ਅਮਰੀਕਾ ਵਿੱਚ 26 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਮਹਿਬੂਬਾ ਸੇਰਾਜ 2003 ਵਿੱਚ ਆਪਣੇ ਜੱਦੀ ਦੇਸ਼ ਅਫ਼ਗਾਨਿਸਤਾਨ ਪਰਤ ਆਈ ਅਤੇ ਉਦੋਂ ਤੋਂ ਉਸ ਨੇ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਲਈ ਲੜਨ ਲਈ ਕਈ ਸੰਸਥਾਵਾਂ ਦੀ ਸਹਿ-ਸਥਾਪਨਾ ਅਤੇ ਅਗਵਾਈ ਕੀਤੀ ਹੈ - ਜਿਸ ਵਿੱਚ ਚੰਗੀ ਤਰ੍ਹਾਂ ਸਥਾਪਿਤ ਅਫ਼ਗਾਨ ਵੂਮੈਨ ਨੈੱਟਵਰਕ (AWN) ਵੀ ਸ਼ਾਮਲ ਹੈ। ) ਜੋ ਦੇਸ਼ ਦੀ ਉੱਭਰਦੀ ਔਰਤਾਂ ਦੀ ਲਹਿਰ ਦੀ ਇੱਕ ਬੁਨਿਆਦ ਹੈ।
ਉਸ ਨੇ ਆਪਣਾ ਜੀਵਨ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਤਾਕਤ ਪ੍ਰਦਾਨ ਕਰਨ, ਬੱਚਿਆਂ ਦੀ ਸਿਹਤ ਅਤੇ ਸਿੱਖਿਆ ਲਈ ਲੜਨ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਲਈ ਸਮਰਪਿਤ ਕੀਤਾ ਹੈ। ਜਦੋਂ ਅਗਸਤ 2021 ਵਿੱਚ ਤਾਲਿਬਾਨ ਸੱਤਾ ਵਿੱਚ ਵਾਪਸ ਆਏ ਤਾਂ ਉਹ ਆਪਣੇ ਲੋਕਾਂ ਨਾਲ ਰਹੀ ਅਤੇ ਹਿੰਮਤ ਨਾਲ ਸਥਾਨਕ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਅਫ਼ਗਾਨ ਔਰਤਾਂ ਦੀਆਂ ਚਿੰਤਾਵਾਂ ਨੂੰ ਆਵਾਜ਼ ਦਿੱਤੀ।
ਟਾਈਮ ਮੈਗਜ਼ੀਨ ਨੇ ਉਸ ਨੂੰ '2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ' ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਹੈ।
*ਮੇਰੀ ਸ਼ਾਂਤੀ ਸਥਾਪਤੀ ਆਪਣੇ ਦੇਸ਼ ਲਈ ਪਹਿਲੀ ਇੱਛਾ ਹੈ। ਮੈਂ ਆਪਣੀਆਂ ਭੈਣਾਂ ਅਤੇ ਧੀਆਂ ਦੀਆਂ ਅੱਖਾਂ ਵਿੱਚ ਉਨ੍ਹਾਂ ਅੱਗੇ ਇੱਕ ਅਣਜਾਣ ਭਵਿੱਖ ਲਈ ਇੰਤਜ਼ਾਰ ਵਿੱਚ ਦਹਿਸ਼ਤ ਦਾ ਰੂਪ ਨਹੀਂ ਦੇਖਣਾ ਚਾਹੁੰਦੀ। ਬਸ, ਹੁਣ ਅਜਿਹਾ ਬਹੁਤ ਹੋ ਗਿਆ ਹੈ!
ਐਵਾਰਡ ਜੇਤੂ ਤੁਰਕੀ-ਬ੍ਰਿਟਿਸ਼ ਲੇਖਕ ਅਤੇ ਔਰਤਾਂ ਅਤੇ LGBTQ+ ਅਧਿਕਾਰਾਂ ਦੀ ਸਮਰਥਕ।
ਐਲਿਫ ਸ਼ਫਾਕ ਨੇ 19 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿੱਚ ‘10 ਮਿੰਟ 38 ਸੈਕਿੰਡਜ਼ ਇਨ ਦਿਸ ਸਟ੍ਰੇਂਜ ਵਰਲਡ’ ਸ਼ਾਮਲ ਹਨ, ਜੋ ਕਿ ਬੁਕਰ ਇਨਾਮ ਲਈ ਸ਼ਾਰਟਲਿਸਟ ਕੀਤੀ ਗਈ ਸੀ ਅਤੇ ‘ਦਿ ਫੋਰਟੀ ਰੂਲਜ਼ ਆਫ਼ ਲਵ’ ਨੂੰ ਬੀਬੀਸੀ ਦੇ '100 ਨਾਵਲ’ਜ਼ ਦੈਟ ਸ਼ੇਪਡ ਅਵਰ ਵਰਲਡ' ਵਿੱਚੋਂ ਇੱਕ ਵਜੋਂ ਚੁਣਿਆ ਗਿਆ ਹੈ। ਉਸ ਦੀਆਂ ਰਚਨਾਵਾਂ ਦਾ 50 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
ਸ਼ਫਾਕ ਨੇ ਰਾਜਨੀਤੀ ਸ਼ਾਸਤਰ ਵਿੱਚ ਪੀਐੱਚ.ਡੀ ਕੀਤੀ ਹੈ ਅਤੇ ਤੁਰਕੀ, ਅਮਰੀਕਾ ਅਤੇ ਯੂ ਕੇ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਹੈ। 2021 ਵਿੱਚ ਉਸਨੂੰ 'ਕਹਾਣੀ ਸੁਣਾਉਣ ਦੀ ਕਲਾ ਦੇ ਨਵੀਨੀਕਰਨ' ਵਿੱਚ ਉਸ ਵੱਲੋਂ ਪਾਏ ਯੋਗਦਾਨ ਲਈ ਹਾਲਡੋਰ ਲੈਕਸਨੈਸ ਇੰਟਰਨੈਸ਼ਨਲ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
*ਪੂਰਬ ਅਤੇ ਪੱਛਮ ਹਰ ਜਗ੍ਹਾ, ਅਸੀਂ ਇੱਕ ਵੱਡੇ ਚੌਰਾਹੇ 'ਤੇ ਖੜ੍ਹੇ ਹਾਂ। ਪੁਰਾਣੀ ਦੁਨੀਆ ਹੁਣ ਨਹੀਂ ਰਹੀ - ਵਾਪਸ ਜਾਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਅਸੀਂ ਇੱਕ ਬਿਹਤਰ ਅਤੇ ਵਧੀਆ ਸੰਸਾਰ ਬਣਾ ਸਕਦੇ ਹਾਂ ਜਿੱਥੇ ਕੋਈ ਵੀ ਪਿੱਛੇ ਨਾ ਰਹੇ।
ਅਫ਼ਗਾਨਿਸਤਾਨ ਦੇ ਸਭ ਤੋਂ ਉੱਚ-ਪ੍ਰੋਫਾਈਲ ਪੱਤਰਕਾਰਾਂ ਵਿੱਚੋਂ ਇੱਕ ਅਨੀਸਾ ਸ਼ਾਹਿਦ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਮਨੁੱਖੀ ਅਧਿਕਾਰਾਂ ਦੇ ਘਾਣ, ਰਾਜਨੀਤੀ ਅਤੇ ਭ੍ਰਿਸ਼ਟਾਚਾਰ ਬਾਰੇ ਖ਼ਬਰਾਂ ਨੂੰ ਕਵਰ ਕੀਤਾ। ਉਸ ਨੇ ਟੋਲੋ ਨਿਊਜ਼ ਲਈ ਕੰਮ ਕੀਤਾ, ਜੋ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਚੈਨਲਾਂ ਵਿੱਚੋਂ ਇੱਕ ਹੈ, ਅਤੇ ਖੇਤਰ ਦੀਆਂ ਤਾਜ਼ੀਆਂ ਖ਼ਬਰਾਂ ਨੂੰ ਕਵਰ ਕਰਦਾ ਹੈ।
ਸ਼ਾਹਿਦ ਨੂੰ ਪੱਤਰਕਾਰ ਅਤੇ ਔਰਤ ਹੋਣ ਕਾਰਨ ਸਿੱਧੀਆਂ ਧਮਕੀਆਂ ਮਿਲੀਆਂ ਸਨ ਅਤੇ 15 ਅਗਸਤ 2020 ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ। ਸੰਸਥਾ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਨੇ ਕੋਰੋਨਵਾਇਰਸ ਦੇ ਪ੍ਰਕੋਪ ਦੌਰਾਨ ਉਸ ਦੀ 'ਦਲੇਰਾਨਾ' ਰਿਪੋਰਟਿੰਗ ਨੂੰ ਮਾਨਤਾ ਦਿੱਤੀ।
2021 ਵਿੱਚ ਉਸ ਨੂੰ ਅਫ਼ਗਾਨਿਸਤਾਨ ਦੇ ਫ੍ਰੀ ਸਪੀਚ ਹੱਬ ਨੈੱਟਵਰਕ ਵੱਲੋਂ ‘ਜਰਨਲਿਸਟ ਆਫ ਦਿ ਯੀਅਰ’ ਅਤੇ 'ਬੋਲਣ ਦੀ ਆਜ਼ਾਦੀ ਦਾ ਚਿਹਰਾ' ਚੁਣਿਆ ਗਿਆ ਸੀ।
*ਉਜਾੜੇ ਅਤੇ ਨਿਰਾਸ਼ਾ ਦੇ ਸਿਖਰ 'ਤੇ ਮੈਂ ਅਫ਼ਗਾਨਿਸਤਾਨ ਨੂੰ ਸ਼ਾਂਤੀ ਦੀ ਸਥਿਤੀ ਨਾਲ ਦੇਖਣ ਦੀ ਉਮੀਦ ਕਰਦੀ ਹਾਂ। ਮੈਂ ਔਰਤਾਂ ਅਤੇ ਕੁੜੀਆਂ ਨੂੰ ਮੁਸਕਰਾਉਂਦੇ ਹੋਏ ਦੇਖਣ ਦੀ ਉਮੀਦ ਕਰਦੀ ਹਾਂ, ਅਤੇ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਵਤਨ, ਆਪਣੇ ਘਰ ਅਤੇ ਆਪਣੇ ਕੰਮ 'ਤੇ ਵਾਪਸ ਆ ਸਕਾਂਗੀ।
ਸਾਲ 2013 ਵਿੱਚ ਉਹ ਚਰਚ ਆਫ਼ ਇੰਗਲੈਂਡ ਵਿੱਚ ਕਾਲੇ ਮੂਲ ਜਾਂ ਨਸਲੀ ਘੱਟ ਗਿਣਤੀ ਦੀ ਪਹਿਲੀ ਸੀਨੀਅਰ ਪਾਦਰੀ (ਕਾਲਾ ਬਿਸ਼ਪ) ਚੁਣੇ ਗਏ। ਹੁਣ ਸੇਵਾਮੁਕਤ ਪਾਦਰੀ ਅਤੇ ਅਧਿਆਪਕ, ਮੀਨਾ ਸਮਾਲਮੈਨ ਯੂ ਕੇ ਦੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਪੁਲਿਸ ਸੁਧਾਰਾਂ ਲਈ ਮੁਹਿੰਮ ਚਲਾ ਰਹੇ ਹਨ।
ਉਨ੍ਹਾਂ ਦੀਆਂ ਦੋ ਧੀਆਂ ਦਾ ਸਾਲ 2020 ਵਿੱਚ ਕਤਲ ਕੀਤਾ ਗਿਆ ਸੀ: ਨਿਕੋਲ ਸਮਾਲਮੈਨ ਅਤੇ ਬੀਬਾ ਹੈਨਰੀ ਨੂੰ ਲੰਡਨ ਦੇ ਇੱਕ ਪਾਰਕ ਵਿੱਚ ਇੱਕ 19 ਸਾਲਾ ਵਿਅਕਤੀ ਨੇ ਚਾਕੂ ਮਾਰ ਕੇ ਮਾਰ ਦਿੱਤਾ ਸੀ। ਉਨ੍ਹਾਂ ਨੇ ਆਪਣੀਆਂ ਧੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਸਬੰਧੀ ਪੁਲਿਸ ਦੀ ਸ਼ੁਰੂਆਤੀ ਕਾਰਵਾਈ ਦੀ ਆਲੋਚਨਾ ਕੀਤੀ, ਮੀਨਾ ਨੇ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਸ਼ਾਇਦ "ਜਮਾਤੀ ਪੱਖਪਾਤ" ਅਤੇ "ਨਸਲਵਾਦ" ਦਾ ਸ਼ਿਕਾਰ ਹੋਈਆਂ ਹੋਣ।
ਮੀਨਾ ਕਹਿੰਦੇ ਹਨ ਉਨ੍ਹਾਂ ਨੇ ਆਪਣੀਆਂ ਧੀਆਂ ਦੇ ਕਾਤਲਾਂ ਨੂੰ ਮਾਫ਼ ਕਰ ਦਿੱਤਾ ਹੈ: "ਜਦੋਂ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਹਾਂ, ਤਾਂ ਸਿਰਫ਼ ਉਹ ਹੀ ਨਹੀਂ ਜੋ ਫੜੇ ਜਾਂਦੇ ਹਨ, ਤੁਸੀਂ ਵੀ ਦੁਖੀ ਹੋ ਜਾਂਦੇ ਹੋ, ਕਿਉਂਕਿ ਬਦਲਾ ਲੈਣ ਦੀ ਇੱਛਾ ਤੁਹਾਡੇ ਦਿਮਾਗ 'ਤੇ ਕਬਜ਼ਾ ਕਰ ਲੈਂਦੀ ਹੈ। ਮੇਰਾ ਉਸ ਨੂੰ ਇਹ ਸ਼ਕਤੀ ਦੇਣ ਦਾ ਇਰਾਦਾ ਨਹੀਂ ਹੈ।"
*ਇੱਕ ਅਧਿਆਪਕ ਅਤੇ ਪਾਦਰੀ ਹੋਣ ਦੇ ਨਾਤੇ, ਮੈਂ ਆਪਣੀ ਜ਼ਿੰਦਗੀ ਨੂੰ ਉਨ੍ਹਾਂ ਲੜਕਿਆਂ ਅਤੇ ਲੜਕੀਆਂ ਦੀ ਪਰਵਰਿਸ਼ ਲਈ ਅਨੁਕੂਲ ਬਣਾਇਆ ਹੈ ਜੋ ਦੂਜਿਆਂ ਦੀਆਂ ਨਜ਼ਰਾਂ ਵਿੱਚ ਤੁੱਛ ਸਨ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਵਿਤਕਰੇ ਦਾ ਸਾਹਮਣਾ ਕਰਨ ਵੇਲੇ ਚੁੱਪ ਨਾ ਰਹਿਣ। ਤਬਦੀਲੀ ਅਸੰਭਵ ਨਹੀਂ ਹੈ।
ਅਤਿ-ਯਥਾਰਥਵਾਦੀ 'ਰੀਬੌਰਨ ਡੌਲਜ਼' ਕੁਝ ਔਰਤਾਂ ਨੂੰ ਗਰਭਪਾਤ ਜਾਂ ਬੱਚੇ ਦੇ ਨੁਕਸਾਨ ਦੀ ਪ੍ਰਕਿਰਿਆ ਵਿੱਚੋਂ ਉੱਭਰਨ ਵਿੱਚ ਮਦਦ ਕਰਦੀਆਂ ਹਨ ਅਤੇ ਕੁਝ ਲਈ ਉਹ ਚਿੰਤਾ, ਉਦਾਸੀ, ਅਤੇ ਜਣਨ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਸਹਾਇਤਾ ਕਰਦੀਆਂ ਹਨ। ਪੋਲਿਸ਼ ਕਲਾਕਾਰ ਬਾਰਬਰਾ ਸਮੋਲਿੰਸਕਾ ਡੌਲਜ਼ ਡਿਜ਼ਾਇਨਰ ਅਤੇ ਨਿਰਮਾਤਾ ਹੈ, ਜੋ ਜੀਵਨ ਦਾਨ ਦੇਣ ਵਰਗੀਆਂ ਬੇਬੀ ਡੌਲਜ਼ ਬਣਾਉਂਦੀ ਹੈ ਜੋ ਇਲਾਜ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
ਇੱਕ ਸਾਬਕਾ ਸੰਗੀਤਕਾਰ, ਉਸ ਕੋਲ ਕਾਸਮੈਟੋਲੋਜੀ ਵਿੱਚ ਪੇਸ਼ੇਵਰ ਸਿਖਲਾਈ ਹੈ ਅਤੇ ਉਹ ਆਪਣੀ ਕੰਪਨੀ, ਰੀਬੌਰਨ ਸ਼ੂਗਰ ਬੇਬੀਜ਼ ਦੀ ਸੰਸਥਾਪਕ ਹੈ। ਉਸਦੀਆਂ ਹੱਥਾਂ ਨਾਲ ਬਣਾਈਆਂ ਗੁੱਡੀਆਂ ਫਿਲਮਾਂ ਵਿੱਚ ਅਤੇ ਡਾਕਟਰੀ ਸੰਸਥਾਵਾਂ ਵਿੱਚ ਡਾਕਟਰਾਂ, ਨਰਸਾਂ ਅਤੇ ਦਾਈਆਂ ਨੂੰ ਸਿਖਲਾਈ ਦੇਣ ਲਈ ਵਰਤੀਆਂ ਜਾਂਦੀਆਂ ਹਨ।
ਸਮੋਲਿੰਸਕਾ ਆਪਣੀ ਕਲਾ ਪ੍ਰਤੀ ਜਨੂੰਨੀ ਹੈ ਅਤੇ ਉਹ ਵਿਸ਼ਵਾਸ ਕਰਦੀ ਹੈ ਕਿ ਉਸ ਦੀਆਂ ਸਿਰਜਣਾਵਾਂ ਔਰਤਾਂ ਨੂੰ ਉਮੀਦ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ।
*ਮੈਂ ਚਾਹਾਂਗੀ ਕਿ ਲੋਕ ਹੋਰ ਹਮਦਰਦ ਬਣਨ, ਵਧੇਰੇ ਖੁੱਲ੍ਹੇ ਅਤੇ ਵੱਖੋ-ਵੱਖਰੀਆਂ ਚੀਜ਼ਾਂ ਪ੍ਰਤੀ ਸਹਿਣਸ਼ੀਲ ਬਣਨ, ਜਿਵੇਂ ਕਿ ਰੀਬੌਰਨ ਡੌਲਜ਼ ਦੀ ਥੈਰੇਪੀ ਦਾ ਮਾਮਲਾ ਹੈ, ਜੋ ਬਹੁਤ ਸਾਰੀਆਂ ਔਰਤਾਂ ਦੀ ਮਦਦ ਕਰ ਸਕਦੀਆਂ ਹਨ।
ਮਿਆਂਮਾਰ ਮਿਲਟਰੀ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਈਨ ਸੋਏ ਮੇਅ (ਅਸਲੀ ਨਾਮ ਨਹੀਂ) ਛੇ ਮਹੀਨਿਆਂ ਤੱਕ ਜ਼ੇਲ੍ਹ ਵਿੱਚ ਹੀ ਰਹੇ ਜਦੋਂ ਤੱਕ ਉਨ੍ਹਾਂ ਨੂੰ ਆਮ ਮੁਆਫ਼ੀ ਦੇ ਕੇ ਰਿਹਾਅ ਨਹੀਂ ਕੀਤਾ ਗਿਆ। ਉਹ ਮਿਲਟਰੀ ਦੇ ਕਈ ਪੁੱਛਗਿੱਛ ਕੇਂਦਰਾਂ ਵਿੱਚੋਂ ਇੱਕ ਵਿੱਚ ਰਹੇ, ਉਹ ਜ਼ੇਲ੍ਹ ਵਿੱਚਲੇ ਆਪਣੇ ਸਮੇਂ ਨੂੰ ਇੱਕ ਬੇਹੱਦ ਔਖਾ ਸਮਾਂ ਦੱਸਦੇ ਹਨ ਅਤੇ ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ 'ਤੇ ਮਾਨਸਿਕ ਅਤੇ ਸਰੀਰਿਕ ਤਸ਼ੱਦਦ ਕੀਤਾ ਗਿਆ।
ਆਪਣੇ ਵਿਦਿਆਰਥੀ ਦਿਨਾਂ ਤੋਂ ਹੀ ਨੌਜਵਾਨ ਕਾਰਕੁਨ ਕਈ ਪ੍ਰਚਾਰ ਅਤੇ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੈ। 1 ਫਰਵਰੀ ਨੂੰ ਫੌਜੀ ਤਖ਼ਤਾਪਲਟ ਤੋਂ ਬਾਅਦ, ਸੋਏ ਮੇਅ ਦੇਸ਼ ਦੀ ਫੌਜ ਦਾ ਸਰਗਰਮੀ ਨਾਲ ਵਿਰੋਧ ਕਰਨ ਵਾਲੀ ਇੱਕ ਲਹਿਰ ਦਾ ਹਿੱਸਾ ਬਣ ਗਈ, ਜਿਸ ਵਿੱਚ ਫਰਵਰੀ ਵਿੱਚ 'ਪੌਟਸ ਐਂਡ ਪੈੱਨਜ਼' ਵਿਰੋਧ ਅਤੇ ਮਾਰਚ ਦੇ ਅਖੀਰ ਵਿੱਚ 'ਮੌਨ ਹੜਤਾਲ' ਸ਼ਾਮਲ ਸੀ।
ਆਪਣੀ ਰਿਹਾਈ ਤੋਂ ਬਾਅਦ, ਉਸਨੇ ਆਪਣੀਆਂ ਸਿਆਸੀ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ।
*ਜੇਕਰ ਦੁਨੀਆ ਨੂੰ ਰੀਸੈੱਟ ਕੀਤਾ ਜਾਵੇ...ਤਾਂ ਅਸੀਂ ਮਹਾਮਾਰੀ 'ਤੇ ਸਫਲਤਾਪੂਰਵਕ ਕਾਬੂ ਪਾਉਣਾ ਚਾਹੁੰਦੇ ਹਾਂ ਅਤੇ ਇੱਕ ਸ਼ਾਂਤੀਪੂਰਨ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸੰਸਾਰ ਵਿੱਚ ਸਾਰੀਆਂ ਤਾਨਾਸ਼ਾਹੀਆਂ ਨੂੰ ਉਖਾੜ ਦਿੱਤਾ ਜਾਵੇਗਾ ਅਤੇ ਇੱਕ ਸੱਚਾ ਅਤੇ ਸ਼ਾਂਤੀਪੂਰਨ ਲੋਕਤੰਤਰ ਸਥਾਪਿਤ ਕੀਤਾ ਜਾਵੇਗਾ।
ਔਸਟਿਨ, ਟੈਕਸਾਸ ਵਿੱਚ ਦਿ ਸੇਫ ਅਲਾਇੰਸ ਵਿੱਚ, ਮੁੱਖ ਜਨਤਕ ਰਣਨੀਤਕ ਅਫ਼ਸਰ ਪਾਈਪਰ ਸਟੈਜ ਨੈਲਸਨ ਬੱਚਿਆਂ ਨਾਲ ਬਦਸਲੂਕੀ, ਜਿਨਸੀ ਹਮਲੇ, ਘਰੇਲੂ ਹਿੰਸਾ ਅਤੇ ਜਿਨਸੀ ਤਸਕਰੀ ਨੂੰ ਰੋਕਣ ਲਈ ਭਾਈਚਾਰਿਆਂ ਨੂੰ ਸ਼ਾਮਲ ਕਰਨ ਲਈ ਕੰਮ ਕਰਦੀ ਹੈ।
ਸੰਗਠਨ ਬਲਾਤਕਾਰ ਦੀਆਂ ਸ਼ਿਕਾਰ ਲੜਕੀਆਂ ਨੂੰ ਸਲਾਹ ਦਿੰਦਾ ਹੈ ਜੋ ਹੁਣ ਗਰਭਪਾਤ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਸਕਦੀਆਂ, ਕਿਉਂਕਿ ਇੱਕ ਨਵਾਂ ਰਾਜ ਕਾਨੂੰਨ ਗਰਭ ਅਵਸਥਾ ਦੇ ਛੇ ਹਫ਼ਤਿਆਂ ਦੇ ਸ਼ੁਰੂ ਵਿੱਚ ਗਰਭਪਾਤ 'ਤੇ ਪਾਬੰਦੀ ਲਗਾਉਂਦਾ ਹੈ।
ਸਟੈਜ ਨੈਲਸਨ ਨੇ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਉਸ ਨੇ ਮਿਸ਼ੇਲ ਓਬਾਮਾ ਦੀ ਲੇਟ ਗਰਲਜ਼ ਲਰਨ ਪਹਿਲਕਦਮੀ ਅਤੇ ਐਨੀਜ਼ ਲਿਸਟ ਲਈ ਰਾਜਨੀਤੀ ਵਿੱਚ ਔਰਤਾਂ ਦੀ ਗਿਣਤੀ ਅਤੇ ਸਫਲਤਾ ਨੂੰ ਵਧਾਉਣ ਲਈ ਸਮਰਪਿਤ ਇੱਕ ਰਾਜਨੀਤਕ ਐਕਸ਼ਨ ਕਮੇਟੀ ਨਾਲ ਕੰਮ ਕੀਤਾ ਹੈ।
*ਕੋਵਿਡ -19 ਨੇ ਪਹਿਲਾਂ ਹੀ ਇੱਕ ਸਮਾਜਿਕ ਤਬਦੀਲੀ ਨੂੰ ਰੀਸੈਟ ਕਰ ਦਿੱਤਾ ਹੈ - ਲੋਕ ਮਹੱਤਵਪੂਰਨ ਕੀ ਹੈ, ਬਾਰੇ ਬੋਲਣ ਲਈ ਸ਼ਕਤੀਸ਼ਾਲੀ ਮਹਿਸੂਸ ਕਰਦੇ ਹਨ। ਹੁਣ ਸਾਡੀ ਚੁਣੌਤੀ ਹਰ ਆਦਮੀ, ਔਰਤ ਅਤੇ ਬੱਚੇ ਨੂੰ ਸਰੀਰਕ ਖੁਦਮੁਖਤਿਆਰੀ ਅਤੇ ਸਹਿਮਤੀ ਦੇ ਮਹੱਤਵ ਬਾਰੇ ਸਿੱਖਿਅਤ ਕਰਨਾ ਹੈ।
2019 ਵਿੱਚ ਇੱਕ ਸ਼ੌਕ ਵਜੋਂ ਪਹਾੜੀ ਚੜ੍ਹਾਈ ਸ਼ੁਰੂ ਕਰਨ ਤੋਂ ਬਾਅਦ, ਫਾਤਿਮਾ ਸੁਲਤਾਨੀ ਨੇ ਅਫ਼ਗਾਨ ਕੁੜੀਆਂ ਨੂੰ ਪਰਬਤਾਰੋਹਣ ਵਿੱਚ ਦਿਲਚਸਪੀ ਲੈਣ ਲਈ ਜਾਗਰੂਕਤਾ ਪੈਦਾ ਕਰਨ ਨੂੰ ਆਪਣਾ ਮਿਸ਼ਨ ਬਣਾਇਆ।
ਉਸ ਨੇ ਇਤਿਹਾਸ ਰਚਿਆ ਜਦੋਂ ਉਹ 18 ਸਾਲ ਦੀ ਉਮਰ ਵਿੱਚ ਨੋਸ਼ਾਖ ਦੀ ਸਿਖਰ 'ਤੇ ਚੜ੍ਹਾਈ - 7,492 ਮੀਟਰ 'ਤੇ ਚੜ੍ਹ ਗਈ-ਇਹ ਹਿੰਦੂ ਕੁਸ਼ ਪਰਬਤ ਲੜੀ ਦੀ ਚੋਟੀ ਅਫ਼ਗਾਨਿਸਤਾਨ ਦੀ ਸਭ ਤੋਂ ਉੱਚੀ ਹੈ।- ਅਜਿਹਾ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਲੜਕੀ ਬਣ ਗਈ ਹੈ। ਉਹ ਨੌਂ ਨੌਜਵਾਨ ਅਫ਼ਗਾਨ ਪਰਬਤਾਰੋਹੀਆਂ ਦੀ ਟੀਮ ਦਾ ਹਿੱਸਾ ਸੀ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਸਨ।
ਇੱਕ ਉਤਸੁਕ ਖਿਡਾਰਨ, ਸੁਲਤਾਨੀ ਪਿਛਲੇ ਸੱਤ ਸਾਲਾਂ ਤੋਂ ਮੁੱਕੇਬਾਜ਼ੀ, ਤਾਈਕਵਾਂਡੋ ਅਤੇ ਜੀਯੂ ਜਿਤਸੂ ਲਈ ਰਾਸ਼ਟਰੀ ਟੀਮ ਦੀ ਮੈਂਬਰ ਹੈ।
*ਅਫਗਾਨ ਔਰਤਾਂ 20 ਸਾਲਾਂ ਤੋਂ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਲਈ ਲੜ ਰਹੀਆਂ ਹਨ। ਉਹ ਉੱਚੇ ਪਹਾੜਾਂ 'ਤੇ ਚੜ੍ਹੀਆਂ ਅਤੇ ਆਪਣਾ ਨਾਮ ਕਮਾਇਆ। ਮੈਨੂੰ ਉਮੀਦ ਹੈ ਕਿ ਉਹ ਦੇਸ਼ ਦੇ ਅੰਦਰ ਅਤੇ ਬਾਹਰ ਮੁੜ ਉੱਚੇ ਪਹਾੜਾਂ 'ਤੇ ਚੜ੍ਹਨ ਲਈ ਆਜ਼ਾਦ ਹੋਣਗੀਆਂ।
ਇੱਕ ਕਲਾਕਾਰ ਅਤੇ ਭੋਜਨ ਡਿਜ਼ਾਈਨਰ ਜਿਸ ਦਾ ਕੰਮ ਸਾਡੇ ਦੁਆਰਾ ਕੀਤੇ ਗਏ ਜੀਵਨ-ਸ਼ੈਲੀ ਵਿਕਲਪਾਂ ਦੀ ਪੜਚੋਲ ਕਰਦਾ ਹੈ, ਖਾਸ ਕਰਕੇ ਭੋਜਨ ਨਾਲ ਸਾਡੇ ਆਧੁਨਿਕ ਸਬੰਧਾਂ ਦੇ ਸੰਦਰਭ ਵਿੱਚ।
ਚੀਨ ਵਿੱਚ ਪੈਦਾ ਹੋਈ ਐਡੇਲੇਡ ਲਾਲਾ ਟੈਮ ਬਾਅਦ ਵਿੱਚ ਹਾਂਗਕਾਂਗ ਦੀ ਸਥਾਈ ਨਿਵਾਸੀ ਬਣ ਗਈ ਅਤੇ ਵਰਤਮਾਨ ਵਿੱਚ ਨੀਦਰਲੈਂਡ ਵਿੱਚ ਰਹਿੰਦੀ ਅਤੇ ਉੱਥੇ ਹੀ ਕੰਮ ਕਰਦੀ ਹੈ। ਉਸ ਦੀ ਕਲਾ ਉਦਯੋਗਿਕ ਭੋਜਨ ਉਤਪਾਦਨ ਦਾ ਆਲੋਚਨਾਤਮਕ ਤੌਰ 'ਤੇ ਵਿਸ਼ਲੇਸ਼ਣ ਕਰਨਾ ਹੈ ਅਤੇ ਖਪਤਕਾਰਾਂ ਨੂੰ ਤਾਕੀਦ ਕਰਦੀ ਹੈ ਕਿ ਉਹ ਕੀ ਖਾਂਦੇ ਹਨ ਅਤੇ ਇਸ ਦੇ ਉਤਪਾਦਨ ਵਿੱਚ ਉਨ੍ਹਾਂ ਦੀ ਆਪਣੀ ਕੀ ਜ਼ਿੰਮੇਵਾਰੀ ਹੈ, ਉਹ ਇਸ ਦਾ ਮੁੜ-ਮੁਲਾਂਕਣ ਕਰਨ।
2018 ਵਿੱਚ ਉਸ ਨੇ ਫਿਊਚਰ ਫੂਡ ਡਿਜ਼ਾਈਨ ਐਵਾਰਡਜ਼ ਵਿੱਚ ਜਿਊਰੀ ਅਤੇ ਜਨਤਕ ਇਨਾਮ ਦੋਵੇਂ ਜਿੱਤੇ, ਜੋ ਇੱਕ ਮਿਸ਼ਰਤ-ਮੀਡੀਆ ਸਥਾਪਨਾ ਗਊ ਹੱਤਿਆ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਉਹ 2021 ਦੇ '50 ਨੈਕਸਟ' ਵਿੱਚੋਂ ਇੱਕ ਹੈ, ਉਨ੍ਹਾਂ ਲੋਕਾਂ ਦੀ ਸੂਚੀ ਨੂੰ ਉਜਾਗਰ ਕਰਦੀ ਹੈ ਜੋ ਗੈਸਟਰੋਨੋਮੀ ਦੇ ਭਵਿੱਖ ਨੂੰ ਆਕਾਰ ਦਿੰਦੇ ਹਨ।
*2021 ਵਿੱਚ ਦੁਨੀਆ ਬਹੁਤ ਬਦਲ ਗਈ ਹੈ, ਹੁਣ ਮੈਂ ਚਾਹੁੰਦੀ ਹਾਂ ਕਿ ਅਸੀਂ ਕੀ ਖਾਂਦੇ ਹਾਂ ਅਤੇ ਇਹ ਮੇਜ਼ 'ਤੇ ਕਿਵੇਂ ਆਉਂਦਾ ਹੈ, ਇਸ ਲਈ ਦੁਨੀਆ ਨੂੰ ਵਧੇਰੇ ਹਮਦਰਦੀ ਮਿਲੇ।
ਕੈਥੋਲਿਕ ਨਨ ਫੌਜੀ ਕਬਜ਼ੇ ਤੋਂ ਬਾਅਦ ਮਿਆਂਮਾਰ ਦੇ ਵਿਰੋਧ ਪ੍ਰਦਰਸ਼ਨਾਂ ਦਾ ਪ੍ਰਤੀਕ ਬਣ ਗਈ ਜਦੋਂ ਉਸ ਨੇ ਆਪਣੇ ਚਰਚ ਵਿੱਚ ਸ਼ਰਨ ਲੈ ਰਹੇ ਪ੍ਰਦਰਸ਼ਨਕਾਰੀਆਂ ਨੂੰ ਬਚਾਉਣ ਲਈ ਪੁਲਿਸ ਦੇ ਸਾਹਮਣੇ ਗੋਡੇ ਟੇਕ ਦਿੱਤੇ।
ਮਾਰਚ 2021 ਵਿੱਚ ਭਾਰੀ ਹਥਿਆਰਾਂ ਨਾਲ ਲੈਸ ਪੁਲਿਸ ਅਧਿਕਾਰੀਆਂ ਦਾ ਸਾਹਮਣਾ ਕਰਦੇ ਹੋਏ ਉਸ ਦੀ ਬਾਹਾਂ ਫੈਲਾਏ ਹੋਈ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਉਸ ਦੀ ਵਿਆਪਕ ਪ੍ਰਸ਼ੰਸਾ ਹੋਈ।
ਸਿਸਟਰ ਐਨ ਰੋਜ਼ ਨੂ ਤਾਵੰਗ ਨੇ ਖੁੱਲ੍ਹੇਆਮ ਨਾਗਰਿਕਾਂ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਦੀ ਗੱਲ ਕੀਤੀ ਹੈ। ਉਸ ਨੇ ਇੱਕ ਦਾਈ ਵਜੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਉਹ ਪਿਛਲੇ ਵੀਹ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਨ ਦਾ ਜੀਵਨ ਬਤੀਤ ਕਰ ਰਹੀ ਹੈ, ਹਾਲ ਹੀ ਵਿੱਚ ਉਸ ਨੇ ਮਿਆਂਮਾਰ ਦੇ ਕਾਚਿਨ ਰਾਜ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਦੇਖ-ਭਾਲ ਕੀਤੀ ਹੈ।
*ਮੈਂ ਟੁੱਟੇ ਹੋਏ ਦਿਲ ਨਾਲ ਦੇਖਿਆ ਹੈ ਕਿ ਮਿਆਂਮਾਰ ਵਿੱਚ ਕੀ ਹੋਇਆ। ਜੇ ਮੈਂ ਕੁਝ ਕਰਨ ਦੇ ਯੋਗ ਹੋ ਗਈ ਤਾਂ ਮੈਂ ਬਿਨਾਂ ਕਿਸੇ ਭੇਦ-ਭਾਵ ਦੇ ਜੇਲ੍ਹਾਂ ਵਿੱਚ ਨਜ਼ਰਬੰਦ ਸਾਰੇ ਲੋਕਾਂ ਨੂੰ ਰਿਹਾਅ ਕਰ ਦਿਆਂਗੀ ਅਤੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਬਰਾਬਰ ਬਣਾਵਾਂਗੀ।
ਉਹ ਅਫ਼ਰੀਕਾ ਦੇ ਸਭ ਤੋਂ ਘੱਟ ਉਮਰ ਦੇ ਕੈਬਨਿਟ ਮੰਤਰੀਆਂ ਵਿੱਚੋਂ ਇੱਕ ਬਣ ਗਈ, ਪਿਛਲੇ ਸਾਲ ਜਦੋਂ ਉਸ ਦੀ ਨਿਯੁਕਤੀ ਦੇ ਸਮੇਂ ਉਸ ਦੀ ਉਮਰ 23 ਸਾਲ ਸੀ। ਐਮਾ ਇਨਾਮੁਲਟੀਆ ਥੀਓਫੇਲਸ ਸੰਸਦ ਦੀ ਮੈਂਬਰ ਹੈ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਲਈ ਉਪ ਮੰਤਰੀ ਹੈ, ਜਿਸ ਨੂੰ ਅਧਿਕਾਰਤ ਕੋਵਿਡ -19 ਸੰਚਾਰ ਯਤਨਾਂ ਦੀ ਅਗਵਾਈ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਉਸ ਤੋਂ ਪਹਿਲਾਂ, ਉਹ ਲਿੰਗ ਸਮਾਨਤਾ, ਬੱਚਿਆਂ ਦੇ ਅਧਿਕਾਰਾਂ ਅਤੇ ਟਿਕਾਊ ਵਿਕਾਸ ਲਈ ਮੁਹਿੰਮ ਚਲਾਉਣ ਵਾਲੀ ਇੱਕ ਨੌਜਵਾਨ ਕਾਰਕੁਨ ਸੀ, ਯੂਥ ਪਾਰਲੀਮੈਂਟ ਵਿੱਚ ਇੱਕ ਸਪੀਕਰ ਅਤੇ ਵਿੰਡਹੋਕ ਸ਼ਹਿਰ ਦੀ ਜੂਨੀਅਰ ਮੇਅਰ ਵੀ ਸੀ, ਜਿੱਥੇ ਉਸ ਦਾ ਜਨਮ ਹੋਇਆ ਸੀ।
ਥੀਓਫੇਲਸ ਨੇ ਨਾਮੀਬੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਅਤੇ ਦੱਖਣੀ ਅਫ਼ਰੀਕਾ ਯੂਨੀਵਰਸਿਟੀ ਤੋਂ ਅਫ਼ਰੀਕਨ ਨਾਰੀਵਾਦ ਅਤੇ ਲਿੰਗ ਅਧਿਐਨ ਵਿੱਚ ਡਿਪਲੋਮਾ ਕੀਤਾ ਹੈ।
*ਦੁਨੀਆ ਤੇਜ਼ੀ ਨਾਲ ਰੀਸੈੱਟ ਹੋ ਸਕਦੀ ਹੈ: ਸਾਨੂੰ ਉਨ੍ਹਾਂ ਸਾਰੀਆਂ ਯੋਜਨਾਵਾਂ ਦੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਜੋ ਸਾਲਾਂ ਤੋਂ ਪਾਈਪਲਾਈਨ ਵਿੱਚ ਹਨ। ਦੇਰੀ ਲਈ ਕੋਈ ਸਮਾਂ ਨਹੀਂ ਹੈ। ਅਸਲ ਵਿੱਚ ਸਾਡੇ ਕੋਲ ਸਮਾਂ ਖਤਮ ਹੋ ਗਿਆ ਹੈ।
ਉਹ ਅਫ਼ਗਾਨ ਟੈਕਨਾਲੋਜੀ ਸਟਾਰਟ-ਅੱਪ ਅਹਿਤੇਸਾਬ ਦੀ ਸੰਸਥਾਪਕ ਹੈ, ਜਿਸ ਦਾ ਪਹਿਲਾ ਉਤਪਾਦ ਕਾਬੁਲ ਨਿਵਾਸੀਆਂ ਨੂੰ ਰੀਅਲ-ਟਾਈਮ ਸੁਰੱਖਿਆ, ਪਾਵਰ ਅਤੇ ਟ੍ਰੈਫਿਕ ਅਲਰਟ ਪ੍ਰਦਾਨ ਕਰਨ ਲਈ ਇੱਕ ਐਪ ਹੈ। ਐਪ ਅਫ਼ਗਾਨੀਆਂ ਨੂੰ ਉਨ੍ਹਾਂ ਦੇ ਆਲੇ ਦੁਆਲੇ ਦੇ ਖਤਰੇ ਦੀ ਪ੍ਰਕਿਰਤੀ ਅਤੇ ਸੀਮਾ, ਸੁਧਾਰੇ ਵਿਸਫੋਟਕ ਯੰਤਰ (ਆਈਈਡੀ) ਹਮਲਿਆਂ, ਜਨਤਕ ਕੁੱਟਮਾਰ ਅਤੇ ਘਰਾਂ ਦੇ ਛਾਪਿਆਂ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ ਕਰਕੇ ਮਹੱਤਵਪੂਰਨ ਸਾਬਤ ਹੋਇਆ ਹੈ।
2022 ਵਿੱਚ ਸਾਰਾ ਵਹੀਦੀ ਇੱਕ SMS ਅਲਰਟ ਫੰਕਸ਼ਨ ਸ਼ੁਰੂ ਕਰਨ ਦੀ ਉਮੀਦ ਕਰਦੀ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਲੋਕ ਸੇਵਾ ਤੱਕ ਪਹੁੰਚ ਕਰ ਸਕਣਗੇ।
ਤਕਨੀਕੀ ਉੱਦਮੀ TIME ਮੈਗਜ਼ੀਨ ਦੇ 2021 'ਨੈਕਸਟ ਜਨਰੇਸ਼ਨ ਲੀਡਰਸ' ਵਿੱਚੋਂ ਇੱਕ ਹੈ ਅਤੇ ਇਸ ਸਮੇਂ ਕੋਲੰਬੀਆ ਯੂਨੀਵਰਸਿਟੀ ਵਿੱਚ ਮਨੁੱਖੀ ਅਧਿਕਾਰਾਂ ਅਤੇ ਡਾਟਾ ਵਿਗਿਆਨ ਦਾ ਅਧਿਐਨ ਕਰ ਰਹੀ ਹੈ।
*ਇਹ ਅਟੱਲ ਹੈ ਕਿ ਅਫ਼ਗਾਨ ਇੱਕਜੁਟ ਹੋ ਕੇ ਉੱਠਣਗੇ, ਸੁਤੰਤਰ ਅਤੇ ਨਿਰਪੱਖ ਚੋਣਾਂ ਅਤੇ ਸਾਡੇ ਦੇਸ਼ ਦੇ ਪੁਨਰ ਨਿਰਮਾਣ ਲਈ ਏਜੰਸੀ ਦੀ ਮੰਗ ਕਰਨਗੇ। ਉੱਥੇ ਪਹੁੰਚਣ ਲਈ ਲੜਕੀਆਂ ਅਤੇ ਲੜਕਿਆਂ ਦੋਵਾਂ ਲਈ ਵਿਸ਼ਵਵਿਆਪੀ ਸਿੱਖਿਆ ਅਤੇ ਸਿਹਤ ਲਈ ਲੜਾਈ ਵਿੱਚ ਲਚਕੀਲੀ ਸਰਗਰਮੀ ਜ਼ਰੂਰੀ ਹੈ।
ਵੇਰਾ ਐਲੇਨ ਵੇਂਗ ਇੱਕ ਪ੍ਰਮੁੱਖ ਬ੍ਰਾਈਡਲ ਵਿਅਰ ਡਿਜ਼ਾਈਨਰ ਜੋ 1970 ਦੇ ਦਹਾਕੇ ਤੋਂ ਫੈਸ਼ਨ ਵਿੱਚ ਸਭ ਤੋਂ ਅੱਗੇ ਹੈ। ਉਸ ਨੇ ਖੁਸ਼ਬੂ, ਪ੍ਰਕਾਸ਼ਨ, ਘਰੇਲੂ ਡਿਜ਼ਾਈਨ ਅਤੇ ਹੋਰ ਬਹੁਤ ਕੁਝ ਸ਼ਾਮਲ ਕਰਦੇ ਹੋਏ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ।
ਉਸ ਦਾ ਜਨਮ ਨਿਊਯਾਰਕ ਵਿੱਚ ਚੀਨੀ ਮਾਪਿਆਂ ਦੇ ਘਰ ਵਿੱਚ ਹੋਇਆ ਸੀ ਅਤੇ ਉਹ ਵੋਗ ਵਿੱਚ ਸੀਨੀਅਰ ਫੈਸ਼ਨ ਸੰਪਾਦਕ ਸੀ ਅਤੇ ਫਿਰ ਰਾਲਫ਼ ਲੌਰੇਨ ਲਈ ਡਿਜ਼ਾਈਨ ਨਿਰਦੇਸ਼ਕ ਸੀ। ਉਹ ਇੱਕ ਪ੍ਰਤਿਭਾਸ਼ਾਲੀ ਫਿਗਰ ਸਕੇਟਰ ਵੀ ਹੈ ਅਤੇ ਉਹ ਆਪਣੀ ਕਿਸ਼ੋਰ ਉਮਰ ਵਿੱਚ ਪੇਸ਼ੇਵਰ ਤੌਰ 'ਤੇ ਮੁਕਾਬਲਾ ਜਿੱਤ ਕੇ ਅੱਗੇ ਵਧੀ।
ਉਹ ਅਮਰੀਕਾ ਦੇ ਫੈਸ਼ਨ ਡਿਜ਼ਾਈਨਰਾਂ ਦੀ ਵੱਕਾਰੀ ਕੌਂਸਲ ਦੀ ਮੈਂਬਰ ਹੈ, ਜਿਸ ਨੇ 2005 ਵਿੱਚ ਉਸ ਨੂੰ ਵੂਮੈਨਸਵਿਅਰ ਡਿਜ਼ਾਈਨਰ ਆਫ਼ ਦਿ ਯੀਅਰ ਦਾ ਨਾਮ ਦਿੱਤਾ।
*ਅਸੀਂ ਸਾਰੇ ਸਾਮਾਨ ਚੀਜ਼ਾਂ ਪ੍ਰਤੀ ਸੰਵੇਦਨਸ਼ੀਲ ਹਾਂ। ਜਿੰਨੀ ਜਲਦੀ ਅਸੀਂ ਸਾਰੇ ਮਿਲ ਕੇ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕੀਏ ਅਤੇ ਜ਼ਿਆਦਾ ਬੌਧਿਕ ਅਤੇ ਮੌਜੂਦ ਤਰੀਕਿਆਂ ਨਾਲ ਆਪਣੇ ਜੀਵਨ ਨੂੰ ਬਿਹਤਰ ਬਣਾਈਏ-ਓਨਾ ਹੀ ਬਿਹਤਰ ਹੈ।
ਮੂਲ ਰੂਪ ਵਿੱਚ ਚੀਨ ਦੇ ਇੱਕ ਦੂਰ-ਦੁਰਾਡੇ ਦੇ ਖੇਤਰ ਵਿੱਚ ਸਥਿਤ ਪਿੰਡ ਤੋਂ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਨਾਨਫੂ ਵੈਂਗ ਵਰਤਮਾਨ ਵਿੱਚ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਉੱਥੇ ਹੀ ਆਪਣਾ ਕੰਮ ਕਰਦੀ ਹੈ।
ਉਸ ਦੀ ਪਹਿਲੀ ਫਿਲਮ, ਹੂਲੀਗਨ ਸਪੈਰੋ (2016) ਨੂੰ ਇੱਕ ਸਰਵੋਤਮ ਦਸਤਾਵੇਜ਼ੀ ਫੀਚਰ ਅਕੈਡਮੀ ਐਵਾਰਡ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਉਸ ਨੇ ਵਨ ਚਾਈਲਡ ਨੇਸ਼ਨ (2019) ਅਤੇ ਇਨ ਦਿ ਸੇਮ ਬ੍ਰਿਥ (2021) ਦਾ ਨਿਰਦੇਸ਼ਨ ਵੀ ਕੀਤਾ, ਜੋ ਇਹ ਦਿਖਾਉਂਦੀ ਹੈ ਕਿ ਚੀਨ ਅਤੇ ਅਮਰੀਕੀ ਸਰਕਾਰਾਂ ਨੇ ਕੋਵਿਡ -19 ਦੇ ਪ੍ਰਕੋਪ 'ਤੇ ਕਿਵੇਂ ਪ੍ਰਤੀਕਿਰਿਆ ਕੀਤੀ।
ਵੈਂਗ ਦਾ ਗਰੀਬੀ ਵਿੱਚ ਪਾਲਣ ਪੋਸ਼ਣ ਹੋਇਆ, ਪਰ ਉਸ ਨੇ ਸ਼ੰਘਾਈ, ਓਹੀਓ ਅਤੇ ਨਿਊਯਾਰਕ ਯੂਨੀਵਰਸਿਟੀਆਂ ਤੋਂ ਤਿੰਨ ਮਾਸਟਰ ਡਿਗਰੀਆਂ ਹਾਸਲ ਕੀਤੀਆਂ ਉਸ ਨੂੰ ‘ਗਹਿਰੀ ਸਮਝ ਅਧਿਐਨ’ ਬਣਾਉਣ ਲਈ 2020 ਵਿੱਚ ਮੈਕਆਰਥਰ ਜੀਨੀਅਸ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਤਾਨਾਸ਼ਾਹੀ ਸ਼ਾਸਨ, ਭ੍ਰਿਸ਼ਟਾਚਾਰ ਅਤੇ ਜਵਾਬਦੇਹੀ ਦੀ ਘਾਟ ਦੇ ਪ੍ਰਭਾਵਾਂ ਦੀ ਜਾਂਚ ਕਰਦਾ ਹੈ'।
*ਸਾਰਾ ਸੰਸਾਰ ਆਮ ਦੀ ਭਾਵਨਾ ਵਿੱਚ ਵਾਪਸ ਆਉਣ ਲਈ ਉਤਸੁਕ ਜਾਪਦਾ ਹੈ, ਪਰ ਉਹ ਹਾਲਾਤ ਜਿਨ੍ਹਾਂ ਨੂੰ ਅਸੀਂ ਆਮ ਸਮਝਦੇ ਸੀ, ਉਹ ਸੰਕਟ ਪੈਦਾ ਕਰ ਰਹੇ ਹਨ ਜਿਸ ਵਿੱਚ ਅਸੀਂ ਹੁਣ ਜੀ ਰਹੇ ਹਾਂ।
ਸਾਬਕਾ ਸੰਸਦ ਮੈਂਬਰ ਅਤੇ ਯੋਗਤਾ ਪ੍ਰਾਪਤ ਗਾਇਨੀਕੋਲੋਜਿਸਟ, ਡਾ. ਰੋਸ਼ਨਕ ਵਰਦਕ ਨੇ 25 ਸਾਲਾਂ ਤੋਂ ਔਰਤਾਂ ਲਈ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਇੱਥੋਂ ਤੱਕ ਕਿ ਤਾਲਿਬਾਨ ਦੇ ਸੱਤਾ ਵਿੱਚ ਪਹਿਲੇ ਦੌਰ ਦੌਰਾਨ ਆਪਣੇ ਗ੍ਰਹਿ ਸੂਬੇ ਮੈਡਨ ਵਰਦਕ ਵਿੱਚ ਇੱਕਲੌਤੀ ਮਹਿਲਾ ਡਾਕਟਰ ਵਜੋਂ ਕੰਮ ਕੀਤਾ ਹੈ।
2001 ਵਿੱਚ ਤਾਲਿਬਾਨੀ ਸੱਤਾ ਦੇ ਪਤਨ ਤੋਂ ਬਾਅਦ, ਉਹ ਸੰਸਦ ਦੀ ਮੈਂਬਰ ਬਣ ਗਈ। ਉਸ ਦਾ ਜ਼ਿਲ੍ਹਾ ਪਿਛਲੇ ਪੰਦਰਾਂ ਸਾਲਾਂ ਤੋਂ ਤਾਲਿਬਾਨ ਦੇ ਨਿਯੰਤਰਣ ਅਧੀਨ ਹੈ ਅਤੇ ਬਹੁਤ ਸਾਰੇ ਪੇਂਡੂ ਖੇਤਰਾਂ ਵਾਂਗ ਨਾਟੋ ਬਲਾਂ ਨਾਲ ਭਾਰੀ ਲੜਾਈ ਹੋਈ ਸੀ।
ਉਸ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਦਾ ਕਬਜ਼ਾ ਅਤੇ ਯੁੱਧ ਦਾ ਅੰਤ ਇੱਕ ਸੁਪਨੇ ਵਾਂਗ ਮਹਿਸੂਸ ਹੋਇਆ ਸੀ। ਉਨ੍ਹਾਂ ਕਿਹਾ, 'ਮੈਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਇਨ੍ਹਾਂ ਭ੍ਰਿਸ਼ਟ ਲੋਕਾਂ ਨੂੰ ਸੱਤਾ ਤੋਂ ਹਟਾਇਆ ਜਾ ਸਕੇ। ਪਰ ਹਾਲ ਹੀ ਵਿੱਚ ਉਸ ਨੇ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ, ਅਤੇ ਤਾਲਿਬਾਨ ਦੇ ਝੂਠੇ ਵਾਅਦਿਆਂ ਨੇ ਉਸ ਨੂੰ ਕੁੜੀਆਂ ਦੀ ਸਿੱਖਿਆ ਲਈ ਇੱਕ ਸਪੱਸ਼ਟ ਸਮਰਥਕ ਬਣਾ ਦਿੱਤਾ ਹੈ।
*ਮੇਰੀ ਅਫ਼ਗਾਨਿਸਤਾਨ ਤੋਂ ਇੱਕੋ ਇੱਕ ਉਮੀਦ ਹੈ ਕਿ ਉਹ ਪਿਛਲੇ 40 ਸਾਲਾਂ ਵਿੱਚ ਸਰਕਾਰ ਦੇ ਨੇਤਾਵਾਂ ਨੂੰ ਰਾਸ਼ਟਰ ਦੇ ਖਿਲਾਫ਼ ਉਨ੍ਹਾਂ ਦੀਆਂ ਕਾਰਵਾਈਆਂ ਲਈ ਜਵਾਬਦੇਹ ਬਣਾਵੇ।
ਐਨੀਮੇਟਡ ਫੀਚਰ ਫਿਲਮਾਂ ਮੁਲਾਨ (1998) ਅਤੇ ਮੁਲਾਨ II (2004) ਵਿੱਚ ਫਾ ਮੁਲਾਨ ਦੀ ਆਵਾਜ਼, ਮਿੰਗ-ਨਾ ਵੈਨ ਨੇ ਪ੍ਰਸਿੱਧ ਅਮਰੀਕੀ ਮੈਡੀਕਲ ਡਰਾਮਾ ਯੀਅਰ ਵਿੱਚ ਵੀ ਅਭਿਨੈ ਕੀਤਾ ਹੈ ਅਤੇ ਏਸ਼ੀਅਨ-ਅਮਰੀਕੀ ਨਾਲ ਕੁਝ ਅਮਰੀਕੀ ਟੈਲੀਵਿਜ਼ਨ ਪ੍ਰੋਡਕਸ਼ਨਾਂ ਵਿੱਚੋਂ ਇੱਕ, ‘ਇਨਕੰਸੀਵੇਬਲ’ ਵਿੱਚ ਵੀ ਮੁੱਖ ਅਭਿਨੇਤਰੀ ਵਜੋਂ ਕੰਮ ਕੀਤਾ ਹੈ।
ਵਰਤਮਾਨ ਵਿੱਚ ਉਹ ਹਿੱਟ ਡਿਜ਼ਨੀ + ਸੀਰੀਜ਼ ‘ਦਿ ਮੈਂਡਾਲੋਰੀਅਨ’ ਵਿੱਚ ਫੈਨੇਕ ਸ਼ੈਂਡ ਦੀ ਭੂਮਿਕਾ ਨਿਭਾ ਰਹੀ ਹੈ, ਅਤੇ ਉਹ ਆਉਣ ਵਾਲੀ ਲੜੀ ‘ਦਿ ਬੁੱਕ ਆਫ਼ ਬੋਬਾ ਫੇਟ’ ਵਿੱਚ ਵੀ ਦਿਖਾਈ ਦੇਵੇਗੀ। 2019 ਵਿੱਚ ਮਿੰਗ-ਨਾ ਨੂੰ ਡਿਜ਼ਨੀ ਲੀਜੈਂਡ ਦਾ ਨਾਮ ਦਿੱਤਾ ਗਿਆ ਸੀ।
ਉਸ ਨੂੰ 2022 ਵਿੱਚ ਹਾਲੀਵੁੱਡ ਵਾਕ ਆਫ਼ ਫੇਮ ਵਿੱਚ ਇੱਕ ਸਟਾਰ ਪ੍ਰਾਪਤ ਹੋਵੇਗਾ।
*ਰੀਸੈੱਟ ਕਰਨਾ ਇੱਕ ਅਸਲੀ ਵਿਕਲਪ ਨਹੀਂ ਹੈ, ਤਾਂ ਫਿਰ ਪਿੱਛੇ ਜਾਣ ਦੀ ਖੇਚਲ ਕਿਉਂ ਕਰੀਏ? ਮੇਰਾ ਮੰਨਣਾ ਹੈ ਕਿ ਸਭ ਕੁਝ ਇੱਕ ਕਾਰਨ ਕਰਕੇ ਹੁੰਦਾ ਹੈ। ਹਰ ਨਵਾਂ ਦਿਨ ਰੀਸੈਟ ਹੁੰਦਾ ਹੈ। ਇਸ ਲਈ ਅੱਜ ਲਈ ਸ਼ੁਕਰਗੁਜ਼ਾਰ ਹੋ ਕੇ ਜੀਓ।
ਹਾਲੀਵੁੱਡ ਮੈਗਾਸਟਾਰ: ਅਭਿਨੇਤਰੀ, ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ - ਅਤੇ ਇੱਕ ਕਾਨੂੰਨ ਗ੍ਰੈਜੂਏਟ। ਉਸ ਦਾ ਅਦਾਕਾਰੀ ਕਰੀਅਰ ਸਿਡਨੀ ਸਟੇਜਾਂ ਤੋਂ ਸ਼ੁਰੂ ਹੋਇਆ, ਜਿੱਥੇ ਉਸ ਨੇ ਅਕਸਰ ਆਪਣਾ ਕੰਮ ਖੁਦ ਲਿਖਿਆ, ਅਤੇ ਉਸ ਨੇ 2010 ਵਿੱਚ ਅਮਰੀਕਾ ਜਾਣ ਤੋਂ ਪਹਿਲਾਂ ਆਸਟਰੇਲੀਆਈ ਕਾਮੇਡੀ ਵਿੱਚ ਆਪਣਾ ਨਾਮ ਬਣਾਇਆ।
ਆਪਣੇ ਹਾਲੀਵੁੱਡ ਡੈਬਿਊ ਲਈ ਉਹ ਔਰਤ ਦੀ ਅਗਵਾਈ ਵਾਲੀ ਕਾਮੇਡੀ ਹਿੱਟ ਬ੍ਰਾਈਡਸਮੇਡਜ਼ ਦੀ ਕਾਸਟ ਵਿੱਚ ਸ਼ਾਮਲ ਹੋਈ। ਆਸਕਰ-ਜੇਤੂ ਜੋਜੋ ਰੈਬਿਟ ਵਿੱਚ ਉਸ ਦੀ ਭੂਮਿਕਾ ਸੀ, ਪਰ ਬਾਕਸ-ਆਫਿਸ ਦੀ ਹਿੱਟ ਸੰਗੀਤਕ ਤਿੱਕੜੀ ‘ਪਿਚ ਪਰਫੈਕਟ’ ਵਿੱਚ ਫੈਟ ਐਮੀ ਵਜੋਂ ਜਾਣੀ ਜਾਂਦੀ ਹੈ (ਇਸ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਸੰਗੀਤਕ ਕਾਮੇਡੀ ਬਣ ਗਈ ਜਦੋਂ ਇਹ 2015 ਵਿੱਚ ਰਿਲੀਜ਼ ਹੋਈ ਸੀ।)
2022 ਵਿੱਚ, ਵਿਲਸਨ ਆਪਣੀ ਪਹਿਲੀ ਫੀਚਰ ਫਿਲਮ ਦਾ ਨਿਰਦੇਸ਼ਨ ਕਰੇਗੀ।
*ਜੀਵਨ ਦੇ ਸਾਰੇ ਖੇਤਰਾਂ ਵਿੱਚ ਵਿਭਿੰਨਤਾ, ਸਤਿਕਾਰ ਅਤੇ ਸ਼ਮੂਲੀਅਤ ਗੈਰ-ਗੱਲਬਾਤ ਰਾਹੀਂ ਹੋਣੀ ਚਾਹੀਦੀ ਹੈ।
ਯਾਕੂਬੀ ਅਤੇ ਉਸ ਦੇ ਪਤੀ, ਜੋ ਦੋਵੇਂ ਨੇਤਰਹੀਣ ਹਨ, ਨੇ ਅਫ਼ਗਾਨਿਸਤਾਨ ਵਿੱਚ ਨੇਤਰਹੀਣ ਲੋਕਾਂ ਨੂੰ ਸਿੱਖਿਆ ਅਤੇ ਪੁਨਰਵਾਸ ਪ੍ਰਦਾਨ ਕਰਨ ਲਈ ਰਾਹੀਬ ਸੰਸਥਾ ਦੀ ਸਥਾਪਨਾ ਕੀਤੀ। ਮਨੁੱਖੀ ਅਧਿਕਾਰ ਕਾਰਕੁਨ ਬੇਨਾਫਸ਼ਾ ਯਾਕੂਬੀ ਨੇ ਨੇਤਰਹੀਣ ਬੱਚਿਆਂ ਨੂੰ ਸਿੱਖਿਆ ਦੇਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਦੇਸ਼ ਦੇ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਕਮਿਸ਼ਨਰ ਵਜੋਂ ਵੀ ਕੰਮ ਕੀਤਾ।
ਤਾਲਿਬਾਨ ਦੇ ਹਮਲੇ ਤੋਂ ਬਾਅਦ, ਉਸ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਸੀ, ਪਰ ਉਹ ਅਪਾਹਜ ਲੋਕਾਂ ਦੇ ਅਧਿਕਾਰਾਂ ਲਈ ਇੱਕ ਕੰਮ ਕਰਨ ਵਿੱਚ ਮੋਹਰੀ ਹੈ, ਜਿਸ ਨੂੰ ਡਰ ਹੈ ਕਿ ਤਾਲਿਬਾਨ ਉਨ੍ਹਾਂ ਨਾਲ ਵਿਤਕਰਾ ਕਰਨਗੇੇ।
ਅਫ਼ਗਾਨਿਸਤਾਨ ਵਿੱਚ ਪਹੁੰਚਯੋਗਤਾ ਅਤੇ ਵਿਤਕਰਾ ਗੰਭੀਰ ਮੁੱਦੇ ਬਣੇ ਹੋਏ ਹਨ, ਜਿਸ ਵਿੱਚ ਕਈ ਦਹਾਕਿਆਂ ਦੇ ਸੰਘਰਸ਼ ਕਾਰਨ, ਅਪਾਹਜ ਵਿਅਕਤੀਆਂ ਦੀ ਪ੍ਰਤੀ ਵਿਅਕਤੀ ਆਬਾਦੀ ਵਿਸ਼ਵ ਦੀ ਸਭ ਤੋਂ ਵੱਡੀ ਆਬਾਦੀ ਹੈ।
*ਜੇਕਰ ਕੋਈ ਉਮੀਦ ਹੈ, ਤਾਂ ਮੇਰੇ ਲਈ ਇਹ ਹੋਵੇਗਾ ਕਿ ਮੈਂ ਆਪਣੇ ਦੇਸ਼ ਨੂੰ ਬਹੁਤ ਜ਼ਿਆਦਾ ਆਜ਼ਾਦੀ ਦੇ ਨਾਲ ਦੇਖਾਂ ਅਤੇ ਇਸ ਦੇ ਵਿਕਾਸ ਲਈ ਕੰਮ ਕਰਨ ਲਈ ਅਸੀਂ ਸਾਰੇ ਅਫ਼ਗਾਨ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰੀਏ।
ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਮਲਾਲਾ ਯੂਸਫ਼ਜ਼ਈ, ਪਾਕਿਸਤਾਨੀ ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੇ ਇੱਕ ਕਾਰਕੁਨ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਹਨ। ਉਹ ਗਿਆਰਾਂ ਸਾਲ ਦੀ ਉਮਰ ਤੋਂ ਹੀ ਸਿੱਖਿਆ ਵਿੱਚ ਨੌਜਵਾਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਦੇ ਆ ਰਹੇ ਹਨ।
ਮਲਾਲਾ ਨੇ ਬੀਬੀਸੀ ਲਈ ਬਲਾਗ ਲਿਖ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਆਪਣੇ ਲੇਖਾਂ ਵਿੱਚ, ਉਨ੍ਹਾਂ ਨੇ ਪਾਕਿਸਤਾਨ ਵਿੱਚ ਤਾਲਿਬਾਨੀ ਸ਼ਾਸਨ ਸਮੇਂ ਦੇ ਹਾਲਾਤ ਅਤੇ ਕੁੜੀਆਂ ਨੂੰ ਸਕੂਲ ਜਾਣ ਤੋਂ ਮਨ੍ਹਾ ਕਰਨ ਦੇ ਤਜ਼ਰਬਿਆਂ ਬਾਰੇ ਦੱਸਿਆ। ਅਕਤੂਬਰ 2012 ਵਿੱਚ, ਇੱਕ ਬੰਦੂਕਧਾਰੀ ਨੇ ਉਨ੍ਹਾਂ ਦੀ ਭਾਲ ਵਿੱਚ ਜਿਸ ਬੱਸ ਵਿੱਚ ਉਹ ਸਵਾਰ ਸਨ, ਵੜਿਆ ਮਲਾਲਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਆਪਣੇ ਠੀਕ ਹੋਣ ਤੋਂ ਬਾਅਦ, ਉਨ੍ਹਾਂ ਨੇ ਇੱਕ ਗ਼ੈਰ-ਮੁਨਾਫ਼ਾ ਸੰਸਥਾ ਦੇ ਸਹਿ-ਸੰਸਥਾਪਕ ਵਜੋਂ ਆਪਣਾ ਕੰਮ ਜਾਰੀ ਰੱਖਿਆ, ਇੱਕ ਅਜਿਹੀ ਦੁਨੀਆਂ ਬਣਾਉਣ ਦੀ ਕੋਸ਼ਿਸ਼ ਜਿਸ ਵਿੱਚ ਹਰ ਕੁੜੀ ਬਿਨਾਂ ਕਿਸੇ ਡਰ ਦੇ ਸਿੱਖਿਆ ਹਾਸਲ ਕਰ ਸਕੇ ਅਤੇ ਅਗਵਾਈ ਕਰ ਸਕੇ।
*ਅੱਜ ਲੱਖਾਂ ਕੁੜੀਆਂ ਸਕੂਲਾਂ ਤੋਂ ਬਾਹਰ ਹਨ। ਮੈਂ ਅਜਿਹੀ ਦੁਨੀਆਂ ਦੇਖਣਾ ਚਾਹੁੰਦੀ ਹਾਂ ਜਿੱਥੇ ਹਰ ਕੁੜੀ ਲਈ 12 ਸਾਲ ਦੀ ਮੁਫ਼ਤ, ਸੁਰੱਖਿਅਤ ਅਤੇ ਮਿਆਰੀ ਪੱਧਰ 'ਤੇ ਮੁਹੱਈਆ ਹੋਵੇ। ਜਿੱਥੇ ਸਾਰੀਆਂ ਕੁੜੀਆਂ ਸਿੱਖ ਸਕਦੀਆਂ ਹੋਣ ਅਤੇ ਅਗਵਾਈ ਕਰ ਸਕਦੀਆਂ ਹੋਣ।
ਪਿਛਲੇ ਅਗਸਤ ਵਿੱਚ ਸਮਲਿੰਗੀ ਹੋਣ ਦੇ ਜਸ਼ਨ ਵਿੱਚ ਉਸ ਦੇ ਪਰਿਵਾਰ ਨੂੰ ਪ੍ਰਦਰਸ਼ਿਤ ਕਰਨ ਵਾਲੇ ਇੱਕ ਸੁਪਰਮਾਰਕੀਟ ਇਸ਼ਤਿਹਾਰ ਵਿੱਚ ਭਾਗ ਲੈਣ ਲਈ ਪ੍ਰਤੀਕਿਰਿਆ ਹੋਣ ਤੋਂ ਬਾਅਦ ਉਸ ਨੂੰ ਰੂਸ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਇੱਕ ਮਨੋ-ਚਿਕਿਤਸਕ ਅਤੇ LGBTQ+ ਕਾਰਕੁਨ, ਉਹ ਵਰਤਮਾਨ ਵਿੱਚ ਸਪੇਨ ਵਿੱਚ ਰਹਿ ਰਹੀ ਹੈ।
ਯੂਮਾ (ਜਿਸ ਨੇ ਆਪਣਾ ਉਪਨਾਮ ਗੁਪਤ ਰੱਖਣ ਲਈ ਕਿਹਾ ਹੈ) ਰੂਸ ਦੁਆਰਾ 2013 ਵਿੱਚ ਇੱਕ 'ਗੇਅ ਪ੍ਰੋਪੇਗੰਡਾ' ਕਾਨੂੰਨ ਪਾਸ ਕਰਨ ਤੋਂ ਬਾਅਦ ਇੱਕ ਕਾਰਕੁਨ ਬਣ ਗਈ, ਜਿਸ ਨੇ 'ਨਾਬਾਲਗਾਂ ਲਈ ਗੈਰ-ਰਵਾਇਤੀ ਜਿਨਸੀ ਸਬੰਧਾਂ ਦੇ ਪ੍ਰਚਾਰ' 'ਤੇ ਪਾਬੰਦੀ ਲਗਾਈ ਸੀ।
ਉਹ ਚੇਚਨੀਆ ਦੇ LGBT ਲੋਕਾਂ ਨੂੰ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ 2017-2018 ਵਿੱਚ ਰੂਸੀ ਪੁਲਿਸ ਦੁਆਰਾ ਤਸੀਹੇ ਦਿੱਤੇ ਗਏ ਸਨ। ਉਹ ਰੂਸ ਦੇ ਅੰਦਰ LGBT ਤਿਉਹਾਰਾਂ ਅਤੇ ਸਮਾਗਮਾਂ ਦਾ ਸਮਰਥਨ ਵੀ ਕਰਦੀ ਹੈ।
*ਜ਼ਬਰਦਸਤੀ ਦੀ ਇਕੱਲਤਾ ਨੇ ਦਿਖਾਇਆ ਹੈ ਕਿ ਨਜ਼ਦੀਕੀ ਰਿਸ਼ਤੇ ਕਿੰਨੇ ਮਹੱਤਵਪੂਰਨ ਹਨ। ਇਹ ਦੇਖਣਾ ਸਮਝਾਉਂਦਾ ਹੈ ਕਿ ਅਸੀਂ ਦੁਨੀਆਂ ਵਿੱਚ ਕੀ ਕਰ ਰਹੇ ਹਾਂ ਜੋ ਅਸੀਂ ਆਪਣੇ ਅਜ਼ੀਜ਼ਾਂ ਲਈ ਕਰਨਾ ਚਾਹੁੰਦੇ ਹਾਂ।
ਅਫ਼ਗਾਨਿਸਤਾਨ ਦੇ ਖੋਸਤ ਸੂਬੇ ਵਿੱਚ ਪੁਲਿਸ ਦੇ ਅਪਰਾਧਿਕ ਜਾਂਚ ਵਿਭਾਗ ਵਿੱਚ ਪਹਿਲੀ ਮਹਿਲਾ ਉਪ ਮੁਖੀ, ਇੱਕ ਅਜਿਹਾ ਖੇਤਰ ਜੋ ਵਿਦਰੋਹੀ ਸਮੂਹਾਂ ਦੀਆਂ ਗਤੀਵਿਧੀਆਂ ਦੁਆਰਾ ਤੇਜ਼ੀ ਨਾਲ ਅਸਥਿਰ ਹੁੰਦਾ ਜਾ ਰਿਹਾ ਹੈ। ਸੈਕਿੰਡ ਲੈਫਟੀਨੈਂਟ ਜ਼ਾਲਾ ਜ਼ਜ਼ਾਈ ਦੇਸ਼ ਦੀਆਂ ਲਗਭਗ 4,000 ਮਹਿਲਾ ਪੁਲਿਸ ਅਧਿਕਾਰੀਆਂ ਵਿੱਚੋਂ ਇੱਕ ਸੀ ਅਤੇ ਉਸ ਨੇ ਤੁਰਕੀ ਦੀ ਪੁਲਿਸ ਅਕੈਡਮੀ ਤੋਂ ਪੇਸ਼ੇਵਰ ਸਿਖਲਾਈ ਪ੍ਰਾਪਤ ਕੀਤੀ ਸੀ।
ਆਪਣੀ ਸੇਵਾ ਦੌਰਾਨ ਉਸ ਨੂੰ ਆਪਣੇ ਮਰਦ ਸਾਥੀਆਂ ਵੱਲੋਂ ਧਮਕਾਉਣ ਦੇ ਨਾਲ-ਨਾਲ ਵਿਦਰੋਹੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਵੀ ਸਾਹਮਣਾ ਕਰਨਾ ਪਿਆ।
2021 ਵਿੱਚ ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਜ਼ਜ਼ਾਈ ਨੂੰ ਆਪਣੇ ਦੇਸ਼ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ ਸੀ। ਉਸ ਨੇ ਉਦੋਂ ਤੋਂ ਅਫ਼ਗਾਨਿਸਤਾਨ ਵਿੱਚ ਲੁਕਣ ਲਈ ਮਜਬੂਰ ਹੋਰ ਮਹਿਲਾ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਲਈ ਚਿੰਤਾ ਜ਼ਾਹਰ ਕੀਤੀ ਹੈ।
*ਭਵਿੱਖ ਵਿੱਚ ਮੇਰਾ ਸੁਪਨਾ ਇੱਕ ਪਰੰਪਰਾਗਤ ਅਤੇ ਪੁਰਸ਼ ਪ੍ਰਧਾਨ ਸਮਾਜ ਨੂੰ ਚੁਣੌਤੀ ਦਿੰਦੇ ਹੋਏ ਆਪਣੀ ਵਰਦੀ ਨੂੰ ਦੁਬਾਰਾ ਪਹਿਨਣਾ ਹੈ। ਮੈਂ ਅਫ਼ਗਾਨ ਔਰਤਾਂ ਲਈ ਦੁਬਾਰਾ ਕਿਸੇ ਦੂਰ-ਦੁਰਾਡੇ ਦੇ ਸਥਾਨ 'ਤੇ ਕੰਮ ਕਰਨਾ ਚਾਹੁੰਦੀ ਹਾਂ ਜਿੱਥੇ ਔਰਤਾਂ ਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਹੈ।
100 ਔਰਤਾਂ ਨੂੰ ਚੁਣਿਆ ਕਿਵੇਂ ਗਿਆ? ਬੀਬੀਸੀ ਦੀ 100 ਔਰਤਾਂ ਦੀ ਟੀਮ ਨੇ ਉਨ੍ਹਾਂ ਵੱਲੋਂ ਇਕੱਠੇ ਕੀਤੇ ਗਏ ਨਾਂਵਾਂ ਅਤੇ ਬੀਬੀਸੀ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਵਿਸ਼ਵ ਸੇਵਾਵਾਂ ਦੀਆਂ ਟੀਮਾਂ ਦੇ ਨੈਟਵਰਕ ਵੱਲੋਂ ਸੁਝਾਏ ਗਏ ਨਾਂਵਾਂ ਦੇ ਆਧਾਰ 'ਤੇ ਇੱਕ ਛੋਟੀ ਸੂਚੀ ਤਿਆਰ ਕੀਤੀ।
ਅਸੀਂ ਉਨ੍ਹਾਂ ਉਮੀਦਵਾਰਾਂ ਦੀ ਭਾਲ ਕਰ ਰਹੇ ਸੀ ਜੋ ਪਿਛਲੇ 12 ਮਹੀਨਿਆਂ ਵਿੱਚ ਸੁਰਖੀਆਂ ਵਿੱਚ ਰਹੇ ਜਾਂ ਮਹੱਤਵਪੂਰਨ ਕਹਾਣੀਆਂ ਨੂੰ ਪ੍ਰਭਾਵਿਤ ਕੀਤਾ ਹੈ।
ਇਸ ਦੇ ਨਾਲ ਹੀ ਉਹ ਜਿਨ੍ਹਾਂ ਕੋਲ ਦੱਸਣ ਲਈ ਪ੍ਰੇਰਨਾਦਾਇਕ ਕਹਾਣੀਆਂ ਹਨ, ਕੁਝ ਅਹਿਮ ਹਾਸਲ ਕੀਤਾ ਹੈ ਜਾਂ ਉਨ੍ਹਾਂ ਦੇ ਸਮਾਜ ਨੂੰ ਅਜਿਹੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ ਜੋ ਜ਼ਰੂਰੀ ਤੌਰ 'ਤੇ ਖਬਰਾਂ ਨਹੀਂ ਬਣਾਉਂਦੇ।
ਇਸ ਤੋਂ ਬਾਅਦ ਤੈਅ ਹੋਏ ਨਾਂਵਾ ਨੂੰ ਇਸ ਸਾਲ ਦੀ ਥੀਮ ਸਾਹਮਣੇ ਮੁਲਾਂਕਣ ਕੀਤਾ ਗਿਆ ਸੀ - ਉਹ ਔਰਤਾਂ ਜੋ, ਵਿਸ਼ਵਵਿਆਪੀ ਮਹਾਂਮਾਰੀ ਦੇ ਬਾਅਦ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਸਾਡੇ ਰਹਿਣ ਦੇ ਤਰੀਕੇ ਦਾ ਮੁੜ-ਮੁਲਾਂਕਣ ਕਰਨ ਲਈ ਮਜਬੂਰ ਕਰਨ ਤੋਂ ਬਾਅਦ ਸਾਡੀ ਦੁਨੀਆ ਨੂੰ ਮੁੜ ਖੋਜਣ ਲਈ ਆਪਣੀ ਭੂਮਿਕਾ ਨਿਭਾ ਰਹੀਆਂ ਹਨ।
ਆਖਰੀ ਨਾਂਵਾਂ ਦੀ ਚੋਣ ਕਰਨ ਤੋਂ ਪਹਿਲਾਂ ਇਸ ਨੂੰ ਖੇਤਰੀ ਪ੍ਰਤੀਨਿਧਤਾ ਅਤੇ ਨਿਰਪੱਖਤਾ ਲਈ ਵੀ ਮਾਪਿਆ ਗਿਆ ਸੀ।
ਇਸ ਸਾਲ ਬੀਬੀਸੀ 100 ਵੂਮੈਨ ਨੇ ਸੂਚੀ ਦਾ ਅੱਧਾ ਹਿੱਸਾ ਇੱਕ ਦੇਸ਼ - ਅਫਗਾਨਿਸਤਾਨ ਦੀਆਂ ਔਰਤਾਂ ਨੂੰ ਸਮਰਪਿਤ ਕਰਨ ਦਾ ਬੇਮਿਸਾਲ ਫੈਸਲਾ ਲਿਆ ਹੈ।
ਦੇਸ਼ ਵਿੱਚ ਹਾਲੀਆ ਘਟਨਾਵਾਂ ਨੇ ਸੁਰਖੀਆਂ ਬਣਾਈਆਂ ਹਨ, ਕਰੋੜਾਂ ਅਫ਼ਗਾਨ ਲੋਕ ਆਪਣੇ ਭਵਿੱਖ ਬਾਰੇ ਸਵਾਲ ਪੁੱਛ ਰਹੇ ਹਨ, ਕਿਉਂਕਿ ਅਧਿਕਾਰ ਸਮੂਹਾਂ ਨੇ ਇਸ ਡਰ ਨਾਲ ਗੱਲ ਕੀਤੀ ਹੈ ਕਿ ਤਾਲਿਬਾਨ ਦੇ ਅਧੀਨ ਆਉਣ ਵਾਲੇ ਭਵਿੱਖ ਲਈ ਔਰਤਾਂ ਦੀ ਆਜ਼ਾਦੀ ਨੂੰ ਖਤਮ ਕੀਤਾ ਜਾ ਸਕਦਾ ਹੈ।
ਸੂਚੀ ਦਾ ਅੱਧਾ ਹਿੱਸਾ ਉਨ੍ਹਾਂ ਔਰਤਾਂ ਨੂੰ ਸਮਰਪਿਤ ਕਰਕੇ ਜੋ ਅਫ਼ਗਾਨਿਸਤਾਨ ਤੋਂ ਹਨ ਜਾਂ ਕੰਮ ਕਰਦੀਆਂ ਹਨ, ਅਸੀਂ ਇਹ ਉਜਾਗਰ ਕਰਨਾ ਚਾਹੁੰਦੇ ਸੀ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਔਰਤਾਂ ਨੂੰ ਜਨਤਕ ਜੀਵਨ ਦੇ ਖੇਤਰਾਂ ਤੋਂ ਗਾਇਬ ਹੋਣ ਲਈ ਮਜ਼ਬੂਰ ਕੀਤਾ ਗਿਆ ਹੈ, ਅਤੇ ਨਾਲ ਹੀ ਉਨ੍ਹਾਂ ਦੀ ਆਵਾਜ਼ ਨੂੰ ਸਾਂਝਾ ਕਰਨਾ ਹੈ ਜੋ ਖਾਮੋਸ਼ ਹਨ ਜਾਂ ਜੋ ਇੱਕ ਨਵੇਂ ਅਫਗਾਨ ਡਾਇਸਪੋਰਾ ਦਾ ਹਿੱਸਾ ਹਨ।
3 ਦਸੰਬਰ ਨੂੰ, ਤਾਲਿਬਾਨ ਨੇ ਆਪਣੇ ਸਰਵਉੱਚ ਨੇਤਾ ਦੇ ਨਾਮ 'ਤੇ ਇੱਕ ਫ਼ਰਮਾਨ ਜਾਰੀ ਕੀਤਾ ਜਿਸ ਵਿੱਚ ਮੰਤਰਾਲਿਆਂ ਨੂੰ ਔਰਤਾਂ ਦੇ ਅਧਿਕਾਰਾਂ 'ਤੇ "ਗੰਭੀਰ ਕਾਰਵਾਈ" ਕਰਨ ਦਾ ਨਿਰਦੇਸ਼ ਦਿੱਤਾ ਗਿਆ।
ਫ਼ਰਮਾਨ ਔਰਤਾਂ ਲਈ ਵਿਆਹ ਅਤੇ ਜਾਇਦਾਦ ਨੂੰ ਨਿਯੰਤਰਿਤ ਕਰਨ ਵਾਲੇ ਨਿਯਮ ਨਿਰਧਾਰਤ ਕਰਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਵਿਆਹ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ "ਜਾਇਦਾਦ" ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।
ਪਰ ਇਸ ਐਲਾਨ ਦੀ ਆਲੋਚਨਾ ਕੀਤੀ ਗਈ ਹੈ ਕਿਉਂਕਿ ਇਹ ਲੜਕੀਆਂ ਦੀ ਸੈਕੰਡਰੀ ਸਿੱਖਿਆ ਅਤੇ ਔਰਤਾਂ ਦੇ ਰੁਜ਼ਗਾਰ ਦੇ ਘਟਾਏ ਗਏ ਅਧਿਕਾਰਾਂ ਦਾ ਜ਼ਿਕਰ ਕਰਨ ਵਿੱਚ ਅਸਫਲ ਰਿਹਾ ਹੈ।
ਸੂਚੀ ਵਿੱਚ ਕੁਝ ਅਫਗਾਨ ਔਰਤਾਂ ਆਪਣੀ ਸਹਿਮਤੀ ਨਾਲ ਅਤੇ ਸਾਰੀਆਂ ਬੀਬੀਸੀ ਸੰਪਾਦਕੀ ਨੀਤੀ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ, ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਅਗਿਆਤ ਹਨ।
ਕ੍ਰੈਡਿਟ ਪ੍ਰੋਡਿਊਸਡ ਅਤੇ ਐਡਿਟਿਡ - ਵਾਲੇਰਿਆ ਪੇਰਾਸੋ, ਅਮੇਲੀਆ ਬਟਰਲੀ, ਲਾਰਾ ਓਵੇਨ, ਜਿਓਰਜੀਨਾ ਪੀਅਰਸ, ਕਾਵੂਨ ਖ਼ਾਮੋਸ਼, ਹਾਨੀਆ ਅਲੀ, ਮਾਰਕ ਸ਼ੇਅ ਬੀਬੀਸੀ 100 ਵੂਮੈਨ ਅਡੀਟਰ - ਕਲੇਅਰ ਵਿਲੀਅਮ ਪ੍ਰੋਡਕਸ਼ਨ - ਪੌਲ ਸਾਰਜੇਂਟ ਫਿਲੀਪਾ ਜੋਏ, ਅਨਾ ਲੁਸੀਆ ਗੋਂਜ਼ਾਲੇਜ਼ ਡੇਵਲੇਪਮੈਂਟ - ਅਯੁ ਵਿਦਿਆਨਿੰਗਸੀਹ, ਅਕੈਗਜ਼ੈਂਡਰ ਇਵਾਨੋਵ ਡਿਜ਼ਾਈਨ - ਦੇਬੀ ਲੋਇਜ਼ੋਊ, ਜ਼ੋਅ ਬਾਰਥੋਲੇਮ ਇਲਸਟ੍ਰੇਸ਼ਨਜ਼ - ਜਿਲਾ ਡਾਸਟਮਲਚੀ Fadil Berisha, Gerwin Polu/Talamua Media, Gregg DeGuire/Getty Images, Netflix, Manny Jefferson, University College London (UCL), Zuno Photography, Brian Mwando, S.H. Raihan, CAMGEW, Ferhat Elik, Chloé Desnoyers, Reuters, Boudewijn Bollmann, Imran Karim Khattak/RedOn Films, Patrick Dowse, Kate Warren, Sherridon Poyer, Fondo Semillas, Magnificent Lenses Limited, Darcy Hemley, Ray Ryan Photography Tuam, Carla Policella/Ministry of Women, Gender and Diversity (Argentina), Matías Salazar, Acumen Pictures, Mercia Windwaai, Carlos Orsi/Questão de Ciência, Yuriy Ogarkov, Setiz/@setiz, Made Antarawan, Peter Hurley, Jason Bell, University of Sheffield Hallam, Caroline Mardok, Emad Mankusa, David M. Benett/Getty, East West Institute Flickr Gallery, Rashed Lovaan, Abdullah Rafiq, RFH, Jenny Lewis, Ram Parkash Studio, Oslo Freedom Forum, Kiana Hayeri/Malala Fund, Fatima Hasani, Nasrin Raofi, Mohammad Anwar Danishyar, Sophie Sheinwald, Payez Jahanbeen, James Batten.
100 ਵੂਮੇਨ ਕੀ ਹੈ? ਬੀਬੀਸੀ 100 ਵੂਮੈਨ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਔਰਤਾਂ ਦੇ ਨਾਮ ਹਰ ਸਾਲ ਐਲਾਨਦਾ ਹੈ। ਅਸੀਂ ਇਨ੍ਹਾਂ ਦੀ ਜ਼ਿੰਦਗੀ 'ਤੇ ਡਾਕਿਊਮੈਂਟਰੀਜ਼, ਫੀਚਰਜ਼ ਅਤੇ ਇੰਟਰਵਿਊਜ਼ ਬਣਾਉਂਦੇ ਹਾਂ - ਕਹਾਣੀਆਂ ਜੋ ਔਰਤਾਂ ਨੂੰ ਕੇਂਦਰ ਵਿੱਚ ਰੱਖਦੀਆਂ ਹਨ।
Skip YouTube post Google YouTube ਸਮੱਗਰੀ ਦੀ ਇਜਾਜ਼ਤ? ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਸਵੀਕਾਰ ਕਰੋ ਤੇ ਜਾਰੀ ਰੱਖੋ ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ End of YouTube post