ਸ਼੍ਰੀਲੰਕਾ ਵਿੱਚ ਵਿਗੜੇ ਹਾਲਾਤ, ਮੰਤਰੀਆਂ ਤੇ ਰਾਸ਼ਟਰਪਤੀਆਂ ਦੇ ਘਰ ਨੂੰ ਅੱਗ ਦੇ ਹਵਾਲੇ ਕੀਤਾ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ।

ਸੱਤਾਧਾਰੀ ਪਾਰਟੀ ਦੇ 15 ਮੈਂਬਰਾਂ ਦੇ ਘਰਾਂ ਅਤੇ ਦਫ਼ਤਰਾਂ ਨੂੰ ਮੁਜ਼ਾਹਰਾਕਾਰੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਵਿੱਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦਾ ਜੱਦੀ ਘਰ ਵੀ ਸ਼ਾਮਲ ਹੈ।

ਰਾਜਪਕਸ਼ੇ ਨੇ ਹਿੰਸਾ ਨੂੰ ਵਧਦਾ ਦੇਖ ਲੰਘੀ ਰਾਤ ਤੋਂ ਦਿਨਾਂ ਲਈ ਕਰਫ਼ਿਊ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਫੌਜ ਅਤੇ ਪੁਲਿਸ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਨੂੰ ਘੇਰੀ ਭੀੜ ਨੂੰ ਨਜਿੱਠਣ ਵਿੱਚ ਲੱਗੀ ਰਹੀ।

ਪੂਰੇ ਸ਼੍ਰੀਲੰਕਾ ਵਿੱਚ ਫੈਲੀ ਹਿੰਸਾ ਦੌਰਾਨ ਹੋਈ ਗੋਲੀਬਾਰੀ ਵਿੱਚ ਮੌਜੂਦਾ ਸਾਂਸਦ ਸਣੇ ਕੁੱਲ ਪੰਜ ਲੋਕਾਂ ਦੀ ਜਾਣ ਚਲੀ ਗਈ।

ਇਹ ਵੀ ਪੜ੍ਹੋ:

ਇਸੇ ਦਰਮਿਆਨ ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਿੰਸਕ ਝੜਪਾਂ ਵਿੱਚ 190 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਸ਼੍ਰੀਲੰਕਾ ਵਿੱਚ ਲੰਘੇ ਮਹੀਨੇ ਤੋਂ ਹੀ ਵਧਦੀ ਮਹਿੰਗਾਈ ਅਤੇ ਬਿਜਲੀ ਕਟੌਤੀ ਕਾਰਨ ਮੁਜ਼ਾਹਰੇ ਹੋ ਰਹੇ ਹਨ।

ਸ਼੍ਰੀਲੰਕਾ 1948 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ।

ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ

  • 9 ਜੁਲਾਈ 2022 ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਹੁਣ ਅਸਤੀਫ਼ਾ ਦੇਣਗੇ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
  • ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
  • ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਹਿੰਸਾ ਭੜਕੀ ਕਿਵੇਂ

ਸ਼੍ਰੀਲੰਕਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ, ਮਹਿੰਦਰਾ ਰਾਜਪਕਸ਼ੇ ਨੇ ਆਪਣੀ ਸਰਕਾਰੀ ਰਿਹਾਇਸ਼ ਟੇਂਪਲ ਟ੍ਰੀਜ਼ ਵਿੱਚ ਸੰਬੋਧਨ ਦੌਰਾਨ ਕਿਹਾ ਕਿ ਉਹ ਕਿਸੇ ਵੀ ਚੁਣੌਤੀ ਤੋਂ ਨਹੀਂ ਡਰਦੇ।

ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਸੜਕਾਂ ਉੱਤੇ ਆ ਗਏ ਅਤੇ ਰਿਹਾਇਸ਼ ਨੂੰ ਘੇਰੀ ਖੜ੍ਹੇ ਮੁਜ਼ਾਹਰਾਕਾਰੀਆਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਵੀ ਭੀੜ ਨੂੰ ਕਾਬੂ ਕਰਨ ਲਈ ਕੋਈ ਖ਼ਾਸ ਕੋਸ਼ਿਸ਼ ਨਹੀਂ ਕੀਤੀ।

ਇਸ ਤੋਂ ਬਾਅਦ ਇਹ ਭੀੜ ਗੈਲੇ ਫੇਸ ਗ੍ਰੀਨ ਵੱਲ ਵਧਣ ਲੱਗੀ ਜਿੱਥੇ ਕਰੀਬ ਇੱਕ ਮਹੀਨੇ ਤੋਂ ਸ਼ਾਂਤਮਈ ਮੁਜ਼ਾਹਰੇ ਹੋ ਰਹੇ ਹਨ।

ਬੀਬੀਸੀ ਤਮਿਲ ਸੇਵਾ ਮੁਤਾਬਕ ਸੋਮਵਾਰ ਨੂੰ ਕਥਿਤ ਸਰਕਾਰ ਵਿਰੋਧੀ ਕੁਝ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਉੱਪਰ ਹਮਲਾ ਕਰ ਦਿੱਤਾ। ਹਿੰਸਾ ਭੜਕਣ ਤੋਂ ਬਾਅਦ ਜੋ ਕਰਫ਼ਿਊ ਪਹਿਲਾਂ ਸਿਰਫ਼ ਰਾਜਧਾਨੀ ਕੋਲੰਬੋ ਵਿੱਚ ਲਾਗੂ ਸੀ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ ਹੈ।

ਹੋਇਆ ਇੰਝ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਹਮਾਇਤੀ ਉਨ੍ਹਾਂ ਦੇ ਘਰ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਅਸਤੀਫ਼ਾ ਨਾ ਦੇਣ ਲਈ ਕਹਿਣ ਲੱਗੇ।

ਕੁਝ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਗੱਲਬਾਤ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਐਲਾਨ ਕੀਤਾ ਕਿ ਉਹ ਸਰਕਾਰ ਵਿਰੋਧੀਆਂ ਦੇ ਪ੍ਰਦਰਸ਼ਨ ਵਾਲੀ ਥਾਂ ਗਾਲ ਫੇਸ ਸਟੇਡੀਅਮ ਵੱਲ ਕੂਚ ਕਰਨਗੇ।

ਸੱਤਾਧਾਰੀ ਪਾਰਟੀ ਦੇ ਐਮਪੀ ਵੱਲੋਂ ਖ਼ੁਦਕੁਸ਼ੀ

ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟ ਦੇ ਇੱਕ ਮੈਂਬਰ ਪਾਰਲੀਮੈਂਟ ਅਮਰਕੀਰਤੀ ਅੱਤੂਕਰੋਲੇ ਨੇ ਸੋਮਵਾਰ ਨੂੰ ਆਪਣੀ ਜਾਨ ਲੈ ਲਈ।

ਸ਼੍ਰੀ ਲੰਕਾ ਪੁਦੂਜਨਾ ਪੇਰਾਮੁਨਾ ਪਾਰਟੀ ਦੇ ਸਾਂਸਦ ਨੇ ਰਾਜਧਾਨੀ ਕੋਲੰਬੋ ਦੇ ਨਜ਼ਦੀਕ ਇੱਕ ਕਸਬੇ ਨਿਤਾਂਬਵੁਆ ਵਿੱਚ ਖ਼ੁਦਕੁਸ਼ੀ ਕੀਤੀ।

ਨਿਤਾਂਬਵੁਆ ਵਿੱਚ ਸੋਮਰਵਾਰ ਨੂੰ ਸਰਕਾਰ ਵਿਰੋਧੀ ਪ੍ਰਧਰਸ਼ਨ ਹੋ ਰਹੇ ਸਨ। ਅਥੂਕਰੋਲਾ ਆਪਣੀ ਕਾਰ ਵਿੱਚ ਜਾ ਰਹੇ ਸਨ ਜਦੋਂ ਉਨ੍ਹਾਂ ਉੱਪਰ ਕੁਝ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ।

ਪੁਲਿਸ ਅਧਿਕਾਰੀਆਂ ਮੁਤਾਬਕ ਜਦੋਂ ਐਮਪੀ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰਿਆ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਖ਼ੁਦ ਨੂੰ ਗੋਲੀ ਮਾਰ ਲਈ ਹੋਵੇ।

ਹਸਪਤਾਲ ਦੇ ਸੂਤਰਾਂ ਦਾ ਕਹਿਣ ਹੈ ਕਿ ਵਾਕਿਆ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।

ਮੰਤਰੀਆਂ ਤੇ ਸਾਂਸਦਾਂ ਦੇ ਘਰ ਸਾੜੇ ਗਏ

ਸੋਮਵਾਰ ਨੂੰ ਸ਼੍ਰੀ ਲੰਕਾ ਵਿੱਚ ਹਿੰਸਾ ਦੀਆਂ ਘਟਨਵਾਂ ਕਈ ਪਾਸੇ ਹੋਈਆਂ। ਸਿਆਸਤਦਾਨਾਂ ਦੇ ਦਫ਼ਤਰ ਤੇ ਘਰਾਂ ਉੱਤੇ ਵੀ ਹਮਲੇ ਹੋਏ।

ਇਹ ਵੀ ਖ਼ਬਰਾਂ ਹਨ ਕਿ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੂੰ ਵੀ ਅੱਗ ਲਗਾਈ ਗਈ ਹੈ। ਉਸ ਇਲਾਕੇ ਵਿੱਚ ਅਜੇ ਵੀ ਤਣਾਅ ਹੈ।

ਕੈਬਨਿਟ ਮੰਤਰੀ ਰਮੇਸ਼ ਪਥੀਰਾਣਾ ਤੇ ਮੈਂਬਰ ਪਾਰਲੀਮੈਂਟ ਪੁਟਲਾਮ ਤੇ ਸਨਥ ਨਿਸ਼ਾਂਤ ਦੇ ਘਰ ਵੀ ਸਾੜੇ ਗਏ।

ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਜੌਂਨਸਤੋਂ ਫਰਨਾਂਡੋ ਜੋ ਸੱਤਾਧਾਰੀ ਪਾਰਟੀ ਦੇ ਮੈਂਬਰ ਵੀ ਹਨ ਤੇ ਸਮਨਲਾਲ ਫਰਨਾਂਡੋ ਜੋ ਮੋਰਾਤੂਵਾ ਮਿਊਂਸੀਪਲ ਕੌਂਸਲ ਦੇ ਮੇਅਰ ਹਨ ਉਨ੍ਹਾਂ ਦੇ ਘਰ ਉੱਤੇ ਹਮਲਾ ਹੋਇਆ।

ਹੁਣ ਸੁਰੱਖਿਆ ਮੁਲਾਜ਼ਮਾਂ ਨੇ ਹਾਲਾਤ ਕਾਬੂ ਵਿੱਚ ਕੀਤੇ ਹਨ।

ਪ੍ਰਧਾਨ ਮੰਤਰੀ ਮਹਿੰਦਾ ਰਾਜਪਾਕਸ਼ੇ ਨੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਧੀਰਜ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਕਿ ਹਿੰਸਾ ਕਰਕੇ ਸਿਰਫ਼ ਹਿੰਸਾ ਹੀ ਮਿਲਦੀ ਹੈ। ਅਸੀਂ ਜਿਸ ਆਰਥਿਕ ਸੰਕਟ ਵਿੱਚ ਹਾਂ ਉਸ ਲਈ ਇੱਕ ਆਰਥਿਕ ਹੱਲ ਦੀ ਲੋੜ ਹੈ। ਇਸ ਲਈ ਪ੍ਰਸ਼ਾਸਨ ਵਚਨਬੱਧ ਹੈ।

ਪ੍ਰਧਾਨ ਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਗੋਟਾਬਾਇਆ ਰਾਜਾਪਕਸ਼ੇ ਨੇ ਵੀ ਦੋ ਸਮੂਹਾਂ ਵਿਚਕਾਰ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ''ਇਸ ਹਿੰਸਾ ਵਿੱਚ ਸ਼ਾਮਲ ਅਤੇ ਇਸ ਨੂੰ ਭਰਕਾਉਣ ਵਾਲੇ ਭਾਵੇਂ ਕਿਸੇ ਵੀ ਸਿਆਸੀ ਧਿਰ ਨਾਲ ਸੰਬੰਧਿਤ ਹੋਣ ਮੈਂ ਇਨ੍ਹਾਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦਾ ਹਾਂ। ਹਿੰਸਾ ਨਾ ਵਰਤਮਾਨ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਮੈਂ ਸਾਰੇ ਨਾਗਰਿਕਾਂ ਨੂੰ ਸ਼ਾਂਤ ਅਤੇ ਜਬਤ ਵਿੱਚ ਰਹਿਣ ਦੀ ਅਪੀਲ ਕਰਦਾ ਹਾਂ। ਮੈਂ ਸਾਰਿਆਂ ਨੂੰ ਇਸ ਸੰਕਟ ਨੂੰ ਸੁਲਝਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕਰਦਾ ਹਾਂ।''

ਸਰਕਾਰ ਵਿਰੋਧੀ ਲੋਕ ਪ੍ਰਧਾਨ ਮੰਤਰੀ ਮਹਿੰਦਰ ਰਾਜਪਕਸ਼ੇ ਦਾ ਅਸਤੀਫ਼ਾ ਮੰਗ ਰਹੇ ਸਨ ਪਰ ਉਹਨਾਂ ਦੇ ਸਮਰੱਥਕ ਉਹਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਰਹੇ ਸਨ।

ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉਪਰ ਜਲ-ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਪੁਲਿਸ ਵੱਲੋਂ ਘਟਨਾ ਦੀ ਕਵਰੇਜ ਕਰਦੇ ਪੱਤਰਕਾਰਾਂ 'ਤੇ ਵੀ ਬਲ ਦਾ ਪ੍ਰਯੋਗ ਕੀਤਾ ਗਿਆ।

ਹਾਲਾਤ ਨੂੰ ਕਾਬੂ ਕਰਨ ਲਈ ਫ਼ੌਜ ਲਗਾਈ ਗਈ ਹੈ ਪਰ ਇਲਾਕੇ ਵਿੱਚ ਹਾਲੇ ਵੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।

ਹੁਣ ਰਾਸ਼ਟਰਪਤੀ ਕੀ ਕਰਨਗੇ

ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ। ਜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦਾ ਅਸਤੀਫਾ ਕਬੂਲ ਕਰਦੇ ਹਨ ਤਾਂ ਉਮੀਦ ਹੈ ਕਿ ਕਿਸੇ ਨੂੰ ਤਾਂ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।

ਬੀਤੇ ਹਫ਼ਤੇ ਰਾਸ਼ਟਰਪਤੀ ਦੀ ਕੈਬਨਿਟ ਨਾਲ ਅੰਤਰਿਮ ਸਰਕਾਰ ਬਣਾਉਣ ਬਾਰੇ ਚਰਚਾ ਹੋਈ। ਬੀਬੀਸੀ ਤਮਿਲ ਅਨੁਸਾਰ ਅਜੇ ਇਸ ਬਾਰੇ ਰਾਸ਼ਟਰਪਤੀ ਤੈਅ ਨਹੀਂ ਸਕੇ ਹਨ ਕਿ ਕੈਬਨਿਟ ਦਾ ਢਾਂਚਾ ਕੀ ਹੋਣਾ ਚਾਹੀਦਾ ਹੈ।

ਸ਼੍ਰੀਲੰਕਾ ਸੰਕਟ

ਸ਼੍ਰੀਲੰਕਾ ਵਾਸੀ ਦੇਸ ਦੀ ਅਜ਼ਾਦੀ ਤੋਂ ਬਾਅਦ ਆਏ ਸਭ ਤੋਂ ਵੱਡੇ ਸਿਆਸੀ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਦੇ ਹਨ।

ਸਰਕਾਰ ਜਿਸ ਉੱਪਰ ਕਈ ਦਹਾਕਿਆਂ ਤੋਂ ਦੋ ਭਰਾਵਾਂ ਦੇ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਹੈ।

ਸ਼੍ਰੀਲੰਕਾ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਪਿਛਲੇ 70 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉੱਪਰ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਹੁੰਦਿਆਂ ਰਾਜਪਕਸ਼ੇ ਨੂੰ ਮੁੱਕਦਮਾ ਚੱਲਣ ਤੋਂ ਸੁਰੱਖਿਆ ਹਾਸਲ ਸੀ।

ਇਸ ਲਈ ਅਸਤੀਫ਼ਾ ਦੇਣ ਤੋਂ ਬਾਅਦ ਕਿਸੇ ਕਾਨੂੰਨੀ ਪੇਚੀਦਗੀ ਤੋਂ ਬਚਣ ਲਈ ਉਹ ਦੇਸ ਛੱਡ ਕੇ ਚਲੇ ਗਏ ਹਨ।

ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ

ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।

ਇੱਥੇ ਮੁੱਖ ਤੌਰ ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।

ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।

ਮਹਿੰਦਾ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।

ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)