ਪਾਕਿਸਤਾਨ: ਸ਼ਨੀਵਾਰ ਰਾਤ ਇਮਰਾਨ ਖ਼ਾਨ ਦੀ ਰਿਹਾਇਸ਼ 'ਤੇ ਆਖ਼ਰ ਕੀ-ਕੀ ਹੋਇਆ

ਤਸਵੀਰ ਸਰੋਤ, AFP
- ਲੇਖਕ, ਆਸਿਫ਼ ਫਾਰੂਕੀ
- ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ਼ ਬੇਭਰੋਸਗੀ ਮਤੇ ਨੂੰ ਲੈ ਕੇ ਹੋਏ ਹੰਗਾਮੇ ਵਿਚਾਲੇ ਸ਼ਨੀਵਾਰ ਰਾਤ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਅਸਾਧਾਰਨ ਗਤੀਵਿਧੀ ਦੇਖੀ ਗਈ।
ਇਸ ਦੌਰਾਨ ਕੁਝ ਇਤਿਹਾਸਕ ਫੈਸਲੇ ਅਤੇ ਘਟਨਾਵਾਂ ਵਾਪਰੀਆਂ ਜੋ ਕੈਮਰੇ ਵਿੱਚ ਕੈਦ ਹੋ ਗਈਆਂ, ਹਾਲਾਂਕਿ ਜ਼ਿਆਦਾਤਰ ਗਤੀਵਿਧੀਆਂ ਬੰਦ ਕਮਰਿਆਂ ਵਿੱਚ ਹੋਈਆਂ।
ਸ਼ਨੀਵਾਰ ਨੂੰ ਪੂਰਾ ਦਿਨ ਸੰਸਦ ਭਵਨ 'ਚ ਹੰਗਾਮੇ ਦਾ ਦੌਰ ਚੱਲਦਾ ਰਿਹਾ, ਕਦੇ ਭਾਸ਼ਣ ਹੁੰਦੇ, ਕਦੇ ਸੈਸ਼ਨ ਮੁਲਤਵੀ ਕਰਨ ਤੋਂ ਬਾਅਦ ਸਰਕਾਰ ਦੇ ਮੈਂਬਰਾਂ, ਵਿਰੋਧੀ ਧਿਰ ਦੇ ਮੈਂਬਰਾਂ ਅਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਵਿਚਾਲੇ ਗੱਲਬਾਤ ਹੁੰਦੀ।
ਪਰ ਸ਼ਾਮ ਨੂੰ ਜਦੋਂ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਇਫ਼ਤਾਰ ਲਈ ਮੁਲਤਵੀ ਕੀਤਾ ਗਿਆ ਤਾਂ ਅਚਾਨਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਸਰਗਰਮੀ ਵਧ ਗਈ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਕਾਨੂੰਨੀ ਅਤੇ ਸਿਆਸੀ ਸਲਾਹਕਾਰਾਂ, ਸਪੀਕਰ, ਡਿਪਟੀ ਸਪੀਕਰ ਅਤੇ ਕੁਝ ਨੌਕਰਸ਼ਾਹਾਂ ਨਾਲ ਸੰਘੀ ਕੈਬਨਿਟ ਦੀ ਇੱਕ ਐਮਰਜੈਂਸੀ ਬੈਠਕ ਬੁਲਾਈ।
ਦੇਰ ਰਾਤ ਉੱਤਰਿਆ ਹੈਲੀਕਾਪਟਰ
ਕੈਬਨਿਟ ਬੈਠਕ ਵਿੱਚ, ਕੁਝ ਅਧਿਕਾਰੀਆਂ ਨੂੰ ਕਥਿਤ ਕੇਬਲ ਦਿਖਾਉਣ ਦੀ ਇਜਾਜ਼ਤ ਦਿੱਤੀ ਗਈ, ਜਿਸ ਬਾਰੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਗਿਰਾਉਣ ਲਈ ਅਮਰੀਕੀ ਸਾਜ਼ਿਸ਼ ਬਾਰੇ ਜਾਣਕਾਰੀ ਸੀ।
ਇਸ ਦੌਰਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਡਿਪਟੀ ਸਪੀਕਰ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚ ਗਏ ਪਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਵਾਲੇ ਲਾਉਂਜ 'ਚ ਹੀ ਉਡੀਕ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ:
ਇਸ ਵਿਚਕਰ, ਦੋ ਬਿਨ ਬੁਲਾਏ ਮਹਿਮਾਨ ਵੀ ਅਸਾਧਾਰਨ ਸੁਰੱਖਿਆ ਅਤੇ ਹਥਿਆਰਬੰਦ ਸੈਨਿਕਾਂ ਦੀ ਘੇਰਾਬੰਦੀ ਹੇਠ ਇੱਕ ਹੈਲੀਕਾਪਟਰ ਰਾਹੀਂ ਪ੍ਰਧਾਨ ਮੰਤਰੀ ਆਵਾਸ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਲਗਭਗ 45 ਮਿੰਟ ਤੱਕ ਨਿੱਜੀ ਮੁਲਾਕਾਤ ਕੀਤੀ।
ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਸ ਮੁਲਾਕਾਤ ਵਿੱਚ ਕੀ ਗੱਲ ਹੋਈ। ਹਾਲਾਂਕਿ, ਭਰੋਸੇਮੰਦ ਅਤੇ ਸਰਕਾਰੀ ਸੂਤਰਾਂ ਨੇ, ਜਿਨ੍ਹਾਂ ਨੂੰ ਬਾਅਦ ਵਿੱਚ ਇਸ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਗਈ ਸੀ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਾਕਾਤ ਬਹੁਤ ਖੁਸ਼ਗਵਾਰ ਨਹੀਂ ਸੀ।
ਇੱਕ ਘੰਟਾ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੈਠਕ 'ਚ ਮੌਜੂਦ ਇੱਕ ਸੀਨੀਅਰ ਅਧਿਕਾਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਇਸ ਲਈ ਇਨ੍ਹਾਂ ਬਿਨ ਬੁਲਾਏ ਮਹਿਮਾਨਾਂ ਦਾ ਅਚਾਨਕ ਆਉਣਾ ਪ੍ਰਧਾਨ ਮੰਤਰੀ ਲਈ ਹੈਰਾਨੀਜਨਕ ਸੀ।
ਇਮਰਾਨ ਖਾਨ ਹੈਲੀਕਾਪਟਰ ਦਾ ਇੰਤਜ਼ਾਰ ਤਾਂ ਕਰ ਰਹੇ ਸਨ ਪਰ ਇਸ ਹੈਲੀਕਾਪਟਰ ਦੇ ਯਾਤਰੀਆਂ ਬਾਰੇ ਉਨ੍ਹਾਂ ਦੇ ਅੰਦਾਜ਼ੇ ਅਤੇ ਉਮੀਦਾਂ ਪੂਰੀ ਤਰ੍ਹਾਂ ਗਲਤ ਸਾਬਤ ਹੋਈਆਂ।

ਤਸਵੀਰ ਸਰੋਤ, Anadolu Agency
ਸੂਤਰਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਦੇ ਨਵ-ਨਿਯੁਕਤ ਅਧਿਕਾਰੀ ਇਸ ਹੈਲੀਕਾਪਟਰ ਰਾਹੀਂ ਪ੍ਰਧਾਨ ਮੰਤਰੀ ਆਵਾਸ ਪਹੁੰਚਣਗੇ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੰਸਦ ਭਵਨ 'ਚ ਉੱਠਿਆ ਰੌਲ਼ਾ ਸ਼ਾਂਤ ਹੋ ਜਾਵੇਗਾ।
ਸ਼ਾਇਦ ਅਜਿਹਾ ਹੋ ਵੀ ਜਾਂਦਾ, ਪਰ ਸਮੱਸਿਆ ਇਹ ਹੋਈ ਕਿ ਇਸ ਉੱਚ ਪੱਧਰੀ ਬਰਖਾਸਤਗੀ ਲਈ ਜੋ ਕਾਨੂੰਨੀ ਦਸਤਾਵੇਜ਼ (ਨੋਟੀਫਿਕੇਸ਼ਨ) ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਜਾਣੇ ਚਾਹੀਦੇ ਸਨ, ਉਹ ਜਾਰੀ ਨਹੀਂ ਕੀਤੇ ਜਾ ਸਕੇ। ਇਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਦੀ ਇਸ 'ਕ੍ਰਾਂਤੀਕਾਰੀ' ਬਦਲਾਅ ਦੀ ਕੋਸ਼ਿਸ਼ ਨਾਕਾਮ ਹੋ ਗਈ।
ਵੈਸੇ, ਜੇ ਬਰਖਾਸਤਗੀ ਦੀ ਇਹ ਪ੍ਰਕਿਰਿਆ ਪ੍ਰਧਾਨ ਮੰਤਰੀ ਦੇ ਆਦੇਸ਼ 'ਤੇ ਪੂਰੀ ਹੋ ਵੀ ਜਾਂਦੀ ਤਾਂ ਵੀ ਇਸ ਨੂੰ ਅਯੋਗ ਕਰਾਰ ਦੇਣ ਦੀ ਵਿਵਸਥਾ ਕੀਤੀ ਜਾ ਚੁੱਕੀ ਸੀ।
ਸ਼ਨੀਵਾਰ ਰਾਤ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਜਿੰਦੇ ਖੋਲ੍ਹ ਦਿੱਤੇ ਗਏ ਅਤੇ ਚੀਫ਼ ਜਸਟਿਸ ਅਥਹਰ ਮਿਨਾਲ੍ਹਾ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਹਾਈ ਕੋਰਟ ਪਹੁੰਚੇ।
ਦੱਸਿਆ ਗਿਆ ਹੈ ਕਿ ਹਾਈ ਕੋਰਟ ਇੱਕ ਤਤਕਾਲ ਪਟੀਸ਼ਨ 'ਤੇ ਸੁਣਵਾਈ ਕਰਨ ਵਾਲੀ ਸੀ, ਜਿਸ ਵਿੱਚ ਅਦਨਾਨ ਇਕਬਾਲ ਐਡਵੋਕੇਟ ਨੇ ਇੱਕ ਆਮ ਨਾਗਰਿਕ ਦੇ ਤੌਰ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਫੌਜ ਮੁਖੀ ਨੂੰ ਹਟਾਉਣ ਦੇ 'ਸੰਭਾਵਿਤ' ਅਧਿਸੂਚਨਾ ਨੂੰ ਚੁਣੌਤੀ ਦਿੱਤੀ ਸੀ।

ਤਸਵੀਰ ਸਰੋਤ, EPA/T. MUGHAL
ਇਸ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਮਰਾਨ ਖਾਨ ਨੇ ਸਿਆਸੀ ਅਤੇ ਨਿੱਜੀ ਉਦੇਸ਼ਾਂ ਲਈ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹੋਏ ਫੌਜ ਮੁਖੀ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਪਟੀਸ਼ਨ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਆਦੇਸ਼ ਨੂੰ ਜਨਹਿੱਤ ਵਿੱਚ ਅਯੋਗ ਕਰਾਰ ਦੇਣ।
ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਹ ਪਟੀਸ਼ਨ ਤਿਆਰ ਤਾਂ ਕਰ ਲਈ ਗਈ ਸੀ, ਪਰ ਇਸ ਵਿੱਚ ਫੌਜ ਮੁਖੀ ਨੂੰ ਹਟਾਉਣ ਲਈ ਅਧਿਸੂਚਨਾ ਨੰਬਰ ਦੀ ਜਗ੍ਹਾ ਖਾਲੀ ਛੱਡ ਦਿੱਤੀ ਗਈ ਸੀ।
ਇਸਦਾ ਕਾਰਨ ਇਹ ਸੀ ਕਿ ਪ੍ਰਧਾਨ ਮੰਤਰੀ ਦੀ ਇੱਛਾ ਦੇ ਬਾਵਜੂਦ ਇਹ ਅਧਿਸੂਚਨਾ ਜਾਰੀ ਨਹੀਂ ਕੀਤੀ ਜਾ ਸਕੀ ਸੀ ਅਤੇ ਇਸ ਤਰ੍ਹਾਂ ਇਸ ਪਟੀਸ਼ਨ 'ਤੇ ਸੁਣਵਾਈ ਦੀ ਨੌਬਤ ਹੀ ਨਹੀਂ ਆਈ।
ਪਾਕਿਸਤਾਨੀ ਫੌਜ ਨੇ ਇਸ ਬਾਰੇ ਕੀ ਕਿਹਾ
ਆਈਐੱਸਪੀਆਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਬੀਸੀ ਉਰਦੂ ਦੁਆਰਾ ਪ੍ਰਕਾਸ਼ਿਤ ਰਿਪੋਰਟ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀ ਹੈ। ਇਸ ਪ੍ਰੋਪੇਗੇਂਡਾ ਵਾਲੀ ਰਿਪੋਰਟ ਵਿੱਚ ਭਰੋਸੇਯੋਗ, ਪ੍ਰਮਾਣਿਕ ਅਤੇ ਸੰਬੰਧਿਤ ਸਰੋਤ ਦੀ ਘਾਟ ਹੈ ਅਤੇ ਇਹ ਪੱਤਰਕਾਰੀ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਇਸ ਜਾਅਲੀ ਕਹਾਣੀ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਸਪੱਸ਼ਟ ਤੌਰ 'ਤੇ ਇਹ ਗਲਤ ਜਾਣਕਰੀ ਵਾਲੀ ਇੱਕ ਮੁਹਿੰਮ ਦਾ ਹਿੱਸਾ ਜਾਪਦੀ ਹੈ। ਇਹ ਮਾਮਲਾ ਬੀਬੀਸੀ ਅਧਿਕਾਰੀਆਂ ਅੱਗੇ ਉਠਾਇਆ ਜਾ ਰਿਹਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












