ਯੂਕਰੇਨ ਰੂਸ ਜੰਗ: ਜੱਚਾ-ਬੱਚਾ ਹਸਪਤਾਲ 'ਤੇ ਰੂਸ ਦੇ ਹਵਾਈ ਹਮਲੇ

ਤਸਵੀਰ ਸਰੋਤ, Ukraine Military/Handout via Reuters
ਯੂਕਰੇਨ ਅਤੇ ਰੂਸ ਵਿਚਕਾਰ ਜੰਗ 15ਵੇਂ ਦਿਨ ਵੀ ਜਾਰੀ ਹੈ। ਰੂਸ ਦੀ ਫੌਜ ਵੱਲੋਂ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਹਮਲੇ ਕੀਤੇ ਜਾ ਰਹੇ ਹਨ।
ਇੱਕ ਤਾਜ਼ਾ ਹਮਲੇ 'ਚ ਮਾਰੀਉਪੋਲ ਸ਼ਹਿਰ ਵਿੱਚ ਇੱਕ ਜੱਚਾ-ਬੱਚਾ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਖੇਤਰੀ ਅਧਿਕਾਰੀ ਨੇ ਯੂਕਰੇਨੀ ਮੀਡੀਆ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਸਟਾਫ ਅਤੇ ਮਰੀਜ਼ਾਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋਏ ਹਨ।
ਮਾਰੀਉਪੋਲ ਸ਼ਹਿਰ ਦੋਨੇਤਸਕ ਖੇਤਰੀ ਪ੍ਰਸ਼ਾਸਨ ਦੇ ਅਧੀਨ ਆਉਂਦਾ ਹੈ ਅਤੇ ਪ੍ਰਸ਼ਾਸਨ ਦੇ ਮੁਖੀ ਪਾਵਲੋ ਕਿਰੀਲੇਨਕੋ ਨੇ ਕਿਹਾ ਕਿ ਹਮਲੇ ਵਿੱਚ ਕਿਸੇ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ, ਨਾਲ ਹੀ ਬੱਚਿਆਂ ਵਿੱਚ ਕੋਈ ਸੱਟਾਂ ਦੀ ਪੁਸ਼ਟੀ ਨਹੀਂ ਹੋਈ ਹੈ।
ਇੰਟਰਫੈਕਸ ਯੂਕਰੇਨ ਦੇ ਅਨੁਸਾਰ, ਉਨ੍ਹਾਂ ਕਿਹਾ ਕਿ ਇਹ ਹਮਲਾ ਰੂਸੀ ਪੱਖ ਨਾਲ ਸਹਿਮਤੀ ਵਾਲੀ ਜੰਗਬੰਦੀ ਦੌਰਾਨ ਹੋਇਆ ਹੈ।
ਜਾਰੀ ਫੁਟੇਜ ਵਿੱਚ ਸੜੀਆਂ ਹੋਈਆਂ ਇਮਾਰਤਾਂ, ਤਬਾਹ ਕਾਰਾਂ ਅਤੇ ਹਸਪਤਾਲ ਦੇ ਬਾਹਰ ਇੱਕ ਵੱਡਾ ਟੋਆ ਦਿਖਾਈ ਦੇ ਰਿਹਾ ਹੈ। ਬੀਬੀਸੀ ਨੇ ਵੀਡੀਓਜ਼ ਵਿੱਚ ਦਿਖਾਈਆਂ ਗਈਆਂ ਥਾਵਾਂ ਦੀ ਪੁਸ਼ਟੀ ਕੀਤੀ ਹੈ।
ਮਾਰੀਉਪੋਲ ਦੇ ਡਿਪਟੀ ਮੇਅਰ ਸੇਰਹੀ ਓਰਲੋਵ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਸਮਝ ਨਹੀਂ ਆਉਂਦੀ ਕਿ ਆਧੁਨਿਕ ਜੀਵਨ ਵਿੱਚ ਬੱਚਿਆਂ ਦੇ ਹਸਪਤਾਲ ਨੂੰ ਬੰਬ ਨਾਲ ਉਡਾਣਾ ਕਿਵੇਂ ਸੰਭਵ ਹੈ। ਲੋਕ ਵਿਸ਼ਵਾਸ ਨਹੀਂ ਕਰ ਸਕਦੇ ਕਿ ਇਹ ਸੱਚ ਹੈ।"
'ਰੂਸ ਕਿਹੋ ਜਿਹਾ ਦੇਸ਼ ਹੈ, ਜੋ ਹਸਪਤਾਲਾਂ ਅਤੇ ਜਣੇਪਾ ਵਾਰਡਾਂ ਤੋਂ ਡਰਦਾ ਹੈ'
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹਮਲੇ ਨੂੰ ਜੰਗੀ ਅਪਰਾਧ ਕਰਾਰ ਦਿੰਦੇ ਹੋਏ ਕਿਹਾ ਕਿ ਲੋਕ ਮਲਬੇ ਹੇਠ ਦੱਬੇ ਹੋਏ ਹਨ। ਉਨ੍ਹਾਂ ਨੇ ਹਸਪਤਾਲ ਦੇ ਅੰਦਰ ਫੁਟੇਜ ਵੀ ਪੋਸਟ ਕੀਤੀ, ਜਿਸ ਵਿੱਚ ਬੁਰੀ ਤਰ੍ਹਾਂ ਹੋਇਆ ਨੁਕਸਾਨ ਦਿਖਾਈ ਦਿੱਤਾ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, "ਰੂਸ ਕਿਹੋ ਜਿਹਾ ਦੇਸ਼ ਹੈ, ਜੋ ਹਸਪਤਾਲਾਂ ਅਤੇ ਜਣੇਪਾ ਵਾਰਡਾਂ ਤੋਂ ਡਰਦਾ ਹੈ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ?"
ਰੂਸੀ 'ਅਪਰਾਧਾਂ' ਨੂੰ ਟਰੈਕ ਕਰਨ ਲਈ ਯੂਕਰੇਨ ਨੇ ਸ਼ੁਰੂ ਕੀਤੀ ਵੈੱਬਸਾਈਟ
ਯੂਕਰੇਨ ਦੇ ਰਾਸ਼ਟਰਪਤੀ ਨੇ ਯੂਕਰੇਨ ਵਿੱਚ ਰੂਸ ਦੁਆਰਾ ਕੀਤੇ ਕਥਿਤ "ਅਪਰਾਧਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ" ਨੂੰ ਟਰੈਕ ਕਰਨ ਲਈ ਇੱਕ ਵੈਬਸਾਈਟ ਲਾਂਚ ਕੀਤੀ ਹੈ।

ਤਸਵੀਰ ਸਰੋਤ, Getty Images
ਰਾਸ਼ਟਰਪਤੀ ਦਫਤਰ ਦੇ ਮੁਖੀ ਐਂਡਰੀ ਯੇਰਮਾਕ ਨੇ ਕਿਹਾ ਕਿ ਇਹ ਸਾਈਟ, https://humanrights.gov.ua/ , "ਯੁੱਧ ਦੌਰਾਨ ਰੂਸੀ ਫੈਡਰੇਸ਼ਨ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਜਾਣਕਾਰੀ ਇਕੱਠੀ ਅਤੇ ਪ੍ਰੋਸੈਸ ਕਰੇਗੀ"।
ਇਸ ਸਾਈਟ 'ਤੇ ਲੋਕਾਂ ਨੂੰ "ਹਮਲਾਵਰ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੱਥਾਂ" ਦੇ ਨਾਲ ਇੱਕ ਫਾਰਮ ਭਰਨ ਅਤੇ ਤਸਵੀਰਾਂ ਜਾਂ ਵੀਡੀਓ ਨੱਥੀ ਕਰਨ ਲਈ ਕਿਹਾ ਜਾਂਦਾ ਹੈ।
ਯੇਰਮਾਕ ਦਾ ਕਹਿਣਾ ਹੈ ਕਿ ਯੂਰੋਪੀਅਨ ਕੋਰਟ ਆਫ਼ ਹਿਊਮਨ ਰਾਈਟਸ (ਈਸੀਐੱਚਆਰ) ਅਤੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਵਿੱਚ "ਇਕੱਠੇ ਕੀਤੇ ਗਏ ਤੱਥਾਂ ਨੂੰ ਯੂਕਰੇਨ ਦੀ ਰੱਖਿਆ ਅਤੇ ਪ੍ਰਤੀਨਿਧਤਾ ਲਈ ਸਬੂਤ ਵਜੋਂ ਵਰਤਿਆ ਜਾਵੇਗਾ।"
ਅਮਰੀਕਾ ਦਾ ਅਨੁਮਾਨ: ਰੂਸ ਦੇ 6000 ਸੈਨਿਕਾਂ ਦੀ ਹੋ ਚੁੱਕੀ ਹੈ ਮੌਤ
ਅਮਰੀਕਾ ਵਿੱਚ ਬੀਬੀਸੀ ਦੇ ਭਾਈਵਾਲ ਸੀਬੀਐੱਸ ਨਿਊਜ਼ ਨੂੰ ਯੂਐੱਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਯੁੱਧ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਮਾਰੇ ਗਏ ਰੂਸੀਆਂ ਦੀ ਗਿਣਤੀ ਦਾ ਅਮਰੀਕੀ ਅਧਿਕਾਰਤ ਅੰਦਾਜ਼ਾ ਲਗਭਗ 5,000 ਤੋਂ 6,000 ਹੈ।
ਇਹ ਮੰਨਦੇ ਹੋਏ ਕਿ ਜ਼ਖਮੀਆਂ ਦੀ ਸੰਖਿਆ ਆਮ ਤੌਰ 'ਤੇ ਮਾਰੇ ਗਏ ਲੋਕਾਂ ਦੇ ਅੰਕੜੇ ਨਾਲੋਂ ਤਿੰਨ ਗੁਣਾ ਹੁੰਦੀ ਹੈ, ਉਨ੍ਹਾਂ ਕਿਹਾ ਕਿ ਜ਼ਖਮੀ ਹੋਏ ਰੂਸੀ ਸੈਨਿਕਾਂ ਦੀ ਸੰਖਿਆ ਲਗਭਗ 15,000 ਤੋਂ 18,000 ਹੋਣ ਦਾ ਅਨੁਮਾਨ ਹੈ।

ਤਸਵੀਰ ਸਰੋਤ, Getty Images
ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਇੱਕ ਯੂਐੱਸ ਅਧਿਕਾਰੀ ਨੇ ਇਸ ਅਨੁਮਾਨ ਨੂੰ "ਬਹੁਤ, ਬਹੁਤ ਮਹੱਤਵਪੂਰਨ ਮੌਤਾਂ" ਕਿਹਾ ਅਤੇ ਮੌਤ ਦਰ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਦੀਆਂ ਕੁਝ ਲੜਾਈਆਂ ਨਾਲ ਕੀਤੀ।
ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਲੜਾਈ ਵਿੱਚ 12,000 ਰੂਸੀ ਸੈਨਿਕ ਮਾਰੇ ਗਏ ਹਨ।
ਪਰ ਇਨ੍ਹਾਂ ਸਾਰੇ ਦਾਅਵਿਆਂ ਦੀ ਪੁਸ਼ਟੀ ਕਰਨਾ ਅਜੇ ਸੌਖਾ ਨਹੀਂ ਹੈ।
ਰੂਸੀ ਲੜਾਕੂ ਜਹਾਜ਼ਾਂ ਨੇ ਸੁਮੀ ਖੇਤਰ 'ਤੇ ਕੀਤਾ ਹਮਲੇ
ਇੱਕ ਸਥਾਨਕ ਅਧਿਕਾਰੀ ਦਾ ਕਹਿਣਾ ਹੈ ਕਿ ਰੂਸੀ ਲੜਾਕੂ ਜਹਾਜ਼ਾਂ ਨੇ ਸੁਮੀ ਖੇਤਰ ਦੇ ਉੱਤਰ-ਪੂਰਬੀ ਸ਼ਹਿਰ ਓਖਤਿਰਕਾ ਵਿੱਚ ਰਾਤ ਭਰ ਹਮਲੇ ਕੀਤੇ ਹਨ।
ਖੇਤਰੀ ਸੂਬਾ ਪ੍ਰਸ਼ਾਸਨ ਦੇ ਮੁਖੀ ਦਮਿਤਰੋ ਜ਼ਾਇਵਿਤਸਕੀ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 00:30 ਵਜੇ ਰਿਹਾਇਸ਼ੀ ਖੇਤਰ ਅਤੇ ਇੱਕ ਗੈਸ ਪਾਈਪਲਾਈਨ 'ਤੇ ਹਮਲਾ ਹੋਇਆ।
ਉਨ੍ਹਾਂ ਕਿਹਾ ਕਿ ਲਗਭਗ 10 ਮਿੰਟ ਬਾਅਦ ਖੇਤਰੀ ਰਾਜਧਾਨੀ ਸੁਮੀ ਦੇ ਉਪਨਗਰ ਅਤੇ ਬਾਇਟਿਸੀਆ ਪਿੰਡ 'ਤੇ ਵੀ ਬੰਬਾਰੀ ਕੀਤੀ ਗਈ।
ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਸ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ।
ਰੂਸ ਦੀ ਫੌਜ ਨੇ ਰਿਪੋਰਟ ਕੀਤੇ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਤੁਰਕੀ ਪਹੁੰਚੇ ਯੂਕਰੇਨੀ ਅਤੇ ਰੂਸੀ ਸ਼ਾਂਤੀ ਵਾਰਤਾਕਾਰ
ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਰੂਸ ਨਾਲ ਸ਼ਾਂਤੀ ਵਾਰਤਾ ਲਈ ਤੁਰਕੀ ਪਹੁੰਚ ਗਏ ਹਨ।
ਇਹ ਗੱਲਬਾਤ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਦੇ ਸੱਦੇ 'ਤੇ ਵੀਰਵਾਰ ਨੂੰ ਐਂਟਾਲਿਆ ਸ਼ਹਿਰ 'ਚ ਹੋਵੇਗੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਵੀ ਤੁਰਕੀ ਪਹੁੰਚਦੇ ਦੇਖਿਆ ਗਿਆ ਸੀ।
ਦੋ ਹਫ਼ਤੇ ਪਹਿਲਾਂ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ, ਦੇਸ਼ ਦੇ ਚੋਟੀ ਦੇ ਡਿਪਲੋਮੈਟਾਂ ਵਿਚਕਾਰ ਤਿੰਨ-ਪੱਖੀ ਗੱਲਬਾਤ ਹੋਵੇਗੀ।
ਰੂਸ ਯੂਕਰੇਨ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ: ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਰੂਸ ਸੰਭਾਵਤ ਤੌਰ 'ਤੇ ਯੂਕਰੇਨ ਵਿੱਚ ਰਸਾਇਣਕ ਜਾਂ ਜੈਵਿਕ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਜਾਂ ਫਿਰ ਅਜਿਹੇ "ਝੂਠੇ ਫਲੈਗ" ਅਪ੍ਰੇਸ਼ਨ ਕਰ ਸਕਦਾ ਹੈ।
ਟਵਿੱਟਰ 'ਤੇ ਲਿਖਦੇ ਹੋਏ, ਸਾਕੀ ਨੇ "ਝੂਠੇ ਦਾਅਵੇ" ਫੈਲਾਉਣ ਲਈ ਰੂਸ ਦੀ ਆਲੋਚਨਾ ਕੀਤੀ ਕਿ ਅਮਰੀਕਾ ਯੂਕਰੇਨ ਵਿੱਚ ਰਸਾਇਣਕ ਹਥਿਆਰ ਤਿਆਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੂਸ ਸੰਭਾਵਤ ਤੌਰ 'ਤੇ ਯੂਕਰੇਨ ਵਿੱਚ ਰਸਾਇਣਕ ਜਾਂ ਜੈਵਿਕ ਹਥਿਆਰਾਂ ਦੀ ਵਰਤੋਂ ਲਈ ਅਧਾਰ ਬਣਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸੰਬਧੀ ਕੋਈ ਸਬੂਤ ਨਹੀਂ ਦਿੱਤਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













