1971 ਦੀ ਜੰਗ: ਜਦੋਂ ਪਾਕਿਸਤਾਨੀ ਸੈਨਿਕਾਂ ਨੇ ਭਾਰਤ ਦੀ ਕੈਦ ਤੋਂ ਬਚਣ ਲਈ ਰਸੋਈ ਦੇ ਚਾਕੂਆਂ ਨਾਲ ਪੁੱਟੀ ਸੁਰੰਗ

    • ਲੇਖਕ, ਫਰਹਤ ਜਾਵੇਦ
    • ਰੋਲ, ਇਸਲਾਮਾਬਾਦ, ਬੀਬੀਸੀ ਉਰਦੂ

ਪੂਰਬੀ ਪਾਕਿਸਤਾਨ ਤੋਂ ਜੰਗੀ ਕੈਦੀਆਂ ਨੂੰ ਲੈ ਕੇ ਜਾਣ ਵਾਲੀ ਰੇਲ ਗੱਡੀ ਭਾਰਤ ਦੇ ਇੱਕ ਸਟੇਸ਼ਨ 'ਤੇ ਰੁਕੀ ਤਾਂ ਇੱਕ ਭਾਰਤੀ ਫੌਜ ਦੇ ਅਧਿਕਾਰੀ ਡੱਬੇ ਵਿੱਚ ਦਾਖਲ ਹੋਏ। ਅੰਦਰ ਵੜਦਿਆਂ ਹੀ ਉਨਾਂ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, "ਜੇ ਕੋਈ ਆਪਣੀ ਕਰੰਸੀ ਬਦਲਵਾਉਣਾ ਚਾਹੁੰਦਾ ਹੈ ਤਾਂ ਦੱਸ ਦੇਵੇ।"

ਇਹ ਕਹਿੰਦੇ ਹੀ ਉਸ ਡੱਬੇ 'ਚ ਮੌਜੂਦ ਪਾਕਿਸਤਾਨੀ ਫੌਜ ਦੇ ਕਈ ਅਫਸਰਾਂ ਨੇ ਆਪਣੀਆਂ ਜੇਬਾਂ 'ਚ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਜੇਬਾਂ ਫਰੋਲਣ ਤੋਂ ਬਾਅਦ ਉਨਾਂ ਨੂੰ ਜੋ ਪੈਸੇ ਮਿਲੇ, ਉਹ ਉਨਾਂ ਨੇ ਭਾਰਤੀ ਫੌਜ ਦੇ ਹੱਥੋਂ ਭਾਰਤੀ ਕਰੰਸੀ ਵਿੱਚ ਬਦਲਵਾ ਲਏ।

ਉਹ ਰੇਲ ਗੱਡੀ ਉਸ ਸਮੇਂ ਪੂਰਬੀ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ 'ਤੇ ਬੰਗਨ ਤੋਂ ਉੱਤਰ ਪ੍ਰਦੇਸ਼ ਵੱਲ ਜਾ ਰਹੀ ਸੀ। ਉਸ ਰੇਲ 'ਚ ਪਾਕਿਸਤਾਨੀ ਫੌਜ ਦੇ ਮੇਜਰ ਤਾਰਿਕ ਪਰਵੇਜ਼ ਵੀ ਸਵਾਰ ਸਨ।

ਮੇਜਰ ਤਾਰਿਕ ਪਰਵੇਜ਼ ਨੇ ਪੈਸੇ ਲੈ ਕੇ ਆਪਣੀ ਕਮੀਜ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਛੁਪਾ ਲਏ। ਭਾਵੇਂ ਉਨ੍ਹਾਂ ਦੇ ਸਾਥੀ ਫ਼ੌਜੀ ਅਧਿਕਾਰੀ ਖਾਣ-ਪੀਣ ਦਾ ਸਾਮਾਨ ਖ਼ਰੀਦ ਰਹੇ ਸਨ ਪਰ ਪਰਵੇਜ਼ ਮਨ ਵਿੱਚ ਕੁਝ ਹੋਰ ਹੀ ਯੋਜਨਾ ਬਣਾ ਰਹੇ ਸਨ।

ਇਹ ਗੱਲ ਦਸੰਬਰ 1971 ਦੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਭਾਰਤ ਅੱਗੇ ਆਤਮ ਸਮਰਪਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਸਨ। ਉਸ ਤੋਂ ਬਾਅਦ ਬੰਗਲਾਦੇਸ਼ ਹੋਂਦ ਵਿੱਚ ਆਇਆ ਸੀ।

ਇਸ ਹਾਰ ਤੋਂ ਬਾਅਦ ਹਜ਼ਾਰਾਂ ਪਾਕਿਸਤਾਨੀ ਫੌਜੀਆਂ ਨੂੰ ਜੰਗੀ ਕੈਦੀ ਐਲਾਨ ਕਰ ਦਿੱਤਾ ਗਿਆ। ਕੁਝ ਖੁਸ਼ਕਿਸਮਤ ਸਿਪਾਹੀਆਂ ਨੂੰ ਛੱਡ ਕੇ, ਬਾਕੀਆਂ ਨੇ ਅਗਲੇ ਕਈ ਸਾਲ ਭਾਰਤ ਦੇ ਵੱਖ-ਵੱਖ ਫੌਜੀ ਕੈਂਪਾਂ ਵਿੱਚ ਬਿਤਾਏ।

ਆਤਮ ਸਮਰਪਣ ਕਰਨ ਤੋਂ ਬਾਅਦ ਫ਼ੌਜੀ ਫ਼ਤਹਿਗੜ੍ਹ ਭੇਜੇ ਗਏ

ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰਨ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਵੱਖ-ਵੱਖ ਕੈਂਪਾਂ ਵਿੱਚ ਜੰਗੀ ਕੈਦੀਆਂ ਵਜੋਂ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ।

ਬੰਗਲਾਦੇਸ਼ ਵਿੱਚ ਦੰਗੇ ਹੋਣ ਅਤੇ ਪਾਕਿਸਤਾਨੀ ਸੈਨਿਕਾਂ ਉੱਪਰ ਹਮਲੇ ਹੋਣ ਦਾ ਖਤਰਾ ਸੀ। ਇਸ ਦੇ ਨਾਲ ਹੀ ਇੰਨੀ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਲੰਬੇ ਸਮੇਂ ਤੱਕ ਰੱਖਣ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਲਈ ਇਨ੍ਹਾਂ ਸੈਨਿਕਾਂ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ ਗਿਆ।

ਮੇਜਰ ਤਾਰਿਕ ਪਰਵੇਜ਼ ਅਤੇ ਉਨ੍ਹਾਂ ਦੇ ਚਚੇਰੇ ਭਰਾ ਮੇਜਰ ਨਾਦਿਰ ਪਰਵੇਜ਼ ਸਮੇਤ ਸੈਂਕੜੇ ਅਧਿਕਾਰੀ ਅਤੇ ਸਿਪਾਹੀ ਰੇਲ ਗੱਡੀ ਵਿੱਚ ਸਵਾਰ ਸਨ, ਜੋ ਵੱਖ-ਵੱਖ ਖੇਤਰਾਂ ਵਿੱਚੋਂ ਲੰਘਦੀ ਹੋਈ ਅੰਤ ਵਿੱਚ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਵਿੱਚ ਫਤਿਹਗੜ੍ਹ ਛਾਉਣੀ ਪਹੁੰਚੀ।

ਇੱਥੇ ਉਨ੍ਹਾਂ ਅਫ਼ਸਰਾਂ ਅਤੇ ਸਿਪਾਹੀਆਂ ਨੇ ਅਗਲੇ ਢਾਈ ਸਾਲ ਜੰਗੀ ਕੈਦੀਆਂ ਲਈ ਬਣੇ ਕੈਂਪ ਵਿੱਚ ਬਿਤਾਉਣੇ ਸਨ।

ਜੇਲ੍ਹ ਵਿੱਚੋਂ ਭੱਜਣ ਦੀ ਯੋਜਨਾ ਤਾਂ ਉਸੇ ਸਮੇਂ ਬਣਨੀ ਸ਼ੁਰੂ ਹੋ ਗਈ ਸੀ ਜਦੋਂ ਆਤਮ-ਸਮਰਪਣ ਦੀ ਖ਼ਬਰ ਛਾਉਣੀਆਂ ਰਾਹੀਂ ਅਗਲੇ ਮੋਰਚਿਆਂ ਤੱਕ ਪਹੁੰਚ ਗਈ ਸੀ। ਇਨ੍ਹਾਂ ਵਿੱਚੋਂ ਕਈ ਸਿਪਾਹੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ।

ਚੇਤੇ ਰਹੇ ਕਿ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ, ਹਰ ਜੰਗੀ ਕੈਦੀ ਨੂੰ ਦੁਸ਼ਮਣ ਦੀ ਕੈਦ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਅਧਿਕਾਰ ਹੈ ਅਤੇ ਅਜਿਹਾ ਕਰਦੇ ਹੋਏ ਫੜੇ ਜਾਣ 'ਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ।

ਮੇਜਰ ਤਾਰਿਕ ਪਰਵੇਜ਼ ਅਤੇ ਉਨ੍ਹਾਂ ਦੇ ਸਾਥੀ ਇਸ ਤਾਕ ਵਿੱਚ ਸਨ ਕਿ ਸ਼ਾਇਦ ਕਿਸੇ ਭਾਰਤੀ ਫੌਜੀ ਤੋਂ ਕੋਈ ਗਲਤੀ ਹੋ ਜਾਵੇ ਅਤੇ ਉਹ ਮੌਕਾ ਮਿਲਦੇ ਹੀ ਰੇਲ ਗੱਡੀ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਜਾਣ, ਪਰ ਦਿਲਚਸਪ ਗੱਲ ਇਹ ਹੈ ਕਿ ਕੋਈ ਵੀ ਭਾਰਤੀ ਫੌਜੀ ਟੱਸ ਤੋਂ ਮੱਸ ਨਹੀਂ ਹੋਇਆ।

ਮੇਜਰ ਤਾਰਿਕ ਪਰਵੇਜ਼ ਅਤੇ ਉਨ੍ਹਾਂ ਦੇ ਨਾਲ ਆਏ ਕੈਦੀਆਂ ਨੂੰ ਫਤਿਹਗੜ੍ਹ ਛਾਉਣੀ ਦੇ ਕੈਂਪ ਨੰਬਰ 45 ਵਿੱਚ ਰੱਖਿਆ ਗਿਆ ਸੀ। ਇਸ ਕੈਂਪ ਵਿੱਚ ਅਫਸਰਾਂ ਲਈ ਦੋ ਲੰਬੀਆਂ ਬੈਰਕਾਂ ਸਨ ਅਤੇ ਇੱਕ ਬੈਰਕ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਸੀ।

ਇੱਕ ਹਿੱਸਾ ਜੂਨੀਅਰ ਅਫਸਰਾਂ ਲਈ ਸੀ ਜਦੋਂਕਿ ਦੂਜਾ ਹਿੱਸਾ ਮਨੋਰੰਜਨ ਲਈ, ਤੀਜਾ ਹਿੱਸਾ ਡਾਇਨਿੰਗ ਹਾਲ ਲਈ ਅਤੇ ਚੌਥਾ ਹਿੱਸਾ ਅਰਦਲੀਆਂ ਲਈ ਸੀ।

ਇੱਕ ਹਿੱਸੇ ਵਿੱਚ ਰਸੋਈ ਅਤੇ ਸਟੋਰ ਰੂਮ ਵੀ ਸੀ। ਦੂਜੀ ਬੈਰਕ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਹਿੱਸਾ ਅੱਠ ਫੁੱਟ ਲੰਬਾ ਸੀ ਜਿਸ ਵਿੱਚ ਪੰਜ ਲੱਕੜ ਦੇ ਬਾਥਰੂਮ ਸਨ, ਜਦਕਿ ਦੂਜੇ ਹਿੱਸੇ ਵਿੱਚ 43 ਅਫ਼ਸਰਾਂ ਨੇ ਰਹਿਣਾ ਸੀ।

ਇਨ੍ਹਾਂ ਆਰਜ਼ੀ ਬਾਥਰੂਮਾਂ ਦੇ ਨਾਲ-ਨਾਲ ਡੂੰਘੇ ਟੋਏ ਵਾਲਾ ਟਾਇਲਟ ਵੀ ਬਣਾਇਆ ਗਿਆ ਸੀ। ਇਹ ਉਹ ਬੈਰਕ ਸੀ ਜਿੱਥੇ ਮੇਜਰ ਤਾਰਿਕ ਪਰਵੇਜ਼ ਨੂੰ ਕੈਦ ਕੀਤਾ ਗਿਆ ਸੀ ਅਤੇ ਇਹ ਉਹ ਬਾਥਰੂਮ ਸੀ ਜਿੱਥੋਂ ਭੱਜਣ ਦੀ ਯੋਜਨਾ ਸ਼ੁਰੂ ਹੋਈ ਸੀ।

ਭੱਜਣ ਦੀ ਯੋਜਨਾ ਕਿਵੇਂ ਬਣਾਈ ?

ਇਸ ਤੋਂ ਬਾਅਦ ਮੇਜਰ ਤਾਰਿਕ ਪਰਵੇਜ਼ ਪਾਕਿਸਤਾਨੀ ਫੌਜ ਵਿੱਚ ਲੈਫਟੀਨੈਂਟ ਜਨਰਲ ਦੇ ਅਹੁਦੇ ਤੱਕ ਪਹੁੰਚ ਗਏ। ਉਨ੍ਹਾਂ ਨੇ ਬੰਗਲਾਦੇਸ਼ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਪਾਕਿਸਤਾਨੀ ਜੰਗੀ ਕੈਦੀਆਂ ਨਾਲ ਹੋਈਆਂ ਘਟਨਾਵਾਂ ਅਤੇ ਕੈਂਪ ਨੰਬਰ 45 ਤੋਂ ਉਨ੍ਹਾਂ ਦੇ ਭੱਜਣ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਤਾਰਿਕ ਪਰਵੇਜ਼ ਨੇ ਦੱਸਿਆ ਕਿ ਭੱਜਣ ਲਈ ਤਿਆਰ ਪਾਕਿਸਤਾਨੀ ਫੌਜੀ ਅਫਸਰਾਂ ਨੇ ਪਹਿਲਾਂ ਕੱਪੜਿਆਂ ਦਾ ਇੱਕ ਇੱਕ ਜੋੜਾ ਛੁਪਾ ਲਿਆ। ਫਿਰ ਕਰੰਸੀ ਛੁਪਾ ਦਿੱਤੀ। ਉਨ੍ਹਾਂ ਅਫਸਰਾਂ ਨੇ ਜੇਲ੍ਹ ਵਿੱਚ ਫੋਟੋਆਂ ਖਿਚਵਾਉਣ ਲਈ ਦਾੜ੍ਹੀ ਵਧਾ ਲਈ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਫਰਾਰ ਹੋਣ ਤੋਂ ਬਾਅਦ ਕੁਝ ਹੱਦ ਤੱਕ ਆਪਣਾ ਚਿਹਰਾ ਬਦਲ ਸਕਣ।

ਇਹ ਵੀ ਪੜ੍ਹੋ-

ਕੱਪੜੇ ਇਸ ਲਈ ਲੁਕਾਏ ਗਏ ਸਨ ਕਿਉਂਕਿ ਉਨ੍ਹਾਂ ਨੂੰ ਮਿਲੇ ਜੇਲ੍ਹ ਵਾਲੇ ਸਰਕਾਰੀ ਕੱਪੜਿਆਂ 'ਤੇ ਪੀ ਓ ਡਬਲਯੂ (ਪ੍ਰੀਜ਼ਨਰ ਆਫ਼ ਵਾਰ) ਯਾਨੀ ਜੰਗ ਦੇ ਕੈਦੀ ਦੀ ਮੋਹਰ ਲੱਗੀ ਹੋਈ ਸੀ।

ਇੰਨੀ ਸਖ਼ਤ ਸੁਰੱਖਿਆ 'ਚੋਂ ਭੱਜਣਾ ਆਸਾਨ ਨਹੀਂ ਸੀ। ਭਾਰਤੀ ਫੌਜ ਨੇ ਜੇਲ੍ਹਾਂ ਨੂੰ ਇੰਨਾ ਫੁਲਪਰੂਫ ਬਣਾ ਦਿੱਤਾ ਤਾਂ ਜੋ ਕੋਈ ਭੱਜ ਨਾ ਸਕੇ। ਕੈਂਪ ਵਿੱਚ ਕੰਡਿਆਲੀ ਤਾਰ ਦੀਆਂ ਪੰਜ ਲਾਈਨਾਂ ਸਨ, ਜਿਨ੍ਹਾਂ ਵਿੱਚ 50 ਗਜ਼ ਦੀ ਦੂਰੀ 'ਤੇ ਵਾਚ ਟਾਵਰ ਸਨ, ਸਾਰੇ ਵਾਚ ਟਾਵਰਾਂ 'ਤੇ ਸਰਚ ਲਾਈਟਾਂ ਅਤੇ ਹਰ 20 ਗਜ਼ 'ਤੇ ਇੱਕ ਟਿਊਬ ਲਾਈਟ ਲੱਗੀ ਹੋਈ ਸੀ।

ਉਨ੍ਹਾਂ ਦੀ ਨਜ਼ਰਬੰਦੀ ਦੇ ਕੁਝ ਹੀ ਦਿਨਾਂ ਬਾਅਦ, ਦੋਵੇਂ ਚਚੇਰੇ ਭਰਾਵਾਂ, ਮੇਜਰ ਤਾਰਿਕ ਪਰਵੇਜ਼ ਅਤੇ ਮੇਜਰ ਨਾਦਿਰ ਪਰਵੇਜ਼ ਨੇ ਕੁਝ ਹੋਰ ਅਫਸਰਾਂ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਿਆ ਅਤੇ ਭੱਜਣ ਦੀ ਯੋਜਨਾ ਬਣਾਈ ਗਈ।

ਫੈਸਲਾ ਕੀਤਾ ਗਿਆ ਕਿ ਹੋਰ ਕੋਈ ਰਸਤਾ ਤਾਂ ਹੈ ਨਹੀਂ, ਇਸ ਲਈ ਕਿਉਂ ਨਾ ਇੱਕ ਸੁਰੰਗ ਪੁੱਟੀ ਜਾਵੇ। ਬਾਥਰੂਮ ਲਾਈਨ ਵਿੱਚ ਆਖਰੀ ਬਾਥਰੂਮ ਨੂੰ ਸੁਰੰਗ ਪੁੱਟਣ ਲਈ ਚੁਣਿਆ ਗਿਆ। ਇਹ ਬਾਥਰੂਮ ਕੈਂਪ ਦੀ ਬਾਹਰਲੀ ਕੰਧ ਦੇ ਸਭ ਤੋਂ ਨੇੜੇ ਸੀ ਅਤੇ ਇੱਥੇ ਇੱਕ ਕੋਨੇ ਵਿੱਚ ਬਲਬ ਦੀ ਰੌਸ਼ਨੀ ਵੀ ਨਹੀਂ ਸੀ।

ਇੱਥੇ ਹੀ ਸੁਰੰਗ ਪੁੱਟੀ ਜਾਣੀ ਸੀ। ਸੁਰੰਗ ਕਿਵੇਂ ਪੁੱਟੀ ਜਾਵੇ, ਇਹ ਸਮੱਸਿਆ ਵੀ ਜਲਦੀ ਹੱਲ ਹੋ ਗਈ।

ਲੈਫਟੀਨੈਂਟ ਜਨਰਲ (ਸੇਵਾਮੁਕਤ) ਤਾਰਿਕ ਪਰਵੇਜ਼ ਦੱਸਦੇ ਹਨ ਕਿ ਸੁਰੰਗ ਪੁੱਟਣ ਲਈ ਕਮਰੇ ਵਿੱਚ ਕੱਪੜੇ ਲਟਕਾਉਣ ਲਈ ਇੱਕ ਡੰਡੇ ਦੇ ਹੁੱਕ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ।

ਪਰ ਬਾਥਰੂਮ ਦਾ ਫਰਸ਼ ਪੱਕਾ ਸੀ ਅਤੇ ਇਸ ਨੂੰ ਤੋੜਦੇ ਤਾਂ ਖੜਕਾ ਹੁੰਦਾ। ਭਾਰਤੀ ਜਵਾਨ ਚੌਵੀ ਘੰਟੇ ਪਹਿਰਾ ਦਿੰਦੇ ਸਨ, ਪਰ ਇਸ ਦਾ ਹੱਲ ਵੀ ਲੱਭ ਗਿਆ।

ਫਤਿਹਗੜ੍ਹ ਛਾਉਣੀ ਰਾਜਪੂਤ ਰੈਜੀਮੈਂਟ ਦਾ ਸਿਖਲਾਈ ਕੇਂਦਰ ਸੀ। ਕੈਂਪ ਦੇ ਨੇੜੇ ਇੱਕ ਫਾਇਰਿੰਗ ਰੇਂਜ ਸੀ ਜਿੱਥੇ ਭਾਰਤੀ ਸੈਨਿਕ ਰਾਈਫਲ ਫਾਇਰਿੰਗ ਦਾ ਅਭਿਆਸ ਕਰਦੇ ਸਨ। ਉਨ੍ਹਾਂ ਦੇ ਅਭਿਆਸ ਦੇ ਸਮੇਂ ਦੇ ਘੰਟੇ ਨੋਟ ਕੀਤੇ ਗਏ।

ਤਾਰਿਕ ਪਰਵੇਜ਼ ਦੱਸਦੇ ਹਨ: "ਸੁਰੰਗ ਬਣਾਉਣ ਲਈ ਵਰਤਿਆ ਜਾਣ ਵਾਲਾ ਪਹਿਲਾ ਹਥਿਆਰ ਹੁੱਕ ਸੀ। ਜਦੋਂ ਉਹ ਫਾਇਰ ਕਰਦੇ ਤਾਂ ਮੈਂ ਸਰੀਏ ਨਾਲ ਸੱਟ ਲਗਾਉਂਦਾ। ਉੱਧਰ ਫਾਇਰ ਹੁੰਦਾ, ਇੱਧਰ ਠਕ ਠਕ ਠਕ... ਇਹ ਕਰਦੇ-ਕਰਦੇ ਅਸੀਂ ਫਰਸ਼ ਤੋੜ ਦਿੱਤਾ।"

ਇਸ ਤਰ੍ਹਾਂ ਕਰਦੇ-ਕਰਦੇ ਸੁਰੰਗ ਦਾ ਟੋਆ ਤਾਂ ਬਣ ਗਿਆ ਸੀ ਪਰ ਹੁਣ ਮੁਸ਼ਕਿਲ ਇਹ ਸੀ ਕਿ ਇਸ ਨੂੰ ਕਿਵੇਂ ਛੁਪਾਇਆ ਜਾਵੇ। ਇੱਕ ਵਾਰ ਫਿਰ ਕੈਦੀ ਅਫਸਰਾਂ ਦੀ ਗੁਪਤ 'ਮੀਟਿੰਗ' ਹੋਈ।

ਖੁਸ਼ਕਿਸਮਤੀ ਨਾਲ, ਇਨ੍ਹਾਂ ਅਫਸਰਾਂ ਵਿੱਚੋਂ ਇੱਕ ਮੇਜਰ ਰਿਜ਼ਵਾਨ ਸਨ, ਜੋ ਪਾਕਿਸਤਾਨ ਇੰਜੀਨੀਅਰਜ਼ ਕੋਰ ਵਿੱਚ ਇੱਕ ਅਧਿਕਾਰੀ ਸਨ। ਉਨ੍ਹਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਢੱਕਣ ਬਣਾਉਣ ਲਈ ਕਿਹਾ ਗਿਆ ਸੀ ਜੋ ਉਸ ਟੋਏ ਨੂੰ ਢੱਕ ਸਕੇ ਅਤੇ ਇਹ ਪਤਾ ਨਾ ਲੱਗ ਸਕੇ ਕਿ ਇਹ ਫਰਸ਼ ਇੱਥੋਂ ਟੁੱਟਿਆ ਹੋਇਆ ਹੈ। ਮੇਜਰ ਰਿਜ਼ਵਾਨ ਦੀ ਮਦਦ ਨਾਲ ਲੋਹੇ ਦੇ ਮੰਜੇ ਤੋਂ ਤਾਰ ਕੱਢ ਕੇ ਮੈਨਹੋਲ ਦਾ ਢੱਕਣ ਬਣਾਇਆ ਗਿਆ।

ਹੁਣ ਰਸੋਈ ਵਿੱਚੋਂ ਇੱਕ ਵੱਡਾ ਚਾਕੂ ਚੋਰੀ ਕਰ ਲਿਆ ਗਿਆ ਅਤੇ ਇਸ ਚਾਕੂ ਨਾਲ ਸੁਰੰਗ ਨੂੰ ਪੁੱਟਣ ਦਾ ਕੰਮ ਸ਼ੁਰੂ ਹੋ ਗਿਆ। ਛਾਉਣੀ ਦੇ ਅੱਗੇ ਨਦੀ ਸੀ, ਇਸ ਲਈ ਉਥੋਂ ਦੀ ਜ਼ਮੀਨ ਥੋੜ੍ਹੀ ਨਰਮ ਸੀ।

ਤਾਰਿਕ ਪਰਵੇਜ਼ ਬੜੇ ਮਾਣ ਨਾਲ ਕਹਿੰਦੇ ਹਨ, "ਰਸੋਈ ਦਾ ਇੱਕ ਚਾਕੂ ਸੀ ਅਤੇ ਅਸੀਂ ਪੂਰੀ ਸੁਰੰਗ ਬਣਾ ਦਿੱਤੀ।"

ਅਗਲਾ ਕੰਮ ਇਹ ਸੀ ਕਿ ਪੁੱਟੀ ਹੋਈ ਮਿੱਟੀ ਦਾ ਕੀ ਕਰਨਾ ਹੈ। ਇਸ ਬਾਰੇ ਤਾਰਿਕ ਪਰਵੇਜ਼ ਨੇ ਦੱਸਿਆ ਕਿ ਉਸ ਨੇ ਇਸ ਮਿੱਟੀ ਨੂੰ ਇੱਕ ਲੋਟੇ ਵਿੱਚ ਭਰ ਕੇ ਟਾਇਲਟ ਦੇ ਹੇਠਾਂ ਟੋਏ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸੁਰੰਗ ਪੁੱਟਣ ਵਿੱਚ ਲੱਗੇ ਅਧਿਕਾਰੀ ਗਰੁਪਾਂ ਵਿੱਚ ਵੰਡ ਦਿੱਤੇ ਗਏ। ਵੱਖ-ਵੱਖ ਜ਼ਿੰਮੇਦਾਰੀਆਂ ਵਿੱਚ ਕੁਝ ਸੁਰੰਗ ਦੀ ਖੁਦਾਈ ਲਈ ਜ਼ਿੰਮੇਦਾਰ ਸਨ, ਕੁਝ ਦਾ ਕੰਮ ਸਿਕਿਓਰਿਟੀ ਅਤੇ ਭਾਰਤੀ ਸੰਤਰੀਆਂ ਦੀ ਨਿਗਰਾਨੀ ਕਰਨਾ ਸੀ ਅਤੇ ਤੀਜਾ ਗਰੁੱਪ ਮਿੱਟੀ ਦੇ ਨਿਪਟਾਰੇ ਲਈ ਜ਼ਿੰਮੇਵਾਰ ਸੀ।

ਤਾਰਿਕ ਪਰਵੇਜ਼ ਹੱਸਦੇ ਹੋਏ ਕਹਿੰਦੇ ਹਨ, "ਭਾਰਤੀ ਸੈਨਿਕਾਂ ਨੇ ਕਦੇ ਇਹ ਨਹੀਂ ਦੇਖਿਆ ਕਿ ਖੱਡੇ ਦੀ ਡੂੰਘਾਈ ਘਟ ਰਹੀ ਹੈ ਅਤੇ ਮਿੱਟੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ।"

ਜਨਵਰੀ 1972 ਵਿੱਚ ਸ਼ੁਰੂ ਹੋਈ ਸੁਰੰਗ ਦੀ ਖੁਦਾਈ ਦਾ ਕੰਮ ਅਗਲੇ ਸੱਤ ਮਹੀਨਿਆਂ ਤੱਕ ਜਾਰੀ ਰਿਹਾ।

ਫਤਿਹਗੜ੍ਹ ਤੋਂ ਕਿਵੇਂ ਹੋਏ ਫਰਾਰ

ਤਾਰਿਕ ਪਰਵੇਜ਼ ਦੇ ਨਾਲ ਫਰਾਰ ਹੋਏ ਫੌਜੀ ਅਫਸਰ ਕੈਪਟਨ ਨੂਰ ਅਹਿਮਦ ਕਾਇਮ ਖਾਨੀ ਨੇ 'ਹਿਕਾਯਤ' ਮੈਗਜ਼ੀਨ ਦੇ ਸੰਪਾਦਕ ਇਨਾਇਤਉੱਲਾ ਨਾਲ ਆਪਣੇ ਫਰਾਰ ਹੋਣ ਦੀ ਇਹ ਪੂਰੀ ਕਹਾਣੀ ਆਪਣੀ ਕਿਤਾਬ 'ਫਤਿਹਗੜ੍ਹ ਤੋਂ ਫਰਾਰ ਤੱਕ' ਵਿੱਚ ਲਿਖੀ ਹੈ।

ਉਹ ਲਿਖਦੇ ਹਨ ਕਿ ਭਾਰਤੀ ਅਫ਼ਸਰ ਆ ਕੇ ਟੋਹਰਾਂ ਮਾਰਦੇ ਸਨ ਕਿ ਉਨ੍ਹਾਂ ਦੇ ਕੈਂਪ ਦੀ ਸੁਰੱਖਿਆ ਇੰਨੀ ਸਖਤ ਹੈ ਕਿ ਕੋਈ ਵੀ ਉੱਥੋਂ ਭੱਜ ਨਹੀਂ ਸਕਦਾ। ਅਜਿਹੇ 'ਚ ਜਿੱਥੇ ਇੱਕ ਪਾਸੇ ਕੁਝ ਪਾਕਿਸਤਾਨੀ ਫੌਜੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ, ਉੱਥੇ ਹੀ ਦੂਜੇ ਪਾਸੇ ਜਦੋਂ ਇਹ ਗੱਲਬਾਤ ਚੱਲ ਰਹੀ ਹੁੰਦੀ ਤਾਂ ਕੁਝ ਕਦਮਾਂ ਦੀ ਦੂਰੀ 'ਤੇ ਕਈ ਫੁੱਟ ਡੂੰਘੀ ਸੁਰੰਗ ਪੁੱਟਣ ਦਾ ਕੰਮ ਚੱਲ ਰਿਹਾ ਹੁੰਦਾ ਸੀ।

ਤਾਰਿਕ ਪਰਵੇਜ਼ ਦਾ ਕਹਿਣਾ ਹੈ ਕਿ ਜਦੋਂ ਭਾਰਤੀ ਫੌਜੀ ਚੈਕਿੰਗ ਲਈ ਆਉਂਦੇ ਤਾਂ ਸਾਰੇ ਮੁੰਡੇ ਭੱਜ ਕੇ ਬਾਥਰੂਮ ਵਿੱਚ ਕੱਪੜੇ ਬਦਲਣ ਚਲੇ ਜਾਂਦੇ। ਪਰ ਜਿਸ ਬਾਥਰੂਮ ਵਿੱਚ ਸੁਰੰਗ ਪੁੱਟੀ ਜਾ ਰਹੀ ਸੀ, ਉਸ ਅੰਦਰਲਾ ਮੁੰਡਾ ਛੇਤੀ ਬਾਹਰ ਨਾ ਆਉਂਦਾ ਤੇ ਉਹ ਲਗਾਤਾਰ ਇਸ਼ਨਾਨ ਕਰਦਾ ਰਹਿੰਦਾ।

ਕੈਪਟਨ ਨੂਰ ਕਾਇਮ ਖਾਨੀ ਲਿਖਦੇ ਹਨ ਕਿ 16 ਸਤੰਬਰ 1972 ਤੱਕ ਸੁਰੰਗ ਕੈਂਪ ਦੀ ਹੱਦ ਤੋਂ ਬਾਹਰ ਹੋ ਗਈ ਸੀ, ਜਿਸ ਤੋਂ ਬਾਅਦ ਮੇਜਰ ਨਾਦਿਰ ਪਰਵੇਜ਼, ਤਾਰਿਕ ਪਰਵੇਜ਼ ਅਤੇ ਕੈਪਟਨ ਨੂਰ ਸਮੇਤ ਪੰਜ ਅਫਸਰਾਂ ਨੇ 17 ਸਤੰਬਰ ਦੀ ਰਾਤ ਨੂੰ ਭਾਰਤੀ ਫੌਜ ਦੁਆਰਾ ਕੈਦੀਆਂ ਦੀ ਗਿਣਤੀ ਕਰਨ ਤੋਂ ਬਾਅਦ ਉੱਥੋਂ ਨਿਕਲਣ ਦੀ ਯੋਜਨਾ ਬਣਾਈ।

17 ਸਤੰਬਰ ਦੀ ਰਾਤ ਨੂੰ ਮੇਜਰ ਨਾਦਿਰ ਪਰਵੇਜ਼, ਉਨ੍ਹਾਂ ਦੇ ਚਚੇਰੇ ਭਰਾ ਮੇਜਰ ਤਾਰਿਕ ਪਰਵੇਜ਼ ਅਤੇ ਕੈਪਟਨ ਨੂਰ ਕਾਇਮ ਖਾਨੀ ਨਿੱਕਲੇ ਜਦਕਿ ਉਨ੍ਹਾਂ ਤੋਂ ਕੁਝ ਘੰਟਿਆਂ ਬਾਅਦ ਕੈਪਟਨ ਜ਼ਫਰ ਹਸਨ ਗੁਲ ਅਤੇ ਲੈਫਟੀਨੈਂਟ ਯਾਸੀਨ ਕੈਂਪ ਛੱਡ ਕੇ ਭੱਜ ਗਏ।

ਇਨ੍ਹਾਂ ਜਵਾਨਾਂ ਨੇ ਪਾਕਿਸਤਾਨ ਦੀ ਵਰਦੀ ਪਾਈ ਅਤੇ ਸੁਰੰਗ ਤੋਂ ਬਾਹਰ ਆ ਗਏ। ਇਸ ਫੈਸਲੇ ਦਾ ਕਾਰਨ ਇਹ ਸੀ ਕਿ ਜੇਕਰ ਗੋਲੀ ਚਲਾਈ ਗਈ ਤਾਂ ਉਹ ਸੈਨਾ ਦੀ ਵਰਦੀ ਵਿੱਚ ਹੀ ਮਰਨਗੇ।

ਤਾਰਿਕ ਪਰਵੇਜ਼ ਕਹਿੰਦੇ ਹਨ, "ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਜੋ ਵੀ ਅਧਿਕਾਰੀ ਗਰੁੱਪਾਂ ਵਿੱਚ ਬਾਹਰ ਜਾਣਾ ਚਾਹੁੰਦੇ ਹਨ, ਉਹ ਆਪਣੀ ਯੋਜਨਾ ਬਣਾਉਣ ਅਤੇ ਇਸ ਬਾਰੇ ਕਿਸੇ ਹੋਰ ਗਰੁੱਪ ਨੂੰ ਨਾ ਦੱਸਣ, ਤਾਂ ਜੋ ਫੜੇ ਜਾਣ 'ਤੇ, ਤਸ਼ੱਦਦ ਹੋਣ 'ਦੇ ਬਾਵਜੂਦ ਅਸੀਂ ਇੱਕ-ਦੂਜੇ ਬਾਰੇ ਕੁਝ ਨਾ ਦੱਸ ਸਕੀਏ।''

ਉਨਾਂ ਦਾ ਕਹਿਣਾ ਹੈ ਕਿ ਪੰਜ ਅਧਿਕਾਰੀਆਂ ਤੋਂ ਇਲਾਵਾ ਕੋਈ ਵੀ ਇਸ ਲਈ ਬਾਹਰ ਨਹੀਂ ਆਇਆ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਭਾਰਤੀ ਕਰੰਸੀ ਤੇ ਨਾ ਹੀ ਅਜਿਹੇ ਕੱਪੜੇ ਸਨ, ਜਿਨ੍ਹਾਂ ਉਪਰ ਪੀ ਓ ਡਬਲਯੂ ਦੀ ਮੋਹਰ ਨਾ ਹੋਵੇ।

"ਇਸ ਦੇ ਨਾਲ ਹੀ, ਫਰਾਰ ਹੋਣ ਦਾ ਫੈਸਲਾ ਇੱਕ ਮੁਸ਼ਕਿਲ ਕਦਮ ਹੈ। ਹਰ ਕੋਈ ਜਾਣਦਾ ਸੀ ਕਿ ਇੱਕ ਦਿਨ ਪਾਕਿਸਤਾਨੀ ਜੰਗੀ ਕੈਦੀ ਆਪਣੇ ਵਤਨ ਪਰਤ ਆਉਣਗੇ, ਪਰ ਜੇ ਉਹ ਭੱਜਦੇ ਹੋਏ ਫੜੇ ਗਏ ਤਾਂ ਉਨ੍ਹਾਂ ਨੂੰ ਗੋਲੀ ਮਾਰੀ ਜਾ ਸਕਦੀ ਹੈ। ਇਸ ਲਈ ਪੰਜ ਅਧਿਕਾਰੀਆਂ ਨੂੰ ਛੱਡ ਕੇ ਕਿਸੇ ਨੇ ਜੋਖਮ ਨਹੀਂ ਲਿਆ।"

ਫਰਾਰ ਹੋਣ ਵਾਲੇ ਪਹਿਲੇ ਤਿੰਨ ਸੈਨਿਕਾਂ (ਮੇਜਰ ਤਾਰਿਕ, ਮੇਜਰ ਨਾਦਿਰ ਅਤੇ ਕੈਪਟਨ ਨੂਰ ਅਹਿਮਦ ਕਾਇਮ ਖਾਨੀ) ਨੇ ਬਾਹਰ ਆ ਕੇ ਆਪਣੇ ਕੱਪੜੇ ਬਦਲ ਲਏ ਅਤੇ ਦਾੜ੍ਹੀਆਂ ਮੁੰਨ ਦਿੱਤੀਆਂ। ਇਸ ਤਰ੍ਹਾਂ ਉਨ੍ਹਾਂ ਦੀ ਦਿੱਖ, ਉਨ੍ਹਾਂ ਦੀਆਂ ਤਸਵੀਰਾਂ ਤੋਂ ਕੁਝ ਵੱਖਰੀ ਹੋ ਗਈ ਜੋ ਅਗਲੇ ਦਿਨਾਂ ਵਿੱਚ ਭਾਰਤ ਦੀਆਂ ਅਖਬਾਰਾਂ ਵਿੱਚ ਛਪਣੀਆਂ ਸਨ।

ਜਦੋਂ ਇਨ੍ਹਾਂ ਜਵਾਨਾਂ ਦੇ ਭੱਜਣ ਦੀ ਖ਼ਬਰ ਭਾਰਤੀ ਅਖ਼ਬਾਰਾਂ ਵਿੱਚ ਛਪੀ ਤਾਂ ਪਾਕਿਸਤਾਨ ਦੀ ਫ਼ੌਜੀ ਲੀਡਰਸ਼ਿਪ ਨੇ ਭਾਰਤ ਨਾਲ ਲੱਗਦੀ ਸਰਹੱਦ 'ਤੇ ਹੁਕਮ ਦਿੱਤਾ ਕਿ ਸਰਹੱਦ ਜਾਂ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ।

ਹਾਲਾਂਕਿ ਫਰਾਰ ਹੋਏ ਅਧਿਕਾਰੀਆਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਬਾਰੂਦੀ ਸੁਰੰਗਾਂ ਕਾਰਨ ਸਰਹੱਦੀ ਖੇਤਰਾਂ ਵਿੱਚ ਨਹੀਂ ਜਾਣਗੇ, ਸਗੋਂ ਸਮੁੰਦਰੀ ਰਸਤੇ ਜਾਂ ਨੇਪਾਲ ਸਥਿਤ ਪਾਕਿਸਤਾਨੀ ਦੂਤਾਵਾਸ ਪਹੁੰਚ ਕੇ ਆਪਣੇ ਵਤਨ ਵਾਪਸ ਜਾਣ ਦਾ ਪ੍ਰਬੰਧ ਕਰਨਗੇ।

ਲੈਫਟੀਨੈਂਟ ਜਨਰਲ (ਸੇਵਾਮੁਕਤ) ਤਾਰਿਕ ਪਰਵੇਜ਼ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਸਿਰਫ਼ 10 ਰੁਪਏ ਰਹਿ ਗਏ ਸਨ ਤਾਂ ਇਹ ਤੈਅ ਕੀਤਾ ਗਿਆ ਕਿ ਹੁਣ ਹੋਰ ਤਾਂ ਕੁਝ ਨਹੀਂ ਹੋ ਸਕਦਾ, ਇਸ ਲਈ ਸਿਨੇਮਾ 'ਚ ਫਿਲਮ 'ਪਾਕੀਜ਼ਾ' ਦੇਖੀ ਜਾਵੇ।

"ਫਿਲਮ ਦੇਖੀ ਅਤੇ ਬਾਹਰ ਆ ਕੇ ਤਾਜ਼ਾ ਜੂਸ ਪੀਤਾ ਅਤੇ ਫਿਰ ਅਸੀਂ ਬੈਠ ਗਏ ਕਿ ਹੁਣ ਪੈਸੇ ਖਤਮ ਹੋ ਗਏ ਹਨ। ਅਸੀਂ ਇੱਥੇ ਕੁਝ ਮੁਸਲਮਾਨ ਪਰਿਵਾਰਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਅਤੇ ਕੁਝ ਲੋਕਾਂ ਨੂੰ ਵੀ ਮਿਲੇ ਪਰ ਕੋਈ ਵੀ ਮਦਦ ਕਰਨ ਲਈ ਤਿਆਰ ਨਹੀਂ ਸੀ।

ਆਖ਼ਰਕਾਰ, ਉਨ੍ਹਾਂ ਤਿੰਨਾਂ ਨੇ ਜਮਾਤ-ਏ-ਇਸਲਾਮੀ-ਹਿੰਦ ਦੇ ਇੱਕ ਮੈਂਬਰ ਨਾਲ ਸੰਪਰਕ ਕੀਤਾ ਜਿਸ ਨੇ ਉਨ੍ਹਾਂ ਨੂੰ ਲਖਨਊ ਲਈ ਟਿਕਟਾਂ ਦਿਵਾਈਆਂ ਅਤੇ ਲਖਨਊ ਦੇ ਕੁਝ ਲੋਕਾਂ ਨੂੰ ਚਿੱਠੀ ਲਿਖ ਕੇ ਮਦਦ ਮੰਗੀ।

"ਤੁਸੀਂ ਤਿੰਨੇਂ ਉਹੀ ਹੋ ਜੋ ਫਤਿਹਗੜ੍ਹ ਜੇਲ੍ਹ ਤੋਂ ਭੱਜੇ ਹੋ"

ਲਖਨਊ ਪਹੁੰਚ ਕੇ ਜਿਸ ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ, ਉਨ੍ਹਾਂ ਦੀ ਕਹਾਣੀ ਸੁਣ ਕੇ ਉਨ੍ਹਾਂ ਨੇ ਕਿਹਾ, "ਤੁਸੀਂ ਲੋਕ ਝੂਠ ਬੋਲ ਰਹੇ ਹੋ, ਤੁਸੀਂ ਤਿੰਨੇ ਉਹੀ ਹੋ ਜੋ ਕੁਝ ਦਿਨ ਪਹਿਲਾਂ ਫਤਿਹਗੜ੍ਹ ਜੇਲ੍ਹ ਤੋਂ ਫਰਾਰ ਹੋਏ ਸਨ।''

ਤਾਰਿਕ ਪਰਵੇਜ਼ ਅਨੁਸਾਰ ਉਸ ਪਰਿਵਾਰ ਦੇ ਇੱਕ ਬਜ਼ੁਰਗ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ 30 ਸਤੰਬਰ ਨੂੰ ਉਨ੍ਹਾਂ ਨੂੰ ਨੇਪਾਲ ਸਰਹੱਦ ਪਾਰ ਕਰਵਾ ਦਿੱਤੀ।

ਇੱਥੋਂ ਉਹ 70 ਮੀਲ ਪੈਦਲ ਚੱਲ ਕੇ ਨੇਪਾਲ ਦੇ ਸਰਹੱਦੀ ਖੇਤਰ ਭੇਰਵਾ ਪਹੁੰਚੇ ਅਤੇ ਇੱਥੋਂ ਦੇ ਇੱਕ ਮੁਸਲਮਾਨ ਪਿੰਡ ਦੀ ਮਸਜਿਦ ਵਿੱਚ ਠਹਿਰੇ। ਉੱਥੋਂ ਜਹਾਜ਼ ਦੀ ਟਿਕਟ ਖਰੀਦੀ ਗਈ ਅਤੇ ਨਾਦਿਰ ਪਰਵੇਜ਼ ਕਾਠਮੰਡੂ ਲਈ ਰਵਾਨਾ ਹੋ ਗਏ, ਜਿੱਥੇ ਉਹ ਪਾਕਿਸਤਾਨ ਦੇ ਦੂਤਾਵਾਸ ਪਹੁੰਚੇ ਅਤੇ ਬਾਕੀ ਦੋ ਅਧਿਕਾਰੀਆਂ ਲਈ ਵੀ ਟਿਕਟਾਂ ਭੇਜ ਦਿੱਤੀਆਂ।

ਤਾਰਿਕ ਪਰਵੇਜ਼ ਨੇ ਬੀਬੀਸੀ ਨੂੰ ਦੱਸਿਆ, "ਮੈਂ ਉਹ ਪਲ ਕਦੇ ਨਹੀਂ ਭੁੱਲ ਸਕਦਾ ਜਦੋਂ ਮੈਂ ਕਾਠਮੰਡੂ ਹਵਾਈ ਅੱਡੇ ਤੋਂ ਨਿੱਕਲ ਕੇ ਪਾਕਿਸਤਾਨ ਦੂਤਾਵਾਸ ਵੱਲ ਜਾ ਰਿਹਾ ਸੀ। ਜਦੋਂ ਮੈਂ ਦੂਰੋਂ ਦੂਤਾਵਾਸ ਦੀ ਇਮਾਰਤ 'ਤੇ ਆਪਣੇ ਦੇਸ਼ ਦਾ ਝੰਡਾ ਲਹਿਰਾਉਂਦਾ ਦੇਖਿਆ ਤਾਂ ਮੇਰੀਆਂ ਅੱਖਾਂ 'ਚ ਹੰਝੂ ਆ ਗਏ।"

ਤਿੰਨੇਂ ਪੀਆਈਏ ਦੀ ਫਲਾਈਟ ਰਾਹੀਂ 11 ਅਕਤੂਬਰ ਨੂੰ ਕਰਾਚੀ ਪਹੁੰਚੇ ਜਿੱਥੇ ਉਨ੍ਹਾਂ ਨੂੰ ਸਿਕਿਓਰਿਟੀ ਕਲੀਅਰੇਂਸ ਮਿਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ।

ਤਾਰਿਕ ਪਰਵੇਜ਼ ਕਹਿੰਦੇ ਹਨ, "ਜਦੋਂ ਮੈਂ ਜਹਾਜ਼ ਤੋਂ ਹੇਠਾਂ ਉਤਰਿਆ ਤਾਂ ਸਭ ਤੋਂ ਪਹਿਲਾਂ ਮੈਂ ਸ਼ੁਕਰਾਨਾ ਕੀਤਾ ਕਿ ਮੈਂ ਆਪਣੀ ਧਰਤੀ 'ਤੇ ਵਾਪਸ ਆ ਗਿਆ ਹਾਂ। ਸਾਡੀ ਹਾਲਤ ਇਹ ਹੋ ਗਈ ਸੀ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਪਛਾਣਿਆ ਹੀ ਨਹੀਂ। ਪਰ ਉਹ ਸਮਾਂ ਬਹੁਤ ਭਾਵੁਕ ਸੀ। ਮੇਰੀ ਮਾਂ ਮੈਨੂੰ ਵਾਰ-ਵਾਰ ਜੱਫੀ ਪਾਉਂਦੀ ਸੀ।''

ਉਹ ਕੈਦੀ ਜੋ ਖੁਸ਼ਕਿਸਮਤ ਨਾ ਬਣ ਸਕੇ

ਇਹ ਪੰਜ ਅਧਿਕਾਰੀ ਤਾਂ ਗ਼ੁਲਾਮੀ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ, ਪਰ ਹਜ਼ਾਰਾਂ ਪਾਕਿਸਤਾਨੀ ਸੈਨਿਕਾਂ ਅਤੇ ਸਿਵਲੀਅਨ ਆਰਮਡ ਫੋਰਸਿਜ਼ ਦੇ ਅਫਸਰਾਂ ਵਿੱਚੋਂ ਕੋਈ ਵੀ ਇੰਨਾ ਖੁਸ਼ਕਿਸਮਤ ਸਾਬਿਤ ਨਹੀਂ ਹੋਇਆ। ਕਈ ਜੰਗੀ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਅਸਫਲ ਰਹੇ।

ਮੇਜਰ (ਸੇਵਾਮੁਕਤ) ਸਾਬਿਰ ਹੁਸੈਨ ਅਤੇ ਮੇਜਰ (ਸੇਵਾਮੁਕਤ) ਨਈਮ ਅਹਿਮਦ ਉਨ੍ਹਾਂ ਸਿਪਾਹੀਆਂ ਅਤੇ ਅਫਸਰਾਂ ਵਿੱਚੋਂ ਸਨ, ਜਿਨ੍ਹਾਂ ਨੇ ਭਾਰਤ ਵਿੱਚ ਜੰਗੀ ਕੈਦੀਆਂ ਲਈ ਬਣੇ ਕੈਂਪਾਂ ਵਿੱਚ ਕੈਦ ਦੀਆਂ ਕਠਿਨਾਈਆਂ ਨੂੰ ਝੱਲਿਆ।

ਮੇਜਰ ਸਾਬਿਰ ਹੁਸੈਨ ਆਜ਼ਾਦ ਕਸ਼ਮੀਰ ਰੈਜੀਮੈਂਟ ਦੇ ਸਨ। ਜਦੋਂ ਯੁੱਧ ਸ਼ੁਰੂ ਹੋਇਆ ਤਾਂ ਉਹ ਸ਼ੰਕਿਆਰੀ ਵਿੱਚ ਆਪਣੀ ਯੂਨਿਟ ਦੇ ਨਾਲ ਸਨ, ਉੱਥੇ ਉਨ੍ਹਾਂ ਨੂੰ ਤੁਰੰਤ ਕਰਾਚੀ ਪਹੁੰਚਣ ਅਤੇ ਉੱਥੋਂ ਢਾਕਾ ਲਈ ਰਵਾਨਾ ਹੋਣ ਦਾ ਹੁਕਮ ਦਿੱਤਾ ਗਿਆ।

ਮੈਂ '65 ਦੀ ਜੰਗ ਵੀ ਲੜੀ ਸੀ, ਪਰ ਇਹ ਇਕ ਸੰਗਠਿਤ ਜੰਗ ਸੀ, ਉਸ ਦੀ ਯੋਜਨਾਬੰਦੀ ਕੀਤੀ ਗਈ ਸੀ ਅਤੇ ਉਸ ਅਨੁਸਾਰ ਹੀ ਤੈਨਾਤੀ ਹੁੰਦੀ ਸੀ। ਪਰ 1971 ਦੀ ਜੰਗ ਵਿੱਚ ਅਜਿਹਾ ਕੁਝ ਨਹੀਂ ਸੀ।

ਮੇਜਰ ਸਾਬਿਰ ਦਾ ਕਹਿਣਾ ਹੈ ਕਿ ਪੂਰਬੀ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਨਾ ਤਾਂ ਰਸਤੇ ਦਾ ਪਤਾ ਸੀ ਅਤੇ ਨਾ ਹੀ ਆਪਣੇ ਸਾਥੀਆਂ 'ਤੇ ਭਰੋਸਾ ਰਿਹਾ ਸੀ।

"ਸਾਡੇ ਆਪਣੇ ਬੰਗਾਲੀ ਸਿਪਾਹੀ ਬਾਗੀ ਹੋ ਗਏ ਸਨ, ਜਿਸਨੂੰ ਜਿੱਥੇ ਮੌਕਾ ਮਿਲਦਾ ਨੁਕਸਾਨ ਪਹੁੰਚਾ ਦਿੰਦਾ। ਕੋਈ ਹੱਤਿਆ ਕਰ ਰਿਹਾ ਸੀ, ਕੋਈ ਗਲਤ ਰਸਤਾ ਦਿਖਾ ਰਿਹਾ ਸੀ। ਅਸੀਂ ਸਾਰੇ ਪਾਸਿਓਂ ਦੁਸ਼ਮਣ ਨਾਲ ਘਿਰੇ ਹੋਏ ਸੀ।

ਪੂਰਬੀ ਪਾਕਿਸਤਾਨ ਦੇ ਲੋਕ ਸਾਡੇ ਦੁਸ਼ਮਣ ਸਨ, ਉੱਥੋਂ ਦੇ ਅਧਿਕਾਰੀ ਸਾਡੇ ਦੁਸ਼ਮਣ ਸਨ, ਉੱਥੋਂ ਦੇ ਸਿਪਾਹੀ ਵੀ ਸਾਡੇ ਦੁਸ਼ਮਣ ਸਨ। ਰਸਤਾ ਦਿਖਾਉਣ ਲਈ ਸਾਨੂੰ ਜੋ ਗਾਈਡ ਸਿਲਦੇ ਸਨ, ਉਨ੍ਹਾਂ ਦਾ ਵੀ ਭਰੋਸਾ ਨਹੀਂ ਸੀ, ਉਹ ਬੰਗਾਲੀ ਸਨ। ਹਾਂ, ਬਿਹਾਰ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਅਤੇ ਈਮਾਨਦਾਰੀ ਨਾਲ ਸਾਡਾ ਸਾਥ ਦਿੱਤਾ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

'ਭਾਰਤੀ ਅਫਸਰ ਦੀ ਝਿੜਕ ਅਪਮਾਨਜਨਕ ਲੱਗਦੀ'

ਜਦੋਂ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ ਨੇ ਪੂਰਬੀ ਪਾਕਿਸਤਾਨ ਵਿੱਚ ਭਾਰਤੀ ਫੌਜ ਦੇ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕੀਤਾ ਤਾਂ ਮੇਜਰ ਸਾਬਿਰ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਆਇਆ ਕਿ ਉਹ ਹਾਰ ਗਏ ਹਨ ਅਤੇ ਹੁਣ ਉਹ ਜੰਗੀ ਕੈਦੀ ਹਨ।

"ਅਸੀਂ ਕਲਕੱਤੇ ਤੋਂ ਬਿਹਾਰ ਪਾਣਈ ਦੇ ਜਹਾਜ਼ ਰਾਹੀਂ ਆਏ। ਕੋਈ ਨਹੀਂ ਜਾਣਦਾ ਸੀ ਕਿ ਕਿੱਥੇ ਜਾਣਾ ਹੈ ਅਤੇ ਉਨ੍ਹਾਂ ਦਾ ਕੀ ਹੋਵੇਗਾ। ਉੱਥੇ ਸਾਨੂੰ ਚਾਰ-ਪੰਜ ਦਿਨ ਬੇਹਾ ਖਾਣਾ ਮਿਲਦਾ ਸੀ, ਪਤਾ ਨਹੀਂ ਕਿੱਥੇ ਪਕਾਇਆ ਜਾਂਦਾ ਸੀ। ਅਸੀਂ ਸਮੁੰਦਰ ਦੇ ਪਾਣੀ ਨਾਲ ਰੋਟੀ ਧੋਂਦੇ, ਫਿਰ ਉਸ ਨੂੰ ਸੁਕਾਓਂਦੇ। ਇਹ ਸਾਡਾ ਭੋਜਨ ਸੀ।"

ਮੇਜਰ ਸਾਬਿਰ ਦਾ ਕਹਿਣਾ ਹੈ, "ਭਾਰਤੀ ਸੈਨਿਕ ਤਾਂ ਠੀਕ-ਠਾਕ ਸਨ, ਪਰ ਬੰਗਾਲੀ ਸੈਨਿਕਾਂ ਦਾ ਰਵੱਈਆ ਖਾਸ ਤੌਰ 'ਤੇ ਮਾੜਾ ਸੀ ਅਤੇ ਇਸ ਦੌਰਾਨ ਇੰਨਾ ਜ਼ਿਆਦਾ ਪ੍ਰੋਪੇਗੈਂਡਾ ਹੋਇਆ ਸੀ ਕਿ ਉਹ ਪਾਕਿਸਤਾਨੀ ਸੈਨਿਕਾਂ ਨੂੰ ਆਪਣਾ ਦੁਸ਼ਮਣ ਸਮਝਦੇ ਸਨ। ਦੁੱਖ ਹੁੰਦਾ ਸੀ ਕਿ ਕੱਲ੍ਹ ਤੱਕ ਜਿਨ੍ਹਾਂ ਨਾਲ ਅਸੀਂ ਆਹਮੋ-ਸਾਹਮਣੇ ਗੱਲ ਕਰਦੇ ਸੀ, ਅੱਜ ਉਨ੍ਹਾਂ ਅੱਗੇ ਸਿਰ ਝੁਕਾ ਕੇ ਗੱਲ ਕਰ ਰਹੇ ਹਾਂ।"

"ਸਾਨੂੰ ਘੰਟਿਆਂ ਬੱਧੀ ਖੜ੍ਹਾ ਕਰ ਕੇ ਰੱਖਿਆ ਜਾਂਦਾ, ਕੜਾਕੇ ਦੀ ਠੰਢ ਵਿੱਚ ਅਸੀਂ ਇੱਕ-ਦੋ ਘੰਟੇ ਤੱਕ ਖੜ੍ਹੇ ਰਹਿੰਦੇ। ਸਰੀਰਕ ਸਜ਼ਾ ਤਾਂ ਨਹੀਂ ਦਿੱਤੀ ਜਾਂਦੀ ਸੀ ਕਿ ਥੱਪੜ ਮਾਰਿਆ ਜਾਵੇ, ਪਰ ਫੌਜ ਦੀ ਸਜ਼ਾ ਆਮ ਸੀ ਅਤੇ ਫਿਰ ਆਪਣੇ ਅੰਦਰ ਦੀ ਇਹ ਜੰਗ ਵੀ ਬਹੁਤ ਵੱਡੀ ਸੀ। ਆਮ ਹਾਲਤਾਂ ਵਿੱਚ ਆਪਣਾ ਅਫਸਰ ਵੀ ਝਿੜਕੇ ਜਾਂ ਬਹੁਤ ਦੁਖ ਹੁੰਦਾ ਹੈ, ਪਰ ਇੱਕ ਭਾਰਤੀ ਝਿੜਕਦਾ ਤਾਂ ਬੇਇੱਜ਼ਤੀ ਮਹਿਸੂਸ ਹੁੰਦੀ ਸੀ।''

ਉਨ੍ਹਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਛੇ ਮਹੀਨੇ ਤੱਕ ਉਹ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਸਕੇ। ਜਦੋਂ ਉਹ ਪੂਰਬੀ ਪਾਕਿਸਤਾਨ ਗਏ ਤਾਂ ਮੇਜਰ ਸਾਬਿਰ ਹੁਸੈਨ ਦੀ ਧੀ ਨੌਂ ਮਹੀਨਿਆਂ ਦੀ ਸੀ।

ਉਨ੍ਹਾਂ ਨੂੰ ਛੱਡ ਕੇ ਜਾਣ ਦਾ ਸਮਾਂ ਕਿੰਨਾ ਦੁਖਦਾਈ ਹੋਵੇਗਾ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 50 ਸਾਲ ਬਾਅਦ ਵੀ ਆਪਣੀ ਬੇਟੀ ਨਾਲ ਵਿਦਾਇਗੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਮੇਜਰ ਸਾਬਿਰ ਹੁਸੈਨ ਦੀਆਂ ਅੱਖਾਂ ਨਮ ਹੋ ਗਈਆਂ।

"ਮੈਂ ਉਹ ਪਲ ਕਦੇ ਨਹੀਂ ਭੁੱਲ ਸਕਦਾ। ਪਿਛਲੀ ਵਾਰ ਜਦੋਂ ਮੈਂ ਗਿਆ ਸੀ ਤਾਂ ਮੈਂ ਉਸ ਨੂੰ ਜੱਫੀ ਪਾਈ ਸੀ। ਕੈਦ ਦੌਰਾਨ ਮੇਰੇ ਦਿਮਾਗ ਵਿੱਚ ਉਹੀ ਪਲ ਘੁੰਮਦਾ ਰਿਹਾ।"

ਜੇਲ੍ਹ ਦੇ ਦਿਨਾਂ ਦਾ ਜ਼ਿਕਰ ਕਰਦਿਆਂ ਮੇਜਰ ਸਾਬਿਰ ਹੁਸੈਨ ਨੇ ਸਿਗਰਟ ਛੱਡਣ ਦਾ ਦਿਲਚਸਪ ਕਿੱਸਾ ਵੀ ਸੁਣਾਇਆ।

"ਸਿਗਰਟ ਇੱਕ ਅਜੀਬ ਸ਼ਰਾਪ ਸੀ, ਇਸ ਉੱਤੇ ਬਹੁਤ ਲੜਾਈਆਂ ਹੁੰਦੀਆਂ ਸਨ। ਸਾਰੇ ਫੌਜੀ ਅਫਸਰ ਸਿਗਰਟਾਂ ਦੇ ਸ਼ੌਕੀਨ ਸਨ। ਉਹ ਰੋਟੀ ਤੋਂ ਬਿਨਾਂ ਰਹਿ ਸਕਦੇ ਸਨ, ਪਰ ਸਿਗਰਟ ਤੋਂ ਬਿਨਾਂ ਨਹੀਂ ਰਹਿ ਸਕਦੇ ਸਨ ਅਤੇ ਸਿਗਰਟਾਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਸਨ।''

''ਮੇਰੇ ਅਰਦਲੀ ਨੇ ਮੇਰੇ ਲਈ ਬਹੁਤ ਸਾਰੀਆਂ ਸਿਗਰਟਾਂ ਰੱਖੀਆਂ ਹੋਈਆਂ ਸਨ। ਸਿਗਰਟਾਂ ਨੂੰ ਲੈ ਕੇ ਇੰਨੀਆਂ ਲੜਾਈਆਂ ਦੇਖ ਕੇ ਮੇਰਾ ਦਿਲ ਸਿਗਰਟਾਂ ਤੋਂ ਉੱਠ ਗਿਆ। ਮੈਂ ਸਿਗਰਟਾਂ ਦਾ ਸਾਰਾ ਸਟਾਕ ਸਿਪਾਹੀਆਂ ਵਿੱਚ ਵੰਡ ਦਿੱਤਾ ਅਤੇ ਕਿਹਾ ਕਿ ਲੜੋ ਨਾ ਅਤੇ ਇਹ ਪੀਓ। ਪਰ ਉਸ ਦਿਨ ਤੋਂ ਬਾਅਦ ਮੈਂ ਸਿਗਰਟ ਪੀਣੀ ਛੱਡ ਦਿੱਤੀ।''

ਮੇਜਰ ਸਾਬਿਰ ਹੁਸੈਨ ਦੇ ਅਨੁਸਾਰ, ਉਨ੍ਹਾਂ ਨੂੰ ਵਾਪਸੀ ਦਾ ਅੰਦਾਜ਼ਾ ਉਸ ਸਮੇਂ ਹੋਇਆ ਜਦੋਂ ਬਿਮਾਰ ਕੈਦੀਆਂ ਨੂੰ ਕੈਂਪ ਤੋਂ ਲਿਜਾਣਾ ਸ਼ੁਰੂ ਕੀਤਾ ਗਿਆ

"ਅਪ੍ਰੈਲ 1974 ਵਿੱਚ, ਸਾਨੂੰ ਬਿਹਾਰ ਤੋਂ ਟਰੱਕ ਰਾਹੀਂ ਰਾਂਚੀ ਲਿਜਾਇਆ ਗਿਆ। ਉੱਥੋਂ ਉਨ੍ਹਾਂ ਨੂੰ ਹਵਾਈ ਅੱਡੇ ਅਤੇ ਫਿਰ ਹਵਾਈ ਜਹਾਜ਼ ਰਾਹੀਂ ਪਾਕਿਸਤਾਨ ਲਿਆਂਦਾ ਗਿਆ।"

ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਪਹੁੰਚਣ ਤੋਂ ਬਾਅਦ ਦੇ ਦ੍ਰਿਸ਼ ਬਹੁਤ ਭਾਵੁਕ ਸਨ। ਪਰ ਇਸ ਸਭ ਦੌਰਾਨ ਉਨ੍ਹਾਂ ਦਾ ਧਿਆਨ ਆਪਣੀ ਬੇਟੀ 'ਤੇ ਹੀ ਰਿਹਾ।

"ਜਦੋਂ ਸੇਰੀ ਕੈਦ ਖਤਮ ਹੋਈ ਤਾਂ ਮੇਰੀ ਧੀ ਲਗਭਗ ਤਿੰਨ ਸਾਲ ਦੀ ਸੀ। ਜਦੋਂ ਮੈਂ ਵਾਪਸ ਆਇਆ ਤਾਂ ਉਹ ਇੱਕ ਦਮ ਮੇਰੀ ਗੋਦੀ 'ਚ ਆ ਕੇ ਬੈਠ ਗਈ। ਮੈਨੂੰ ਵਾਪਸ ਆ ਕੇ ਜਿਹੜੀ ਸਭ ਤੋਂ ਵੱਧ ਖੁਸ਼ੀ ਸਾ, ਉਹ ਆਪਣੀ ਧੀ ਨੂੰ ਮਿਲਣ ਦੀ ਸੀ।"

ਪਰ ਉਸ ਕੈਦ ਨੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਉਸ ਦੇ ਕਰੀਅਰ ਦੋਵਾਂ ਨੂੰ ਪ੍ਰਭਾਵਿਤ ਕੀਤਾ। ਵਾਪਸ ਆਏ ਕੈਦੀਆਂ ਨੂੰ ਯੂਨਿਟ ਵਿੱਚ ਘੁਲਣ-ਮਿਲਣ ਵਿੱਚ ਸਮਾਂ ਲੱਗਿਆ।

ਮੇਜਰ ਸਾਬਿਰ ਹੁਸੈਨ ਦਾ ਕਹਿਣਾ ਹੈ ਕਿ ਜਦੋਂ ਉਹ ਵਾਪਸੀ ਤੋਂ ਬਾਅਦ ਯੂਨਿਟ ਵਿਚ ਪਹੁੰਚੇ ਤਾਂ ਅਫਸਰਾਂ ਅਤੇ ਆਪਣੇ-ਆਪ ਵਿੱਚ ਫਰਕ ਮਹਿਸੂਸ ਹੁੰਦਾ ਸੀ।

"ਸਾਨੂੰ ਸਹਿਜ ਹੋਣ ਵਿੱਚ ਬਹੁਤ ਸਮਾਂ ਲੱਗ ਗਿਆ। ਅਸੀਂ ਆਪਣੇ ਆਪ ਨੂੰ ਘੱਟ ਆਂਕਦੇ ਸੀ ਕਿਉਂਕਿ ਅਸੀਂ ਦੁਸ਼ਮਣ ਦੀ ਕੈਦ ਵਿੱਚੋਂ ਆਏ ਸੀ। ਇੱਥੇ ਵੀ ਕੋਈ ਨਾ ਕੇਈ ਤਾਅਨੇ ਮਾਰਦਾ ਸੀ। ਪਰ ਹੌਲੀ-ਹੌਲੀ ਉਨ੍ਹਾਂ ਨੂੰ ਕਈ ਚੀਜ਼ਾਂ ਦੀ ਆਦਤ ਹੋ ਗਈ।"

"ਸਾਡੇ ਲਈ 1971 ਦੀ ਜੰਗ ਕਦੇ ਖਤਮ ਨਹੀਂ ਹੋਈ।"

ਖੁਸ਼ਕਿਸਮਤੀ ਨਾਲ, ਮੇਜਰ ਸਾਬਿਰ ਹੁਸੈਨ ਵਰਗੇ ਹਜ਼ਾਰਾਂ ਸੈਨਿਕ ਸਮੇਂ ਦੇ ਨਾਲ ਆਮ ਜੀਵਨ ਵਿੱਚ ਪਰਤ ਆਏ, ਪਰ ਬਹੁਤ ਸਾਰੇ ਅਜਿਹੇ ਸਨ ਜਿਨ੍ਹਾਂ ਦੀ ਅਜੇ ਪ੍ਰੀਖਿਆ ਹੋਣੀ ਬਾਕੀ ਸੀ ਅਤੇ ਕਈ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਦਹਾਕਿਆਂ ਤੱਕ ਇਹ ਜੰਗ ਜਾਰੀ ਰਹੀ। ਇਨ੍ਹਾਂ ਵਿੱਚੋਂ ਇੱਕ ਮੇਜਰ ਨਈਮ ਅਹਿਮਦ ਵੀ ਸਨ।

ਮੇਜਰ ਨਈਮ ਅਹਿਮਦ ਦੀ ਧੀ ਸਾਨੀਆ ਅਹਿਮਦ ਨੇ ਬੀਬੀਸੀ ਨਾਲ ਗੱਲ ਕੀਤੀ ਅਤੇ ਆਪਣੇ ਪਿਤਾ ਬਾਰੇ ਦੱਸਿਆ। ਉਹ ਕਹਿੰਦੇ ਹਨ ਕਿ 1971 ਦੀ ਲੜਾਈ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਲਈ ਕਦੇ ਖਤਮ ਨਹੀਂ ਹੋਈ ਸੀ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਆਪਣੇ ਮਾਪਿਆਂ ਦੇ ਇਕਲੌਤਾ ਪੁੱਤਰ ਸਨ ਅਤੇ ਉਨ੍ਹਾਂ ਨੂੰ ਇਸ ਸ਼ਰਤ 'ਤੇ ਫੌਜ ਵਿਚ ਭਰਤੀ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਕਿ ਉਹ ਵੰਡ ਦੀ ਲੜਾਈ ਵਿਚ ਨਹੀਂ ਜਾਣਗੇ।

ਸਾਨੀਆ ਦੱਸਦੇ ਹਨ ਕਿ ਪੂਰਬੀ ਪਾਕਿਸਤਾਨ ਪਹੁੰਚਣ ਤੋਂ ਬਾਅਦ, ਉਨ੍ਹਾਂ ਦੇ ਪਿਤਾ ਮੇਜਰ ਨਈਮ ਅਹਿਮਦ ਨੂੰ ਸੈਨਿਕਾਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਸੀ।

ਆਪਣੇ ਪਿਤਾ ਦੇ ਫੜੇ ਜਾਣ ਦੀ ਘਟਨਾ ਨੂੰ ਯਾਦ ਕਰਦਿਆਂ ਸਾਨੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਕਿ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਤਾਂ ਉਨ੍ਹਾਂ ਨੂੰ ਸਾਰੇ ਗੋਲਾ-ਬਾਰੂਦ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ ਗਿਆ ਸੀ ਤਾਂ ਜੋ ਇਹ ਦੁਸ਼ਮਣ ਦੇ ਹੱਥ ਨਾ ਲੱਗ ਸਕਣ।

ਸਾਨੀਆ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੋਲਾ ਬਾਰੂਦ ਦੇ ਨਿਪਟਾਰੇ ਵਾਲੀ ਥਾਂ 'ਤੇ ਜਾਣਾ ਸੀ, ਜੋ ਉਨ੍ਹਾਂ ਦੇ ਮੋਰਚਿਆਂ ਤੋਂ ਲਗਭਗ 50 ਕਿਲੋਮੀਟਰ ਦੂਰ ਸੀ, ਪਰ ਗਲਤੀ ਨਾਲ ਉਹ ਗਲਤ ਜਗ੍ਹਾ, ਇੱਕ ਸੰਘਣੇ ਜੰਗਲ ਵਿਚ ਪਹੁੰਚ ਗਏ।

"ਉੱਥੇ ਪਹੁੰਚਣ 'ਤੇ ਅਹਿਸਾਸ ਹੋਇਆ ਕਿ ਇਹ ਸਹੀ ਜਗ੍ਹਾ ਨਹੀਂ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਭਾਰਤੀ ਸੈਨਿਕਾਂ ਨੇ ਹਮਲਾ ਕਰ ਦਿੱਤਾ ਸੀ।"

ਸਾਨੀਆ ਅਹਿਮਦ ਦੱਸਦੇ ਹਨ ਕਿ ਹਮਲਾ ਕਰਨ ਵਾਲੇ ਭਾਰਤੀ ਸੈਨਿਕ ਇੱਕ ਇਲੀਟ ਗਰੁੱਪ ਦੇ ਸਨ ਜੋ ਯੁੱਧ ਵਿੱਚ ਮਾਹਿਰ ਸਨ ਅਤੇ ਪਾਕਿਸਤਾਨੀ ਫੌਜ ਦੇ 150 ਸੈਨਿਕ ਅਜਿਹੇ ਸਨ ਜੋ ਲੜਾਕੂ ਦਸਤੇ ਵਿੱਚੋਂ ਨਹੀਂ ਸਨ।

"ਪਾਕਿਸਤਾਨੀ ਸੈਨਿਕ ਤਿੰਨ ਘੰਟੇ ਤੱਕ ਲੜੇ। ਇੰਨੀ ਬਹਾਦਰੀ ਨਾਲ ਲੜੇ ਕਿ ਭਾਰਤੀ ਫੌਜ ਦੀ ਕਮਾਂਡ ਕਰਨ ਵਾਲੇ ਮੇਜਰ ਜੈਸਵਾਲ ਨੇ ਬਾਅਦ ਵਿੱਚ ਕਿਹਾ ਕਿ ਇਹ ਅਧਿਕਾਰੀ ਇੰਫੈਂਟਰੀ ਦਸਤੇ ਵਾਂਗ ਲੜ ਰਹੇ ਸਨ।"

ਇਸ ਲੜਾਈ ਦੌਰਾਨ ਸਾਨੀਆ ਅਹਿਮਦ ਦੇ ਪਿਤਾ ਮੇਜਰ ਨਈਮ ਮੋਰਟਾਰ ਦੇ ਗੋਲੇ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਇਕ ਅੱਖ ਚਲੀ ਗਈ।

ਸਾਨੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਬੰਬ ਦੇ ਜ਼ਖਮਾਂ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਗਈ ਸੀ ਅਤੇ ਉਹ ਕਈ ਮਹੀਨਿਆਂ ਤੋਂ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚ ਰਹੇ ਅਤੇ ਪਾਕਿਸਤਾਨ ਵਿੱਚ ਲੋਕ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੁੱਖ ਪ੍ਰਗਟ ਕਰਨ ਲਈ ਆਉਂਦੇ ਸਨ।

ਪਰ ਅੰਤ ਵਿੱਚ, ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਪਛਾਣ ਲਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਸਾਨੀਆ ਦਾ ਕਹਿਣਾ ਹੈ ਕਿ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੰਗੀ ਕੈਦੀ ਬਣਾ ਕੇ ਰਾਂਚੀ ਜੇਲ੍ਹ ਭੇਜ ਦਿੱਤਾ ਗਿਆ।

"ਜਦੋਂ ਮੇਰੇ ਪਿਤਾ ਜੀ ਉਸ ਜੇਲ੍ਹ ਵਿੱਚ ਪਹੁੰਚੇ ਤਾਂ ਉਨ੍ਹਾਂ ਕੋਲ ਕੱਪੜੇ ਨਹੀਂ ਸਨ। ਫਿਰ ਉਨ੍ਹਾਂ ਨੇ ਸੂਈ ਧਾਗਾ ਲੈ ਕੇ ਆਪਣੇ ਕੱਪੜੇ ਬਣਾਏ, ਜਿਸ ਬਾਰੇ ਉਹ ਬਹੁਤ ਮਾਣ ਨਾਲ ਦੱਸਦੇ ਸਨ। ਉਨ੍ਹਾਂ ਨੂੰ ਬਹੁਤ ਮਾਣ ਸੀ ਕਿ ਉਨ੍ਹਾਂ ਨੇ ਦਰਜਨਾਂ ਅਫਸਰਾਂ ਅਤੇ ਕੈਦੀਆਂ ਨੂੰ ਜੇਲ੍ਹ ਵਿੱਚ ਕੁਰਾਨ ਪੜ੍ਹਨਾ ਸਿਖਾਇਆ।''

'ਪਿਤਾ ਜੀ ਨੂੰ ਦੌਰੇ ਪੈਣ ਲੱਗੇ'

ਸਾਨੀਆ ਅਹਿਮਦ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਮੇਜਰ ਨਈਮ ਅਹਿਮਦ 1974 ਵਿੱਚ ਭਾਰਤ ਤੋਂ ਪਰਤੇ ਸਨ ਅਤੇ ਜ਼ਾਹਰ ਤੌਰ 'ਤੇ ਇੱਕ ਆਮ, ਸਿਹਤਮੰਦ ਵਿਅਕਤੀ ਸਨ।

"ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਬੱਚੇ ਵੀ ਹੋ ਗਏ। ਅੱਬੂ ਸਾਨੂੰ ਇੰਨਾ ਪਿਆਰ ਕਰਦੇ ਸਨ ਕਿ ਉਹ ਸਾਨੂੰ ਲਾਡ-ਪਿਆਰ ਕਰਨ ਲਈ ਪੈਸੇ ਵੀ ਦਿੰਦੇ ਸਨ। ਉਹ ਬਹੁਤ ਚੰਗੇ ਗਾਇਕ ਸਨ ਅਤੇ ਉਨ੍ਹਾਂ ਨੇ ਮੈਨੂੰ ਨਾਤ (ਪੈਗੰਬਰ ਮੁਹੰਮਦ ਦੀ ਤਾਰੀਫ਼ ਵਿੱਚ ਸ਼ੇਅਰ) ਪੜ੍ਹਨਾ ਸਿਖਾਇਆ ਸੀ। ਮੈਂ ਸੰਗੀਤ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦੀ ਸੀ ਅਤੇ ਉਹ ਘੰਟਿਆਂਬੱਧੀ ਅਭਿਆਸ ਕਰਾਉਂਦੇ ਸਨ, ਪਰ 1984 ਵਿੱਚ ਉਨ੍ਹਾਂ ਦੇ ਦਿਮਾਗ 'ਤੇ ਅਸਰ ਦਿਖਾਈ ਦੇਣ ਲੱਗਾ।

ਸਾਨੀਆ ਅਹਿਮਦ ਦਾ ਕਹਿਣਾ ਹੈ ਕਿ ਸਮਾਂ ਬੀਤਣ ਨਾਲ ਨਾ ਸਿਰਫ਼ ਉਨ੍ਹਾਂ ਦੇ ਪਿਤਾ ਦੀ ਯਾਦਾਸ਼ਤ ਕਮਜ਼ੋਰ ਹੋ ਗਈ, ਸਗੋਂ ਉਨ੍ਹਾਂ ਨੂੰ ਦੌਰੇ ਵੀ ਪੈਣ ਲੱਗੇ।

ਉਹ ਇਹੋ ਜਿਹੀਆਂ ਗੱਲਾਂ ਆਖਦੇ ਸਨ ਜੋ ਸੱਚ ਨਹੀਂ ਹੁੰਦੀਆਂ ਸਨ, ਪਰ ਉਨ੍ਹਾਂ ਨੂੰ ਉਹ ਸੱਚ ਲੱਗਦੀਆਂ। ਇਸ ਸਥਿਤੀ 'ਤੇ ਉਨ੍ਹਾਂ ਦੇ ਦਫਤਰ ਅਤੇ ਨਜ਼ਦੀਕੀ ਦੋਸਤਾਂ ਨੇ ਵੀ ਧਿਆਨ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਛੇ ਮਹੀਨਿਆਂ ਲਈ ਮਾਨਸਿਕ ਰੋਗੀਆਂ ਵਾਲੇ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ।

ਇਸ ਸਮੇਂ ਦੌਰਾਨ ਉਨ੍ਹਾਂ ਨੂੰ ਡਿਮੈਂਸ਼ੀਆ, ਡਿਪਰੈਸ਼ਨ ਅਤੇ ਭਰਮ ਵਰਗੀਆਂ ਬਿਮਾਰੀਆਂ ਦਾ ਪਤਾ ਲੱਗਿਆ। ਆਪਣੇ ਪਿਤਾ ਦੀ ਯਾਦ ਦੀ ਇੱਕ ਖਾਸ ਘਟਨਾ ਅੱਜ ਵੀ ਸਾਨੀਆ ਦੇ ਦਿਮਾਗ ਵਿੱਚ ਛਪੀ ਹੋਈ ਹੈ।

"ਅੱਬੂ ਹਮੇਸ਼ਾ ਸਾਡੇ ਨਾਲ ਬਹੁਤ ਖੁਸ਼ ਰਹਿੰਦੇ ਸਨ। ਗੱਡੀ ਚਲਾਉਣਾ ਉਨ੍ਹਾਂ ਦਾ ਸ਼ੌਕ ਸੀ ਪਰ ਉਨ੍ਹਾਂ ਦੀਆਂ ਨਸਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਰਕੇ ਉਹ ਗੱਡੀ ਵੀ ਨਹੀਂ ਚਲਾ ਸਕਦੇ ਸਨ। ਇਹ ਉਨ੍ਹਾਂ ਲਈ ਬਹੁਤ ਦੁਖਦਾਈ ਸੀ। ਇੱਕ ਵਾਰ 7 ਸਤੰਬਰ ਨੂੰ ਉਹ ਸਾਨੂੰ ਇੱਕ ਏਅਰ ਸ਼ੋਅ ਵਿੱਚ ਲੈ ਗਏ।"

"ਉਹ ਗੱਡੀ ਚਲਾ ਰਿਹੇ ਸਨ ਅਤੇ ਇੱਕ ਵਾਰ ਉਹ ਪਿੱਛੇ ਮੁੜੇ। ਉਹ ਸਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹੇ ਸਨ, ਪਰ ਉਨ੍ਹਾਂ ਦੇ ਮੂੰਹੋਂ ਸ਼ਬਦ ਨਹੀਂ ਨਿੱਕਲ ਰਹੇ ਸਨ। ਅਸੀਂ ਭੈਣ-ਭਰਾ ਬਹੁਤ ਛੋਟੇ ਸਾਂ, ਪਰ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ ਜੋ ਮਰਜ਼ੀ ਹੋਵੇ, ਤੁਸੀਂ ਠੀਕ ਹੋ ਜਾਵੋਗੇ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਅੱਬੂ ਸ਼ਾਇਦ ਹੁਣ ਬੋਲ ਵੀ ਨਹੀਂ ਸਕਣਗੇ।

ਦੋ ਦਹਾਕਿਆਂ ਬਾਅਦ ਦਿਮਾਗ 'ਚ ਮਿਲੇ ਮੋਰਟਾਰ ਗੋਲੇ ਦੇ ਛੱਲੇ

ਹੌਲੀ-ਹੌਲੀ ਮੇਜਰ ਨਈਮ ਦੀ ਬੋਲਣ ਅਤੇ ਚੱਲਣ ਦੀ ਸਮਰੱਥਾ ਘਟਣ ਲੱਗੀ। 1989 ਵਿੱਚ, ਫੌਜ ਨੇ ਉਨ੍ਹਾਂ ਨੂੰ ਇੱਕ ਸਾਲ ਲਈ ਵਰਦੀ ਪਹਿਨਣ ਤੋਂ ਰੋਕ ਦਿੱਤਾ, ਮੇਜਰ ਨਈਮ ਲਈ ਇਹ ਇੱਕ ਬਹੁਤ ਸਖਤ ਕਦਮ ਸੀ।

ਸਾਨੀਆ ਅਹਿਮਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਪਹਿਲਾਂ ਹੀ ਗੰਭੀਰ ਮਾਨਸਿਕ ਤਣਾਅ ਤੋਂ ਪੀੜਤ ਸਨ, ਪਰ ਵਰਦੀ ਨਾ ਪਹਿਨਣ ਦਾ ਦੁੱਖ ਸਭ 'ਤੇ ਹਾਵੀ ਹੋ ਜਾਂਦਾ ਹੈ ਅਤੇ ਇਸ ਮੌਕੇ 'ਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਫੌਜ ਤੋਂ ਰਿਟਾਇਰਮੈਂਟ ਲੈ ਲੇਣਗੇ।

"ਜਿਸ ਦਿਨ ਉਨ੍ਹਾਂ ਨੇ ਆਖਰੀ ਵਾਰ ਯੂਨੀਫਾਰਮ ਪਹਿਨੀ ਸੀ, ਉਸ ਦਿਨ ਉਹ ਖਾਸ ਤੌਰ 'ਤੇ ਤਿਆਰ ਹੋਏ ਸਨ ਅਤੇ ਦਿਨ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਨੇ ਬੱਚਿਆਂ ਨਾਲ ਫੋਟੋਆਂ ਖਿਚਵਾਈਆਂ ਸਨ।"

ਸੇਵਾਮੁਕਤੀ ਤੋਂ ਬਾਅਦ ਮੇਜਰ ਨਈਮ ਨੇ ਫੌਜ ਦੀ ਭਲਾਈ ਸੰਸਥਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਮਿਰਗੀ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੀ.ਐੱਮ.ਐੱਚ. ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੀਟੀ ਸਕੈਨ ਦੀ ਸਲਾਹ ਦਿੱਤੀ।

ਅੱਬੂ ਦਾ ਸੀਟੀ ਸਕੈਨ ਕੀਤਾ ਗਿਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੂੰ 1971 ਵਿਚ ਜੋ ਮੋਰਟਾਰ ਸ਼ੈੱਲ ਲੱਗਿਆ ਸੀ, ਉਸ ਦੇ ਸੈਂਕੜੇ ਟੁਕੜੇ ਉੱਥੇ ਹੀ ਮੌਜੂਦ ਸਨ ਅਤੇ ਉਹ 22, 23 ਸਾਲਾਂ ਵਿੱਚ ਪਹਿਲੀ ਵਾਰ ਦੇਖੇ ਗਏ ਸਨ। ਉਦੋਂ ਸਮਝ ਆਇਆ ਕਿ ਉਨ੍ਹਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਕਾਰਨ ਕੀ ਸੀ।

ਸਾਨੀਆ ਅਹਿਮਦ ਨੇ ਦੱਸਿਆ ਕਿ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ਜਾਣਾ ਆਮ ਗੱਲ ਸੀ ਅਤੇ ਉਹ ਹਫ਼ਤਿਆਂ ਤੱਕ ਕੋਮਾ ਵਿੱਚ ਰਹਿੰਦੇ ਅਤੇ ਡਾਕਟਰ ਕਹਿੰਦੇ ਕਿ ਹੁਣ ਉਨ੍ਹਾਂ ਲਈ ਸਿਰਫ ਪ੍ਰਾਰਥਨਾ ਕਰੋ।

"ਪਰ ਉਹ ਹਮੇਸ਼ਾ ਬਿਮਾਰੀ ਨਾਲ ਲੜਦੇ ਸਨ ਅਤੇ ਘਰ ਆਉਂਦੇ ਸਨ। ਫਿਰ ਸਾਲ 2000 ਵਿੱਚ, ਉਨ੍ਹਾਂ ਨੂੰ ਇੱਕ ਹੋਰ ਦੌਰਾ ਪਿਆ ਅਤੇ 10 ਹਫ਼ਤਿਆਂ ਲਈ ਸੀ.ਐੱਮ.ਐੱਚ. ਵਿੱਚ ਭਰਤੀ ਕੀਤਾ ਗਿਆ। ਉਹ ਉਸ ਸਮੇਂ ਕੋਮਾ ਵਿੱਚ ਸਨ। ਜਦੋਂ ਉੱਥੇ ਇੱਕ ਨਿਊਰੋਸਰਜਨ ਨੇ ਉਨ੍ਹਾਂ ਦੀ ਮੈਡੀਕਲ ਹਿਸਟਰੀ ਪੜ੍ਹੀ, ਤਾਂ ਕਿਸੇ ਡਾਕਟਰ ਨੇ ਪਹਿਲੀ ਵਾਰ ਦੱਸਿਆ ਕਿ ਉਨ੍ਹਾਂ ਨੂੰ ਸੇਰੇਬ੍ਰਲ ਐਟ੍ਰੋਫੀ ਹੈ, ਮਤਲਬ ਕਿ ਉਨ੍ਹਾਂ ਦੇ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਉਨ੍ਹਾਂ ਦਾ ਦਿਮਾਗ ਕਈ ਸਾਲਾਂ ਤੋਂ ਸੁੰਗੜ ਰਿਹਾ ਸੀ।

ਆਪਣੇ ਪਿਤਾ ਦੇ ਜੀਵਨ ਦੇ ਆਖਰੀ ਦਿਨਾਂ ਬਾਰੇ ਦੱਸਦੇ ਹੋਏ ਸਾਨੀਆ ਦੀਆਂ ਅੱਖਾਂ ਵਿੱਚ ਹੰਝੂ ਸਨ।

ਉਹ ਦੱਸਦੇ ਹਨ ਕਿ ਇਹ ਮਗਰਿਬ (ਸੂਰਜ ਡੁੱਬਣ) ਦਾ ਸਮਾਂ ਸੀ ਅਤੇ ਜਦੋਂ ਉਹ ਆਪਣੇ ਪਿਤਾ ਦੇ ਕਮਰੇ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਨਮ ਅੱਖਾਂ ਨਾਲ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਲਈ ਉਹੀ ਹੋਵੇ ਜੋ ਚੰਗਾ ਹੈ।

ਉਨ੍ਹਾਂ ਨੇ ਕਿਹਾ, "ਮੈਂ ਹਮੇਸ਼ਾ ਉਨ੍ਹਾਂ ਦੀ ਵਾਪਸੀ (ਰਿਕਵਰੀ) ਲਈ ਪ੍ਰਾਰਥਨਾ ਕੀਤੀ ਕਿਉਂਕਿ ਉਹ ਇੱਕ ਫਾਇਟਰ ਸਨ। ਮੈਂ ਪਹਿਲਾਂ ਕਦੇ ਵੀ ਅਜਿਹੀ ਪ੍ਰਾਰਥਨਾ ਨਹੀਂ ਕੀਤੀ ਸੀ। ਮੈਨੂੰ ਅਜੇ ਵੀ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਕਿਹਾ।"

ਕੁਝ ਪਲਾਂ ਬਾਅਦ ਜਦੋਂ ਸਾਨੀਆ ਵਾਪਸ ਆਪਣੇ ਪਿਤਾ ਦੇ ਕਮਰੇ 'ਚ ਗਏ ਤਾਂ ਉਨ੍ਹਾਂ ਨੇ ਆਪਣੇ ਪਿਤਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜੋ ਕੋਮਾ 'ਚ ਹੋਣ ਕਾਰਨ ਬੇਹੋਸ਼ ਸੌਂ ਰਹੇ ਸਨ।

"ਮੈਂ ਉਸਦਾ ਹੱਥ ਸਹਿਲਾਇਆ ਤਾਂ ਉਨ੍ਹਾਂ ਨੇ ਆਪਣਾ ਹੱਥ ਹਿਲਾ ਕੇ ਮੇਰਾ ਹੱਥ ਫੜ ਲਿਆ। ਅੱਬੂ ਇੰਨੇ ਲੰਮੇ ਸਮੇਂ ਤੋਂ ਕੋਮਾ ਵਿੱਚ ਸਨ, ਪਰ ਉਹ ਥੋੜ੍ਹਾ ਜਿਹਾ ਉੱਠੇ, ਆਪਣਾ ਸਿਰ ਚੁੱਕਿਆ, ਆਪਣੇ ਮੋਢੇ ਚੁੱਕੇ ਅਤੇ ਥੋੜ੍ਹਾ ਜਿਹਾ ਖੰਘੇ। ਫਿਰ ਉਨ੍ਹਾਂ ਨੇ ਮੇਰਾ ਹੱਥ ਘੁੱਟ ਕੇ ਫੜ ਲਿਆ ਅਤੇ ਫਿਰ ਉਨ੍ਹਾਂ ਦੇ ਸਾਹਾਂ ਦੀ ਡੋਰੀ ਟੁੱਟ ਗਈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)