ਮਿਆਂਮਾਰ 'ਚ ਫੌਜੀ ਤਖ਼ਤਾਪਲਟ ਮਗਰੋਂ ਲੋਕਾਂ ਤੇ ਫੌਜ ਵਿਚਾਲੇ ਟਕਰਾਅ ਇੰਝ ਹਿੰਸਕ ਹੋਇਆ

    • ਲੇਖਕ, ਸੋ ਵਿਨ, ਕੋ ਕੋ ਆਂਗ ਅਤੇ ਨਾਸੋਸ ਸਟਾੲਲਿਆਨੋ
    • ਰੋਲ, ਬੀਬੀਸੀ ਬਰਮੀਜ਼ ਅਤੇ ਬੀਬੀਸੀ ਡੇਟਾ ਪੱਤਰਕਾਰੀ

ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਿਆਂਮਾਰ ਆਪਣੀ ਫੌਜ ਅਤੇ ਹਥਿਆਰਬੰਦ ਨਾਗਰਿਕਾਂ ਦੇ ਸੰਗਠਿਤ ਸਮੂਹਾਂ ਵਿਚਕਾਰ ਵਧਦੀਆਂ ਘਾਤਕ ਲੜਾਈਆਂ ਨਾਲ ਜੂਝ ਰਿਹਾ ਹੈ।

ਫੌਜ ਨਾਲ ਲੜਨ ਵਾਲੇ ਬਹੁਤ ਸਾਰੇ ਨੌਜਵਾਨ ਹਨ ਜਿਨ੍ਹਾਂ ਨੇ ਇੱਕ ਸਾਲ ਪਹਿਲਾਂ ਫੌਜ ਦੁਆਰਾ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਆਪਣੀਆਂ ਜਾਨਾਂ ਨੂੰ ਤਾਕ 'ਤੇ ਰੱਖ ਦਿੱਤਾ ਹੈ।

ਹਿੰਸਾ ਦੀ ਤੀਬਰਤਾ ਅਤੇ ਵਿਸਥਾਰ ਅਤੇ ਵਿਰੋਧੀ ਹਮਲਿਆਂ ਦਾ ਤਾਲਮੇਲ ਇੱਕ ਵਿਦਰੋਹ ਤੋਂ ਗ੍ਰਹਿ ਯੁੱਧ ਵਿੱਚ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ।

ਸੰਘਰਸ਼ ਨਿਗਰਾਨੀ ਸਮੂਹ ਐਕਲੇਡ (Acled) (ਆਰਮਡ ਕਨਫਲਿਕਟ ਲੋਕੇਸ਼ਨ ਐਂਡ ਈਵੈਂਟ ਡੇਟਾ ਪ੍ਰਾਜੈਕਟ) ਦੇ ਅੰਕੜਿਆਂ ਅਨੁਸਾਰ ਹਿੰਸਾ ਹੁਣ ਦੇਸ਼ ਭਰ ਵਿੱਚ ਫੈਲੀ ਹੋਈ ਹੈ।

ਜ਼ਮੀਨੀ ਪੱਧਰ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਲੜਾਈ ਤੇਜ਼ੀ ਨਾਲ ਇਕਸੁਰ ਹੋ ਗਈ ਹੈ ਅਤੇ ਇਹ ਸ਼ਹਿਰੀ ਕੇਂਦਰਾਂ ਤੱਕ ਪਹੁੰਚ ਗਈ ਹੈ ਜਿੱਥੇ ਪਹਿਲਾਂ ਫੌਜ ਨੇ ਹਥਿਆਰਬੰਦ ਵਿਰੋਧ ਨਹੀਂ ਦੇਖਿਆ ਸੀ।

ਹਾਲਾਂਕਿ, ਮੌਤਾਂ ਦੀ ਸਟੀਕ ਗਿਣਤੀ ਦੀ ਪੁਸ਼ਟੀ ਕਰਨਾ ਮੁਸ਼ਕਿਲ ਹੈ।

ਪਰ ਸਥਾਨਕ ਮੀਡੀਆ ਅਤੇ ਹੋਰ ਰਿਪੋਰਟਾਂ 'ਤੇ ਆਪਣੇ ਅੰਕੜਿਆਂ ਨੂੰ ਆਧਾਰ ਬਣਾਉਂਦੇ ਹੋਏ ਐਕਲੇਡ ਨੇ 1 ਫਰਵਰੀ 2021 ਨੂੰ ਫੌਜ ਦੁਆਰਾ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਰਾਜਨੀਤਿਕ ਹਿੰਸਾ ਵਿੱਚ ਲਗਭਗ 12,000 ਮੌਤਾਂ ਦਾ ਖੁਲਾਸਾ ਕੀਤਾ ਹੈ।

ਅਗਸਤ ਤੋਂ ਹਰ ਮਹੀਨੇ ਝੜਪਾਂ ਵਿੱਚ ਘਾਤਕ ਵਾਧਾ ਹੋਇਆ ਹੈ। ਤਖ਼ਤਾਪਲਟ ਦੇ ਤੁਰੰਤ ਬਾਅਦ ਜ਼ਿਆਦਾਤਰ ਨਾਗਰਿਕਾਂ ਦੀ ਮੌਤ ਹੋ ਗਈ ਕਿਉਂਕਿ ਸੁਰੱਖਿਆ ਬਲਾਂ ਨੇ ਦੇਸ਼ ਵਿਆਪੀ ਪ੍ਰਦਰਸ਼ਨਾਂ 'ਤੇ ਕਾਰਵਾਈ ਕੀਤੀ।

ਐਕਲੇਡ ਦੇ ਅੰਕੜੇ ਦਿਖਾਉਂਦੇ ਹਨ ਕਿ ਹੁਣ ਵਧ ਰਹੀਆਂ ਮੌਤਾਂ ਦੀ ਗਿਣਤੀ ਦਾ ਕਾਰਨ ਲੜਾਈ ਹੈ ਕਿਉਂਕਿ ਹੁਣ ਨਾਗਰਿਕਾਂ ਨੇ ਹਥਿਆਰ ਚੁੱਕ ਲਏ ਹਨ।

ਇਹ ਵੀ ਪੜ੍ਹੋ:-

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੀ ਮੁਖੀ ਮਿਸ਼ੇਲ ਬਾਚੇਲੇਟ ਨੇ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਸਹਿਮਤੀ ਪ੍ਰਗਟਾਈ ਕਿ ਮਿਆਂਮਾਰ (ਬਰਮਾ) ਵਿੱਚ ਸੰਘਰਸ਼ ਨੂੰ ਹੁਣ ਗ੍ਰਹਿ ਯੁੱਧ ਕਰਾਰ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਲੋਕਤੰਤਰ ਦੀ ਬਹਾਲੀ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਫੌਜ 'ਤੇ ਦਬਾਅ ਬਣਾਉਣ ਲਈ "ਮਜ਼ਬੂਤ ਕਾਰਵਾਈ" ਕਰਨ ਦੀ ਤਾਕੀਦ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਪ੍ਰਤੀ ਅੰਤਰਰਾਸ਼ਟਰੀ ਪ੍ਰਤੀਕਿਰਿਆ ਵਿੱਚ "ਤੁਰੰਤ ਪ੍ਰਤੀਕਿਰਿਆ ਦੀ ਘਾਟ" ਸੀ। ਸਥਿਤੀ ਨੂੰ "ਵਿਨਾਸ਼ਕਾਰੀ" ਦੱਸਦਿਆਂ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸੰਘਰਸ਼ ਹੁਣ ਖੇਤਰੀ ਸਥਿਰਤਾ ਲਈ ਖ਼ਤਰਾ ਹੈ।

ਸਰਕਾਰੀ ਬਲਾਂ ਨਾਲ ਲੜਨ ਵਾਲੇ ਸਮੂਹਾਂ ਨੂੰ ਸਮੂਹਿਕ ਤੌਰ 'ਤੇ ਪੀਪਲਜ਼ ਡਿਫੈਂਸ ਫੋਰਸ (PDF) ਵਜੋਂ ਜਾਣਿਆ ਜਾਂਦਾ ਹੈ। ਇਹ ਨਾਗਰਿਕ ਮਿਲੀਸ਼ੀਆ ਸਮੂਹਾਂ ਦਾ ਸੰਗਠਿਤ ਨੈੱਟਵਰਕ ਹੈ ਜੋ ਜ਼ਿਆਦਾਤਰ ਨੌਜਵਾਨ ਬਾਲਗਾਂ ਦਾ ਬਣਿਆ ਹੋਇਆ ਹੈ।

ਅਠਾਰਾਂ ਸਾਲਾਂ ਦੀ ਹੇਰਾ (ਬਦਲਿਆ ਹੋਇਆ ਨਾਂ) ਨੇ ਹਾਲ ਹੀ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸੀ, ਪਰ ਉਹ ਤਖ਼ਤਾ ਪਲਟ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਗਈ।

ਉਸ ਨੇ ਕੇਂਦਰੀ ਮਿਆਂਮਾਰ ਵਿੱਚ ਪੀਡੀਐੱਫ ਪਲਟੂਨ ਕਮਾਂਡਰ ਬਣਨ ਲਈ ਆਪਣੀਆਂ ਯੂਨੀਵਰਸਿਟੀ ਪੜ੍ਹਨ ਦੀਆਂ ਯੋਜਨਾਵਾਂ ਨੂੰ ਫਿਲਹਾਲ ਅੱਗੇ ਪਾ ਦਿੱਤਾ ਹੈ।

ਉਹ ਦੱਸਦੀ ਹੈ ਕਿ ਫਰਵਰੀ 2021 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਗੋਲੀ ਨਾਲ ਮਾਰੇ ਗਏ ਵਿਦਿਆਰਥੀ ਮਾਈ ਥਵੇਥਵੇ ਖਿੰਗ ਦੀ ਮੌਤ ਤੋਂ ਬਾਅਦ ਉਹ ਪੀਡੀਐੱਫ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਈ ਸੀ।

ਜਦੋਂ ਹੇਰਾ ਨੇ ਪੀਡੀਐੱਫ ਲੜਾਈ ਸਿਖਲਾਈ ਕੋਰਸ ਸ਼ੁਰੂ ਕੀਤਾ ਤਾਂ ਉਸ ਦੇ ਮਾਤਾ-ਪਿਤਾ ਚਿੰਤਤ ਸਨ, ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਪ੍ਰਤੀ ਗੰਭੀਰ ਹੈ ਤਾਂ ਉਨ੍ਹਾਂ ਨੂੰ ਮੰਨਣਾ ਪਿਆ।

"ਉਨ੍ਹਾਂ ਨੇ ਮੈਨੂੰ ਕਿਹਾ, "ਜੇ ਤੂੰ ਸੱਚਮੁੱਚ ਇਹ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਅੰਤ ਤੱਕ ਕਰੀਂ। ਅੱਧ ਵਿਚਾਲੇ ਹਾਰ ਨਾ ਮੰਨੀ।''

ਇਸ ਲਈ ਮੈਂ ਆਪਣੇ ਟ੍ਰੇਨਰ ਨਾਲ ਗੱਲ ਕੀਤੀ ਅਤੇ ਸਿਖਲਾਈ ਤੋਂ ਪੰਜ ਦਿਨਾਂ ਬਾਅਦ ਪੂਰੀ ਤਰ੍ਹਾਂ ਨਾਲ ਇਸ ਵਿੱਚ ਸ਼ਾਮਲ ਹੋ ਗਈ।

ਤਖ਼ਤਾ ਪਲਟ ਤੋਂ ਪਹਿਲਾਂ, ਹੇਰਾ ਵਰਗੇ ਲੋਕ ਲੋਕਤੰਤਰ ਦਾ ਆਨੰਦ ਮਾਣਦੇ ਹੋਏ ਵੱਡੇ ਹੋਏ ਹਨ। ਉਹ ਫੌਜੀ ਕਬਜ਼ੇ ਦਾ ਬਹੁਤ ਵਿਰੋਧ ਕਰਦੇ ਹਨ।

ਉਨ੍ਹਾਂ ਨੂੰ ਸਰਹੱਦੀ ਖੇਤਰਾਂ ਵਿੱਚ ਹੋਰ ਨਸਲੀ ਰੂਪ ਨਾਲ ਸੰਚਾਲਿਤ ਮਿਲੀਸ਼ੀਆ ਵੱਲੋਂ ਅਜਿਹੇ ਨੌਜਵਾਨਾਂ ਦਾ ਸਮਰਥਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਮਿਲੀਸ਼ੀਆ ਦਹਾਕਿਆਂ ਤੋਂ ਮਿਲਟਰੀ ਨਾਲ ਲੜ ਰਹੇ ਹਨ।

ਮਿਆਂਮਾਰ ਵਿੱਚ ਗ੍ਰਹਿ ਯੁੱਧ - ਡੇਟਾ ਕਿਵੇਂ ਇਕੱਤਰ ਕੀਤਾ ਗਿਆ

ਬੀਬੀਸੀ ਨੇ ਗੈਰ-ਲਾਭਕਾਰੀ ਸੰਸਥਾ ਐਕਲੇਡ ਦੇ ਅੰਕੜਿਆਂ ਦੀ ਵਰਤੋਂ ਕੀਤੀ, ਜੋ ਦੁਨੀਆ ਭਰ ਵਿੱਚ ਰਾਜਨੀਤਿਕ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ 'ਤੇ ਡੇਟਾ ਇਕੱਤਰ ਕਰਦਾ ਹੈ।

ਇਹ ਅਖ਼ਬਾਰੀ ਰਿਪੋਰਟਾਂ, ਨਾਗਰਿਕ ਸਮਾਜ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਪ੍ਰਕਾਸ਼ਨਾਂ, ਸਥਾਨਕ ਅਤੇ ਅੰਤਰਰਾਸ਼ਟਰੀ ਸੰਗਠਨਾਂ ਤੋਂ ਸੁਰੱਖਿਆ ਅਪਡੇਟਾਂ 'ਤੇ ਆਧਾਰਿਤ ਹੈ।

ਜਦਕਿ ਐਕਲੇਡ ਸੁਤੰਤਰ ਤੌਰ 'ਤੇ ਹਰੇਕ ਖ਼ਬਰ ਦੀ ਰਿਪੋਰਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਉਹ ਕਹਿੰਦਾ ਹੈ ਕਿ ਘਟਨਾਵਾਂ ਅਤੇ ਮੌਤ ਦੇ ਅਨੁਮਾਨਾਂ ਬਾਰੇ ਨਵੀਂ ਜਾਣਕਾਰੀ ਉਪਲੱਬਧ ਹੋਣ ਕਾਰਨ ਇਸ ਦੇ ਡੇਟਾ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ।

ਇੱਕ ਸੰਘਰਸ਼ ਖੇਤਰ ਵਿੱਚ ਸਾਰੀਆਂ ਪ੍ਰਸੰਗਿਕ ਘਟਨਾਵਾਂ ਨੂੰ ਕੈਪਚਰ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ, ਜਿੱਥੇ ਰਿਪੋਰਟਾਂ ਅਕਸਰ ਪੱਖਪਾਤੀ ਜਾਂ ਅਧੂਰੀਆਂ ਹੋ ਸਕਦੀਆਂ ਹਨ।

ਇਸ ਦੇ ਨਾਲ ਹੀ ਐਕਲੇਡ ਦੀ ਨੀਤੀ ਰਿਪੋਰਟ ਕੀਤੇ ਗਏ ਸਭ ਤੋਂ ਘੱਟ ਅਨੁਮਾਨਾਂ ਨੂੰ ਰਿਕਾਰਡ ਕਰਨ ਦੀ ਹੈ।

ਹਾਲਾਂਕਿ, ਘਟਨਾਵਾਂ ਦੀ ਪੂਰੀ ਤਰ੍ਹਾਂ ਸਹੀ ਤਸਵੀਰ ਪ੍ਰਾਪਤ ਕਰਨਾ ਅਸੰਭਵ ਹੈ ਕਿਉਂਕਿ ਦੋਵੇਂ ਧਿਰਾਂ ਭਿਆਨਕ ਪ੍ਰਚਾਰ ਯੁੱਧ ਵਿੱਚ ਸ਼ਾਮਲ ਹਨ।

ਪੱਤਰਕਾਰਾਂ ਦੀ ਰਿਪੋਰਟਿੰਗ 'ਤੇ ਵੀ ਕਾਫ਼ੀ ਤਰ੍ਹਾਂ ਦੀਆਂ ਪਾਬੰਦੀਆਂ ਹਨ।

ਬੀਬੀਸੀ ਦੀ ਬਰਮੀ ਸੇਵਾ ਨੇ ਮਈ ਤੋਂ ਜੂਨ 2021 ਤੱਕ ਮਿਆਂਮਾਰ ਦੀ ਫੌਜ ਅਤੇ ਪੀਡੀਐੱਫ ਵਿਚਕਾਰ ਝੜਪਾਂ ਕਾਰਨ ਹੋਈਆਂ ਮੌਤਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ। ਇਹ ਐਕਲੇਡ ਦੇ ਡੇਟਾ ਵਿੱਚ ਰੁਝਾਨਾਂ ਨਾਲ ਮੇਲ ਖਾਂਦੀ ਸੀ।

ਪੀਡੀਐੱਫ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਤੋਂ ਬਣਿਆ ਹੋਇਆ ਸੰਗਠਨ ਹੈ।

ਇਸ ਵਿੱਚ ਕਿਸਾਨ, ਘਰੇਲੂ ਔਰਤਾਂ, ਡਾਕਟਰ ਅਤੇ ਇੰਜੀਨੀਅਰ ਸ਼ਾਮਲ ਹਨ। ਉਹ ਸਾਰੇ ਫੌਜੀ ਸ਼ਾਸਨ ਨੂੰ ਉਖਾੜ ਸੁੱਟਣ ਦੇ ਇਰਾਦੇ ਨਾਲ ਇਕਜੁੱਟ ਹਨ।

ਦੇਸ਼ ਭਰ ਵਿੱਚ ਇਕਾਈਆਂ ਹਨ, ਪਰ ਇਹ ਮਹੱਤਵਪੂਰਨ ਹੈ ਕਿ ਕੇਂਦਰੀ ਮੈਦਾਨੀ ਇਲਾਕਿਆਂ ਅਤੇ ਸ਼ਹਿਰਾਂ ਵਿੱਚ ਬਹੁਗਿਣਤੀ ਬਾਮਰ ਨਸਲ ਦੇ ਨੌਜਵਾਨ ਦੂਜੀਆਂ ਨਸਲਾਂ ਦੇ ਨੌਜਵਾਨਾਂ ਨਾਲ ਮਿਲ ਕੇ ਫੌਜਾਂ ਵਿੱਚ ਸ਼ਾਮਲ ਹੋਣ ਦੀ ਅਗਵਾਈ ਕਰ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਿਆਂਮਾਰ ਦੇ ਹਾਲੀਆ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਹਥਿਆਰਬੰਦ ਬਲਾਂ ਨੂੰ ਨੌਜਵਾਨਾਂ ਦੇ ਹਿੰਸਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

ਬਾਚੇਲੇਟ ਨੇ ਬੀਬੀਸੀ ਨੂੰ ਦੱਸਿਆ, "ਬਹੁਤ ਸਾਰੇ ਨਾਗਰਿਕ ਇਨ੍ਹਾਂ ਮਿਲੀਸ਼ੀਆ ਵਿੱਚ ਚਲੇ ਗਏ ਹਨ ਜਾਂ ਇਨ੍ਹਾਂ ਅਖੌਤੀ ਲੋਕਾਂ ਦੇ ਰੱਖਿਆ ਬਲ ਬਣਾਏ ਹਨ।"

"ਇਸ ਲਈ ਮੈਂ ਲੰਬੇ ਸਮੇਂ ਤੋਂ ਕਹਿ ਰਹੀ ਹਾਂ ਕਿ ਜੇ ਅਸੀਂ ਇਸ ਬਾਰੇ ਹੋਰ ਦ੍ਰਿੜਤਾ ਨਾਲ ਕੁਝ ਨਹੀਂ ਕਰ ਸਕੇ ਤਾਂ ਇਹ ਸੀਰੀਆ ਦੀ ਸਥਿਤੀ ਵਰਗਾ ਹੋ ਜਾਵੇਗਾ।"

ਕੇਂਦਰੀ ਮਿਆਂਮਾਰ ਵਿੱਚ ਸਾਗਿੰਗ ਖੇਤਰ ਵਿੱਚ ਕਈ ਪੀਡੀਐੱਫ ਯੂਨਿਟਾਂ ਨੂੰ ਨਿਯੰਤਰਿਤ ਕਰਨ ਵਾਲੇ ਇੱਕ ਸਾਬਕਾ ਵਪਾਰੀ ਨਾਗਰ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਬਰਾਬਰ ਦੀ ਲੜਾਈ ਨਹੀਂ ਹੈ।

ਪੀਡੀਐੱਫ ਦੀ ਸ਼ੁਰੂਆਤ ਸਿਰਫ਼ ਗੁਲੇਲ ਨਾਲ ਹੋਈ ਸੀ, ਹਾਲਾਂਕਿ ਹੁਣ ਉਨ੍ਹਾਂ ਨੇ ਆਪਣੇ ਖੁਦ ਦੇ ਮਸਕਟ ਅਤੇ ਬੰਬ ਬਣਾਏ ਹਨ।

ਭਾਰੀ ਹਥਿਆਰਾਂ ਨਾਲ ਲੈਸ ਫੌਜ ਕੋਲ ਏਰੀਅਲ ਫਾਇਰਪਾਵਰ ਹੈ। ਜਿਸ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਅਕਸਰ ਵਰਤਿਆ ਗਿਆ।

ਇਹ ਰੂਸ ਅਤੇ ਚੀਨ ਸਮੇਤ ਜੁੰਟਾ ਦੇ ਖੁੱਲ੍ਹੇ ਤੌਰ 'ਤੇ ਸਮਰਥਨ ਕਰਨ ਵਾਲੇ ਦੇਸ਼ਾਂ ਤੋਂ ਹਥਿਆਰਾਂ ਦੀ ਖਰੀਦ ਕਰ ਸਕਦਾ ਹੈ।

ਮਿਆਂਮਾਰ ਦੇ ਇੱਕ ਗਵਾਹ ਵੱਲੋਂ ਬੀਬੀਸੀ ਨਾਲ ਗੱਲ ਸਾਂਝੀ ਕੀਤੀ ਗਈ।

ਉਸ ਨੇ ਪੁਸ਼ਟੀ ਕੀਤੀ ਕਿ ਕੁਝ ਹਫ਼ਤੇ ਪਹਿਲਾਂ ਯਾਂਗੋਨ ਵਿੱਚ ਰੂਸੀ ਬਖਤਰਬੰਦ ਵਾਹਨਾਂ ਨੂੰ ਉਤਾਰਿਆ ਗਿਆ ਸੀ।

ਪਰ ਪੀਡੀਐੱਫ ਦੀ ਤਾਕਤ ਸਥਾਨਕ ਭਾਈਚਾਰਿਆਂ ਵਿੱਚ ਜ਼ਮੀਨੀ ਪੱਧਰ 'ਤੇ ਇਸ ਦਾ ਸਮਰਥਨ ਹੈ।

ਜ਼ਮੀਨੀ ਪੱਧਰ 'ਤੇ ਵਿਰੋਧ ਦੇ ਤੌਰ 'ਤੇ ਜੋ ਸ਼ੁਰੂ ਹੋਇਆ ਸੀ, ਉਹ ਵਧੇਰੇ ਸੰਗਠਿਤ, ਦਲੇਰ ਅਤੇ ਯੁੱਧ-ਅਨੁਕੂਲਿਤ ਹੋ ਗਿਆ ਹੈ।

ਵੀਡੀਓ - ਮਿਆਂਮਾਰ ਦੀ ਫੌਜ ਖਿਲਾਫ਼ ਲੋਕ ਗਦਰ ਦੀ ਫੁਟੇਜ (ਇਹ ਵੀਡੀਓ ਮਈ 2021 ਦਾ ਹੈ)

ਜਲਾਵਤਨ ਰਾਸ਼ਟਰੀ ਏਕਤਾ ਸਰਕਾਰ (NUG) ਨੇ ਕੁਝ ਪੀਡੀਐੱਫ ਯੂਨਿਟਾਂ ਨੂੰ ਸਥਾਪਤ ਕਰਨ ਅਤੇ ਅਗਵਾਈ ਕਰਨ ਵਿੱਚ ਮਦਦ ਕੀਤੀ ਹੈ।

ਗ਼ੈਰ-ਰਸਮੀ ਤੌਰ 'ਤੇ ਉਹ ਦੂਜਿਆਂ ਨਾਲ ਸੰਪਰਕ ਵਿੱਚ ਰਹਿੰਦੀ ਹੈ।

ਪੀਡੀਐੱਫ ਨੇ ਪੁਲਿਸ ਸਟੇਸ਼ਨ ਅਤੇ ਘੱਟ ਸਟਾਫ਼ ਵਾਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਉਨ੍ਹਾਂ ਨੇ ਹਥਿਆਰ ਜ਼ਬਤ ਕਰ ਲਏ ਹਨ ਅਤੇ ਟੈਲੀਕਾਮ ਟਾਵਰਾਂ ਅਤੇ ਬੈਂਕਾਂ ਸਮੇਤ ਜੁੰਟਾ ਦੀ ਮਲਕੀਅਤ ਵਾਲੇ ਕਾਰੋਬਾਰਾਂ 'ਤੇ ਬੰਬਾਰੀ ਕੀਤੀ ਹੈ।

ਨਾਗਰ ਦਾ ਕਹਿਣਾ ਹੈ ਕਿ ਪੀਡੀਐੱਫ ਕੋਲ ਦੇਸ਼ ਦੇ ਭਵਿੱਖ ਨੂੰ ਖੁਦ ਸੰਵਾਰਨ ਤੋਂ ਬਿਨਾਂ ਕੋਈ ਵਿਕਲਪ ਨਹੀਂ ਹੈ।

"ਮੈਨੂੰ ਲੱਗਦਾ ਹੈ ਕਿ ਅੱਜ ਗੋਲਮੇਜ਼ 'ਤੇ ਸਮੱਸਿਆਵਾਂ ਨੂੰ ਹੱਲ ਕਰਨਾ ਸੰਭਵ ਨਹੀਂ ਹੈ। ਦੁਨੀਆ ਸਾਡੇ ਦੇਸ਼ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਲਈ ਮੈਂ ਖੁਦ ਹਥਿਆਰਾਂ ਚੁੱਕਾਂਗਾ।''

ਹੇਰਾ, ਜੋ ਆਪਣੀਆਂ ਵੱਡੀਆਂ ਭੈਣਾਂ ਨਾਲ ਪੀਡੀਐੱਫ ਵਿੱਚ ਸ਼ਾਮਲ ਹੋਈ, ਕਹਿੰਦੀ ਹੈ ਕਿ ਉਨ੍ਹਾਂ ਦਾ ਉਦੇਸ਼ "ਫੌਜੀ ਤਾਨਾਸ਼ਾਹੀ ਨੂੰ ਜੜ੍ਹੋਂ ਪੁੱਟਣਾ" ਹੈ।

"ਫੌਜ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਹੈ। ਉਨ੍ਹਾਂ ਨੇ ਲੋਕਾਂ ਦੀ ਰੋਜ਼ੀ-ਰੋਟੀ ਅਤੇ ਜਾਇਦਾਦ ਨੂੰ ਤਬਾਹ ਕਰ ਦਿੱਤਾ ਹੈ। ਉਹ ਲੋਕਾਂ ਨੂੰ ਡਰਾਉਂਦੇ ਹਨ। ਮੈਂ ਇਸ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕਰ ਸਕਦੀ।"

ਫੌਜ ਦੁਆਰਾ ਆਮ ਨਾਗਰਿਕਾਂ ਦੀ ਹੱਤਿਆ ਦੀਆਂ ਕਈ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਜੁਲਾਈ ਵਿੱਚ ਘੱਟੋ-ਘੱਟ 40 ਮਰਦਾਂ ਦੀ ਮੌਤ ਸ਼ਾਮਲ ਹੈ ਅਤੇ ਦਸੰਬਰ ਵਿੱਚ 35 ਤੋਂ ਵੱਧ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਹੱਤਿਆ ਕੀਤੀ ਗਈ।

ਬੀਬੀਸੀ ਨੇ ਇੱਕ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਹੈ ਜੋ ਦਸੰਬਰ ਵਿੱਚ ਮਰਨ ਦੀ ਐਕਟਿੰਗ ਕਰਕੇ ਫੌਜ ਦੇ ਹਮਲੇ ਵਿੱਚ ਬਚ ਗਿਆ ਸੀ।

ਕੇਂਦਰੀ ਮਿਆਂਮਾਰ ਦੇ ਨਾਗਾਟਵਿਨ ਵਿੱਚ ਫੌਜ ਦੇ ਆਪਣੇ ਪਿੰਡ ਵਿੱਚ ਦਾਖ਼ਲ ਹੋਣ 'ਤੇ ਭੱਜਣ ਵਿੱਚ ਅਸਮਰੱਥ ਰਹੇ ਛੇ ਵਿਅਕਤੀ ਮਾਰੇ ਗਏ ਸਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਤਿੰਨ ਬਜ਼ੁਰਗ ਸਨ ਅਤੇ ਦੋ ਦੀ ਮਾਨਸਿਕ ਸਿਹਤ ਠੀਕ ਨਹੀਂ ਸੀ।

ਬਚੇ ਹੋਏ ਵਿਅਕਤੀ ਨੇ ਦੱਸਿਆ ਕਿ ਜੁੰਟਾ ਦੀਆਂ ਫੌਜਾਂ ਵਿਰੋਧੀ ਲੜਾਕਿਆਂ ਦੀ ਤਲਾਸ਼ ਕਰ ਰਹੀਆਂ ਸਨ।

ਮ੍ਰਿਤਕਾਂ ਵਿੱਚੋਂ ਇੱਕ ਦੀ ਵਿਧਵਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਸਰੀਰ 'ਤੇ ਤਸ਼ੱਦਦ ਦੇ ਨਿਸ਼ਾਨ ਸਨ।

ਉਸ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਨੇ ਇੱਕ ਬਜ਼ੁਰਗ ਆਦਮੀ ਨੂੰ ਮਾਰ ਦਿੱਤਾ ਜੋ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। ਮੈਂ ਇਸ ਨੂੰ ਕਦੇ ਨਹੀਂ ਭੁੱਲਾਂਗੀ। ਜਦੋਂ ਵੀ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਂ ਫੁੱਟ ਫੁੱਟ ਕੇ ਰੋਂਦੀ ਹਾਂ।"

ਫੌਜ ਘੱਟ ਹੀ ਇੰਟਰਵਿਊ ਦਿੰਦੀ ਹੈ, ਪਰ 2021 ਦੇ ਅਖੀਰ ਵਿੱਚ ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਜੁੰਟਾ ਦੇ ਬੁਲਾਰੇ, ਜ਼ੌ ਮਿਨ ਤੁਨ ਨੇ ਪੀਡੀਐੱਫ ਨੂੰ ਅਤਿਵਾਦੀ ਦੱਸਿਆ।

ਉਨ੍ਹਾਂ ਨੇ 'ਅਤਿਵਾਦੀ' ਸ਼ਬਦ ਦੀ ਵਰਤੋਂ ਉਨ੍ਹਾਂ ਵਿਰੁੱਧ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਕੀਤੀ।

ਉਨ੍ਹਾਂ ਨੇ ਕਿਹਾ, ''ਜੇਕਰ ਉਹ ਸਾਡੇ 'ਤੇ ਹਮਲਾ ਕਰਦੇ ਹਨ, ਤਾਂ ਅਸੀਂ ਆਪਣੀਆਂ ਫੌਜਾਂ ਨੂੰ ਜਵਾਬ ਦੇਣ ਦਾ ਆਦੇਸ਼ ਦਿੱਤਾ ਹੈ।"

"ਅਸੀਂ ਸੁਰੱਖਿਆ ਦੇ ਵਾਜਬ ਪੱਧਰ ਨੂੰ ਪ੍ਰਾਪਤ ਕਰਨ ਲਈ ਢੁਕਵੀਂ ਤਾਕਤ ਦੀ ਵਰਤੋਂ ਕਰਕੇ ਦੇਸ਼ ਅਤੇ ਖੇਤਰਾਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''

ਦੋਵਾਂ ਪਾਸਿਆਂ ਦੇ ਲੜਾਕਿਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਅਧਿਕਾਰਤ ਤੌਰ 'ਤੇ ਮਿਆਂਮਾਰ ਦੀ ਫੌਜ ਦੀ ਗਿਣਤੀ ਲਗਭਗ 370,000 ਸੈਨਿਕਾਂ ਦੀ ਹੈ - ਪਰ ਅਸਲ ਵਿੱਚ ਇਹ ਬਹੁਤ ਘੱਟ ਹੋ ਸਕਦੀ ਹੈ।

ਹਾਲ ਹੀ ਦੇ ਸਾਲਾਂ ਵਿੱਚ ਫੌਜ ਵਿੱਚ ਘੱਟ ਭਰਤੀ ਹੋਈ ਹੈ ਅਤੇ ਤਖ਼ਤਾਪਲਟ ਤੋਂ ਬਾਅਦ ਦਲਬਦਲੀ ਵੀ ਹੋਈ ਹੈ। ਇਸੇ ਤਰ੍ਹਾਂ ਪੀਡੀਐੱਫ ਵਿੱਚ ਲੋਕਾਂ ਦੀ ਸੰਖਿਆ ਦਾ ਸਹੀ ਮੁਲਾਂਕਣ ਕਰਨਾ ਮੁਸ਼ਕਿਲ ਹੈ।

ਐੱਨਯੂਜੀ ਦੁਆਰਾ ਬਣਾਈਆਂ ਗਈਆਂ ਇਕਾਈਆਂ ਤੋਂ ਇਲਾਵਾ, ਕੁਝ ਪੀਡੀਐੱਫ ਮੈਂਬਰਾਂ ਨੂੰ ਸਰਹੱਦ 'ਤੇ ਕੰਮ ਕਰ ਰਹੇ ਨਸਲੀ ਹਥਿਆਰਬੰਦ ਸਮੂਹਾਂ ਦੁਆਰਾ ਸਿਖਲਾਈ ਅਤੇ ਪਨਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਹਥਿਆਰਬੰਦ ਵੀ ਕੀਤਾ ਜਾ ਰਿਹਾ ਹੈ।

ਕੁਝ ਸਮੂਹਾਂ ਨੇ ਪਿਛਲੀਆਂ ਸਰਕਾਰਾਂ ਨਾਲ ਜੰਗਬੰਦੀ 'ਤੇ ਦਸਤਖ਼ਤ ਕੀਤੇ ਸਨ, ਉਹ ਜੰਗਬੰਦੀ ਹੁਣ ਟੁੱਟ ਗਈ ਹੈ।

ਪੀਡੀਐੱਫ ਨੇ ਹੁਣ ਜਨਤਕ ਤੌਰ 'ਤੇ ਨਸਲੀ ਮਿਲੀਸ਼ੀਆ ਤੋਂ ਪਹਿਲਾਂ ਫੌਜੀ ਪ੍ਰਚਾਰ 'ਤੇ ਵਿਸ਼ਵਾਸ ਕਰਨ ਬਾਰੇ ਮੁਆਫ਼ੀ ਮੰਗੀ ਹੈ ਕਿ ਸਮੂਹ ਦੇਸ਼ ਨੂੰ ਖ਼ਤਮ ਕਰਨਾ ਚਾਹੁੰਦੇ ਸਨ।

ਪੀਡੀਐੱਫ ਹੁਣ ਸਰਬਸੰਮਤੀ ਨਾਲ ਭਵਿੱਖ ਦੇ ਸੰਘੀ ਰਾਜ ਦੀ ਮੰਗ ਕਰ ਰਿਹਾ ਹੈ ਜਿਸ ਵਿੱਚ ਸਾਰਿਆਂ ਨੂੰ ਬਰਾਬਰ ਅਧਿਕਾਰ ਹੋਣਗੇ।

ਇੱਕ ਨੰਨ, ਜਿਸ ਨੇ ਮਾਰਚ 2021 ਵਿੱਚ ਫੌਜੀ ਤਖ਼ਤਾਪਲਟ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਦੀ ਰੱਖਿਆ ਲਈ ਇੱਕ ਪੁਲਿਸ ਫਰੰਟਲਾਈਨ ਦੇ ਸਾਹਮਣੇ ਗੋਡੇ ਟੇਕ ਦਿੱਤੇ

ਨੰਨ ਨੇ ਬੀਬੀਸੀ ਨੂੰ ਦੱਸਿਆ ਕਿ ਸੱਤਾ ਸੰਭਾਲਣ ਤੋਂ ਬਾਅਦ ਰਾਜਨੀਤਿਕ ਉਥਲ-ਪੁਥਲ ਨੇ ਜਨਤਾ ਦੇ ਜੀਵਨ 'ਤੇ ਬੁਰਾ ਪ੍ਰਭਾਵ ਪਾਇਆ ਹੈ।

ਮਾਰਚ 2021 ਵਿੱਚ ਪੁਲਿਸ ਅੱਗੇ ਗੋਡੇ ਟੇਕਦੀ ਹੋਈ ਸਿਸਟਰ ਐਨ ਰੋਜ਼ ਨੂ ਤੌਂਗ ਨੇ ਕਿਹਾ "ਬੱਚੇ ਸਕੂਲ ਨਹੀਂ ਜਾ ਸਕਦੇ। ਸਿੱਖਿਆ, ਸਿਹਤ, ਸਮਾਜਿਕ ਅਤੇ ਆਰਥਿਕ ਅਤੇ ਰੋਜ਼ੀ-ਰੋਟੀ-ਸਭ ਕੁਝ ਪੱਛੜ ਗਿਆ ਹੈ।"

"ਕਈਆਂ ਨੇ ਆਪਣੇ ਬੱਚਿਆਂ ਦਾ ਇਸ ਲਈ ਗਰਭਪਾਤ ਕਰਵਾ ਦਿੱਤਾ ਕਿਉਂਕਿ ਉਹ ਮਾੜੀ ਆਰਥਿਕਤਾ ਕਾਰਨ ਉਨ੍ਹਾਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦੇ ਸਨ। ਮਾਪੇ ਰੋਜ਼ੀ-ਰੋਟੀ ਦੀਆਂ ਮੁਸ਼ਕਿਲਾਂ ਕਾਰਨ ਆਪਣੇ ਬੱਚਿਆਂ ਦਾ ਸਹੀ ਮਾਰਗਦਰਸ਼ਨ ਨਹੀਂ ਕਰ ਸਕਦੇ।"

ਪਰ ਨੰਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੌਜਵਾਨਾਂ ਦੀ ਪ੍ਰਸ਼ੰਸਾ ਕਰਦੀ ਹੈ ਜੋ ਲੜਾਈ ਵਿੱਚ ਸ਼ਾਮਲ ਹੋਏ ਹਨ।

"ਉਹ ਬਹਾਦਰ ਹਨ। ਉਹ ਲੋਕਤੰਤਰ ਦੀ ਪ੍ਰਾਪਤੀ ਲਈ, ਦੇਸ਼ ਦੀ ਭਲਾਈ ਲਈ, ਸ਼ਾਂਤੀ ਪ੍ਰਾਪਤ ਕਰਨ ਅਤੇ ਇਸ ਦੇਸ਼ ਨੂੰ ਫੌਜੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕਰ ਰਹੇ। ਮੈਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੀ ਹਾਂ, ਮੈਨੂੰ ਉਨ੍ਹਾਂ 'ਤੇ ਮਾਣ ਹੈ ਅਤੇ ਮੈਂ ਉਨ੍ਹਾਂ ਦਾ ਸਨਮਾਨ ਕਰਦੀ ਹਾਂ।''

ਐਡੀਸ਼ਨਲ ਰਿਪੋਰਟਿੰਗ: ਰੇਬੇਕਾ ਹੇਨਸਕੇ ਅਤੇ ਬੇਕੀ ਡੇਲ

ਡਿਜ਼ਾਇਨ: ਜਾਨਾ ਟੌਚਿੰਸਕੀ

ਇਹ ਵੀ ਪੜ੍ਹੋ:-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)