ਜਦੋਂ ਇੱਕ ਗਿਟਾਰ ਵਾਦਕ ਤੇ ਉਸ ਦੀ ਪਤਨੀ ਨੇ ਡੁੱਬਦੇ ਜਹਾਜ਼ ਵਿੱਚੋਂ ਬਚਾਈਆਂ ਸੈਂਕੜੇ ਜਾਨਾਂ

- ਲੇਖਕ, ਸਾਰਾਹ ਮੈਕਡਰਮੌਂਟ
- ਰੋਲ, ਬੀਬੀਸੀ ਪੱਤਰਕਾਰ
ਜਦੋਂ 1991 ਵਿੱਚ ਦੱਖਣੀ ਅਫ਼ਰੀਕਾ ਦੇ ਤਟ ਦੇ ਨੇੜੇ ਇੱਕ ਆਲੀਸ਼ਾਨ ਕਰੂਜ਼ ਲਾਈਨਰ ਡੁੱਬਣ ਲੱਗਿਆ ਤਾਂ ਸੰਗੀਤਕਾਰ ਮੌਸ ਹਿੱਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਚਾਨਕ ਮਹਿਸੂਸ ਕੀਤਾ ਕਿ ਯਾਤਰੀਆਂ ਦੀ ਜ਼ਿੰਦਗੀ ਬਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਰਾਤ ਦੇ ਖਾਣੇ ਦੌਰਾਨ ਮੌਸ ਹਿੱਲ ਨੂੰ ਅਚਾਨਕ ਮਹਿਸੂਸ ਹੋਇਆ ਕਿ ਤੂਫ਼ਾਨ ਕਿੰਨਾ ਖ਼ਤਰਨਾਕ ਸੀ। ਜਹਾਜ਼ ਦੇ ਬੈਰ੍ਹੇ ਜੋ ਚੀਜ਼ਾਂ ਡੋਲ੍ਹੇ ਬਿਨਾਂ ਮਹਿਮਾਨ ਨਿਵਾਜ਼ੀ ਲਈ ਜਾਣੇ ਜਾਂਦੇ ਸਨ, ਜੂਝ ਰਹੇ ਸਨ। ਮੌਸ ਜ਼ਿੰਬਾਬਵੇ ਤੋਂ ਇੱਕ ਗਿਟਾਰ ਵਾਦਕ ਸਨ ਅਤੇ ਜਹਾਜ਼ ਉੱਪਰ ਆਪਣੀ ਪਤਨੀ ਟਰੇਸੀ ਜੋ ਕਿ ਖੁਦ ਵੀ ਇੱਕ ਸਾਜਵਾਦਕ ਸੀ, ਨਾਲ ਜਹਾਜ਼ ਦੇ ਬੈਂਡ ਵਿੱਚ ਮੁਲਾਜ਼ਮ ਸਨ।
ਆਪਣੇ ਜੀਵਨ ਵਿੱਚ ਉਨ੍ਹਾਂ ਨੇ ਕਦੇ ਵੀ ਜਹਾਜ਼ ਦੇ ਬੈਰਿਆਂ ਨੂੰ ਚੀਜ਼ਾਂ ਡੋਲ੍ਹਦਿਆਂ ਨਹੀਂ ਸੀ ਦੇਖਿਆ, ਜੋ ਕੁਝ ਹੋ ਰਿਹਾ ਸੀ ਉਸ ਨੂੰ ਦੇਖ ਕੇ ਉਹ ਹੈਰਾਨ ਸਨ।
ਇਸ ਤੋਂ ਪਹਿਲਾਂ ਵੀ ਦਿਨੇ ਵੀ ਤੇਜ਼ ਵਗਦੀਆਂ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਜਹਾਜ਼ ਆਪਣਾ ਸਫ਼ਰ ਸ਼ੁਰੂ ਨਹੀਂ ਕਰ ਸਕਿਆ ਸੀ। ਜਹਾਜ਼ ਨੇ ਡਰਬਨ ਵੱਲ ਜਾਣਾ ਸੀ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਸਮੁੰਦਰੀ ਕੰਢਾ ਨਹੀਂ ਛੱਡ ਸਕਿਆ ਸੀ।
ਦਿਨ ਦੇ ਦੌਰਾਨ ਵੀ ਸਥਿਤੀ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖ ਕਪਤਾਨ ਨੇ ਆਖਰ ਜਹਾਜ਼ ਦੇ ਲੰਗਰ ਚੁੱਕਣ ਦਾ ਫ਼ੈਸਲਾ ਲਿਆ।
ਜਦੋਂ ਜਹਾਜ਼ ਨੇ ਸਫ਼ਰ ਸ਼ੁਰੂ ਕੀਤਾ ਤਾਂ ਹਵਾਵਾਂ 40 ਨੌਟ ਦੀ ਗਤੀ ਨਾਲ ਵਹਿ ਰਹੀਆਂ ਸਨ ਅਤੇ ਸਮੁੰਦਰ ਵਿੱਚ ਲਗਭਗ 30 ਫੁੱਟ ਉੱਚੀਆਂ ਲਹਿਰਾਂ ਉੱਠ ਰਹੀਆਂ ਸਨ।
ਮੌਸ ਅਤੇ ਟਰੇਸੀ ਦੋਵੇਂ ਹੀ ਆਪਣੀਆਂ ਉਮਰਾਂ ਦੇ ਤੀਜੇ ਦਹਾਕਿਆਂ ਵਿੱਚ ਸਨ। ਅਕਸਰ ਜਦੋਂ ਜਹਾਜ਼ ਕਿਨਾਰਾ ਛੱਡਦਾ ਤਾਂ ਉਹ ਪੂਲ ਦੇ ਕਿਨਾਰੇ ਯਾਤਰੀਆਂ ਲਈ ਸੰਗੀਤਕ ਸ਼ਾਮ ਦਾ ਬੰਦੋਬਸਤ ਕਰਦੇ।
ਉਸ ਦਿਨ ਪਾਰਟੀ ਅੰਦਰ ਤਬਦੀਲ ਕਰ ਦਿੱਤੀ ਗਈ। ਜਹਾਜ਼ ਤੇਜ਼ ਲਹਿਰਾਂ ਵਿੱਚ ਝੂਲ ਰਿਹਾ ਸੀ ਅਤੇ ਆਪਣੇ-ਆਪ ਨੂੰ ਸਥਿਰ ਰੱਖਣ ਲਈ ਮੌਸ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਸੀ।
ਮੌਸ ਦੱਸਦੇ ਹਨ ਕਿ ਤੂਫ਼ਾਨ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ:
ਰਾਤ ਦਾ ਖਾਣਾ ਖਾਂਦਿਆਂ ਟਰੇਸੀ ਨੇ ਕਮਰੇ ਵਿੱਚ ਜਾ ਕੇ ਇੱਕ ਐਮਰਜੈਂਸੀ ਬੈਗ ਤਿਆਰ ਕਰਨ ਦੀ ਸੋਚੀ।
ਮੌਸ ਦੱਸਦੇ ਹਨ, ''ਜਿਵੇਂ ਹੀ ਉਹ ਗਈ ਤੇ ਅਚਾਨਕ ਸਾਰੀਆਂ ਬੱਤੀਆਂ ਬੁਝ ਗਈਆਂ।''
ਜਦੋਂ ਜਹਾਜ਼ ਦੇ ਕਿਸੇ ਵੀ ਅਧਿਕਾਰੀ ਨੇ ਆ ਕੇ ਕੋਈ ਐਲਾਨ ਨਾ ਕੀਤਾ ਤਾਂ ਮੌਸ ਨੂੰ ਵੀ ਘਬਰਾਹਟ ਹੋਣ ਲੱਗੀ।
''ਤੁਸੀਂ ਸਮੁੰਦਰ ਦੇ ਵਿਚਕਾਰ ਇੱਕ ਜਹਾਜ਼ ਉੱਪਰ ਹੋ। ਕਾਲੀ ਰਾਤ ਹੈ ਅਤੇ ਭਿਆਨਕ ਤੂਫ਼ਾਨ ਹੈ। ਮੈਨੂੰ ਆਪਣੇ ਪੇਟ ਵਿੱਚ ਇੱਕ ਜਕੜਨ ਮਹਿਸੂਸ ਹੋਈ।''
ਫਿਰ ਐਮਰਜੈਂਸੀ ਲਾਈਟਾਂ ਜਗ ਉੱਠੀਆਂ ਅਤੇ ਮੌਸ ਸਟੇਜ ਉੱਪਰ ਸਾਜ਼ ਦੇਖਣ ਚਲੇ ਗਏ। ਸਾਰਾ ਕੁਝ ਖਿੱਲਰਿਆ ਪਿਆ ਸੀ। ਮੌਸ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਇੰਜਣਾਂ ਦੀ ਕੋਈ ਅਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਜਹਾਜ਼ ਨੂੰ ਊਰਜਾ ਨਹੀਂ ਮਿਲ ਰਹੀ ਸੀ ਤੇ ਇਹ ਬੰਦ ਹੁੰਦਾ ਜਾ ਰਿਹਾ ਸੀ।
ਛੇਤੀ ਹੀ 153 ਮੀਟਰ (520 ਫੁੱਟ) ਦਾ ਓਸੀਓਨਸ ਜਹਾਜ਼ ਲਹਿਰਾਂ ਨਾਲ ਟਕਰਾਉਂਦਾ ਹੋਇਆ ਪਾਸੇ ਵੱਲ ਨੂੰ ਵਹਿਣ ਲੱਗਿਆ।

ਮੌਸ ਦੱਸਦੇ ਹਨ ਕਿ ਜਹਾਜ਼ ਨੂੰ ਲਹਿਰਾਂ ਧੱਕ ਰਹੀਆਂ ਸਨ।
ਬੇਚੈਨ ਯਾਤਰੀ ਲਾਊਂਜ ਵਿੱਚ ਇਕੱਠੇ ਹੋਣ ਲੱਗੇ। ਜਹਾਜ਼ ਵਿੱਚ ਪਏ ਗਮਲੇ ਅਤੇ ਹੋਰ ਸਮਾਨ ਸੱਜੇ ਤੋਂ ਖੱਬੇ ਅਤੇ ਫਿਰ ਵਾਪਸ ਸਰਕ ਰਿਹਾ ਸੀ। ਚੱਲਦੇ ਜਹਾਜ਼ ਵਿੱਚ ਲੋਕ ਕੁਰਸੀਆਂ ਛੱਡ ਕੇ ਜਹਾਜ਼ ਦੇ ਫਰਸ਼ 'ਤੇ ਬੈਠ ਗਏ ਸਨ।
ਅਜੇ ਇੱਕ ਘੰਟਾ ਬੀਤਿਆ ਸੀ ਅਤੇ ਮਾਹੌਲ ਵਿੱਚ ਤਣਾਅ ਵਧ ਰਿਹਾ ਸੀ। ਮੌਸ ਨੇ ਆਪਣਾ ਗਿਟਾਰ ਚੁੱਕਿਆ ਅਤੇ ਲੋਕਾਂ ਨੂੰ ਸ਼ਾਂਤ ਰੱਖਣ ਲਈ ਗਾਉਣਾ ਸ਼ੁਰੂ ਕਰ ਦਿੱਤਾ। (ਪਰ) ਸਮੇਂ ਦੇ ਬੀਤਣ ਨਾਲ ਤਣਾਅ ਵਧਦਾ ਜਾ ਰਿਹਾ ਸੀ। ਜਹਾਜ਼ ਇੱਕ ਪਾਸੇ ਨੂੰ ਝੁੱਕ ਰਿਹਾ ਸੀ ਅਤੇ ਡੋਲਣ ਤੋਂ ਬਾਅਦ ਸਿੱਧੀ ਸਥਿਤੀ ਵਿੱਚ ਵਾਪਸ ਨਹੀਂ ਸੀ ਆ ਰਿਹਾ।
ਮੌਸ ਨੇ ਆਪਣੀ ਪਤਨੀ ਟਰੇਸੀ ਨੂੰ ਕਿਹਾ,''ਕੁਝ ਬੁਰਾ ਹੋ ਰਿਹਾ ਹੈ। ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਕੀ ਹੋ ਰਿਹਾ ਹੈ।''
ਮੌਸ ਹਨੇਰੇ ਵਿੱਚ ਰਾਹ ਬਣਾਉਂਦੇ ਇੱਕ ਹੋਰ ਸਾਥੀ ਜੂਲੀਅਨ ਨੂੰ ਨਾਲ ਲੈ ਕੇ ਥੱਲੇ ਡੈਕ ਤੱਕ ਪਹੁੰਚੇ। ਜੂਲੀਅਨ ਯੌਰਕਸ਼ਾਇਰ ਤੋਂ ਸੀ ਅਤੇ ਇੱਕ ਜਾਦੂਗਰ ਸਨ।
ਡੈਕ ਵਿੱਚ ਹਾਹਾਕਾਰ ਮਚੀ ਹੋਈ ਸੀ ਅਤੇ ਅਮਲਾ ਇੱਧਰੋਂ-ਉੱਧਰ ਭੱਜ ਰਿਹਾ ਸੀ। ਕੁਝ ਨੇ ਲਾਈਫ਼ ਜੈਕਟਾਂ ਪਾਈਆਂ ਹੋਈਆਂ ਸਨ ਅਤੇ ਕੁਝ ਪਾਣੀ ਨਾਲ ਭਿੱਜੇ ਹੋਏ ਸਨ। ਹਰ ਕੋਈ ਆਪੋ-ਆਪਣੀ ਭਾਸ਼ਾ ਬੋਲ ਰਿਹਾ ਸੀ।
ਮੌਸ ਨੇ ਦੱਸਿਆ, ਅਸੀਂ ਉੱਥੇ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਹੋ ਰਿਹਾ ਹੈ ਪਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸੀਂ ਉੱਥੇ ਮੌਜੂਦ ਹੀ ਨਾ ਹੋਈਏ।
ਇੱਥੋਂ ਮੌਸ ਜਹਾਜ਼ ਦੇ ਇੰਜਣ ਵਾਲੇ ਤਹਿਖਾਨੇ ਵਿੱਚ ਗਏ।
ਅਸੀਂ ਪਾਣੀ ਦੇ ਪੱਧਰ ਤੋਂ ਹੇਠਾਂ ਸੀ। ਹਨੇਰੇ ਵਿੱਚ।
ਪਾਣੀ ਨੂੰ ਰੋਕਣ ਲਈ ਲਗਾਏ ਗਏ ਧਾਤ ਦੇ ਭਾਰੀ ਗੇਟ ਬੰਦ ਸਨ। ਪਾਣੀ ਜਹਾਜ਼ ਦੇ ਅੰਦਰ ਦਾਖਲ ਹੋਣ ਦੀ ਸਥਿਤੀ ਵਿੱਚ ਇਹ ਭਾਰੀ ਗੇਟ ਉਸ ਨੂੰ ਇੱਕ ਤੋਂ ਦੂਜੇ ਕੰਪਾਰਟਮੈਂਟ ਵਿੱਚ ਜਾਣ ਤੋਂ ਰੋਕਦੇ ਸਨ।
ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਬੰਦ ਗੇਟਾਂ ਦੇ ਪਿੱਛੇ ਬਹੁਤ ਜ਼ਿਆਦਾ ਪਾਣੀ ਛਾਲਾਂ ਮਾਰ ਰਿਹਾ ਸੀ।
ਓਸੀਓਨਸ ਡੁੱਬ ਰਿਹਾ ਸੀ।
ਉੱਪਰ ਯਾਤਰੀਆਂ ਲਈ ਅਜੇ ਵੀ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਸਨ। ਮੌਸ ਨੇ ਸ਼ਿੱਪ ਦੀ ਡਾਇਰੈਕਟਰ ਨੂੰ ਲੱਭਿਆ ਜਿਨ੍ਹਾਂ ਨੇ ਦੱਸਿਆ ਕਿ ਕਪਤਾਨ ਕਹਿ ਰਹੇ ਸਨ ਕਿ ਸਾਨੂੰ ਜਹਾਜ਼ ਤਿਆਗਣਾ ਪਵੇਗਾ।
ਮੌਸ ਦੱਸਦੇ ਹਨ ਕਿ ਉਨ੍ਹਾਂ ਨੂੰ ਉਦੋਂ ਪਤਾ ਚੱਲਿਆ ਕਿ ਬਹੁਤ ਸਾਰੀਆਂ ਕਿਸ਼ਤੀਆਂ ਨੂੰ ਜਹਾਜ਼ ਦੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਚੁੱਕੇ ਸਨ।
ਮੌਸ ਨੂੰ ਜਾਂ ਕਿਸੇ ਹੋਰ ਨੂੰ ਕੁਝ ਪਤਾ ਨਹੀਂ ਸੀ ਕਿ ਡੈਕ ਦੇ ਨਾਲ ਉੱਚੀਆਂ ਟੰਗੀਆਂ ਜੀਵਨ ਬਚਾਊ ਕਿਸ਼ਤੀਆਂ ਕਿਵੇਂ ਵਰਤਣੀਆਂ ਹਨ। ਫਿਰ ਮੌਸ ਇੱਕ ਲੱਤ ਕਿਸ਼ਤੀ ਵਿੱਚ ਅਤੇ ਇੱਕ ਜਹਾਜ਼ 'ਤੇ ਲਗਾ ਕੇ ਖੜ੍ਹੇ ਹੋ ਗਏ।

ਇਸ ਤਰ੍ਹਾਂ ਬਹੁਤ ਮਿਹਨਤ ਨਾਲ ਕਿਸ਼ਤੀਆਂ ਵਿੱਚ ਲਗਭਗ 90 ਯਾਤਰੀ ਸਵਾਰ ਕੀਤੇ ਜਾਂਦੇ। ਇਨ੍ਹਾਂ ਵਿੱਚੋਂ ਬਹੁਤੇ ਡਰਦੇ ਮਾਰੇ ਰੋ ਰਹੇ ਸਨ ਜਾਂ ਚੀਕਾਂ ਮਾਰ ਰਹੇ ਸਨ। ਫਿਰ ਇਨ੍ਹਾਂ ਭਾਰੀਆਂ ਕਿਸ਼ਤੀਆਂ ਨੂੰ ਸਮੁੰਦਰ ਵਿੱਚ ਉਤਾਰਿਆ ਜਾਂਦਾ। ਮੌਸ ਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਕਿਸ਼ਤੀਆਂ ਦੇ ਇੰਜਣ ਕਿਵੇਂ ਚਾਲੂ ਕਰਨੇ ਹਨ।
ਮੌਸ ਦੱਸਦੇ ਹਨ, ''ਅਸੀਂ ਬੱਸ ਉਨ੍ਹਾਂ ਨੂੰ ਸਮੁੰਦਰ ਵਿੱਚ ਵਹਾਅ ਦਿੰਦੇ ਅਤੇ ਹਨੇਰੇ ਵਿੱਚ ਸਮੁੰਦਰ 'ਚ ਲਹਿਰਾਂ ਦੇ ਨਾਲ ਵਹਿਣ ਦਿੰਦੇ। ਕਿਸ਼ਤੀਆਂ ਵਿੱਚ ਸਵਾਰ ਲੋਕਾਂ ਲਈ ਇਹ ਬਹੁਤ ਹੀ ਡਰਾਉਣਾ ਸਮਾਂ ਸੀ, ਇਹ ਹਨੇਰੀ ਅਤੇ ਠੰਢੀ ਰਾਤ ਸੀ। (ਪਰ) ਸਾਡੇ ਕੋਲ ਇਹੀ ਚਾਰਾ ਸੀ।''
ਹੁਣ ਤੱਕ ਓਸੀਅਨੋਸ ਵਿੱਚ ਪਾਣੀ ਵਧ ਗਿਆ ਸੀ ਅਤੇ ਇਹ ਹੋਰ ਝੁੱਕ ਗਿਆ ਸੀ। ਹੋਰ ਕਿਸ਼ਤੀਆਂ ਉਤਾਰਨਾ ਲਗਭਗ ਅਸੰਭਵ ਹੋ ਚੁੱਕਿਆ ਸੀ।
ਸਵਾਰੀਆਂ ਨਾਲ ਭਰ ਜਾਣ ਤੋਂ ਬਾਅਦ ਕਿਸ਼ਤੀਆਂ ਸਮੁੰਦਰ ਵਿੱਚ ਖੁਦ ਨਹੀ ਉਤਦੀਆਂ ਸਨ ਸਗੋਂ ਜਹਾਜ਼ ਨਾਲ ਚਿਪਕ ਜਾਂਦੀਆਂ ਸਨ ਜਦਕਿ ਕੋਈ ਵੱਡੀ ਲਹਿਰ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲੈ ਜਾਂਦੀ ਸੀ।
ਆਖਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਖ਼ਤਰਨਾਕ ਸੀ। ਉਹ ਕਹਿੰਦੇ ਹਨ, ''ਸਾਨੂੰ ਲੱਗਿਆ ਕਿ ਸੰਭਵ ਹੈ ਕਿ ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੀ ਮਾਰ ਦਈਏ।''
ਸਮਾਂ ਤੇਜ਼ੀ ਨਾਲ ਹੱਥੋਂ ਨਿਕਲਦਾ ਜਾ ਰਿਹਾ ਸੀ। ਉਹ ਕਿਸ਼ਤੀਆਂ ਨਹੀਂ ਛੱਡ ਪਾ ਰਹੇ ਸਨ ਜਦਕਿ ਅਜੇ ਵੀ ਸੈਂਕੜੇ ਲੋਕ ਬਚਾਏ ਜਾਣੇ ਬਾਕੀ ਸਨ।
ਉਹ ਜਿਵੇਂ-ਤਿਵੇਂ ਜਹਾਜ਼ ਦੇ ਡੈਕ ਵੱਲ ਵਧੇ ਤਾਂ ਜੋ ਕਿਸੇ ਸੀਨੀਅਰ ਅਧਿਕਾਰੀ ਨੂੰ ਅੱਗੇ ਬਾਰੇ ਕੁਝ ਪੁੱਛ ਸਕਣ। ਉੱਥੇ ਕੋਈ ਵੀ ਨਹੀਂ ਸੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹੀ ਬਚੇ ਸਨ।
ਹਨੇਰੇ ਵਿੱਚ ਸੰਤਰੀ ਅਤੇ ਲਾਲ ਲਾਈਟਾਂ ਜਗ-ਬੁਝ ਰਹੀਆਂ ਸਨ। ਮੌਸ ਨੂੰ ਜ਼ਿਆਦਾਤਰ ਉਪਕਰਨਾਂ ਦੇ ਕੰਮ ਬਾਰੇ ਕੋਈ ਅੰਦਾਜ਼ਾ ਨਹੀਂ ਸੀ। ਉਨ੍ਹਾਂ ਨੇ ਰੇਡੀਓ ਦੀ ਮਦਦ ਨਾਲ ਮਦਦ ਲਈ ਸੁਨੇਹਾ ਭੇਜਣ ਦੀ ਵਾਰੀ-ਵਾਰੀ ਕੋਸ਼ਿਸ਼ ਕੀਤੀ।

ਮੌਸ ਹਤਾਸ਼ਾ ਪ੍ਰਗਟਾਉਂਦੇ ਕਹਿੰਦੇ ਹਨ, ਮੇਡੇਅ, ਮੇਡੇਅ, ਮੇਡੇਅ ਅਤੇ ਸਿਰਫ਼ ਜਵਾਬ ਦੀ ਉਡੀਕ ਹੀ ਕਰ ਰਿਹਾ ਸੀ।
ਆਖਰ ਇੱਕ ਅਵਾਜ਼ ਸੁਣਾਈ ਦਿੱਤੀ, ਹਾਂ ਜੀ ਦੱਸੋ ਕੀ ਹੈ ਤੁਹਾਡਾ ਮੇਅਡੇ?
ਮੌਸ ਨੂੰ ਕੁਝ ਸੁੱਖ ਦਾ ਸਾਹ ਆਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਓਸੀਓਨਸ ਹਾਂ ਅਤੇ ਡੁੱਬ ਰਹੇ ਹਾਂ।
ਠੀਕ ਹੈ ਕੀ ਤੁਹਾਨੂੰ ਕਿੰਨੀ ਦੇਰ ਤੋਂ ਵਹਿਣ ਲਈ ਛੱਡ ਦਿੱਤਾ ਗਿਆ ਹੈ।
ਮੈਨੂੰ ਨਹੀਂ ਪਤਾ- ਸਾਡੇ ਵਿੱਚ ਬਹੁਤ ਪਾਣੀ ਭਰ ਗਿਆ ਹੈ। ਅਜੇ ਵੀ ਸਾਡੇ ਕੋਲ ਜਹਾਜ਼ ਤੇ 200 ਲੋਕ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ ਦੀ ਹੋਮ ਸਕਰੀਨ ਉੱਪਰ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
''ਠੀਕ ਹੈ, ਤੁਸੀਂ ਕਿੱਥੇ ਹੋ? ''
''ਅਸੀਂ ਸ਼ਾਇਦ ਪੂਰਬੀ ਲੰਡਨ ਦੇ ਤਟ ਤੋਂ ਅਤੇ ਡਰਬਨ ਦੇ ਲਗਭਗ ਅੱਧ ਵਿਚਕਾਰ ਹੋਵਾਂਗੇ।''
''ਤੁਹਾਡਾ ਅਹੁਦਾ ਕੀ ਹੈ?''
ਮੌਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
''ਖੈਰ, ਮੇਰਾ ਕੋਈ ਅਹੁਦਾ ਨਹੀਂ ਹੈ ਮੈਂ ਤਾਂ ਗਿਟਾਰ ਵਾਦਕ ਹਾਂ।''
ਇੱਕ ਚੁੱਪ ਛਾ ਗਈ।

''ਤੁਸੀਂ ਬ੍ਰਿਜ 'ਤੇ ਕੀ ਕਰ ਰਹੇ ਹੋ।''
''ਖੈਰ ਇੱਥੇ ਹੋਰ ਕੋਈ ਨਹੀਂ ਹੈ।''
''ਬ੍ਰਿਜ 'ਤੇ ਤੁਹਾਡੇ ਨਾਲ ਹੋਰ ਕੌਣ ਹੈ? ''
ਫਿਰ ਮੈਂ ਕਿਹਾ, ''ਮੇਰੇ ਨਾਲ ਮੇਰੀ ਪਤਨੀ ਹੈ ਅਤੇ ਇੱਕ ਜਾਦੂਗਰ... ''
ਇਹ ਵੀ ਪੜ੍ਹੋ:
ਮੌਸ ਨੂੰ ਦੋ ਛੋਟੀਆਂ ਕਿਸ਼ਤੀਆਂ ਦੇ ਸੰਪਰਕ ਵਿੱਚ ਲਿਆਂਦਾ ਗਿਆ ਜੋ ਕਿ ਓਸੀਓਨਸ ਦੇ ਸਭ ਤੋਂ ਨਜ਼ਦੀਕ ਸਨ। ਉਨ੍ਹਾਂ ਨੇ ਕਿਹਾ ਕਿ ਮੌਸ ਕਪਤਾਨ ਨੂੰ ਲੱਭਣ ਅਤੇ ਉਸ ਨੂੰ ਬ੍ਰਿਜ 'ਤੇ ਲੈ ਕੇ ਆਉਣ। ਹਾਲਾਂਕਿ ਮੌਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਕਪਤਾਨ ਕਿੱਥੇ ਹੈ।
''ਮੈਂ ਜਾਣਦਾ ਸੀ ਕਿ ਉਹ ਥੱਲੇ ਨਹੀਂ ਹੋ ਸਕਦਾ ਕਿਉਂਕਿ ਅਸੀਂ ਡੁੱਬ ਰਹੇ ਸੀ। ਮੈਂ ਜਹਾਜ਼ ਵਿੱਚ ਪਾਣੀ ਦੀ ਸਥਿਤੀ ਉੱਪਰ ਲਗਾਤਾਰ ਨਜ਼ਰ ਰੱਖ ਰਿਹਾ ਸੀ ਅਤੇ ਜਾਣਦਾ ਸੀ ਕਿ ਸਾਡੇ ਤੋਂ ਹੇਠਲਾ ਡੈਕ ਪੂਰੀ ਤਰ੍ਹਾਂ ਡੁੱਬ ਚੁੱਕਿਆ ਸੀ।''
ਆਖਰ ਮੌਸ ਨੇ ਕਪਤਾਨ ਨੂੰ ਲੱਭ ਲਿਆ ਜੋ ਕਿ ਜਹਾਜ਼ ਦੇ ਪਿੱਛੇ, ਹਨੇਰੇ ਵਿੱਚ ਖੜ੍ਹਾ ਸਿਗਰਟ ਪੀ ਰਿਹਾ ਸੀ। ਮੌਸ ਨੇ ਕਪਤਾਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਫੌਰਨ ਉਸ ਦੀ ਲੋੜ ਹੈ।
ਕਪਤਾਨ ਖਾਲੀ ਅੱਖਾਂ ਨਾਲ ਮੌਸ ਵੱਲ ਦੇਖ ਰਿਹਾ ਸੀ ਅਤੇ ਕਹਿ ਰਿਹਾ ਸੀ, ''ਨਹੀਂ ਇਸ ਦੀ ਲੋੜ ਨਹੀਂ, ਨਹੀਂ ਇਸ ਦੀ ਲੋੜ ਨਹੀਂ।''
ਮੌਸ ਕਹਿੰਦੇ ਹਨ, ''ਮੈਨੂੰ ਲੱਗਿਆ ਉਹ ਡੂੰਘੇ ਸਦਮੇ ਵਿੱਚ ਸੀ।''
ਜੋ ਕਿਸ਼ਤੀਆਂ ਕੋਲ ਆਈਆਂ ਸਨ ਉਨ੍ਹਾਂ ਕੋਲ ਜ਼ਿੰਦਗੀਆਂ ਬਚਾਉਣ ਵਾਲੀਆਂ ਇੱਕ-ਇੱਕ ਕਿਸ਼ਤੀਆਂ ਸਨ। ਇਸ ਲਈ ਉਹ ਕੋਈ ਬਹੁਤੀ ਮਦਦ ਨਹੀਂ ਕਰ ਸਕਦੀਆਂ ਸਨ।

ਉਨ੍ਹਾਂ ਨੇ ਓਸੀਓਨਸ ਦੇ ਵੇਰਵੇ ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਜਿਨ੍ਹਾਂ ਨੇ ਹੈਲੀਕਾਪਟਰ ਰਾਹੀਂ ਫਸੇ ਲੋਕਾਂ ਨੂੰ ਕੱਢਣ ਦਾ ਇੰਤਜ਼ਾਮ ਕੀਤਾ।
ਹੁਣ ਮੌਸ ਅਤੇ ਉਨ੍ਹਾਂ ਦੀ ਪਤਨੀ ਟਰੇਸੀ ਇਕੱਠੇ ਬੈਠ ਕੇ ਦੁਆ ਕਰਨ ਲੱਗੇ ਕਿ ਮਦਦ ਸਮੇਂ ਸਿਰ ਪਹੁੰਚ ਜਾਵੇ।
ਮੌਸ ਨੇ ਆਪਣੀ ਪਤਨੀ ਨੂੰ ਕਿਹਾ, ''ਮੈਨੂੰ ਲਗਦਾ ਹੈ ਜਹਾਜ਼ ਡੁੱਬਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਅਸੀਂ ਵੀ ਡੁੱਬਣ ਜਾ ਰਹੇ ਹਾਂ।''
ਦੋਵਾਂ ਦੀ ਇੱਕ 15 ਸਾਲਾਂ ਦੀ ਬੇਟੀ, ਐਂਬਰ ਸੀ। ਉਹ ਵੀ ਆਪਣੀਆਂ ਛੁੱਟੀਆਂ ਕਾਰਨ ਓਸੀਓਨਸ ਉੱਪਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਉੱਤਰੀ ਸੀ। ਐਂਬਰ ਹੁਣ ਆਪਣੇ ਦੱਖਣੀ ਅਫ਼ਰੀਕਾ ਵਾਲੇ ਬੋਰਡਿੰਗ ਸਕੂਲ ਵਿੱਚ ਵਾਪਸ ਪਹੁੰਚ ਚੁੱਕੀ ਸੀ।
''ਉਹ ਆਪਣੇ ਦੋਵੇਂ ਮਾਪੇ ਨਹੀਂ ਗੁਆ ਸਕਦੀ। ਜੋ ਵੀ ਹੋਵੇ ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਸਾਡੇ ਵਿੱਚੋਂ ਕੋਈ ਇੱਕ ਤਾਂ ਜਿਊਂਦਾ ਬਚ ਜਾਵੇ।''
ਬਚਾਅ ਲਈ ਪਹਿਲਾ ਹੈਲੀਕਾਪਟਰ ਆਉਣ ਵਿੱਚ ਤਿੰਨ ਘੰਟੇ ਲੱਗ ਗਏ।
ਨੇਵੀ ਦੇ ਦੋ ਗੋਤਾਖੋਰਾਂ ਨੂੰ ਜਹਾਜ਼ 'ਤੇ ਉਤਾਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ। ਲੋਕਾਂ ਨੂੰ ਏਅਰਲਿਫ਼ਟ ਲਈ ਤਿਆਰ ਕਰਨ ਲਈ ਮੌਸ ਨੂੰ ਪੰਜ ਮਿੰਟਾਂ ਦੀ ਸੰਖੇਪ ਸਿਖਲਾਈ ਦਿੱਤੀ ਗਈ।
ਯਾਦ ਰੱਖੋਂ ਰੱਸੀ ਉਨ੍ਹਾਂ ਦੀਆਂ ਬਾਹਾਂ ਦੇ ਹੇਠੋਂ ਦੀ ਪੂਰੀ ਕਸੀ ਹੋਵੇ। ਨਹੀਂ ਤਾਂ ਉਹ ਉਲਟ ਜਾਣਗੇ ਅਤੇ ਬਾਹਰ ਨਿਕਲ ਜਾਣਗੇ। ਤੁਸੀਂ ਉਨ੍ਹਾਂ ਨੂੰ ਡੈਕ 'ਤੇ ਹੀ ਮਾਰ ਦਿਓਗੇ। ਇੱਕ ਸਮੇਂ 'ਤੇ ਦੋ ਕਰੋ, ਨਹੀਂ ਤਾਂ ਸਾਡੇ ਕੋਲ ਸਮਾਂ ਨਹੀਂ ਬਚੇਗਾ। ਠੀਕ ਹੈ, ਚਲੋ।
ਨੇਵੀ ਦੇ ਇੱਕ ਗੋਤਾਖੋਰ ਨੇ ਓਸੀਓਨਸ ਦੇ ਪਿਛਲੇ ਪਾਸੇ ਇੱਕ ਹੈਲੀਕਾਪਟਰ ਤਿਆਰ ਕਰਨ ਲਈ ਚਲਿਆ ਗਿਆ ਤਾਂ ਮੌਸ ਅਤੇ ਟਰੇਸੀ ਨੇ ਅਗਲੇ ਪਾਸੇ ਇੱਕ ਹੈਲੀਕਾਪਟਰ ਤਿਆਰ ਕਰਨਾ ਸੀ।
ਲਗਾਤਾਰ ਉੱਠਦੇ ਜਾ ਰਹੇ ਡੈਕ ਤੋਂ ਲੋਕ ਤਿਲਕ ਕੇ ਡਿੱਗ ਰਹੇ ਸਨ। ਹਵਾ ਉਨ੍ਹਾਂ ਨੂੰ ਪਟਕ ਕੇ ਮਾਰ ਰਹੀ ਸੀ। ਰੱਸੀ ਨਾਲ ਬੱਝੇ ਹੋਏ ਉਹ ਟਕਰਾਉਂਦੇ ਸਨ ਕੋਈ ਨਹੀਂ ਜਾਣਦਾ ਉਨ੍ਹਾਂ ਦੇ ਕਿੰਨੀ ਸੱਟ ਲੱਗ ਰਹੀ ਸੀ।

ਤਸਵੀਰ ਸਰੋਤ, Getty Images
ਮੌਸ ਇਹ ਦੇਖ ਕੇ ਘਬਰਾ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਅਜੇ ਬਹੁਤ ਸਾਰੇ ਲੋਕ ਬਾਕੀ ਹਨ ਤਾਂ ਉਨ੍ਹਾਂ ਨੇ ਤੁਰੰਤ ਆਪਣੇ-ਆਪ ਨੂੰ ਸੰਭਾਲਿਆ।
ਇਸ ਬਚਾਅ ਕਾਰਜ ਵਿੱਚ ਪੰਜ ਹੈਲੀਕਾਪਟਰ ਸ਼ਾਮਲ ਹੋ ਚੁੱਕੇ ਸਨ। ਇਹ ਇੱਕ ਵਾਰ ਵਿੱਚ 12 ਜਣੇ ਲੈ ਕੇ ਜਾ ਰਹੇ ਸਨ ਅਤੇ ਚੱਕਰ ਲਗਾ ਰਹੇ ਸਨ।
ਪੂਰੀ ਤਰ੍ਹਾਂ ਥਕਾਵਟ ਨਾਲ ਚੂਰ ਮੌਸ ਅਤੇ ਟਰੇਸੀ ਆਖਰੀ ਲੋਕ ਸਨ ਜਿਨ੍ਹਾਂ ਨੂੰ ਹੈਲੀਕਾਪਟਰ 'ਤੇ ਲਿਜਾਣ ਲਈ ਰੱਸੀ ਨਾਲ ਬੰਨ੍ਹਿਆ ਗਿਆ।
ਜਦੋਂ ਉਨ੍ਹਾਂ ਨੂੰ ਉੱਪਰ ਖਿੱਚਿਆ ਜਾ ਰਿਹਾ ਸੀ ਤਾਂ ਮੌਸ ਦੇਖ ਰਹੇ ਸਨ ਕਿ ਕਿਵੇਂ ਓਸੀਓਨਸ ਇੱਕ ਗੰਭੀਰ ਸਥਿਤੀ ਵਿੱਚ ਸੀ। ਅਸੀਂ ਦੇਖ ਸਕਦੇ ਸੀ ਕਿ ਲਹਿਰਾਂ ਉਸ ਜਗ੍ਹਾ 'ਤੇ ਟਕਰਾ ਰਹੀਆਂ ਸਨ ਜਿੱਥੇ ਖੜ੍ਹੇ ਉਹ ਕੁਝ ਦੇਰ ਪਹਿਲਾਂ ਲੋਕਾਂ ਨੂੰ ਏਅਰਲਿਫ਼ਟ ਲਈ ਤਿਆਰ ਕਰ ਰਹੇ ਸਨ।
ਜਦੋਂ ਹੈਲੀਕਾਪਟਰ ਮੌਸ ਨੂੰ ਲੈ ਕੇ ਉੱਤਰਿਆ ਤਾਂ ਬਚਾਏ ਗਏ ਯਾਤਰੀਆਂ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਉਹ ਗਾ ਰਹੇ ਸਨ, ਹੱਸ ਰਹੇ ਸਨ ਅਤੇ ਮੌਸ ਨੂੰ ਗਲਵੱਕੜੀਆਂ ਪਾ ਰਹੇ ਸਨ।
ਮੌਸ ਕਹਿੰਦੇ ਹਨ, ''ਮੇਰਾ ਗਲ ਭਰ ਆਇਆ ਸੀ ਤੇ ਫਿਰ ਮੈਂ ਡਿੱਗ ਪਿਆ।''
ਚਾਰ ਅਗਸਤ, 1991 ਨੂੰ ਜਦੋਂ ਆਖਰੀ ਵਿਅਕਤੀ ਨੂੰ ਵੀ ਓਸੀਓਨਸ ਤੋਂ ਕੱਢਿਆ ਜਾ ਚੁੱਕਿਆ ਸੀ ਤਾਂ 45 ਮਿੰਟ ਬਾਅਦ ਓਸੀਓਨਸ ਨੇ ਜਲ ਸਮਾਧੀ ਲੈ ਲਈ।
ਜੋ ਕੋਈ ਵੀ ਲਾਈਫ਼ ਬੋਟ ਵਿੱਚ ਚੜ੍ਹਾਇਆ ਜਾ ਸਕਿਆ ਸੀ, ਲੰਘ ਰਹੀਆਂ ਕਿਸ਼ਤੀਆਂ ਅਤੇ ਜਹਾਜ਼ਾਂ ਦੁਆਰਾ ਬਚਾਅ ਲਿਆ ਗਿਆ ਸੀ।
ਮੌਸ ਅਤੇ ਟਰੇਸੀ ਹੁਣ ਲੀਵਰਪੂਲ ਵਿੱਚ ਰਹਿੰਦੇ ਹਨ। ਉਹ ਅਜੇ ਵੀ ਜਹਾਜ਼ਾਂ ਉੱਪਰ ਮਨੋਰੰਜਕ ਦਲਾਂ ਵਿੱਚ ਕੰਮ ਕਰਦੇ ਹਨ।
ਤਿੰਨ ਦਹਾਕਿਆਂ ਬਾਅਦ ਵੀ ਉਸ ਡੁੱਬਦੇ ਜਹਾਜ਼ ਬਾਰੇ ਗੱਲ ਕਰਨ ਤੋਂ ਪਰਹੇਜ਼ ਕਰਦੇ ਹਨ। ਉਹ ਪਲ ਸਨ ਜਦੋਂ ਉਹ ਮੌਤ ਦੇ ਇਕਦਮ ਨਜ਼ਦੀਕ ਸਨ।
ਹਾਲਾਂਕਿ ਮੌਸ ਉਸ ਸਾਰੇ ਘਟਨਾਕ੍ਰਮ ਨੂੰ ਬੜੇ ਸਕੂਨ ਨਾਲ ਯਾਦ ਕਰਦੇ ਹਨ।
ਉਹ ਕਹਿੰਦੇ ਹਨ, ''ਮੈਂ ਅਮਰ ਨਹੀਂ ਹਾਂ ਪਰ ਜੇ ਮੈਂ ਉਸ ਵਿੱਚੋਂ ਬਚ ਸਕਦਾ ਹਾਂ ਤਾਂ ਮੈਂ ਕਿਤੋਂ ਵੀ ਬਚ ਸਕਦਾ ਹਾਂ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












