You’re viewing a text-only version of this website that uses less data. View the main version of the website including all images and videos.
ਕੁੜੀਆਂ ਨੂੰ ਜਿੱਥੇ ਵਿਆਹ ਕਰਵਾਉਣ ਲਈ ਕੁਆਰੇਪਣ ਦਾ ਸਰਟੀਫਿਕੇਟ ਲੈਣਾ ਪੈਂਦਾ ਹੈ
- ਲੇਖਕ, ਫਿਰੋਜ਼ੇ ਅਕਬਰੀਅਨ ਅਤੇ ਸੋਫੀਆ ਬੇਟੀਜ਼ਾ
- ਰੋਲ, ਬੀਬੀਸੀ ਪੱਤਰਕਾਰ
ਵਿਆਹ ਤੋਂ ਪਹਿਲਾਂ ਕੁਆਰਾਪਣ ਮਹੱਤਵਪੂਰਨ ਹੈ। ਕਈ ਵਾਰ ਮਰਦ ਕੁਆਰੇਪਣ ਦੇ ਸਰਟੀਫਿਕੇਟ ਦੀ ਮੰਗ ਕਰਦੇ ਹਨ, ਇੱਕ ਅਜਿਹਾ ਰਵਾਇਤ, ਜਿਸ ਨੂੰ ਵਿਸ਼ਵ ਸਿਹਤ ਸੰਗਠਨ (WHO) ਮਨੁੱਖੀ ਅਧਿਕਾਰਾਂ ਦੇ ਵਿਰੁੱਧ ਸਮਝਦਾ ਹੈ। ਪਰ ਪਿਛਲੇ ਇੱਕ ਸਾਲ ਵਿੱਚ ਵੱਧ ਤੋਂ ਵੱਧ ਲੋਕ ਇਸ ਦੇ ਵਿਰੁੱਧ ਮੁਹਿੰਮ ਚਲਾ ਰਹੇ ਹਨ।
"ਆਪਣੇ ਨਾਲ ਵਿਆਹ ਕਰਵਾਉਣ ਲਈ ਤੂੰ ਮੈਨੂੰ ਧੋਖਾ ਦਿੱਤਾ ਕਿਉਂਕਿ ਤੂੰ ਕੁਆਰੀ ਨਹੀਂ ਹੈ। ਕੋਈ ਵੀ ਜੇਕਰ ਇਹ ਸੱਚਾਈ ਜਾਣਦਾ ਹੈ ਤਾਂ ਤੇਰੇ ਨਾਲ ਵਿਆਹ ਨਹੀਂ ਕਰੇਗਾ।"
ਪਹਿਲੀ ਵਾਰ ਸੈਕਸ ਕਰਨ ਤੋਂ ਬਾਅਦ ਇਹ ਗੱਲ ਮਰੀਅਮ ਦੇ ਪਤੀ ਨੇ ਉਸ ਨੂੰ ਕਹੀ ਸੀ।
ਉਸ ਨੇ ਉਸ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ, ਭਾਵੇਂ ਉਸ ਨੂੰ ਬਲੀਡਿੰਗਨਹੀਂ ਹੋਈ, ਪਰ ਉਸ ਨੇ ਪਹਿਲਾਂ ਕਦੇ ਜਿਨਸੀ ਸਬੰਧੀ ਨਹੀਂ ਬਣਾਏ।
ਪਰ ਉਸ ਨੇ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਨੂੰ ਵਰਜਿਨਿਟੀ ਸਰਟੀਫਿਕੇਟ ਲੈਣ ਲਈ ਕਿਹਾ। ਈਰਾਨ ਵਿੱਚ ਇਹ ਅਸਾਧਾਰਨ ਨਹੀਂ ਹੈ।
ਮੰਗਣੀ ਕਰਨ ਤੋਂ ਬਾਅਦ, ਬਹੁਤ ਸਾਰੀਆਂ ਕੁੜੀਆਂ ਡਾਕਟਰ ਕੋਲ ਜਾਂਦੀਆਂ ਹਨ ਅਤੇ ਇੱਕ ਟੈਸਟ ਕਰਵਾਉਂਦੀਆਂ ਹਨ, ਜੋ ਸਾਬਤ ਕਰਦਾ ਹੈ ਕਿ ਉਨ੍ਹਾਂ ਨੇ ਕਦੇ ਸੈਕਸ ਨਹੀਂ ਕੀਤਾ ਹੈ।
ਹਾਲਾਂਕਿ, ਡਬਲਯੂਐੱਚਓ ਦੇ ਅਨੁਸਾਰ, ਵਰਜਿਨਿਟੀ ਟੈਸਟਿੰਗ ਦੀ ਕੋਈ ਵਿਗਿਆਨਕ ਪ੍ਰਮਾਣਿਕਤਾ ਨਹੀਂ ਹੈ।
ਮਰੀਅਮ ਦੇ ਸਰਟੀਫਿਕੇਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਹਾਈਮਨ ਦੀ ਕਿਸਮ "ਲਚਕੀਲੀ" ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਜਿਨਸੀ ਸਬੰਧ ਤੋਂ ਬਾਅਦ ਬਲੀਡਿੰਗ ਨਹੀਂ ਹੋ ਸਕਦੀ।
ਉਸ ਨੇ ਕਿਹਾ, "ਇਸ ਨੇ ਮੇਰੇ ਮਾਣ ਨੂੰ ਠੇਸ ਪਹੁੰਚਾਈ। ਮੈਂ ਕੁਝ ਗਲਤ ਨਹੀਂ ਕੀਤਾ, ਪਰ ਮੇਰਾ ਪਤੀ ਮੇਰਾ ਅਪਮਾਨ ਕਰਦਾ ਰਿਹਾ। ਮੈਂ ਇਸ ਨੂੰ ਹੋਰ ਨਹੀਂ ਬਰਦਾਸ਼ਤ ਕਰ ਸਕਦੀ ਸੀ, ਇਸ ਲਈ ਮੈਂ ਕੁਝ ਗੋਲੀਆਂ ਖਾ ਲਈਆਂ ਅਤੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।"
ਕੁਝ ਸਮੇਂ ਬਾਅਦ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਹ ਬਚ ਗਈ।
"ਮੈਂ ਉਨ੍ਹਾਂ ਕਾਲੇ ਦਿਨਾਂ ਨੂੰ ਕਦੇ ਨਹੀਂ ਭੁੱਲਾਂਗੀ। ਉਸ ਸਮੇਂ ਦੌਰਾਨ ਮੇਰਾ 20 ਕਿਲੋ ਵਜ਼ਨ ਘਟ ਗਿਆ ਸੀ।"
ਇਹ ਵੀ ਪੜ੍ਹੋ-
ਅਭਿਆਸ ਨੂੰ ਖਤਮ ਕਰਨ ਲਈ ਵਧ ਰਹੀ ਮੁਹਿੰਮ
ਮਰੀਅਮ ਦੀ ਕਹਾਣੀ ਈਰਾਨ ਦੀਆਂ ਕਈ ਕੁੜੀਆਂ ਦੀ ਹਕੀਕਤ ਹੈ। ਕਈ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਆਹ ਤੋਂ ਪਹਿਲਾਂ ਕੁਆਰਾ ਹੋਣਾ ਅਜੇ ਵੀ ਮਹੱਤਵਪੂਰਨ ਹੈ।
ਇਹ ਇੱਕ ਅਜਿਹੀ ਰਵਾਇਤ ਹੈ, ਜੋ ਸੱਭਿਆਚਾਰਕ ਰੂੜੀਵਾਦ ਵਿੱਚ ਡੂੰਘੀਆਂ ਜੜ੍ਹਾਂ ਫੈਲਾ ਕੇ ਬੈਠੀ ਹੈ।
ਪਰ ਹਾਲ ਹੀ ਵਿੱਚ, ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ ਭਰ ਵਿੱਚ ਕੁੜੀਆਂ ਅਤੇ ਪੁਰਸ਼, ਵਰਜਿਨਿਟੀ ਟੈਸਟਿੰਗ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾ ਰਹੇ ਹਨ।
ਪਿਛਲੇ ਨਵੰਬਰ ਵਿੱਚ ਇੱਕ ਔਨਲਾਈਨ ਪਟੀਸ਼ਨ 'ਤੇ ਇੱਕ ਮਹੀਨੇ ਵਿੱਚ ਲਗਭਗ 25,000 ਹਸਤਾਖਰ ਕੀਤੇ ਗਏ ਸਨ।
ਇਹ ਪਹਿਲੀ ਵਾਰ ਸੀ, ਜਦੋਂ ਇਰਾਨ ਵਿੱਚ ਇੰਨੇ ਸਾਰੇ ਲੋਕਾਂ ਦੁਆਰਾ ਵਰਜਿਨਿਟੀ ਟੈਸਟਿੰਗ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਜਾ ਰਹੀ ਸੀ।
ਨੇਡਾ ਕਹਿੰਦੀ ਹੈ "ਇਹ ਨਿੱਜਤਾ ਦੀ ਉਲੰਘਣਾ ਹੈ ਅਤੇ ਇਹ ਬੇਇੱਜ਼ਤੀ ਭਰਿਆ ਹੈ।"
ਜਦੋਂ ਉਹ ਤਹਿਰਾਨ ਵਿੱਚ 17 ਸਾਲ ਦੀ ਵਿਦਿਆਰਥਣ ਸੀ ਤਾਂ ਉਸ ਨੇ ਆਪਣੇ ਬੁਆਏਫਰੈਂਡ ਰਾਹੀਂ ਆਪਣਾ ਕੁਆਰਾਪਣ ਗੁਆ ਦਿੱਤਾ ਸੀ।
"ਮੈਂ ਘਬਰਾ ਗਈ। ਮੈਂ ਡਰ ਗਈ ਸੀ ਕਿ ਜੇ ਮੇਰੇ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ।"
ਇਸ ਲਈ, ਨੇਡਾ ਨੇ ਆਪਣੇ ਹਾਈਮਨ ਦੀ ਮੁਰੰਮਤ ਕਰਨ ਦਾ ਫੈਸਲਾ ਕੀਤਾ।
ਤਕਨੀਕੀ ਤੌਰ 'ਤੇ ਇਹ ਪ੍ਰਕਿਰਿਆ ਗੈਰ-ਕਾਨੂੰਨੀ ਨਹੀਂ ਹੈ, ਪਰ ਇਸ ਦੇ ਖਤਰਨਾਕ ਸਮਾਜਿਕ ਪ੍ਰਭਾਵ ਹਨ। ਇਸ ਲਈ ਕੋਈ ਵੀ ਹਸਪਤਾਲ ਇਸ ਨੂੰ ਕਰਨ ਲਈ ਸਹਿਮਤ ਨਹੀਂ ਹੋਵੇਗਾ।
ਇਸ ਲਈ ਨੇਡਾ ਨੇ ਇੱਕ ਪ੍ਰਾਈਵੇਟ ਕਲੀਨਿਕ ਲੱਭਿਆ, ਜੋ ਇਸ ਨੂੰ ਭਾਰੀ ਕੀਮਤ 'ਤੇ ਗੁਪਤ ਵਿੱਚ ਕਰੇਗਾ।
ਉਹ ਕਹਿੰਦੀ ਹੈ, "ਮੈਂ ਆਪਣੀ ਸਾਰੀ ਬੱਚਤ ਖਰਚ ਕਰ ਦਿੱਤੀ। ਮੈਂ ਆਪਣਾ ਲੈਪਟਾਪ, ਆਪਣਾ ਮੋਬਾਈਲ ਫੋਨ ਅਤੇ ਆਪਣੇ ਸੋਨੇ ਦੇ ਗਹਿਣੇ ਵੇਚ ਦਿੱਤੇ।"
ਕੁਝ ਗਲਤ ਹੋਣ ਦੀ ਸਥਿਤੀ ਵਿੱਚ ਪੂਰੀ ਜ਼ਿੰਮੇਵਾਰੀ ਲੈਣ ਲਈ ਉਸ ਨੂੰ ਇੱਕ ਦਸਤਾਵੇਜ਼ 'ਤੇ ਦਸਤਖ਼ਤ ਕਰਨੇ ਸਨ।
ਫਿਰ ਇੱਕ ਦਾਈ ਨੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਇਆ। ਇਸ ਵਿੱਚ ਲਗਭਗ 40 ਮਿੰਟ ਲੱਗੇ। ਪਰ ਨੇਡਾ ਨੂੰ ਠੀਕ ਹੋਣ ਲਈ ਕਈ ਹਫ਼ਤੇ ਲੱਗਣਗੇ।
ਉਹ ਇਸ ਪ੍ਰਕਿਰਿਆ ਨੂੰ ਯਾਦ ਕਰਦੀ ਹੈ "ਮੈਨੂੰ ਬਹੁਤ ਦਰਦ ਹੋ ਰਿਹਾ ਸੀ। ਮੈਂ ਆਪਣੀਆਂ ਲੱਤਾਂ ਨੂੰ ਹਿਲਾ ਨਹੀਂ ਸਕਦੀ ਸੀ।"
ਉਸ ਨੇ ਇਹ ਸਾਰੀ ਗੱਲ ਆਪਣੇ ਮਾਤਾ-ਪਿਤਾ ਤੋਂ ਛੁਪਾਈ ਰੱਖੀ।
"ਮੈਂ ਬਹੁਤ ਇਕੱਲਾ ਮਹਿਸੂਸ ਕੀਤਾ। ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪਤਾ ਲੱਗਣ ਦੇ ਡਰ ਨੇ ਮੈਨੂੰ ਦਰਦ ਨੂੰ ਸਹਿਣ ਵਿੱਚ ਮਦਦ ਕੀਤੀ।"
ਅੰਤ ਵਿੱਚ, ਨੇਡਾ ਨੇ ਜੋ ਕਸ਼ਟ ਝੱਲਿਆ, ਉਹ ਬੇਕਾਰ ਹੀ ਗਿਆ।
ਇੱਕ ਸਾਲ ਬਾਅਦ ਉਹ ਕਿਸੇ ਅਜਿਹੇ ਵਿਅਕਤੀ ਨੂੰ ਮਿਲੀ ਜੋ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਰ ਜਦੋਂ ਉਨ੍ਹਾਂ ਨੇ ਸੈਕਸ ਕੀਤਾ, ਤਾਂ ਉਸ ਨੂੰ ਬਲੀਡਿੰਗ ਨਹੀਂ ਹੋਈ। ਇਹ ਸਾਰੀ ਪ੍ਰਕਿਰਿਆ ਫੇਲ੍ਹ ਹੋ ਗਈ ਸੀ।
"ਮੇਰੇ ਪ੍ਰੇਮੀ ਨੇ ਮੇਰੇ 'ਤੇ ਉਸ ਨੂੰ ਵਿਆਹ ਲਈ ਫਸਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਮੈਂ ਝੂਠੀ ਹਾਂ ਅਤੇ ਉਸ ਨੇ ਮੈਨੂੰ ਛੱਡ ਦਿੱਤਾ।"
ਪਰਿਵਾਰ ਵੱਲੋਂ ਦਬਾਅ
ਡਬਲਯੂਐੱਚਓ ਦੁਆਰਾ ਵਰਜਿਨਿਟੀ ਟੈਸਟਿੰਗ ਨੂੰ ਅਨੈਤਿਕ ਅਤੇ ਵਿਗਿਆਨਕ ਮਾਨਤਾ ਦੀ ਘਾਟ ਵਜੋਂ ਨਿੰਦਣ ਦੇ ਬਾਵਜੂਦ, ਇਹ ਰਵਾਇਤ ਅਜੇ ਵੀ ਇੰਡੋਨੇਸ਼ੀਆ, ਇਰਾਕ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ।
ਈਰਾਨੀ ਮੈਡੀਕਲ ਸੰਗਠਨ ਦਾ ਕਹਿਣਾ ਹੈ ਕਿ ਉਹ ਸਿਰਫ਼ ਵਿਸ਼ੇਸ਼ ਹਾਲਤਾਂ ਵਿੱਚ ਹੀ ਕੁਆਰੇਪਣ ਦੀ ਜਾਂਚ ਕਰਵਾਉਂਦੇ ਹਨ - ਜਿਵੇਂ ਕਿ ਅਦਾਲਤੀ ਕੇਸ ਅਤੇ ਬਲਾਤਕਾਰ ਦੇ ਦੋਸ਼।
ਹਾਲਾਂਕਿ, ਵਰਜਿਨਿਟੀ ਸਰਟੀਫਿਕੇਸ਼ਨ ਲਈ ਜ਼ਿਆਦਾਤਰ ਬੇਨਤੀਆਂ ਅਜੇ ਵੀ ਉਨ੍ਹਾਂ ਜੋੜਿਆਂ ਵੱਲੋਂ ਆਉਂਦੀਆਂ ਹਨ ਜੋ ਵਿਆਹ ਕਰਾਉਣ ਦੀ ਯੋਜਨਾ ਬਣਾ ਰਹੇ ਹਨ।
ਇਸ ਲਈ ਉਹ ਪ੍ਰਾਈਵੇਟ ਕਲੀਨਿਕਾਂ ਵੱਲ ਜਾਂਦੇ ਹਨ। ਉੱਥੇ ਉਹ ਅਕਸਰ ਆਪਣੀਆਂ ਮਾਵਾਂ ਦੇ ਨਾਲ ਜਾਂਦੇ ਹਨ।
ਗਾਇਨਾਕੋਲੋਜਿਸਟ ਜਾਂ ਦਾਈ ਇਹ ਟੈਸਟ ਕਰੇਗੀ ਅਤੇ ਇੱਕ ਸਰਟੀਫਿਕੇਟ ਜਾਰੀ ਕਰੇਗੀ। ਇਸ ਵਿੱਚ ਲੜਕੀ ਦਾ ਪੂਰਾ ਨਾਮ, ਉਸ ਦੇ ਪਿਤਾ ਦਾ ਨਾਮ, ਉਸ ਦੀ ਰਾਸ਼ਟਰੀ ਆਈਡੀ ਅਤੇ ਕਈ ਵਾਰ ਉਸ ਦੀ ਫੋਟੋ ਸ਼ਾਮਲ ਹੋਵੇਗੀ।
ਇਹ ਉਸ ਦੇ ਹਾਈਮਨ ਦੀ ਸਥਿਤੀ ਦਾ ਵਰਣਨ ਕਰੇਗਾ, ਅਤੇ ਇਹ ਕਥਨ ਸ਼ਾਮਲ ਹੋਵੇਗਾ: "ਇਹ ਕੁੜੀ ਕੁਆਰੀ ਜਾਪਦੀ ਹੈ।"
ਵਧੇਰੇ ਰੂੜੀਵਾਦੀ ਪਰਿਵਾਰਾਂ ਵਿੱਚ ਦਸਤਾਵੇਜ਼ 'ਤੇ ਦੋ ਗਵਾਹਾਂ ਦੁਆਰਾ ਦਸਤਖਤ ਕੀਤੇ ਜਾਣਗੇ - ਆਮ ਤੌਰ 'ਤੇ ਮਾਵਾਂ ਵੱਲੋਂ।
ਡਾ. ਫਰੀਬਾ ਸਾਲਾਂ ਤੋਂ ਸਰਟੀਫਿਕੇਟ ਜਾਰੀ ਕਰ ਰਹੀ ਹੈ। ਉਹ ਮੰਨਦੀ ਹੈ ਕਿ ਇਹ ਇੱਕ ਬੇਇੱਜ਼ਤੀ ਭਰਿਆ ਅਭਿਆਸ ਹੈ।
ਪਰ ਉਸ ਦਾ ਮੰਨਣਾ ਹੈ ਕਿ ਉਹ ਅਸਲ ਵਿੱਚ ਬਹੁਤ ਸਾਰੀਆਂ ਕੁੜੀਆਂ ਦੀ ਮਦਦ ਕਰ ਰਹੀ ਹੈ।
"ਉਹ ਆਪਣੇ ਪਰਿਵਾਰਾਂ ਦੇ ਦਬਾਅ ਹੇਠ ਹਨ। ਕਈ ਵਾਰ ਮੈਂ ਜੋੜੇ ਲਈ ਜ਼ੁਬਾਨੀ ਤੌਰ 'ਤੇ ਝੂਠ ਬੋਲਦੀ ਹਾਂ। ਜੇਕਰ ਉਹ ਇਕੱਠੇ ਸੌਂਦੇ ਹਨ ਅਤੇ ਵਿਆਹ ਕਰਨਾ ਚਾਹੁੰਦੇ ਹਨ, ਤਾਂ ਮੈਂ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਕਹਿੰਦੀ ਹਾਂ ਕਿ ਲੜਕੀ ਕੁਆਰੀ ਹੈ।"
ਪਰ ਬਹੁਤ ਸਾਰੇ ਮਰਦਾਂ ਲਈ ਕੁਆਰੀ ਲੜਕੀ ਨਾਲ ਵਿਆਹ ਕਰਾਉਣਾ ਅਜੇ ਵੀ ਅਹਿਮ ਹੈ।
ਸ਼ਿਰਾਜ਼ ਦਾ 34 ਸਾਲਾ ਇਲੈੱਕਟ੍ਰੀਸ਼ੀਅਨ ਅਲੀ ਕਹਿੰਦਾ ਹੈ, "ਜੇਕਰ ਕੋਈ ਕੁੜੀ ਵਿਆਹ ਤੋਂ ਪਹਿਲਾਂ ਆਪਣਾ ਕੁਆਰਾਪਣ ਗੁਆ ਦਿੰਦੀ ਹੈ, ਤਾਂ ਉਹ ਭਰੋਸੇਮੰਦ ਨਹੀਂ ਹੋ ਸਕਦੀ। ਉਹ ਆਪਣੇ ਪਤੀ ਨੂੰ ਕਿਸੇ ਹੋਰ ਆਦਮੀ ਲਈ ਛੱਡ ਸਕਦੀ ਹੈ।"
ਉਸ ਦਾ ਕਹਿਣਾ ਹੈ ਕਿ ਉਸ ਨੇ 10 ਕੁੜੀਆਂ ਨਾਲ ਸੈਕਸ ਕੀਤਾ ਹੈ। ਉਹ ਕਹਿੰਦਾ ਹੈ, "ਮੈਂ ਖੁਦ ਨੂੰ ਰੋਕ ਨਹੀਂ ਸਕਿਆ।"
ਅਲੀ ਸਵੀਕਾਰ ਕਰਦਾ ਹੈ ਕਿ ਈਰਾਨੀ ਸਮਾਜ ਵਿੱਚ ਦੋਹਰੇ ਮਾਪਦੰਡ ਹਨ, ਪਰ ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਪਰੰਪਰਾ ਤੋਂ ਪਿੱਛੇ ਹਟਣ ਦਾ ਕੋਈ ਕਾਰਨ ਨਹੀਂ ਦਿਖਦਾ।
"ਸਮਾਜਿਕ ਮਾਪਦੰਡ ਸਵੀਕਾਰ ਕਰਦੇ ਹਨ ਕਿ ਮਰਦਾਂ ਨੂੰ ਔਰਤਾਂ ਦੀ ਤੁਲਨਾ ਵਿੱਚ ਵੱਧ ਆਜ਼ਾਦੀ ਹੈ।"
ਅਲੀ ਦਾ ਵਿਚਾਰ ਬਹੁਤ ਸਾਰੇ ਲੋਕਾਂ ਦੁਆਰਾ ਸਾਂਝਾ ਕੀਤਾ ਜਾਂਦਾ ਹੈ, ਖਾਸ ਕਰਕੇ ਈਰਾਨ ਦੇ ਵਧੇਰੇ ਪੇਂਡੂ, ਰੂੜੀਵਾਦੀ ਖੇਤਰਾਂ ਵਿੱਚ।
ਵਰਜਿਨਿਟੀ ਟੈਸਟ ਦੇ ਖਿਲਾਫ਼ ਵਧਦੇ ਪ੍ਰਦਰਸ਼ਨਾਂ ਦੇ ਬਾਵਜੂਦ, ਇਹ ਧਾਰਨਾ ਈਰਾਨੀ ਸੱਭਿਆਚਾਰ ਦੇ ਅੰਦਰ ਇੰਨੀ ਡੂੰਘੀ ਰਚੀ-ਮਿਚੀ ਹੈ।
ਕਈਆਂ ਦਾ ਮੰਨਣਾ ਹੈ ਕਿ ਸਰਕਾਰ ਅਤੇ ਸੰਸਦ ਮੈਂਬਰਾਂ ਦੁਆਰਾ ਇਸ ਪ੍ਰਥਾ 'ਤੇ ਪੂਰਨ ਪਾਬੰਦੀ ਲਗਾਉਣੀ ਜਲਦੀ ਸੰਭਵ ਨਹੀਂ ਲੱਗਦੀ।
ਭਵਿੱਖ ਵਿੱਚ ਉਮੀਦ
ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਨ ਅਤੇ ਦੁਰਵਿਵਹਾਰ ਕਰਨ ਵਾਲੇ ਪਤੀ ਨਾਲ ਰਹਿਣ ਦੇ ਚਾਰ ਸਾਲ ਬਾਅਦ, ਮਰੀਅਮ ਆਖਿਰਕਾਰ ਅਦਾਲਤ ਰਾਹੀਂ ਤਲਾਕ ਲੈਣ ਦੇ ਯੋਗ ਹੋ ਗਈ।
ਉਹ ਕੁਝ ਹਫ਼ਤੇ ਪਹਿਲਾਂ ਹੀ ਸਿੰਗਲ ਹੋਈ ਹੈ।
ਉਹ ਕਹਿੰਦੀ ਹੈ, "ਕਿਸੇ ਆਦਮੀ 'ਤੇ ਦੁਬਾਰਾ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਮੈਂ ਨਜ਼ਦੀਕੀ ਭਵਿੱਖ ਵਿੱਚ ਖੁਦ ਨੂੰ ਵਿਆਹ ਕਰਦੇ ਹੋਏ ਨਹੀਂ ਦੇਖ ਸਕਦੀ।"
ਹਜ਼ਾਰਾਂ ਹੋਰ ਔਰਤਾਂ ਦੇ ਨਾਲ, ਉਸ ਨੇ ਵੀ ਵਰਜਿਨਿਟੀ ਸਰਟੀਫਿਕੇਟ ਜਾਰੀ ਕਰਨ ਨੂੰ ਖਤਮ ਕਰਨ ਲਈ ਆਨਲਾਈਨ ਪਟੀਸ਼ਨਾਂ ਦੀ ਵੱਧ ਰਹੀ ਗਿਣਤੀ ਵਿੱਚੋਂ ਇੱਕ 'ਤੇ ਦਸਤਖਤ ਕੀਤੇ ਹਨ।
ਹਾਲਾਂਕਿ ਉਸ ਨੂੰ ਜਲਦੀ ਹੀ ਕੁਝ ਵੀ ਬਦਲਣ ਦੀ ਉਮੀਦ ਨਹੀਂ ਹੈ, ਸ਼ਾਇਦ ਆਪਣੇ ਜੀਵਨ ਕਾਲ ਵਿੱਚ ਵੀ ਨਹੀਂ।
ਪਰ ਉਹ ਵਿਸ਼ਵਾਸ ਕਰਦੀ ਹੈ ਕਿ ਇੱਕ ਦਿਨ ਔਰਤਾਂ ਨੂੰ ਆਪਣੇ ਦੇਸ਼ ਵਿੱਚ ਹੋਰ ਸਮਾਨਤਾ ਮਿਲੇਗੀ।
"ਮੈਨੂੰ ਯਕੀਨ ਹੈ ਕਿ ਇਹ ਇੱਕ ਦਿਨ ਹੋਵੇਗਾ। ਮੈਂ ਉਮੀਦ ਕਰਦੀ ਹਾਂ ਕਿ ਭਵਿੱਖ ਵਿੱਚ ਕਿਸੇ ਵੀ ਲੜਕੀ ਨੂੰ ਮੇਰੇ ਵੱਲੋਂ ਕੀਤੇ ਗਏ ਇਸ ਕਾਰਜ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ।"
**
ਇੰਟਰਵਿਊ ਦੇ ਸਾਰੇ ਨਾਂ ਉਨ੍ਹਾਂ ਦੀ ਪਛਾਣ ਦੀ ਸੁਰੱਖਿਆ ਲਈ ਬਦਲ ਦਿੱਤੇ ਗਏ ਹਨ।
ਇਹ ਵੀ ਪੜ੍ਹੋ: