ਭਵਿੱਖ ਵਿਚ ਕਿਸ ਤਰੀਕੇ ਨਾਲ ਲੜੀਆਂ ਜਾਣਗੀਆਂ ਜੰਗਾਂ

    • ਲੇਖਕ, ਫਰੈਂਕ ਗਾਰਡਨਰ
    • ਰੋਲ, ਬੀਬੀਸੀ ਸੁਰੱਖਿਆ ਪੱਤਰਕਾਰ

ਸਾਲ 2021 ਦੌਰਾਨ ਬ੍ਰਿਟਿਸ਼ ਰੱਖਿਆ ਅਤੇ ਸੁਰੱਖਿਆ ਨੀਤੀ ਵਿੱਚ ਇੱਕ ਬੁਨਿਆਦੀ ਤਬਦੀਲੀ ਦੇਖੀ ਗਈ ਹੈ। ਡਿਜੀਟਲ ਤਕਨੀਕ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਲਈ ਬਜਟ ਵਧਿਆ ਹੈ। ਵਧੇਰੇ ਰਵਾਇਤੀ ਉਪਕਰਣਾਂ ਅਤੇ ਫੌਜੀ ਨਫ਼ਰੀ ਲਈ ਪੈਸਾ ਘਟਿਆ ਹੈ।

ਇਹ ਸਭ ਇੱਕ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਰੂਸ ਦੀਆਂ ਫੌਜਾਂ ਯੂਕਰੇਨ ਦੀਆਂ ਸਰਹੱਦਾਂ 'ਤੇ ਜਮਾਂ ਹੋ ਰਹੀਆਂ ਹਨ, ਮਾਸਕੋ ਆਪਣੇ ਕੁਝ ਮੈਂਬਰ ਦੇਸ਼ਾਂ ਤੋਂ ਨਾਟੋ ਦੇ ਪਿੱਛੇ ਹਟਣ ਦੀ ਮੰਗ ਕਰ ਰਿਹਾ ਹੈ ਅਤੇ ਚੀਨ ਤਾਇਵਾਨ ਨੂੰ ਵਾਪਸ ਲੈਣ ਬਾਰੇ ਰੌਲਾ ਪਾ ਰਿਹਾ ਹੈ। (ਜੇ ਲੋੜ ਹੋਵੇ ਤਾਂ ਤਾਕਤ ਨਾਲ)

ਦੁਨੀਆਂ ਭਰ ਵਿੱਚ ਛੋਟੇ, ਖੇਤਰੀ ਟਕਰਾਅ ਅਜੇ ਵੀ ਫੁੱਟ ਰਹੇ ਹਨ। ਇਥੋਪੀਆ ਵਿੱਚ ਗ੍ਰਹਿ ਯੁੱਧ ਹੋਇਆ, ਯੂਕਰੇਨ ਦੇ ਵੱਖਵਾਦੀ ਸੰਘਰਸ਼ ਵਿੱਚ 2014 ਤੋਂ ਹੁਣ ਤੱਕ ਚੌਦਾਂ ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ, ਸੀਰੀਆ ਵਿੱਚ ਵਿਦਰੋਹ ਵਧ ਰਿਹਾ ਹੈ ਅਤੇ ਇਸਲਾਮਿਕ ਸਟੇਟ ਸਮੂਹ ਅਫ਼ਰੀਕਾ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ।

ਯੁੱਧ ਦਾ ਭਵਿੱਖ ਕੀ ਹੈ ਅਤੇ ਕੀ ਪੱਛਮੀ ਦੇਸ ਆਉਣ ਵਾਲੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਤਿਆਰ ਹੈ?

ਸਭ ਤੋਂ ਪਹਿਲਾਂ ਤਾਂ ਇਹ, ਕੀ "ਭਵਿੱਖ ਦੀ ਲੜਾਈ" ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਪੱਛਮ ਦੇ ਰੂਸ ਜਾਂ ਚੀਨ ਵਿਚਕਾਰ ਇੱਕ ਵੱਡੇ ਟਕਰਾਅ ਦੇ ਬਹੁਤ ਸਾਰੇ ਪਹਿਲੂ ਪਹਿਲਾਂ ਹੀ ਵਿਕਸਤ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਅਜ਼ਮਾਇਆ ਵੀ ਜਾ ਚੁੱਕਿਆ ਹੈ।

16 ਨਵੰਬਰ ਨੂੰ, ਰੂਸ ਨੇ ਪੁਲਾੜ ਵਿੱਚ ਇੱਕ ਮਿਜ਼ਾਈਲ ਦੀ ਪਰਖ ਕੀਤੀ। ਇਸ ਪ੍ਰੀਖਣ ਵਿੱਚ ਉਸਦੇ ਆਪਣੇ ਉਪਗ੍ਰਹਿਆਂ ਵਿੱਚੋਂ ਹੀ ਇੱਕ ਨੂੰ ਤਬਾਹ ਕਰ ਦਿੱਤਾ ਗਿਆ।

ਗਰਮੀਆਂ ਵਿੱਚ ਚੀਨ ਨੇ ਆਪਣੀਆਂ ਉੱਨਤ ਹਾਈਪਰਸੋਨਿਕ ਮਿਜ਼ਾਈਲਾਂ ਦੇ ਪ੍ਰੀਖਣ ਕੀਤੇ, ਜੋ ਆਵਾਜ਼ ਦੀ ਗਤੀ ਤੋਂ ਕਈ ਗੁਣਾ ਤੇਜ਼ੀ ਨਾਲ ਆਪਣੇ ਨਿਸ਼ਾਨੇ ਵੱਲ ਵਧ ਸਕਦੇ ਹਨ।

ਸਾਈਬਰ ਹਮਲੇ ਜਿਨ੍ਹਾਂ ਦੀ ਵਰਤੋਂ ਕਦੇ ਧਿਆਨ ਭਟਕਾਉਣ ਲਈ ਅਤੇ ਕਦੇ ਹਮਲੇ ਦੇ ਮੰਤਵ ਨਾਲ ਕੀਤੀ ਜਾਂਦੀ ਹੈ, ਇੱਕ ਰੋਜ਼ਾਨਾ ਦੀ ਗੱਲ ਹੋ ਗਏ ਹਨ। ਇਹ ਕੁਝ ਅਜਿਹਾ ਹੈ ਜਿਸ ਨੂੰ "ਸਬ-ਥ੍ਰੈਸ਼ੋਲਡ ਯੁੱਧ" ਵਜੋਂ ਜਾਣਿਆ ਜਾਂਦਾ ਹੈ।

ਮਿਸ਼ੇਲ ਫਲੋਰਨੋਏ, ਰਾਸ਼ਟਰਪਤੀ ਕਲਿੰਟਨ ਅਤੇ ਓਬਾਮਾ ਦੋਵਾਂ ਦੇ ਕਾਰਜਕਾਲ ਦੌਰਾਨ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਦੀ ਮੁਖੀ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪੱਛਮ ਵੱਲੋਂ ਜੋ ਧਿਆਨ ਪੱਛਮੀ ਏਸ਼ੀਆ ਵੱਲ ਦਿੱਤਾ ਗਿਆ ਹੈ ਉਸ ਸਦਕਾ ਇਹ ਖਿੱਤਾ ਵੀ ਫ਼ੌਜੀ ਪੱਖ ਤੋਂ ਕਾਫ਼ੀ ਹੱਦ ਤੱਕ ਪੱਛਮ ਦੇ ਬਰਾਬਰ ਹੋ ਸਕਿਆ ਹੈ।

ਉਹ ਕਹਿੰਦੇ ਹਨ, "ਅਸੀਂ ਸੱਚਮੁੱਚ ਇੱਕ ਰਣਨੀਤਕ ਮੋੜ 'ਤੇ ਹਾਂ ਜਿੱਥੇ ਅਸੀਂ - ਅਮਰੀਕਾ, ਯੂਕੇ ਅਤੇ ਸਾਡੇ ਸਹਿਯੋਗੀ - ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਗੁਜ਼ਰੇ 20 ਸਾਲਾਂ ਵਿੱਚੋਂ ਨਿਕਲ ਰਹੇ ਹਾਂ। ਇਰਾਕ ਅਤੇ ਅਫਗਾਨਿਸਤਾਨ ਦੀਆਂ ਜੰਗਾਂ ਤੋਂ ਬਾਅਦ ਹੁਣ ਅਸੀਂ ਇਹ ਦੇਖ ਪਾ ਰਹੇ ਹਾਂ ਕਿ ਹੁਣ ਮੁਕਬਾਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕਿਆ ਹੈ।"

ਸਾਲ 2021 ਵਿੱਚ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨੇ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਈਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਿਸ਼ੇਲ ਹਾਲਾਂਕਿ ਇੱਥੇ ਰੂਸ ਅਤੇ ਚੀਨ ਦਾ ਹਵਾਲਾ ਦੇ ਰਹੇ ਹਨ। ਕਹਿਣ ਦੀ ਲੋੜ ਨਹੀਂ ਕਿ ਰੂਸ ਅਤੇ ਚੀਨ ਨੂੰ ਪੱਛਮ ਦੇ ਸਥਾਈ "ਰਣਨੀਤਕ ਵਿਰੋਧੀ" ਵਜੋਂ ਦਰਸਾਇਆ ਜਾਂਦਾ ਹੈ।

ਮਿਸ਼ੇਲ ਦਾ ਕਹਿਣਾ ਹੈ ਕਿ ਜਦੋਂ ਅਸੀਂ (ਅਮਰੀਕਾ/ਪੱਛਮ) ਪੱਛਮੀ ਏਸ਼ੀਆ ਉੱਪਰ ਕੇਂਦਰਿਤ ਕੀਤਾ ਹੋਇਆ ਸੀ ਤਾਂ ਇਨ੍ਹਾਂ ਦੇਸ਼ਾਂ ਨੂੰ ਪੱਛਮੀ ਮੁਲਕਾਂ ਵਾਲੀ ਯੁੱਧਕਲਾ ਅਤੇ ਨਵੀਆਂ ਜੰਗੀ ਤਕਨੀਕਾਂ ਸਿੱਖਣ ਦਾ ਮੌਕਾ ਮਿਲਿਆ। ਫਿਰ ਇਨ੍ਹਾਂ ਦੇਸ਼ਾਂ ਨੇ ਇਨ੍ਹਾਂ ਪੱਖਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕੀਤਾ।

ਇਸਦਾ ਜ਼ਿਆਦਾਤਰ ਹਿੱਸਾ ਸਾਈਬਰ ਗਤੀਵਿਧੀ 'ਤੇ ਲਗਾਇਆ ਗਿਆ ਹੈ - ਜਿਸ ਵਿੱਚ ਪੱਛਮੀ ਸਮਾਜ ਦੇ ਤਾਣੇ-ਬਾਣੇ ਨੂੰ ਕਮਜ਼ੋਰ ਕਰਨ, ਚੋਣਾਂ ਨੂੰ ਪ੍ਰਭਾਵਿਤ ਕਰਨ, ਸੰਵੇਦਨਸ਼ੀਲ ਡੇਟਾ ਚੋਰੀ ਕਰਨ ਦੇ ਉਦੇਸ਼ ਨਾਲ ਵਿਘਨਕਾਰੀ ਸਾਈਬਰ ਹਮਲੇ ਕੀਤੇ ਜਾਂਦੇ ਹਨ। ਇਹ ਐਲਾਨੀਆ ਯੁੱਧ ਦੀ ਸੀਮਾ ਤੋਂ ਬਹੁਤ ਹੇਠਾਂ ਹੈ ਅਤੇ ਇਸ ਤੋਂ ਮੁੱਕਰਿਆ ਵੀ ਜਾ ਸਕਦਾ ਹੈ।

ਪਰ ਕੀ ਹੋਵੇ ਜੇ ਯੂਕਰੇਨ ਨੂੰ ਲੈ ਕੇ ਪੱਛਮ ਅਤੇ ਰੂਸ ਵਿਚਕਾਰ ਮੌਜੂਦਾ ਤਣਾਅ, ਜਾਂ ਫਿਰ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਦਾ ਤਣਾਅ ਦੁਸ਼ਮਣੀ ਬਣ ਜਾਵੇ? ਫਿਰ ਇਹ ਯੁੱਧ ਕਿਹੋ ਜਿਹਾ ਦਿਖਾਈ ਦੇਵੇਗਾ?

ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟਡੀਜ਼ (IISS), ਚੀਨ ਦੁਆਰਾ ਫੌਜੀ ਫ਼ਾਇਦੇ ਲਈ ਡੇਟਾ ਦੀ ਵਰਤੋਂ 'ਤੇ ਧਿਆਨ ਦਿੰਦਾ ਹੈ।

ਇੰਸਟੀਚਿਊਟ ਦੇ ਇੱਕ ਸੀਨੀਅਰ ਰਿਸਰਚ ਫੈਲੋ ਮੀਆ ਨੌਵੇਂਸ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਹੀ ਤੇਜ਼ ਰਫ਼ਤਾਰ ਵਾਲੇ ਮਾਹੌਲ ਵਿੱਚ ਚੱਲੇਗਾ ਜੋ ਕਿ ਜਾਣਕਾਰੀ ਦੇ ਡੋਮੇਨ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ।"

"ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਸਟ੍ਰੇਟੇਜਿਕ ਸਪੋਰਟ ਫੋਰਸ ਨਾਮ ਦੀ ਇੱਕ ਨਵੀਂ ਏਜੰਸੀ ਬਣਾਈ ਹੈ ਜੋ ਪੁਲਾੜ, ਇਲੈਕਟ੍ਰਾਨਿਕ ਯੁੱਧ ਅਤੇ ਸਾਈਬਰ ਸਮਰੱਥਾਵਾਂ ਦਾ ਅਧਿਐਨ ਕਰਦੀ ਹੈ।"

ਕੀ ਇਸਦਾ ਮਤਲਬ ਹੈ ਕਿ ਇਹ ਸਭ ਪਹਿਲਾਂ ਹੀ ਚੱਲ ਰਿਹਾ ਹੈ?

ਕਿਸੇ ਵੀ ਦੁਸ਼ਮਣੀ/ਸ਼ਰੀਕੇਬਾਜ਼ੀ ਵਿੱਚ ਹੋਣ ਵਾਲੀਆਂ ਪਹਿਲੀਆਂ ਗੱਲਾਂ ਵਿੱਚ ਸ਼ਾਮਲ ਹੋਣਗੇ- ਵੱਡੇ ਸਾਈਬਰ ਹਮਲੇ। ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਕਿ ਜਿਨ੍ਹਾਂ ਵਿੱਚ ਇੱਕ-ਦੂਜੇ ਦੇ ਸੰਚਾਰ ਸਮੇਤ ਸੈਟੇਲਾਈਟਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਜਾਂ ਫਿਰ ਮਹੱਤਵਪੂਰਨ ਸਮੁੰਦਰੀ ਕੇਬਲਾਂ ਨੂੰ ਕੱਟ ਕੇ ਦੂਜੇ ਨੂੰ "ਅੰਨ੍ਹਾ" ਕਰਨ ਦੇ ਯਤਨ ਕੀਤੇ ਜਾਣਗੇ।

ਫ੍ਰਾਂਜ਼-ਸਟੀਫਨ ਗੈਡੀ ਇਸੇ ਇੰਸਟੀਚਿਊਟ ਵਿੱਚ ਭਵਿੱਖ ਦੇ ਯੁੱਧ ਦੇ ਮਾਹਰ ਹਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇੱਥੇ ਜ਼ਮੀਨੀ ਪੱਧਰ 'ਤੇ ਤੁਹਾਡੇ ਅਤੇ ਮੇਰੇ ਲਈ ਇਸ ਦਾ ਕੀ ਅਰਥ ਹੋਵੇਗਾ। ਕੀ ਸਾਡੇ ਫ਼ੋਨ ਅਚਾਨਕ ਕੰਮ ਕਰਨਾ ਬੰਦ ਕਰ ਸਕਦੇ ਹਨ, ਪੈਟਰੋਲ ਪੰਪ ਸੁੱਕ ਸਕਦੇ ਹਨ ਅਤੇ ਖਾਣੇ ਲਈ ਭਗਦੜ ਮਚ ਸਕਦੀ ਹੈ?

ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਸਮੁੱਚੇ ਰੂਪ ਵਿੱਚ ਹਾਂ।"

"ਕਿਉਂਕਿ ਮਹਾਨ ਸ਼ਕਤੀਆਂ ਨਾ ਸਿਰਫ਼ ਅਪਮਾਨਜਨਕ ਸਾਈਬਰ ਸਮਰੱਥਾਵਾਂ ਵਿੱਚ ਸਗੋਂ ਇਲੈਕਟ੍ਰਾਨਿਕ ਯੁੱਧ ਸਮਰੱਥਾਵਾਂ ਵਿੱਚ ਵੀ ਨਿਵੇਸ਼ ਕਰ ਰਹੀਆਂ ਹਨ। ਤਕਨੀਕਾਂ ਜੋ ਉਪਗ੍ਰਹਿਆਂ ਨੂੰ ਜਾਮ ਕਰ ਸਕਦੀਆਂ ਹਨ ਅਤੇ ਸੰਚਾਰ ਨੂੰ ਠੱਪ ਕਰ ਸਕਦੀਆਂ ਹਨ। ਇਸ ਲਈ ਭਵਿੱਖ ਦੇ ਯੁੱਧ ਵਿੱਚ ਨਾ ਸਿਰਫ਼ ਫੌਜ, ਸਗੋਂ ਸਮੁੱਚੇ ਸਮਾਜ ਵੀ ਮੁੱਖ ਨਿਸ਼ਾਨਾ ਹੋਣਗੇ।"

ਫ਼ੌਜੀ ਪੱਖ ਤੋਂ ਖ਼ਤਰਾ ਇਸ ਤਕਨੀਕ ਦੇ ਗੈਰ-ਨਿਯੋਜਿਤ ਵਿਕਾਸ ਤੋਂ ਹੈ। ਫ਼ਰਜ਼ ਕਰੋ ਕਿ ਤੁਹਾਡੇ ਸੈਟੇਲਾਈਟ ਕੰਮ ਨਹੀਂ ਕਰ ਰਹੇ ਅਤੇ ਹੇਠਾਂ ਬੰਕਰਾਂ ਵਿੱਚ ਬੈਠੇ ਰਣਨੀਤੀਕਾਰਾਂ ਨੂੰ ਇਹ ਪਤਾ ਹੀ ਨਹੀਂ ਚੱਲ ਰਿਹਾ ਕਿ ਯੁੱਧ ਦੇ ਮੈਦਾਨ ਵਿੱਚ ਹੋ ਕੀ ਰਿਹਾ ਹੈ। ਉਸ ਜਾਣਕਾਰੀ ਤੋਂ ਬਿਨਾਂ ਅਗਲੇ ਕਦਮ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕਣਗੇ।

ਮੀਆ ਨੌਵੇਂਸ ਮੁਤਾਬਕ ਇਸ ਸਥਿਤੀ ਵਿੱਚ ਰਣਨੀਤੀਕਾਰ ਜਾਂ ਤਾਂ ਬਹੁਚ ਸੰਕੋਚਵਾਂ ਪੈਂਤੜਾ ਲੈਣਗੇ ਜਾਂ ਫਿਰ ਬਹੁਤ ਹੀ ਹਮਲਾਵਰ ਰੁੱਖ ਅਪਣਾਉਣਗੇ। ਇਸ ਵਿੱਚ ਖ਼ਤਰਾ ਹੈ ਕਿ ਤਣਾਅ ਦੋਵਾਂ ਪੱਖਾਂ ਦੇ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ।

ਇਸ ਤੋਂ ਇਲਾਵਾ ਭਵਿੱਖ ਦੀ ਯੁੱਧਕਲਾ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵੀ ਅਹਿਮ ਭੂਮਿਕਾ ਹੋਣ ਜਾ ਰਹੀ ਹੈ। ਏਆਈ ਕਮਾਂਡਰਾਂ ਦੇ ਫ਼ੈਸਲਾ ਲੈਣ ਅਤੇ ਪ੍ਰਤੀਕਿਰਿਆ ਦੇਣ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਵਿੱਚ ਮਦਦਗਾਰ ਹੋਵੇਗੀ।

ਏਆਈ ਦੇ ਮਾਮਲੇ ਵਿੱਚ ਅਮਰੀਕਾ ਚੀਨ ਤੋਂ ਅੱਗੇ ਹੈ।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੁਹਾਨੂੰ ਯੋਗ ਕਰਦੀ ਹੈ ਕਿ ਜੇ ਇੱਕ ਸਟਾਫ਼ ਵਾਲਾ ਪਲੇਟਫਾਰਮ ਹੈ ਜੋ ਸੌ ਅਜਿਹੇ ਹੋਰ ਪਲੇਟਫਾਰਮਾਂ ਨੂੰ ਕੰਟਰੋਲ ਕਰ ਸਕਦਾ ਹੈ ਜਿੱਥੇ ਕੋਈ ਸ਼ਖ਼ਸ ਨਾ ਹੋਵੇ ਤਾਂ ਤੁਸੀਂ ਦੂਜੇ ਨਾਲੋਂ ਮਜ਼ਬੂਤ ਸਥਿਤੀ ਵਿੱਚ ਆ ਜਾਂਦੇ ਹੋ।"

ਹਾਲਾਂਕਿ ਇੱਕ ਅਜਿਹਾ ਖੇਤਰ ਵੀ ਹੈ ਜਿੱਥੇ ਅਮਰੀਕਾ ਅਤੇ ਪੱਛਮ ਕੁਝ ਪਿੱਛੇ ਰਹਿ ਗਏ ਹਨ। ਉਹ ਖੇਤਰ ਹੈ ਹਾਈਪਰ-ਸੋਨਿਕ ਮਿਜ਼ਾਈਲਾਂ ਦਾ।

ਇਹ ਅਜਿਹੇ ਹਥਿਆਰ ਹਨ ਜੋ ਅਵਾਜ਼ ਦੀ ਗਤੀ ਤੋਂ 27 ਗੁਣਾ ਤੱਕ ਤੇਜ਼ ਚੱਲਦੇ ਹਨ।

ਰੂਸ ਨੇ ਐਲਾਨ ਕੀਤਾ ਹੈ ਕਿ ਉਸ ਨੇ ਆਪਣੀ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਜ਼ੀਰਕੋਨ ਦੀ ਸਫ਼ਲ ਪਰਖ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਨਾਲ ਉਹ ਦੁਨੀਆਂ ਦੇ ਕਿਸੇ ਵੀ ਖੂੰਜੇ ਵਿੱਚ ਬੈਠੇ ਆਪਣੇ ਦੁਸ਼ਮਣ ਨੂੰ ਮਾਤ ਦੇ ਸਕਦਾ ਹੈ।

ਚੀਨ ਦੀ ਡੌਂਗ ਫੈਂਗ 17 ਜੋ ਸਭ ਤੋਂ ਪਹਿਲਾਂ 2019 ਵਿੱਚ ਜਨਤਾ ਦੇ ਸਾਹਮਣੇ ਲਿਆਂਦੀ ਗਈ ਸੀ ਉਹ ਹਾਈਪਰਸੋਨਿਕ ਗਲਾਈਡ ਵਹੀਕਲ ਲਿਜਾਅ ਸਕਣ ਦੇ ਸਮਰੱਥ ਹੈ। ਉਹ ਵੀ ਵਾਤਾਵਰਣ ਦੇ ਅੰਦਰ ਰਹਿ ਕੇ, ਇਹ ਉਹ ਰਸਤਾ ਹੈ ਜਿੱਥੋਂ ਦੀ ਰਵਾਇਤੀ ਮਿਜ਼ਾਈਲਾਂ ਨਹੀਂ ਜਾਂਦੀਆਂ ਸਨ।

ਇਸ ਦੇ ਮੁਕਾਬਲੇ ਅਮਰੀਕੀ ਪ੍ਰਣਾਲੀਆਂ ਨੇ ਉਨ੍ਹਾਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਚੀਨ ਦੀ ਸ਼ਸਤਰਸ਼ਾਲਾ ਵਿੱਚ ਅਜਿਹੇ ਹਥਿਆਰਾਂ ਦੇ ਆਉਣ ਨਾਲ ਅਮਰੀਕਾ ਦੀ ਫ਼ਿਕਰ ਵਧਣੀ ਤੈਅ ਹੈ।

ਇਸ ਸਥਿਤੀ ਵਿੱਚ ਜੇ ਚੀਨ ਤਾਇਵਾਨ ਨੂੰ ਆਪਣੇ ਅਧਿਕਾਰ ਵਿੱਚ ਲੈਣ ਲਈ ਹਮਲਾ ਕਰਦਾ ਹੈ ਤਾਂ ਅਮਰੀਕਾ ਨੂੰ ਦਖ਼ਲ ਦੇਣ ਤੋਂ ਪਹਿਲਾਂ ਦੋ ਵਾਰ ਸੋਚਣਾ ਪਵੇਗਾ।

ਇਸੇ ਤਰ੍ਹਾਂ ਰੂਸ ਵੀ ਜੋ ਕਿ ਹਥਿਆਰਾਂ ਅਤੇ ਸਾਈਬਰ ਹਮਲਿਆਂ ਦੀ ਸਮਰੱਥਾ ਨਾਲ ਲੈਸ ਹੈ ਯੂਕਰੇਨ ਦੇ ਬਾਰਡਰ ਉੱਪਰ ਆਪਣੀ ਨਫ਼ਰੀ ਵਧਾ ਰਿਹਾ ਹੈ।

ਇਸੇ ਤਰ੍ਹਾਂ ਬ੍ਰਿਟੇਨ ਨੇ ਰਵਾਇਤੀ ਕਿਸਮ ਦੇ ਫ਼ੌਜੀ ਸਰੋਤਾਂ ਉੱਪਰ ਬਜਟ ਵਿੱਚ ਕਟੌਤੀ ਕਰਨ ਅਤੇ ਟੈਕਨੌਲੋਜੀ ਵਿੱਚ ਨਿਵੇਸ਼ ਵਧਾਉਣ ਦਾ ਫ਼ੈਸਲਾ ਲਿਆ ਹੈ।

ਭਵਿੱਖੀ ਯੁੱਧਕਲਾ ਦੇ ਮਾਹਰ ਫਰੈਂਜ਼ ਸਟੈਫ਼ਿਨ ਗੈਡੀ ਮੁਤਾਬਕ ਇਸ ਫੇਰਬਦਲ ਦਾ ਆਉਣ ਵਾਲੇ 20 ਸਾਲਾਂ ਵਿੱਚ ਤਾਂ ਫ਼ਾਇਦਾ ਹੋ ਸਕਦਾ ਹੈ ਪਰ ਉਸ ਤੋਂ ਪਹਿਲਾਂ ਇਹ ਇੱਕ ਖ਼ਤਰਨਾਕ ਪਾੜਾ ਹੈ।

"ਆਉਣ ਵਾਲੇ ਪੰਜ ਤੋਂ 10 ਸਾਲਾਂ ਵਿੱਚ ਹੋਰ ਕਟੌਤੀ ਹੋ ਸਕਦੀ ਹੈ। ਇਸ ਲਿਹਾਜ਼ ਨਾਲ ਆਉਣ ਵਾਲੇ ਸਾਲ ਖ਼ਤਰਨਾਕ ਹਨ ਜਦੋਂ ਇਨ੍ਹਾਂ ਭਵਿੱਖੀ ਤਕਨੀਕਾਂ ਵਿੱਚੋਂ ਕਈ ਅਜਿਹੀਆਂ ਵੀ ਹੋਣਗੀਆਂ ਜੋ ਕਿ ਅਜੇ ਇੰਨੀਆਂ ਵਿਕਸਤ ਨਹੀਂ ਹੋਈਆਂ ਹੋਣ ਕਿ ਯੁੱਧ ਦੇ ਮੈਦਾਨ ਵਿੱਚ ਵਰਤੀਆਂ ਜਾ ਸਕਣ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)