You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ’ਚ ਐਕਟਿਵ ਇਸਲਾਮਿਕ ਸਟੇਟ ਖੁਰਾਸਾਨ ਕੌਣ ਹਨ, ਜਿਨ੍ਹਾਂ ਦੇ ਕਾਬੁਲ ’ਚ ਹੋਏ ਧਮਾਕਿਆਂ ਨਾਲ ਤਾਰ ਜੋੜੇ ਜਾ ਰਹੇ ਹਨ
- ਲੇਖਕ, ਫਰੈਂਕ ਗਾਰਡਨਰ
- ਰੋਲ, ਬੀਬੀਸੀ ਦੇ ਸੁਰੱਖਿਆ ਮਾਮਲਿਆਂ ਦੇ ਪੱਤਰਕਾਰ
'ਆਈਐਸਆਈਐਸ-ਕੇ' ਜਾਂ ਇਸ ਨੂੰ ਹੋਰ ਵਿਸਥਾਰ ਨਾਲ ਕਹੀਏ ਤਾਂ, 'ਇਸਲਾਮਿਕ ਸਟੇਟ ਖੁਰਾਸਾਨ ਪ੍ਰਾਵਿੰਸ' (ਆਈਐਸਕੇਪੀ), ਆਪਣੇ ਆਪ ਨੂੰ 'ਇਸਲਾਮਿਕ ਸਟੇਟ' ਕਹਿਣ ਵਾਲੇ ਕੱਟੜਪੰਥੀ ਸੰਗਠਨ ਦਾ ਇੱਕ ਖੇਤਰੀ ਸਹਿਯੋਗੀ ਹੈ।
ਇਹ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸਰਗਰਮ ਹੈ।
ਇਹ ਅਫ਼ਗਾਨਿਸਤਾਨ ਦੇ ਸਾਰੇ ਜੇਹਾਦੀ ਕੱਟੜਪੰਥੀ ਸੰਗਠਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਅਤੇ ਹਿੰਸਕ ਮੰਨਿਆ ਜਾਂਦਾ ਹੈ।
ਵੀਰਵਾਰ ਨੂੰ ਦੋ ਵੱਡੇ ਬੰਬ ਧਮਾਕੇ ਕਾਬੁਲ ਦੇ ਕੌਮਾਂਤਰੀ ਏਅਰਪੋਰਟ ਨੇੜੇ ਹੋਏ ਸਨ। ਇਸ ਵਿੱਚ ਕਰੀਬ 90 ਲੋਕਾਂ ਦੀ ਮੌਤ ਹੋਈ ਸੀ ਤੇ 150 ਤੋਂ ਵੱਧ ਜ਼ਖ਼ਮੀ ਹੋਏ ਸਨ।
ਇਨ੍ਹਾਂ ਧਮਾਕਿਆਂ ਵਿੱਚ ਪੈਟਾਗਨ ਵੱਲੋਂ 13 ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਹਮਲੇ ਦੇ ਤਾਲ ਆਈਐੱਸਐੱਸ-ਕੇ ਨਾਲ ਜੋੜੇ ਜਾ ਰਹੇ ਹਨ।
ਆਈਐੱਸਕੇਪੀ ਦੀ ਸਥਾਪਨਾ ਜਨਵਰੀ 2015 ਵਿੱਚ ਕੀਤੀ ਗਈ ਸੀ ਜਦੋਂ 'ਇਸਲਾਮਿਕ ਸਟੇਟ' ਇਰਾਕ ਅਤੇ ਸੀਰੀਆ ਵਿੱਚ ਆਪਣੇ ਸਿਖ਼ਰ 'ਤੇ ਸੀ।
ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਮਰੀਕਾ ਦੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਨੇ 'ਇਸਲਾਮਿਕ ਸਟੇਟ' ਦੇ ਸਵੈ-ਘੋਸ਼ਿਤ ਖਲੀਫ਼ਾ ਨੂੰ ਹਰਾਇਆ ਨਹੀਂ ਸੀ।
ਇਹ ਵੀ ਪੜ੍ਹੋ-
ਇਹ ਸੰਗਠਨ ਅਫ਼ਗਾਨ ਅਤੇ ਪਾਕਿਸਤਾਨੀ ਦੋਵਾਂ ਜਿਹਾਦੀਆਂ ਦੀ ਭਰਤੀ ਕਰਦਾ ਹੈ।
ਖ਼ਾਸਕਰ ਉਨ੍ਹਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਜੋ ਅਫ਼ਗਾਨ ਤਾਲਿਬਾਨ ਛੱਡ ਕੇ ਆਉਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਦਾ ਆਪਣਾ ਸੰਗਠਨ ਹੁਣ ਬਹੁਤਾ ਕੱਟੜ ਨਹੀਂ ਰਹਿ ਗਿਆ ਹੈ।
ਇਹ ਸੰਗਠਨ ਕਿੰਨਾ ਕੱਟੜਵਾਦੀ ਹੈ?
ਹਾਲ ਦੇ ਸਮੇਂ ਵਿੱਚ ਹੋਏ ਕੁਝ ਸਭ ਤੋਂ ਜਾਨਲੇਵਾ ਹਮਲਿਆਂ ਲਈ ਇਸਲਾਮਿਕ ਸਟੇਟ ਦੀ ਖੁਰਾਸਾਨ ਸ਼ਾਖਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਨ੍ਹਾਂ ਦੇ ਨਿਸ਼ਾਨੇ 'ਤੇ ਕੁੜੀਆਂ ਦੇ ਸਕੂਲ, ਹਸਪਤਾਲ ਅਤੇ ਇੱਥੋਂ ਤੱਕ ਕਿ ਹਸਪਤਾਲ ਦਾ ਇੱਕ ਜਣੇਪਾ ਵਾਰਡ (ਮੈਟਰਨਿਟੀ ਵਾਰਡ) ਵੀ ਰਿਹਾ ਹੈ।
ਜਣੇਪਾ ਵਾਰਡ 'ਤੇ ਕੀਤੇ ਹਮਲੇ ਵਿੱਚ ਇਸ ਦੇ ਲੜਾਕਿਆਂ ਨੇ ਗਰਭਵਤੀ ਔਰਤਾਂ ਅਤੇ ਨਰਸਾਂ ਨੂੰ ਗੋਲੀ ਮਾਰ ਦਿੱਤੀ ਸੀ।
'ਆਈਐੱਸਆਈਐੱਸ-ਕੇ' ਤਾਲਿਬਾਨ ਵਰਗਾ ਨਹੀਂ ਹੈ, ਜਿਸ ਨੇ ਕਿ ਆਪਣੀਆਂ ਸਰਹੱਦਾਂ ਅਫ਼ਗਾਨਿਸਤਾਨ ਤੱਕ ਹੀ ਸੀਮਿਤ ਰੱਖੀਆਂ ਹਨ।
ਇਹ ਸੰਗਠਨ 'ਇਸਲਾਮਿਕ ਸਟੇਟ' ਦੇ ਗਲੋਬਲ ਨੈਟਵਰਕ ਦਾ ਹਿੱਸਾ ਹੈ ਜਿਸ ਦਾ ਉਦੇਸ਼ ਪੱਛਮੀ, ਕੌਮਾਂਤਰੀ ਅਤੇ ਮਨੁੱਖਤਾਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਹੈ, ਭਾਵੇਂ ਉਹ ਜਿੱਥੇ ਵੀ ਹੋਣ।
ਉਹ ਕਿੱਥੇ ਸਰਗਰਮ ਹਨ?
ਆਈਐੱਸਆਈਐੱਸ-ਕੇ ਦਾ ਟਿਕਾਣਾ ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਨੰਗਰਹਾਰ ਵਿੱਚ ਹੈ।
ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਹੋਣ ਵਾਲੇ ਨਸ਼ਿਆਂ ਦੇ ਵਪਾਰ ਅਤੇ ਮਨੁੱਖੀ ਤਸਕਰੀ ਦੇ ਰਸਤੇ, ਇਸ ਦੇ ਨੇੜਿਓਂ ਹੀ ਲੰਘਦੇ ਹਨ।
ਇੱਕ ਸਮਾਂ ਸੀ ਜਦੋਂ ਇਸਲਾਮਿਕ ਸਟੇਟ ਨਾਲ ਜੁੜੇ ਇਸ ਸੰਗਠਨ ਵਿੱਚ ਤਕਰੀਬਨ 3,000 ਲੜਾਕੇ ਸ਼ਾਮਲ ਸਨ।
ਪਰ ਤਾਲਿਬਾਨ, ਅਫ਼ਗਾਨ ਸੁਰੱਖਿਆ ਬਲਾਂ ਅਤੇ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਸੈਨਾ ਨਾਲ ਹੋਈਆਂ ਲੜਾਈਆਂ ਵਿੱਚ ਇਸ ਸੰਗਠਨ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
ਕੀ ਉਨ੍ਹਾਂ ਦਾ ਤਾਲਿਬਾਨ ਨਾਲ ਕੋਈ ਸਬੰਧ ਹੈ?
ਉੱਪਰੀ ਤੌਰ 'ਤੇ ਕਹੀਏ ਤਾਂ 'ਹਾਂ', ਇਹ ਕੁਨੈਕਸ਼ਨ ਜਾਂ ਸੰਬੰਧ ਇੱਕ ਤੀਜੀ ਧਿਰ ਵੱਲੋਂ ਜੁੜਿਆ ਹੈ ਇਸ ਦਾ ਨਾਮ ਹੱਕਾਨੀ ਨੈਟਵਰਕ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਆਈਐੱਸਆਈਐੱਸ-ਕੇ ਅਤੇ ਹੱਕਾਨੀ ਨੈਟਵਰਕ ਦੇ ਆਪਸੀ ਸੰਬੰਧ ਕਾਫੀ ਮਜ਼ਬੂਤ ਹਨ।
ਇਸ ਅਧਾਰ 'ਤੇ, ਉਨ੍ਹਾਂ ਦਾ ਵੀ ਤਾਲਿਬਾਨ ਨਾਲ ਕਰੀਬੀ ਸੰਬੰਧ ਬਣ ਜਾਂਦਾ ਹੈ।
ਖ਼ਲੀਲ ਹੱਕਾਨੀ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਤਾਲਿਬਾਨ ਨੇ ਕਾਬੁਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਹੈ।
ਅਮਰੀਕਾ ਨੇ ਖ਼ਲੀਲ ਹੱਕਾਨੀ ਦੇ ਸਿਰ 'ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ।
ਏਸ਼ੀਆ ਪੈਸੀਫਿਕ ਫਾਊਂਡੇਸ਼ਨ ਦੇ ਡਾਕਟਰ ਸੱਜਣ ਗੋਹੇਲ ਸਾਲਾਂ ਤੋਂ ਅਫ਼ਗਾਨਿਸਤਾਨ ਵਿੱਚ ਕੱਟੜਪੰਥੀ ਸੰਗਠਨਾਂ 'ਤੇ ਨਜ਼ਰ ਰੱਖ ਰਹੇ ਹਨ।
ਉਹ ਕਹਿੰਦੇ ਹਨ, "ਸਾਲ 2019 ਅਤੇ 2021 ਵਿੱਚ ਕਈ ਵੱਡੇ ਹਮਲਿਆਂ ਵਿੱਚ ਆਈਐੱਸਆਈਐੱਸ-ਕੇ, ਹੱਕਾਨੀ ਨੈਟਵਰਕ ਅਤੇ ਪਾਕਿਸਤਾਨ ਵਿੱਚ ਸਰਗਰਮ ਹੋਰ ਕੱਟੜਪੰਥੀ ਸਮੂਹਾਂ ਦੀ ਸਾਂਝੇਦਾਰੀ ਵਾਲੀ ਭੂਮਿਕਾ ਰਹੀ ਹੈ।"
5 ਅਗਸਤ ਨੂੰ ਜਦੋਂ ਤਾਲਿਬਾਨ ਨੇ ਕਾਬੁਲ ਉੱਤੇ ਕਬਜ਼ਾ ਕੀਤਾ ਤਾਂ ਪੁਲ-ਏ-ਚਰਕੀ ਜੇਲ੍ਹ ਵਿੱਚੋਂ ਵੱਡੀ ਗਿਣਤੀ ਵਿੱਚ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਨ੍ਹਾਂ ਵਿੱਚ ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਦੇ ਕੱਟੜਪੰਥੀ ਸ਼ਾਮਲ ਸਨ। ਇਹ ਲੋਕ ਵੱਡੀ ਗਿਣਤੀ ਵਿੱਚ ਹਨ।
ਪਰ ਆਈਐੱਸਆਈਐੱਸ-ਕੇ ਦੇ ਤਾਲਿਬਾਨ ਨਾਲ ਡੂੰਘੇ ਮਤਭੇਦ ਵੀ ਹਨ।
ਆਈਐੱਸਆਈਐੱਸ-ਕੇ ਦਾ ਇਲਜ਼ਾਮ ਹੈ ਕਿ ਤਾਲਿਬਾਨ ਨੇ ਜੇਹਾਦ ਅਤੇ ਮੈਦਾਨ-ਏ-ਜੰਗ ਦਾ ਰਸਤਾ ਛੱਡ ਕੇ, ਕਤਰ ਦੀ ਰਾਜਧਾਨੀ ਦੋਹਾ ਦੇ ਮਹਿੰਗੇ ਅਤੇ ਆਲੀਸ਼ਾਨ ਹੋਟਲਾਂ ਵਿੱਚ ਅਮਨ ਦੀ ਸੌਦੇਬਾਜ਼ੀ ਨੂੰ ਚੁਣਿਆ ਹੈ।
ਆਉਂਦੇ ਸਮੇਂ ਵਿੱਚ ਤਾਲਿਬਾਨ ਸ਼ਾਸਨ ਲਈ ਇਸਲਾਮਿਕ ਸਟੇਟ ਦੇ ਕੱਟੜਪੰਥੀ ਇੱਕ ਵੱਡੀ ਸੁਰੱਖਿਆ ਚੁਣੌਤੀ ਹਨ।
ਤਾਲਿਬਾਨ ਲੀਡਰਸ਼ਿਪ ਅਤੇ ਪੱਛਮੀ ਖੁਫੀਆ ਏਜੰਸੀਆਂ ਵੀ ਸ਼ਾਇਦ ਇਸ ਗੱਲ 'ਤੇ ਇੱਕਮਤ ਹੋਣਗੀਆਂ।
ਇਹ ਵੀ ਪੜ੍ਹੋ: