ਓਮੀਕਰੋਨ: ਟੀਕਾ ਲੱਗਣ ਦੇ ਬਾਵਜੂਦ ਲੋਕਾਂ ਨੂੰ ਕਿਉਂ ਹੋ ਰਿਹਾ ਹੈ ਕੋਰੋਨਾ

ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਫਿਰ ਤੋਂ ਇਜ਼ਾਫਾ ਹੋ ਰਿਹਾ ਹੈ।

ਅਮਰੀਕਾ, ਫਰਾਂਸ, ਇੰਗਲੈਂਡ,ਅਰਜਨਟੀਨਾ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਵਿੱਚ ਨਵੇਂ ਕੇਸਾਂ ਦੇ ਰਿਕਾਰਡ ਟੁੱਟ ਰਹੇ ਹਨ। ਇਨ੍ਹਾਂ ਵਿੱਚ ਡੈਲਟਾ ਅਤੇ ਓਮੀਕਰੋਨ ਵੇਰੀਐਂਟ ਦੇ ਮਾਮਲੇ ਸ਼ਾਮਲ ਹਨ।

ਦੁਨੀਆਂ ਭਰ ਦੇ ਵਿਗਿਆਨੀ ਅਤੇ ਸਿਹਤ ਸੰਸਥਾਵਾਂ ਵੱਖ ਵੱਖ ਟੀਕਿਆਂ ਉੱਪਰ ਅੱਜ ਵੀ ਭਰੋਸਾ ਕਰ ਰਹੀਆਂ ਹਨ ਜਿਨ੍ਹਾਂ ਨੂੰ ਇਸ ਵਾਇਰਸ ਖ਼ਿਲਾਫ਼ ਵਰਤੋਂ ਲਈ ਮਨਜ਼ੂਰੀ ਮਿਲੀ ਹੋਈ ਹੈ।

ਦੁਨੀਆਂ ਭਰ ਵਿੱਚ ਵਧ ਰਹੇ ਮਾਮਲਿਆਂ ਕਾਰਨ ਟੀਕਿਆਂ ਦੇ ਅਸਰਦਾਰ ਹੋਣ ਬਾਰੇ ਦੁਨੀਆਂ ਭਰ ਦੇ ਸੋਸ਼ਲ ਮੀਡੀਆ ਉੱਪਰ ਚਰਚਾ ਸ਼ੁਰੂ ਹੋ ਗਈ ਹੈ।

ਕਈ ਲੋਕਾਂ ਵੱਲੋਂ ਟੀਕਾਕਰਨ ਨੂੰ ਵਧਾਵਾ ਦੇਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਨਿਖੇਧੀ ਕੀਤੀ ਜਾਂਦੀ ਹੈ ਜਦੋਂ ਕਿ ਦੂਸਰੇ ਟੀਕੇ ਨਾਲ ਹੋਣ ਵਾਲੇ ਸਾਈਡ ਇਫੈਕਟ ਨੂੰ ਦਰਕਿਨਾਰ ਕਰਦੇ ਹਨ।

ਹੁਣ ਤਕ ਟੀਕੇ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਹਲਕੇ ਫੁਲਕੇ ਹਨ ਜੋ ਕੁਝ ਦਿਨਾਂ ਬਾਅਦ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ:

ਟੀਕਾਕਰਨ ਨੇ ਬਚਾਈਆਂ ਲੱਖਾਂ ਜਾਨਾਂ

ਟੀਕੇ ਦੇ ਸਾਈਡ ਇਫੈਕਟ ਵਿੱਚ ਟੀਕੇ ਵਾਲੀ ਜਗ੍ਹਾ ਦਰਦ ਹਲਕਾ ਬੁਖਾਰ, ਸਿਰ ਦਰਦ ਥਕਾਵਟ, ਸਰੀਰ ਵਿੱਚ ਦਰਦ ਅਤੇ ਹਲਕਾ ਜੁਕਾਮ ਸ਼ਾਮਿਲ ਹੈ।

ਇਸ ਨਾਲ ਹੋਣ ਵਾਲੇ ਗੰਭੀਰ ਸਾਈਡ ਇਫੈਕਟ ਜਿਸ ਤਰ੍ਹਾਂ ਖ਼ੂਨ ਦਾ ਰੁਕਣਾ, ਦਿਲ ਵਿੱਚ ਸੋਜ਼ਿਸ਼ ਜਾਂ ਸਾਹ ਲੈਣ ਵਿੱਚ ਤਕਲੀਫ ਵਰਗੀਆਂ ਘਟਨਾਵਾਂ ਘੱਟ ਸਾਹਮਣੇ ਆਈਆਂ ਹਨ।

ਬੀਬੀਸੀ ਵੱਲੋਂ ਬੱਚਿਆਂ ਦੇ ਡਾਕਟਰ ਅਤੇ ਇਨਫੈਕਸ਼ਨ ਰੋਗਾਂ ਦੀ ਮਾਹਿਰ ਰੇਨਾਟੋ ਫੌਰੀ ਨਾਲ ਗੱਲਬਾਤ ਕਰਕੇ ਮੌਜੂਦਾ ਟੀਕਿਆਂ ਦੇ ਅਸਰਦਾਰ ਹੋਣ ਅਤੇ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੇ ਬਿਮਾਰ ਹੋਣ ਬਾਰੇ ਜਾਣਕਾਰੀ ਲਈ ਗਈ।

ਉਨ੍ਹਾਂ ਨੇ ਦੱਸਿਆ ਕਿ ਕੋਰੋਨਾਵਾਇਰਸ ਖ਼ਿਲਾਫ਼ ਪਹਿਲੀ ਲਹਿਰ ਦੌਰਾਨ ਬਣਾਏ ਗਏ ਟੀਕੇ ਜਿਨ੍ਹਾਂ ਵਿੱਚ ਫਾਈਜ਼ਰ, ਐਸਟਰਾਜ਼ੈਨੇਕਾ ਆਦਿ ਸ਼ਾਮਿਲ ਹਨ ਦਾ ਮੰਤਵ ਇਸ ਬਿਮਾਰੀ ਨੂੰ ਗੰਭੀਰ ਰੂਪ ਲੈਣ ਤੋਂ ਬਚਾਉਣਾ ਸੀ ਜਿਸ ਕਾਰਨ ਮੌਤ ਜਾਂ ਹਸਪਤਾਲ ਜਾਣ ਦੀ ਨੌਬਤ ਆ ਸਕਦੀ ਹੈ।

"ਟੀਕੇ ਕੋਰੋਨਾਵਾਇਰਸ ਦੇ ਗੰਭੀਰ, ਹਲਕੇ ਗੰਭੀਰ ਰੂਪ ਤੋਂ ਬਚਾਉਣ ਲਈ ਬੇਹੱਦ ਅਸਰਦਾਰ ਸਾਬਤ ਹੋਏ ਹਨ।" ਡਾ ਫੌਰੀ ਬ੍ਰਾਜ਼ੀਲੀਅਨ ਸੁਸਾਇਟੀ ਆਫ਼ ਇਮੂਨਾਇਜ਼ੇਸ਼ਨ ਦੇ ਡਾਇਰੈਕਟਰ ਵੀ ਹਨ।

ਉਨ੍ਹਾਂ ਮੁਤਾਬਕ ਇਨ੍ਹਾਂ ਟੀਕਿਆਂ ਦਾ ਮੁੱਖ ਮੰਤਵ ਕਦੇ ਵੀ ਇਨਫੈਕਸ਼ਨ ਨੂੰ ਰੋਕਣਾ ਨਹੀਂ ਸੀ ਪਰ ਕੋਰੋਨਾਵਾਇਰਸ ਦੇ ਅਸਰ ਨੂੰ ਸਰੀਰ ਉਪਰ ਘੱਟ ਕਰਨਾ ਸੀ।

ਕਈ ਦਹਾਕਿਆਂ ਤੋਂ ਮੌਜੂਦ ਫਲੂ ਖ਼ਿਲਾਫ਼ ਟੀਕੇ ਵੀ ਇਸੇ ਤਰ੍ਹਾਂ ਕੰਮ ਕਰਦੇ ਹਨ।

ਹਰ ਸਾਲ ਮਿਲਣ ਵਾਲੇ ਫਲੂ ਦੇ ਟੀਕੇ ਫਲੂ ਖ਼ਿਲਾਫ਼ ਪੂਰੀ ਸੁਰੱਖਿਆ ਭਾਵੇਂ ਨਹੀਂ ਦੇ ਸਕਦੇ ਪਰ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਉੱਪਰ ਹੋਣ ਵਾਲੇ ਅਸਰ ਨੂੰ ਘੱਟ ਕਰ ਸਕਦੇ ਹਨ।

ਜੇਕਰ ਵੱਡੇ ਪੱਧਰ 'ਤੇ ਦੇਖਿਆ ਜਾਵੇ ਤਾਂ ਇਸ ਦਾ ਪੂਰੇ ਸਿਹਤ ਸਿਸਟਮ ਉੱਪਰ ਸਿੱਧਾ ਅਸਰ ਪੈਂਦਾ ਹੈ।

ਇਸ ਨਾਲ ਗੰਭੀਰ ਰੂਪ ਵਿੱਚ ਸਾਹ ਦੀਆਂ ਬਿਮਾਰੀਆਂ ਘੱਟਦੀਆਂ ਹਨ ਜਿਸ ਨਾਲ ਐਮਰਜੈਂਸੀ ਦੇ ਕੇਸ ਘੱਟ ਜਾਂਦੇ ਹਨ, ਐਮਰਜੈਂਸੀ ਵਿੱਚ ਬੈੱਡ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਸਿਹਤ ਕਰਮਚਾਰੀਆਂ ਨੂੰ ਬਾਕੀ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਦੇਖਣ ਦਾ ਸਮਾਂ ਮਿਲਦਾ ਹੈ।

ਅੰਕੜਿਆਂ ਮੁਤਾਬਕ ਟੀਕੇ ਬਹੁਤ ਚੰਗੀ ਤਰ੍ਹਾਂ ਆਪਣੀ ਭੂਮਿਕਾ ਨਿਭਾ ਰਹੇ ਹਨ। ਕੌਮਨ ਵੈਲਥ ਫੰਡ ਦੇ ਨਵੰਬਰ ਤੱਕ ਦੇ ਅੰਕੜਿਆਂ ਮੁਤਾਬਕ ਕੇਵਲ ਅਮਰੀਕਾ ਵਿੱਚ ਹੀ ਟੀਕਾਕਰਨ ਕਾਰਨ ਕੁੱਲ ਗਿਆਰਾਂ ਲੱਖ ਮੌਤਾਂ ਅਤੇ ਇੱਕ ਕਰੋੜ ਤੋਂ ਵੱਧ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਉੱਪਰ ਕਾਬੂ ਪਾਇਆ ਜਾ ਸਕਿਆ ਹੈ।

'ਯੂਰੋਪੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਅਤੇ ਵਿਸ਼ਵ ਸਿਹਤ ਸੰਗਠਨ ਮੁਤਾਬਕ ਲਗਭਗ 33 ਦੇਸ਼ਾਂ ਵਿੱਚ ਸੱਠ ਸਾਲ ਤੋਂ ਵੱਧ ਉਮਰ ਦੇ 4.7 ਲੱਖ ਲੋਕਾਂ ਦੀ ਜਾਨ ਟੀਕਾਕਰਨ ਕਾਰਨ ਬਚੀ ਹੈ।

ਟੀਕਾਕਰਨ ਦੇ ਬਾਵਜੂਦ ਮਾਮਲਿਆਂ ਵਿੱਚ ਕਿਉਂ ਹੈ ਵਾਧਾ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਵਿੱਚ ਟੀਕੇ ਲਗਵਾ ਚੁੱਕੇ ਲੋਕਾਂ ਵਿੱਚ ਦੁਬਾਰਾ ਇਨਫੈਕਸ਼ਨ ਅਤੇ ਕੋਰੋਨਾ ਪੌਜ਼ੀਟਿਵ ਹੋਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਨੂੰ ਤਿੰਨ ਨੁਕਤਿਆਂ ਰਾਹੀਂ ਸਮਝਿਆ ਜਾ ਸਕਦਾ ਹੈ।

ਪਹਿਲਾ ਕਾਰਨ ਸਮਝਣਾ ਆਸਾਨ ਹੈ- ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਦੁਨੀਆਂ ਭਰ ਵਿੱਚ ਲੋਕ ਦੁਬਾਰਾ ਇਕੱਠੇ ਹੋਏ ਹਨ ਅਤੇ ਮਿਲਣਾ ਜੁਲਣਾ ਵਧਿਆ ਹੈ। ਇਸ ਨਾਲ ਬਿਮਾਰ ਹੋਣ ਦਾ ਖਤਰਾ ਅਤੇ ਕੋਰੋਨਾਵਾਇਰਸ ਦੇ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਣ ਦਾ ਖਤਰਾ ਵੀ ਵਧ ਗਿਆ ਹੈ।

ਦੂਸਰਾ ਕਾਰਨ ਹੈ ਕਿ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਖਿਲਾਫ ਟੀਕੇ ਉਪਲਬਧ ਹੋਣ ਤੋਂ ਬਾਅਦ ਮਾਹਿਰਾਂ ਨੇ ਇਹ ਪਾਇਆ ਹੈ ਕਿ ਕੋਰੋਨਾਵਾਇਰਸ ਖ਼ਿਲਾਫ਼ ਲੜਨ ਦੀ ਸ਼ਕਤੀ ਟੀਕੇ ਤੋਂ ਬਾਅਦ ਹਮੇਸ਼ਾ ਲਈ ਨਹੀਂ ਰਹਿੰਦੀ।

ਡਾ ਫੌਰੀ ਦੱਸਦੇ ਹਨ, "ਸਮੇਂ ਦੇ ਨਾਲ ਟੀਕਾਕਰਨ ਤੋਂ ਮਿਲਣ ਵਾਲੀ ਸੁਰੱਖਿਆ ਵਿੱਚ ਕਮੀ ਆਉਂਦੀ ਹੈ। ਇਹ ਕਮੀ ਘੱਟ ਹੈ ਜਾਂ ਵੱਧ ਇਹ ਨਿਰਭਰ ਕਰਦਾ ਹੈ ਕਿ ਕਿਹੜਾ ਟੀਕਾ ਲਿਆ ਗਿਆ ਸੀ ਅਤੇ ਕਿੰਨੀ ਉਮਰ ਸੀ।"

"ਇਸ ਨੇ ਤੀਸਰੀ ਡੋਜ਼ ਦੇਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਬਜ਼ੁਰਗ ਲੋਕ ਅਤੇ ਫਿਰ ਘੱਟ ਰੋਗ ਨਿਰੋਧਕ ਸ਼ਕਤੀ ਵਾਲੇ ਲੋਕਾਂ ਤੋਂ ਬਾਅਦ ਸਾਰੀ ਬਾਲਗ ਜਨਸੰਖਿਆ ਨੂੰ ਉਸ ਦੀ ਜ਼ਰੂਰਤ ਹੈ।"

ਤੀਸਰਾ ਕਾਰਨ ਓਮੀਕਰੋਨ ਵੇਰੀਐਂਟ ਹੈ ਜੋ ਬਾਕੀ ਵੇਰੀਐਂਟ ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਵਾਲੇ ਟੀਕੇ ਅਤੇ ਕੋਰੋਨਾਵਾਇਰਸ ਦੇ ਪੁਰਾਣੇ ਹਾਲਾਤ ਘੱਟ ਅਸਰਦਾਰ ਲੱਗ ਰਹੇ ਹਨ।

ਡਾ ਫੌਰੀ ਆਖਦੇ ਹਨ, "ਇਸ ਦੇ ਮੱਦੇਨਜ਼ਰ ਟੀਕੇ ਲਗਵਾ ਚੁੱਕੇ ਲੋਕਾਂ ਦੇ ਬਿਮਾਰ ਹੋਣ ਦੀ ਘਟਨਾ ਨੂੰ ਇੱਕ ਆਮ ਘਟਨਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਸ ਹਾਲਾਤ ਨਾਲ ਰਹਿਣ ਦੀ ਕੋਸ਼ਿਸ਼ ਕਰਨੀ ਪਵੇਗੀ।"

ਚੰਗੀ ਗੱਲ ਇਹ ਹੈ ਕਿ ਪਿਛਲੇ ਸਮੇਂ ਵਿੱਚ ਵੱਧ ਰਹੇ ਮਾਮਲਿਆਂ ਵਿੱਚ ਮੌਤਾਂ ਅਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਦਰ ਘੱਟ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਟੀਕੇ ਲਗਵਾ ਚੁੱਕੇ ਹਨ।

ਉਹ ਆਖਦੇ ਹਨ ,"ਜਿਵੇਂ ਕਿ ਉਮੀਦ ਸੀ, ਕੋਰੋਨਾਵਾਇਰਸ ਖ਼ਿਲਾਫ਼ ਟੀਕੇ ਗੰਭੀਰ ਰੂਪ ਵਿੱਚ ਹੋਣ ਵਾਲੀ ਬਿਮਾਰੀ ਤੋਂ ਬਚਾਅ ਕਰ ਰਹੇ ਹਨ।"

ਟੀਕਾ ਲਗਵਾਉਣ ਵਾਲੇ ਲੋਕ ਬਚੇ ਬਿਮਾਰੀ ਅਤੇ ਮੌਤ ਤੋਂ

ਨਿਊਯਾਰਕ ਸਿਟੀ ਹੈਲਥ ਕੇਅਰ ਸਿਸਟਮ ਦੇ ਅੰਕੜੇ ਅਤੇ ਚਾਰਟ ਕੋਰੋਨਾਵਾਇਰਸ ਖ਼ਿਲਾਫ਼ ਟੀਕਿਆਂ ਦੇ ਅਸਰਦਾਰ ਹੋਣ ਬਾਰੇ ਸਪੱਸ਼ਟ ਰੂਪ ਵਿੱਚ ਦੱਸਦੇ ਹਨ। ਇਹ ਅੰਕੜੇ ਟੀਕੇ ਲਗਵਾ ਚੁੱਕੇ ਅਤੇ ਨਾ ਲਗਵਾ ਚੁੱਕੇ ਲੋਕਾਂ ਦੇ ਬਿਮਾਰ ਹੋਣ ਅਤੇ ਮੌਤ ਬਾਰੇ ਵੀ ਦੱਸਦੇ ਹਨ।

ਦਸੰਬਰ ਮਹੀਨੇ ਦੀ ਸ਼ੁਰੂਆਤ ਮੌਕੇ ਸ਼ਹਿਰ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਮੌਤ ਦੀ ਦਰ ਵਿੱਚ ਵਾਧਾ ਦੇਖਿਆ ਗਿਆ। ਇਹ ਵਾਧਾ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਸੀ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਸਨ।

ਦਸੰਬਰ ਮਹੀਨੇ ਦੇ ਅੰਤ ਤੱਕ ਨਿਊਯਾਰਕ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਹੋਰ ਵਾਧਾ ਦੇਖਿਆ ਗਿਆ ਅਤੇ ਟੀਕਾ ਲਗਵਾ ਚੁੱਕੇ ਅਤੇ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਵਿੱਚ ਬਿਮਾਰ ਹੋਣ ਬਾਰੇ ਵੱਡਾ ਫਰਕ ਸੀ।

ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਮਾਮਲਿਆਂ ਵਿੱਚ ਵੀ ਕਾਫ਼ੀ ਵਾਧਾ ਪਾਇਆ ਗਿਆ।

ਟੀਕਾ ਲਗਵਾ ਚੁੱਕੇ ਲੋਕਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਸੀ। ਇਹ ਲੋਕ ਵੀ ਹਸਪਤਾਲ ਵਿੱਚ ਦਾਖ਼ਲ ਹੋਏ ਸਨ ਪਰ ਬਹੁਤ ਜ਼ਿਆਦਾ ਵਾਧਾ ਨਹੀਂ ਪਾਇਆ ਗਿਆ।

ਦਸੰਬਰ ਮਹੀਨੇ ਵਿੱਚ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੀ ਮੌਤ ਵਿੱਚ ਵੀ ਵਿੱਚ ਵਾਧਾ ਦੇਖਿਆ ਗਿਆ। ਟੀਕਾ ਲਗਵਾ ਚੁੱਕੇ ਲੋਕਾਂ ਵਿੱਚ ਪੰਜ ਦਸੰਬਰ ਤੋਂ ਬਾਅਦ ਜ਼ਿਆਦਾ ਮੌਤਾਂ ਨਹੀਂ ਦੇਖੀਆਂ ਗਈਆਂ।

ਮੁੱਖ ਤੌਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਟੀਕਾ ਲਗਵਾ ਚੁੱਕੇ ਲੋਕਾਂ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਮੌਤ ਦੀ ਦਰ ਟੀਕਾ ਨਾ ਲਗਾਉਣ ਵਾਲੇ ਲੋਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਚਾਰਟ ਵੀ ਕੋਰੋਨਾਵਾਇਰਸ ਖ਼ਿਲਾਫ਼ ਟੀਕੇ ਦੇ ਅਸਰਦਾਰ ਹੋਣ ਬਾਰੇ ਦੱਸਦੇ ਹਨ।

ਹਾਲ ਹੀ ਵਿੱਚ ਜਾਰੀ ਹੋਈ ਰਿਪੋਰਟ ਮੁਤਾਬਕ ਯੂਕੇ ਹੈਲਥ ਐਂਡ ਸੇਫਟੀ ਏਜੰਸੀ ਨੇ ਵੀ ਲਗਭਗ ਮਿਲਦੇ ਜੁਲਦੇ ਸਿੱਟੇ ਕੱਢੇ ਹਨ।

ਇਸ ਵਿੱਚ ਸ਼ਾਮਲ ਆਰਟੀਕਲ ਦਾ ਇੱਕ ਹਿੱਸਾ ਯੂਕੇ ਦੀ ਯੂਨੀਵਰਸਿਟੀ ਆਫ਼ ਕੈਂਬਰਿਜ ਵਿੱਚ ਕੀਤੇ ਅਧਿਐਨ ਤੋਂ ਲਿਆ ਗਿਆ ਸੀ ਅਤੇ ਆਖਿਆ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਹੈ ਤਾਂ ਉਸ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ 81% ਤਕ ਘੱਟ ਹੈ ਜੇਕਰ ਉਸ ਨੇ ਟੀਕੇ ਦੇ ਤਿੰਨੋਂ ਡੋਜ਼ ਲਏ ਹੋਏ ਹਨ।

ਇੱਕ ਦੂਜੇ ਸਰਵੇ ਮੁਤਾਬਕ, ਜੋ ਏਜੰਸੀ ਨੇ ਆਪ ਕੀਤਾ ਹੈ, ਟੀਕੇ ਦੀਆਂ ਤਿੰਨੇ ਖੁਰਾਕਾਂ 88 ਫ਼ੀਸਦ ਤੱਕ ਅਸਰਦਾਰ ਹਨ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇਹ ਸੁਰੱਖਿਆ ਕਿੰਨੇ ਸਮੇਂ ਤੱਕ ਰਹੇਗੀ ਅਤੇ ਇਸ ਤੋਂ ਬਾਅਦ ਵੀ ਆਉਣ ਵਾਲੇ ਸਮੇਂ ਵਿੱਚ ਬੂਸਟਰ ਡੋਜ਼ ਦੀ ਲੋੜ ਪਵੇਗੀ ਜਾਂ ਨਹੀਂ।

ਡਾ ਫੌਰੀ ਮੁਤਾਬਕ ਇਹ ਸਰਵੇ ਸਬੂਤ ਹਨ ਕਿ ਓਮੀਕਰੋਨ ਵੇਰੀਐਂਟ ਅਤੇ ਵੱਧ ਰਹੇ ਕੇਸਾਂ ਦੇ ਮਾਮਲੇ ਵਿੱਚ ਟੀਕਾਕਰਨ ਕਿੰਨਾ ਅਹਿਮ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਇਹ ਸੋਚਣਾ ਸਰਾਸਰ ਗਲਤ ਹੋਵੇਗਾ ਕਿ ਟੀਕਾ ਲਗਵਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਹਰ ਕੋਈ ਕਦੇ ਨਾ ਕਦੇ ਬਿਮਾਰ ਹੋਵੇਗਾ ਹੀ। ਟੀਕਾ ਵਾਇਰਸ ਦੇ ਅਸਰ ਨੂੰ ਘੱਟ ਕਰਦਾ ਹੈ ਜਿਸ ਦਾ ਇਲਾਜ ਘਰ ਰਹਿ ਕੇ ਬਿਨਾਂ ਹਸਪਤਾਲ ਦਾਖ਼ਲ ਹੋਏ ਵੀ ਹੋ ਸਕਦਾ ਹੈ।"

ਡਾ ਫੌਰੀ ਅੱਗੇ ਆਖਦੇ ਹਨ,"ਅਸੀਂ ਮਹਾਂਮਾਰੀ ਦੇ ਇਸ ਚੱਕਰ 'ਚੋਂ ਕੇਵਲ ਟੀਕਾਕਰਨ ਰਾਹੀਂ ਹੀ ਬਾਹਰ ਨਿਕਲ ਸਕਦੇ ਹਾਂ। ਜਨਸੰਖਿਆ ਦੇ ਵੱਡੇ ਹਿੱਸੇ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ ਦਾ ਟੀਕਾਕਰਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮਾਸਕ ਲਗਾਉਣ, ਭੀੜ ਵਿੱਚ ਨਾ ਜਾਣ ਅਤੇ ਹੱਥ ਧੋਣ ਵਰਗੀਆਂ ਗੱਲਾਂ ਦਾ ਧਿਆਨ ਵੀ ਸਾਨੂੰ ਰੱਖਣਾ ਪਵੇਗਾ।"

(ਇਸ ਲੇਖ ਨੂੰ ਬੀਬੀਸੀ ਬ੍ਰਾਜ਼ੀਲ ਦੇ ਲੇਖ ਤੋਂ ਲਿਆ ਗਿਆ ਹੈ ਜਿਸਨੂੰ ਐਂਡਰੇ ਬ੍ਰੈਥ ਨੇ ਲਿਖਿਆ ਹੈ।)

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)