ਸ਼੍ਰੀਲੰਕਾ ਦੀ ਸਿਆਸਤ 'ਚ ਰਾਜਪਕਸ਼ੇ ਪਰਿਵਾਰ ਦਾ ਕਿੰਨਾ ਦਬਦਬਾ, ਬਰਬਾਦੀ ਲਈ ਕਿੰਨੇ ਜ਼ਿੰਮੇਵਾਰ

ਸ਼੍ਰੀ ਲੰਕਾ ਦਾ ਸੰਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਟਬਾਇਆ ਰਾਜਪਕਸ਼ੇ ਅਤੇ ਮਹਿੰਦਾ ਰਾਜਪਕਸ਼ੇ
    • ਲੇਖਕ, ਪਵਨ ਸਿੰਘ ਅਤੁਲ
    • ਰੋਲ, ਬੀਬੀਸੀ ਪੱਤਰਕਾਰ

ਸ਼੍ਰੀਲੰਕਾ ਦੀ ਰਾਜਨੀਤੀ ਵਿੱਚ ਪਰਿਵਾਰਾਂ ਦਾ ਦਬਦਬਾ ਕੋਈ ਨਵੀਂ ਗੱਲ ਨਹੀਂ ਹੈ ਪਰ ਰਾਜਪਕਸ਼ੇ ਪਰਿਵਾਰ ਇਸ ਨੂੰ ਨਵੇਂ ਸਿਖਰਾਂ ਤੱਕ ਲੈ ਕੇ ਗਿਆ ਹੈ।

ਇਕ ਸਮਾਂ ਸੀ ਜਦੋਂ ਦੇਸ਼ ਵਿੱਚ ਬੰਡਾਰਨਾਇਕੇ ਪਰਿਵਾਰ ਦੀ ਤੂਤੀ ਬੋਲਦੀ ਸੀ।

ਇਸ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਸੋਲੋਮਨ ਬੰਡਾਰਨਾਇਕੇ ਪ੍ਰਧਾਨ ਮੰਤਰੀ ਬਣੇ ਸਨ। ਉਹ ਇੱਕ ਬੁੱਧ ਅੱਤਵਾਦੀ ਦੇ ਹੱਥੋਂ 1959 ਵਿੱਚ ਮਾਰੇ ਗਏ ਸਨ।

ਉਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਸ੍ਰੀਮਾਵੋ ਬੰਡਾਰਨਾਇਕੇ ਨੇ ਰਾਜਨੀਤੀ ਵਿੱਚ ਕਿਸਮਤ ਅਜ਼ਮਾਈ। ਉਹ 1960 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ। ਉਹ ਦੁਨੀਆਂ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨ।

ਇਸ ਬਾਅਦ ਰਾਜਨੀਤੀ ਵਿੱਚ ਉਨ੍ਹਾਂ ਦੀ ਪੋਤੀ ਚੰਦਰਿਕਾ ਬੰਡਾਰਨਾਇਕੇ ਆਏ ਅਤੇ ਦੇਸ਼ ਦੇ ਰਾਸ਼ਟਰਪਤੀ ਬਣੇ। ਉਹ 1994 ਵਿੱਚ ਇਸ ਅਹੁਦੇ ਨੂੰ ਸੰਭਾਲਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਸਨ।

ਭਾਵੇਂ ਬੰਡਾਰਨਾਇਕੇ ਪਰਿਵਾਰ ਵਿੱਚੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣੇ ਪਰ ਉਹ ਕਦੇ ਰਾਜਪਕਸ਼ੇ ਖਾਨਦਾਨ ਵਾਂਗੂੰ ਦੇਸ਼ ਦੀ ਸੱਤਾ ਉੱਪਰ ਪੂਰੀ ਤਰ੍ਹਾਂ ਕਾਬਜ਼ ਨਹੀਂ ਹੋਇਆ।

ਸ਼੍ਰੀਲੰਕਾ ਉੱਪਰ ਪੂਰਾ ਦਬਦਬਾ

ਕੋਲੰਬੋ ਦੀ ਇੱਕ ਰਾਜਨੀਤਿਕ ਟੀਕਾਕਾਰ ਜੈਦੇਵ ਨੇ ਪਿਛਲੇ ਸਾਲ ਬੀਬੀਸੀ ਹਿੰਦੀ ਨੂੰ ਦੱਸਿਆ ਸੀ, "ਸ਼੍ਰੀ ਲੰਕਾ ਵਿੱਚ ਪਹਿਲਾਂ ਵੀ ਬੰਡਾਰਨਾਇਕੇ, ਜੈਵਰਧਨੇ ਅਤੇ ਸੇਨਾਨਾਇਕੇ ਵਰਗੇ ਰਾਜਨੀਤਕ ਪਰਿਵਾਰਾਂ ਦਾ ਦਬਦਬਾ ਰਿਹਾ ਹੈ। ਰਾਜਪਕਸ਼ੇ ਪਰਿਵਾਰ ਨੇ ਪਰਿਵਾਰਵਾਦ ਨੂੰ ਨਵੇਂ ਸਿਖਰਾਂ 'ਤੇ ਪਹੁੰਚਾਇਆ ਹੈ।"

ਸ਼੍ਰੀ ਲੰਕਾ ਦਾ ਸੰਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਟਬਾਇਆ ਰਾਜਪਕਸ਼ੇ ਅਤੇ ਮਹਿੰਦਾ ਰਾਜਪਕਸ਼ੇ

ਪਿਛਲੇ 15 ਸਾਲਾਂ ਦੌਰਾਨ ਇਸ ਪਰਿਵਾਰ ਨੇ ਰਾਜਨੀਤੀ ਵਿਚ ਕਈ ਉਤਾਰ ਚੜ੍ਹਾਅ ਵੇਖੇ ਪਰ ਉਹ ਹਰ ਵਾਰ ਹਾਸ਼ੀਏ ਉੱਤੇ ਪਹੁੰਚਣ ਤੋਂ ਬਾਅਦ ਵੀ ਦੇਸ਼ ਦੀ ਸਿਆਸਤ ਦੇ ਕੇਂਦਰ ਵਿੱਚ ਪਹੁੰਚ ਗਿਆ।

ਇੱਕ ਤਰੀਕੇ ਨਾਲ ਮਹਿੰਦਾ ਰਾਜਪਕਸ਼ੇ ਇਸ ਖ਼ਾਨਦਾਨ ਦੇ ਮੁਖੀ ਹਨ। ਹਾਲਾਂਕਿ ਉੱਤਰੀ ਸ਼੍ਰੀਲੰਕਾ ਵਿਚ ਤਾਮਿਲ ਵਿਦਰੋਹੀਆਂ ਦੇ ਖ਼ਿਲਾਫ਼ ਗ੍ਰਹਿ ਯੁੱਧ ਵਿੱਚ ਉਨ੍ਹਾਂ ਦੀ ਵਿਵਾਦਿਤ ਭੂਮਿਕਾ ਦਾ ਕਾਰਨ ਉਨ੍ਹਾਂ ਦੇ ਛੋਟੇ ਭਰਾ ਗੋਟਾਬਾਇਆ ਰਾਜਪਕਸ਼ੇ ਦਾ ਕੱਦ ਲਗਾਤਾਰ ਵਧਦਾ ਰਿਹਾ ਹੈ।

ਉਹ ਇਸ ਸਮੇਂ ਰਾਸ਼ਟਰਪਤੀ ਤਾਂ ਹਨ ਪਰ ਤਾਜ਼ਾ ਰਾਜਨੀਤਿਕ ਹਾਲਾਤ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਨੇ ਅਸਤੀਫੇ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-

ਸ਼੍ਰੀਲੰਕਾ ਦੀ ਸਰਕਾਰ ਵਿੱਚ ਰਾਜਪਕਸ਼ੇ ਪਰਿਵਾਰ ਦੇ ਪੰਜ ਮੰਤਰੀ ਸਨ। ਇਨ੍ਹਾਂ ਵਿੱਚ ਚਾਰ ਭਰਾ ਹਨ ਅਤੇ ਪੰਜਵਾ ਉਨ੍ਹਾਂ ਦੇ ਭਰਾ ਦਾ ਬੇਟਾ।

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਦੇ ਰੱਖਿਆ ਮੰਤਰੀ ਵੀ ਸਨ। ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ, ਚਮਲ ਰਾਜਪਕਸ਼ੇ ਸਿੰਜਾਈ ਮੰਤਰੀ, ਬਾਸਿਲ ਰਾਜਪਕਸ਼ੇ ਵਿੱਤ ਮੰਤਰੀ ਅਤੇ ਨਮਲ ਰਾਜਪਕਸ਼ੇ ਖੇਡ ਮੰਤਰੀ ਰਹੇ ਹਨ।

ਟੀਕਾਕਾਰ ਜੈਦੇਵ ਆਖਦੇ ਹਨ,"ਪਹਿਲਾਂ ਦੇ ਰਾਜਨੀਤਿਕ ਪਰਿਵਾਰ ਸਿਰਫ਼ ਸਰਕਾਰ ਨੂੰ ਕਾਬੂ ਕਰਨਾ ਚਾਹੁੰਦੇ ਸਨ ਪਰ ਇਹ ਪਰਿਵਾਰ ਪੂਰੀ ਵਿਵਸਥਾ ਨੂੰ ਕਾਬੂ ਵਿੱਚ ਕਰਨਾ ਚਾਹੁੰਦਾ ਹੈ। ਇਨ੍ਹਾਂ ਕੋਲ ਐਨੇ ਸਾਰੇ ਮੰਤਰਾਲੇ ਅਤੇ ਮਹਿਕਮੇ ਹਨ ਕਿ ਪੂਰੀ ਵਿਵਸਥਾ ਉੱਤੇ ਹੀ ਜਿਵੇਂ ਇਨ੍ਹਾਂ ਦਾ ਕਬਜ਼ਾ ਹੈ।"

Banner

ਸ਼੍ਰੀ ਲੰਕਾ ਦੀ ਆਰਥਿਕ ਸੰਕਟ

  • ਲੋਕਾਂ ਵਿੱਚ ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ, ਖਾਣ ਵਾਲੀ ਚੀਜ਼ਾਂ, ਪਟਰੋਲ ਡੀਜ਼ਲ ਅਤੇ ਦਵਾਈਆਂ ਦੀ ਕਮੀ ਕਾਰਨ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
  • ਸ਼ਹਿਰਾਂ ਵਿੱਚ ਈਂਧਨ ਲਈ ਵੱਡੀਆਂ-ਵੱਡੀਆਂ ਕਤਾਰਾਂ ਪੂਰੇ ਉਪਨਗਰਾਂ ਦੇ ਆਲੇ-ਦੁਆਲੇ ਘੁੰਮਦੀਆਂ ਨਜ਼ਰ ਆ ਰਹੀਆਂ ਹਨ।
  • ਭੋਜਨ, ਰਸੋਈ ਗੈਸ, ਕੱਪੜਿਆਂ, ਟਰਾਂਸਪੋਰਟ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਸਨ।
  • ਇੱਥੇ ਕਿਸੇ ਸਮੇਂ ਤਾਜ਼ੀ ਮੱਛੀ ਭਰਪੂਰ ਮਿਲਦੀ ਸੀ। ਪਰ ਹੁਣ ਕਿਸ਼ਤੀਆਂ ਸਮੁੰਦਰ ਵਿੱਚ ਨਹੀਂ ਜਾ ਸਕਦੀਆਂ ਕਿਉਂਕਿ ਡੀਜ਼ਲ ਨਹੀਂ ਹੈ।
  • ਜ਼ਿਆਦਾਤਰ ਬੱਚਿਆਂ ਨੂੰ ਹੁਣ ਲਗਭਗ ਬਿਨਾਂ ਪ੍ਰੋਟੀਨ ਵਾਲੀ ਖੁਰਾਕ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
Banner

ਆਓ ਇਸ ਪਰਿਵਾਰ ਦੇ ਅਹਿਮ ਮੈਂਬਰਾਂ ਉਤੇ ਇੱਕ ਝਾਤ ਪਾਉਂਦੇ ਹਾਂ।

ਮਹਿੰਦਾ ਰਾਜਪਕਸ਼ੇ

ਮਹਿੰਦਾ ਰਾਜਪਕਸ਼ੇ 24 ਸਾਲ ਦੀ ਉਮਰ ਵਿੱਚ 1970 ਵਿੱਚ ਪਹਿਲੀ ਵਾਰ ਦੇਸ਼ ਦੇ ਸੰਸਦ ਮੈਂਬਰ ਬਣੇ ਸਨ। ਇਸ ਉਮਰ ਵਿਚ ਸੰਸਦ ਮੈਂਬਰ ਬਣਨ ਵਾਲੇ ਉਹ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ।

ਪਰ ਰਾਜਨੀਤੀ ਵਿੱਚ ਉਹ ਪਹਿਲੇ ਰਾਜਪਕਸ਼ੇ ਨਹੀਂ ਸਨ। ਉਨ੍ਹਾਂ ਦੇ ਪਿਤਾ ਡੀ ਰਾਜਪਕਸ਼ੇ ਵੀ 1947 ਤੋਂ 1965 ਤੱਕ ਦੇਸ਼ ਦੀ ਸੰਸਦ ਮੈਂਬਰ ਰਹੇ ਹਨ।

ਤੇਜ਼ੀ ਨਾਲ ਸਿਆਸਤ ਦਾ ਸਫ਼ਰ ਕਰਦੇ ਹੋਏ ਮਹਿੰਦਾ ਰਾਜਪਕਸ਼ੇ ਸ਼੍ਰੀਲੰਕਾ ਫਰੀਡਮ ਪਾਰਟੀ ਦੇ ਆਗੂ ਬਣੇ ਅਤੇ 2004 ਵਿੱਚ ਪਹਿਲੀ ਵਾਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇਸ ਤੋਂ ਅਗਲੇ ਸਾਲ ਉਹ ਦੇਸ਼ ਦੇ ਰਾਸ਼ਟਰਪਤੀ ਬਣੇ ਅਤੇ ਫਿਰ ਜਨਵਰੀ 2010 ਵਿੱਚ ਸ਼੍ਰੀਲੰਕਾ ਦੀ ਸੈਨਾ ਦੇ ਸਾਬਕਾ ਮੁਖੀ ਸਨਅਤ ਫੋਂਸੇਕਾ ਨੂੰ ਹਰਾ ਕੇ ਦੂਜੀ ਵਾਰ ਰਾਸ਼ਟਰਪਤੀ ਬਣੇ।

ਉਨ੍ਹਾਂ ਦੇ ਆਲੋਚਕ ਆਖਦੇ ਹਨ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਅਜਿਹੀਆਂ ਮਿਸਾਲਾਂ ਦਾ ਗਵਾਹ ਰਿਹਾ ਹੈ ਜਦੋਂ ਉਨ੍ਹਾਂ ਨੇ ਆਪਣੇ ਰਾਜਨੀਤਕ ਮਕਸਦ ਲਈ ਹਿੰਸਾ ਨੂੰ ਵੀ ਨਜ਼ਰਅੰਦਾਜ਼ ਕੀਤਾ। ਮਹਿੰਦਾ ਰਾਜਪਕਸ਼ੇ ਅਜਿਹੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।

ਉਨ੍ਹਾਂ ਦੇ ਆਲੋਚਕ ਉੱਤਰੀ ਸ਼੍ਰੀਲੰਕਾ ਵਿਚ ਤਾਮਿਲ ਵੱਖਵਾਦੀਆਂ ਦੇ ਵਿਰੁੱਧ ਛੇੜੇ ਗਏ ਅਭਿਆਨ ਦੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਲ ਇਸ਼ਾਰਾ ਕਰਦੇ ਹਨ।

ਸ਼੍ਰੀ ਲੰਕਾ ਦਾ ਸੰਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਿੰਦਾ ਰਾਜਪਕਸ਼ੇ

ਰਾਜਪਕਸ਼ੇ ਦਾ ਤਰਕ ਰਿਹਾ ਹੈ ਕਿ ਹਥਿਆਰਬੰਦ ਵਿਦਰੋਹੀਆਂ ਦੇ ਗੁੱਟ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਲੜਾਕਿਆਂ ਤੇ ਆਮ ਲੋਕਾਂ ਨੂੰ ਵੱਖ-ਵੱਖ ਰੱਖਣ ਵਿੱਚ ਨਾਕਾਮ ਰਿਹਾ ਹੈ।

ਸੰਯੁਕਤ ਰਾਸ਼ਟਰ ਨੇ ਤਾਮਿਲ ਵਿਦਰੋਹੀਆਂ ਅਤੇ ਸਰਕਾਰ ਦੀ ਸੈਨਾ ਦੋਵਾਂ ਉੱਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਸਨ।

ਮਹਿੰਦਾ ਰਾਜਪਕਸ਼ੇ ਆਪਣੇ ਦੂਜੇ ਕਾਰਜਕਾਲ ਵਿਚ ਕਾਮਯਾਬੀ ਵੱਲ ਵੱਧ ਰਹੇ ਸਨ ਕਿ ਦੇਸ਼ ਦੀ ਵਿਗੜਦੀ ਆਰਥਿਕ ਹਾਲਾਤ ਨੇ ਵਿਰੋਧੀਆਂ ਨੂੰ ਮੌਕਾ ਦਿੱਤਾ ਅਤੇ ਉਹ 2015 ਦੀਆਂ ਚੋਣਾਂ ਹਾਰ ਗਏ।

ਵੀਡੀਓ ਕੈਪਸ਼ਨ, ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਦੇ ਘਰ ਦਾਖਲ ਹੋਏ ਲੋਕਾਂ ਨੂੰ ਜਦੋਂ ਮੌਜ ਲੱਗ ਗਈ

2019 ਵਿੱਚ ਈਸਟਰ ਮੌਕੇ ਹੋਏ ਧਮਾਕਿਆਂ ਨੇ ਇੱਕ ਵਾਰ ਫੇਰ ਰਾਜਪਕਸ਼ੇ ਨੂੰ ਦੇਸ਼ ਦੀ ਰਾਜਨੀਤੀ ਦੇ ਕੇਂਦਰ ਵਿੱਚ ਖੜ੍ਹਾ ਕਰ ਦਿੱਤਾ ਸੀ।

ਇਸ ਤੋਂ ਬਾਅਦ ਚੋਣਾਂ ਵਿਚ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਭਰਾ ਗੋਟਬਾਇਆ ਰਾਜਪਕਸ਼ੇ ਰਾਸ਼ਟਰਪਤੀ ਦੇ ਉਮੀਦਵਾਰ ਬਣੇ ਵੀ ਅਤੇ ਜਿੱਤੇ ਵੀ।

ਗੋਟਾਬਾਇਆ ਰਾਜਪਕਸ਼ੇ

ਸ਼੍ਰੀਲੰਕਾ ਦੇ ਮੌਜੂਦਾ ਰਾਸ਼ਟਰਪਤੀ ਨੰਦਾਸੇਨਾ ਗੋਟਾਬਾਇਆ ਰਾਜਪਕਸ਼ੇ ਸ਼੍ਰੀਲੰਕਾ ਦੀ ਫ਼ੌਜ ਵਿੱਚ ਲੈਫਟੀਨੈਂਟ ਕਰਨਲ ਰਹਿ ਚੁੱਕੇ ਹਨ। ਫੌਜ ਵਿੱਚੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ 1998 ਵਿੱਚ ਅਮਰੀਕਾ ਚਲੇ ਗਏ ਸਨ।

ਸਾਲ 2005 ਵਿੱਚ ਉਹ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਦੇਸ਼ ਦੀ ਰਾਸ਼ਟਰਪਤੀ ਚੋਣ ਵਿੱਚ ਸਹਾਇਤਾ ਲਈ ਆਏ ਸਨ। ਰਾਸ਼ਟਰਪਤੀ ਦੀ ਚੋਣ ਜਿੱਤੀ ਅਤੇ ਫੇਰ ਉਨ੍ਹਾਂ ਨੂੰ ਗੋਟਾਬਾਇਆ ਰੱਖਿਆ ਸਕੱਤਰ ਦਾ ਅਹੁਦਾ ਵੀ ਦਿੱਤਾ ਗਿਆ।

ਗੋਟਾਬਾਇਆ ਦੀ ਦੇਸ਼ ਵਿੱਚ ਮਜ਼ਬੂਤੀ ਦੇ ਬਾਵਜੂਦ ਅੰਤਰਰਾਸ਼ਟਰੀ ਕਰਜ਼ਾ ਸ਼੍ਰੀ ਲੰਕਾ ਦੀ ਜੀਅ ਦਾ ਜੰਜਾਲ ਬਣ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਟਾਬਾਇਆ ਦੀ ਦੇਸ਼ ਵਿੱਚ ਮਜ਼ਬੂਤੀ ਦੇ ਬਾਵਜੂਦ ਅੰਤਰਰਾਸ਼ਟਰੀ ਕਰਜ਼ਾ ਸ਼੍ਰੀ ਲੰਕਾ ਦੀ ਜੀਅ ਦਾ ਜੰਜਾਲ ਬਣ ਗਿਆ।

ਸ਼੍ਰੀਲੰਕਾ ਦੀ ਰਾਜਨੀਤੀ ਨੂੰ ਕਾਬੂ ਕਰਨ ਦੀ ਇਹ ਰਾਜਪਕਸ਼ੇ ਖ਼ਾਨਦਾਨ ਦੇ ਸ਼ੂਰੁਆਤ ਸੀ। ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੀਲੰਕਾ ਦੀ ਫੌਜ ਨੇ ਦੇਸ਼ ਦੇ ਤਾਮਿਲ ਵਿਦਰੋਹੀਆਂ ਖ਼ਿਲਾਫ਼ ਜੰਗ ਜਿੱਤੀ।

ਇਸ ਦੌਰਾਨ ਉਨ੍ਹਾਂ ਉੱਪਰ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇਲਜ਼ਾਮ ਵੀ ਲੱਗੇ ਪਰ ਸਾਰੇ ਵਿਵਾਦਾਂ ਦੇ ਬਾਵਜੂਦ ਉਨ੍ਹਾਂ ਦੇ ਸਿਆਸੀ ਸਿਤਾਰੇ ਚਮਕਦੇ ਰਹੇ। 2015 ਵਿੱਚ ਜਦੋਂ ਸਾਰੇ ਵਿਰੋਧੀ ਦਲ ਇਕੱਠੇ ਹੋ ਗਏ ਤਾਂ ਰਾਜਪਕਸ਼ੇ ਪਰਿਵਾਰ ਸੱਤਾ ਤੋਂ ਬਾਹਰ ਹੋ ਗਿਆ।

2019 ਵਿੱਚ ਉਹ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਬਣੇ।

ਇਸ ਜਿੱਤ ਤੋਂ ਬਾਅਦ ਰਾਜਪਕਸ਼ੇ ਪਰਿਵਾਰ ਦੇ ਕਈ ਮੈਂਬਰ ਹੌਲੀ-ਹੌਲੀ ਸ਼੍ਰੀਲੰਕਾ ਦੀ ਸਰਕਾਰ ਵਿਚ ਸ਼ਾਮਿਲ ਹੋਣ ਲੱਗੇ। ਇਸੇ ਦੌਰਾਨ ਦੁਨੀਆਂ ਮਹਾਂਮਾਰੀ ਦੀ ਚਪੇਟ ਵਿੱਚ ਆਈ ਅਤੇ ਸ਼੍ਰੀਲੰਕਾ ਉੱਪਰ ਆਰਥਿਕ ਦਬਾਅ ਵਧ ਗਿਆ।

ਗੋਟਾਬਾਇਆ ਦੀ ਦੇਸ਼ ਵਿੱਚ ਮਜ਼ਬੂਤੀ ਦੇ ਬਾਵਜੂਦ ਅੰਤਰਰਾਸ਼ਟਰੀ ਕਰਜ਼ਾ ਸ਼੍ਰੀਲੰਕਾ ਦੀ ਜੀਅ ਦਾ ਜੰਜਾਲ ਬਣ ਗਿਆ।

ਵੀਡੀਓ ਕੈਪਸ਼ਨ, ਸ਼੍ਰੀਲੰਕਾ ਸੰਕਟ: ਪੈਟਰੋਲ ਪਿੱਛੇ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਦਾ ਦਰਦ

ਗੋਟਾਬਾਇਆ ਨੂੰ ਲੱਗਦਾ ਸੀ ਕਿ ਵਿਦਰੋਹੀਆਂ ਖ਼ਿਲਾਫ਼ ਜਿੱਤ ਅਤੇ ਬਾਅਦ ਵਿਚ ਰਾਜਧਾਨੀ ਕੋਲੰਬੋ ਦੇ ਸੁੰਦਰੀਕਰਨ ਤੋਂ ਬਾਅਦ ਉਹ ਤਾਕਤਵਰ ਸਥਿਤੀ ਵਿੱਚ ਹਨ। ਪਰ ਟੈਕਸਾਂ ਵਿਚ ਛੋਟ ਅਤੇ ਜੈਵਿਕ ਖੇਤੀ ਵਰਗੇ ਫ਼ੈਸਲਿਆਂ ਨੇ ਸ਼੍ਰੀਲੰਕਾ ਨੂੰ ਮੁਸੀਬਤਾਂ ਵਿੱਚ ਪਾ ਦਿੱਤਾ।

ਇਸ ਸਾਲ 31 ਮਾਰਚ ਨੂੰ ਉਨ੍ਹਾਂ ਦੇ ਨਿਜੀ ਨਿਵਾਸ ਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਜਿਹਾ ਬੋਲ ਦਿੱਤਾ। ਉਸੇ ਦਿਨ ਸਾਫ਼ ਹੋ ਗਿਆ ਸੀ ਕਿ ਹੁਣ ਇਹ ਸਰਕਾਰ ਜ਼ਿਆਦਾ ਦਿਨ ਨਹੀਂ ਚਲੇਗੀ।

ਤਮਾਮ ਸੰਕੇਤਾਂ ਦੇ ਬਾਵਜੂਦ ਗੋਟਾਬਾਇਆ ਨੇ ਉਨ੍ਹਾਂ ਖ਼ਿਲਾਫ਼ ਲੱਗਦਿਆਂ ਨੂੰ ਅਣਦੇਖਿਆ ਕੀਤਾ।

ਉਨ੍ਹਾਂ ਨੇ ਆਪਣੇ ਬਚਾਏ ਆਪਣੇ ਭਰਾਵਾਂ ਨੂੰ ਸਰਕਾਰ ਛੱਡਣ ਲਈ ਆਖਿਆ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਅਤੇ ਰੱਖਿਆ ਮੰਤਰੀ ਚਮਾਲ ਨੇ ਸਰਕਾਰ ਛੱਡੀ।

ਬਾਸਿਲ ਰਾਜਕਰਸ਼ੇ

ਬਾਸਿਲ, ਮਹਿੰਦਾ ਅਤੇ ਗੋਟਾਬਾਇਆ ਦੇ ਛੋਟੇ ਭਾਈ ਹਨ। ਉਹ ਆਪਣੇ ਭਰਾ ਅਤੇ ਹੁਣ ਤੱਕ ਪ੍ਰਧਾਨ ਮੰਤਰੀ ਰਹੇ ਮਹਿੰਦਾ ਰਾਜਪਕਸ਼ੇ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਸਨ।

ਉਹ ਦੋ ਮਹੀਨੇ ਪਹਿਲਾਂ ਆਰਥਿਕ ਮਦਦ ਦੀ ਗੁਹਾਰ ਲੈ ਕੇ ਭਾਰਤ ਵੀ ਆਏ ਸਨ। ਬਾਸਿਲ ਨੇ 1977 ਦੀਆਂ ਆਮ ਚੋਣਾਂ ਤੋਂ ਹੀ ਵੋਟਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਪਰ ਸ਼ੁਰੂ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਬਾਸਿਲ ਨੇ 1977 ਦੀਆਂ ਆਮ ਚੋਣਾਂ ਤੋਂ ਹੀ ਵੋਟਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਸਿਲ ਨੇ 1977 ਦੀਆਂ ਆਮ ਚੋਣਾਂ ਤੋਂ ਹੀ ਵੋਟਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਸਾਲ 2005 ਵਿੱਚ ਮਹਿੰਦਾ ਰਾਜਪਕਸ਼ੇ ਦੇ ਚੋਣ ਜਿੱਤ ਕੇ ਰਾਸ਼ਟਰਪਤੀ ਬਣ ਜਾਣ ਤੋਂ ਬਾਅਦ ਉਹਨਾਂ ਨੂੰ ਸੰਸਦ ਲਈ ਨਾਮਜ਼ਦ ਕੀਤਾ ਗਿਆ ਸੀ। ਸਾਲ 2010 ਦੀਆਂ ਚੋਣਾਂ ਵਿੱਚ ਉਹ ਸੰਸਦ ਚੁਣੇ ਗਏ ਸਨ।

ਪਿਛਲੇ ਸਾਲ ਉਹ ਇੱਕ ਵਾਰ ਫਿਰ ਨਾਮਜ਼ਦ ਕੀਤੇ ਗਏ ਸਨ। ਇਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਗਿਆ ਸੀ। ਪਰ ਲਗਾਤਾਰ ਵੱਧ ਰਹੇ ਵਿਦੇਸ਼ੀ ਕਰਜ਼ੇ ਅਤੇ ਕੋਵਿਡ ਦੀ ਮਾਰ ਕਾਰਨ ਸ਼੍ਰੀ ਲੰਕਾ ਦੀ ਆਰਥਿਕ ਵਿਵਸਥਾ ਵਿਗੜਨੀ ਸ਼ੁਰੂ ਹੋ ਗਈ ਸੀ।

Banner

ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ

  • ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਹੁਣ ਅਸਤੀਫ਼ਾ ਦੇਣਗੇ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
  • ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
  • ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।
Banner

ਬਾਸਿਲ ਰਾਜਕਰਸ਼ੇ ਕੋਲ ਅਮਰੀਕਾ ਦੀ ਵੀ ਨਾਗਰਿਕਤਾ ਹੈ। ਇਸ ਕਰਕੇ ਸੰਵਿਧਾਨ ਵਿੱਚ ਬਦਲਾਅ ਕਰਕੇ ਉਹਨਾਂ ਨੂੰ ਸੰਸਦ ਮੈਂਬਰ ਅਤੇ ਵਿੱਤ ਮੰਤਰੀ ਬਣਾਉਣ ਲਈ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੱਤਾ ਗਿਆ। ਵਿਗੜੇ ਹੋਏ ਹਾਲਾਤ ਵਿੱਚ ਉਹ ਸੰਸਦ ਤੋਂ ਦੂਰ ਰਹਿਣ ਲੱਗ ਪਏ ਸਨ। ਉਹਨਾਂ ਉਪਰ ਭ੍ਰਿਸ਼ਟਾਚਾਰ ਦੇ ਵੀ ਇਲਜ਼ਾਮ ਲਗਦੇ ਰਹੇ।

ਅਪ੍ਰੈਲ 2015 ਵਿੱਚ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਆਪਣੇ ਭਾਈ ਦੇ ਦੂਜੇ ਕਾਰਜਕਾਲ ਵਿੱਚ ਆਰਥਿਕ ਵਿਕਾਸ ਮੰਤਰੀ ਰਹਿ ਚੁੱਕੇ ਹਨ। ਉਹਨਾਂ ਉਪਰ ਦੋ ਹੋਰ ਲੋਕਾਂ ਨਾਲ ਮਿਲ ਕੇ ਸਰਕਾਰੀ ਸੰਪਤੀ ਦੱਬਣ ਦਾ ਇਲਜ਼ਾਮ ਸੀ।

ਅਜਿਹੇ ਹੀ ਇਲਜ਼ਾਮ ਮਹਿੰਦਾ ਅਤੇ ਗੋਟਾਬਾਇਆ ਉਪਰ ਵੀ ਲੱਗਦੇ ਰਹੇ ਸਨ ਪਰ ਪਰਿਵਾਰ ਦੀ ਕਹਿਣਾ ਸੀ ਕਿ ਇਹ ਸਭ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ।

ਚਮਾਲ ਰਾਕਪਕਸ਼ੇ

ਰਾਕਪਕਸ਼ੇ ਭਰਾਵਾਂ ਵਿੱਚ ਤੀਜੇ ਭਰਾ ਚਮਾਲ ਹਨ। ਉਹ ਆਪਣੇ ਭਰਾਵਾਂ ਦੀ ਸਰਕਾਰ ਵਿੱਚ ਕਈ ਅਹਿਮ ਮੰਤਰਾਲਿਆਂ ਵਿੱਚ ਰਹਿ ਚੁੱਕੇ ਹਨ। ਸਾਲ 1989 ਵਿੱਚ ਸਾਂਸਦ ਰਹੇ ਚਮਾਲ ਬੰਦਰਗਾਹ ਅਤੇ ਹਵਾਬਾਜ਼ੀ ਮੰਤਰਾਲੇ ਦੇਖਦੇ ਰਹੇ ਹਨ।

ਉਹ ਸਾਲ 2010 ਤੋਂ 2015 ਤੱਕ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਵੀ ਰਹੇ ਹਨ।

ਆਪਣੇ ਭਰਾਵਾਂ ਦੀ ਸਰਕਾਰ ਵਿੱਚ ਕਈ ਅਹਿਮ ਮੰਤਰਾਲਿਆਂ ਵਿੱਚ ਰਹਿ ਚੁੱਕੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਮਾਲ ਆਪਣੇ ਭਰਾਵਾਂ ਦੀ ਸਰਕਾਰ ਵਿੱਚ ਕਈ ਅਹਿਮ ਮੰਤਰਾਲਿਆਂ ਵਿੱਚ ਰਹਿ ਚੁੱਕੇ ਹਨ।

ਚਮਾਲ ਅਸਲ ਵਿੱਚ ਰਾਜਪਕਸ਼ੇ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ। ਉਹ ਹੁਣ ਤੱਕ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਸਨ।

ਚਾਰ ਰਾਜਪਕਸ਼ੇ ਭਰਾਵਾਂ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਦੇ ਹੋਰ ਲੋਕਾਂ ਦੀ ਵੀ ਰਾਜਨੀਤੀ ਵਿੱਚ ਸਰਗਰਮੀ ਰਹੀ ਹੈ। ਮਹਿੰਦਾ ਰਾਜਪਕਸ਼ੇ ਦੇ ਪੁੱਤਰ ਨਮਲ ਰਾਜਪਕਸ਼ੇ ਦੇਸ਼ ਦੇ ਖੇਡ ਮੰਤਰੀ ਰਹੇ ਹਨ। ਹਾਲ ਹੀ ਵਿੱਚ ਖ਼ਬਰ ਛਪੀ ਸੀ ਕਿ ਨਮਲ ਦੀ ਪਤਨੀ ਲਿਮਿਨੀ ਦੇਸ਼ ਵਿੱਚ ਵਿਗੜੇ ਸਿਆਸੀ ਅਤੇ ਆਰਥਿਕ ਹਲਾਤਾਂ ਨੂੰ ਦੇਖਦੇ ਹੋਏ ਪੈਰਿਸ ਚਲੀ ਗਈ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)