ਕੋਲਨ ਕੈਂਸਰ ਕੀ ਹੁੰਦਾ ਹੈ, ਕੀ ਹਨ ਇਸ ਦੇ ਲੱਛਣ, ਕਾਰਨ ਅਤੇ ਬਚਾਅ ਦੇ ਤਰੀਕੇ

    • ਲੇਖਕ, ਫਿਲਿਪਾ ਰੋਕਸਬੀ
    • ਰੋਲ, ਬੀਬੀਸੀ ਪੱਤਰਕਾਰ

"ਆਪਣੀ ਮਲ ਚੈੱਕ ਕਰੋ"

ਬੀਬੀਸੀ ਦੀ ਐਂਕਰ ਡੇਬੋਰਾਹ ਜੇਮਜ਼ ਵੱਲੋਂ ਕੋਲੋਰੇਕਟਲ ਕੈਂਸਰ ਜਾਗਰੂਕਤਾ ਮੁਹਿੰਮ ਵਿੱਚ ਇਹ ਜ਼ੋਰਦਾਰ ਹੋਕਾ ਦਿੱਤਾ ਗਿਆ ਸੀ। ਡੇਬੋਰਾਹ ਜੋ ਇਸ ਤੋਂ ਪੀੜਤ ਸਨ ਅਤੇ ਪਿਛਲੇ ਹਫ਼ਤੇ 40 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਪਰ ਇਹ ਕੈਂਸਰ ਕੀ ਹੈ? ਜਿਸ ਨੂੰ ਬੋਵੈਲ ਜਾਂ ਕੋਲਨ ਕੈਂਸਰ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਸ਼ੁਰੂਆਤ ਵਿੱਚ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ?

ਤੁਸੀਂ ਕੋਲਨ ਕੈਂਸਰ ਦਾ ਕਿਵੇਂ ਪਤਾ ਲਗਾ ਸਕਦੇ ਹੋ?

ਇਸ ਲਈ ਤਿੰਨ ਮੁੱਖ ਸੰਕੇਤ ਹਨ, ਜਿਨ੍ਹਾਂ 'ਤੇ ਧਿਆਨ ਦੇਣ ਦੀ ਲੋੜ ਹੈ-

  • ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਮਲ ਵਿੱਚ ਖ਼ੂਨ ਆਉਣਾ, ਇਹ ਲਾਲ ਜਾਂ ਗੂੜ੍ਹਾ ਲਾਲ ਹੋ ਸਕਦਾ ਹੈ
  • ਤੁਹਾਡੇ ਮਲ ਤਿਆਗਣ ਦੇ ਤਰੀਕੇ ਵਿੱਚ ਤਬਦੀਲੀ, ਜਿਵੇਂ ਕਿ ਬਾਥਰੂਮ ਵਿੱਚ ਜ਼ਿਆਦਾ ਜਾਣਾ ਜਾਂ ਜ਼ਿਆਦਾ ਪਤਲਾ ਜਾਂ ਸਖ਼ਤ ਮਲ ਤਿਆਗਣਾ।
  • ਜਦੋਂ ਢਿੱਡ ਭਰਿਆ ਹੋਇਆ ਜਾਂ ਸੁੱਜਿਆ ਹੋਇਆ ਮਹਿਸੂਸ ਹੋਵੇ ਤਾਂ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਜਾਂ ਸੋਜ ਮਹਿਸੂਸ ਕਰਨਾ

ਇਸ ਦੇ ਕੁਝ ਹੋਰ ਸੰਕੇਤ ਵੀ ਹੁੰਦੇ ਹਨ-

  • ਭਾਰ ਦਾ ਘਟਣਾ
  • ਮਲ ਤਿਆਗਣ ਤੋਂ ਬਾਅਦ ਵੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਆਪਣੀਆਂ ਅੰਤੜੀਆਂ ਨੂੰ ਚੰਗੀ ਤਰ੍ਹਾਂ ਖਾਲੀ ਨਹੀਂ ਕੀਤਾ
  • ਤੁਸੀਂ ਆਮ ਦਿਨਾਂ ਨਾਲੋਂ ਵਧੇਰੇ ਥਕਾਵਟ ਮਹਿਸੂਸ ਕਰਦੇ ਹੋ

ਇਨ੍ਹਾਂ ਸਾਰੇ ਕਾਰਨਾਂ ਮਤਲਬ ਇਹ ਵੀ ਨਹੀਂ ਹੈ ਕਿ ਇਹ ਬੋਵੈਲ ਕੈਂਸਰ ਹੈ।

ਪਰ ਜੇਕਰ ਤੁਸੀਂ ਇਨ੍ਹਾਂ ਨੂੰ ਤਿੰਨ ਹਫ਼ਤੇ ਤੋਂ ਜ਼ਿਆਦਾ ਸਮੇਂ ਲਈ ਨੋਟਿਸ ਕਰਦੇ ਹੋ ਅਤੇ ਤੁਹਾਨੂੰ ਠੀਕ ਨਹੀਂ ਲੱਗ ਰਿਹਾ ਤਾਂ ਸਲਾਹ ਦਿੱਤੀ ਜਾਂਦੀ ਹੈ ਕਿ ਡਾਕਟਰ ਨਾਲ ਸੰਪਰਕ ਕਰੋ।

ਕੈਂਸਰ ਦਾ ਪਤਾ ਜਿੰਨੀ ਜਲਦੀ ਲੱਗ ਜਾਂਦਾ ਹੈ, ਓਨਾਂ ਹੀ ਇਸ ਦਾ ਇਲਾਜ ਕਰਨਾ ਸੌਖਾ ਹੁੰਦਾ ਹੈ।

ਕਈ ਵਾਰ ਕੋਲੋਰੈਕਟਲ ਕੈਂਸਰ ਰਹਿੰਦ-ਖੂੰਹਦ ਨੂੰ ਅੰਤੜੀ ਵਿੱਚੋਂ ਲੰਘਣ ਤੋਂ ਰੋਕ ਸਕਦਾ ਹੈ ਅਤੇ ਇਸ ਨਾਲ ਰੁਕਾਵਟ ਪੈਦਾ ਹੋ ਸਕਦੀ ਹੈ, ਜਿਸ ਨਾਲ ਪੇਟ ਵਿੱਚ ਗੰਭੀਰ ਦਰਦ, ਕਬਜ਼ ਅਤੇ ਬੀਮਾਰੀ ਹੋ ਸਕਦੀ ਹੈ।

ਇਸ ਹਾਲਾਤ ਵਿੱਚ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ-

ਮਲ ਨੂੰ ਕਿਵੇਂ ਚੈੱਕ ਕੀਤਾ ਜਾਵੇ?

ਬਾਥਰੂਮ ਵਿੱਚ ਮਲ ਤਿਆਗਣ ਵੇਲੇ ਇਸ 'ਤੇ ਚੰਗੀ ਤਰ੍ਹਾਂ ਧਿਆਨ ਦਿਓ ਅਤੇ ਇਸ ਬਾਰੇ ਗੱਲ ਕਰਨ ਲਈ ਹਿਚਕਿਚਾਓ ਨਾ।

ਤੁਹਾਨੂੰ ਮਲ ਵਿੱਚ ਖ਼ੂਨ ਦੇ ਨਾਲ-ਨਾਲ ਫੰਡਸ (ਮਲ ਤਿਆਗਣ ਵਾਲੀ ਥਾਂ) ਤੋਂ ਖ਼ੂਨ ਨਿਕਲਣ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਚਮਕੀਲਾ ਲਾਲ ਖ਼ੂਨ

ਚਮਕਦਾਰ ਲਾਲ ਖ਼ੂਨ ਗੁੱਦੇ (ਅਨਸ) ਵਿੱਚ ਸੁੱਜੀਆਂ ਖ਼ੂਨ ਦੀਆਂ ਨਾੜੀਆਂ (ਹੈਮੋਰੋਇਡਜ਼) ਤੋਂ ਵੀ ਆ ਸਕਦਾ ਹੈ, ਪਰ ਇਹ ਕੋਲੋਰੈਕਟਲ ਕੈਂਸਰ ਕਾਰਨ ਵੀ ਹੋ ਸਕਦਾ ਹੈ।

ਮਲ ਵਿੱਚ ਗੂੜਾ ਲਾਲ ਜਾਂ ਕਾਲਾ ਖ਼ੂਨ ਅੰਤੜੀ ਜਾਂ ਪੇਟ ਵਿੱਚੋਂ ਆ ਸਕਦਾ ਹੈ ਅਤੇ ਇਹ ਚਿੰਤਾਜਨਕ ਵੀ ਹੋ ਸਕਦਾ ਹੈ।

ਤੁਸੀਂ ਅੰਤੜੀਆਂ ਦੀ ਆਦਤ ਵਿੱਚ ਤਬਦੀਲੀ ਵੀ ਦੇਖ ਸਕਦੇ ਹੋ, ਜਿਵੇਂ ਕਿ ਘੱਟ ਠੋਸ ਮਲ ਜਾਂ ਆਮ ਨਾਲੋਂ ਜ਼ਿਆਦਾ ਵਾਰ ਮਲ ਤਿਆਗਣਾ।

ਬੋਵੈਲ ਕੈਂਸਰ ਬਾਰੇ ਸੁਝਾਇਆ ਜਾਂਦਾ ਹੈ ਕਿ ਇਸ ਦੇ ਸੰਕੇਤਾਂ ਨੂੰ ਡਾਕਟਰ ਕੋਲ ਜਾਣ ਤੋਂ ਪਹਿਲਾਂ ਲਿਖ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਚੀਜ਼ ਰਹਿ ਨਾਲ ਜਾਵੇ।

ਡਾਕਟਰ ਬਹੁਤ ਸਾਰੇ ਲੋਕਾਂ ਵਿੱਚ ਅੰਤੜੀਆਂ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਦੇ ਆਦੀ ਹੁੰਦੇ ਹਨ.

ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਬਦੀਲੀ ਜਾਂ ਖੂਨ ਵਹਿਣ ਬਾਰੇ ਦੱਸੋ ਤਾਂ ਜੋ ਉਹ ਕਾਰਨ ਦਾ ਪਤਾ ਲਗਾ ਸਕਣ।

ਕੋਲੋਰੈਕਟਲ ਕੈਂਸਰ ਦੇ ਕਾਰਨ ਕੀ ਹਨ?

ਇਸ ਸਬੰਧੀ ਕਿਸੇ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਇਸ ਦੇ ਕੀ ਕਾਰਨ ਹੋ ਸਕਦੇ ਹਨ ਪਰ ਕੁਝ ਕਾਰਨਾਂ ਨਾਲ ਇਹ ਇਸ ਦੇ ਹੋਣ ਦੀ ਸੰਭਾਵਨਾ ਹੈ-

ਜਿੰਨੀ ਵੱਧ ਉਮਰ ਹੈ, ਓਨੀ ਹੀ ਇਸ ਦੀ ਸੰਭਾਵਨਾ ਹੈ ਕਿ ਕੈਂਸਰ ਨਜ਼ਰ ਦੇਵੇਗਾ ਅਤੇ ਅੰਤੜੀ ਵਿੱਚ ਇਸ ਦਾ ਕੋਈ ਵੱਖਰਾ ਕਾਰਨ ਨਹੀਂ ਹੈ। ਜ਼ਿਆਦਾਤਰ ਕੇਸ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੁੰਦੇ ਹਨ।

  • ਰੈੱਡ ਮੀਟ ਅਤੇ ਪ੍ਰੋਸੈਸਡ ਮੀਟ ਵੱਧ ਖਾਣਾ, ਜਿਵੇਂ ਕਿ ਹਾਟ ਡੌਗ ਜਾਂ ਬੇਕਨ
  • ਸਿਗਰਟ ਪੀਣ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ
  • ਬਹੁਤ ਜ਼ਿਆਦਾ ਸ਼ਰਾਬ ਪੀਣਾ
  • ਜ਼ਿਆਦਾ ਭਾਰ ਜਾਂ ਮੋਟਾਪਾ
  • ਅੰਤੜੀ ਵਿੱਚ ਪੌਲੀਪਸ ਦਾ ਇਤਿਹਾਸ ਹੋਣਾ, ਜਿਸ ਦੀ ਟਿਊਮਰ ਵਿੱਚ ਵਿਕਸਤ ਹੋਣ ਦੀ ਸੰਭਾਵਨਾ ਹੋਵੇ

ਕੀ ਇਹ ਮਾਪਿਆਂ ਤੋਂ ਬੱਚਿਆਂ ਵਿੱਚ ਆ ਸਕਦਾ ਹੈ?

ਜ਼ਿਆਦਾਤਰ ਮਾਮਲਿਆਂ ਵਿੱਚ, ਕੋਲੋਰੈਕਟਲ ਕੈਂਸਰ ਖ਼ਾਨਦਾਨੀ ਨਹੀਂ ਹੁੰਦਾ, ਪਰ ਜੇਕਰ ਤੁਹਾਡੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ 50 ਸਾਲ ਦੀ ਉਮਰ ਤੋਂ ਪਹਿਲਾਂ ਪਤਾ ਲੱਗਿਆ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਦੱਸਣਾ ਚਾਹੀਦਾ ਹੈ।

ਕੁਝ ਜੈਨੇਟਿਕ ਸਥਿਤੀਆਂ, ਜਿਵੇਂ ਕਿ ਲਿੰਚ ਸਿੰਡਰੋਮ, ਲੋਕਾਂ ਨੂੰ ਕੋਲਨ ਕੈਂਸਰ ਹੋਣ ਦੇ ਬਹੁਤ ਜ਼ਿਆਦਾ ਜੋਖ਼ਮ ਵਿੱਚ ਪਾਉਂਦੀਆਂ ਹਨ, ਪਰ ਜੇਕਰ ਡਾਕਟਰਾਂ ਨੂੰ ਅਜਿਹੀ ਕਿਸੇ ਸਥਿਤੀ ਬਾਰੇ ਪਤਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।

ਇਸ ਦੇ ਜੋਖ਼ਮ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ?

ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਲੋਕ ਸਿਹਤਮੰਦ ਜੀਵਨ ਸ਼ੈਲੀ ਦੀ ਜੀਣ ਤਾਂ ਅੱਧੇ ਤੋਂ ਵੱਧ ਅੰਤੜੀਆਂ ਦੇ ਕੈਂਸਰਾਂ ਨੂੰ ਰੋਕਿਆ ਜਾ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਜ਼ਿਆਦਾ ਕਸਰਤ ਕਰਨਾ, ਜ਼ਿਆਦਾ ਫਾਈਬਰ ਅਤੇ ਘੱਟ ਚਰਬੀ ਵਾਲਾ ਭੋਜਨ ਖਾਣਾ ਅਤੇ ਦਿਨ ਵਿੱਚ ਛੇ ਤੋਂ ਅੱਠ ਗਲਾਸ ਪਾਣੀ ਪੀਣਾ।

ਪਰ ਇਸ ਦਾ ਮਤਲਬ ਇਹ ਵੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਚਿੰਤਾਜਨਕ ਲੱਛਣ ਸਾਹਮਣੇ ਆਉਣ 'ਤੇ ਡਾਕਟਰ ਨੂੰ ਮਿਲਣਾ ਅਤੇ ਉਨ੍ਹਾਂ ਵੱਲੋਂ ਸੁਝਾਇਆ ਕੈਂਸਰ ਸਕ੍ਰੀਨਿੰਗ ਟੈਸਟ ਕਰਵਾਉਣਾ ਵੀ ਹੈ।

ਕੋਲਨ ਕੈਂਸਰ ਦਾ ਪਤਾ ਕਿਵੇਂ ਕੀਤਾ ਜਾਂਦਾ ਹੈ?

ਇਸ ਲਈ ਕੋਲੋਨੋਸਕੋਪੀ ਹੁੰਦੀ ਹੈ। ਇਸ ਪ੍ਰਕਿਰਿਆ ਤਹਿਤ ਅੰਤੜੀਆਂ ਦੇ ਅੰਦਰ ਦੇਖਣ ਲਈ ਇੱਕ ਲੰਬੀ ਟਿਊਬ ਦੇ ਅੰਦਰ ਇੱਕ ਕੈਮਰੇ ਭੇਜਿਆ ਜਾਂਦਾ ਹੈ ਜਾਂ ਇੱਕ ਲਚਕੀਲੀ ਸਿਗਮੋਇਡੋਸਕੋਪੀ, ਜੋ ਅੰਤੜੀ ਦੇ ਹਿੱਸੇ ਨੂੰ ਵੇਖਦੀ ਹੈ, ਉਸ ਰਾਹੀਂ ਪਤਾ ਲਗਾਇਆ ਜਾਂਦਾ ਹੈ।

ਇਸ ਦੀ ਨਵੀਨਤਮ ਪੜਾਅ 'ਤੇ ਨਿਦਾਨ ਕੀਤੇ ਗਏ 44 ਫੀਸਦ ਲੋਕਾਂ ਦੇ ਮੁਕਾਬਲੇ 90 ਫੀਸਦ ਤੋਂ ਵੱਧ ਲੋਕ ਜਿਨ੍ਹਾਂ ਵਿੱਚ ਕੋਲੋਰੈਕਟਲ ਕੈਂਸਰ ਦਾ ਸ਼ੁਰੂਆਤੀ ਪੜਾਅ 'ਤੇ ਪਤਾ ਲੱਗਿਆ, ਉਹ ਪੰਜ ਸਾਲ ਜਾਂ ਵੱਧ ਸਮੇਂ ਤੱਕ ਜੀਉਂਦੇ ਰਹਿ ਸਕਦੇ ਹਨ।

ਪਿਛਲੇ 40 ਸਾਲਾਂ ਵਿੱਚ ਬਚਣ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਹੋ ਗਈ ਹੈ।

ਯੂਕੇ ਦੇ ਅੰਕੜਿਆਂ ਮੁਤਾਬਕ, 1970 ਦੇ ਦਹਾਕੇ ਵਿੱਚ ਪੰਜ ਵਿੱਚੋਂ ਇੱਕ ਦੇ ਮੁਕਾਬਲੇ, ਅੱਧੇ ਤੋਂ ਵੱਧ ਮਰੀਜ਼ ਹੁਣ 10 ਸਾਲ ਜਾਂ ਇਸ ਤੋਂ ਵੱਧ ਜੀਉਂਦੇ ਹਨ।

ਇਸ ਦੇ ਕੀ-ਕੀ ਇਲਾਜ ਮੌਜੂਦ ਹਨ?

ਕੋਲੋਰੈਕਟਲ ਕੈਂਸਰ ਦਾ ਇਲਾਜ ਹੈ, ਖ਼ਾਸ ਤੌਰ 'ਤੇ ਜਦੋਂ ਇਹ ਸ਼ੁਰੂਆਤੀ ਸਟੇਜ 'ਤੇ ਫੜਿਆ ਜਾਵੇ।

ਇਲਾਜ ਵਧੇਰੇ ਵਿਅਕਤੀਗਤ ਬਣ ਰਹੇ ਹਨ ਅਤੇ ਜੈਨੇਟਿਕ ਟੈਸਟਿੰਗ ਵਿੱਚ ਤਰੱਕੀ ਦਾ ਮਤਲਬ ਹੈ ਕਿ ਦੇਖਭਾਲ ਹਰੇਕ ਵਿਅਕਤੀ ਮੁਤਾਬਕ ਕੀਤੀ ਜਾ ਸਕਦੀ ਹੈ।

ਇਸ ਨੂੰ ਅਜੇ ਵੀ ਵਧੀਆ ਟਿਊਨਿੰਗ ਦੀ ਲੋੜ ਹੈ ਪਰ ਕੈਂਸਰ ਵਾਲੇ ਲੋਕਾਂ ਲਈ ਜੀਵਨ ਦੇ ਵਾਧੂ ਸਾਲਾਂ ਦਾ ਵਾਅਦਾ ਕਰਦਾ ਹੈ।

ਕੈਂਸਰ ਦੀਆਂ ਵੱਖ-ਵੱਖ ਸਟੇਜਾਂ ਕਿਹੜੀਆਂ ਹਨ?

  • ਸਟੇਜ 1 ਕੈਂਸਰ: ਛੋਟੇ ਪਰ ਫੈਲੇ ਹੋਏ ਨਹੀਂ
  • ਸਟੇਜ 2 ਕੈਂਸਰ: ਵੱਡੇ ਪਰ ਅਜੇ ਤੱਕ ਫੈਲੇ ਹੋਏ ਨਹੀਂ
  • ਸਟੇਜ 3 ਕੈਂਸਰ: ਨੇੜਲੇ ਟੀਸ਼ੂਆਂ ਵਿੱਚ ਫੈਲਿਆ ਹੋਇਆ, ਜਿਵੇਂ ਲਿੰਪ ਨੋਡਸ
  • ਸਟੇਜ 4 ਕੈਂਸਰ: ਸਰੀਰ ਦੇ ਦੂਜੇ ਅੰਗਾਂ ਵਿੱਚ ਫੈਲਿਆ ਹੋਇਆ ਅਤੇ ਦੂਜਾ ਟਿਊਮਰ ਬਣਾਉਂਦਾ ਹੋਇਆ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)