ਰੂਸ-ਯੂਕਰੇਨ ਜੰਗ: ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਦੇ ਉਹ ਲੋਕ ਜਿਨ੍ਹਾਂ ਦੇ ਹੱਥ ਵਿੱਚ ਹੁੰਦਾ ਹੈ ਪਰਮਾਣੂ ਹਮਲੇ ਦਾ ਬਟਨ

24 ਫ਼ਰਵਰੀ 2022 ਦੀ ਸਵੇਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਪੂਰਬੀ ਹਿੱਸੇ ਉੱਪਰ ਹਮਲੇ ਦਾ ਐਲਾਨ ਕੀਤਾ।

ਇਸ ਤੋਂ ਬਾਅਦ 27 ਫ਼ਰਵਰੀ 2022 ਨੂੰ ਪੁਤਿਨ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ 'ਸਪੈਸ਼ਲ ਅਲਰਟ' 'ਤੇ ਰੱਖਣ ਦੇ ਹੁਕਮ ਵੀ ਜਾਰੀ ਕੀਤੇ।

ਦੁਨੀਆਂ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਰੂਸ ਕੋਲ ਹੀ ਹਨ। ਪੁਤਿਨ ਦੇ ਇਸ ਐਲਾਨ ਤੋਂ ਬਾਅਦ ਦੁਨੀਆਂ ਵਿੱਚ ਸੰਕਟ ਪੈਦਾ ਹੋ ਗਿਆ ਹੈ। ਹਾਲਾਂਕਿ ਰੂਸ ਸਮੇਤ ਚੀਨ, ਅਮਰੀਕਾ, ਬ੍ਰਿਟੇਨ, ਭਾਰਤ, ਪਾਕਿਸਤਾਨ ਵਰਗੇ ਮੁਲਕਾਂ ਕੋਲ ਵੀ ਪਰਮਾਣੂ ਹਥਿਆਰ ਹਨ।

ਇਹ ਹਥਿਆਰ ਤਬਾਹੀ ਦੇ ਹਥਿਆਰ ਮੰਨੇ ਜਾਂਦੇ ਹਨ। ਸਵਾਲ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਲਈ ਕੀ ਨਿਯਮ ਹਨ ਅਤੇ ਇਸ ਨੂੰ ਚਲਾਉਣ ਦੇ ਹੁਕਮ ਕੌਣ ਦਿੰਦਾ ਹੈ ਅਤੇ ਕੌਣ ਉਸ ਨੂੰ ਲਾਗੂ ਕਰਦਾ ਹੈ।

ਇਸ ਲੇਖ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਵਿੱਚ ਪ੍ਰਮਾਣੂ ਹਥਿਆਰਾਂ ਦਾ ਬਟਨ ਕੌਣ ਨੱਪ ਸਕਦਾ ਹੈ।

ਅਮਰੀਕਾ ਕੋਲ ਹੈ 'ਪ੍ਰਮਾਣੂ ਫੁੱਟਬਾਲ'

ਬਰੂਸ ਬਲਾ ਅਮਰੀਕਾ ਦੇ ਸਾਬਕਾ ਮਿਜ਼ਾਇਲ ਲਾਂਚ ਅਧਿਕਾਰੀ ਸਨ। ਹੁਣ ਉਹ ਇਸ ਦੁਨੀਆਂ 'ਤੇ ਨਹੀਂ ਹਨ ਪਰ 70 ਦੇ ਦਹਾਕੇ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਖ਼ੁਫ਼ੀਆ ਪਰਮਾਣੂ ਟਿਕਾਣਿਆਂ ਉੱਪਰ ਕੰਮ ਕੀਤਾ ਸੀ।

ਉਨ੍ਹਾਂ ਨੇ ਦੱਸਿਆ,"ਸਾਨੂੰ ਮਿੰਟ ਵਾਲੇ ਆਦਮੀ ਆਖਿਆ ਜਾਂਦਾ ਸੀ। ਹੁਕਮ ਮਿਲਣ 'ਤੇ ਅਸੀਂ ਇੱਕ ਮਿੰਟ ਦੇ ਅੰਦਰ-ਅੰਦਰ ਪਰਮਾਣੂ ਹਥਿਆਰ ਸ਼ੁਰੂ ਕਰ ਸਕਦੇ ਸੀ।"

ਬਰੂਸ ਅਤੇ ਉਨ੍ਹਾਂ ਦੇ ਸਾਥੀ ਹਰ ਵੇਲੇ ਕੰਪਿਊਟਰ ਦੀ ਨਿਗਰਾਨੀ ਕਰਦੇ ਸਨ ਜਿਸ ਉਪਰ ਕਿਸੇ ਵੀ ਵੇਲੇ ਹੁਕਮ ਆ ਸਕਦੇ ਸਨ। ਇਹ ਹੁਕਮ ਅਮਰੀਕਾ ਵਿੱਚ ਸਿਰਫ਼ ਇੱਕ ਹੀ ਆਦਮੀ ਦੇ ਸਕਦਾ ਹੈ ਅਤੇ ਉਹ ਹੈ - ਰਾਸ਼ਟਰਪਤੀ।

"ਇਹੀ ਕਾਰਨ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨਾਲ ਹਰ ਵੇਲੇ ਕੁਝ ਖ਼ਾਸ ਲੋਕ ਮੌਜੂਦ ਹੁੰਦੇ ਹਨ। ਉਨ੍ਹਾਂ ਕੋਲ ਇੱਕ ਬ੍ਰੀਫਕੇਸ ਹੁੰਦਾ ਹੈ ਜਿਸ ਨੂੰ 'ਪ੍ਰਮਾਣੂ ਫੁੱਟਬਾਲ' ਆਖਦੇ ਹਨ।"

ਇਹ ਵੀ ਪੜ੍ਹੋ:

ਕਾਲੇ ਚਮੜੇ ਦਾ ਹੈ ਬਰੀਫਕੇਸ ਵੇਖਣ ਨੂੰ ਭਾਵੇਂ ਸਾਧਾਰਨ ਹੁੰਦਾ ਹੈ ਪਰ ਇਸ ਦੇ ਅੰਦਰ ਕੁਝ ਖਾਸ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਹਨ ਜਿਸ ਰਾਹੀਂ ਰਾਸ਼ਟਰਪਤੀ ਆਪਣੇ ਸਲਾਹਕਾਰਾਂ ਅਤੇ ਬੇਹੱਦ ਜ਼ਰੂਰੀ ਲੋਕਾਂ ਨਾਲ ਕਿਸੇ ਵੀ ਸਮੇਂ ਗੱਲ ਕਰ ਸਕਦੇ ਹਨ।

ਬਰੂਸ ਅੱਗੇ ਦੱਸਦੇ ਹਨ,"ਇਸ ਬਰੀਫਕੇਸ ਵਿੱਚ ਜੰਗ ਦੀ ਰਣਨੀਤੀ, ਪ੍ਰਮਾਣੂ ਹਥਿਆਰ, ਉਨ੍ਹਾਂ ਦੇ ਨਿਸ਼ਾਨੇ ਬਾਰੇ ਜਾਣਕਾਰੀ ਮੌਜੂਦ ਰਹਿੰਦੀ ਹੈ। ਹਮਲੇ ਵਿੱਚ ਕਿੰਨੇ ਲੋਕਾਂ ਦੇ ਮਰਨ ਦਾ ਖਦਸ਼ਾ ਹੈ, ਇਹ ਜਾਣਕਾਰੀ ਵੀ ਮੌਜੂਦ ਰਹਿੰਦੀ ਹੈ। ਰਾਸ਼ਟਰਪਤੀ ਨੂੰ ਇਨ੍ਹਾਂ ਸਾਰੀਆਂ ਗੱਲਾਂ ਅਤੇ ਖ਼ੂਫੀਆ ਪਲਾਨ ਸਮਝ ਕੇ ਫ਼ੈਸਲਾ ਲੈਣਾ ਹੁੰਦਾ ਹੈ।"

ਫੈਡਰੇਸ਼ਨ ਆਫ ਅਮੈਰੀਕਨ ਸਾਇੰਟਿਸਟਸ ਦੀ ਇੱਕ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ 2022 ਦੀ ਸ਼ੁਰੂਆਤ ਵਿੱਚ ਦੁਨੀਆਂ ਦੇ 9 ਦੇਸ਼ਾਂ ਕੋਲ ਪ੍ਰਮਾਣੂ ਹਥਿਆਰ ਮੌਜੂਦ ਹਨ। ਇਨ੍ਹਾਂ ਵਿੱਚ ਰੂਸ ਸਭ ਤੋਂ ਉੱਪਰ ਹੈ ਅਤੇ ਫਿਰ ਆਉਂਦਾ ਹੈ ਅਮਰੀਕਾ। ਇਨ੍ਹਾਂ ਦੋਹਾਂ ਦੇਸ਼ਾਂ ਕੋਲੋਂ ਪੰਜ ਪੰਜ ਹਜ਼ਾਰ ਤੋਂ ਵੱਧ ਪਰਮਾਣੂ ਮਿਜ਼ਾਇਲਾਂ ਹਨ।

ਰੂਸ - 5977

ਅਮਰੀਕਾ - 5428

ਚੀਨ -350

ਫਰਾਂਸ- 290

ਬ੍ਰਿਟੇਨ- 225

ਪਾਕਿਸਤਾਨ -165

ਭਾਰਤ- 160

ਇਜ਼ਰਾਈਲ -90

ਉੱਤਰ ਕੋਰੀਆ -20

ਅਮਰੀਕਾ ਵਿੱਚ ਮਿਜ਼ਾਇਲ ਲਾਂਚ ਕਰਨ ਦੀ ਸ਼ੁਰੂਆਤ ਪੈਂਟਾਗਨ ਵਾਰਰੂਮ ਤੋਂ ਹੁੰਦੀ ਹੈ ਪਰ ਰਾਸ਼ਟਰਪਤੀ ਦੇ ਹੁਕਮ ਜ਼ਰੂਰੀ ਹਨ।

ਰਾਸ਼ਟਰਪਤੀ ਦਾ ਹੁਕਮ ਵੀ ਉਦੋਂ ਹੀ ਮੰਨਿਆ ਜਾਂਦਾ ਹੈ ਜਦੋਂ ਰਾਸ਼ਟਰਪਤੀ ਆਪਣੀ ਖਾਸ ਪਛਾਣ ਦੱਸਦੇ ਹਨ ਜੋ ਕਿ ਇੱਕ ਬਿਸਕੁਟ ਵਰਗੇ ਕਾਰਡ ਵਿੱਚ ਹੁੰਦੀ ਹੈ।

ਇਹ ਕਾਰਡ ਰਾਸ਼ਟਰਪਤੀ ਕੋਲ ਹਮੇਸ਼ਾ ਰਹਿੰਦਾ ਹੈ ਅਤੇ ਇਹੀ ਕਾਰਨ ਹੈ ਜਿਸ ਕਰਕੇ ਅਮਰੀਕੀ ਰਾਸ਼ਟਰਪਤੀ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਆਦਮੀ ਮੰਨਿਆ ਜਾਂਦਾ ਹੈ। ਮਨਜ਼ੂਰੀ ਮਿਲਣ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਪਰਮਾਣੂ ਮਿਜ਼ਾਇਲ ਦਾਗਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਸਕਦੀ ਹੈ।

ਬਰੂਸ ਬਲਾ ਨੇ ਦੱਸਿਆ,"ਰਾਸ਼ਟਰਪਤੀ ਦੇ ਆਦੇਸ਼ ਤੋਂ ਬਾਅਦ ਜ਼ਮੀਨ 'ਤੇ ਤਾਇਨਾਤ ਐਟਮੀ ਮਿਜ਼ਾਇਲ ਰਾਹੀਂ ਹਮਲਾ ਕਰਨ ਵਾਲੀ ਪਣਡੁੱਬੀ ਵਿੱਚ ਤਾਇਨਾਤ ਮਿਜ਼ਾਇਲ ਲਾਂਚ ਕੋਡ ਨੂੰ ਖੋਲ੍ਹਿਆ ਜਾਂਦਾ ਹੈ ਅਤੇ ਹਮਲੇ ਲਈ ਤਿਆਰ ਕੀਤਾ ਜਾਂਦਾ ਹੈ। ਪਰਮਾਣੂ ਹਥਿਆਰਾਂ ਦੀ ਸ਼ੁਰੂਆਤ ਲਈ ਦੋ ਲੋਕਾਂ ਦੀ ਲੋੜ ਪੈਂਦੀ ਹੈ ਜੋ ਆਪੋ-ਆਪਣੇ ਕੋਡ ਦੱਸਦੇ ਹਨ।"

"ਮੇਰੇ ਪੂਰੇ ਕਰੀਅਰ ਵਿੱਚ ਅਜਿਹਾ ਕਈ ਵਾਰੀ ਹੋਇਆ ਕਿ ਜਦੋਂ ਲੱਗਿਆ ਬਸ ਹੁਣ ਪ੍ਰਮਾਣੂ ਯੁੱਧ ਹੋਵੇਗਾ। ਮੇਰੀ ਉਮਰ ਛੋਟੀ ਸੀ ਅਤੇ ਮੈਨੂੰ ਉਸ ਵੇਲੇ ਡੈੱਫ ਕੌਨ ਅਲਰਟ ਮਿਲਿਆ ਕਿ ਪਰਮਾਣੂ ਯੁੱਧ ਲਈ ਤਿਆਰ ਰਹੋ।"

1973 ਵਿੱਚ ਅਰਬ ਅਤੇ ਇਸਰਾਈਲ ਦੀ ਜੰਗ ਦੌਰਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਨੌਬਤ ਨਹੀਂ ਆਈ ਪਰ 1960 ਵਿੱਚ ਕਿਊਬਾ ਮਿਜ਼ਾਇਲ ਸੰਕਟ ਸਮੇਂ ਅਮਰੀਕਾ ਅਤੇ ਸੋਵੀਅਤ ਸੰਘ ਪਰਮਾਣੂ ਯੁੱਧ ਦੇ ਨਜ਼ਦੀਕ ਪਹੁੰਚ ਗਏ ਸੀ।

ਰੂਸ ਕੋਲ ਹੈ ਪਰਮਾਣੂ ਬਰੀਫਕੇਸ

ਇਗੋਰ ਸਜੈਗਨ ਹਥਿਆਰਾਂ ਦੀ ਜਾਣਕਾਰ ਹਨ। ਉਹ ਰੂਸੀ ਹਨ ਅਤੇ ਰੂਸੀ ਸਰਕਾਰ ਲਈ ਕੰਮ ਵੀ ਕਰਦੇ ਰਹੇ ਹਨ।

1999 ਦੌਰਾਨ ਰੂਸ ਨੇ ਉਨ੍ਹਾਂ ਉੱਤੇ ਲੰਡਨ ਦੀ ਇੱਕ ਕੰਪਨੀ ਨੂੰ ਫੌਜ ਨਾਲ ਜੁੜੀ ਖੁਫ਼ੀਆ ਜਾਣਕਾਰੀ ਮੁਹੱਈਆ ਕਰਵਾਉਣ ਦੇ ਇਲਜ਼ਾਮ ਲਗਾਏ। ਅਖ਼ਬਾਰ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸਜੈਗਨ ਨੂੰ ਗਿਆਰਾਂ ਵਰ੍ਹਿਆਂ ਲਈ ਜੇਲ੍ਹ ਵਿੱਚ ਦੇ ਦਿੱਤਾ ਗਿਆ।

2010 ਵਿੱਚ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੇ ਲੰਡਨ ਰਹਿਣ ਦਾ ਫ਼ੈਸਲਾ ਕੀਤਾ।

ਇਗੋਰ ਦੱਸਦੇ ਹਨ,"ਅਮਰੀਕਾ ਦੇ ਪ੍ਰਮਾਣ ਫੁਟਬਾਲ ਵਾਂਗ ਰੂਸ ਦੇ ਰਾਸ਼ਟਰਪਤੀ ਕੋਲ ਵੀ ਪਰਮਾਣੂ ਮਿਜ਼ਾਇਲਾਂ ਦੇ ਕੋਡ ਵਾਲਾ ਪਰਮਾਣੂ ਬਰੀਫਕੇਸ ਹੁੰਦਾ ਹੈ। ਇਹ ਹਮੇਸ਼ਾ ਰਾਸ਼ਟਰਪਤੀ ਦੇ ਨੇੜੇ ਤੇੜੇ ਹੀ ਹੁੰਦਾ ਹੈ। ਉਨ੍ਹਾਂ ਦੇ ਸੌਣ ਸਮੇਂ ਵੀ ਇਸ ਨੂੰ 10-20 ਮੀਟਰ ਦੀ ਦੂਰੀ ਤੇ ਰੱਖਿਆ ਜਾਂਦਾ ਹੈ। ਰੂਸ ਉਪਰ ਕਿਸੇ ਤਰ੍ਹਾਂ ਦੇ ਹਮਲੇ ਦੀ ਨੌਬਤ ਆਉਣ 'ਤੇ ਬਰੀਫਕੇਸ ਦਾ ਅਲਾਰਮ ਵੱਜਦਾ ਹੈ ਅਤੇ ਫਿਰ ਰਾਸ਼ਟਰਪਤੀ ਉਸ ਕੋਲ ਕੋਲ ਜਾ ਕੇ ਪ੍ਰਧਾਨ ਮੰਤਰੀ ਦੇ ਰੱਖਿਆ ਮੰਤਰੀ ਨਾਲ ਸੰਪਰਕ ਕਰ ਸਕਦੇ ਹਨ।"

ਅਜਿਹੇ ਬਰੀਫਕੇਸ ਰੂਸ ਦੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਕੋਲ ਵੀ ਮੌਜੂਦ ਹਨ ਪਰ ਪਰਮਾਣੂ ਹਮਲੇ ਦਾ ਹੁਕਮ ਕੇਵਲ ਰਾਸ਼ਟਰਪਤੀ ਹੀ ਦੇ ਸਕਦੇ ਹਨ।

ਇਗੋਰ ਦੱਸਦੇ ਹਨ,"ਬ੍ਰੀਫਕੇਸ ਦੀ ਜ਼ਿੰਮੇਵਾਰੀ ਰਾਸ਼ਟਰਪਤੀ ਦੀ ਹੁੰਦੀ ਹੈ। ਮੁਸ਼ਕਿਲ ਹਾਲਾਤਾਂ ਵਿਚ ਉਹ ਇਸ ਬਰੀਫਕੇਸ ਰਾਹੀਂ ਸੈਨਾ ਦੇ ਮੁਖੀਆਂ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਗੱਲ ਵੀ ਕਰ ਸਕਦੇ ਹਨ। ਉਨ੍ਹਾਂ ਨੂੰ ਟੈਲੀਫੋਨ ਦੀ ਲੋੜ ਨਹੀਂ ਪੈਂਦੀ।"

ਰੂਸ ਦੇ ਇਤਿਹਾਸ ਵਿੱਚ ਕੇਵਲ ਇੱਕ ਵਾਰ ਅਜਿਹੇ ਹਾਲਾਤ ਬਣੇ ਸਨ ਜਦੋਂ ਰਾਸ਼ਟਰਪਤੀ ਨੂੰ ਉਸ ਨੂੰ ਖੋਲ੍ਹ ਕੇ ਐਕਟਿਵ ਕਰਨਾ ਪਿਆ।

ਇਗੋਰ ਦੱਸਦੇ ਹਨ," 25 ਜਨਵਰੀ 1995 ਨੂੰ ਬਰੀਫਕੇਸ ਦਾ ਅਲਾਰਮ ਵੱਜਿਆ। ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਸਨ।"

ਰੂਸ ਦੀਆਂ ਰਾਡਾਰਾਂ ਨੂੰ ਸਰਹੱਦ ਦੇ ਕੋਲ ਇਕ ਮਿਜ਼ਾਇਲ ਦਿਖੀ ਸੀ ਜੋ ਤੇਜ਼ੀ ਨਾਲ ਰੂਸ ਵੱਲ ਵਧ ਰਹੀ ਸੀ ਅਤੇ ਸਮਾਂ ਬਹੁਤ ਘੱਟ ਸੀ।

ਰਾਸ਼ਟਰਪਤੀ ਨੇ ਆਪਣਾ ਬ੍ਰੀਫ਼ਕੇਸ ਐਕਟਿਵ ਕੀਤਾ। ਉਹ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਸਲਾਹ ਕਰ ਰਹੇ ਸਨ ਕਿ ਹੁਣ ਕੀ ਕੀਤਾ ਜਾਵੇ। ਫ਼ੈਸਲਾ ਲੈਣ ਲਈ ਉਨ੍ਹਾਂ ਕੋਲ ਕੇਵਲ ਪੰਜ ਤੋਂ ਨੌਂ ਮਿੰਟ ਦਾ ਸਮਾਂ ਸੀ।

ਰੂਸ ਦੀਆਂ ਪਣਡੁੱਬੀਆਂ ਨੂੰ ਹੁਕਮ ਦਿੱਤਾ ਗਿਆ ਕਿ ਹਮਲੇ ਲਈ ਤਿਆਰ ਰਹਿਣ।

ਬਾਅਦ ਵਿਚ ਪਤਾ ਲੱਗਿਆ ਕਿ ਇਹ ਗ਼ਲਤ ਅਲਾਰਮ ਸੀ। ਅਸਲ ਵਿੱਚ ਇਹ ਨੌਰਵੇ ਦਾ ਇੱਕ ਰਾਕੇਟ ਸੀ ਜਿਸਨੂੰ ਵਿਗਿਆਨਿਕ ਕੰਮ ਲਈ ਛੱਡਿਆ ਗਿਆ ਸੀ।ਇਸ ਨੂੰ ਰੂਸ ਵੱਲੋਂ ਮਿਜ਼ਾਇਲ ਸਮਝ ਲਿਆ ਜਾਣ ਕਰਕੇ ਅਲਾਰਮ ਬਚਿਆ ਸੀ।

ਜੇਕਰ ਉਸ ਦਿਨ ਰੂਸ ਰਾਸ਼ਟਰਪਤੀ ਨੇ ਪਰਮਾਣੂ ਮਿਜ਼ਾਇਲ ਛੱਡਣ ਦੇ ਹੁਕਮ ਦੇ ਦਿੱਤੇ ਹੁੰਦੇ ਤਾਂ ਦੁਨੀਆਂ ਦਾ ਇਤਿਹਾਸ ਕੁਝ ਹੋਰ ਹੁੰਦਾ।

ਬ੍ਰਿਟੇਨ ਦੀ ਉਹ ਚਿੱਠੀ ਜਿਸ ਨੂੰ ਅੱਜ ਤਕ ਕਿਸੇ ਨੇ ਨਹੀਂ ਪੜ੍ਹਿਆ

ਪ੍ਰੋਫੈਸਰ ਪੀਟਰ ਹੈਨੇਸੀ 'ਦਿ ਸਾਈਲੈਂਟ ਡੀਪ' ਨਾਮ ਦੀ ਕਿਤਾਬ ਦੇ ਸਹਿ ਲੇਖਕ ਹਨ। ਉਹ ਦੱਸਦੇ ਹਨ ਕਿ ਬ੍ਰਿਟਿਸ਼ ਸੈਨਾ ਕੋਲ ਟ੍ਰਾਈਡੈਂਟ ਪਰਮਾਣੂ ਮਿਜ਼ਾਇਲਾਂ ਨਾਲ ਲੈਸ ਚਾਰ ਪਣਡੁੱਬੀਆਂ ਹਨ ਜੋ ਹਮੇਸ਼ਾ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਤਾਇਨਾਤ ਰਹਿੰਦੀਆਂ ਹਨ।

ਕੇਵਲ ਇੱਕ ਇਸ਼ਾਰਾ ਮਿਲਣ 'ਤੇ ਇਹ ਪ੍ਰਮਾਣੂ ਹਮਲਾ ਕਰ ਸਕਦੀਆਂ ਹਨ।

ਉਹ ਆਖਦੇ ਹਨ,"ਉੱਤਰੀ ਐਟਲਾਂਟਿਕ ਦੀਆਂ ਸ਼ਾਂਤ ਗਹਿਰਾਈਆਂ ਵਿੱਚ ਹਮੇਸ਼ਾ ਕਿਤੇ ਨਾ ਕਿਤੇ ਪਣਡੁੱਬੀ ਮੌਜੂਦ ਰਹਿੰਦੀ ਹੈ ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ। ਇਸ ਬਾਰੇ ਕੋਈ ਪਤਾ ਕਰ ਵੀ ਨਹੀਂ ਸਕਦਾ।"

ਪੀਟਰ ਦੱਸਦੇ ਹਨ,"ਬ੍ਰਿਟੇਨ ਵਿੱਚ ਪਰਮਾਣੂ ਮਿਜ਼ਾਈਲ ਦੀ ਸ਼ੂਰੁਆਤ ਦਾ ਹੁਕਮ ਸਿਰਫ ਪ੍ਰਧਾਨ ਮੰਤਰੀ ਦੇ ਸਕਦੇ ਹਨ। ਉਨ੍ਹਾਂ ਦੇ ਇਕ ਹੁਕਮ ਤੋਂ ਬਾਅਦ ਸ਼ਾਹੀ ਨੇਵੀ ਵੈਨਗਾਰਡ ਕਲਾਸ ਸੀ ਪਣਡੁੱਬੀ ਰਾਹੀਂ ਪ੍ਰਮਾਣੂ ਹਮਲਾ ਕਰ ਸਕਦੀ ਹੈ।"

ਪ੍ਰਧਾਨ ਮੰਤਰੀ ਬਰਤਾਨਵੀ ਨੌਸੈਨਾ ਦੇ ਦੋ ਅਧਿਕਾਰੀਆਂ ਨੂੰ ਮਿਜ਼ਾਇਲ ਦਾ ਇਕ ਖਾਸ ਕੋਡ ਦੱਸਦੇ ਹਨ। ਅਧਿਕਾਰੀਆਂ ਕੋਲ ਵੀ ਆਪਣੇ ਖ਼ਾਸ ਕੋਡ ਹੁੰਦੇ ਹਨ ਅਤੇ ਉਹ ਵੀ ਪ੍ਰਧਾਨ ਮੰਤਰੀ ਨੂੰ ਆਪਣੇ ਕੋਡ ਦੱਸਦੇ ਹਨ।

ਇਹ ਸਾਰਾ ਕੰਮ ਲੰਡਨ ਦੇ ਬਾਹਰ ਸਥਿਤ ਇਕ ਬੰਕਰ ਵਿੱਚੋਂ ਕੀਤਾ ਜਾਂਦਾ ਹੈ। ਇੱਥੋਂ ਸਮੁੰਦਰ ਵਿਚ ਤਾਇਨਾਤ ਪਣਡੁੱਬੀ ਨੂੰ ਪਰਮਾਣੂ ਮਿਜ਼ਾਇਲ ਦੀ ਸ਼ੁਰੁਆਤ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਪੀਟਰ ਅੱਗੇ ਦੱਸਦੇ ਹਨ,"ਪਣਡੁੱਬੀ ਵਿੱਚ ਦੋ ਅਧਿਕਾਰੀ ਇਹ ਸੰਦੇਸ਼ ਲੈਂਦੇ ਹਨ ਅਤੇ ਫਿਰ ਆਪੋ-ਆਪਣੇ ਕੋਡ ਮਿਲਾ ਕੇ ਮਿਜ਼ਾਈਲ ਲਾਂਚ ਦੀ ਤਿਆਰੀ ਕਰਦੇ ਹਨ।"

ਪੀਟਰ ਦੁਨੀਆਂ ਦੇ ਕੁਝ ਉਨ੍ਹਾਂ ਗਿਣੇ ਚੁਣੇ ਲੋਕਾਂ ਵਿੱਚ ਹਨ ਜਿਨ੍ਹਾਂ ਨੂੰ ਪਣਡੁੱਬੀ ਤੋਂ ਮਿਜ਼ਾਈਲ ਦੇ ਟੈਸਟ ਦੇਖਣ ਦਾ ਮੌਕਾ ਮਿਲਿਆ।

ਉਹ ਆਖਦੇ ਹਨ,"ਕੈਪਟਨ ਵੱਲੋਂ ਚਿੱਟੇ ਰੰਗ ਦਾ ਧੂੰਆਂ ਵਿਖਾਇਆ ਅਤੇ ਫਿਰ ਸਮੁੰਦਰ ਵਿੱਚ ਜਿਵੇਂ ਗੈਸ ਦਾ ਗੋਲਾ ਦੌੜਿਆ ।ਕੁਝ ਪਲਾਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਸਮੁੰਦਰ ਦੇ ਪਾਣੀ ਉੱਤੇ ਗੈਸ ਦਾ ਬਦਲ ਬਣ ਗਿਆ। ਇਸ ਤਰ੍ਹਾਂ ਲੱਗਿਆ ਜਿਵੇਂ ਸਮੁੰਦਰ ਦੀ ਗਹਿਰਾਈ ਵਿੱਚੋਂ ਕੋਈ ਦੈਂਤ ਬਾਹਰ ਆਇਆ ਹੋਵੇ।"

ਪਰਮਾਣੂ ਹਥਿਆਰ ਤਬਾਹੀ ਹਨ, ਇਸ ਲਈ ਇਹ ਕੰਮ ਬੜੀ ਜ਼ਿੰਮੇਵਾਰੀ ਨਾਲ ਕੀਤੇ ਜਾਂਦੇ ਹਨ।

ਪ੍ਰੋਫੈਸਰ ਪੀਟਰ ਦੱਸਦੇ ਹਨ,"ਬ੍ਰਿਟੇਨ ਵਿੱਚ ਜਦੋਂ ਕੋਈ ਨਵਾਂ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਹ ਆਪਣੇ ਹੱਥਾਂ ਨਾਲ ਪਰਮਾਣੂ ਮਿਜ਼ਾਇਲ ਵਾਲੀਆਂ ਚਾਰ ਪਣਡੁੱਬੀਆਂ ਨੂੰ ਚਿੱਠੀ ਲਿਖਦਾ ਹੈ।ਇਸ ਨੂੰ 'ਲੈਟਰ ਆਫ ਲਾਸਟ ਰਿਜ਼ੌਰਟ' ਆਖਿਆ ਜਾਂਦਾ ਹੈ। ਹਰ ਚਿੱਠੀ ਪਣਡੁੱਬੀ ਦੀ ਤਿਜੌਰੀ ਵਿੱਚ ਰੱਖੀ ਜਾਂਦੀ ਹੈ।

ਨਿਯਮ ਮੁਤਾਬਕ ਇਸ ਚਿੱਠੀ ਨੂੰ ਸਿਰਫ਼ ਉਦੋਂ ਪੜ੍ਹਿਆ ਜਾਂਦਾ ਹੈ ਜਦੋਂ ਬ੍ਰਿਟੇਨ ਕਿਸੇ ਹਮਲੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੋਵੇ।"

'ਲੈਟਰ ਆਫ ਲਾਸਟ ਰਿਜ਼ੌਰਟ' ਵਿੱਚ ਪਣਡੁੱਬੀ ਦੇ ਕਮਾਂਡਰ ਲਈ ਕੀ ਆਦੇਸ਼ ਲਿਖਿਆ ਗਿਆ ਹੈ ਇਹ ਹੁਣ ਤੱਕ ਕਿਸੇ ਨੂੰ ਨਹੀਂ ਪਤਾ।

ਬ੍ਰਿਟੇਨ ਵਿੱਚ ਜਦੋਂ ਪ੍ਰਧਾਨ ਮੰਤਰੀ ਬਦਲਦੇ ਹਨ ਤਾਂ ਇਸ ਚਿੱਠੀ ਨੂੰ ਬਿਨਾਂ ਖੋਲ੍ਹੇ ਬਿਨਾਂ ਪੜ੍ਹੇ ਨਸ਼ਟ ਕਰ ਦਿੱਤਾ ਜਾਂਦਾ ਹੈ। ਹਰ ਪ੍ਰਧਾਨ ਮੰਤਰੀ ਹਰ ਪਣਡੁੱਬੀ ਦੇ ਕਮਾਂਡਰ ਲਈ ਨਵੀਂ ਚਿੱਠੀ ਲਿਖਦਾ ਹੈ ਅਤੇ ਸਾਲਾਂ ਤੋਂ ਇਹੀ ਸਿਲਸਿਲਾ ਚੱਲ ਰਿਹਾ ਹੈ।

ਚੀਨ ਦੀਆਂ ਗਹਿਰੀਆਂ ਸੁਰੰਗਾਂ

ਟੌਗ ਜਾਓ ਬੀਜਿੰਗ ਵਿੱਚ ਚਿਨੁਆ ਸੈਂਟਰ ਫਾਰ ਗਲੋਬਲ ਪਾਲਿਸੀ ਵਿਚ ਫੈਲੋ ਹਨ। ਉਹ ਆਖਦੇ ਹਨ ਕਿ ਇਹ ਉਹ ਮੁੱਦਾ ਹੈ ਜਿਸ ਦਾ ਸਾਹਮਣਾ ਹਰ ਇਨਸਾਨ ਕਰ ਰਿਹਾ ਹੈ।

ਉਹ ਆਖਦੇ ਹਨ,"ਇਤਿਹਾਸ ਵਿੱਚ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਲੱਗਿਆ ਕਿ ਹੁਣ ਪ੍ਰਮਾਣੂ ਯੁੱਧ ਹੋਵੇਗਾ ਅਤੇ ਪੂਰੀ ਮਨੁੱਖਤਾ ਉੱਤੇ ਖ਼ਤਰਾ ਮੰਡਰਾਉਣ ਲੱਗਿਆ।"

ਚੀਨ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਸ ਕੋਲ ਪਰਮਾਣੂ ਹਥਿਆਰ ਹਨ ਪਰ ਉਸ ਦੀ ਨੀਤੀ ਪਹਿਲਾਂ ਹਮਲਾ ਕਰਨੀ ਨਹੀਂ ਹੈ।

ਟੌਂਗ ਆਖਦੇ ਹਨ,"ਚੀਨ ਇੰਤਜ਼ਾਰ ਕਰੇਗਾ ਅਤੇ ਪੁਸ਼ਟੀ ਕਰੇਗਾ ਕਿ ਪਰਮਾਣੂ ਹਮਲਾ ਹੋਇਆ ਹੈ। ਇਸ ਤੋਂ ਬਾਅਦ ਇਹ ਜਾਇਜ਼ਾ ਲਿਆ ਜਾਵੇਗਾ ਕਿ ਹਮਲਾ ਕਿੰਨਾ ਵੱਡਾ ਹੈ।ਉਸ ਤੋਂ ਬਾਅਦ ਜਵਾਬੀ ਕਾਰਵਾਈ ਉਤੇ ਵਿਚਾਰ ਹੋਵੇਗਾ।"

ਉਨ੍ਹਾਂ ਮੁਤਾਬਕ,"ਹਮਲੇ ਦੀ ਸੂਰਤ ਵਿਚ ਆਪਣੇ ਨੇਤਾ ਅਤੇ ਆਪਣੀਆਂ ਪਰਮਾਣੂ ਮਿਜ਼ਾਇਲਾਂ ਨੂੰ ਬਚਾਉਣ ਲਈ ਚੀਨ ਨੇ ਤਿਆਰੀ ਕੀਤੀ ਹੈ। ਡੂੰਘੀਆਂ ਸੁਰੰਗਾਂ ਦਾ ਪੂਰਾ ਨੈੱਟਵਰਕ ਹੈ। ਇਨ੍ਹਾਂ ਵਿੱਚੋਂ ਕੁਝ ਸੁਰੰਗਾਂ ਤਾਂ ਪਹਾੜਾਂ ਵਿਚ ਜ਼ਮੀਨ ਤੋਂ ਸੌ-ਸੌ ਮੀਟਰ ਥੱਲੇ ਹਨ।"

ਇਸ ਦਾ ਮਤਲਬ ਹੈ ਕਿ ਜਦੋਂ ਜ਼ਮੀਨ ਉੱਤੇ ਜੰਗ ਦਾ ਧੂੰਆਂ ਹੋਵੇਗਾ ਤਾਂ ਥੱਲੇ ਸੁਰੰਗਾਂ ਵਿੱਚ ਵੱਡੀ ਰਣਨੀਤੀ ਬਣੇਗੀ।

ਆਖਰ ਚੀਨ ਵਿੱਚ ਹਮਲੇ ਦਾ ਆਖ਼ਰੀ ਫ਼ੈਸਲਾ ਕਿਸ ਦਾ ਹੈ।

ਟੌਂਗ ਦੱਸਦੇ ਹਨ,"ਇਹ ਗੱਲਾਂ ਗੁਪਤ ਹਨ ਪਰ ਲੋਕ ਮੰਨਦੇ ਹਨ ਕਿ ਚੀਨ ਵਿਚ ਇਸ ਦਾ ਫੈਸਲਾ ਕਮਿਊਨਿਸਟ ਪਾਰਟੀ ਦੀ ਸਟੈਂਡਿੰਗ ਕਮੇਟੀ ਕਰਦੀ ਹੈ ਆਖ਼ਰੀ ਫ਼ੈਸਲਾ ਕਮੇਟੀ ਦਾ ਹੋਵੇਗਾ ਜਾਂ ਰਾਸ਼ਟਰਪਤੀ ਦਾ ਇਹ ਕਿਸੇ ਨੂੰ ਨਹੀਂ ਪਤਾ।"

ਚੀਨ ਦੇ ਮਾਮਲੇ ਵਿਚ ਇਕ ਹੋਰ ਗੱਲ ਗੌਰ ਕਰਨ ਵਾਲੀ ਹੈ।

ਜਾਣਕਾਰ ਮੰਨਦੇ ਹਨ ਕਿ ਹੋ ਸਕਦਾ ਹੈ ਕਿ ਆਪਣੇ ਉੱਪਰ ਪਰਮਾਣੂ ਹਮਲਾ ਹੋਣ ਤੋਂ ਕਈ ਹਫ਼ਤੇ ਜਾਂ ਮਹੀਨਿਆਂ ਤਕ ਚੀਨ ਚੁੱਪ ਰਹੇ ਅਤੇ ਫੇਰ ਪਲਟਵਾਰ ਕਰੇ ਕਿਉਂਕਿ ਮੁੱਢ ਤੋਂ ਹੀ ਚੀਨ ਪਹਿਲਾਂ ਹਮਲਾ ਕਰਨ ਦੀ ਪੱਛਮੀ ਦੇਸ਼ਾਂ ਦੀ ਨੀਤੀ ਦਾ ਵਿਰੋਧ ਕਰਦਾ ਰਿਹਾ ਹੈ।

ਟੌਂਗ ਦੱਸਦੇ ਹਨ,"ਜਦੋਂ ਚੀਨ ਨੇ ਪਰਮਾਣੂ ਹਥਿਆਰ ਹਾਸਲ ਕੀਤੇ, ਨੇਤਾ ਮਾਓ ਸੇ ਤੁੰਗ ਨੇ ਤੈਅ ਕੀਤਾ ਕਿ ਚੀਨ ਇੱਕ ਜ਼ਿੰਮੇਵਾਰ ਦੇਸ਼ ਬਣੇਗਾ। ਸਾਡੇ ਨੇਤਾ ਜਾਣਦੇ ਹਨ ਕਿ ਹੀਰੋਸ਼ੀਮਾ- ਨਾਗਾਸਾਕੀ ਵਿਚ ਕੀ ਹੋਇਆ ਸੀ।"

ਪਰ ਇਹ ਗੱਲ ਪੁਰਾਣੀ ਹੈ ਅਤੇ ਹੁਣ ਜ਼ਮਾਨਾ ਬਦਲ ਰਿਹਾ ਹੈ। ਚੀਨ ਉੱਪਰ ਵੀ ਪੱਛਮੀ ਸੋਚ ਦਾ ਅਸਰ ਹੋ ਰਿਹਾ ਹੈ।

2015 ਵਿੱਚ ਚੀਨ ਨੇ ਜ਼ਮੀਨ ਉੱਤੇ ਪਰਮਾਣੂ ਅਤੇ ਮਿਜ਼ਾਈਲਾਂ ਨਾਲ ਕੰਮ ਕਰਨ ਵਾਲੀ ਬ੍ਰਾਂਚ ਨੂੰ ਪੱਕੇ ਤੌਰ 'ਤੇ ਸੈਨਾ ਵਿੱਚ ਸ਼ਾਮਲ ਕੀਤਾ ਅਤੇ ਉਸ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ ਦਾ ਨਾਮ ਦਿੱਤਾ। ਹੋਰ ਦੇਸ਼ਾਂ ਵਾਂਗ ਚੀਨ ਵੀ ਹਾਈਪਰਸੋਨਿਕ ਤਕਨੀਕ ਉੱਤੇ ਕੰਮ ਕਰ ਰਿਹਾ ਹੈ ਅਤੇ ਆਪਣੇ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਉਣ ਦੀ ਕੋਸ਼ਿਸ਼ ਵਿੱਚ ਹੈ।

ਟੌਂਗ ਦੱਸਦੇ ਹਨ,"ਕੁਝ ਜਾਣਕਾਰ ਚਾਹੁੰਦੇ ਹਨ ਕਿ ਅਮਰੀਕਾ ਅਤੇ ਰੂਸ ਵਾਂਗ ਰਾਸ਼ਟਰਪਤੀ ਨੂੰ ਪਰਮਾਣੂ ਹਮਲੇ ਦੇ ਆਦੇਸ਼ਾਂ ਦਾ ਹੱਕ ਹੋਣਾ ਚਾਹੀਦਾ ਹੈ ਤਾਂ ਕਿ ਦੁਸ਼ਮਣ ਦੇ ਹਮਲੇ ਦੀ ਆਸ਼ੰਕਾ ਨੂੰ ਵੇਖ ਕੇ ਪਹਿਲਾਂ ਹੀ ਬਚਾਅ ਵਿੱਚ ਹਮਲੇ ਦੀ ਤਿਆਰੀ ਕੀਤੀ ਜਾਵੇ। ਇਹੀ ਕਾਰਨ ਹੈ ਕਿ ਚੀਨ ਅੱਜਕੱਲ੍ਹ ਤਾਕਤਵਰ ਰਾਡਾਰ ਬਣਾ ਰਿਹਾ ਹੈ ਅਤੇ ਲੰਬੀ ਦੂਰੀ ਤਕ ਮਾਰ ਕਰਨ ਵਾਲੇ ਹਥਿਆਰ ਵੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜਿਸ ਵੇਲੇ ਤੁਸੀਂ ਇਹ ਲੇਖ ਪੜ੍ਹ ਰਹੇ ਹੋਵਾਂਗੇ ਤਾਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਕੁਝ ਲੋਕ ਕੰਪਿਊਟਰ ਦੀ ਸਕਰੀਨ ਤੇ ਨਜ਼ਰ ਗੱਡ ਕੇ ਬੈਠੇ ਹੋਣਗੇ,ਕੋਈ ਆਪਣੇ ਬੰਕਰ ਵਿੱਚ ਹੁਕਮ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ ਅਤੇ ਕੋਈ ਪਣਡੁੱਬੀ ਦਾ ਕਮਾਂਡਰ ਇਹ ਸੋਚ ਰਿਹਾ ਹੋਵੇਗਾ ਕਿ 'ਲੈਟਰ ਆਫ ਦਿ ਲਾਸਟ ਰਿਜ਼ੌਰਟ' ਪੜ੍ਹਨ ਦੀ ਨੌਬਤ ਆਏਗੀ ਜਾਂ ਨਹੀਂ।

ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਕਿਸੇ ਵੀ ਨੇਤਾ ਨੂੰ ਹਮਲਾ ਕਰਨ ਦਾ ਖਿਆਲ ਨਹੀਂ ਆਵੇਗਾ ਕਿਉਂਕਿ ਇਸ ਦਾ ਮਤਲਬ ਹੈ- ਤਬਾਹੀ।

ਹੀਰੋਸ਼ੀਮਾ ਨਾਗਾਸਾਕੀ ਉੱਤੇ ਹੋਏ ਪਰਮਾਣੂ ਹਮਲੇ ਤੋਂ ਬਾਅਦ ਦੁਨੀਆ 'ਚ ਕਈ ਵਾਰ ਪਰਮਾਣੂ ਯੁੱਧ ਦੇ ਹਾਲਾਤਾਂ ਤੱਕ ਪਹੁੰਚੀ ਪਰ ਕਿਸੇ ਵੀ ਨੇਤਾ ਨੇ ਹੁਣ ਤੱਕ ਪਰਮਾਣੂ ਹਮਲੇ ਦਾ ਬਟਨ ਨਹੀਂ ਦੱਬਿਆ।

ਪਰ ਪਰਮਾਣੂ ਹਥਿਆਰਾਂ ਨੂੰ ਹਾਈ ਅਲਰਟ ਉਤੇ ਰੱਖਣ ਦੇ ਰੂਸ ਦੇ ਰਾਸ਼ਟਰਪਤੀ ਦੇ ਫ਼ੈਸਲੇ ਨੇ ਇੱਕ ਵਾਰ ਫਿਰ ਦੁਨੀਆਂ ਨੂੰ ਪਰਮਾਣੂ ਯੁੱਧ ਦੇ ਦਰਵਾਜ਼ੇ 'ਤੇ ਖੜ੍ਹਾ ਕਰ ਦਿੱਤਾ ਹੈ।

ਇਸ ਦਰਵਾਜ਼ੇ ਦੇ ਦੂਜੇ ਪਾਸੇ ਸਿਰਫ਼ ਤਬਾਹੀ ਹੈ ਅਤੇ ਪਰਮਾਣੂ ਬਟਨ ਦੱਬਣ ਦਾ ਕਿਸੇ ਵੀ ਨੇਤਾ ਦਾ ਫੈਸਲਾ ਦੁਨੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)