ਖ਼ੂਨ ਦਾ ਕੈਂਸਰ, ਜਿਸ ਦਾ ਇੱਕ ਅਹਿਮ ਲੱਛਣ ਪਿੱਠ ਵਿੱਚ ਰਹਿਣ ਵਾਲਾ ਦਰਦ ਵੀ ਹੈ

    • ਲੇਖਕ, ਜੂਲੀਆ ਗਰਾਂਚੀ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ

ਮਲਟੀਪਲ ਮਾਈਲੋਮਾ ਖੂਨ ਦਾ ਇੱਕ ਕੈਂਸਰ ਹੈ ਜੋ ਖੂਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਮੁੱਖ ਤੌਰ 'ਤੇ ਗੁਰਦਿਆਂ ਅਤੇ ਹੱਡੀਆਂ ਲਈ ਘਾਤਕ ਸਾਬਤ ਹੁੰਦਾ ਹੈ।

ਇਸ ਤੋਂ ਇਲਾਵਾ ਇਸ ਦੇ ਲੱਛਣ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਸੌਖਿਆਂ ਫੜਿਆ ਨਹੀਂ ਜਾ ਸਕਦਾ ਹੈ ਅਤੇ ਦੂਜੀਆਂ ਬੀਮਾਰੀਆਂ ਦੇ ਲੱਛਣਾਂ ਤੋਂ ਨਿਖੜਨਾ ਵੀ ਮੁਸ਼ਕਲ ਹੈ।

ਮਲਟੀਪਲ ਮਾਈਲੋਮਾ ਖੂਨ ਦੇ ਚਿੱਟੇ ਸੈਲਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਨ੍ਹਾਂ ਦਾ ਮੁੱਖ ਕੰਮ ਸਰੀਰ ਵਿੱਚ ਐਂਟੀਬੌਡੀਜ਼ ਬਣਾਉਣਾ ਹੈ ਤਾਂ ਜੋ ਸਰੀਰ ਦੇ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਲਾਗ ਦੀਆਂ ਬੀਮਾਰੀਆਂ ਨਾਲ ਲੜ ਸਕੇ।

ਇਸ ਕੈਂਸਰ ਦੇ ਪ੍ਰਭਾਵ ਕਾਰਨ ਸਰੀਰ ਵਿੱਚ ਵਿਕਰਿਤ ਕਿਸਮ ਦੀਆਂ ਐਂਟੀਬਾਡੀਜ਼ ਬਣਦੀਆਂ ਹਨ। ਇਨ੍ਹਾਂ ਸੈਲਾਂ ਤੋਂ ਤਿਆਰ ਐਂਟੀਬਾਡੀਜ਼ ਨੂੰ ਐਮ ਪ੍ਰੋਟੀਨ ਜਾਂ ਮੋਨੇਕੋਲੋਨਲ ਪ੍ਰੋਟੀਨ ਕਿਹਾ ਜਾਂਦਾ ਹੈ।

ਇਹ ਪ੍ਰੋਟੀਨ ਸਰੀਰ ਦੇ ਵੱਖੋ-ਵੱਖ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਸਰੀਰ ਵਿੱਚ ਇਹ ਸੈੱਲ ਜਦੋਂ ਦਿਸਣ ਲਗਦੇ ਹਨ ਤਾਂ ਜਲਦੀ ਹੀ ਆਪਣੇ ਆਪ ਨੂੰ ਕਈ ਗੁਣਾਂ ਵਧਾ ਲੈਂਦੇ ਹਨ। ਇਸੇ ਕਾਰਨ ਇਸ ਦੇ ਨਾਮ ਵਿੱਚ ਮਲਟੀਪਲ (ਗੁਣਜ) ਸ਼ਬਦ ਲੱਗਦਾ ਹੈ।

ਮੁੱਖ ਲੱਛਣ, ਪਿੱਠ ਦਰਦ

ਮਰੀਜ਼ਾਂ ਨੂੰ ਕਿਸੇ ਵੀ ਹੋਰ ਲੱਛਣ ਤੋਂ ਪਹਿਲਾਂ ਪਿੱਠ ਦਰਦ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਇੱਕ ਆਮ ਦਰਦ ਹੈ ਜੋ ਰਾਤ ਨੂੰ ਉਨੀਂਦਰੇ ਰਹਿਣ ਕਾਰਨ ਵੀ ਹੋ ਸਕਦਾ ਹੈ।

ਇਹ ਵੀ ਹੋ ਸਕਦਾ ਹੈ ਤੁਸੀਂ ਜਿਮ ਵਿੱਚ ਬਹੁਤ ਜ਼ਿਆਦਾ ਮਿਹਨਤ ਕਰ ਲਵੋਂ ਤਾਂ ਵੀ ਤੁਹਾਡੀ ਪਿੱਠ ਦਰਦ ਹੋ ਸਕਦੀ ਹੈ।

ਹਾਲਾਂਕਿ ਪਿੱਠ ਦੇ ਥੱਲੜੇ ਹਿੱਸੇ ਵਿੱਚ ਦਰਦ ਇਸ ਦੁਰਲਭ ਕੈਂਸਰ ਦਾ ਵੀ ਇੱਕ ਮੁੱਖ ਲੱਛਣ ਮੰਨਿਆ ਜਾਂਦਾ ਹੈ।

37 ਸਾਲਾ ਲੂਈਸ ਫਰਨਾਂਡਿਜ਼ ਦੇ ਵੀ ਇੱਕ ਦਿਨ ਅਚਾਨਕ ਪਿੱਠ ਵਿੱਚ ਦਰਦ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਸਾਰੇ ਟੈਸਟ ਕਰਵਾਉਣੇ ਪਏ। ਆਖਰ ਉਨ੍ਹਾਂ ਨੂੰ ਵੀ ਇਹ ਕੈਂਸਰ ਨਿਕਲਿਆ।

ਉਹ ਦੱਸਦੇ ਕਿ ਮੈਨੂੰ ਕਈ ਮਹੀਨਿਆਂ ਤੋਂ ਪਿੱਠ ਦਰਦ ਸੀ। ਮੈਨੂੰ ਖ਼ੁਦ ਹੀ ਇਸ ਬਾਰੇ ਸ਼ੱਕ ਸੀ ਕਿਉਂਕਿ ਮੈਂ ਲੱਛਣਾਂ ਬਾਰੇ ਇੰਟਰਨੈੱਟ ਉੱਪਰ ਪੜ੍ਹਿਆ ਸੀ।

ਲੂਈਸ ਦੇ ਕੇਸ ਵਿੱਚ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਸਨ ਤੇ ਉਨ੍ਹਾਂ ਦੀ ਇੱਕ ਹੱਡੀ ਟੁੱਟ ਵੀ ਗਈ ਸੀ। ਹਾਾਲਂਕਿ ਇਲਾਜ ਸ਼ੁਰੂ ਹੋਣ ਨੂੰ ਹੱਡੀ ਟੁੱਟਣ ਤੋਂ ਬਾਅਦ ਵੀ ਸੱਤ ਮਹੀਨੇ ਲੱਗ ਗਏ।

ਮਲਟੀਪਲ ਮਾਈਲੋਮਾ ਕਾਰਨ ਹੱਡੀਆਂ ਕਮਜ਼ੋਰ ਹੋ ਕੇ ਟੁੱਟ ਸਕਦੀਆਂ ਹਨ। ਖੂਨ ਦੀ ਕਮੀ ਹੋ ਸਕਦੀ ਹੈ, ਹੱਡੀਆਂ ਦੇ ਬੋਨਮੈਰੋ ਵਿੱਚ ਪਲਾਜ਼ਮਾਂ ਸੈੱਲਾਂ ਦੀ ਕਮੀ ਹੋ ਜਾਂਦੀ ਹੈ।

ਇਸ ਨਾਲ ਖੂਨ ਬਣਾਉਣ ਵਾਲੇ ਸੈਲਾਂ ਵਿੱਚ ਹੋਰ ਕਮੀ ਆ ਸਕਦੀ ਹੈ। ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਗੁਰਦਿਆਂ ਦੀਆਂ ਨਲਕੀਆਂ ਨੂੰ ਨੁਕਸਾਨ ਪਹੁੰਚਣ ਨਾਲ ਗੁਰਦੇ ਨਕਾਰਾ ਹੋ ਸਕਦੇ ਹਨ।

ਇੱਕ ਦੁਰਲੱਭ ਕੈਂਸਰ

ਹਾਲਾਂਕਿ ਇਹ ਕੈਂਸਰ ਦੁਰਲੱਭ ਹੈ ਪਰ ਫਿਰ ਵੀ ਇਹ ਖੂਨ ਦਾ ਦੁਨੀਆਂ ਦਾ ਸਭ ਤੋਂ ਆਮ ਕੈਂਸਰ ਹੈ।

ਮਲਟੀਪਲ ਮਾਈਲੋਮਾ

ਇਹ ਬੀਮਾਰੀ 60 ਸਾਲ ਤੋਂ ਵਡੇਰੀ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਆਮ ਹੈ। ਹਾਲਾਂਕਿ ਨੌਜਵਾਨਾਂ ਵਿੱਚ ਵੀ ਜਾਂਚ ਤੋਂ ਬਾਅਦ ਇਸ ਦੀ ਪੁਸ਼ਟੀ ਹੋਈ ਹੈ।

ਸਭ ਤੋਂ ਮਿਸਾਲੀ ਕੇਸ ਬ੍ਰਾਜ਼ੀਲ ਵਿੱਚ ਸਾਹਮਣੇ ਆਇਆ।

ਇੱਕ ਅੱਠ ਸਾਲਾ ਬੱਚੇ ਵਿੱਚ ਬੀਮਾਰੀ ਦੀ ਸ਼ਨਾਖ਼ਤ ਹੋਈ। ਲੈਟਿਮ ਅਮਰੀਕਾ ਦੀ ਮਲਟੀਪਲ ਮਾਈਲੋਮਾ ਫਾਊਂਡੇਸ਼ਨ ਮੁਤਾਬਤ ਉਹ ਪਹਿਲਾ ਬੱਚਾ ਸੀ ਜਿਸ ਵਿੱਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਸੀ।

ਮਲੀਟੀਪਲ ਮਾਈਲੋਮਾ ਦੀ ਪੁਸ਼ਟੀ ਪਿਸ਼ਾਬ ਜਾਂ ਖੂਨ ਦੀ ਜਾਂਚ ਤੋਂ ਵੀ ਹੋ ਸਕਦੀ ਹੈ। ਇਸ ਟੈਸਟ ਨੂੰ ਸੀਰਮ ਪ੍ਰੋਟੀਨ ਇਲੈਕਟਰੋਫੋਰਸਿਸ ਕਿਹਾ ਜਾਂਦਾ ਹੈ।

ਇਹ ਟੈਸਟ ਉਦੋਂ ਕਰਵਾਇਆ ਜਾਂਦਾ ਹੈ ਜਦੋਂ ਇਨਫਲੇਟਰੀ ਬੀਮਾਰੀ, ਆਟੋ ਇਮੀਊਨ ਡਿਜ਼ੀਜ਼ ਜਾਂ ਬਹੁਤ ਗੰਭੀਰ ਇਨਫ਼ੈਕਸ਼ਨ ਹੋਵੇ ਜਾਂ ਜਿਗਰ ਜਾਂ ਗੁਰਦਿਆਂ ਦੀ ਬੀਮਾਰੀ ਸਾਹਮਣੇ ਆਵੇ।

ਐਂਜਲੋ ਮਾਇਓਲੀਨਾ ਰੀਓ ਡੀਜੀਨਾਰੀਓ ਦੀ ਫੈਡਰਲ ਯੂਨੀਵਰਿਸਟੀ ਵਿੱਚ ਖੂਨ ਵਿਗਿਆਨ ਦੇ ਪ੍ਰੋਫ਼ੈਸਰ ਹਨ।

ਉਹ ਇਸ ਬਾਰੇ ਵਧੇਰੇ ਰੌਸ਼ਨੀ ਪਾਉਂਦੇ ਹੋਏ ਕਹਿੰਦੇ ਹਨ, ਹਾਲਾਂਕਿ ਮੇਰਾ ਮੰਨਣਾ ਕਿ ਸਾਰੇ ਮਰੀਜ਼ਾਂ ਲਈ ਇਹ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਇਸ ਨਾਲ ਹੋਰ ਬੀਮਾਰੀਆਂ ਉੱਪਰ ਹੋਣ ਵਾਲਾ ਖਰਚਾ ਪ੍ਰਭਾਵਿਚਤ ਹੋਵੇਗਾ।

ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਕੋਈ ਮਰੀਜ਼ ਲੰਬਾ ਸਮਾਂ ਲੱਛਣਾਂ ਨਾਲ ਜੂਝਦਾ ਰਹੇ ਇਸ ਵੀ ਸਵੀਕਾਰਨਯੋਗ ਨਹੀਂ ਹੈ। ਇਹ ਵੀ ਇਸ ਕਾਰਨ ਹੁੰਦਾ ਹੈ ਕਿ ਕੁਝ ਡਾਕਟਰ ਜੋ ਮਾਹਰ ਨਹੀਂ ਹਨ ਉਹ ਟੈਸਟ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ। ਇਸ ਦੇ ਨਤੀਜੇ ਵਜੋਂ ਇਲਾਜ ਮਿਲਣ/ਸ਼ੁਰੂ ਹੋਣ ਵਿੱਚ ਵੀ ਦੇਰੀ ਹੋ ਜਾਂਦੀ ਹੈ।

ਬ੍ਰਾਜ਼ੀਲ ਵਿੱਚ ਪਹਿਲੇ ਲੱਛਣ ਸਾਹਮਣੇ ਆਉਣ ਤੋਂ ਬਾਅਦ 29% ਮਰੀਜ਼ਾਂ ਨੂੰ ਡਾਇਗਨੋਸਸ ਵਿੱਚ ਇੱਕ ਸਾਲ ਤੱਕ ਲੱਗ ਜਾਂਦਾ ਹੈ ਜਦਕਿ 28% ਲੋਕਾਂ ਨੂੰ ਇਸ ਤੋਂ ਵੀ ਜ਼ਿਆਦਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।

ਇਲਾਜ

ਮਲਟੀਪਲ ਮਾਈਲੋਮਾ ਪਹਿਲੀ ਵਾਰ ਅਠਾਰ੍ਹਵੀਂ ਸਦੀ ਵਿੱਚ ਸਾਹਮਣੇ ਆਇਆ ਸੀ।

ਉਸ ਸਮੇਂ ਤੋਂ ਬਾਅਦ ਮੈਡੀਕਲ ਪ੍ਰਣਾਲੀ ਨੇ ਤਕਨੀਕ ਅਤੇ ਦਵਾਈਆਂ ਦੇ ਲਿਹਾਜ ਨਾਲ ਬਹੁਤ ਤਰੱਕੀ ਕਰ ਲਈ ਹੈ।

ਇਸੇ ਦਾ ਸਦਕਾ ਅੱਜ ਮਰੀਜ਼ ਇਸ ਬੀਮਾਰੀ ਦੇ ਬਾਵਜੂਦ ਇੱਕ ਲੰਬੀ ਜ਼ਿੰਦਗੀ ਜਿਉਂ ਸਕਦੇ ਹਨ।

ਹਾਲਾਂਕਿ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਕੁਝ ਇਲਾਜ ਪ੍ਰਣਾਲੀ ਦੀ ਮਦਦ ਨਾਲ ਲੱਛਣਾਂ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ।

ਮਾਇਓਲੀਨੋ ਕਹਿੰਦੇ ਹਨ ਕਿ ਇਹ ਇਸੇ ਤਰ੍ਹਾਂ ਹੈ ਜਿਵੇਂ ਕਿਸੇ ਨੂੰ ਡਾਇਬੀਟੀਜ਼ ਜਾਂ ਹਾਈ ਬਲੱਡ ਪ੍ਰੈੱਸ਼ਰ ਵਰਗੀ ਕੋਈ ਹੋਰ ਬੀਮਾਰੀ ਹੋਵੇ।

ਡਾਕਟਰ ਮੁਤਾਬਕ ਇਲਾਜ ਜਿੰਨਾ ਜਲਦੀ ਸ਼ੁਰੂ ਹੋ ਸਕਦੇ ਉਨਾਂ ਬਿਹਤਰ ਹੈ। ਇਸ ਨਾਲ ਬੀਮਾਰੀ ਮਰੀਜ਼ ਦੀ ਸਿਹਤ ਨੂੰ ਇੰਨਾ ਤਬਾਹ ਨਾ ਕਰ ਦੇਵੇ ਕਿ ਵਾਪਸ ਨਾਲ ਮੋੜਿਆ ਜਾ ਸਕੇ, ਤੋਂ ਰੋਕਿਆ ਜਾ ਸਕਦਾ ਹੈ।

ਅਸੀਂ ਬੀਮਾਰੀ ਦੇ ਹਰ ਪੜਾਅ ਲਈ ਇੱਕ ਇਲਾਜ ਵਰਤਦੇ ਹਾਂ। ਹਾਲਾਂਕਿ ਜੇ ਪੁਸ਼ਟੀ ਦੇਰੀ ਨਾਲ ਹੁੰਦੀ ਹੈ ਤਾਂ ਮਰੀਜ਼ ਇਲਾਜ ਤੋਂ ਪੂਰਾ ਲਾਹਾ ਨਹੀਂ ਲੈ ਸਕੇਗਾ।

ਦੂਜਾ ਇੱਕ ਆਮ ਇਲਾਜ ਹੈ ਸਟੈਮ ਸੈਲ ਟਰਾਂਸਪਲਾਂਟ। ਟਰਾਂਸਪਲਾਂਟ ਤੋਂ ਪਹਿਲਾਂ ਕੀਮੋਥੈਰਿਪੀ ਜਾਂ ਵਿਕਰਣ ਪੱਧਤੀ ਰਾਹੀਂ ਸਰੀਰ ਵਿੱਚ ਮੌਜੂਦ ਬੋਨਮੈਰੋ ਨੂੰ ਹਟਾ ਕੇ ਥਾਂ ਬਣਾਈ ਜਾਂਦੀ ਹੈ।

ਬੋਨ ਮੈਰੋ ਵਿੱਚ ਹੀ ਨਵਾਂ ਖੂਨ ਬਣਦਾ ਹੈ। ਚਿੱਟੇ ਲਹੂ ਸੈਲ, ਲਾਲ ਲਹੂ ਸੈਲ ਅਤੇ ਪਲਾਜ਼ਮਾ।

ਬੋਨ ਮੈਰੋ ਇੱਕ ਤਰਲ ਹੁੰਦਾ ਹੈ ਜੋ ਤਾਂ ਤਾਂ ਕਿਸੇ ਹੋਰ ਮਨੁੱਖ ਤੋਂ ਦਾਨ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ ਜਾਂ ਮਰੀਜ਼ ਦਾ ਆਪਣਾ ਵੀ ਹੋ ਸਕਦਾ ਹੈ।

ਲੂਈਸ ਦਾ ਵੀ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ ਪਰ ਸਫ਼ਲ ਨਹੀਂ ਹੋ ਸਕਿਆ ਅਤੇ ਬੀਮਾਰੀ ਵਾਪਸ ਆ ਗਈ।

ਇਹ ਡਾਇਗਨੋਸਿਸ ਹਾਸਲ ਕਰਨ ਤੋਂ ਵੀ ਮੁਸ਼ਕਲ ਸੀ। ਮੇਰਾ ਇੱਕ ਖ਼ਾਸ ਇਲਾਜ ਹੈ। ਮੈਂ 21 ਦਿਨ ਹਸਪਤਾਲ ਵਿੱਚ ਦਵਾਈ ਲੈਂਦਾ ਹਾਂ ਅਤੇ ਫਿਰ 21 ਦਿਨ ਆਪਣੇ ਘਰ।

ਮਲਟੀਪਲ ਮਾਈਲੋਮਾ ਹੋਣ ਦਾ ਮੈਨੂੰ 28 ਸਾਲ ਦੀ ਉਮਰ ਵਿੱਚ ਪਤਾ ਲੱਗਿਆ ਸੀ ਪਰ ਮੇਰੇ ਯਾਦ ਨਹੀਂ ਕਿ ਇੱਕ ਵੀ ਦਿਨ ਇਲਾਜ ਤੋਂ ਬਿਨਾਂ ਲੰਘਿਆ ਹੋਵੇ।

ਇਹ ਮੁਸ਼ਕਲ ਹੈ ਪਰ ਸਾਨੂੰ ਜਿਉਣਾ ਆ ਜਾਂਦਾ ਹੈ। ਬਹੁਤ ਸਾਰੀਆਂ ਦਵਾਈ ਮੈਨੂੰ ਆਮ ਜ਼ਿੰਦਗੀ ਜਿਉਣ ਦੇ ਯੋਗ ਕਰਦੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)