ਪੰਡੋਰਾ ਪੇਪਰਜ਼: ਦੁਨੀਆਂ ਦੇ ਆਗੂਆਂ ਦੀ ਗੁਪਤ ਦੌਲਤ ਅਤੇ ਸੌਦੇਬਾਜ਼ੀ ਦਾ ਪਰਦਾਫਾਸ਼

- ਲੇਖਕ, ਪੰਡੋਰਾ ਪੇਪਰਜ਼ ਰਿਪੋਰਟਿੰਗ ਟੀਮ
- ਰੋਲ, ਬੀਬੀਸੀ ਪਨੋਰਮਾ
ਦੁਨੀਆਂ ਭਰ ਦੇ ਆਗੂਆਂ, ਸਿਆਸਤਦਾਨਾਂ ਅਤੇ ਅਰਬਪਤੀਆਂ ਦੀ ਗੁਪਤ ਮਾਇਆ, ਸੰਪਤੀ ਅਤੇ ਸੌਦੇਬਾਜ਼ੀ ਦੇ ਇੱਕ ਸਭ ਤੋਂ ਵੱਡੇ ਵਿੱਤੀ ਦਸਤਾਵੇਜ਼ ਜ਼ਰੀਏ ਪਰਦਾਫਾਸ਼ ਹੋਇਆ ਹੈ।
ਲਗਭਗ 35 ਮੌਜੂਦਾ ਅਤੇ ਸਾਬਕਾ ਆਗੂ ਅਤੇ 300 ਤੋਂ ਵੀ ਵੱਧ ਜਨਤਕ ਅਧਿਕਾਰੀਆਂ ਦੇ ਨਾਮ ਵਿਦੇਸ਼ੀ ਕੰਪਨੀਆਂ ਦੀਆਂ ਫਾਈਲਾਂ 'ਚ ਦਰਜ ਕੀਤੇ ਗਏ ਹਨ, ਜਿੰਨ੍ਹਾਂ ਨੂੰ ਪੰਡੋਰਾ ਪੇਪਰਜ਼ ਦਾ ਨਾਂਅ ਦਿੱਤਾ ਗਿਆ ਹੈ।
ਪੰਡੋਰਾ ਪੇਪਰਜ਼ ਜ਼ਰੀਏ ਜੌਰਡਨ ਦੇ ਬਾਦਸ਼ਾਹ ਵੱਲੋਂ ਯੂਕੇ ਅਤੇ ਯੂਐਸ 'ਚ 70 ਮਿਲੀਅਨ ਪੌਂਡ ਦੀ ਜਾਇਦਾਦ ਗੁਪਤ ਰੂਪ 'ਚ ਰੱਖਣ ਦਾ ਖੁਲਾਸਾ ਕੀਤਾ ਗਿਆ ਹੈ।
ਇੰਨ੍ਹਾਂ 'ਚ ਇਹ ਵੀ ਦਰਸਾਇਆ ਗਿਆ ਹੈ ਕਿ ਕਿਵੇਂ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਉਨ੍ਹਾਂ ਦੀ ਪਤਨੀ ਨੇ ਲੰਡਨ 'ਚ ਦਫ਼ਤਰ ਖਰੀਦਣ ਮੌਕੇ 312,000 ਪੌਂਡ ਦੀ ਸਟੈਂਪ ਡਿਊਟੀ ਬਚਾਈ ਸੀ।
ਇਸ ਜੋੜੇ ਨੇ ਇੱਕ ਆਫਸ਼ੋਰ ਕੰਪਨੀ ਖਰੀਦੀ, ਜਿਸ ਕੋਲ ਇੱਕ ਇਮਾਰਤ ਦੀ ਮਲਕੀਅਤ ਸੀ।
ਇਸ ਖੁਲਾਸੇ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਮੋਨਾਕੋ 'ਚ ਗੁਪਤ ਸੰਪਤੀ ਹੋਣ ਦੇ ਸੰਕੇਤ ਦਿੱਤੇ ਹਨ।
ਇਸ ਦੇ ਨਾਲ ਹੀ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਆਂਦਰੇਜ ਬਾਬਿਸ, ਜੋ ਕਿ ਹਫ਼ਤੇ ਬਾਅਦ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹਨ, ਇੱਕ ਵਿਦੇਸ਼ੀ ਨਿਵੇਸ਼ ਕੰਪਨੀ ਦਾ ਐਲਾਨ ਕਰਨ 'ਚ ਅਸਫਲ ਰਹੇ ਸਨ।
ਜਿਸ ਦੀ ਵਰਤੋਂ ਫਰਾਂਸ ਦੇ ਦੱਖਣ 'ਚ 12 ਮਿਲੀਅਨ ਪੌਂਡ ਦੀ ਲਾਗਤ ਦੇ ਦੋ ਵਿਲਾ (ਵੱਡੇ ਘਰ) ਖਰੀਦਣ ਲਈ ਕੀਤੀ ਗਈ ਸੀ।
ਫਿਨਸੇਨ ਫਾਈਲਜ਼, ਪੈਰਾਡਾਈਜ਼ ਪੇਪਰਜ਼, ਪਨਾਮਾ ਪੇਪਰਜ਼ ਅਤੇ ਲਕਸਲੀਕਸ ਤੋਂ ਬਾਅਦ ਪਿਛਲੇ ਸੱਤ ਸਾਲਾਂ 'ਚ ਅਜਿਹੇ ਪਰਦਾਫਾਸ਼ ਕਰਨ ਦੀ ਕਤਾਰ 'ਚ ਇਹ ਤਾਜ਼ਾ ਮਾਮਲਾ ਹੈ।
ਇੰਨ੍ਹਾਂ ਫਾਈਲਾਂ ਦੀ ਜਾਂਚ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟ (ਆਈਸੀਆਈਜੇ) ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਹੈ, ਜਿਸ 'ਚ 650 ਤੋਂ ਵੀ ਵੱਧ ਪੱਤਰਕਾਰਾਂ ਨੇ ਹਿੱਸਾ ਲਿਆ ਹੈ।
ਬੀਬੀਸੀ ਪਨੋਰਮਾ ਨੇ ਗਾਰਡੀਅਨ ਅਤੇ ਹੋਰ ਮੀਡੀਆ ਭਾਈਵਾਲਾਂ ਦੇ ਨਾਲ ਇੱਕ ਸਾਂਝੀ ਜਾਂਚ 'ਚ ਬ੍ਰਿਟਿਸ਼ ਵਰਜਿਨ ਦੀਪ ਸਮੂਹ, ਪਨਾਮਾ, ਬੇਲੀਜ਼, ਸਾਈਪ੍ਰਸ, ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ ਅਤੇ ਸਵਿਟਜ਼ਰਲੈਂਡ ਸਮੇਤ 14 ਵਿੱਤੀ ਸੇਵਾਵਾਂ ਕੰਪਨੀਆਂ ਦੇ ਤਕਰੀਬਨ 12 ਮਿਲੀਅਨ ਦਸਤਾਵੇਜ਼ਾਂ ਅਤੇ ਫਾਈਲਾਂ ਤੱਕ ਪਹੁੰਚ ਸਥਾਪਤ ਕੀਤੀ ਹੈ।
ਕੁਝ ਲੋਕਾਂ 'ਤੇ ਭ੍ਰਿਸ਼ਟਾਚਾਰ, ਮਨੀ ਲੌਂਡਰਿੰਗ ਅਤੇ ਆਲਮੀ ਟੈਕਸ ਤੋਂ ਬਚਣ ਦੇ ਦੋਸ਼ ਆਇਦ ਹੋਏ ਹਨ।
ਪਰ ਸਭ ਤੋਂ ਵੱਡਾ ਖੁਲਾਸਾ ਇਹ ਹੈ ਕਿ ਕਿਵੇਂ ਪ੍ਰਮੁੱਖ ਅਤੇ ਅਮੀਰ ਲੋਕ ਗੁਪਤ ਤੌਰ 'ਤੇ ਯੂਕੇ 'ਚ ਜਾਇਦਾਦ ਖਰੀਦਣ ਲਈ ਕਾਨੂੰਨੀ ਤੌਰ 'ਤੇ ਕੰਪਨੀਆਂ ਸਥਾਪਤ ਕਰ ਰਹੇ ਹਨ।
ਇਹ ਦਸਤਾਵੇਜ਼ ਖਰੀਦਦਾਰੀ ਦੇ ਪਿੱਛੇ 95,000 ਵਿਦੇਸ਼ੀ ਕੰਪਨੀਆਂ 'ਚੋਂ ਕੁਝ ਦੇ ਮਾਲਕਾਂ ਦਾ ਪਰਦਾਫਾਸ਼ ਕਰਦੇ ਹਨ।
ਇਹ ਵੀ ਪੜ੍ਹੋ:
ਇਹ ਸਭ ਯੂਕੇ ਦੀ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ ਕਿ ਕਿਵੇਂ ਉਹ ਵਿਦੇਸ਼ੀ ਸੰਪਤੀ ਮਾਲਕਾਂ ਦਾ ਲੇਖਾ ਜੋਖਾ ਰੱਖਣ 'ਚ ਕਾਮਯਾਬ ਨਹੀਂ ਹੋਈ ਹੈ। ਬ੍ਰਿਟੇਨ ਸਰਕਾਰ ਅਜਿਹਾ ਕਰਨ ਦਾ ਕਈ ਵਾਰ ਵਾਅਦਾ ਜਰੂਰ ਕਰਦੀ ਰਹੀ ਹੈ, ਪਰ ਨਤੀਜੇ ਉਮੀਦ ਅਨੁਸਾਰ ਨਹੀਂ ਰਹੇ ਹਨ।
ਅਜਿਹੀ ਸਥਿਤੀ 'ਚ ਇਹ ਵੀ ਚਿੰਤਾ ਜਤਾਈ ਜਾ ਰਹੀ ਸੀ ਕਿ ਕੁਝ ਪ੍ਰਾਪਰਟੀ ਖਰੀਦਦਾਰ ਮਨੀ ਲੌਂਡਰਿੰਗ ਗਤੀਵਿਧੀਆਂ ਨੂੰ ਲੁਕਾ ਰਹੇ ਹਨ।
ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਏਵ ਅਤੇ ਉਨ੍ਹਾਂ ਦਾ ਪਰਿਵਾਰ, ਜਿੰਨ੍ਹਾਂ 'ਤੇ ਆਪਣੇ ਹੀ ਮੁਲਕ ਨੂੰ ਲੁੱਟਣ ਦੇ ਦੋਸ਼ ਲੱਗੇ ਹਨ, ਇਸ ਦੀ ਇੱਕ ਮਿਸਾਲ ਹਨ।
ਜਾਂਚ 'ਚ ਪਾਇਆ ਗਿਆ ਹੈ ਕਿ ਅਲੀਏਵ ਅਤੇ ਉਨ੍ਹਾਂ ਦੇ ਕਈ ਨਜ਼ਦੀਕੀ ਸਾਥੀ ਗੁਪਤ ਰੂਪ 'ਚ ਯੂਕੇ 'ਚ 400 ਮਿਲੀਅਨ ਪੌਂਡ ਤੋਂ ਵੱਧ ਦੀ ਜਾਇਦਾਦ ਦੇ ਸੌਦਿਆਂ 'ਚ ਸ਼ਾਮਲ ਹਨ।
ਵਿਦੇਸ਼ੀ ਆਗੂਆਂ ਦੀ ਮਲਕੀਅਤ ਵਾਲੀਆਂ ਯੂਕੇ ਦੀਆਂ ਜਾਇਦਾਦਾਂ
ਇਹ ਖੁਲਾਸੇ ਯੂਕੇ ਸਰਕਾਰ ਲਈ ਸ਼ਰਮਨਾਕ ਸਾਬਤ ਹੋ ਸਕਦੇ ਹਨ, ਕਿਉਂਕਿ ਅਲੀਏਵ ਨੇ ਲੰਡਨ ਦੀ ਆਪਣੀ ਇੱਕ ਜਾਇਦਾਦ ਕ੍ਰਾਊਨ ਅਸਟੇਟ ਨੂੰ ਵੇਚ ਕੇ 31 ਮਿਲੀਅਨ ਪੌਂਡ ਦਾ ਮੁਨਾਫਾ ਕਮਾਇਆ ਹੈ।
ਕ੍ਰਾਊਨ ਅਸਟੇਟ ਮਹਾਰਾਣੀ ਦੀ ਸੰਪਤੀ ਸਾਮਰਾਜ ਹੈ, ਜਿਸ ਦਾ ਪ੍ਰਬੰਧਨ ਦਿ ਟ੍ਰੇਜ਼ਰੀ ਵੱਲੋਂ ਕੀਤਾ ਜਾਂਦਾ ਹੈ ਅਤੇ ਇਹ ਰਾਸ਼ਟਰ ਲਈ ਨਕਦੀ ਇੱਕਠਾ ਕਰਦਾ ਹੈ।
ਦਸਤਾਵੇਜ਼ਾਂ 'ਚ ਵਧੇਰੇਤਰ ਲੈਣ-ਦੇਣ 'ਚ ਕੋਈ ਕਾਨੂੰਨੀ ਗਲਤੀ ਜਾਂ ਗੜਬੜੀ ਸ਼ਾਮਲ ਨਹੀਂ ਹੈ। ਪਰ ਆਈਸੀਆਈਜੇ ਦੇ ਫਰਗਸ ਸ਼ੀਲ ਦਾ ਕਹਿਣਾ ਹੈ, " ਇਸ ਪੈਮਾਨੇ 'ਤੇ ਕਦੇ ਵੀ ਕੁਝ ਨਹੀਂ ਹੋਇਆ ਅਤੇ ਇਹ ਇਸ ਅਸਲੀਅਤ ਨੂੰ ਦਰਸਾਉਂਦਾ ਹੈ ਕਿ ਕਿਵੇਂ ਵਿਦੇਸ਼ੀ ਕੰਪਨੀਆਂ ਲੋਕਾਂ ਨੂੰ ਨਕਲੀ ਨਕਦੀ ਲੁਕਾਉਣ ਜਾਂ ਟੈਕਸ ਤੋਂ ਬਚਣ 'ਚ ਮਦਦ ਕਰਨ ਲਈ ਕੀ ਕੁਝ ਪੇਸ਼ਕਸ਼ ਕਰ ਸਕਦੀਆਂ ਹਨ।"
ਉਨ੍ਹਾਂ ਅੱਗੇ ਕਿਹਾ ਕਿ "ਉਹ ਇੰਨ੍ਹਾਂ ਵਿਦੇਸ਼ੀ ਖਾਤਿਆਂ, ਵਿਦੇਸ਼ੀ ਟਰੱਸਟਾਂ ਦੀ ਵਰਤੋਂ ਦੂਜੇ ਦੇਸ਼ਾਂ 'ਚ ਕਰੋੜਾਂ ਦੀ ਜਾਇਦਾਦ ਖਰੀਦਣ ਅਤੇ ਆਪਣੇ ਨਾਗਰਿਕਾਂ ਦੀ ਕੀਮਤ 'ਤੇ ਆਪਣੇ ਪਰਿਵਾਰਾਂ ਨੂੰ ਅਮੀਰ ਬਣਾਉਣ ਲਈ ਕਰ ਰਹੇ ਹਨ।"
ਆਈਸੀਆਈਜੇ ਦਾ ਮੰਨਣਾ ਹੈ ਕਿ ਜਾਂਚ ਕਈ ਚੀਜ਼ਾਂ ਤੋਂ ਪਰਦਾ ਚੁੱਕ ਰਹੀ ਹੈ। ਇਹ ਇੱਕ ਅਜਿਹਾ ਡੱਬਾ ਹੈ, ਜਿਸ ਦੇ ਖੁੱਲ੍ਹਣ 'ਤੇ ਕਈ ਚੀਜ਼ਾਂ ਸਾਹਮਣੇ ਆਉਣਗੀਆਂ, ਇਸ ਲਈ ਹੀ ਇਸ ਦਾ ਨਾਮ ਪੰਡੋਰਾ ਪੇਪਰਜ਼ ਰੱਖਿਆ ਗਿਆ ਹੈ।
ਜੌਰਡਨ ਦੀ ਮਲੀਬੂ ਹਵੇਲੀ ਦਾ ਰਾਜਾ
ਲੀਕ ਹੋਏ ਇੰਨ੍ਹਾਂ ਵਿੱਤੀ ਦਸਤਾਵੇਜ਼ਾਂ ਨੇ ਦੱਸਿਆ ਹੈ ਕਿ ਕਿਵੇਂ ਜੌਰਡਨ ਦੇ ਰਾਜੇ ਨੇ ਯੂਕੇ ਅਤੇ ਯੂਐਸ 'ਚ ਗੁਪਤ ਰੂਪ 'ਚ 70 ਮਿਲੀਅਨ ਪੌਂਡ (100 ਮਿਲੀਅਨ ਡਾਲਰ ਤੋਂ ਵੱਧ) ਦੀ ਜਾਇਦਾਦ ਦੇ ਸਾਮਰਾਜ ਨੂੰ ਇੱਕਠਾ ਕੀਤਾ ਹੈ।
ਇਸ ਜਾਂਚ ਨੇ ਬ੍ਰਿਟਿਸ਼ ਵਰਜਿਨ ਆਈਲੈਡਜ਼ 'ਚ ਵਿਦੇਸ਼ੀ ਕੰਪਨੀਆਂ ਦੇ ਇੱਕ ਨੈੱਟਵਰਕ ਅਤੇ ਅਬਦੁੱਲਾ ਦੂਜੇ ਬਿਨ ਅਲ-ਹੁਸੈਨ ਵੱਲੋਂ 1999 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ 15 ਘਰ ਖਰੀਦਣ ਲਈ ਵਰਤੇ ਗਏ ਹੋਰ ਟੈਕਸ ਸਥਾਨਾਂ ਦੀ ਪਛਾਣ ਕੀਤੀ ਹੈ।

ਉਨ੍ਹਾਂ 'ਚ 50 ਮਿਲੀਅਨ ਪੌਂਡ ਦੀ ਮਲੀਬੂ ਕੈਲੀਫੋਰਨੀਆ 'ਚ ਤਿੰਨ ਨਜ਼ਦੀਕੀ ਸਮੁੰਦਰ ਦ੍ਰਿਸ਼ ਵਾਲੀਆਂ ਸੰਪਤੀਆਂ ਅਤੇ ਯੂਕੇ 'ਚ ਲੰਡਨ ਅਤੇ ਐਸਕੋਟ ਸਥਿਤ ਸੰਪਤੀਆਂ ਸ਼ਾਮਲ ਹਨ।
ਉਨ੍ਹਾਂ ਦੀ ਸੰਪਤੀ ਦੇ ਹਿੱਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਕਿਉਂਕਿ ਅਬਦੁੱਲਾ ਬਾਦਸ਼ਾਹ 'ਤੇ ਇੱਕ ਤਾਨਾਸ਼ਾਹੀ ਸ਼ਾਸਕ ਹੋਣ ਦਾ ਦੋਸ਼ ਲੱਗਿਆ ਹੈ। ਹਾਲ ਹੀ ਦੇ ਸਾਲਾਂ 'ਚ ਤਪੱਸਿਆ ਦੇ ਉਪਾਵਾਂ ਅਤੇ ਟੈਕਸ 'ਚ ਵਾਧੇ ਦੇ ਕਾਰਨ ਕਈ ਵਿਰੋਧ ਪ੍ਰਦਰਸ਼ਨ ਵੀ ਹੋਏ ਹਨ।
ਕਿੰਗ ਅਬਦੁੱਲਾ ਦੇ ਵਕੀਲਾਂ ਨੇ ਕਿਹਾ ਹੈ ਕਿ ਸਾਰੀਆਂ ਸੰਪਤੀਆਂ ਨਿੱਜੀ ਦੌਲਤ ਨਾਲ ਖਰੀਦੀਆਂ ਗਈਆਂ ਸਨ, ਜਿਸ ਦੀ ਵਰਤੋਂ ਉਹ ਜੌਰਡਨ ਦੇ ਨਾਗਰਿਕਾਂ ਲਈ ਜਾਰੀ ਪ੍ਰੌਜੈਕਟਾਂ ਦੇ ਫੰਡਾਂ ਲਈ ਵੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਉੱਚ ਪ੍ਰੋਫਾਈਲ ਵਿਅਕਤੀਆਂ ਵੱਲੋਂ ਗੋਪਨੀਅਤਾ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਵਿਦੇਸ਼ੀ ਕੰਪਨੀਆਂ ਜ਼ਰੀਏ ਜਾਇਦਾਦਾਂ ਖਰੀਦਣਾ ਤਾਂ ਆਮ ਗੱਲ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਡੋਰਾ ਪੇਪਰਜ਼ ਦੇ ਕੁਝ ਹੋਰ ਖੁਲਾਸੇ ਇਸ ਪ੍ਰਕਾਰ ਹਨ:-
- ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੇਨਯੱਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਛੇ ਮੈਂਬਰਾਂ ਕੋਲ ਗੁਪਤ ਤੌਰ 'ਤੇ ਵਿਦੇਸ਼ੀ ਕੰਪਨੀਆਂ ਦੇ ਇੱਕ ਨੈੱਟਵਰਕ ਦੀ ਮਲਕੀਅਤ ਸੀ। ਉਨ੍ਹਾਂ ਦਾ 11 ਕੰਪਨੀਆਂ ਨਾਲ ਸੰਬੰਧ ਦੱਸਿਆ ਗਿਆ ਹੈ, ਜਿੰਨ੍ਹਾਂ 'ਚੋਂ ਇੱਕ ਦੀ ਕੀਮਤ 30 ਮਿਲੀਅਨ ਡਾਲਰ ਹੈ।
- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅੰਦਰੂਨੀ ਘੇਰੇ ਦੇ ਮੈਂਬਰਾਂ, ਜਿੰਨ੍ਹਾਂ 'ਚ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਾਮਲ ਹਨ, ਕੋਲ ਗੁਪਤ ਰੂਪ 'ਚ ਲੱਖਾਂ ਡਾਲਰ ਦੀ ਕੀਮਤ ਵਾਲੇ ਟਰੱਸਟਾਂ ਅਤੇ ਕੰਪਨੀਆਂ ਦੀ ਮਲਕੀਅਤ ਹੈ।
- ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਅਨਾਸਤਸੀਏਦਸ ਵੱਲੋਂ ਸਥਾਪਤ ਕੀਤੀ ਗਈ ਲਾਅ ਫਰਮ ਨੇ ਵਿਦੇਸ਼ੀ ਕੰਪਨੀਆਂ ਦੀ ਲੜੀ ਦੇ ਅਸਲੀ ਮਾਲਕ ਦੀ ਪਛਾਣ ਲੁਕਾਉਣ ਲਈ ਨਕਲੀ ਮਾਲਕਾਂ ਨੂੰ ਮੁਹੱਈਆ ਕਰਵਾਇਆ ਹੈ। ਇਹ ਇੱਕ ਸਾਬਕਾ ਰੂਸੀ ਸਿਆਸਤਦਾਨ ਹੈ, ਜਿਸ 'ਤੇ ਗਬਨ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਲਾਅ ਫਰਮ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ।
- ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਂਸਕੀ ਨੇ 2019 ਦੀ ਚੋਣ ਜਿੱਤਣ ਤੋਂ ਠੀਕ ਪਹਿਲਾਂ ਇੱਕ ਗੁਪਤ ਵਿਦੇਸ਼ੀ ਕੰਪਨੀ 'ਚ ਆਪਣੀ ਹਿੱਸੇਦਾਰੀ ਤਬਦੀਲ ਕਰ ਦਿੱਤੀ ਸੀ।
- ਇਕਵਾਡੋਰ ਦੇ ਰਾਸ਼ਟਰਪਤੀ ਗੁਈਲੇਰਮੋ ਲਾਸੋ, ਜੋ ਕਿ ਇੱਕ ਸਾਬਕਾ ਬੈਂਕਰ ਹਨ, ਨੇ ਇੱਕ ਪਨਾਮਾਨੀਅਨ ਫਾਊਂਡੇਸ਼ਨ ਦੀ ਜਗ੍ਹਾ ਲਈ ਅਤੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਦੇ ਸਾਊਥ ਡਕੋਟਾ ਸਥਿਤ ਟਰੱਸਟ ਨਾਲ ਮਹੀਨਾਵਾਰ ਭੁਗਤਾਨ ਕੀਤਾ।
ਬਲੇਅਰ ਦਫ਼ਤਰ ਦੀ ਖਰੀਦ ਮੌਕੇ ਸਟੈਂਪ ਡਿਊਟੀ ਅਦਾ ਨਹੀਂ ਕੀਤੀ
ਪੰਡੋਰਾ ਪੇਪਰਜ਼ 'ਚ ਅਜਿਹਾ ਕੋਈ ਸੁਝਾਅ ਨਹੀਂ ਹੈ ਕਿ ਟੋਨੀ ਅਤੇ ਚੈਰੀ ਬਲੇਅਰ ਆਪਣੀ ਦੌਲਤ, ਸੰਪਤੀ ਲੁਕਾ ਰਹੇ ਸਨ।
ਪਰ ਇਸ ਦੇ ਨਾਲ ਹੀ ਇਹ ਦਸਤਾਵੇਜ਼ ਇਹ ਵੀ ਦਰਸਾਉਂਦੇ ਹਨ ਕਿ ਜਦੋਂ ਇੰਨ੍ਹਾਂ ਦੋਵਾਂ ਨੇ 6.45 ਮਿਲੀਅਨ ਪੌਂਡ ਦੀ ਜਾਇਦਾਦ ਖਰੀਦੀ ਤਾਂ ਸਟੈਂਪ ਡਿਊਟੀ ਕਿਉਂ ਨਹੀਂ ਅਦਾ ਕੀਤੀ।

ਤਸਵੀਰ ਸਰੋਤ, Getty Images
ਸਾਬਕਾ ਲੇਬਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਬੈਰਿਸਟਰ ਪਤਨੀ ਚੈਰੀ ਨੇ ਜੁਲਾਈ 2017 'ਚ ਕੇਂਦਰੀ ਲੰਡਨ ਦੇ ਮੈਰੀਲੇਬੋਨ ਵਿਖੇ ਇੱਕ ਇਮਾਰਤ ਨੂੰ ਹਾਸਲ ਕੀਤਾ, ਜਿਸ ਦੀ ਮਾਲਕੀ ਉਨ੍ਹਾਂ ਵੱਲੋਂ ਖਰੀਦੀ ਗਈ ਵਿਦੇਸ਼ੀ ਕੰਪਨੀ ਕੋਲ ਸੀ।
ਯੂਕੇ 'ਚ ਇਸ ਤਰੀਕੇ ਨਾਲ ਸੰਪਤੀਆਂ ਹਾਸਲ ਕਰਨਾ ਕਾਨੂੰਨੀ ਹੈ ਅਤੇ ਸਟੈਂਪ ਡਿਊਟੀ ਵੀ ਅਦਾ ਨਹੀਂ ਕਰਨੀ ਪੈਂਦੀ ਹੈ। ਪਰ ਬਲੇਅਰ ਪਹਿਲਾਂ ਕਰ ਸਬੰਧੀ ਕਮੀਆਂ ਦੀ ਅਲੋਚਨਾ ਕਰਦੇ ਰਹੇ ਹਨ।
ਕੇਂਦਰੀ ਲੰਡਨ ਦੇ ਮੈਰੀਲੇਬੋਨ ਦਾ ਟਾਊਨ ਹਾਊਸ ਹੁਣ ਬਲੇਅਰ ਦੇ ਕਾਨੂੰਨੀ ਸਲਾਹਕਾਰ ਦਾ ਘਰ ਹੈ, ਜੋ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਸਲਾਹ ਦਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਫਾਊਂਡੇਸ਼ਨ ਔਰਤਾਂ ਲਈ ਵੀ ਹੈ।
ਬਲੇਅਰ ਨੇ ਕਿਹਾ ਕਿ ਵੇਚਣ ਵਾਲਿਆਂ ਨੇ ਜ਼ੋਰ ਦਿੱਤਾ ਸੀ ਕਿ ਉਹ ਵਿਦੇਸ਼ੀ ਕੰਪਨੀ ਰਾਹੀਂ ਹੀ ਘਰ ਖਰੀਦਣ।
ਉਨ੍ਹਾਂ ਕਿਹਾ ਕਿ ਉਹ ਇਸ ਸੰਪਤੀ ਨੂੰ ਯੂਕੇ ਦੇ ਨਿਯਮਾਂ ਦੇ ਅਧੀਨ ਵਾਪਸ ਲੈ ਆਏ ਹਨ ਅਤੇ ਜੇ ਉਹ ਭਵਿੱਖ 'ਚ ਇਸ ਨੂੰ ਵੇਚਦੇ ਹਨ ਤਾਂ ਉਹ ਪੂੰਜੀਗਤ ਲਾਭ ਟੈਕਸ ਅਦਾ ਕਰਨ ਲਈ ਜ਼ਿੰਮੇਵਾਰ ਹੋਣਗੇ।
ਜਾਇਦਾਦ ਦੇ ਅੰਤਮ ਮਾਲਕ ਬਹਿਰੀਨ 'ਚ ਰਾਜਨੀਤਿਕ ਸੰਬੰਧ ਰੱਖਣ ਵਾਲਾ ਇੱਕ ਪਰਿਵਾਰ ਸੀ, ਪਰ ਦੋਵੇਂ ਧਿਰਾਂ ਦਾ ਕਹਿਣਾ ਹੈ ਕਿ ਸ਼ੁਰੂ 'ਚ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕਿਸ ਨਾਲ ਸੌਦਾ ਕਰ ਰਹੇ ਸਨ।
ਇੱਕ ਲੜਕਾ ਜਿਸ ਕੋਲ 33 ਮਿਲੀਅਨ ਪੌਂਡ ਦੀ ਜਾਇਦਾਦ ਸੀ
ਇਸ ਜਾਂਚ ਦੇ ਹੋਰ ਦਸਤਾਵੇਜ਼ ਦਰਸਾਉਂਦੇ ਹਨ ਕਿ ਕਿਵੇਂ ਅਜ਼ਰਬਾਈਜਾਨ ਦੇ ਸੱਤਾਧਾਰੀ ਅਲੀਏਵ ਪਰਿਵਾਰ ਨੇ ਵਿਦੇਸ਼ੀ ਕੰਪਨੀਆਂ ਦੀ ਵਰਤੋਂ ਕਰਦਿਆਂ ਗੁਪਤ ਤੌਰ 'ਤੇ ਯੂਕੇ ਦੀ ਜਾਇਦਾਦ ਹਾਸਲ ਕੀਤੀ ਹੈ।

ਦਸਤਾਵੇਜ਼ ਦਰਸਾਉਂਦੇ ਹਨ ਕਿ ਕਿਵੇਂ ਕੇਂਦਰੀ ਏਸ਼ੀਆਈ ਦੇਸ਼ 'ਚ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ੀ ਪਰਿਵਾਰ ਨੇ ਰਾਸ਼ਟਰਪਤੀ ਦੇ 11 ਸਾਲਾ ਪੁੱਤਰ ਹੈਦਰ ਅਲੀਏਵ ਲਈ ਲੰਡਨ ਵਿਖੇ 33 ਮਿਲੀਅਨ ਪੌਂਡ ਦੀ ਲਾਗਤ ਵਾਲੇ ਦਫ਼ਤਰ ਸਮੇਤ 17 ਸੰਪਤੀਆਂ ਖਰੀਦੀਆਂ ਸਨ।
ਮੇਫੇਅਰ ਦੀ ਇਮਾਰਤ ਨੂੰ ਸਾਲ 2009 'ਚ ਰਾਸ਼ਟਰਪਤੀ ਇਲਹਾਮ ਦੇ ਇੱਕ ਪਰਿਵਾਰਕ ਮਿੱਤਰ ਦੀ ਮਾਲਕੀ ਵਾਲੀ ਇੱਕ ਫਰੰਟ ਕੰਪਨੀ ਵੱਲੋਂ ਖਰੀਦਿਆ ਗਿਆ ਸੀ। ਜਿਸ ਨੂੰ ਕਿ ਇੱਕ ਮਹੀਨੇ ਬਾਅਦ ਹੈਦਰ ਦੇ ਨਾਂਅ ਤਬਦੀਲ ਕਰ ਦਿੱਤਾ ਗਿਆ ਸੀ।
ਖੋਜ ਇਸ ਗੱਲ ਦਾ ਵੀ ਖੁਲਾਸਾ ਕਰਦੀ ਹੈ ਕਿ ਕਿਵੇਂ ਪਰਿਵਾਰ ਵੱਲੋਂ ਖਰੀਦਿਆ ਗਿਆ ਇੱਕ ਹੋਰ ਦਫ਼ਤਰੀ ਬਲਾਕ ਸਾਲ 2018 'ਚ ਕ੍ਰਾਊਨ ਅਸਟੇਟ ਨੂੰ 66 ਮਿਲੀਅਨ ਪੌਂਡ 'ਚ ਵੇਚਿਆ ਗਿਆ ਸੀ।
ਕ੍ਰਾਊਨ ਅਸਟੇਟ ਨੇ ਕਿਹਾ ਕਿ ਇਸ ਖਰੀਦ ਦੇ ਮੌਕੇ ਉਨ੍ਹਾਂ ਨੇ ਲੋੜੀਂਦੀ ਕਾਨੂੰਨੀ ਜਾਂਚ ਪੜਤਾਲ ਕੀਤੀ ਸੀ, ਪਰ ਹੁਣ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਉਹ ਸਖਤ ਕਾਨੂੰਨਾਂ ਅਤੇ ਉਨ੍ਹਾਂ ਨੂੰ ਲਾਗੂ ਕਰਕੇ ਮਨੀ ਲੌਂਡਰਿੰਗ 'ਤੇ ਨੱਥ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸੰਸਦੀ ਸਮੇਂ ਦੀ ਇਜਾਜ਼ਤ ਮਿਲਣ 'ਤੇ ਉਹ ਯੂਕੇ ਦੀ ਜਾਇਦਾਦ ਦੀ ਮਾਲਕੀ ਵਾਲੀਆਂ ਵਿਦੇਸ਼ੀ ਕੰਪਨੀਆਂ ਦੇ ਰਜਿਸਟਰ ਨੂੰ ਪੇਸ਼ ਕਰੇਗੀ।
ਪੰਡੋਰਾ ਪੇਪਰਜ਼ ਲਗਭਗ 12 ਮਿਲੀਅਨ ਦਸਤਾਵੇਜ਼ਾਂ ਅਤੇ ਫਾਈਲਾਂ ਦਾ ਸੰਗ੍ਰਹਿ ਹੈ, ਜਿਸ ਦੇ ਜ਼ਰੀਏ ਵਿਸ਼ਵ ਆਗੂਆਂ, ਸਿਆਸਤਦਾਨਾਂ ਅਤੇ ਅਰਬਪਤੀਆਂ ਦੀ ਗੁਪਤ ਦੌਲਤ ਅਤੇ ਸੌਦੇਬਾਜ਼ੀ ਤੋਂ ਪਰਦਾ ਚੁੱਕਿਆ ਗਿਆ ਹੈ।
ਇਹ ਡਾਟਾ ਵਾਸ਼ਿੰਗਟਨ ਡੀਸੀ 'ਚ ਆਈਸੀਆਈਜੇ ਵੱਲੋਂ ਇੱਕਠਾ ਕੀਤਾ ਗਿਆ ਹੈ। ਇਹ ਵਿਸ਼ਵਵਿਆਪੀ ਜਾਂਚਾਂ 'ਚੋਂ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਰਹੀ ਹੈ।
117 ਦੇਸਾਂ ਦੇ 600 ਤੋਂ ਵੀ ਵੱਧ ਪੱਤਰਕਾਰ ਇਸ ਜਾਂਚ ਦਾ ਹਿੱਸਾ ਬਣੇ ਹਨ।
ਬੀਬੀਸੀ ਪਨੋਰਮਾ ਅਤੇ ਗਾਰਡੀਅਨ ਨੇ ਯੂਕੇ 'ਚ ਜਾਂਚ ਦੀ ਅਗਵਾਈ ਕੀਤੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2








