ਨੋਬਲ ਸ਼ਾਂਤੀ ਪੁਰਸਕਾਰ: 6 ਵਿਜੇਤਾ ਜੋ ਵਿਵਾਦਾਂ 'ਚ ਰਹੇ ਅਤੇ ਗਾਂਧੀ ਨੂੰ ਕਈ ਵਾਰ ਨਾਮਜਦ ਹੋਣ ਦੇ ਬਾਵਜੂਦ ਕਿਉਂ ਨਹੀਂ ਮਿਲਿਆ ਸਨਮਾਨ

2021 ਦੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਮਾਰੀਆ ਰੇਸਾ ਅਤੇ ਦਿਮਿਤਰੀ ਮੁਰਾਤੋਵ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਦੋਵਾਂ ਨੂੰ ਇਹ ਅਵਾਰਡ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਦਿੱਤਾ ਗਿਆ ਹੈ।

ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ, "ਦੋਵਾਂ ਨੇ ਬੋਲਣ ਦੀ ਆਜ਼ਾਦੀ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਲੋਕਤੰਤਰ ਅਤੇ ਸ਼ਾਂਤੀ ਦੀ ਇੱਕ ਜ਼ਰੂਰੀ ਸ਼ਰਤ ਹੈ।"

ਮਾਰੀਆ ਰੇਸਾ ਇੱਕ ਮਸ਼ਹੂਰ ਫਿਲੀਪੀਨਜ਼ ਪੱਤਰਕਾਰ ਹੈ ਜੋ ਰਿਪਲੇਰ ਨਾਮ ਦੀ ਇੱਕ ਵੈਬਸਾਈਟ ਚਲਾਉਂਦੀ ਹੈ। ਸਰਕਾਰ ਨੂੰ ਮੁਸ਼ਕਲ ਸਵਾਲ ਪੁੱਛਣ ਦੇ ਕਾਰਨ, ਉਸਨੂੰ ਫਿਲੀਪੀਨਜ਼ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਰੇਸਾ ਦਾ ਜਨਮ ਫਿਲੀਪੀਨਜ਼ ਵਿੱਚ ਹੋਇਆ ਸੀ ਪਰ ਉਹ ਬਚਪਨ ਵਿੱਚ ਹੀ ਅਮਰੀਕਾ ਚਲੀ ਗਈ ਸੀ। ਉਸਨੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।

ਦਮਿੱਤਰੀ ਮੁਰਾਤੋਵ ਵੀ ਇੱਕ ਪੱਤਰਕਾਰ ਹੈ ਅਤੇ ਉਸ ਨੇ ਨੋਵਾਜਾ ਗਜ਼ੇਟਾ ਨਾਂ ਦੇ ਇੱਕ ਸੁਤੰਤਰ ਅਖ਼ਬਾਰ ਦੀ ਸਥਾਪਨਾ ਕੀਤੀ ਹੈ। ਉਹ ਦਹਾਕਿਆਂ ਤੋਂ ਰੂਸ ਵਿੱਚ ਬੋਲਣ ਦੀ ਆਜ਼ਾਦੀ ਦੀ ਹਿਮਾਇਤ ਕਰਦੇ ਆਏ ਹਨ।

ਇਸ ਵੱਕਾਰੀ ਪੁਰਸਕਾਰ ਦੇ ਜੇਤੂ ਨੂੰ ਸਾਡੇ ਅੱਠ ਕਰੋੜ ਦੇ ਕਰੀਬ ਦੀ ਰਕਮ ਮਿਲਦੀ ਹੈ। ਇਹ ਦੋਵੇਂ 329 ਉਮੀਦਵਾਰਾਂ ਵਿੱਚੋਂ ਚੁਣੇ ਗਏ ਹਨ।

ਇਹ ਵੀ ਪੜ੍ਹੋ

ਨੋਬਲ ਦੁਨੀਆ ਦੇ ਸਭ ਤੋਂ ਵੱਡੇ ਇਨਾਮਾਂ ਵਿੱਚੋਂ ਇੱਕ ਹੈ। ਨੋਬਲ ਸ਼ਾਂਤੀ ਪੁਰਸਕਾਰ ਉਨ੍ਹਾਂ ਛੇ ਇਨਾਮਾਂ ਵਿੱਚੋਂ ਇੱਕ ਹੈ ਜੋ ਸਵੀਡਿਸ਼ ਵਿਗਿਆਨੀ, ਕਾਰੋਬਾਰੀ ਅਤੇ ਪਰਉਪਕਾਰੀ ਅਲਫ੍ਰੇਡ ਨੋਬਲ ਦੁਆਰਾ ਸਥਾਪਤ ਕੀਤੇ ਗਏ ਸਨ।

ਪਰ ਇਸ ਦੇ ਰਾਜਨੀਤੀ ਨਾਲ ਜੁੜੇ ਹੋਣ ਕਾਰਨ, ਸ਼ਾਂਤੀ ਪੁਰਸਕਾਰ ਦੂਜੇ ਪੰਜ ਨੋਬਲ ਪੁਰਸਕਾਰਾਂ ਨਾਲੋਂ ਵਧੇਰੇ ਵਿਵਾਦਪੂਰਨ ਰਿਹਾ ਹੈ।

ਅਸੀਂ ਇੱਥੇ ਉਨ੍ਹਾਂ ਕੁਝ ਲੋਕਾਂ ਬਾਰੇ ਦੱਸ ਰਹੇ ਹਾਂ ਜੋ ਪੁਰਸਕਾਰ ਨੂੰ ਲੈ ਕੇ ਵਿਵਾਦਾਂ ਵਿੱਚ ਫਸ ਗਏ ਸਨ ਅਤੇ ਇੱਕ ਵਿਅਕਤੀ ਜਿਸ ਨੂੰ ਅਵਾਰਡ ਨਾ ਦੇਣ ਕਾਰਨ ਆਲੋਚਨਾ ਹੋਈ ਸੀ।

ਬਰਾਕ ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੋਬਲ ਪੁਰਸਕਾਰ ਦਿੱਤੇ ਜਾਣ 'ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ। ਓਬਾਮਾ ਖੁਦ ਇਹ ਪੁਰਸਕਾਰ ਪ੍ਰਾਪਤ ਕਰਕੇ ਹੈਰਾਨ ਸਨ।

ਸਾਲ 2020 ਵਿੱਚ ਪ੍ਰਕਾਸ਼ਿਤ ਆਪਣੀ ਜੀਵਨੀ ਵਿੱਚ, ਉਨ੍ਹਾਂ ਨੇ ਲਿਖਿਆ ਕਿ ਪੁਰਸਕਾਰ ਦੀ ਘੋਸ਼ਣਾ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪ੍ਰਤੀਕ੍ਰਿਆ ਸੀ, "ਕਿਸ ਲਈ"।

ਉਹ ਸਿਰਫ ਨੌਂ ਮਹੀਨੇ ਪਹਿਲਾਂ ਰਾਸ਼ਟਰਪਤੀ ਬਣੇ ਸਨ ਅਤੇ ਆਲੋਚਕਾਂ ਦਾ ਕਹਿਣਾ ਸੀ ਕਿ ਇਹ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਸੀ।

ਓਬਾਮਾ ਦੇ ਅਹੁਦਾ ਸੰਭਾਲਣ ਦੇ ਸਿਰਫ 12 ਦਿਨਾਂ ਬਾਅਦ ਹੀ ਨੋਬਲ ਪੁਰਸਕਾਰ ਲਈ ਨਾਮਜ਼ਦਗੀ ਪ੍ਰਕਿਰਿਆ ਖਤਮ ਹੋ ਗਈ ਸੀ।

2015 ਵਿੱਚ, ਨੋਬਲ ਇੰਸਟੀਚਿਊਟ ਦੇ ਨਿਰਦੇਸ਼ਕ, ਗੇਰ ਲੁੰਡੇਸਟਨ ਨੇ ਬੀਬੀਸੀ ਨੂੰ ਦੱਸਿਆ ਕਿ ਜਿਸ ਕਮੇਟੀ ਨੇ ਇਹ ਫੈਸਲਾ ਲਿਆ, ਉਸ ਨੂੰ ਬਾਅਦ ਵਿੱਚ ਪਛਤਾਵਾ ਹੋਇਆ।

ਯਾਸੀਰ ਅਰਾਫਾਤ

ਸਾਬਕਾ ਫਲਸਤੀਨੀ ਨੇਤਾ ਯਾਸੀਰ ਅਰਾਫਾਤ ਨੂੰ 1994 ਵਿੱਚ ਇਜ਼ਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਯਿਤਜਾਕ ਰੌਬਿਨ ਅਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਸ਼ਿਮੋਨ ਪਰੇਸ ਨਾਲ ਓਸਲੋ ਸ਼ਾਂਤੀ ਸਮਝੌਤੇ ਲਈ ਇਹ ਪੁਰਸਕਾਰ ਦਿੱਤਾ ਗਿਆ ਸੀ।

ਇਸ ਸਮਝੌਤੇ ਨਾਲ ਇਜ਼ਰਾਈਲ-ਫਲਸਤੀਨੀ ਵਿਵਾਦ ਦੇ ਹੱਲ ਦੀ ਆਸ ਬੱਝੀ ਸੀ।

ਇਜ਼ਰਾਈਲ ਅਤੇ ਹੋਰ ਦੇਸ਼ਾਂ ਵਿੱਚ ਇਸ ਦੀ ਆਲੋਚਨਾ ਕੀਤੀ ਗਈ ਸੀ ਕਿਉਂਕਿ ਅਰਾਫਾਤ ਪਹਿਲਾਂ ਅਰਧ ਸੈਨਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ।

ਨੋਬਲ ਕਮੇਟੀ ਵਿੱਚ ਇਸ ਫੈਸਲੇ ਨੂੰ ਲੈ ਕੇ ਵਿਵਾਦ ਹੋਇਆ ਸੀ। ਇੱਕ ਮੈਂਬਰ, ਕੈਰ ਕ੍ਰਿਸਟੀਨਸੇਨ, ਨੇ ਫੈਸਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਔਂ ਸਾਂ ਸੂ ਚੀ

1991 ਵਿੱਚ ਔਂ ਸਾਂ ਸੂ ਚੀ ਨੂੰ ਮਿਆਂਮਾਰ ਦੇ ਫੌਜੀ ਸ਼ਾਸਨ ਵਿਰੁੱਧ ਸ਼ਾਂਤਮਈ ਅੰਦੋਲਨ ਲਈ ਇਹ ਪੁਰਸਕਾਰ ਦਿੱਤਾ ਗਿਆ ਸੀ।

ਪਰ 20 ਸਾਲਾਂ ਬਾਅਦ, ਉਨ੍ਹਾਂ ਉੱਤੇ ਸੁਪਰੀਮ ਲੀਡਰ ਹੁੰਦਿਆਂ ਰੋਹਿੰਗਿਆ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਹੱਤਿਆ ਦਾ ਇਲਜ਼ਾਮ ਲਗਾਇਆ ਗਿਆ। ਸੰਯੁਕਤ ਰਾਸ਼ਟਰ ਨੇ ਇਸ ਨੂੰ 'ਨਸਲਕੁਸ਼ੀ' ਕਿਹਾ।

ਔਂ ਸਾਂ ਸੂ ਚੀ ਤੋਂ ਨੋਬਲ ਪੁਰਸਕਾਰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਸੀ, ਪਰ ਨੋਬਲ ਪੁਰਸਕਾਰ ਦੇ ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ।

ਅਬੀ ਅਹਿਮਦ

ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਨੂੰ ਦਸੰਬਰ 2020 ਵਿੱਚ ਇਹ ਪੁਰਸਕਾਰ ਦਿੱਤਾ ਗਿਆ ਸੀ। ਇਹ ਪੁਰਸਕਾਰ ਉਸ ਨੂੰ ਗੁਆਂਢੀ ਦੇਸ਼ ਇਰੀਟਰੀਆ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲਈ ਦਿੱਤਾ ਗਿਆ ਸੀ।

ਪਰ ਇਕ ਸਾਲ ਬਾਅਦ ਹੀ ਇਸ ਫੈਸਲੇ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ।

ਅੰਤਰਰਾਸ਼ਟਰੀ ਭਾਈਚਾਰੇ ਨੇ ਸਵਾਲ ਉਠਾਏ ਕਿ ਕੀ ਅਹਿਮਦ ਦੀ ਉੱਤਰੀ ਤਿਗਰੀ ਵਿੱਚ ਫੌਜੀ ਤਾਇਨਾਤੀ ਜਾਇਜ਼ ਸੀ?

ਹਜ਼ਾਰਾਂ ਲੋਕਾਂ ਨੂੰ ਉੱਥੇ ਲੜਦੇ ਹੋਏ ਆਪਣੀ ਜਾਨ ਗੁਆਉਣੀ ਪਈ। ਸੰਯੁਕਤ ਰਾਸ਼ਟਰ ਸੰਘ ਨੇ ਇਸ ਨੂੰ 'ਦੁਖਦਾਈ ਤ੍ਰਾਸਦੀ' ਕਿਹਾ ਹੈ।

ਵੰਗਾਰੀ ਮਥਾਈ

2004 ਵਿੱਚ ਕੀਨੀਆ ਦੀ ਸਾਬਕਾ ਸਮਾਜ ਸੇਵਕ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ।

ਪਰ ਐਚਆਈਵੀ ਅਤੇ ਏਡਜ਼ ਨਾਲ ਜੁੜੇ ਉਸ ਦੇ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ, ਉਸ ਦੀ ਬਹੁਤ ਆਲੋਚਨਾ ਹੋਈ।

ਮਥਾਈ ਨੇ ਕਿਹਾ ਕਿ ਐਚਆਈਵੀ ਵਾਇਰਸ ਇੱਕ ਨਕਲੀ ਢੰਗ ਨਾਲ ਬਣਾਇਆ ਗਿਆ ਜੈਵਿਕ ਹਥਿਆਰ ਹੈ ਅਤੇ ਇਹ ਕਾਲੇ ਲੋਕਾਂ ਨੂੰ ਖਤਮ ਕਰਨ ਲਈ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ।

ਹੈਨਰੀ ਕਿਸਿੰਜਰ

1973 ਵਿੱਚ, ਅਮਰੀਕਾ ਦੇ ਤਤਕਾਲੀ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕਿਸਿੰਜਰ ਦਾ ਨਾਂ ਕੰਬੋਡੀਆ ਵਿੱਚ ਗੁਪਤ ਬੰਬਾਰੀ ਮੁਹਿੰਮ ਅਤੇ ਦੱਖਣੀ ਅਮਰੀਕਾ ਵਿੱਚ ਵਹਿਸ਼ੀ ਫੌਜੀ ਸ਼ਾਸਨ ਨਾਲ ਜੁੜਿਆ ਹੋਇਆ ਸੀ, ਇਸ ਲਈ ਉਸਦੇ ਨਾਮ ਬਾਰੇ ਬਹੁਤ ਸਾਰੇ ਪ੍ਰਸ਼ਨ ਉੱਠੇ ਸਨ।

ਕਿਨਸਿੰਗਰ ਨੂੰ ਇਹ ਸਨਮਾਨ ਵੀਅਤਨਾਮੀ ਨੇਤਾ ਲੇ ਡੁਕ ਥੋ ਦੇ ਨਾਲ ਦਿੱਤਾ ਗਿਆ ਸੀ, ਜਿਨ੍ਹਾਂ ਨੇ ਵੀਅਤਨਾਮ ਯੁੱਧ ਨੂੰ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਗਾਂਧੀ ਨੂੰ ਨਹੀਂ ਮਿਲਿਆ ਨੋਬਲ ਸਨਮਾਨ

ਸ਼ਾਂਤੀ ਦਾ ਨੋਬਲ ਪੁਰਸਕਾਰ ਕਈ ਲੋਕਾਂ ਨੂੰ ਨਾ ਦਿੱਤੇ ਜਾਣ ਕਾਰਨ ਵੀ ਚਰਚਾ ਵਿੱਚ ਰਿਹਾ ਹੈ।

ਸ਼ਾਇਦ ਇਨ੍ਹਾਂ ਨਾਵਾਂ ਦੇ ਸਿਖਰ 'ਤੇ ਮਹਾਤਮਾ ਗਾਂਧੀ ਹਨ। ਕਈ ਵਾਰ ਨਾਮਜ਼ਦ ਕੀਤੇ ਜਾਣ ਦੇ ਬਾਵਜੂਦ ਗਾਂਧੀ ਨੂੰ ਇਹ ਸਨਮਾਨ ਨਹੀਂ ਦਿੱਤਾ ਗਿਆ।

2006 ਵਿੱਚ ਨਾਰਵੇ ਦੇ ਇਤਿਹਾਸਕਾਰ ਅਤੇ ਫਿਰ ਸ਼ਾਂਤੀ ਪੁਰਸਕਾਰ ਕਮੇਟੀ ਦੇ ਚੇਅਰਮੈਨ ਗੇਰ ਲੁੰਡੇਸਟੈਡ ਨੇ ਕਿਹਾ ਕਿ ਗਾਂਧੀ ਦੀਆਂ ਪ੍ਰਾਪਤੀਆਂ ਦਾ ਸਨਮਾਨ ਨਾ ਕਰਨਾ ਨੋਬਲ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇੱਕ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)