ਰੂਸ ਯੂਕਰੇਨ ਸੰਕਟ: ਰੂਸੀ ਫੌਜ ਤੋਂ ਟਾਪੂ ਦੀ ਰੱਖਿਆ ਕਰਦੇ 13 ਫੌਜੀਆਂ ਨੇ ਮਰਨ ਤੋਂ ਪਹਿਲਾਂ ਸਰੰਡਰ ਕਰਨ ਦੀ ਪੇਸ਼ਕਸ਼ ਦਾ ਇਹ ਜਵਾਬ ਦਿੱਤਾ ਸੀ

ਬਲੈਕ ਸੀ ਵਿੱਚ ਇੱਕ ਛੋਟਾ ਜਿਹਾ ਪਰ ਰਣਨੀਤਕ ਮਹੱਤਵ ਵਾਲਾ ਟਾਪੂ ਹੈ- ਜ਼ਮੀਨੀ (Zmiinyi) ਜਾਂ ਸਨੇਕ ਆਈਲੈਂਡ ਹੈ। ਇਹ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਹੁਣ ਤੱਕ ਦੇ ਸਭ ਤੋਂ ਨਾਟਕੀ ਘਟਨਾਕ੍ਰਮਾਂ ਵਿੱਚੋਂ ਇੱਕ ਰਿਹਾ ਹੈ।

ਰੂਸੀ ਫੌਜ ਵੱਲੋਂ ਟਾਪੂ 'ਤੇ ਕਬਜ਼ਾ ਕਰਨ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਸਨੇਕ ਆਈਲੈਂਡ ਦੀ ਰੱਖਿਆ ਕਰਦੇ ਹੋਏ ਮਾਰੇ ਜਾਣ ਵਾਲੇ 13 ਸਰਹੱਦੀ ਗਾਰਡਾਂ ਨੂੰ ਮਰਨ ਉਪਰੰਤ 'ਹੀਰੋ ਆਫ਼ ਯੂਕਰੇਨ' ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਯੂਕਰੇਨ ਦਾ ਕਹਿਣਾ ਹੈ ਕਿ ਇਹ ਗਾਰਡ ਰੂਸੀ ਜੰਗੀ ਬੇੜੇ ਦੀ ਗੋਲੀਬਾਰੀ ਨਾਲ ਮਾਰੇ ਗਏ ਹਨ।

ਰੂਸ ਨੇ ਇਸ ਟਾਪੂ 'ਤੇ ਗੋਲੀਬਾਰੀ ਜਾਂ ਜਾਨੀ ਨੁਕਸਾਨ ਹੋਣ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਮਾਸਕੋ ਵੱਲੋਂ ਘਟਨਾਵਾਂ ਦੇ ਸੰਸਕਰਣ ਦੇ ਅਨੁਸਾਰ, "82 ਯੂਕਰੇਨੀ ਪੁਰਸ਼ਾਂ ਦੁਆਰਾ ਸਵੈ-ਇੱਛਾ ਨਾਲ ਰੂਸੀ ਹਥਿਆਰਬੰਦ ਬਲਾਂ ਸਾਹਮਣੇ ਆਤਮ ਸਮਰਪਣ ਕਰਨ" ਤੋਂ ਬਾਅਦ ਟਾਪੂ 'ਤੇ ਕਬਜ਼ਾ ਕਰ ਲਿਆ ਗਿਆ ਸੀ।

ਇਸ ਜਾਣਕਾਰੀ ਦੀ ਸੁਤੰਤਰ ਪੱਧਰ 'ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਹਾਲਾਂਕਿ, ਯੂਕਰੇਨੀ ਸਰਹੱਦੀ ਗਾਰਡ ਨੇ ਆਨਲਾਈਨ ਰਿਕਾਰਡਿੰਗ ਜਾਰੀ ਕੀਤੀ ਹੈ, ਉਹ ਜੋ ਕਹਿੰਦੇ ਹਨ ਉਹ ਸਾਰੇ ਸੰਪਰਕ ਟੁੱਟਣ ਤੋਂ ਪਹਿਲਾਂ ਰੂਸੀ ਜਲ ਸੈਨਾ ਅਤੇ ਸਨੇਕ ਆਈਲੈਂਡ 'ਤੇ ਤਾਇਨਾਤ ਗਾਰਡਾਂ ਵਿਚਕਾਰ ਹੋਈ ਗੱਲਬਾਤ ਦੀ ਇੱਕ ਰਿਕਾਰਡਿੰਗ ਹੈ।

ਆਡੀਓ 'ਚ ਰੂਸੀ ਜਹਾਜ਼ ਯੂਕਰੇਨੀਆਂ ਨੂੰ ਟਾਪੂ 'ਤੇ ਨਿਯੰਤਰਣ ਛੱਡਣ ਲਈ ਕਹਿੰਦਾ ਹੋਇਆ ਸੁਣਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਆਖਰੀ ਸ਼ਬਦ

ਰੂਸੀਆਂ ਨੂੰ ਇਹ ਕਹਿੰਦੇ ਸੁਣਿਆ ਗਿਆ, "ਮੈਂ ਇੱਕ ਰੂਸੀ ਜੰਗੀ ਬੇੜਾ ਹਾਂ। ਖੂਨ-ਖਰਾਬੇ ਤੋਂ ਬਚਣ ਲਈ ਆਤਮ ਸਮਰਪਣ ਕਰਨ ਅਤੇ ਹਥਿਆਰ ਸੁੱਟਣ ਦਾ ਪ੍ਰਸਤਾਵ ਦੇ ਰਿਹਾ ਹਾਂ।"

"ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਕੀ ਤੁਸੀਂ ਸੁਣ ਰਹੇ ਹੋ?"

ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਸਲਾਹਕਾਰ, ਐਂਟੋਨ ਗੇਰਾਸ਼ਚੇਂਕੋ ਵੱਲੋਂ ਇਸ ਆਡੀਓ ਦੇ ਸੱਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਆਡੀਓ ਮੁਤਾਬਕ, ਸਰਹੱਦੀ ਗਾਰਡਾਂ ਨੇ ਰੂਸੀ ਬੇੜੇ ਨੂੰ ਇੱਕ ਅਪਸ਼ਬਦ ਰਾਹੀਂ ਇਸ ਦਾ ਜਵਾਬ ਦਿੱਤਾ, ''ਗੋ ..... ਦੇਮ''।

ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ।

ਯੂਕਰੇਨੀ ਸਮੁੰਦਰੀ ਫੌਜ ਨੇ ਜਦੋਂ ਦੇਖਿਆ ਤਾਂ ਟਾਪੂ 'ਤੇ ਇੱਕ ਵੀ ਇਮਾਰਤ ਨਹੀਂ ਬਚੀ ਸੀ।

ਯੂਕਰੇਨ ਦੇ ਅਨੁਸਾਰ, ਰੂਸੀ ਸਮੁੰਦਰੀ ਫੌਜ ਨੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਸਮੁੰਦਰੀ ਸੁਰੱਖਿਆ ਲਈ ਵਰਤੇ ਜਾਣ ਵਾਲੇ ਇੱਕ ਅੰਤਰਰਾਸ਼ਟਰੀ ਸੰਚਾਰ ਚੈਨਲ ਦੀ ਵਰਤੋਂ ਕੀਤੀ ਸੀ।

ਯੂਕਰੇਨੀ ਗਾਰਡਾਂ ਨੂੰ ਚਿਤਾਵਨੀ ਦਿੱਤੀ ਗਈ, "ਤੁਹਾਡੇ ਬਚਣ ਦੀ ਸੰਭਾਵਨਾ ਜ਼ੀਰੋ ਹੈ। ਆਪਣੇ ਬੱਚਿਆਂ, ਆਪਣੇ ਅਜ਼ੀਜ਼ਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਹਾਡੀ ਲੋੜ ਹੈ ਅਤੇ ਉਹ ਤੁਹਾਨੂੰ ਪਿਆਰ ਕਰਦੇ ਹਨ, ਉਹ ਘਰ ਵਿੱਚ ਤੁਹਾਡੇ ਜਿਉਂਦੇ ਹੋਣ ਅਤੇ ਸੁਰੱਖਿਅਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ।"

ਸੋਸ਼ਲ ਮੀਡੀਆ ਪ੍ਰਤੀਕਰਮ

ਆਡੀਓ ਜਾਰੀ ਹੋਣ ਤੋਂ ਬਾਅਦ, ਦੂਰ ਦੁਰਾਡੇ ਸਥਿਤ ਬਲੈਕ ਸੀ ਟਾਪੂ ਸੋਸ਼ਲ ਮੀਡੀਆ 'ਤੇ ਇੱਕ ਪ੍ਰਮੁੱਖ ਵਿਸ਼ਾ ਬਣ ਗਿਆ ਹੈ, ਕੁਝ ਲੋਕਾਂ ਨੇ ਯੂਕਰੇਨ ਦੇ ਨਾਲ ਇੱਕਜੁਟਤਾ ਵਿੱਚ ਆਪਣੇ ਪ੍ਰੋਫਾਈਲਾਂ 'ਤੇ ਯੂਕਰੇਨੀ ਗਾਰਡਾਂ ਵੱਲੋਂ ਕਹੇ ਗਏ ਆਖਰੀ ਅਪਸ਼ਬਦਾਂ ਨੂੰ ਪੋਸਟ ਕੀਤਾ ਹੈ।

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਸਨੇਕ ਆਈਲੈਂਡ ਦੇ ਗਾਰਡਾਂ ਨੇ ਆਪਣੀ ਪੋਸਟ ਦਾ ਉਦੋਂ ਤੱਕ ਬਚਾਅ ਕੀਤਾ, ਜਦੋਂ ਤੱਕ ਉਹ ਕਰ ਸਕਦੇ ਸਨ।

ਇਸ ਘਟਨਾ ਨਾਲ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਐਲਾਨੀ ਫੌਜੀ ਕਾਰਵਾਈ ਦੇ ਟੀਚਿਆਂ 'ਤੇ ਆਲੋਚਨਾ ਸ਼ੁਰੂ ਹੋ ਗਈ ਹੈ।

ਰੂਸ ਦੇ ਉੱਘੇ ਪੱਤਰਕਾਰਾਂ ਵਿੱਚੋਂ ਇੱਕ, ਐਂਡਰੇ ਲੋਸ਼ਾਕ ਨੇ ਪੂਰਬੀ ਯੂਕਰੇਨ ਦੇ ਉਸ ਖੇਤਰ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਹੈ ਜਿੱਥੇ ਰੂਸੀ ਆਗੂ ਦਾ ਦਾਅਵਾ ਹੈ ਕਿ ਨਸਲੀ ਰੂਸੀਆਂ ਨੂੰ ਸਤਾਇਆ ਜਾਂਦਾ ਹੈ। ਉਨ੍ਹਾਂ ਨੇ ਪੁੱਛਿਆ ਹੈ, "ਸਨੇਕ ਆਈਲੈਂਡ ਦੇ ਸਰਹੱਦੀ ਗਾਰਡਾਂ ਨੇ ਡੋਨਬਾਸ ਦੀ ਸੁਰੱਖਿਆ ਨੂੰ ਕਿਵੇਂ ਖਤਰੇ ਵਿੱਚ ਪਾਇਆ?"

ਰੋਮਾਨੀਆ ਨਾਲ ਵਿਵਾਦ

ਸਨੇਕ ਆਈਲੈਂਡ ਡੈਨਿਊਬ ਡੈਲਟਾ ਤੋਂ ਬਹੁਤ ਦੂਰ ਸਥਿਤ ਹੈ, ਜੋ ਤੇਲ ਅਤੇ ਗੈਸ ਦੇ ਭੰਡਾਰਾਂ ਨਾਲ ਭਰਪੂਰ ਖੇਤਰ ਹੈ।

ਇਹ ਯੂਕਰੇਨੀ ਸ਼ਹਿਰ ਵਿਲਕੋਵੋ ਦੇ ਨੇੜੇ ਹੈ, ਪਰ ਰੋਮਾਨੀਆ ਵਿੱਚ ਸੁਲੀਨਾ ਤੋਂ ਬਰਾਬਰ ਦੂਰੀ 'ਤੇ ਹੈ।

ਆਕਾਰ ਵਿੱਚ ਸਿਰਫ਼ 0.2 ਕਿਲੋਮੀਟਰ ਵਰਗ ਦੇ ਇਸ ਟਾਪੂ 'ਤੇ ਸਰਹੱਦੀ ਗਾਰਡ ਰਹਿੰਦੇ ਸਨ।

2009 ਵਿੱਚ, ਸਨੇਕ ਟਾਪੂ ਰੋਮਾਨੀਆ ਅਤੇ ਯੂਕਰੇਨ ਦੇ ਵਿਚਕਾਰ ਇੱਕ ਸਮੁੰਦਰੀ ਸਰਹੱਦੀ ਵਿਵਾਦ ਦਾ ਕੇਂਦਰ ਬਿੰਦੂ ਸੀ - ਜਿਸ ਨੂੰ ਦੋਵਾਂ ਧਿਰਾਂ ਨੇ ਹੇਗ ਵਿੱਚ ਅੰਤਰਰਾਸ਼ਟਰੀ ਅਦਾਲਤ ਵਿੱਚ ਜਾਣ ਤੋਂ ਬਾਅਦ ਸੁਲਝਾ ਲਿਆ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)