You’re viewing a text-only version of this website that uses less data. View the main version of the website including all images and videos.
ਪਟੌਦੀ ਮਹਾਪੰਚਾਇਤ: 'ਸ਼ਾਹੀ ਖਾਨਦਾਨ' ਤੇ ਘੱਟ ਗਿਣਤੀ ਭਾਈਚਾਰੇ ਨੂੰ ਧਮਕੀਆਂ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਹਰਿਆਣਾ ਦੇ ਪਟੌਦੀ ਸ਼ਹਿਰ ਵਿੱਚ ਹੋਈ ਹਿੰਦੂ ਮਹਾਪੰਚਾਇਤ ਵਿੱਚ ਭਾਜਪਾ ਦੇ ਬੁਲਾਰੇ ਅਤੇ ਕਰਨੀ ਸੈਨਾ ਦੇ ਆਗੂ ਸੂਰਜ ਪਾਲ ਅਮੂ ਨੇ ਮੁਸਲਮਾਨਾਂ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ।
ਸੂਰਜ ਪਾਲ ਅਮੂ ਨੇ ਪਿਛਲੇ ਮਹੀਨੇ ਆਸਿਫ਼ ਖ਼ਾਨ ਦੇ ਕਤਲ ਕਾਂਡ ਦੇ ਮੁਲਜ਼ਮਾਂ ਦੇ ਸਮਰਥਨ ਵਿੱਚ ਵੀ ਮੇਵਾਤ ਦੀ ਮਹਾਪੰਚਾਇਤ ਦੌਰਾਨ ਵਿਵਾਦਾਂ ਭਰਿਆ ਬਿਆਨ ਦਿੱਤਾ ਸੀ।
'ਲਵ-ਜਿਹਾਦ' ਅਤੇ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਖ਼ਿਲਾਫ਼ ਹਿੰਦੂ ਮਹਾਪੰਚਾਇਤ ਲੰਘੇ ਐਤਵਾਰ 4 ਜੁਲਾਈ ਨੂੰ ਕਰਵਾਈ ਗਈ ਸੀ। ਇਸ ਮਹਾਪੰਚਾਇਤ ਵਿੱਚ ਕਈ ਨੇੜਲੇ ਪਿੰਡ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ।
ਮਨਸ਼ੂਰ ਅਲੀ ਖਾਨ ਪਟੌਦੀ ਦੇ ਪਿਤਾ ਨਵਾਬ ਇਫਤਖ਼ਾਰ ਖਾਨ ਭਾਰਤ ਦੀ ਕ੍ਰਿਕਟ ਟੀਮ ਵਿਚ ਆਪਣੇ ਸਮਾਂ ਦੇ ਵੱਡੇ ਖਿਡਾਰੀ ਸਨ। ਉਨ੍ਹਾਂ ਦਾ ਕ੍ਰਿਕਟ ਜਗਤ ਵਿਚ ਕਾਫ਼ੀ ਮਾਣ ਸਤਿਕਾਰ ਸੀ।
ਇਸ ਤਰ੍ਹਾਂ ਮਨਸੂਰ ਅਲੀ ਖਾਨ ਪਟੌਦੀ ਵੀ ਭਾਰਤੀ ਕ੍ਰਿਕਟ ਦੇ ਵੱਡੇ ਸਿਤਾਰੇ ਰਹੇ ਹਨ ਅਤੇ ਕੌਮਾਂਤਰੀ ਕ੍ਰਿਕਟ ਵਿਚ ਵੀ ਉਨ੍ਹਾਂ ਦੇ ਨਾਂ ਦਾ ਡੰਕਾ ਵੱਜਦਾ ਸੀ।
ਮਨਸੂਰ ਖਾਨ ਨੇ ਉਸ ਵੇਲੇ ਦੀ ਬਾਲੀਵੁੱਡ ਅਦਾਕਾਰ ਸ਼ਰਮੀਲਾ ਟੈਗੋਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਨ੍ਹਾਂ ਦਾ ਪੁੱਤਰ ਸੈਫ਼ ਅਲੀ ਖਾਨ ਫਿਲਮ ਜਗਤ ਦਾ ਚਰਚਿਤ ਅਦਾਕਾਰ ਹੈ।
ਸੈਫ ਅਲ਼ੀ ਖਾਨ ਨੇ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ ਹੋਇਆ ਹੈ ਅਤੇ ਉਨ੍ਹਾ ਦੇ ਪੁੱਤਰ ਦਾ ਨਾਂ ਤੈਮੂਰ ਹੈ।
ਇਹ ਵੀ ਪੜ੍ਹੋ-
ਦੇਸ਼ ਤੋਂ ਬਾਹਰ ਕੱਢਣ ਦੀ ਅਪੀਲ
ਸੂਰਜ ਪਾਲ ਅਮੂ ਨੇ ਮਹਾਪੰਚਾਇਤ ਵਿੱਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਕਿ 'ਇਨ੍ਹਾਂ' ( ਘੱਟ ਗਿਣਤੀ ਭਾਈਚਾਰਿਆਂ) ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ, ਤਾਂ ਜੋ ਸਬੰਧਿਤ ਸਮੱਸਿਆਵਾਂ ਖ਼ਤਮ ਹੋ ਸਕਣ।
ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੇ ਪਾਰਕਾਂ ਵਿੱਚੋਂ ਪੱਥਰ ਪੁੱਟ ਸੁੱਟਣ ਲਈ ਕਿਹਾ ਜਿੱਥੇ ਖ਼ਾਸ ਭਾਈਚਾਰੇ ਦੇ ਲੋਕਾਂ ਦੇ ਨਾਮ ਦੇਖੇ ਜਾ ਸਕਦੇ ਹਨ।
ਇਸ ਦੌਰਾਨ ਸੂਰਜ ਪਾਲ ਨੇ ਬੋਹਰਾ ਕਲਾਂ ਦੇ ਪਿੰਡ ਵਾਸੀਆਂ ਦੀ ਪਿੱਠ ਥਪਥਪਾਈ, ਜਿੰਨ੍ਹਾਂ ਨੇ ਪਿੰਡ ਵਿੱਚ ਮਸਜਿਦ ਦਾ ਨਿਰਮਾਣ ਨਹੀਂ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਗੁਰੁਗ੍ਰਾਮ ਦੇ ਪਿੰਡ ਬੋਹਰਾ ਕਲਾਂ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਸੀ ਜਦੋਂ ਪਿੰਡ ਵਿੱਚ ਮਸਜਿਦ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਕਾਨੂੰਨ ਅਤੇ ਸ਼ਾਂਤੀ ਕਾਇਮ ਰੱਖਣ ਲਈ ਦਖ਼ਲ ਦੇਣਾ ਪਿਆ ਸੀ।
ਹਿੰਦੂ ਮਹਾਪੰਚਾਇਤ ਦਾ ਮਕਸਦ
ਸੂਰਜ ਪਾਲ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ, "ਇਨ੍ਹਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਨਾ ਦੇਣ ਦੇ ਪ੍ਰਸਤਾਵ ਤੋਂ ਸੰਤੁਸ਼ਟ ਨਹੀਂ ਹਨ ਅਤੇ ਇਸ ਦੀ ਬਜਾਇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਪ੍ਰਸਤਾਵ ਅਪਨਾਇਆ ਜਾਣਾ ਚਾਹੀਦਾ ਸੀ।''
ਪਟੌਦੀ ਪਿੰਡ ਵਿੱਚ ਮਹਾਪੰਚਾਇਤ ਦੇ ਪ੍ਰਬੰਧ ਕਰਨ ਵਾਲੇ ਵਕੀਲ ਸੁਧੀਰ ਮੋਦਗਿਲ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਇਸ ਦਾ ਮਕਸਦ ਦੱਸਿਆ।
ਮੋਦਗਿਲ ਨੇ ਕਿਹਾ, ''ਹਿੰਦੂ ਭਾਈਚਾਰੇ ਦੇ ਲੋਕਾਂ ਦਾ ਧਰਮ ਪਰਿਵਰਤਨ ਅਤੇ ਭਾਈਚਾਰੇ ਦੀਆਂ ਕੁੜੀਆਂ ਦੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਨ ਤੋਂ ਰੋਕਣ ਲਈ ਮਹਾਪੰਚਾਇਤ ਕਰਵਾਈ ਗਈ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ 18 ਅਜਿਹੇ (ਲਵ ਜਿਹਾਦ) ਦੇ ਮਾਮਲੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਬੈਠਕਾਂ ਕਰਵਾਈਆਂ ਗਈਆਂ ਹਨ।
ਗੁਰੂਗ੍ਰਾਮ ਦੇ ਪਿੰਡ ਬ੍ਰਹਮਨਵਾਸ ਦੇ ਵਾਸੀ ਹੇਮੰਤ ਸ਼ਰਮਾ ਨੇ ਵੀ ਮਹਾਪੰਚਾਇਤ ਵਿੱਚ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਲਵ ਜਿਹਾਦ ਦੇ ਮਾਮਲਿਆਂ ਨੂੰ ਰੋਕਣ ਲਈ ਹਿੰਦੂਆਂ ਨੂੰ ਹੱਥ ਮਿਲਾਉਣਾ ਹੋਵੇਗਾ।
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਜਾਣਕਾਰ ਪਰਿਵਾਰ ਵਿੱਚ ਕਿਸੇ ਨੇ ਧਰਮ ਪਰਿਵਰਤਨ ਕੀਤਾ ਹੈ ਤਾਂ ਉਨ੍ਹਾਂ ਦਾ ਜਵਾਬ ਨਾਂਹ ਵਿਚ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸੈਫ਼ ਅਲੀ ਖਾਨ ਦੇ ਪਰਿਵਾਰ ਉੱਤੇ ਸ਼ਬਦੀ ਹਮਲੇ
ਸੂਰਜ ਪਾਲ ਸਣੇ ਦੂਜੇ ਕਈ ਬੁਲਾਰਿਆ ਨੇ ਪਟੌਦੀ ਦੇ ਖਾਨ ਪਰਿਵਾਰ ਖ਼ਿਲਾਫ਼ ਵੀ ਕਾਫ਼ੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ।
ਪਟੌਦੀ ਖਾਨਦਾਨ ਨਾਲ ਸਬੰਧਤ ਫਿਲਮ ਅਦਾਕਾਰ ਸੈਫ਼ ਅਲੀ ਖਾਨ ਦੀ ਮਾਂ ਸ਼ਰਮੀਲਾ ਟੈਗੋਰ ਦੇ ਖ਼ਿਲਾਫ਼ ਵੀ ਬਿਆਨਬਾਜ਼ੀ ਕੀਤੀ ਗਿਆ।
ਸੈਫ਼ ਦੇ ਬੱਚੇ ਤੈਮੂਰ ਦੇ ਨਾਂ ਨਾਲ ਮੁਗਲ ਰਾਜਿਆਂ ਦੇ ਨਾਂ ਜੋੜ ਕੇ ਅਸਿੱਧੇ ਸ਼ਬਦੀ ਹਮਲੇ ਕੀਤੇ ਗਏ।
ਸਰਕਾਰ ਤੇ ਭਾਜਪਾ ਦਾ ਪ੍ਰਤੀਕਰਮ
ਭਾਜਪਾ ਆਗੂ ਸੂਰਜ ਪਾਲ ਵਲੋਂ ਹਿੰਦੂ ਮਹਾਪੰਚਾਇਤ ਵਿਚ ਇੱਕ ਖਾਸ ਭਾਈਚਾਰੇ ਵਿਰੁੱਧ ਨਫ਼ਰਤ ਵਾਲੇ ਬਿਆਨ ਉੱਤੇ ਪਾਰਟੀ ਦੇ ਸੂਬਾ ਪ੍ਰਧਾਨ ਓਪੀ ਧਨਖੜ਼ ਸਣੇ ਦੂਜੇ ਆਗੂਆਂ ਨੇ ਇਸ ਨੂੰ ਸੂਰਜਪਾਲ ਦਾ ਨਿੱਜੀ ਬਿਆਨ ਕਹਿ ਕੇ ਪੱਲਾ ਝਾੜ ਲਿਆ।
ਬੀਬੀਸੀ ਪੰਜਾਬੀ ਨੇ ਓਪੀ ਧਨਖੜ ਤੋਂ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰਿੰਸੀਪਲ ਮੀਡੀਆ ਸਲਾਹਕਾਰ ਤੋਂ ਸਰਕਾਰ ਦਾ ਪ੍ਰਤੀਕਰਮ ਮੰਗਿਆਂ ਤਾਂ ਉਨ੍ਹਾਂ ਕਿਹਾ ਕਿ ਇਹ ਸੂਰਜ ਪਾਲ ਦਾ ਨਿੱਜੀ ਬਿਆਨ ਹੈ।
ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਹਰਿਆਣਾ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਦਾ ਪ੍ਰਤੀਕਰਮ ਨਹੀਂ ਮਿਲ ਸਕਿਆ।
ਮਾਨੇਸਰ ਦੇ ਡੀਸੀਪੀ ਵਰੁਣ ਸਿੰਘਲਾ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਨੂੰ ਅਜਿਹਾ ਕੋਈ ਵੀਡੀਓ ਨਹੀਂ ਮਿਲਿਆ ਅਤੇ ਨਾਲ ਕੋਈ ਰਸਮੀ ਸ਼ਿਕਾਇਤ ਮਿਲੀ ਹੈ।
ਉਨ੍ਹਾਂ ਨੇ ਕਿਹਾ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਵੀਡੀਓ ਦਾ ਵਿਸ਼ਲੇਸ਼ਣ ਕਰ ਕੇ ਪੁਲਿਸ ਬਣਦੀ ਕਾਰਵਾਈ ਕਰੇਗੀ।
ਭਾਜਪਾ ਨੇ ਕਿਵੇਂ ਝਾੜਿਆ ਪੱਲਾ
ਭਾਜਪਾ (ਸੰਗਠਨ) ਦੇ ਪ੍ਰਦੇਸ਼ ਮੀਡੀਆ ਇੰਚਾਰਜ ਸੰਜੇ ਸ਼ਰਮਾ ਨੇ ਸੂਰਜ ਪਾਲ ਦੇ ਬਿਆਨ ਬਾਰੇ ਕਿਹਾ ਕਿ ਭਾਜਪਾ ਨੇ ਪਟੌਦੀ ਵਿੱਚ ਹਿੰਦੂ ਮਹਾਪੰਚਾਇਤ ਵਿੱਚ ਆਪਣੇ ਕੋਈ ਪ੍ਰਤੀਨਿਧੀ ਨਹੀਂ ਭੇਜਿਆ ਸੀ।
ਉਨ੍ਹਾਂ ਨੇ ਕਿਹਾ, "ਜਿਹੜਾ ਵੀ ਕੋਈ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ, ਇਸ ਦੇਸ਼ ਵਿੱਚ ਰਹਿੰਦਾ ਹੋਵੇ, ਉਹ ਭਾਰਤੀ ਹੈ ਅਤੇ ਉਸ ਨੂੰ ਬਰਾਬਰ ਦਾ ਹੱਕ ਹੈ।"
"ਅਜਿਹਾ ਕਹਿਣਾ ਕਿ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ ਗ਼ਲਤ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਅਮੂ ਨੇ ਜੋ ਕੁਝ ਵੀ ਕਿਹਾ ਹੈ, ਉਹ ਉਨ੍ਹਾਂ ਦੇ ਨਿੱਜੀ ਵਿਚਾਰ ਸਨ, ਨਾ ਕਿ ਪਾਰਟੀ ਬੁਲਾਰੇ ਵਜੋਂ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਵੇਂ ਕੋਈ ਪਾਰਟੀ ਦਾ ਬੁਲਾਰਾ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਅਜਿਹੀ ਬਿਆਨਬਾਜ਼ੀ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਇਸ ਮੁੱਦੇ 'ਤੇ ਸੂਰਜ ਪਾਲ ਦੇ ਬਿਆਨ ਪਾਰਟੀ ਮੁਤਾਬਕ ਨਹੀਂ ਹਨ।
ਇਹ ਵੀ ਪੜ੍ਹੋ: