ਇਸ ਦੇਸ ਨੂੰ ਆਜ਼ਾਦ ਕਰਾਉਣ ਵਾਲੇ ਬਾਦਸ਼ਾਹ ਦੇ 189 ਸਾਲ ਪੁਰਾਣੇ ਦਿਲ ਉੱਪਰ ਵਿਵਾਦ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਵੈਨੇਸ਼ਾ ਬੁਸ਼ੱਲੁਏਟਰ
- ਰੋਲ, ਬੀਬੀਸੀ ਨਿਊਜ਼
ਪੁਰਤਗਾਲ ਤੋਂ ਅਜ਼ਾਦੀ ਦੇ 200 ਸਾਲ ਪੂਰੇ ਹੋਣ ਦੇ ਮੌਕੇ ਉੱਪਰ ਬ੍ਰਾਜ਼ੀਲ ਦੇ ਪਹਿਲੇ ਬਾਦਸ਼ਾਹ ਡੌਮ ਪੇਡ੍ਰੋ ਪਹਿਲੇ ਦੇ ਸੁਰੱਖਿਅਤ ਰੱਖਿਆ ਹੋਇਆ ਦਿਲ ਪੁਰਤਗਾਲ ਤੋਂ ਬ੍ਰਾਜ਼ੀਲ ਪਹੁੰਚ ਗਿਆ ਹੈ। ਇਸ ਦਿਲ ਨੂੰ ਦਵਾਈਆਂ ਦੇ ਘੋਲ ਦੇ ਸਹਾਰੇ ਪਿਛਲੇ 189 ਸਾਲਾਂ ਤੋਂ ਸਾਂਭ ਕੇ ਰੱਖਿਆ ਗਿਆ ਹੈ।
ਫਾਰਮਿਲਡਹਾਈਡ ਨਾਲ ਭਰੀ ਇੱਕ ਸੋਨੇ ਦੀ ਫਲਾਸਕ ਵਿੱਚ ਰੱਖੇ ਬਾਦਸ਼ਾਹ ਡੌਮ ਪੇਡ੍ਰੋ ਪਹਿਲੇ ਜੇ ਇਸ ਦਿਲ ਨੂੰ ਫ਼ੌਜੀ ਜਹਾਜ਼ ਵਿੱਚ ਬ੍ਰਾਜ਼ੀਲ ਲਿਆਂਦਾ ਗਿਆ। ਲੋਕਾਂ ਦੇ ਦਰਸ਼ਨਾਂ ਲਈ ਪੇਸ਼ ਕਰਨ ਤੋਂ ਪਹਿਲਾਂ ਇਸ ਦਾ ਫੌਜੀ ਸਨਮਾਨਾਂ ਨਾਲ ਸਵਾਗਤ ਕੀਤਾ ਜਾਵੇਗਾ।
ਸੱਤ ਸਿਤੰਬਰ ਨੂੰ ਬ੍ਰਾਜ਼ੀਲ ਦੀ ਅਜ਼ਾਦੀ ਦੇ 200 ਸਾਲ ਪੂਰੇ ਹੋ ਰਹੇ ਹਨ। ਅਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਹੋ ਜਾਣ ਤੋਂ ਬਾਅਦ ਰਾਜਾ ਪੇਡ੍ਰੋ ਪਹਿਲੇ ਦੇ ਦਿਲ ਨੂੰ ਵਾਪਸ ਪੁਰਤਗਾਲ ਭੇਜ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਪੁਰਤਗਾਲ ਦੇ ਅਧਿਕਾਰੀਆਂ ਨੇ ਸਮੁੰਦਰ ਦੇ ਕਿਨਾਰੇ ਵਸੇ ਸ਼ਹਿਰ ਪੋਰਟੋ ਤੋਂ ਇਸ ਦਿਲ ਨੂੰ ਬ੍ਰਾਜ਼ੀਲ ਲਿਆਂਦੇ ਜਾਣ ਦੀ ਮਨਜ਼ੂਰੀ ਦਿੱਤੀ ਗਈ। ਉਸ ਤੋਂ ਬਾਅਦ ਬ੍ਰਾਜ਼ੀਲ ਦੀ ਹਵਾਈ ਫ਼ੌਜ ਦਾ ਇੱਕ ਜਹਾਜ਼ ਇਸ ਨੂੰ ਦੇਸ ਲੈ ਕੇ ਪਹੁੰਚਿਆ।
ਪੁਰਤਗਾਲ ਤੋਂ ਇਸ ਕਾਫ਼ਲੇ ਦੇ ਨਾਲ ਉੱਥੇ ਜਾਣ ਵਾਲੇ ਲੋਕਾਂ ਵਿੱਚ ਪੋਰਟੋ ਦੇ ਮੇਅਰ ਰੂਈ ਮੇਰੀਰਾ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਨਾਗਿਰਕਾਂ ਦੇ ਦਰਸ਼ਨ ਕਰ ਲੈਣ ਤੋਂ ਬਾਅਦ ਮੁੜ ਇਸ ਦਿਲ ਨੂੰ ਵਾਪਸ ਪੁਰਤਗਾਲ ਲਿਜਾਇਆ ਜਾਵੇਗਾ।

ਤਸਵੀਰ ਸਰੋਤ, EPA
ਦਿਲ ਦਾ ਰਾਸ਼ਟਰ ਮੁਖੀ ਵਜੋਂ ਸਵਾਗਤ
ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੁੱਖ ਪ੍ਰੋਟੋਕੌਲ ਅਫ਼ਸਰ ਐਲਨ ਕੋਏਲਹੋ ਸੇਲੋਸ ਨੇ ਦੱਸਿਆ, ''ਇਸ ਦਿਲ ਦਾ ਇੱਕ ਦੇਸ ਦੇ ਮੁਖੀ ਵਜੋਂ ਸਵਾਗਤ ਕੀਤਾ ਜਾਵੇਗਾ। ਇਸ ਨੂੰ ਇਸ ਤਰ੍ਹਾਂ ਮਾਣ-ਸਤਿਕਾਰ ਦਿੱਤਾ ਜਾਵੇਗਾ ਮਾਨੋ ਸਮਰਾਟ ਡੌਮ ਪੇਡ੍ਰੋ ਪਹਿਲੇ ਅਜੇ ਵੀ ਸਾਡੇ ਵਿੱਚ ਜ਼ਿੰਦਾ ਹਨ।''
ਇਸ ਦਿਲ ਦੇ ਸਵਾਗਤ ਵਿੱਚ ਤੋਪਾਂ ਦੀ ਸਲਾਮੀ ਦੇ ਨਾਲ ਗਾਰਡ ਆਫ਼ ਆਰਨਰ ਅਤੇ ਪੂਰੇ ਫ਼ੌਜੀ ਸਨਮਾਨ ਦਿੱਤਾ ਜਾਵੇਗਾ।
ਸੇਲੋਸ ਨੇ ਦੱਸਿਆ, “ਉਨ੍ਹਾਂ ਦੇ ਸਵਾਗਤ ਵਿੱਚ ਕੌਮੀ ਗੀਤ ਅਤੇ ਅਜ਼ਾਦੀ ਦੇ ਗੀਤ ਵਜਾਏ ਜਾਣਗੇ, ਜਿਨ੍ਹਾਂ ਦਾ ਸੰਗੀਤ ਖ਼ੁਦ ਡੌਮ ਪੇਡ੍ਰੋ ਪਹਿਲੇ ਨੇ ਖ਼ੁਦ ਤਿਆਰ ਕੀਤਾ ਸੀ। ਉਹ ਸਮਰਾਟ ਹੋਣ ਦੇ ਨਾਲ ਹੀ ਇੱਕ ਚੰਗੇ ਸੰਗੀਤਕਾਰ ਵੀ ਸਨ।”
ਕੌਣ ਸਨ ਡੌਮ ਪੇਡ੍ਰੋ?
ਡੌਮ ਪੇਡ੍ਰੋ ਦਾ ਜਨਮ 1798 ਵਿੱਚ ਪੁਰਤਗਾਲ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਉਸ ਸਮੇਂ ਬ੍ਰਾਜ਼ੀਲ ਵੀ ਪੁਰਤਗਾਲ ਦੀ ਇੱਕ ਬਸਤੀ ਸੀ। ਨੇਪੋਲੀਅਨ ਦੀ ਫ਼ੌਜ ਤੋਂ ਬਚਣ ਲਈ ਉਨ੍ਹਾਂ ਦਾ ਪਰਿਵਾਰ ਪੁਰਤਾਗਲ ਤੋਂ ਭੱਜ ਕੇ ਬ੍ਰਾਜ਼ੀਲ ਦੀ ਆਪਣੀ ਬਸਤੀ ਵਿੱਚ ਚਲਿਆ ਗਿਆ।
ਜਦੋਂ ਪੇਡ੍ਰੋ ਬ੍ਰਾਜ਼ੀਲ ਆਏ ਸਨ ਤਾਂ ਉਹ ਨੌਂ ਸਾਲ ਦੇ ਨਿੱਕੇ ਨਿਆਣੇ ਸਨ।

ਇਹ ਵੀ ਪੜ੍ਹੋ:

ਬਾਅਦ ਵਿੱਚ 1821 ਵਿੱਚ ਡੌਮ ਪੇਡ੍ਰੋ ਦੇ ਪਿਤਾ ਕਿੰਗ ਜੌਹਨ-VI ਪੁਰਤਗਾਲ ਵਾਪਸ ਆ ਗਏ। ਹਾਲਾਂਕਿ ਆਪਣੇ ਪੁੱਤਰ ਨੂੰ ਉਨ੍ਹਾਂ ਨੇ ਬ੍ਰਾਜ਼ੀਲ ਦਾ ਨੁਮਾਇੰਦਾ ਸ਼ਾਸਕ ਨਿਯੁਕਤ ਕਰਦੇ ਹੋਏ ਉੱਥੇ ਹੀ ਛੱਡ ਦਿੱਤਾ।
ਹਾਲਾਂਕਿ ਮਹਿਜ਼ ਇੱਕ ਸਾਲ ਬਾਅਦ ਹੀ ਉਸ ਨੌਜਵਾਨ ਸ਼ਾਸਕ ਨੇ ਪੁਰਤਗਾਲ ਦੇ ਸੰਸਦ ਦੀ ਇੱਛਾ ਦੇ ਖਿਲਾਫ਼ ਜਾ ਕੇ ਬ੍ਰਾਜ਼ੀਲ ਦੀ ਅਜ਼ਾਦੀ ਦਾ ਐਲਾਨ ਕਰ ਦਿੱਤਾ।
ਇਸ ਤੋਂ ਇਲਾਵਾ, ਉਨ੍ਹਾਂ ਨੇ ਪੁਰਤਗਾਲ ਦੇ ਉਸ ਹੁਕਮ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਪਣੇ ਦੇਸ ਵਾਪਸ ਮੁੜ ਆਉਣ।
ਸੱਤ ਸਿਤੰਬਰ, 1822 ਨੂੰ ਉਨ੍ਹਾਂ ਨੇ ਬ੍ਰਾਜ਼ੀਲ ਦੀ ਅਜ਼ਾਦੀ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਡੌਮ ਪੇਡ੍ਰੋ ਪਹਿਲੇ ਦੇ ਰੂਪ ਵਿੱਚ ਬ੍ਰਾਜ਼ੀਲ ਦਾ ਸਮਰਾਟ ਬਣਾਇਆ ਗਿਆ।

ਤਸਵੀਰ ਸਰੋਤ, BIBLIOTECA NACIONAL
ਦਿਲ ਦਾ ਪਹੁੰਚਣਾ ਅਤੇ ਦੇਸ ਦਾ ਸਿਆਸੀ ਮਾਹੌਲ
ਪੁਰਤਗਾਲ ਦੀ ਗੱਦੀ ਉੱਪਰ ਆਪਣੀ ਬੇਟੀ ਦਾ ਦਾਅਵਾ ਕਰਨ ਤੋਂ ਬਾਅਦ ਉਹ ਪੁਰਤਗਾਲ ਵਾਪਸ ਆਏ ਅਤੇ ਉੱਥੇ ਹੀ ਤਪੈਦਿਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਆਖਰੀ ਸਮੇਂ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੌਤ ਤੋਂ ਬਾਅਦ ਉਨ੍ਹਾਂ ਦੇ ਦਿਲ ਨੂੰ ਕੱਢ ਕੇ ਪੋਰਟੋ ਸ਼ਹਿਰ ਲਿਜਾਇਆ ਜਾਵੇ। ਉਸ ਤੋਂ ਬਾਅਦ ਉਨ੍ਹਾਂ ਦੇ ਦਿਲ ਨੂੰ ਪੋਰਟੋ ਸ਼ਹਿਰ ਦੇ ਇੱਕ ਚਰਚ ਵਿੱਚ ਰੱਖਿਆ ਗਿਆ।
ਸਾਲ 1972 ਵਿੱਚ ਬ੍ਰਾਜ਼ੀਲ ਦੀ ਅਜ਼ਾਦੀ ਦੀ 150ਵੀਂ ਸਾਲਗਿਰ੍ਹਾ ਮੌਕੇ ਉਨ੍ਹਾਂ ਦੇ ਸਰੀਰ ਨੂੰ ਬ੍ਰਾਜ਼ੀਲ ਭੇਜ ਦਿੱਤਾ ਗਿਆ। ਉੱਥੋਂ ਉਸ ਨੂੰ ਸਾਓ ਪਾਓਲੋ ਬਦਲ ਦਿੱਤਾ ਗਿਆ। ਉਨ੍ਹਾਂ ਨੂੰ ਸਾਓ ਪਾਓਲੋ ਦੇ ਇੱਕ ਤਹਿਖਾਨੇ ਵਿੱਚ ਰੱਖਿਆ ਗਿਆ।

ਦਿਲ ਨਾਲ ਜੁੜਿਆ ਵਿਵਾਦ ਕੀ ਹੈ
ਪੇਡ੍ਰੋ ਪਹਿਲੇ ਦਾ ਦਿਲ ਬ੍ਰਾਜ਼ੀਲ ਪਹੁੰਚਣ ਦੇ ਮਾਮਲੇ ਨੇ ਵੀ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਦਾ ਕਾਰਨ ਹੈ, ਇਸ ਦੇ ਪਹੁੰਚਣ ਦੀ ਤਰੀਕ ਅਤੇ ਚੋਣ ਮੁੱਦਾ।
ਕੁਝ ਰਿਸਚਰਾਂ ਨੇ ਸਮਰਾਟ ਦੇ ਦਿਲ ਨੂੰ ਇਸ ਸਮੇਂ ਇੱਥੇ ਪਹੁੰਚਾਏ ਜਾਣ ਉੱਪਰ ਵੀ ਸਵਾਲ ਚੁੱਕਿਆ ਹੈ।
ਰਾਸ਼ਟਰਪਤੀ ਜਾਇਰ ਬੋਲਸੋਨਾਰੋ ਮੁੜ ਰਾਸ਼ਰਟਰਪਤੀ ਚੋਣਾਂ ਲੜ ਰਹੇ ਹਨ। ਹਾਲਾਂਕਿ ਸਰਵੇਖਣਾਂ ਵਿੱਚ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਲੁਈਜ਼ ਇਨਾਲਿਓ ਤੋਂ ਪਿੱਛੇ ਦਿਖਾਇਆ ਗਿਆ ਹੈ।
ਇਹ ਸਭ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ 7 ਸਿਤੰਬਰ ਨੂੰ ਪੂਰੇ ਬ੍ਰਾਜੀਲ ਵਿੱਚ ਬੋਲਸੋਲਨਾਰੋ ਦੇ ਪ੍ਰਸ਼ੰਸਕ ਪ੍ਰਦਰਸ਼ਨ ਕਰਨ ਵਾਲੇ ਹਨ।
ਸੁਤੰਤਰਤਾ ਦਿਹਾੜੇ ਦੀਆਂ ਰੈਲੀਆ ਵਿੱਚ ਬੋਲਸੋਨਾਰੋ ਤੋਂ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ, ਕਿ ਸੁਪਰੀਮ ਕੋਰਟ ਦੇ ਜੱਜਾਂ ਤੇ ਚੋਣ ਪ੍ਰਕਿਰਿਆ ਉੱਪਰ ਹਮਲਾ ਕਰਨਗੇ।
ਬੋਲਸੋਨਾਰੋ ਨੇ ਦੇਸ ਦੀ ਚੋਣ ਪ੍ਰਕਿਰਿਆ ਉੱਪਰ ਸਵਾਲ ਚੁੱਕੇ ਹਨ। ਇਸ ਗੱਲ ਦਾ ਡਰ ਹੈ ਕਿ ਜੇ ਬੋਲਸੋਨਾਰੋ ਚੋਣਾਂ ਹਾਰ ਜਾਂਦੇ ਹਨ ਤਾਂ ਚੋਣ ਕਮਿਸ਼ਨ ਨਤੀਜਿਆਂ ਨੂੰ ਮਾਨਤਾ ਨਹੀਂ ਦੇਵੇਗਾ।
ਇੱਕ ਪੱਖ ਇਹ ਵੀ ਹੈ ਕਿ ਬਾਦਸ਼ਾਹ ਨੂੰ ਬ੍ਰਾਜ਼ੀਲ ਦੇ ਲੋਕ ਉਸ ਤਰ੍ਹਾਂ ਆਪਣੇ ਮੁਕਤੀ ਦਾਤੇ ਵਜੋਂ ਨਹੀਂ ਦੇਖਦੇ ਹਨ ਜਿਵੇਂ ਅਮਰੀਕੀ ਲੋਕ ਜਾਰਜ ਵਾਸ਼ਿੰਗਟਨ ਬਾਰੇ ਸੋਚਦੇ ਹਨ। ਹਾਲਾਂਕਿ ਇੱਕ ਰੂੜ੍ਹੀਵਾਦੀ ਵਰਗ ਜ਼ਰੂਰ ਇਸ ਤੋਂ ਉਤਸ਼ਾਹਿਤ ਹੈ।
ਉਨੀਵੀਂ ਸਦੀ ਵਿੱਚ ਪੇਡ੍ਰੋ ਨੂੰ ਇੱਕ ਮਤਲਬਪ੍ਰਸਤ ਅਤੇ ਤਾਨਾਸ਼ਾਹ ਪ੍ਰਵਿਰਤੀਆਂ ਵੀ ਸਨ। ਉਨ੍ਹਾਂ ਨੇ ਬ੍ਰਾਜ਼ੀਲ ਦੀ ਸੰਸਦ ਦਾ ਵਿਰੋਧ ਕੀਤਾ। ਇਨ੍ਹਾਂ ਕਾਰਨਾਂ ਕਰਕੇ ਉਹ ਬ੍ਰਾਜ਼ੀਲ ਦੇ ਲੋਕ ਨਾਇਕ ਨਹੀਂ ਸਨ।
ਇਸ ਲਈ ਪੇਡ੍ਰੋ ਦਾ ਦਿਲ ਬ੍ਰਾਜ਼ੀਲ ਆ ਰਿਹਾ ਹੈ, ਇਹ ਬ੍ਰਾਜ਼ੀਲੀ ਲੋਕਾਂ ਲਈ ਕੋਈ ਵੱਡਾ ਮੌਕਾ ਨਹੀਂ ਹੈ। ਜਦਕਿ ਬੋਲਸੋਨਾਰੋ ਦੀ ਸਰਕਾਰ ਇਸ ਨੂੰ ਵੱਡਾ ਬਣਾ ਰਹੀ ਹੈ।
ਬੋਲਸੋਨਾਰੋ ਜੋ ਖ਼ੁਦ ਵੀ ਆਪਣੇ ਦੁਆਲੇ ਫ਼ੌਜ ਰੱਖਦੇ ਹਨ।
ਸਾਲ 1972 ਵਿੱਚ ਜਦੋਂ ਬ੍ਰਾਜ਼ੀਲ ਨੇ ਆਪਣੀ ਅਜ਼ਾਦੀ ਦੀ 150ਵੀਂ ਵਰ੍ਹੇ ਗੰਢ ਮਨਈ ਸੀ ਉਸ ਸਮੇਂ ਬ੍ਰਾਜ਼ੀਲ ਵਿੱਚ ਫ਼ੌਜੀ ਸਰਕਾਰ ਸੀ। ਉਸ ਸਮੇਂ ਪੇਡ੍ਰੋ ਦੇ ਸਰੀਰ ਨੂੰ ਬ੍ਰਾਜ਼ੀਲ ਵਿੱਚ ਲਿਆ ਕੇ ਦਫ਼ਨਾਇਆ ਗਿਆ ਪਰ ਉਨਾਂ ਦਾ ਦਿਲ ਪਿੱਛੇ ਪੁਰਤਗਾਲ ਵਿੱਚ ਹੀ ਪਿਆ ਰਿਹਾ।
ਸ਼ਾਇਦ ਮੌਜੂਦਾ ਸਰਕਾਰ ਇਸ ਦਿਲ ਨੂੰ ਬ੍ਰਾਜ਼ੀਲ ਲਿਆ ਕੇ ਉਸ ਅਧੂਰੇ ਘਟਨਾਕ੍ਰਮ ਨੂੰ ਪੂਰਾ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












