47 ਸਾਲ ਪਹਿਲਾਂ ਹੋਇਆ ਇੱਕ ਕਤਲ ਜੋ ਜ਼ੁਲਫ਼ੀਕਾਰ ਅਲੀ ਭੁੱਟੋ ਦੀ ਫਾਂਸੀ ਦਾ ਕਾਰਨ ਬਣਿਆ

ਤਸਵੀਰ ਸਰੋਤ, Getty Images
- ਲੇਖਕ, ਸ਼ਾਹਿਦ ਅਸਲਮ
- ਰੋਲ, ਬੀਬੀਸੀ ਲਾਹੌਰ
ਅੱਜ ਤੋਂ ਠੀਕ 47 ਸਾਲ ਪਹਿਲਾਂ ਸਾਲ 1974 ਦੀ 10-11 ਨਵੰਬਰ ਦੀ ਅੱਧੀ ਰਾਤ ਨੂੰ ਲਾਹੌਰ ਦੇ ਸ਼ਾਦਮਾਨ ਕਾਲੌਨੀ ਇਲਾਕੇ ਦੇ ਇੱਕ ਘਰ ਦੇ ਬਾਹਰ ਬਣੀ ਪਾਰਕਿੰਗ 'ਚੋਂ ਇੱਕ ਮਾਰਕ ਟੂ ਕਾਰ ਨਿਕਲੀ।
ਉਸ ਗੱਡੀ 'ਚ ਚਾਰ ਲੋਕ ਸਵਾਰ ਸਨ ਜੋ ਕਿ ਸ਼ਾਦਮਾਨ ਕਾਲੌਨੀ ਤੋਂ ਮਾਡਲ ਟਾਊਨ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ। ਰਾਤ ਦੇ ਲਗਭਗ ਸਾਢੇ 12 ਵੱਜ ਚੁੱਕੇ ਸਨ ਅਤੇ ਚਾਰੇ ਪਾਸੇ ਘੁੱਪ ਹਨੇਰਾ ਛਾਇਆ ਹੋਇਆ ਸੀ।
ਨੌਜਵਾਨ ਅਹਿਮਦ ਰਜ਼ਾ ਕਾਰ ਚਲਾ ਰਹੇ ਸਨ ਅਤੇ ਉਨ੍ਹਾਂ ਦੀ ਬਰਾਬਰ ਵਾਲੀ ਸੀਟ 'ਤੇ ਉਨ੍ਹਾਂ ਦੇ ਪਿਤਾ ਨਵਾਬ ਮੁਹੰਮਦ ਅਹਿਮਦ ਖ਼ਾਨ ਕਸੂਰੀ ਬੈਠੇ ਹੋਏ ਸਨ।
ਪਿੱਛੇ ਦੀ ਸੀਟ 'ਤੇ ਅਹਿਮਦ ਖ਼ਾਨ ਕਸੂਰੀ ਦੀ ਪਤਨੀ ਅਤੇ ਪਤਨੀ ਦੀ ਭੈਣ ਬੈਠੀਆਂ ਹੋਈਆਂ ਸਨ।
ਕਾਰ ਜਿਵੇਂ ਹੀ ਸ਼ਾਦਮਾਨ ਕਾਲੌਨੀ ਤੋਂ ਕੁਝ ਦੂਰ ਸਥਿਤ ਸ਼ਾਹ ਜਮਾਲ ਦੇ ਗੋਲ ਚੱਕਰ 'ਤੇ ਪਹੁੰਚੀ ਤਾਂ ਕੁਝ ਹਥਿਆਰਬੰਦ ਹਮਲਾਵਰਾਂ ਨੇ ਤਿੰਨ ਪਾਸਿਆਂ ਤੋਂ ਕਾਰ 'ਤੇ ਗੋਲੀਬਾਰੀ ਕਰਨੀ ਸ਼ੂਰੂ ਕਰ ਦਿੱਤੀ।

ਤਸਵੀਰ ਸਰੋਤ, Facebook/Ahmed Raza Kasuri
ਅਹਿਮਦ ਰਜ਼ਾ ਕਸੂਰੀ ਸਿਰ ਹੇਠਾਂ ਕਰਕੇ ਕਾਰ ਚਲਾਉਂਦੇ ਰਹੇ ਤਾਂ ਜੋ ਉਹ ਕਾਰ 'ਚ ਸਵਾਰ ਸਾਰੇ ਲੋਕਾਂ ਨੂੰ ਉੱਥੋਂ ਦੂਰ ਲੈ ਜਾਣ।
ਪਰ ਅਚਾਨਕ ਹੀ ਮੂਹਰਲੀ ਸੀਟ 'ਤੇ ਬੈਠੇ ਮੁਹੰਮਦ ਅਹਿਮਦ ਕਸੂਰੀ ਦਾ ਸਿਰ ਆਪਣੇ ਜਵਾਨ ਪੁੱਤ ਦੇ ਮੋਢੇ 'ਤੇ ਆ ਡਿੱਗਾ।
ਜਿਵੇਂ ਹੀ ਪੁੱਤਰ ਦਾ ਹੱਥ ਆਪਣੇ ਪਿਤਾ ਦੇ ਸਰੀਰ 'ਤੇ ਪਿਆ ਤਾਂ ਉਸ ਦਾ ਹੱਥ ਖੂਨ ਨਾਲ ਲਾਲ ਹੋ ਗਿਆ।
ਇਹ ਵੀ ਪੜ੍ਹੋ-
'ਤੁਹਾਨੂੰ ਕਿਸ 'ਤੇ ਸ਼ੱਕ ਹੈ'
ਜ਼ਖਮੀ ਅਹਿਮਦ ਖ਼ਾਨ ਕਸੂਰੀ ਨੂੰ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਕੁਝ ਸਮਾਂ ਬਾਅਦ ਹੀ ਤਿੰਨ-ਚਾਰ ਸੌ ਪੁਲਿਸ ਅਧਿਕਾਰੀਆਂ ਦਾ ਕਾਫ਼ਲਾ ਉੱਥੇ ਪਹੁੰਚ ਗਿਆ ਸੀ।
ਇਛਰਾ ਪੁਲਿਸ ਥਾਣੇ ਦੇ ਤਤਕਾਲੀ ਐੱਸਐੱਚਓ ਅਬਦੁਲ ਹਈ ਨਿਆਜ਼ੀ ਨੇ ਐੱਫਆਈਆਰ ਲਿਖਣੀ ਸ਼ੁਰੂ ਕੀਤੀ ਅਤੇ ਸ਼ੁਰੂਆਤੀ ਜਾਣਕਾਰੀ ਲਿਖਣ ਤੋਂ ਬਾਅਦ ਜਦੋਂ ਗੱਲ ਆਈ ਕਿ 'ਤੁਹਾਨੂੰ ਕਿਸ 'ਤੇ ਸ਼ੱਕ ਹੈ' ਤਾਂ ਅਹਿਮਦ ਰਜ਼ਾ ਕਸੂਰੀ ਨੇ ਤਤਕਾਲੀ ਜ਼ਵੀਰ-ਏ-ਆਜ਼ਮ ਜ਼ੁਲਫ਼ੀਕਾਰ ਅਲੀ ਭੁੱਟੋ ਦਾ ਨਾਮ ਲਿਆ ਸੀ।
ਵਜ਼ੀਰੇ-ਏ-ਆਜ਼ਮ ਜ਼ੁਲਫੀਕਾਰ ਅਲੀ ਭੁੱਟੋ ਦਾ ਨਾਮ ਸੁਣਦਿਆਂ ਹੀ ਐੱਸਐੱਚਓ ਦੇ ਹੱਥ 'ਚੋਂ ਪੈਂਸਿਲ ਹੇਠਾਂ ਡਿੱਗ ਗਈ ਅਤੇ ਉਨ੍ਹਾਂ ਨੇ ਹੈਰਾਨ ਹੁੰਦਿਆਂ ਕਿਹਾ ਕਿ ਕੀ ਤੁਸੀਂ ਪ੍ਰਧਾਨ ਮੰਤਰੀ ਦੇ ਖਿਲਾਫ ਐੱਫਆਈਆਰ ਦਰਜ ਕਰਵਾਉਣਾ ਚਾਹੁੰਦੇ ਹੋ? ਤਾਂ ਉਨ੍ਹਾਂ ਨੂੰ ਜਵਾਬ ਮਿਲਿਆ, ਜੀ ਹਾਂ।
ਅਹਿਮਦ ਰਜ਼ਾ ਕਸੂਰੀ ਨੇ ਕਿਹਾ, "ਕਿਉਂਕਿ ਉਹ (ਭੁੱਟੋ) ਪਹਿਲਾਂ ਵੀ ਮੇਰੇ 'ਤੇ ਕਈ ਹਮਲੇ ਕਰਵਾ ਚੁੱਕੇ ਹਨ। ਜਦੋਂ ਇਸ ਸਭ ਲਈ ਉਹ ਹੀ ਜ਼ਿੰਮੇਵਾਰ ਹਨ ਤਾਂ ਐਫਆਈਆਰ ਵੀ ਉਨ੍ਹਾਂ ਦੇ ਨਾਮ 'ਤੇ ਲਿਖੀ ਜਾਵੇਗੀ।"

ਤਸਵੀਰ ਸਰੋਤ, Jang/Newspaper
ਰਜ਼ਾ ਕਸੂਰੀ ਨੇ ਉਸ ਰਾਤ ਵਾਪਰੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਇਸ ਲੇਖਕ ਨੂੰ ਦਿੱਤੀ ਇੰਟਰਵਿਊ 'ਚ ਦੱਸਿਆ ਕਿ 'ਕੁਝ ਸਮੇਂ ਬਾਅਦ ਮੈਂ ਮੁੜ ਤਹਿਰੀਰ ਲਿਖਵਾਉਣੀ ਚਾਹੀ ਤਾਂ ਉਹ (ਐਸਐਚਓ) ਬਾਹਰ ਚਲਾ ਗਿਆ।
'ਕੁਝ ਸਮੇਂ ਬਾਅਦ ਐੱਸਐੱਸਪੀ ਅਤੇ ਡੀਜੀਪੀ ਦੋਵੇਂ ਮੇਰੇ ਕੋਲ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਆਪਣੇ ਆਲੇ-ਦੁਆਲੇ ਵੇਖੋ, ਜਿਸ ਨੇ ਨਵਾਬ ਸਾਹਿਬ 'ਤੇ ਹਮਲਾ ਕੀਤਾ ਹੋਵੇ, ਤੁਸੀਂ ਤਾਂ ਸਿੱਧੇ ਹੀ ਵਜ਼ੀਰ-ਏਆਜ਼ਮ ਦਾ ਨਾਮ ਲੈ ਰਹੇ ਹੋ।'
ਰਜ਼ਾ ਕਸੂਰੀ ਦੇ ਇੱਕ ਮਾਮਾ, ਜੋ ਕਿ ਫੌਜ 'ਚ ਬ੍ਰਿਗੇਡੀਅਰ ਸਨ, ਉਹ ਵੀ ਹਸਪਤਾਲ ਪਹੁੰਚ ਚੁੱਕਾ ਸੀ।
ਪੁਲਿਸ ਨੇ ਉਨ੍ਹਾਂ ਨੂੰ ਵੀ ਰਜ਼ਾ ਕਸੂਰੀ ਨੂੰ ਸਮਝਾਉਣ ਲਈ ਭੇਜਿਆ ਪਰ ਰਜ਼ਾ ਕਸੂਰੀ ਆਪਣੇ ਬਿਆਨ 'ਤੇ ਅੜੇ ਰਹੇ ਕਿ ਭੁੱਟੋ ਨੇ ਹੀ ਉਨ੍ਹਾਂ ਦੇ ਪਿਤਾ 'ਤੇ ਹਮਲਾ ਕਰਵਾਇਆ ਹੈ।
ਸਵੇਰ ਦੇ ਤਕਰੀਬਨ ਤਿੰਨ ਵੱਜ ਚੁੱਕੇ ਸਨ, ਇਸੇ ਦੌਰਾਨ ਡਾਕਟਰ ਨੇ ਰਜ਼ਾ ਖ਼ਾਨ ਨੂੰ ਆ ਕੇ ਦੱਸਿਆ ਕਿ ਅਹਿਮਦ ਖ਼ਾਨ ਕਸੂਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਉਹ ਦੱਸਦੇ ਹਨ, "ਇਹ ਖ਼ਬਰ ਸੁਣ ਕੇ ਮੈਂ ਬਹੁਤ ਗੁੱਸੇ 'ਚ ਆ ਗਿਆ ਸੀ ਅਤੇ ਆਪਣਾ ਆਪਾ ਖੋਹ ਬੈਠਾ ਸੀ।"
"ਮੇਰੇ ਨੇੜੇ ਹੀ ਇੱਕ ਡੰਡਾ ਪਿਆ ਸੀ ਅਤੇ ਮੈਂ ਉਹ ਡੰਡਾ ਚੁੱਕ ਕੇ ਐੱਸਐੱਸਪੀ, ਜੋ ਕਿ ਆਪਣੀ ਵਰਦੀ 'ਚ ਸੀ ਉਸ ਦੀ ਪਿੱਠ 'ਤੇ ਤਿੰਨ-ਚਾਰ ਵਾਰ ਜਾ ਮਾਰਿਆ।"
"ਇਸ ਤੋਂ ਬਾਅਦ ਡੀਜੀਆਈ ਨੂੰ ਵੀ ਪਿੱਛੇ ਤੋਂ ਇੱਕ ਲੱਤ ਮਾਰੀ। ਉਹ ਵੀ ਡਿੱਗਦੇ-ਡਿੱਗਦੇ ਪੁਲਿਸ ਮੁਲਾਜ਼ਮਾਂ ਦੇ ਪਿੱਛੇ ਲੁੱਕ ਗਏ।"
ਗੋਲੀਆ ਦੇ 24 ਖਾਲੀ ਕਾਰਤੂਸ
ਤੜਕਸਾਰ ਤਕਰੀਬਨ ਤਿੰਨ ਵੱਜ ਕੇ 20 ਮਿੰਟ 'ਤੇ ਅਹਿਮਦ ਰਜ਼ਾ ਕਸੂਰੀ ਨੇ ਆਪਣੇ ਇੱਕ ਗੁਆਂਢੀ ਦੀ ਮਦਦ ਨਾਲ ਰਿਪੋਰਟ ਲਿਖੀ।
ਇਸ 'ਚ ਉਨ੍ਹਾਂ ਨੇ ਆਪਣੇ 'ਤੇ ਹੋਏ ਹਮਲਿਆਂ ਦਾ ਜ਼ਿਕਰ ਕੀਤਾ ਅਤੇ ਆਪਣੇ ਪਿਤਾ ਦੇ ਕਤਲ ਦਾ ਇਲਜ਼ਾਮ ਵਜ਼ੀਰ-ਏ-ਆਜ਼ਮ ਜ਼ੁਲਫੀਕਾਰ ਅਲੀ ਭੁੱਟੋ 'ਤੇ ਲਗਾਇਆ।
ਇਸ ਤੋਂ ਬਾਅਦ ਆਖ਼ਰਕਾਰ ਉਸੇ ਸਾਲ ਹੀ ਫਰਵਰੀ ਮਹੀਨੇ ਜ਼ੁਲਫੀਕਾਰ ਅਲੀ ਭੁੱਟੋ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਇੱਕ ਐਮਐਲਏ ਦੇ ਪਿਤਾ ਦੇ ਕਤਲ ਦੀ ਸਾਜਿਸ਼ ਦੇ ਇਲਜ਼ਾਮ ਹੇਠ ਇੱਕ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਸੀ।
ਮੁਹੰਮਦ ਅਹਿਮਦ ਖ਼ਾਨ ਦਾ ਪੋਸਟਮਾਰਟਮ ਡਿਪਟੀ ਸਰਜਨ ਮੈਡੀਕੋ ਲੀਗਲ ਲਾਹੌਰ ਦੇ ਡਾਕਟਰ ਸਾਬਿਰ ਅਲੀ ਨੇ ਕੀਤਾ ਸੀ।
ਅਗਲੀ ਸਵੇਰ (11 ਨਵੰਬਰ) ਨੂੰ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਗੋਲੀਆ ਦੇ 24 ਖਾਲੀ ਕਾਰਤੂਸ ਬਰਾਮਦ ਕੀਤੇ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਗੋਲ ਚੱਕਰ ਨਜ਼ਦੀਕ ਸਥਿਤ ਇੱਕ ਘਰ ਦੀ ਕੰਧ 'ਤੇ ਵੀ ਗੋਲੀਆਂ ਦੇ ਨਿਸ਼ਾਨ ਮਿਲੇ ਸਨ।
ਖਾਰ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਕੁਝ ਗੋਲੀਆਂ ਡਰਾਈਵਰ ਦੀ ਸੀਟ ਦੇ ਪਿਛਲੇ ਹਿੱਸੇ 'ਚ ਵੀ ਫਸੀਆਂ ਹੋਈਆਂ ਸਨ, ਜਿਸ ਤੋਂ ਅਹਿਮਦ ਰਜ਼ਾ ਖ਼ਾਨ ਵੀ ਮਸਾਂ ਹੀ ਬਚੇ ਸਨ।
ਹਮਲੇ 'ਚ ਵਰਤੇ ਗਏ ਹਥਿਆਰਾਂ ਦਾ ਪਤਾ ਲਗਾਉਣ ਲਈ ਗੋਲੀਆਂ ਦੇ ਖਾਲੀ ਕਾਰਤੂਸ ਫੋਰੈਂਸਿਕ ਸਾਇੰਸ ਲੈਬ ਲਾਹੌਰ ਦੇ ਤਤਕਾਲੀ ਨਿਰਦੇਸ਼ਕ ਨਾਦਿਰ ਹੁਸੈਨ ਨੂੰ ਸੌਂਪੇ ਗਏ ਸਨ।
ਉਨ੍ਹਾਂ ਨੇ ਖਾਲੀ ਕਾਰਤੂਸਾਂ ਨੂੰ ਜਾਂਚ ਲਈ ਰਾਵਲਪਿੰਡੀ 'ਚ ਫੌਜ ਦੇ ਜਨਰਲ ਹੈੱਡਕੁਆਟਰ ਵਿਖੇ ਭੇਜ ਦਿੱਤਾ ਸੀ।
ਜਾਂਚ ਤੋਂ ਬਾਅਦ ਜਨਰਲ ਹੈੱਡਕੁਆਟਰ ਨੇ ਦੱਸਿਆ ਕਿ ਉਹ ਕਾਰਤੂਸ 7 ਐੱਮਐੱਮ ਦੇ ਹਨ ਜੋ ਕਿ ਚੀਨ ਦੇ ਬਣੇ ਹੋਏ ਹਨ ਅਤੇ ਇਹ ਐੱਲਐੱਮਜੀ ਅਤੇ ਐੱਸਐੱਮਜੀ ਰਾਈਫਲਾਂ ਤੋਂ ਚਲਾਏ ਜਾ ਸਕਦੇ ਹਨ।
ਮੁਢਲੀ ਜਾਂਚ ਦੀ ਨਿਗਰਾਨੀ ਡੀਐੱਸਪੀ ਅਬਦੁਲ ਅਹਿਦ ਨੂੰ ਸੌਂਪੀ ਗਈ ਸੀ ਪਰ 1975 'ਚ ਉਨ੍ਹਾਂ ਦੀ ਮੌਤ ਤੋਂ ਬਾਅਦ ਇਸ ਜਾਂਚ ਦੀ ਜ਼ਿੰਮੇਵਾਰੀ ਵਿਸ਼ੇਸ਼ ਬ੍ਰਾਂਚ ਦੇ ਮਲਿਕ ਮੁਹੰਮਦ ਵਾਰਿਸ ਨੂੰ ਸੌਂਪ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ, ਲਾਹੌਰ ਹਾਈ ਕੋਰਟ ਦੇ ਜੱਜ ਸ਼ਫ਼ੀ-ਉਰ-ਰਹਿਮਾਨ ਦੀ ਅਗਵਾਈ ਹੇਠ ਇੱਕ ਨਿਆਇਕ ਕਮਿਸ਼ਨ ਦਾ ਗਠਨ ਕੀਤਾ।

ਤਸਵੀਰ ਸਰੋਤ, AFP
ਕਮਿਸ਼ਨ ਨੇ 26 ਫਰਵਰੀ, 1975 ਨੂੰ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਪਰ ਉਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ।
ਮੁਲਕ 'ਚ ਮਾਰਸ਼ਲ ਲਾਅ
ਜਾਂਚ ਅਧਿਕਾਰੀ ਮਲਿਕ ਮੁਹੰਮਦ ਵਾਰਿਸ ਦੀ ਸਿਫਾਰਿਸ਼ 'ਤੇ ਅਕਤੂਬਰ 1975 'ਚ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ 'ਚ ਕਿਹਾ ਗਿਆ ਸੀ ਕਿ ਇਸ ਹਮਲੇ ਦੇ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ਹੈ।
5 ਜੁਲਾਈ, 1977 ਨੂੰ ਜ਼ੁਲ਼ਫੀਕਾਰ ਅਲੀ ਭੁੱਟੋ ਦੀ ਚੁਣੀ ਹੋਈ ਹਕੂਮਤ ਦਾ ਤਖਤਾ ਪਲਟ ਕੇ ਮੁਲਕ 'ਚ ਮਾਰਸ਼ਲ ਲਾਅ ਲਗਾਇਆ ਗਿਆ।
ਉਦੋਂ ਤੋਂ ਇਸ ਮਾਮਲੇ 'ਤੇ ਖੜੇ ਹੋਏ ਵਿਵਾਦਾਂ ਦਾ ਦੌਰ ਅੱਜ ਤੱਕ ਨਹੀਂ ਟਲਿਆ ਹੈ ਅਤੇ ਉਹ ਵਿਵਾਦ ਅੱਜ ਵੀ ਦੇਸ਼ ਦੇ ਸਿਆਸੀ, ਕਾਨੂੰਨੀ ਅਤੇ ਨਿਆਂਇਕ ਇਤਿਹਾਸ ਦਾ ਜਿੰਨ ਵਾਂਗ ਪਿੱਛਾ ਕਰਦਾ ਵਿਖਾਈ ਦਿੰਦਾ ਹੈ।
ਮਾਰਸ਼ਲ ਲਾਅ ਲਾਗੂ ਹੋਣ ਤੋਂ ਤੁਰੰਤ ਬਾਅਦ ਸੰਘੀ ਸਰਕਾਰ ਨੇ ਜ਼ੁਲਫੀਕਾਰ ਅਲੀ ਭੁੱਟੋ ਵੱਲੋਂ ਬਣਾਈ ਗਈ ਪੈਰਾ ਮਿਲਟਰੀ ਫੋਰਸ ਭਾਵ ਫੈਡਰਲ ਸੁਰੱਖਿਆ ਫੋਰਸ ਤੋਂ ਕਥਿਤ ਸਿਆਸੀ ਕਤਲ ਅਤੇ ਅਗਵਾ ਕਰਨ ਵਰਗੇ ਗੰਭੀਰ ਮਾਮਲਿਆਂ ਦੀ ਤਫਤੀਸ਼ ਐੱਫਆਈਏ ਨੂੰ ਸੌਂਪ ਦਿੱਤੀ ਸੀ।
ਮਾਰਚ 1975 'ਚ ਤਹਿਰੀਕ-ਏ-ਇਸਤਿਕਲਾਲ ਪਾਰਟੀ ਦੇ ਚੇਅਰਮੈਨ ਸੇਵਾਮੁਕਤ ਏਅਰ ਮਾਰਸ਼ਲ ਅਸਗਰ ਖ਼ਾਨ 'ਤੇ ਲਾਹੌਰ ਰੇਲਵੇ ਸਟੇਸ਼ਨ 'ਤੇ ਹੋਏ ਬੰਬ ਹਮਲੇ ਦੀ ਤਫਤੀਸ਼ ਹੋਈ।
ਇਸ ਦੌਰਾਨ ਐੱਫਆਈਏ ਦੇ ਡਿਪਟੀ ਡਾਇਰੈਕਟਰ ਅਬਦੁਲ ਖ਼ਾਲਿਕ ਨੂੰ ਸ਼ੱਕ ਹੋਇਆ ਕਿ ਨਵਾਬ ਮੁਹੰਮਦ ਅਹਿਮਦ ਖ਼ਾਨ ਦੇ ਕਤਲ 'ਚ ਸੰਘੀ ਸੁਰੱਖਿਆ ਬਲ ਸ਼ਾਮਲ ਹੋ ਸਕਦਾ ਹੈ।
ਇਸੇ ਸ਼ੱਕ ਦੇ ਆਧਾਰ 'ਤੇ 24 ਅਤੇ 25 ਜੁਲਾਈ 1977 ਨੂੰ ਭਾਵ ਮਾਰਸ਼ਲ ਲਾਅ ਲੱਗਣ ਤੋਂ ਠੀਕ 20 ਦਿਨ ਬਾਅਦ ਸੰਘੀ ਸੁਰੱਖਿਆ ਬਲ ਦੇ ਸਬ-ਇੰਸਪੈਕਟਰ ਅਰਸ਼ਦ ਇਕਬਾਲ ਅਤੇ ਸਹਾਇਕ ਸਬ-ਇੰਸਪੈਕਟਰ ਰਾਣਾ ਇਫ਼ਤਿਆਰ ਅਹਿਮਦ ਤੋਂ ਇਸ ਮਾਮਲੇ ਦੇ ਸਬੰਧ 'ਚ ਪੁੱਛਗਿੱਛ ਕੀਤੀ ਗਈ ਅਤੇ ਦੋਵਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ।
ਜ਼ੁਲਫੀਕਾਰ ਅਲੀ ਭੁੱਟੋ ਦੀ ਗ੍ਰਿਫ਼ਤਾਰੀ
26 ਜੁਲਾਈ, 1977 ਨੂੰ ਇੰਨ੍ਹਾਂ ਦੋਵਾਂ ਅਧਿਕਾਰੀਆਂ ਨੇ ਮੈਜੀਸਟਰੇਟ ਜ਼ੁਲਫੀਕਾਰ ਅਲੀ ਤੂਰ ਦੇ ਅੱਗੇ ਆਪਣਾ ਜੁਰਮ ਕਬੂਲ ਕੀਤਾ ਅਤੇ ਇਸ ਤੋਂ ਬਾਅਦ ਡਾਇਰੈਕਟਰ ਅਪ੍ਰੇਸ਼ਨਜ਼ ਐਂਡ ਇੰਟੈਲੀਜੈਂਸ ਮੀਆਂ ਅੱਬਾਸ ਅਤੇ ਗ਼ੁਲਾਮ ਮੁਸਤਫ਼ਾ ਨੂੰ ਵੀ ਹਿਰਾਸਤ 'ਚ ਲਿਆ ਗਿਆ।
ਉਨ੍ਹਾਂ ਨੇ ਵੀ ਆਪਣਾ ਸਬ-ਮੈਜੀਸਟਰੇਟ ਦੇ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ।
ਇੰਸਪੈਕਟਰ ਗ਼ੁਲਾਮ ਹੁਸੈਨ ਵੀ ਮੁਲਜ਼ਮਾਂ 'ਚ ਸ਼ਾਮਲ ਹੋ ਗਏ ਸਨ ਪਰ ਬਾਅਦ ਉਹ ਸਰਕਾਰੀ ਗਵਾਹ ਬਣ ਗਏ ਸਨ।
ਮਸੂਦ ਮਹਿਮੂਦ ਜਿੰਨ੍ਹਾਂ ਨੂੰ ਮਾਰਸ਼ਲ ਲਾਅ ਲੱਗਣ ਤੋਂ ਤੁਰੰਤ ਬਾਅਦ ਹਿਰਾਸਤ 'ਚ ਲਿਆ ਗਿਆ ਸੀ, ਉਹ ਵੀ ਕੈਦ ਤੋਂ 2 ਮਹੀਨੇ ਬਾਅਦ ਭੁੱਟੋ ਦੇ ਖਿਲਾਫ ਵਾਅਦਾ ਮੁਆਫ਼ ਗਵਾਹ ਬਣ ਗਏ ਸਨ।

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਜ਼ੁਲਫੀਕਾਰ ਅਲੀ ਭੁੱਟੋ ਨੂੰ ਇਸ ਮਾਮਲੇ 'ਚ 3 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਭੁੱਟੋ ਦੀ ਗ੍ਰਿਫਤਾਰੀ ਤੋਂ 10 ਦਿਨ ਬਾਅਦ ਜਸਟਿਸ ਕੇਐਮਏ ਸਮਦਾਨੀ ਨੇ ਭੁੱਟੋ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ, ਜਿਸ ਦੇ ਨਤੀਜੇ ਵੱਜੋਂ ਕਥਿਤ ਤੌਰ 'ਤੇ ਜਸਟਿਸ ਸਮਦਾਨੀ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਤਿੰਨ ਦਿਨ ਬਾਅਦ ਭੁੱਟੋ ਨੂੰ ਮੁੜ ਉਸੇ ਮਾਮਲੇ 'ਚ ਮਾਰਸ਼ਲ ਲਾਅ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਦੌਰਾਨ ਹਾਈ ਕੋਰਟ 'ਚ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਅਤੇ ਮੌਲਵੀ ਮੁਸ਼ਤਾਕ ਹੁਸੈਨ ਨੂੰ ਲਾਹੌਰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਜੋ ਕਿ ਜਨਰਲ ਜ਼ਿਆ-ਉਲ-ਹੱਕ ਦੇ ਜੱਦੀ ਪਿੰਡ ਜਲੰਧਰ ਤੋਂ ਸਨ।
ਸਾਲ 1965 'ਚ ਜਦੋਂ ਜ਼ੁਲਫੀਕਾਰ ਅਲੀ ਭੁੱਟੋ ਵਿਦੇਸ਼ ਮੰਤਰੀ ਸਨ ਤਾਂ ਉਸ ਸਮੇਂ ਮੌਲਵੀ ਮੁਸ਼ਤਾਕ ਉਨ੍ਹਾਂ ਦੇ ਵਿਦੇਸ਼ ਸਕੱਤਰ ਸਨ।
ਇਸ ਮਾਮਲੇ ਦਾ ਅਧੂਰਾ ਚਲਾਨ 11 ਸਤੰਬਰ, 1977 ਨੂੰ ਮੈਜਿਸਟਰੇਟ ਦੀ ਅਦਾਲਤ 'ਚ ਜਮ੍ਹਾਂ ਕਰਵਾਇਆ ਗਿਆ ਅਤੇ 13 ਸਤੰਬਰ ਨੂੰ ਵਿਸ਼ੇਸ਼ ਸਰਕਾਰੀ ਵਕੀਲ ਦੀ ਗੁਜ਼ਾਰਿਸ਼ 'ਤੇ ਇਸ ਮਾਮਲੇ ਨੂੰ ਸੁਣਵਾਈ ਲਈ ਲਾਹੌਰ ਹਾਈ ਕੋਰਟ 'ਚ ਭੇਜ ਦਿੱਤਾ ਗਿਆ ਸੀ।
ਮੁਕੱਦਮੇ ਦੀ ਸੁਣਵਾਈ ਦੌਰਾਨ ਮੀਆਂ ਮੁਹੰਮਦ ਅੱਬਾਸ ਨੇ ਆਪਣੇ ਇਕਬਾਲੀਆਂ ਬਿਆਨ ਤੋਂ ਪਿੱਛੇ ਹੱਟਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਬਿਆਨ ਮੈਜਿਸਟਰੇਟ ਦੇ ਸਾਹਮਣੇ ਦਬਾਅ ਹੇਠ ਲਿਆ ਗਿਆ ਸੀ।
ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਸ਼ਾਜਿਸ਼ ਦਾ ਇਲਮ ਨਹੀਂ ਸੀ ਅਤੇ ਨਾ ਹੀ ਮੈਂ ਵਾਅਦਾ ਮੁਆਫ਼ ਗਵਾਹ ਗ਼ੁਲਾਮ ਹੁਸੈਨ ਜਾਂ ਸੰਘੀ ਸੁਰੱਖਿਆ ਬਲ ਦੇ ਕਿਸੇ ਅਧਿਕਾਰੀ ਨੂੰ ਇਸ ਕੰਮ ਲਈ ਕੋਈ ਹਥਿਆਰ ਮੁਹੱਈਆ ਕਰਵਾਉਣ ਦੀ ਹਿਦਾਇਤ ਦਿੱਤੀ ਸੀ।

ਤਸਵੀਰ ਸਰੋਤ, Getty Images
ਗ਼ੁਲਾਮ ਮੁਸਤਫ਼ਾ ਅਰਸ਼ਦ ਇਕਬਾਲ ਅਤੇ ਰਾਣਾ ਇਫ਼ਤਿਆਰ ਅਹਿਮਦ ਆਪਣੇ ਕਬੂਲਨਾਮੇ ਜਾਂ ਇਕਬਾਲੀਆ ਬਿਆਨ 'ਤੇ ਕਾਇਮ ਰਹੇ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਸ ਰਾਤ ਉਨ੍ਹਾਂ ਨੇ ਆਪਣੇ ਸੀਨੀਅਰ ਗ਼ੁਲਾਮ ਹੁਸੈਨ ਅਤੇ ਮੀਆਂ ਮੁਹੰਮਦ ਅੱਬਾਸ ਦੇ ਕਹਿਣ 'ਤੇ ਹਮਲਾ ਕੀਤਾ ਸੀ ਜਿਸ 'ਚ ਅਹਿਮਦ ਰਜ਼ਾ ਖ਼ਾਨ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।
2 ਮਾਰਚ, 1978 ਨੂੰ ਇਸ ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਈ ਅਤੇ 18 ਮਾਰਚ ਨੂੰ ਕੇਸ ਦਾ ਫ਼ੈਸਲਾ ਸੁਣਾਇਆ ਗਿਆ।
ਇਸ 'ਚ ਹਾਈ ਕੋਰਟ ਦੇ ਪੰਜ ਜੱਜਾਂ ਨੇ ਫ਼ੈਸਲਾ ਸੁਣਾਇਆ ਕਿ ਸਬੂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜ਼ੁਲਫੀਕਾਰ ਅਲੀ ਭੁੱਟੋ ਨੇ ਫੈਡਰਲ ਸੁਰੱਖਿਆ ਬਲ ਦੇ ਡਾਇਰੈਕਟਰ ਮਸੂਦ ਮਹਿਮੂਦ ਦੇ ਨਾਲ ਮਿਲ ਕੇ ਅਹਿਮਦ ਰਜ਼ਾ ਕਸੂਰੀ ਦੇ ਕਤਲ ਦੀ ਸਾਜਿਸ਼ ਘੜੀ ਸੀ।
ਅਤੇ ਸੰਘੀ ਸੁਰੱਖਿਆ ਬਲ ਦੇ ਹਮਲੇ 'ਚ ਹੀ ਉਨ੍ਹਾਂ ਦੇ ਪਿਤਾ ਮੁਹੰਮਦ ਅਹਿਮਦ ਖ਼ਾਨ ਕਸੂਰੀ ਦੀ ਮੌਤ ਹੋ ਗਈ ਸੀ।
ਇਸ ਮਾਮਲੇ 'ਚ ਜ਼ੁਲਫੀਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਮੁਲਜ਼ਮਾਂ ਨੇ ਹਾਈ ਕੋਰਟ ਦੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ।
ਇੱਕ ਜੱਜ ਜੁਲਾਈ 1978 'ਚ ਸੇਵਾਮੁਕਤ ਹੋ ਗਏ ਅਤੇ ਇੱਕ ਜੱਜ ਨੂੰ ਬਿਮਾਰੀ ਦੇ ਚੱਲਦਿਆਂ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ।
ਬਾਕੀ ਸੱਤ ਜੱਜਾਂ ਨੇ ਫਰਵਰੀ 1979 'ਚ ਇਸ ਅਪੀਲ 'ਤੇ ਆਪਣਾ ਫ਼ੈਸਲਾ ਸੁਣਾਇਆ।
ਇਸ 'ਚ ਸੱਤਾਂ 'ਚੋਂ ਚਾਰ ਜੱਜਾਂ ਨੇ ਲਾਹੌਰ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਜਦਕਿ ਤਿੰਨ ਜੱਜਾਂ ਨੇ ਜ਼ੁਲਫੀਕਾਰ ਅਲੀ ਭੁੱਟੋ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ।
ਸੁਪਰੀਮ ਕੋਰਟ ਤੋਂ ਅਪੀਲ ਖਾਰਜ ਹੋਣ ਤੋਂ ਬਾਅਦ 4 ਅਪ੍ਰੈਲ, 1979 ਨੂੰ ਜ਼ੁਲਫੀਕਾਰ ਅਲੀ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ ਸੀ।
ਅਹਿਮਦ ਰਜ਼ਾ ਕਸੂਰੀ ਨੇ ਦੱਸਿਆ ਕਿ ਜਦੋਂ 5 ਜੁਲਾਈ 1977 ਨੂੰ ਮਾਰਸ਼ਲ ਲਾਅ ਲੱਗਿਆ ਤਾਂ ਉਨ੍ਹਾਂ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਕਿਉਂਕਿ ਇਸ ਮਾਮਲੇ 'ਚ ਤਾਕਤਵਰ ਲੋਕ ਸ਼ਾਮਲ ਹਨ।
ਇਸ ਲਈ ਸ਼ਾਇਦ ਸੈਸ਼ਨ ਜੱਜ ਸਹੀ ਢੰਗ ਨਾਲ ਸੁਣਵਾਈ ਨਾ ਕਰ ਸਕਣ, ਇਸ ਲਈ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਆਪਣੇ ਹੱਥਾਂ 'ਚ ਲਵੇ।
ਅਹਿਮਦ ਰਜ਼ਾ ਕਸੂਰੀ ਦੇ ਅਨੁਸਾਰ ਇੱਕ ਨਿੱਜੀ ਪਾਰਟੀ ਲਈ ਇੰਨ੍ਹਾਂ ਵੱਡਾ ਕੇਸ ਚਲਾਉਣਾ ਮੁਸ਼ਕਲ ਸੀ ਇਸ ਲਈ ਉਨ੍ਹਾਂ ਨੇ ਆਪਣੇ ਵਕੀਲ ਨੂੰ ਕਹਿ ਕੇ ਇਸ ਮਾਮਲੇ ਨੂੰ ਸਰਕਾਰ ਦੇ ਚਲਾਨ ਨਾਲ ਜੋੜ ਕੇ ਪੇਸ਼ ਕੀਤਾ।
ਉਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਇਸ ਮਾਮਲੇ ਨੂੰ ਮੁੜ ਖੋਲ੍ਹਣ ਅਤੇ ਵਕਾਲਤ ਕਰਨ ਲਈ ਤਤਕਾਲੀ ਫੌਜੀ ਲੀਡਰਸ਼ਿਪ ਨੇ ਕਿਹਾ ਸੀ।
ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਮੰਨਿਆ ਕਿ ਮਾਰਸ਼ਲ ਲਾਅ ਲੱਗਣ ਤੋਂ ਬਾਅਦ, ਜਦੋਂ ਇਹ ਕੇਸ ਮੁੜ ਖੁੱਲ੍ਹਿਆ ਤਾਂ ਤਤਕਾਲੀ ਮਾਰਸ਼ਲ ਲਾਅ ਇਸ ਮਾਮਲੇ ਦੀ ਮੁਖਾਲਿਫ਼ ਧਿਰ ਬਣ ਗਈ ਸੀ।
ਮਾਰਸ਼ਲ ਲਾਅ ਲਾਗੂ ਹੋਣ ਤੱਕ ਮਾਮਲੇ ਦੀ ਮੱਠੀ ਰਫ਼ਤਾਰ ਬਾਰੇ ਉਨ੍ਹਾਂ ਕਿਹਾ, "ਭੁੱਟੋ ਉਸ ਸਮੇਂ ਇੱਕ ਸ਼ਕਤੀਸ਼ਾਲੀ ਵਜ਼ੀਰ-ਏ-ਆਜ਼ਮ ਸਨ ਅਤੇ ਉਨ੍ਹਾਂ ਦੀ ਮੌਜੂਦਗੀ 'ਚ ਤਫਤੀਸ਼ ਕਿਵੇਂ ਹੋ ਸਕਦੀ ਸੀ ਇਸ ਲਈ ਜਿਵੇਂ ਉਹ ਸੱਤਾ ਤੋਂ ਹਟੇ, ਮੈਂ ਵੀ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ।"
ਕੀ ਭੁੱਟੋ ਨੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ ਸੀ?
ਇਸ ਦੇ ਜਵਾਬ 'ਚ ਅਹਿਮਦ ਰਜ਼ਾ ਕਸੂਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਲ 1976 'ਚ ਆਪਣੀ ਪਤਨੀ ਨੁਸਰਤ ਭੁੱਟੋ ਨੂੰ ਉਨ੍ਹਾਂ ਦੇ ਘਰ ਭੇਜਿਆ ਸੀ।
"ਮੈਂ ਉਨ੍ਹਾਂ ਨੂੰ ਬਹੁਤ ਆਦਰ ਸਤਿਕਾਰ ਦਿੱਤਾ ਅਤੇ ਕਿਹਾ ਕਿ ਉਹ ਮੇਰੀਆਂ ਭੈਣਾਂ ਵਾਂਗਰ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਪਹਿਲਾਂ ਦੇ ਮਾਮਲਿਆਂ 'ਤੇ ਮੁੜ ਵਿਚਾਰ ਕਰਨਗੇ।"
ਹਾਂਲਾਕਿ ਉਨ੍ਹਾਂ ਨੇ ਕੇਸ ਵਾਪਸ ਨਹੀਂ ਲਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ 7 ਜਨਵਰੀ, 1977 ਨੂੰ, ਜਿਸ ਦਿਨ ਭੁੱਟੋ ਨੇ ਨਵੀਂਆਂ ਚੋਣਾਂ ਕਰਵਾਉਣ ਲਈ ਵਿਧਾਨ ਸਭਾ ਭੰਗ ਕੀਤੀ ਸੀ ਉਸ ਸਮੇਂ ਉਨ੍ਹਾਂ ਨੇ ਆਖਰੀ ਵਾਰ ਐਫਆਈਆਰ ਵਾਪਸ ਲੈਣ ਲਈ ਕਿਹਾ ਸੀ।
"ਭੁੱਟੋ ਨੇ ਮੈਨੂੰ ਕਾਗ਼ਜ਼ 'ਤੇ ਲਿਖ ਕੇ ਦਿੱਤਾ ਅਤੇ ਦਸਤਖਤ ਕਰਨ ਨੂੰ ਕਿਹਾ।"
"ਕਾਗ਼ਜ਼ 'ਤੇ ਲਿਖਿਆ ਸੀ ਕਿ ਮੈਂ ਆਪਣੇ ਪਿਤਾ ਦੇ ਕਤਲ ਲਈ ਭੁੱਟੋ ਦਾ ਨਾਮ ਸਿਆਸੀ ਵਿਰੋਧੀਆਂ ਦੇ ਕਹਿਣ 'ਤੇ ਲਿਆ ਸੀ ਅਤੇ ਹੁਣ ਜਦੋਂ ਸਾਰਾ ਸੱਚ ਸਾਹਮਣੇ ਆ ਗਿਆ ਹੈ ਤਾਂ ਮੈਂ ਆਪਣੀ ਐਫਆਈਆਰ ਵਾਪਸ ਲੈਂਦਾ ਹਾਂ।"
"ਮੈਂ ਕਿਹਾ ਕਿ ਸਰ, ਮੈਂ ਇਸ ਬਿਆਨ 'ਤੇ ਦਸਤਖਤ ਕਰ ਦੇਵਾਂਗਾ, ਪਰ ਜਦੋਂ ਇਹ ਖ਼ਬਰਾਂ ਪ੍ਰਕਾਸ਼ਿਤ ਹੋਣਗੀਆਂ ਤਾਂ ਇਸ ਨਾਲ ਮੇਰਾ ਅਕਸ ਖ਼ਰਾਬ ਹੋ ਜਾਵੇਗਾ।"
"ਬਰਾਦਰੀ ਵਾਲੇ ਵੀ ਸਵਾਲ ਕਰਨਗੇ ਕਿ ਤੁਸੀਂ ਕੀ ਬਦਨਾਮੀ ਕਰਵਾਈ ਹੈ। ਮੈਨੂੰ ਲੋਕਾਂ ਦੀ ਪਰਵਾਹ ਨਹੀਂ ਹੈ ਕਿ ਉਹ ਕੀ ਕਹਿਣਗੇ ਜਾਂ ਸੋਚਣਗੇ, ਪਰ ਮੈਨੂੰ ਆਪਣੀ ਬਰਾਦਰੀ ਦੀ ਪਰਵਾਹ ਹੈ ਕਿ ਮੈਂ ਉਨ੍ਹਾਂ ਨੂੰ ਕੀ ਜਵਾਬ ਦੇਵਾਂਗਾ।"
"ਇਸ ਲਈ ਮੈਂ ਉਸ ਕਾਗਜ਼ 'ਤੇ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ।"
ਅਹਿਮਦ ਰਜ਼ਾ ਕਸੂਰੀ ਮੁਤਾਬਕ ਭੁੱਟੋ ਆਪਣੇ ਹੰਕਾਰ 'ਤੇ ਹੀ ਮਾਰੇ ਗਏ।
ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਜੇਕਰ ਉਹ ਰਜ਼ਾ ਕਸੂਰੀ ਦੇ ਘਰ ਗਏ ਅਤੇ ਮੁਆਫੀ ਮੰਗੀ ਤਾਂ ਇਸ ਨਾਲ ਉਨ੍ਹਾਂ ਦੀ ਸ਼ਾਨ 'ਚ ਫ਼ਰਕ ਆਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਚੌਧਰੀ ਮੰਜ਼ੂਰ ਦਾ ਕਹਿਣਾ ਹੈ ਕਿ 11 ਨਵੰਬਰ ਨੂੰ ਇੱਕ ਮੰਦਭਾਗੀ ਘਟਨਾ ਵਾਪਰੀ ਸੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਨਿਆਂਇਕ ਇਤਿਹਾਸ 'ਚ ਇਹ ਪਹਿਲਾ ਮਾਮਲਾ ਸੀ ਜਿਸ ਦੀ ਸੁਣਵਾਈ ਹਾਈ ਕੋਰਟ 'ਚ ਹੋਈ ਸੀ ਅਤੇ ਜਿੱਥੇ ਬਾਕਾਇਦਾ 'ਵਿਟਨੇਸ ਬਾਕਸ' ਬਣਾਏ ਗਏ ਸਨ।
ਚੌਧਰੀ ਮੰਜ਼ੂਰ ਮੁਤਾਬਕ ਅਹਿਮਦ ਰਜ਼ਾ ਖ਼ਾਨ ਅਤੇ ਭੁੱਟੋ ਵਿਚਾਲੇ ਸੁਲ੍ਹਾ ਸਫਾਈ ਹੋ ਗਈ ਸੀ, ਪਰ ਮੁੜ ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ 1977 'ਚ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ।
ਅਹਿਮਦ ਰਜ਼ਾ ਖ਼ਾਨ ਦੇ ਬਹੁਤ ਸਾਰੇ ਪਰਿਵਾਰਕ ਝਗੜੇ ਸਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਦੇ ਕਿਸੇ ਵਿਰੋਧੀ ਨੇ ਹੀ ਉਨ੍ਹਾਂ 'ਤੇ ਹਮਲਾ ਕਰਵਾਇਆ ਹੋਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਭੁੱਟੋ ਗੁੱਸੇ ਵਾਲੇ ਜ਼ਰੂਰ ਸਨ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੁਣੌਤੀ ਵੀ ਦਿੰਦੇ ਸਨ ਪਰ ਲੋਕਾਂ ਨੂੰ ਮਾਰਨ ਜਾਂ ਮਰਵਾਉਣ ਵਰਗੀਆਂ ਗੱਲਾਂ ਦਾ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ।
ਜੇਕਰ ਭੁੱਟੋ ਅਜਿਹੇ ਸਿਆਸਤਦਾਨ ਹੁੰਦੇ ਤਾਂ ਉਨ੍ਹਾਂ ਦੇ ਜੱਦੀ ਖੇਤਰ 'ਚ ਵੀ ਉਨ੍ਹਾਂ ਦੇ ਖਿਲਾਫ ਅਜਿਹੇ ਕਈ ਮਾਮਲੇ ਦਰਜ ਹੁੰਦੇ ਪਰ ਅਜਿਹਾ ਨਹੀਂ ਸੀ।
ਚੌਧਰੀ ਮੰਜ਼ੂਰ ਨੇ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਸੁਪਰੀਮ ਕੋਰਟ 'ਚ ਪਏ ਰਾਸ਼ਟਰਪਤੀ ਦੇ ਹਵਾਲੇ 'ਤੇ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ ਤਾਂਕਿ ਇਸ ਮਾਮਲੇ 'ਚ ਉਭਰੇ ਵਿਵਾਦਾਂ ਨੂੰ ਠੱਲ ਪਵੇ।
"ਵੇਖੋ ਭੁੱਟੋ ਤਾਂ ਵਾਪਸ ਨਹੀਂ ਆਉਣਗੇ, ਪਰ ਤੱਥਾਂ ਨੂੰ ਸੁਧਾਰਨ ਲਈ ਇਸ ਸੰਦਰਭ 'ਚ ਫ਼ੈਸਲਾ ਆਉਣਾ ਚਾਹੀਦਾ ਹੈ ਤਾਂ ਜੋ ਭੁੱਟੋ 'ਤੇ ਲੱਗੇ ਇਹ ਇਲਜ਼ਾਮ ਹੱਟ ਸਕਣ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

















