ਜਿੱਤ ਨਹੀਂ ਸਕੇ ਪਰ ਮੁਕਾਬਲੇ ਨੇ ਉਹਨਾਂ ਦੀ ਪ੍ਰੋਫਾਈਲ ਨੂੰ ਵਧਾਉਣ ਵਿੱਚ ਮਦਦ ਕੀਤੀ ਸੀ।

ਇੱਕ ਮੁਕਾਬਲਤਨ ਜੂਨੀਅਰ ਮੰਤਰੀ ਹੁੰਦੇ ਹੋਏ ਉਹਨਾਂ ਨੇ ਸੀਨੀਅਰ ਕੰਜ਼ਰਵੇਟਿਵ ਮਾਈਕਲ ਗੋਵ ਦਾ ਸਮਰਥਨ ਜਿੱਤ ਲਿਆ। 'ਵੋਕ' ਸੱਭਿਆਚਾਰ ਵਿੱਚ ਆਪਣੇ ਉਪਰ ਹਮਲਿਆਂ ਕਾਰਨ ਵੀ ਉਹਨਾਂ ਨੇ ਧਿਆਨ ਖਿੱਚਿਆ ਸੀ।

ਸੰਸਦ ਵਿੱਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਸੈਫਰਨ ਵਾਲਡਨ ਦੀ ਨੁਮਾਇੰਦਗੀ ਕੀਤੀ ਸੀ। ਉਹ ਇੱਕ ਪ੍ਰਾਈਵੇਟ ਬੈਂਕ ਕੌਟਸ ਅਤੇ ਦਿ ਸਪੈਕਟੇਟਰ ਮੈਗਜ਼ੀਨ ਲਈ ਵੀ ਕੰਮ ਕਰਦੇ ਸਨ।

ਸੁਐਲਾ ਬ੍ਰੇਵਰਮੈਨ

ਸਾਬਕਾ ਗ੍ਰਹਿ ਸਕੱਤਰ ਦੇ ਅਸਤੀਫੇ ਨੇ ਲਿਜ਼ ਟ੍ਰਸ ਉਪਰ ਦਬਾਅ ਪਾਇਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 24 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਅਸਤੀਫ਼ਾ ਦੇ ਗਏ।

ਸੁਐਲਾ ਬ੍ਰੇਵਰਮੈਨ ਦੀ ਰਵਾਨਗੀ ਜ਼ਾਹਰ ਤੌਰ 'ਤੇ ਡੇਟਾ ਦੀ ਉਲੰਘਣਾ ਬਾਰੇ ਸੀ ਪਰ ਉਹਨਾਂ ਦੇ ਨਾਰਾਜ਼ਗੀ ਵਾਲੇ ਅਸਤੀਫੇ ਨੇ ਇਮੀਗ੍ਰੇਸ਼ਨ 'ਤੇ ਅਸਹਿਮਤੀ ਦਾ ਸੰਕੇਤ ਦਿੱਤਾ।

ਬ੍ਰੇਵਰਮੈਨ ਨੇ ਸਮਾਜਿਕ ਮੁੱਦਿਆਂ 'ਤੇ ਆਪਣੀ ਪਾਰਟੀ ਦੇ ਸੱਜੇ ਪੱਖੀਆਂ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਕਹਿੰਣਾ ਹੈ ਕਿ ਪ੍ਰਵਾਸੀਆਂ ਨੂੰ ਰਵਾਂਡਾ ਲਿਜਾਣਾ ਸ਼ੁਰੂ ਕਰਨਾ ਉਹਨਾਂ ਦਾ "ਸੁਪਨਾ" ਹੈ।

ਉਹਨਾਂ ਦੇ ਮਾਤਾ-ਪਿਤਾ ਕੀਨੀਆ ਅਤੇ ਮਾਰੀਸ਼ਸ ਤੋਂ 1960 ਦੇ ਦਹਾਕੇ ਵਿੱਚ ਯੂਕੇ ਚਲੇ ਗਏ ਸਨ।

ਦੋਵਾਂ ਨੇ ਸਥਾਨਕ ਰਾਜਨੀਤੀ ਵਿੱਚ ਸਮਾਂ ਬਿਤਾਇਆ ਅਤੇ ਉਹਨਾਂ ਦੀ ਮਾਂ 16 ਸਾਲਾਂ ਤੱਕ ਕੌਂਸਲਰ ਰਹੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)