'ਮਰਦਾਂ ਦੇ ਬਲਾਤਕਾਰ ਹਰ ਜੰਗ 'ਚ ਹੋਏ ਹਨ': ਹਥਿਆਰਬੰਦ ਸੰਘਰਸ਼ ਵਿੱਚ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਮਰਦਾਂ ਦੇ ਸਦਮੇ ਦੀ ਕਹਾਣੀ

    • ਲੇਖਕ, ਲਿਲਿਆਨਾ ਟਿਨੋਕੋ ਬੈਕਰਟ
    • ਰੋਲ, ਬੀਬੀਸੀ ਬ੍ਰਾਜ਼ੀਲੀ ਸੇਵਾ ਲਈ

ਚੇਤਾਵਨੀ: ਇਸ ਲੇਖ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਸਮਾਜ ਵਿਗਿਆਨੀ ਥੌਮਸ ਓਸੋਰੀਓ ਕਹਿੰਦੇ ਹਨ, ਪੂਰੇ ਇਤਿਹਾਸ ਦੌਰਾਨ ਮਰਦ ਦਾ ਬਲਾਤਕਾਰ ਕਿਵੇਂ ਨਾ ਕਿਵੇਂ ਹਰ ਹਥਿਆਰਬੰਦ ਸੰਘਰਸ਼ ਵਿੱਚ ਹੋਇਆ ਹੈ।

ਓਸੋਰੀਓ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਹੱਕਾਂ ਦੇ ਜਾਂਚ ਕਰਤਾ ਹਨ। ਉਹ ਕਹਿੰਦੇ ਹਨ ਕਿ ਜੰਗ ਵਿੱਚ ਇੱਕ ਗੱਲ ਤਾਂ ਤੈਅ ਹੈ ਕਿ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਜਿਣਸੀ ਹਿੰਸਾ ਦੇ ਸ਼ਿਕਾਰ ਬਣਾਇਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਇਹ ਕੰਮ ਬੇਸ਼ੱਕ ਭਿਆਨਕ ਹੈ ਪਰ ਕੀ ਲੋਕਤੰਤਰੀ, ਕੀ ਤਾਨਾਸ਼ਾਹ ਸਾਰੇ ਦੇਸ ਇਸ ਵਿੱਚ ਸ਼ਾਮਲ ਹਨ।

ਹਾਲਾਂਕਿ ਓਸੋਰੀਓ ਕਹਿੰਦੇ ਹਨ ਕਿ ਇਹ ਪੱਖ ਅਕਾਦਮਿਕ ਦੁਨੀਆਂ, ਇਸ ਦਿਸ਼ਾ ਵਿੱਚ ਕੰਮ ਕਰਨ ਵਾਲੀਆਂ ਯੂਐੱਨ ਵਰਗੀਆਂ ਸੰਸਥਾਵਾਂ ਅਤੇ ਜੰਗੀ ਅਦਾਲਤਾਂ ਵਿੱਚ ਵੀ ਇੱਕ ਟੈਬੂ ਹੀ ਹੈ।

ਸੱਚਾਈ ਨੂੰ ਮੰਨਣ ਬਾਰੇ ਇੱਕ ਝਿਜਕ ਹੈ। ਰਿਸਰਚਰ ਦਾ ਕਹਿਣਾ ਹੈ ਕਿ ਮਰਦਾਂ ਦੇ ਜਿਣਸੀ ਸ਼ੋਸ਼ਣ ਮੌਜੂਦ ਹੈ ਇਹ ਮੰਨ ਲੈਣਾ ਜਿੱਥੇ ਜ਼ਰੂਰੀ ਹੈ ਉੱਥੇ ਹੀ ਇਸ ਨੂੰ ਇਸਦੇ ਅਸਲੀ ਨਾਮ ਨਾਲ ਜਾਨਣਾ ਵੀ ਉਨਾ ਹੀ ਜ਼ਰੂਰੀ ਹੈ। ਇਸ ਨੂੰ ਅਣਦੇਖਿਆ ਕਰਨ ਦਾ ਅਰਥ ਪੀੜਤਾਂ ਨੂੰ ਅਣਦੇਖਿਆਂ ਕਰਨਾ ਅਤੇ ਉਸ ਨੂੰ ਜਾਰੀ ਰਹਿਣ ਦੀ ਖੁੱਲ੍ਹ ਦੇਣਾ ਹੈ।

ਓਸੋਰੀਓ ਨੂੰ ਇਸ ਵਿਸ਼ੇ ਦੀ ਜਾਣਕਾਰੀ ਪਹਿਲੀ ਵਾਰ 1993 ਵਿੱਚ ਯੁਗੋਸਲਾਵੀਆ ਸੰਕਟ ਦੀ ਪੜਤਾਲ ਦੌਰਾਨ ਹੋਈ। ਉਦੋਂ ਤੋਂ ਉਨ੍ਹਾਂ ਨੇ ਬਾਲਕਨ ਯੁੱਧ ਦੇ ਦਰਜਨਾਂ ਪੀੜਤਾਂ ਨਾਲ ਇੰਟਰਵਿਊ ਕੀਤੀ ਹੈ।

ਇਹ ਵੀ ਪੜ੍ਹੋ:

''ਕੈਦੀ ਬਣਾ ਲਏ ਜਾਣ ਪਿੱਛੋਂ ਜ਼ੁਲਮਾਂ ਦੀ ਲੜੀ ਸ਼ੁਰੂ ਹੁੰਦੀ ਹੈ, ਜੋ ਬਲਾਤਕਾਰ ਜਾਂ ਜਿਸਮਾਨੀ ਤੇ ਮਾਨਸਿਕ ਤਸੀਹਿਆਂ ਦੇ ਹੋਰ ਅਣਗਿਣਤ ਰੂਪਾਂ ਤੱਕ ਜਾਂਦੀ ਹੈ। ਸੈਕਸ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਜਨਣ ਅੰਗਾਂ 'ਤੇ ਸੱਟ ਮਾਰਨਾ, ਹਕਾਰਤ, ਜ਼ਬਰਨ ਨਸਬੰਦੀ ਆਦਿ ਸ਼ਾਮਲ ਹੁੰਦੇ ਹਨ।''

''ਜਿਵੇਂ-ਜਿਵੇਂ ਜੇਲ੍ਹ ਦੇ ਗਾਰਡ ਉਕਤਾਉਣ ਲਗਦੇ ਹਨ ਉਹ ਹੋਰ ਤੀਬਰ ਹੁੰਦੇ ਜਾਂਦੇ ਹਨ।''

ਬ੍ਰਮਿੰਘਮ ਯੂਨੀਵਰਸਿਟੀ ਦੇ ਰਿਸਰਚਰ ਜੈਨੀ ਨਾਤਾਲਿਆ ਕਲਾਰਕ ਦਾ ਕਹਿਣਾ ਹੈ ਕਿ ਮਰਦਾਂ ਖਿਲਾਫ਼ ਜਿਣਸੀ ਹਿੰਸਾ ਸੰਘਰਸ਼ ਦੌਰਾਨ ਇੱਕ ਹਥਿਆਰ ਹੈ ਕਿਉਂਕਿ ਇਹ ਉਸਦੀ ਮਰਦਨਗੀ 'ਤੇ ਹਮਲਾ ਕਰਕੇ ਦੁਸ਼ਮਣ ਨੂੰ ਅੰਦਰ ਤੱਕ ਹਿਲਾ ਦਿੰਦਾ ਹੈ।

ਇਸ ਦਾ ਮਕਸਦ ਮਰਦ ਨੂੰ ਉਸ ਦੇ ਮਰਦ ਹੋਣ ਦੇ ਗਰਵ ਤੋਂ ਵਾਂਝਿਆਂ ਕਰਨਾ ਅਤੇ ਵਿਰੋਧੀ ਨੂੰ ਤਸੀਹੇ ਦੇ ਕੇ ਜਾਣਕਾਰੀ ਕਢਵਾਉਣਾ ਹੁੰਦਾ ਹੈ।

ਜੰਗ ਵਿੱਚ ਕੋਈ ''ਖੂਬਸੂਰਤ'' ਦੇਸ ਨਹੀਂ

ਓਸੋਰੀਓ ਕਹਿੰਦੇ ਹਨ ਕਿ ਬੋਸਨੀਆ ਹਰਜ਼ੇਗੋਵੀਨਾ ਅਤੇ ਕਰੋਏਸ਼ੀਆ ਵਿੱਚ ਸ਼ੋਸ਼ਣ ਕਰਨ ਵਾਲੇ ਜ਼ਿਆਦਾਤਰ ਲੋਕ ਸਿਪਾਹੀ ਪੁਲਿਸ ਅਧਿਕਾਰੀ ਸਨ, ਜੋ ਕਿ ਜੰਗੀ ਕੈਦੀਆਂ ਨੂੰ ਦੇਸ ਧ੍ਰੋਹੀਆਂ ਵਾਂਗ ਦੇਖਦੇ ਸਨ।

ਉਨ੍ਹਾਂ ਦੇ ਅਧਿਐਨ ਮੁਤਾਬਕ ਸਾਬਕਾ ਯੁਗੋਸਲਾਵੀਆ ਵਿੱਚ ਸੰਘਰਸ਼ ਦੌਰਾਨ 50 ਫ਼ੀਸਦ ਤੋਂ ਜ਼ਿਆਦਾ ਹਿਰਸਤੀਆਂ ਦਾ ਜਿਣਸੀ ਸ਼ੋਸ਼ਣ ਹੋਇਆ, ਜਿਨ੍ਹਾਂ ਵਿੱਚੋਂ 80 ਫ਼ੀਸਦੀ ਮਰਦ ਹਿਰਾਸਤੀ ਸਨ।

ਇੱਕ ਹੋਰ ਰਿਸਰਚਰ ਵੈਲੋਰੀ ਕੇ ਵੋਜਡਿਕ ਜੋ ਕਿ ਅਮਰੀਕਾ ਦੀ ਯੂਨੀਵਰਸਿਟੀ ਆਫ਼ ਟੇਨੇਸੀ ਨਾਲ ਸਬੰਧਤ ਹਨ। ਉਨ੍ਹਾਂ ਮੁਤਾਬਕ ਸਾਲ 1998 ਤੋਂ 2003 ਚੱਲੀ ਜੰਗ ਦੌਰਾਨ ਪੂਰਬੀ ਕੌਂਗੋ ਦੇ ਇਲਾਕਿਆਂ ਵਿੱਚ 20.3 ਫ਼ੀਸਦੀ ਬਾਰੇ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਦੁਸ਼ਮਣਾਂ ਵੱਲੋਂ ਜਿਣਸੀ ਗੁਲਾਮਾਂ ਵਜੋਂ ਰੱਖਿਆ ਗਿਆ।

ਇਰਾਕ ਯੁੱਧ ਦੀ ਮਿਸਾਲ ਲਈਏ ਤਾਂ ਲੜਾਕਿਆਂ ਨੂੰ ਅਬੂ ਗਰੀਬ ਜੇਲ੍ਹ ਵਿੱਚ ਰੱਖਿਆ ਗਿਆ। ਇੱਥੇ ਉਨ੍ਹਾਂ ਨੂੰ ਨੰਗੇ ਰਹਿਣ, ਸਿਰ ਢੱਕ ਕੇ ਰੱਖਣ ਲਈ ਮਜਬੂਰ ਕੀਤਾ ਜਾਂਦਾ ਅਤੇ ਕੁੱਤਿਆਂ ਨਾਲ ਰੱਖਿਆ ਜਾਂਦਾ।

ਓਸੋਰੀਓ ਸਮਝਾਉਂਦੇ ਹਨ, ''ਸੱਭਿਆਚਾਰਕ ਤੌਰ 'ਤੇ ਉੱਥੋਂ ਦੇ ਲੋਕ ਕੁੱਤਿਆਂ ਤੋਂ ਡਰਦੇ ਹਨ ਅਤੇ ਉਨ੍ਹਾਂ ਲਈ ਇਹ ਬਹੁਤ ਡਰਾਉਣਾ ਸੀ।''

ਵੋਜਡਿਕ ਮੁਤਾਬਕ ਅਬੂ ਗਰੀਬ ਜੇਲ੍ਹ ਵਿੱਚ ਅਮਰੀਕੀ ਫ਼ੌਜੀਆਂ ਨੇ ਹਿਰਾਸਤੀਆਂ ਦਾ ਸ਼ੋਸ਼ਣ ਕੀਤਾ, ਉਨ੍ਹਾਂ ਨੂੰ ਨੰਗਿਆਂ ਨੱਚਣ ਅਤੇ ਆਪਣੇ ਸਾਥੀਆਂ ਦੇ ਸਾਹਮਣੇ ਹੱਥਰਸੀ ਲਈ ਮਜਬੂਰ ਕੀਤਾ। ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਲਈਆਂ ਗਈਆਂ।

ਸਾਲ 2017 ਦੀ ਸੰਯੁਕਤ ਰਾਸ਼ਟਰ ਰਿਫਿਊਜੀ ਏਜੰਸੀ ਦੀ ਇੱਕ ਰਿਪੋਰਟ ਮੁਤਾਬਕ ਇਰਾਕੀ ਕੁਰਦਿਸਤਾਨ, ਜੌਰਡਨ ਅਤੇ ਲਿਬਨਾਨ ਦੇ 19.5 ਤੋਂ 27 ਫ਼ੀਸਦੀ ਮਰਦਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਣਸੀ ਹਿੰਸਾ ਝੱਲੀ ਹੈ।

ਸਾਲ 1983-2009 ਦੇ ਗ੍ਰਹਿ ਯੁੱਧ ਦੌਰਾਨ ਸ੍ਰੀ ਲੰਕਾਂ ਵਿੱਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਨੇ ਖੋਜਕਾਰ ਹਲੀਨ ਤੌਕੀ, ਜੋ ਕਿ ਬੈਲਜੀਅਮ ਦੀ ਲੁਵਅਨ ਯੂਨੀਵਰਸਿਟੀ ਵਿੱਚ ਸਮਾਜ ਵਿਗਿਆਨ ਦੀ ਫੈਕਲਟੀ ਵਿੱਚ ਪ੍ਰੋਫ਼ੈਸਰ ਹਨ ਨੂੰ ਦੱਸਿਆ, ਕਿ ਕਿਵੇਂ ਕਈ ਜਣਿਆਂ ਨੇ ਕਈ ਵਾਰ ਉਸਦਾ ਬਲਾਤਕਾਰ ਕੀਤਾ।

ਪ੍ਰੋਫ਼ੈਸਰ ਹਲੀਨ ਨੇ ਸ੍ਰੀ ਲੰਕਾ ਅਤੇ ਹੋਰ ਦੇਸਾਂ ਵਿੱਚ ਜੰਗ ਦੇ ਨਤੀਜੇ ਵਜੋਂ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਮਰਦਾਂ ਨਾਲ ਗੱਲਬਾਤ ਕੀਤੀ ਹੈ। ਇਸ ਅਧਿਐਨ ਦੇ ਨਤੀਜੇ ਸਾਲ 2018 ਦੇ ਸਤੰਬਰ ਮਹੀਨੇ ਵਿੱਚ ਛਾਪੇ ਗਏ।

ਇੱਕ ਵਿਅਕਤੀ ਨੇ ਹਲੀਨ ਨੂੰ ਦੱਸਿਆ ਕਿ ਉਸ ਦਾ ਫ਼ੌਜੀ ਕੈਂਪ ਵਿੱਚ ਰੇਪ ਕੀਤਾ ਗਿਆ। ਹਾਲਾਂਕਿ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋਇਆ ਸੀ ਪਰ ਉਸ ਨੂੰ ਯਕੀਨ ਸੀ ਕਿਉਂਕਿ ਉਸ ਨੂੰ ਦਰਦ ਹੋ ਰਿਹਾ ਸੀ।

ਵਿਨਾਸ਼ਕਾਰੀ ਅਸਰ

ਓਸਾਰੀਓ ਨੂੰ ਉਹ ਖੌਫ਼ਨਾਕ ਕਹਾਣੀਆਂ ਨਹੀਂ ਭੁੱਲਦੀਆਂ ਜੋ ਉਨ੍ਹਾਂ ਨੇ ਸੁਣੀਆਂ ਹਨ। ਉਹ ਬੋਸਨੀਆਂ ਯੁੱਧ ਦੁਰਾਨ ਬੰਦੀ ਬਣਾਏ ਗਏ ਇੱਕ ਵਿਅਕਤੀ ਦੀ ਕਹਾਣੀ ਦੱਸਦੇ ਹਨ ਜਿਸ ਨੂੰ ਆਪਣੇ ਪੁੱਤਰ ਨਾਲ ਸੈਕਸ ਕਰਨ ਲਈ ਮਜਬੂਰ ਕੀਤਾ ਗਿਆ।

''ਸਦਮਾ ਇੰਨਾ ਜ਼ਿਆਦਾ ਸੀ ਕਿ ਉਸ ਤੋਂ ਬਾਅਦ ਪਿਤਾ-ਪੁੱਤਰ ਕਦੇ ਇੱਕ ਦੂਜੇ ਨੂੰ ਨਹੀਂ ਮਿਲੇ ਅਤੇ ਪੁੱਤਰ ਇੱਕ ਰਿਫਿਊਜੀ ਬਣ ਗਿਆ। ਫਿਰ ਵੀ ਉਹ ਦੋਵੇਂ ਕਦੇ ਉਸ ਸ਼ਰਮ ਅਤੇ ਹਿਕਾਰਤ ਵਿੱਚੋਂ ਬਾਹਰ ਨਹੀਂ ਨਿਕਲ ਸਕੇ।''

''ਇਹ ਬੁਰਾਈ ਪਰਿਵਾਰਾਂ ਉੱਪਰ ਕਿੰਨਾ ਬੁਰਾ ਅਸਰ ਪਾ ਸਕਦੀ ਹੈ ਇਸ ਨੂੰ ਕਦੇ ਘੱਟ ਨਹੀਂ ਸਮਝਣਾ ਚਾਹੀਦਾ। ਇੱਕ ਪਿਤਾ-ਪੁੱਤਰ ਜੰਗ ਤੋਂ ਭਾਵੇਂ ਬਚ ਜਾਣ ਪਰ ਉਹ ਉਸ ਹਿਕਾਰਤ ਤੋਂ ਕਦੇ ਉੱਭਰ ਨਹੀਂ ਸਕਣਗੇ।''

ਮਨੋਵਿਗਿਆਨਕ ਅਸਰਾਂ ਵਿੱਚ ਸ਼ਾਮਲ ਹਨ- ਕਾਮਹੀਣਤਾ, ਨਿਪੁੰਸਕਤਾ, ਚਿੰਤਾ ਅਤੇ ਤਣਾਅ। ਇਸ ਦੇ ਬਾਵਜੂਦ ਇਹ ਅਮਲ ਅਜੇ ਵੀ ਜਾਰੀ ਹੈ ਅਤੇ ਟੈਬੂ ਹੋਣ ਕਾਰਨ ਇਸ ਬਾਰੇ ਗੱਲ ਵੀ ਨਹੀਂ ਹੁੰਦੀ ਹੈ।

ਮਾਹਰ ਦਾ ਕਹਿਣਾ ਹੈ ਕਿ ਚੁੱਪੀ ਨਾਲ ਮਾਮਲਾ ਹੋਰ ਵਧਦਾ ਹੀ ਹੈ ਅਤੇ ਹੋਰ ਲੋਕਾਂ ਦੇ ਇਸ ਦਾ ਸ਼ਿਕਰ ਬਣਨ ਲਈ ਰਾਹ ਖੋਲ੍ਹਦਾ ਹੈ।

''ਜੋ ਹੋਇਆ ਉਸ ਬਾਰੇ ਗੱਲ ਕਰਨਾ ਅਹਿਮ ਹੈ। ਅਤੀਤ ਵਿੱਚ ਜਾਣ ਦਾ ਮਤਲਬ ਹੈ ਕਿ ਤੁਸੀਂ ਅੱਜ ਅਤੇ ਭਵਿੱਖ ਨੂੰ ਮੁੜ ਘੜਨਾ।''

ਸਰਕਾਰਾਂ ਵੱਲੋਂ ਵਰਤੀ ਜਾਂਦੀ ਚੁੱਪ ਕਾਰਨ ਪੀੜਤ ਵੀ ਬੋਲ ਨਹੀਂ ਪਾਉਂਦੇ। ਇਸ ਵਜ੍ਹਾ ਤੋਂ ਢੁਕਵਾਂ ਦਸਤਾਵੇਜ਼ੀਕਰਨ ਵੀ ਨਹੀਂ ਹੁੰਦਾ।

ਨਤੀਜੇ ਵਜੋਂ ਪੀੜਤਾਂ ਕੋਲ ਬੋਲਣ ਲਈ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਇਸ ਹਿੰਸਾ ਨੂੰ ਰੋਕਣ ਲਈ ਕੋਈ ਉਪਰਾਲੇ ਹਨ। ਓਸੋਰੀਓ ਕਹਿੰਦੇ ਹਨ ਕਿ ਬਹੁਤ ਸਾਰੇ ਪੀੜਤ ਇਸ ਬਾਰੇ ਬੋਲਣ ਲਈ ਤਿਆਰ ਨਹੀਂ ਹਨ।

ਕਲੰਕ ਅਤੇ ਅਪਮਾਨ ਦੀ ਭਾਵਨਾ

ਸ੍ਰੀ ਲੰਕਾ ਵਿੱਚ ਜਿਣਸੀ ਸ਼ੋਸ਼ਣ ਦੇ ਇੱਕ ਸ਼ਿਕਾਰ ਨੇ ਪ੍ਰੋਫ਼ੈਸਰ ਹਲੀਮ ਨੂੰ ਦੱਸਿਆ, ''ਮੇਰੇ ਰੇਪ ਬਾਰੇ ਮੇਰੇ ਪਰਿਵਾਰ ਨੂੰ ਵੀ ਪਤਾ ਨਹੀਂ ਚੱਲਣਾ ਚਾਹੀਦਾ। ਜੇ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਮੈਨੂੰ ਭਾਈਚਾਰੇ ਵਿੱਚੋਂ ਛੇਕ ਦਿੱਤਾ ਜਾਵੇਗਾ।''

ਪੀੜਤਾਂ ਨੂੰ ਆਪਣੇ ਭਾਈਚਾਰੇ ਵੱਲੋਂ ਆਪਣੇ ਬਾਰੇ ਰਾਇ ਬਣਾਏ ਜਾਣ ਅਤੇ ਹਮ-ਜਿਣਸੀ ਸਮਝੇ ਜਾਣ ਦਾ ਡਰ ਹੁੰਦਾ ਹੈ।

ਪ੍ਰੋਫ਼ੈਸਰ ਓਸੋਰੀਓ ਕਹਿੰਦੇ ਹਨ ਕਿ ਡਾਕਟਰ ਵੀ ਪੀੜਤਾਂ ਨੂੰ ਆਪਣੇ ਨਾਲ ਜੋ ਹੋਇਆ ਉਹ ਕਿਸੇ ਨੂੰ ਨਾ ਦੱਸਣ ਦੀ ਸਲਾਹ ਦਿੰਦੇ ਹਨ।

ਹਮ-ਜਿਣਸੀ ਵਜੋਂ ਦੇਖੇ ਜਾਣ ਦਾ ਡਰ ਹੈ। ਇਸ ਦੀ ਵਜ੍ਹਾ ਹੈ ਕਿ ਕਈ ਸੱਭਿਆਚਾਰਾਂ ਵਿੱਚ ਹਮ-ਜਿਣਸੀ ਪ੍ਰਵਿਰਤੀ 'ਤੇ ਪਾਬੰਦੀ ਹੈ। ਉਸ ਸਥਿਤੀ ਵਿੱਚ ਜੇ ਪੀੜਤ ਆਪਣੇ ਬਾਰੇ ਦੱਸਦੇ ਹਨ ਤਾਂ ਉਨ੍ਹਾਂ ਲਈ ਖਤਰਾ ਖੜ੍ਹਾ ਹੋ ਸਕਦਾ ਹੈ।

ਕੌਮਾਂਤਰੀ ਐਲਜੀਬੀਟੀਕਿਊ ਐਸੋਸੀਏਸ਼ਨ ਦੇ 2021 ਦੇ "State Homophobia" ਸਰਵੇਖਣ ਮੁਤਾਬਕ 69 ਦੇਸਾਂ ਨੇ ਹਮ-ਜਿਣਸੀ ਹੋਣ ਨੂੰ ਅਪਰਾਧ ਕਰਾਰ ਦਿੱਤਾ ਹੋਇਆ ਹੈ। ਇਨ੍ਹਾਂ ਵਿੱਚੋਂ ਅੱਧੇ ਅਫ਼ਰੀਕੀ ਦੇਸ ਹਨ।

ਹਾਲਾਂਕਿ ਇਹ ਸਿਰਫ਼ ਨਫ਼ਰਤ ਵਿੱਚ ਕੀਤਾ ਗਿਆ ਕਾਰਾ ਹੈ ਅਤੇ ਇਸ ਦਾ ਜਿਣਸੀ ਝੁਕਾਅ ਨਾਲ ਕੋਈ ਸਬੰਧ ਨਹੀਂ ਹੈ।

ਓਸੋਰੀਓ ਸਮਝਾਉਂਦੇ ਹਨ, ''ਸ਼ੋਸ਼ਣ ਕਰਨ ਵਾਲੇ ਜ਼ਿਆਦਾਤਰ ਲੋਕ ਲੁਕੇ ਹੋਏ ਹਮ-ਜਿਣਸੀ ਵੀ ਨਹੀਂ ਹੁੰਦੇ ਜੋ ਕਿ ਮੌਕੇ ਦਾ ਲਾਭ ਚੁੱਕਦੇ ਹੋਣ ਸਗੋਂ ਆਪਣੀਆਂ ਛੁਪੀਆਂ ਪ੍ਰਵਿਰਤੀਆਂ ਨੂੰ ਮੌਕਾ ਮਿਲਦਿਆਂ ਹੀ ਉਜਾਗਰ ਕਰਨਾ ਮਨੁੱਖੀ ਸੁਭਾਅ ਹੈ।''

ਵੋਜਡਿਕ ਮੁਤਾਬਕ, ''ਮਰਦਾਂ ਖਿਲਾਫ਼ ਜਿਣਸੀ ਹਿੰਸਾ ਕੋਈ ਵਿਲੋਕਿਤਰਾ ਵਰਤਾਰਾ ਨਹੀਂ ਹੈ। ਸਗੋਂ ਇਹ ਦਬਦਬੇ ਦਾ ਇੱਕ ਸਾਧਨ ਹੈ। ਇਹ ਤਾਕਤ ਬਾਰੇ ਹੈ। ਉਸੇ ਤਰ੍ਹਾਂ ਜਿਵੇਂ ਇਹ ਔਰਤਾਂ ਲਈ ਹੈ। ਮਰਦਾਂ ਦਾ ਬਲਾਤਕਾਰ ਜੇਤੂ ਨੂੰ ਆਪਣੇ ਤੋਂ ਹਾਰੇ ਹੋਏ ਨੂੰ ਜਿੱਤਣ ਅਤੇ ਉਸ ਦੇ ਇਸਤਰੀਕਰਨ ਦੇ ਸਮਰੱਥ ਕਰਦਾ ਹੈ।''

ਮਰਦਾਂ ਦੀ ਸਰਬਉਚਤਾ ਦਾ ਸਾਧਨ

ਮਾਹਰ ਉਜਾਗਰ ਕਰਦੇ ਹਨ ਕਿ ਅਜਿਹਾ ਜ਼ਿਆਦਾਤਰ ਸ਼ੋਸ਼ਣ ਹਿਰਾਸਤੀ ਕੇਂਦਰਾਂ ਵਿੱਚ ਹੁੰਦਾ ਹੈ, ਜਿੱਥੇ ਇਸ ਨੂੰ 'ਤਸੀਹਾ' ਕਿਹਾ ਜਾਂਦਾ ਹੈ ਤੇ ਇਸੇ ਕਾਰਨ ਅੰਕੜਿਆਂ ਵਿੱਚ ਸਾਹਮਣੇ ਨਹੀਂ ਆਉਂਦਾ।

ਕੁਝ ਦੇਸਾਂ ਦੇ ਕਾਨੂੰਨ ਵਿੱਚ ਤਾਂ ਇਸ ਨੂੰ ਅਪਰਾਧ ਵੀ ਨਹੀਂ ਮੰਨਿਆ ਗਿਆ ਹੈ। ਓਸੋਰੀਓ ਇੱਕ ਸਾਲ 2007 ਦੇ ਇੱਕ ਵਾਕਿਆ ਦੀ ਮਿਸਾਲ ਦਿੰਦੇ ਹਨ ਜਦੋਂ ਦੱਖਣੀ ਅਫ਼ਰੀਕਾ ਦੀ ਸੰਵਿਧਾਨਕ ਅਦਾਲਤ ਨੇ ਗੁਦਾ-ਮੈਥੁਨ ਨੂੰ ਔਰਤਾਂ ਲਈ ਤਾਂ ਬਲਾਤਕਾਰ ਦੀ ਪਰਿਭਾਸ਼ਾ ਵਿੱਚ ਸ਼ਾਮਲ ਕੀਤਾ ਪਰ ਮਰਦਾਂ ਲਈ ਨਹੀਂ।

ਅਦਾਲਤ ਨੇ ਕਿਹਾ ਕਿ ਰੇਪ ਮਰਦ ਸਰਬਉਚਤਾ ਦਾ ਪ੍ਰਗਟਾਵਾ ਹੈ ਅਤੇ ਦੂਜੇ ਸ਼ਬਦਾਂ ਵਿੱਚ ਕੋਈ ਮਰਦ ਰੇਪ ਦਾ ਪੀੜਤ ਨਹੀਂ ਹੋ ਸਕਦਾ।

ਕਲਾਰਕ ਦੱਸਦੇ ਹਨ ਕਿ ਕਿਵੇਂ ਵਿਸ਼ਵ ਸਿਹਤ ਸੰਗਠਨ ਦੀ ਸਾਲ 2007 ਦੀ ਰਿਪੋਰਟ ਸਿਰਫ਼ ਮਹਿਲਾ ਪੀੜਤਾਂ ਬਾਰੇ ਗੱਲ ਕਰਦੀ ਹੈ।

ਇਹ ਇਲਾਜ ਵਿੱਚ ਵੀ ਪ੍ਰਤੱਖ ਹੈ। ਇਲਾਜ ਜੇ ਕੋਈ ਮੌਜੂਦ ਵੀ ਹਨ ਤਾਂ ਉਹ ਮਰਦਾਂ ਉੱਪਰ ਉਨੇਂ ਕਾਰਗਰ ਨਹੀਂ ਹਨ ਕਿਉਂਕਿ ਉਹ ਔਰਤਾਂ ਉੱਪਰ ਅਧਾਰਿਤ ਹਨ।

ਕਲਾਰਕ ਮੁਤਾਬਕ ਇਸ ਬਾਰੇ ਜਾਣਕਾਰੀ ਇਸ ਬਦਲਾਅ ਲਈ ਜ਼ਰੂਰੀ ਹੈ। ਇਸਦੇ ਨਾਲ ਹੀ ਇਹ ਸਮੱਸਿਆ ਨੂੰ ਸਮਝਣ, ਜ਼ਿੰਮੇਵਾਰੀ ਤੈਅ ਕਰਨ ਲਈ ਜ਼ਰੂਰੀ ਹੈ।

ਓਸੋਰੀਓ ਕਹਿੰਦੇ ਹਨ ਕਿ ਭਾਵੇਂ ਅਪਰਾਧ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਪੀੜਤਾਂ ਨੂੰ ਚੁੱਪ ਰਹਿਣ ਲਈ ਵੀ ਨਹੀਂ ਛੱਡਿਆ ਜਾ ਸਕਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)